ਸੁਪਨਾ ਹੀ ਰਹਿ ਗਈ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ

ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਸਰਕਾਰ ਲਈ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਵੱਡੀ ਚੁਣੌਤੀ ਬਣ ਰਹੀ ਹੈ। ਮਜੀਠੀਆ ਨੂੰ ਗ੍ਰਿਫਤਾਰ ਕਰਕੇ ਆਪਣਾ ‘ਚੋਣ ਵਾਅਦਾ` ਪੁਗਾਉਣ ਬਾਰੇ ਕਾਂਗਰਸ ਸਰਕਾਰ ਦੀਆਂ ਕੋਸ਼ਿਸ਼ਾਂ ਉਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਵਾਰ ਫਿਰ ਪਾਣੀ ਫੇਰ ਦਿੱਤਾ ਹੈ।

ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਦਿੰਦਿਆਂ ਤਿੰਨ ਦਿਨਾਂ ਲਈ ਉਸ ਦੀ ਗ੍ਰਿਫਤਾਰੀ ‘ਤੇ ਰੋਕ ਲਾ ਦਿੱਤੀ ਹੈ। ਉੱਚ ਅਦਾਲਤ ਨੇ ਇਸ ਤੋਂ ਪਹਿਲਾਂ ਅਕਾਲੀ ਆਗੂ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਦੇ ਤੁਰਤ ਪਿੱਛੋਂ ਮਜੀਠੀਆ ਦੀ ਗ੍ਰਿਫਤਾਰੀ ਲਈ ਛਾਪੇ ਵੱਜਣੇ ਸ਼ੁਰੂ ਹੋ ਗਏ।
ਉਧਰ, ਮਜੀਠੀਆ ਵੱਲੋਂ ਤੁਰਤ ਆਪਣੇ ਵਕੀਲਾਂ ਰਾਹੀਂ ਹਾਈ ਕੋਰਟ ਵਿਚ ਨਵੇਂ ਸਿਰਿਓਂ ਪਟੀਸ਼ਨ ਦਾਇਰ ਕਰ ਕੇ ਫਰਿਆਦ ਕੀਤੀ ਗਈ ਕਿ ਹਾਈ ਕੋਰਟ ਦੇ ਤਾਜ਼ਾ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਲਈ ਸੱਤ ਦਿਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਤਿੰਨ ਦਿਨ ਦੀ ਮੋਹਲਤ ਦਿੱਤੀ ਜਾਵੇ। ਹਾਈ ਕੋਰਟ ਨੇ ਅਕਾਲੀ ਆਗੂ ਪ੍ਰਤੀ ਨਰਮ ਰੁਖ ਅਖ਼ਤਿਆਰ ਕਰਦਿਆਂ ਤਿੰਨ ਦਿਨਾਂ ਲਈ ਉਸ ਦੀ ਗ੍ਰਿਫਤਾਰੀ ‘ਤੇ ਰੋਕ ਲਾਉਂਦਿਆਂ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਵਿੰਗ ਨੂੰ ਹਦਾਇਤ ਕੀਤੀ ਕਿ ਇਸ ਦੌਰਾਨ ਮਜੀਠੀਆ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਡਰੱਗ ਮਾਮਲੇ ਵਿਚ ਘਿਰੇ ਮਜੀਠੀਆ ਨੂੰ ਜੇਲ੍ਹ ਸੁੱਟਣ ਦਾ ਵਾਅਦਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਪਣੀ ਚੋਣ ਰੈਲੀ ਵਿਚ ਇਸ ਦਾ ਬਕਾਇਦਾ ਐਲਾਨ ਕੀਤਾ ਸੀ ਪਰ ਕਾਂਗਰਸ ਸਰਕਾਰ ਨੇ ਪੌਣੇ 5 ਸਾਲ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੇ। ਕੈਪਟਨ ਤੋਂ ਕੁਰਸੀ ਖੋਹਣ ਤੋਂ ਬਾਅਦ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਪਿੱਛੋਂ ਇਹ ਮੁੱਦਾ ਮੁੜ ਭਖਿਆ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮਜੀਠੀਆ ਖਿਲਾਫ ਕਾਰਵਾਈ ਲਈ ‘ਅੜੀ` ਪਿੱਛੋਂ ਸਰਕਾਰ ਨੇ ਇਸ ਅਕਾਲੀ ਆਗੂ ਨੂੰ ਹੱਥ ਪਾਉਣ ਦਾ ਮਨ ਬਣਾਇਆ, ਹਾਲਾਂਕਿ ਪੰਜਾਬ ਵੀ ਅਫਸਰਸ਼ਾਹੀ ਇਸ ਤੋਂ ਹੱਥ ਖੜ੍ਹੇ ਕਰਦੀ ਨਜ਼ਰ ਆਈ।
ਸਿੱਧੂ ਵੱਲੋਂ ਆਪਣਾ ਮਨਪਸੰਦ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਲਾਉਣ ਦੇ ਤੁਰਤ ਪਿੱਛੋਂ ਰਾਤੋਂ-ਰਾਤ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਉਸ ਦੀ ਗ੍ਰਿਫਤਾਰੀ ਲਈ ਛਾਪੇ ਵੱਜਦੇ ਰਹੇ। ਲੁਕਆਊਟ ਨੋਟਿਸ ਜਾਰੀ ਹੋਇਆ ਪਰ ਮਜੀਠੀਆ ਬਾਹਰੋਂ ਬਾਹਰ ਅਗਾਊਂ ਜ਼ਮਾਨਤ ਲੈਣ ਵਿਚ ਸਫਲ ਰਿਹਾ। ਹੁਣ ਭਾਵੇਂ ਹਾਈਕੋਰਟ ਨੇ ਪੱਕੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਮਜੀਠੀਆ ਲਈ ਸੁਪਰੀਮ ਕੋਰਟ ਦੀ ਸ਼ਰਨ ਲੈਣ ਦਾ ਰਾਹ ਖੁੱਲ੍ਹਾ ਹੈ। ਸੂਬੇ ਵਿਚ ਇਸ ਸਮੇਂ ਚੋਣ ਜ਼ਾਬਤਾ ਲੱਗਾ ਹੋਇਆ ਹੈ ਤੇ ਚੋਣਾਂ ਵਿਚ ਗਿਣਵੇਂ ਦਿਨ ਬਾਕੀ ਬਚੇ ਹਨ। ਇਸ ਤੋਂ ਬਾਅਦ ਸੂਬੇ ਵਿਚ ਨਵੀਂ ਸਰਕਾਰ ਬਣੇਗੀ। ਇਸ ਲਈ ਤੈਅ ਮੰਨਿਆਂ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਦਾ ਇਹ ਸੁਪਨਾ ਇਸ ਕਾਰਜਕਾਲ ਵਿਚ ਅਧੂਰਾ ਹੀ ਰਹਿ ਗਿਆ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਕੇਸ ਵਿਚ ਕੋਈ ਸਬੂਤ ਮਿਲਦਾ ਹੈ ਤਾਂ ਉਹ ਸਿਆਸਤ ਛੱਡ ਦੇਣਗੇ।