ਦੌਧਰ ਦਾ ਦੋਹਤਰਾ

ਗੁਰਮੀਤ ਕੜਿਆਲਵੀ
ਮੋਗੇ ਵੱਸਦੇ ਪੰਜਾਬੀ ਰਚਨਾਕਾਰ ਕੇ.ਐਲ. ਗਰਗ ਦੀਆਂ ਰਚਨਾਵਾਂ ਦਾ ਆਪਣਾ ਹੀ ਰੰਗ ਹੈ ਅਤੇ ਉਨ੍ਹਾਂ ਦੇ ਜੀਵਨ ਦਾ ਰੰਗ-ਢੰਗ ਵੀ ਬੜਾ ਦਿਲਚਸਪ ਹੈ। ਉਨ੍ਹਾਂ ਕਹਾਣੀਆਂ ਲਿਖੀਆਂ, ਨਾਵਲ ਜੋੜੇ, ਆਪਣੀਆਂ ਵਿਅੰਗ ਰਚਨਾਵਾਂ ਦੇ ਤਿੱਖੇ ਬਾਣ ਚਲਾਏ ਅਤੇ ਇਸ ਦੇ ਨਾਲ-ਨਾਲ ਅਨੁਵਾਦ ਦੇ ਖੇਤਰ ਵਿਚ ਵੀ ਭਰਵੀਂ ਹਾਜ਼ਰੀ ਲੁਆਈ ਹੈ। ਗਲਪਕਾਰ ਗੁਰਮੀਤ ਕੜਿਆਲਵੀ ਨੇ ਇਨ੍ਹਾਂ ਰੰਗਾਂ ਦੇ ਵੱਖ-ਵੱਖ ਪੱਖ ਆਪਣੇ ਇਸ ਰੇਖਾ ਚਿੱਤਰ `ਚ ਬਾਖੂਬੀ ਉਘਾੜੇ ਹਨ, ਜਿਸ ਦੀ ਪਹਿਲੀ ਕਿਸ਼ਤ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ।

ਮੈਨੂੰ ਸਾਹਿਤ ਦੀ ਨਵੀਂ-ਨਵੀਂ ਮੱਸ ਲੱਗੀ ਹੈ। ਫੌਜੀ ਮਾਰਕੀਟ ਦੇ ਇਕ ਚੁਬਾਰੇ ਵਿਚ ਬਣੀ ‘ਪਾਲ ਸਿੰਘ ਯਾਦਗਾਰੀ’ ਲਾਇਬ੍ਰੇਰੀ ਪਹੁੰਚਦਾ ਹਾਂ। ਵਿਦਰੋਹੀ ਸੁਰ ਦਾ ਕਵੀ ਮਹਿੰਦਰ ਸਾਥੀ ਇੱਥੇ ਬਤੌਰ ਲਾਇਬ੍ਰੇਰੀਅਨ ਸੇਵਾ ਨਿਭਾਉਂਦਾ ਹੈ।
ਸਾਥੀ ਮੈਨੂੰ ਪੜ੍ਹਨ ਲਈ ਵਧੀਆ-ਵਧੀਆ ਕਿਤਾਬਾਂ ਦਿੰਦਾ ਹੈ। ਇਕ ਦਿਨ ਸਾਥੀ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਰੀਗਲ ਸਿਨਮੇ ਵਿਚ ਰੰਗਮੰਚ ਮੋਗਾ ਵੱਲੋਂ ਨਾਟਕ ਖੇਡੇ ਜਾਣੇ ਹਨ। ਸਾਥੀ ਨੇ ਵੀ ਇਸ ਵਿਚ ਕੋਈ ਕਿਰਦਾਰ ਨਿਭਾਉਣਾ ਹੈ। ਸੜਕਨਾਮੇ ਵਾਲਾ ਬਲਦੇਵ ਸਿੰਘ ਨਵਾਂ-ਨਵਾਂ ਕਲਕੱਤਿਓਂ ਆਇਆ ਹੈ। ਇੱਥੇ ਆ ਕੇ ਉਸ ਨੇ ਆਪਣੇ ਛੋਟੇ ਭਰਾ ਮਾਸਟਰ ਗੁਰਮੇਲ ਸਿੰਘ, ਪੁੱਤਾਂ, ਭਤੀਜਿਆਂ ਅਤੇ ਕਈ ਹੋਰ ਸ਼ੌਕੀ ਲੋਕਾਂ ਨਾਲ ਰਲ ਕੇ ਨਾਟਕ ਟੀਮ ਬਣਾ ਲਈ ਹੈ। ਮੈਂ ਨਾਟਕ ਵੇਖਣ ਲਈ ਰੀਗਲ ਥੀਏਟਰ ਪਹੁੰਚਦਾ ਹਾਂ।
ਰੀਗਲ ਥੀਏਟਰ ਹੁਣ ਬੰਦ ਪਿਆ ਹੈ। ਸੰਨ 1971 ਦੇ ਮੋਗਾ ਗੋਲੀ ਕਾਂਡ ਵਿਚ ਮਾਰੇ ਗਏ ਨੌਜੁਆਨਾਂ ਹਰਜੀਤ ਅਤੇ ਸਵਰਨ ਵਰਗਿਆਂ ਦੀ ਯਾਦ ਵਿਚ ਯਾਦਗਾਰ ਬਣ ਚੁੱਕਾ ਹੈ। ਹਰ ਸਾਲ ਅਕਤੂਬਰ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਨ੍ਹਾਂ ਨੌਜੁਆਨਾਂ ਦੀ ਯਾਦ ਮਨਾਈ ਜਾਂਦੀ ਹੈ, ਜਿੱਥੇ ਮੈਂ ਹਾਜ਼ਰੀ ਲਵਾਉਂਦਾ ਆ ਰਿਹਾ ਹਾਂ। ਥੀਏਟਰ ਵਿਚ ਚਾਰ ਕੁ ਹਿੰਦੀ-ਪੰਜਾਬੀ ਅਖਬਾਰ ਰੱਖ ਕੇ ਲੋਕ ਸੰਪਰਕ ਵਿਭਾਗ ਵਲੋਂ ਲਾਇਬ੍ਰੇਰੀ ਚਲਾਈ ਜਾ ਰਹੀ ਹੈ। ਵਿਚੇ ਹੀ ਇਕ ਚੁਬਾਰੇ ਵਿਚ ਲੋਕ ਸੰਪਰਕ ਵਿਭਾਗ ਦਾ ਦਫ਼ਤਰ ਹੈ। ਇਸੇ ਥੀਏਟਰ ਵਿਚ ਬਲਦੇਵ ਸਿੰਘ ਦੀ ਘਰੇਲੂ ਟੀਮ ਨਾਟਕ ਖੇਡ ਰਹੀ ਹੈ। ਪਹਿਲਾ ਨਾਟਕ ‘ਚੂਹੇ’ ਖੇਡਿਆ ਜਾ ਚੁੱਕਾ ਹੈ। ਨਾਟਕ ਦੇਖਣ ਵਾਲਿਆਂ ਦੀ ਕਾਫੀ ਭੀੜ ਹੈ। ਪਹਿਲੇ ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਦੂਜਾ ਨਾਟਕ ਖੇਡਣ ਵਿਚ ਅੰਤਰਾਲ ਹੈ। ਮੈਂ ਸਿਨਮੇ ਦੇ ਵਿਹੜੇ ਵਿਚ ਕਿਤਾਬਾਂ ਦੀ ਲਾਈ ਸਟਾਲ ’ਤੇ ਆ ਕੇ ਝਾਤੀ ਮਾਰਨ ਲੱਗਦਾ ਹਾਂ। ਕਿਰਪਾਲ ਕਜ਼ਾਕ ਦੀਆਂ ਕਹਾਣੀਆਂ ਦੀ ਪੁਸਤਕ ਦੇ ਵਰਕੇ ਉਥਲ-ਪੁਥਲ ਕਰਨ ਲੱਗਦਾ ਹਾਂ। ਉਦੋਂ ਹੀ ਗੋਰੇ ਨਿਛੋਹ ਰੰਗ ਅਤੇ ਨਿੱਕੇ-ਨਿੱਕੇ ਵਾਲਾਂ ਵਾਲਾ ਵਿਅਕਤੀ, ਜਿਸ ਦੇ ਮੱਥੇ ਉੱਤੋਂ ਕਾਫੀ ਵਾਲ ਝੜ ਚੁੱਕੇ ਹਨ, ਮੇਰੇ ਕੋਲ ਆ ਖੜ੍ਹਦਾ ਹੈ। ਵਾਲਾਂ ਵਿਚੋਂ ਕਿਤੇ-ਕਿਤੇ ਚਾਂਦੀ ਚਮਕਦੀ ਹੈ।
“ਬਹੁਤ ਵਧੀਆ ਕਹਾਣੀਆਂ ਨੇ। ਕਜ਼ਾਕ ਪੰਜਾਬੀ ਦਾ ਬੜਾ ਵਧੀਆ ਕਹਾਣੀਕਾਰ ਹੈ।” ਇਕ ਨਵੇਂ ਕਾਲਜੀਏਟ ਮੁੰਡੇ ਨੂੰ ਕਿਤਾਬਾਂ ਵੱਲ ਰੁਚਿਤ ਹੋਇਆ ਵੇਖ ਕੇ ਉਹ ਹੋਰ ਉਤਸ਼ਾਹਿਤ ਕਰਨ ਦੇ ਮਨਸ਼ੇ ਨਾਲ ਆਖਦਾ ਹੈ। ਉਹ ਮੈਨੂੰ ਸੁਖਬੀਰ ਦੇ ਪੇਪਰ ਬੈਕ ਨਾਵਲ ‘ਪਾਣੀ ਤੇ ਪੁਲ’ ਵੱਲ ਇਸ਼ਾਰਾ ਕਰਦਾ ਹੋਇਆ ਲੇਖਕ ਦੀ ਭਰਵੀਂ ਤਾਰੀਫ਼ ਕਰਦਾ ਹੈ। ਮੈਂ ਚੋਰ ਅੱਖੀਂ ਗਹੁ ਨਾਲ ਇਸ ਵਿਅਕਤੀ ਵੱਲ ਵੇਖਦਾ ਹਾਂ। ਨਾਗਮਣੀ ਦੇ ਪੰਨਿਆਂ `ਤੇ ਇਮਰੋਜ਼ ਦਾ ਬਣਾਇਆ ਸਕੈੱਚ ਮੇਰੇ ਸਾਹਮਣੇ ਸਾਕਾਰ ਹੋ ਜਾਂਦਾ ਹੈ।
“ਤੁਸੀਂ ਕੇ.ਐਲ. ਗਰਗ ਸਾਹਿਬ ਜੀ ਹੋ?” ਮੈਂ ਬੜੀ ਆਜ਼ਜ਼ੀ ਨਾਲ ਕਿਸੇ ਸਕੂਲੀ ਵਿਦਿਆਰਥੀ ਵਾਂਗ ਪੁੱਛਦਾ ਹਾਂ।
“ਸਾਬ੍ਹ-ਸੂਹਬ ਤਾਂ ਕੋਈ ਨੀ.. .. .. ਬੱਸ ਗਰਗ ਹੀ ਹਾਂ। ਬਾਹਲੀ ਜਾਂਦੀ ਕੇ. ਐਲ. ਗਰਗ ਕਹਿਲੋ।”
“ਮੈਂ ਜੀ ਥੋਨੂੰ ਪੜ੍ਹਦਾ ਰਹਿਨੈ.. . .. ਨਾਗਮਣੀ ਵਿਚ ਵੀ ਤੁਹਾਡੀਆਂ ਕਹਾਣੀਆਂ ਪੜ੍ਹੀਆਂ ਨੇ ਜੀ। ਆਰਸੀ ਵਿਚ ਵੀ ਪੜ੍ਹਿਆ। ਸਿਰਜਣਾ ਦਾ ਇਕ ਬਹੁਤ ਪੁਰਾਣਾ ਅੰਕ ਮੇਰੇ ਹੱਥੀਂ ਆਇਆ ਸੀ, ਸ਼ਾਇਦ 1974-75 ਦਾ ਹੋਊ ਜੀ, ਉਸ ਦੇ ਵਿਚੋਂ ਵੀ ਤੁਹਾਡੀ ਕਹਾਣੀ ‘ਬਾਪੂ ਦੇ ਤਿੰਨ ਬਾਂਦਰ’ ਛਪੀ ਐ। ਮੈਂ ਪੜ੍ਹੀ ਐ ਜੀ। ਤੁਸੀਂ ਤਾਂ ਜੀ ਬੜੇ ਵੱਡੇ ਲੇਖਕ.. .. .. ਮੈਨੂੰ ਤਾਂ ਜਾਣੀਦਾ ਯਕੀਨ ਜਿਆ ਨੀ ਆਉਂਦਾ ਬਈ ਐਡਾ ਵੱਡਾ ਲੇਖਕ ਮੇਰੇ ਮੂਹਰੇ ਖੜ੍ਹਾ ਐ ਜੀ.. .. ..।”
“ਵੱਡੇ-ਵੁੱਡੇ ਕਾਹਦੇ; ਬਸ ਐਵੇਂ ਮਾੜੀ-ਮੋਟੀ ਕਲਮ ਝਰੀਟ ਲਈਦੀ ਐ।” ਭੱਦਰ-ਪੁਰਸ਼ ਦਾ ਮਨਮੋਹਕ ਹਾਸਾ ਮੇਰੇ ਆਲੇ-ਦੁਆਲੇ ਖਿੱਲਰ ਜਾਂਦਾ ਹੈ।
ਇਹ ਸਾਹਿਤਕਾਰ ਕੇ.ਐਲ. ਗਰਗ ਨਾਲ ਮੇਰੀ ਪਹਿਲੀ ਮੁਲਾਕਾਤ ਹੈ। ਮੈਂ ਹੈਰਾਨ ਹੁੰਦਾ ਹਾਂ, ਇਹ ਤਾਂ ਆਮ ਬੰਦਿਆਂ ਵਰਗਾ ਹੀ ਹੈ। ਇਹਨੇ ਤਾਂ ਮੇਰੇ ਨਾਲ ਗੱਲਾਂ ਵੀ ਕਰ ਲਈਆਂ ਹਨ। ਮੇਰਾ ਜੀਅ ਕਰਦਾ ਹੈ ਉਸਦੇ ਗੋਰੇ ਨਿਛੋਹ ਹੱਥਾਂ ਨੂੰ ਛੂਹ ਕੇ ਵੇਖਾਂ।
“ਮੈਂ ਵੀ ਜੀ ਕਹਾਣੀ ਲਿਖ ਲੈਨਾ ਹੁੰਨੈ।” ਮੈਂ ਸੰਗਦਾ-ਸੰਗਦਾ ਆਖਦਾ ਹਾਂ। “ਇਹ ਤਾਂ ਬੜੀ ਵਧੀਆ ਗੱਲ ਐ.. .. .. .. ਕਵਿਤਾ-ਕੁਵਿਤਾ ਆਲੇ ਪਾਸੇ ਨਾ ਆਈਂ। ਕਵੀ ਤਾਂ ਬਥੇਰੇ ਤੁਰੇ ਫਿਰਦੇ। ਇੱਟ ਚੁੱਕੀਏ ਤਾਂ ਥੱਲਿਓਂ ਕਵੀ ਨਿਕਲ ਆਉਂਦਾ। ਹੁਣ ਤਾਂ ਇੱਟ ਚੁੱਕਣ ਦੀ ਵੀ ਲੋੜ ਨੀ, ਇੱਟ ਦੇ ਉੱਤੇ ਈ ਕਈ-ਕਈ ਕਵੀ ਬੈਠੇ ਐ। ਕਹਾਣੀ ਵਾਲਾ ਫੀਲਡ ਇਕ ਤਰ੍ਹਾਂ ਖਾਲੀ ਪਿਆ। ਵੱਡੇ-ਵੱਡੇ ਨਾਵਾਂ ਵਾਲੇ ਕਹਾਣੀਕਾਰਾਂ ਦੇ ਤਾਂ ਦਾਣੇ ਮੁੱਕਦੇ ਜਾਂਦੇ ਨੇ। ਐਵੇਂ ਉੱਘ ਦੀਆਂ ਪਤਾਲ ਮਾਰੀ ਜਾਂਦੇ। ਇਹ ਤਾਂ ਵਧੀਆ, ਨਵੇਂ-ਨਵੇਂ ਮੁੰਡੇ ਆਉਣ ਲੱਗੇ ਅੱਗੇ। ਕਿਧਰੇ ਭੇਜੀ ਕਹਾਣੀ ਕਿਸੇ ਅਖ਼ਬਾਰ ਰਿਸਾਲੇ ਨੂੰ?” ਗਰਗ ਮੈਨੂੰ ਪੁੱਛਦਾ ਹੈ। ਉਧਰ ਹਾਲ ਵਿਚ ਦੂਸਰਾ ਨਾਟਕ ਸ਼ੁਰੂ ਹੋ ਚੁੱਕਾ ਹੈ। ਹੁਣ ਮੇਰੀ ਰੁਚੀ ਨਾਟਕ ਵਿਚ ਨਹੀਂ ਕੇ.ਐਲ. ਗਰਗ ਵਿਚ ਹੈ।
“ਨਵਾਂ ਜ਼ਮਾਨਾ ਵਿਚ ਛਪੀ ਐ। ਇਕ ਕਹਾਣੀ ‘ਇੱਜ਼ਤਾਂ ਵਾਲੇ’ ਅਜੀਤ ਅਖਬਾਰ ਦੇ ਕਹਾਣੀ ਅੰਕ ਵਿਚ ਵੀ ਛਪ ਚੁੱਕੀ ਐ।”
“ਲੈ! ਫੇਰ ਤਾਂ ਤੂੰ ਪੂਰਾ ਲੇਖਕ ਬਣ ਗਿਆਂ।” ਗਰਗ ਮੇਰੇ ਵਿਚ ਰੁਚੀ ਦਿਖਾਉਂਦਾ ਹੈ। ਉਹ ਕੁਲਵੰਤ ਸਿੰਘ ਵਿਰਕ ਤੋਂ ਲੈ ਕੇ ਦਲਬੀਰ ਚੇਤਨ, ਬਲਦੇਵ ਸਿੰਘ, ਪ੍ਰੇਮ ਗੋਰਖੀ, ਕਿਰਪਾਲ ਕਜ਼ਾਕ, ਜਸਬੀਰ ਭੁੱਲਰ, ਗੁਰਬਚਨ ਭੁੱਲਰ, ਅਣਖੀ ਵਰਗੇ ਦੇਸੀ ਅਤੇ ਮੈਕਸਿਮ ਗੋਰਕੀ, ਚੈਖਵ, ਮੋਪਾਂਸਾ, ਓ ਹੈਨਰੀ, ਸਮਰਸੈਟ ਮਾਮ ਜਿਹੇ ਵਿਦੇਸ਼ੀ ਲੇਖਕਾਂ ਦੇ ਨਾਂ ਤੇ ਉਨ੍ਹਾਂ ਦੀਆਂ ਸ਼ਾਹਕਾਰ ਕਹਾਣੀਆਂ ਬਾਰੇ ਦੱਸਦਿਆਂ, ਮੈਨੂੰ ਇਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੰਦਾ ਹੈ। ਗੱਲ ਕਰਦਿਆਂ ਉਹ ਸੱਜੇ ਹੱਥ ਨੂੰ ਘੁਮਾਉਂਦਾ ਹੈ। ਮੇਰਾ ਜੀਅ ਕਰਦਾ ਹੈ ਉਹ ਇੰਜ ਹੀ ਮੇਰੇ ਨਾਲ ਖੜ੍ਹਾ ਗੱਲਾਂ ਕਰਦਾ ਰਹੇ।
“ਜਦੋਂ ਕਦੇ ਵਿਹਲਾ ਹੁੰਨੈਂ ਆਜਿਆ ਕਰ।” ਗਰਗ ਆਪਣੇ ਘਰ ਅਤੇ ਸਕੂਲ ਦਾ ਪਤਾ ਦੱਸਦਿਆਂ ਮੈਨੂੰ ਕਦੇ-ਕਦੇ ਸਕੂਲ ਆਉਣ ਦਾ ਸੱਦਾ ਦਿੰਦਾ ਹੈ। ਉਨ੍ਹਾਂ ਦਿਨਾਂ ਵਿਚ ਮੇਰੇ ਕਰਨ ਗੋਚਰਾ ਤਾਂ ਕੋਈ ਕੰਮ ਹੀ ਨਹੀਂ ਸੀ। ਬਸ ਦੋ ਹੀ ਕੰਮ ਸਨ, ਲਾਇਬ੍ਰੇਰੀ ਜਾ ਕੇ ਅਖਬਾਰ-ਕਿਤਾਬਾਂ, ਰਸਾਲੇ ਪੜ੍ਹਨੇ ਤੇ ਮੁੰਡੀਹਰ ਨਾਲ ਰਲ ਕੇ ਮਟਰ-ਗਸ਼ਤੀ ਕਰਨੀ। ਇਕ ਦਿਨ ਮੈਂ ਗਰਗ ਦੇ ਆਰੀਆ ਸਮਾਜੀ ਸਕੂਲ ਵਿਚ ਜਾ ਵੱਜਦਾ ਹਾਂ। ਗਰਗ ਦਾ ਨਾਵਲ ‘ਦਰਅਸਲ’ ਅਤੇ ਕਹਾਣੀਆਂ ਦੀ ਕਿਤਾਬ ‘ਵਾਟ ਸਿਕਸਟੀ ਨਾਈਨ’ ਮਹਿੰਦਰ ਸਾਥੀ ਦੀ ‘ਪਾਲ ਸਿੰਘ ਯਾਦਗਾਰੀ ਲਾਇਬ੍ਰੇਰੀ’ ਵਿਚੋਂ ਲੈ ਕੇ ਪੜ੍ਹ ਲਏ ਹਨ। ਨਾਵਲ ਇਕ ਬਹੁਤ ਵੱਡੇ ਨਾਵਲਕਾਰ ਨਾਲ ਵਾਪਰੀ ਨਿੱਜੀ ਘਟਨਾ ’ਤੇ ਆਧਾਰਤ ਹੈ।
“ਗਰਗ ਸਾਹਿਬ ਜੀ ਤੁਹਾਨੂੰ ਇਹ ਨਾਵਲ ਛਪਵਾਉਣ ਤੋਂ ਰੋਕਿਆ ਨੀ ਸਾਡੇ ਇਸ ਵੱਡੇ ਨਾਵਲਕਾਰ ਨੇ?”
“ਆਇਆ ਸੀ ਮੇਰੇ ਕੋਲੇ। ਉਸਨੂੰ ਕਿੱਧਰੋਂ ਪਤਾ ਲੱਗ ਗਿਆ ਸੀ ਕਿ ਮੈਂ ਇਹ ਨਾਵਲ ਛਪਵਾ ਰਿਹਾਂ। ਮੈਨੂੰ ਨਾਵਲ ਨਾ ਛਪਵਾਉਣ ਲਈ ਕਹਿੰਦਾ ਰਿਹਾ ਪਰ ਉਦੋਂ ਜਨੂੰਨ ਸੀ, ਮੈਂ ਕਿੱਥੋਂ ਰੁਕਣਾ ਸੀ। ਮੈਂ ਸੋਚਦਾਂ ਸਾਂ ਕਿ ਲੇਖਕ ਦਾ ਐਹੋ ਜਿਹਾ ਦੂਹਰਾ ਕਿਰਦਾਰ ਨੀ ਹੋਣਾ ਚਾਹੀਦਾ।” ਗਰਗ ਆਪਣਾ ਸੱਜਾ ਹੱਥ ਜਾਣੇ-ਪਛਾਣੇ ਅੰਦਾਜ਼ ਵਿਚ ਹਿਲਾਉਂਦਾ ਹੈ।
“ਗੁਰਮੀਤ ਮੈਨੂੰ ਦੋਗਲੇ ਕਿਰਦਾਰ ਵਾਲੇ ਲੇਖਕਾਂ ਤੋਂ ਚਿੜ ਹੈ। ਪ੍ਰਚਾਰ ਕੁਝ ਕਰਦੇ, ਲਿਖਦੇ ਕੁਝ। ਦਰਅਸਲ ਸਾਡੇ ਲੇਖਕ, ਲੇਖਕ ਪਿੱਛੋਂ ਨੇ, ਜੱਟ, ਬਾਣੀਏ, ਤਰਖਾਣ, ਛੀਂਬੇ ਜਾਂ ਦਲਿਤ ਪਹਿਲਾਂ। ਰਚਨਾ ਅਤੇ ਰਚਨਾਕਾਰ ਦੀ ਇਕਸੁਰਤਾ ਹੋਣੀ ਜ਼ਰੂਰੀ ਐ।” ਗਰਗ ਨੌਵੀਂ ਜਮਾਤ ਦੇ ਚੈੱਕ ਕਰ ਰਹੇ ਪੇਪਰਾਂ ’ਤੇ ਸੇਬਾ ਵਲੇਟ ਕੇ ਪਾਸੇ ਰੱਖ ਦਿੰਦਾ ਹੈ।
“ਦਰਅਸਲ ਬੰਦੇ ਦੇ ਅੰਦਰੋਂ ਕੰਪਲੈਕਸ ਨੀਂ ਜਾਂਦੇ। ਜਾਤ ਦਾ, ਰੰਗ ਦਾ, ਘੱਟ ਪੜ੍ਹੇ ਹੋਣ ਦਾ, ਧਰਮ ਦਾ, ਆਰਥਿਕਤਾ ਦਾ, ਇਹ ਨੀਂ ਜਾਂਦੇ ਬੰਦੇ ਦੇ ਅੰਦਰੋਂ।” ਗਰਗ ਕਿਸੇ ਕਹਾਣੀ ਦਾ ਜ਼ਿਕਰ ਕਰਦਿਆਂ ਗੱਲ ਤੋਰਦਾ ਹੈ।
“ਜਾਤ ਸਦੀਆਂ ਤੋਂ ਬੰਦੇ ਦੇ ਅੰਦਰ ਵਸੀ ਪਈ ਐ। ਇਹ ਸਾਡੀ ਮਾਨਸਿਕਤਾ `ਚ ਘੁਸੀ ਐ, ਇਸੇ ਕਰਕੇ ਅਖੌਤੀ ਵੱਡੀ ਜਾਤ ਦਾ ਹੀ ਨਹੀਂ, ਛੋਟੀ ਜਾਤ ਦਾ ਵੀ ਕੰਪਲੈਕਸ ਹੁੰਦੈ ਬੰਦੇ ਅੰਦਰ। ਸਦੀਆਂ ਤੋਂ ਹਰ ਜਾਤ ਦਾ ਵੱਖਰਾ ਰਹਿਣ-ਸਹਿਣ ਐ। ਵੱਖੋ-ਵੱਖਰੀ ਭਾਸ਼ਾ, ਖਾਣ-ਪੀਣ ਐ। ਏਸੇ ਕਰਕੇ ਹਰ ਜਾਤ-ਬਰਾਦਰੀ ਦੇ ਬੰਦੇ ਦੇ ਸਰੀਰ ਵਿਚੋਂ ਅਜੀਬ ਤਰ੍ਹਾਂ ਦੀ ਗੰਧ ਆਉਣ ਲੱਗ ਜਾਂਦੀ ਐ।” ਗਰਗ ਦੀਆਂ ਗੱਲਾਂ ਕੌੜੀਆਂ ਪਰ ਸੱਚੀਆਂ ਹਨ। ਮੈਂ ਸੁੰਗੜ ਕੇ ਬੈਠ ਜਾਂਦਾ ਹਾਂ। ਮੈਨੂੰ ਆਪਣੇ ਆਪ ਤੋਂ ਅਜੀਬ ਜਿਹੀ ਗੰਧ ਆਉਣ ਲੱਗਦੀ ਹੈ।
“ਕੜਿਆਲਵੀ ਬੰਦੇ ਲਈ ਸਟਰੱਗਲ ਬੜੀ ਜ਼ਰੂਰੀ ਐ। ਆਹ ਆਪਣੇ ਸ਼ਹਿਰ ਦੇ ਈ ਕਈ ਲੇਖਕ ਦੇਖ ਲਾ, ਰਊਂ-ਰਊਂ ਕਰੀ ਜਾਂਦੇ ਰਹਿੰਦੇ। ਰੋਣਾ ਨੀ ਗਿਆ ਸਾਰੀ ਉਮਰ ਉਨ੍ਹਾਂ ਦਾ। ਦਰਅਸਲ ਬਹੁਤ ਸਾਰੇ ਬੰਦਿਆਂ ਦੀ ਤਾਂ ਗਰੀਬੀ ਆਪ ਸਹੇੜੀ ਵੀ ਐ। ਆਪਣਾ ਗੁਰਦਿਆਲ ਸਿੰਹੁ ਨਾਵਲਕਾਰ.. .. .. ‘ਮੜੀ ਦਾ ਦੀਵਾ’ ਵਾਲਾ ਕਿੱਥੋਂ ਚੱਲ ਕੇ ਕਿੱਥੇ ਆ ਗਿਆ। ਅੱਠ ਪਾਸ ਬੰਦਾ-ਪ੍ਰਾਇਮਰੀ ਮਾਸਟਰ। ਕਾਲਜ ’ਚ ਪੜ੍ਹਾਇਆ ਤੇ ਅਖੀਰ ਯੂਨੀਵਰਸਿਟੀ ਦਾ ਪ੍ਰੋਫੈਸਰ ਜਾ ਹੋਇਆ। ਮੇਰਾ ਬਾਪ ਧੂਰੀ ਕਸਬੇ ਵਿਚ ਬਰਫ਼ ਦੀਆਂ ਸਿਲਾਂ ਵੇਚਦਾ ਹੁੰਦਾ ਸੀ। ਛੋਟਾ ਹੁੰਦਾ ਮੈਂ ਵੀ ਕੰਮ ਕਰਾਉਂਦਾ ਸੀ ਨਾਲ। ਰੇਹੜੀ ਲਿਜਾ ਕੇ ਦੁਕਾਨਾਂ ’ਤੇ ਬਰਫ਼ ਦੀਆਂ ਸਿਲਾਂ ਵੇਚਣੀਆਂ। ਪੰਜ ਅਸੀਂ ਭਰਾ। ਸੁੱਖ ਨਾਲ ਵੱਡੀ ਟੱਬਰੀ। ਪਹਿਲਾਂ ਕੰਮ ਕਾਰ ਚੰਗਾ ਸੀ। ਬਾਪ ਮੇਹਨਤ ਵੀ ਬਥੇਰੀ ਕਰਦਾ ਸੀ, ਬਸ ਛੇਤੀ ਅਮੀਰ ਹੋਣ ਦੇ ਭੁੱਸ ਵਿਚ ਸੱਟਾ ਲਾਉਣ ਲੱਗ ਗਿਆ… ਸਾਰਾ ਕੁਝ ਈ ਉਜਾੜ ਸੁੱਟਿਆ। ਪਰਿਵਾਰ ਅਰਸ਼ ਤੋਂ ਫਰਸ਼ `ਤੇ ਆ ਗਿਆ ਸੀ ਕੇਰਾਂ। ਬਾਪ ਤੋਂ ਸਾਰੀ ਉਮਰ ਘਰ ਨੀਂ ਬਣਿਆ। ਆਏਂ ਮਿਹਨਤ ਮਜ਼ਦੂਰੀ ਕਰਦਾ ਮੈਂ ਐਫ.ਐਸ.ਸੀ. ਕਰ ਕੇ ਬਿਜਲੀ ਬੋਰਡ ਵਿਚ ਕਲਰਕ ਲੱਗ ਗਿਆ। ਵਿਚੋਂ ਈ ਪ੍ਰਭਾਕਰ ਕਰਲੀ। ਅੱਗੇ ਪੜ੍ਹਨ ਵਾਸਤੇ ਤਲਵੰਡੀ ਭਾਈ ਬਦਲੀ ਕਰਵਾਲੀ। ਪ੍ਰਾਈਵੇਟ ਬੀ.ਏ. ਕੀਤੀ। ਲਸੋਈ ਸਕੂਲ ਵਿਚ ਮਾਸਟਰ ਦੀ ਅਸਾਮੀ ਨਿਕਲੀ। ਅਪਲਾਈ ਕਰ ਦਿੱਤਾ। ਨੌਕਰੀ ਵੀ ਮਿਲਗੀ। ਬੀ.ਐਡ ਨਾ ਹੋਣ ਕਰਕੇ ਸਾਲ ਬਾਅਦ ਸਕੂਲ ਵਾਲਿਆਂ ਕੱਢ ਦਿੱਤਾ। ਚਲੋ ਇਹ ਵੀ ਚੰਗਾ ਈ ਹੋਇਆ, ਨਹੀਂ ਸਾਰੀ ਉਮਰ ਕੱਚਾ ਈ ਤੁਰਿਆ ਫਿਰਦਾ। ਮੋਗਿਓਂ ਬੀ.ਐਡ. ਕਰਨ ਦੀ ਦੇਰ ਸੀ ਫਿਰੋਜ਼ਪੁਰ ਡੀ.ਸੀ. ਮਾਡਲ ਸਕੂਲ ਵਿਚ ਨੌਕਰੀ ਮਿਲਗੀ। ਜੇ ਭਲਾ ਮੈਂ ਓਥੇ ਈ ਖੜ੍ਹਾ ਰਹਿੰਦਾ, ਕੀ ਕਰ ਲੈਂਦਾ? ਧੂਰੀ ਕੋਈ ਕਰਿਆਨੇ ਦੀ ਦੁਕਾਨ ਕਰਦਾ ਹੁੰਦਾ ਬਾਣੀਆਂ ਆਂਗੂੰ। ਬਿਜਲੀ ਬੋਰਡ ’ਚ ਕਲਰਕ ਹੁੰਦਾ ਜਾਂ ਵੱਧ ਤੋਂ ਵੱਧ ਯੂ.ਡੀ.ਸੀ. ਰਿਟਾਇਰ ਹੋ ਜਾਂਦਾ।” ਗਰਗ ਜਿਵੇਂ ਮੈਨੂੰ ਸੰਘਰਸ਼ ਲਈ ਤਿਆਰ ਕਰ ਰਿਹਾ ਸੀ। ਪਿੰਡ ਦੇ ਨਾਲ ਕਰਕੇ ਲੰਘਦੀ ਨਹਿਰ ਦੇ ਪੱਕੇ ਕਰਨ ਸਮੇਂ ਦਿਹਾੜੀ ਕਰਦਿਆਂ ਸਿਰ ’ਤੇ ਚੁੱਕੇ ਬੱਜਰੀ ਦੇ ਭਾਰੇ ਬੱਠਲਾਂ ਕਾਰਨ ਸਿਰ ਵਿਚ ਪਏ ਰੋਬੜਿਆਂ ਦੀ ਚਸਕ ਘੱਟ ਹੋ ਜਾਂਦੀ ਹੈ।
“ਧੂਰੀ ਤੋਂ ਤਲਵੰਡੀ-ਫਿਰੋਜ਼ਪੁਰ, ਫਿਰ ਮੋਗੇ ਕਿਵੇਂ ਆਗੇ?” ਮੈਂ ਸੁਆਲ ਬਣਦਾ ਹਾਂ।
“ਫਿਰੋਜ਼ਪੁਰ ਪ੍ਰਿੰਸੀਪਲ ਬੜਾ ਹੋਰ ਈ ਹਿਸਾਬ ਦਾ ਸੀ। ਛੇਤੀ ਕਿਸੇ ਦੇ ਪੈਰ ਨਹੀਂ ਸੀ ਲੱਗਣ ਦਿੰਦਾ। ਸਾਲ ਪੂਰਾ ਹੋਣ ਤੋਂ ਬਾਅਦ ਮੇਰੀ ਸਾਲਾਨਾ ਇੰਕਰੀਮੈਂਟ ਲੱਗਣੀ ਸੀ। ਇਕ ਦਿਨ ਮੈਨੂੰ ਦਫ਼ਤਰ ਵਿਚ ਬੁਲਾ ਲਿਆ। ਮੈਨੂੰ ਕਹਿੰਦਾ, ‘ਜੇ ਤੇਰੀ ਪੰਦਰਾਂ ਰੁਪੈ ਇੰਕਰੀਮੈਂਟ ਲਾ ਦਿਆਂ ਕੀ ਕਰੇਂਗਾ?” ਇੰਜ ਵਿਹਾਰ ਕਰੇ ਜਿਵੇਂ ਮੇਰੇ ’ਤੇ ਕੋਈ ਬਹੁਤ ਵੱਡਾ ਅਹਿਸਾਨ ਕਰ ਰਿਹਾ ਹੋਵੇ। ਕੋਈ ਵੱਡਾ ਪਰਉਪਕਾਰ। ਮੈਂ ਆਖਿਆ, ‘‘ਮੈਨੂੰ ਸਕੂਲ ਦੇ ਸਾਰੇ ਵਿਦਿਆਰਥੀ ਪਸੰਦ ਕਰਦੇ ਆ। ਮੈਂ ਪੂਰੀ ਮਿਹਨਤ ਨਾਲ ਪੜ੍ਹਾਉਨਾ ਵੀ ਆਂ। ਫੇਰ ਵੀ ਮੇਰਾ ਨਾਂ ਪਤਾ ਕੀ ਰੱਖਿਆ ਮੁੰਡਿਆਂ ਨੇ? ਪ੍ਰਿੰਸੀਪਲ ਮੇਰੇ ਮੂੰਹ ਵੱਲੀ ਵੇਖਣ ਲੱਗ ਪਿਆ। ਮੈਂ ਆਖਿਆ ਵਿਦਿਆਰਥੀਆਂ ਨੇ ਮੇਰਾ ਨਾਂ ‘ਵੰਨ ਪੈਂਟ ਮਾਸਟਰ’ ਰੱਖਿਆ ਹੋਇਆ। ਇਹ ਤਾਂ ਰੱਖਿਆ ਕਿਉਂਕਿ ਮੇਰੇ ਕੋਲ ਇਕੋ ਪੈਂਟ ਆ ਭੂਸਲੇ ਜਏ ਰੰਗ ਦੀ। ਉਸੇ ਨੂੰ ਵਾਰ-ਵਾਰ ਧੋ ਕੇ ਪਾ ਲੈਨਾ। ਜੇ ਤੁਸੀਂ ਮੇਰੀ ਇੰਕਰੀਮੈਂਟ ਲਾਤੀ, ਫੇਰ ਕੀ ਹੋਜੂ? ਵੱਧੋ-ਵੱਧ ਇਕ ਪੈਂਟ ਹੋਰ ਲੈ ਲੂੰ। ਫਿਰ ਹੋਰ ਸੁਣੋ, ਸਕੂਲ ਵਿਚ ਕੁਲ 54 ਪੀਰੀਅਡ ਹੁੰਦੇ ਆ, ਇਹਦੇ `ਚੋਂ ਪੰਜਾਹ ਤਾਂ ਮੈਂ ਪਹਿਲਾਂ ਹੀ ਲਾ ਰਿਹਾ ਹਾਂ। ਬਾਕੀ ਪਿੱਛੇ ਕੀ ਰਹਿੰਦਾ? ਠਣ-ਠਣ ਗੋਪਾਲ! ਜੇ ਥੋਨੂੰ ਅਜੇ ਵੀ ਸਬਰ ਨੀਂ ਤਾਂ ਮੈਂ ਭਾਈ ਰਾਤ ਵੀ ਥੋਡੇ ਕੋਲ ਈ ਰਹਿ ਜਾਇਆ ਕਰੂੰ।’’ ਪ੍ਰਿੰਸੀਪਲ ਕੱਚਾ ਹੁੰਦਾ ਹੀ..ਹੀ ਕਰ ਕੇ ਖਸਿਆਣੀ ਜਿਹੀ ਹਾਸੀ ਹੲੱਣ ਲੱਗਾ। ਫੇਰ ਉਹਨੇ ਇੰਕਰੀਮੈਂਟ ਵੀ ਲਾਤੀ। ਉਨ੍ਹੀਂ ਦਿਨੀਂ ਮੈਂ ਕਮਿਊਨਿਸਟ ਪਾਰਟੀ ਜੁਆਇਨ ਕਰ ਲਈ ਸੀ। ਮੇਰੇ ਕੋਲ ਤਕੜੇ-ਤਕੜੇ ਕਾਮਰੇਡ ਆਉਣ ਲੱਗਗੇ-ਸੱਤਪਾਲ ਡਾਂਗ, ਅਵਤਾਰ ਸਿੰਘ ਮਲਹੋਤਰੇ ਵਰਗੇ। ਮੇਰਾ ਰੋਹਬਦਾਬ ਬਣ ਗਿਆ। ਉਦੋਂ ਦੇ ਕਾਮਰੇਡ ਅੱਜ ਆਲੇ ਕਾਮਰੇਡਾਂ ਵਰਗੇ ਨੀਂ ਸੀ ਹੁੰਦੇ। ਮੁਲਾਜ਼ਮਾਂ-ਮਜ਼ਦੂਰਾਂ ਦੇ ਧਰਨਿਆਂ ਵਿਚ ਸੈਂਕੜਿਆਂ-ਹਜ਼ਾਰਾਂ ਦੀ ਭੀੜ ਜੁੜ ਜਾਂਦੀ ਹੁੰਦੀ ਸੀ। ਮੇਰੇ ਆਲਾ ਪ੍ਰਿੰਸੀਪਲ ਦਾਬੂ ਹੋ ਗਿਆ। ਸੋਚਣ ਲੱਗਾ, ਐਵੇਂ ਕਿਉਂ ਪੰਗਾ ਲੈਣਾ ਇਹਦੇ ਨਾਲ। ਐਵੇਂ ਮੁਰਦਾਬਾਦ-ਜ਼ਿੰਦਾਬਾਦ ਕਰਵਾਊ। ਮੇਰੇ ਤੋਂ ਕੰਨ ਭੰਨਣ ਲੱਗ ਪਿਆ। ਸਗਮਾ ਮੇਰਾ ਹੇਜ਼ ਵੀ ਕਰਨ ਲੱਗਾ ਸੀ। ਉਦੋਂ ਜਿਹੇ ਈ ਮੋਗੇ ਆਰੀਆ ਸਕੂਲ ਵਿਚ ਰੈਗੂਲਰ ਪੋਸਟ ਨਿਕਲੀ, ਮੈਂ ਇੱਥੇ 366 ਰੁਪੈ ਮਹੀਨਾ ਤਨਖਾਹ ’ਤੇ ਜੁਆਇਨ ਕਰ ਲਿਆ। ਕੜਿਆਲਵੀ ਇਹ ਮੋਗਾ ਵੀ ਬੜੀ ਚੀਜ਼ ਐ। ਮੋਗੇ ਨੇ ਦਿੱਤਾ ਵੀ ਬਹੁਤ ਕੁਝ ਆ।” ਗਰਗ ਚਾਹ ਦੇ ਗਿਲਾਸ ਵਿਚੋਂ ਆਖਰੀ ਘੁੱਟ ਭਰ ਕੇ ਗਿਲਾਸ ਕੁਰਸੀ ਦੀ ਟੰਗ ਕੋਲ ਰੱਖਦਾ ਹੈ।
“ਕੜਿਆਲਵੀ ਇਹ ਨੌਕਰੀ ਸਾਲੀ ਬੜੀ ਕੁੱਤੀ ਸ਼ੈਅ। ਨੌਕਰੀ ਦੌਰਾਨ ਹਰ ਰੋਜ਼ ਥੋਨੂੰ ਇਕ ਅੱਧ ਟੁੱਚੀਅਲ ਜਿਹਾ ਬੰਦਾ ਮਿਲ ਈ ਜਾਂਦਾ। ਇਹ ਬੰਦਾ ਕੋਈ ਨਾ ਕੋਈ ਬੇਸੁਆਦੀ ਜਈ ਗੱਲ ਕਰ ਕੇ ਥੋਡਾ ਮੂਡ ਅਪਸੈੱਟ ਕਰ ਕੇ ਤੁਰਦਾ ਬਣਦਾ। ਫਿਰ ਤੁਸੀਂ ਸੜਦੇ-ਕੁੜਦੇ ਰਹੋ ਸਾਰਾ ਦਿਨ। ਬੰਦੇ ਦੀ ਜ਼ਿੰਦਗੀ ਦਾ ਅੱਧਿਓਂ ਵੱਧ ਸਮਾਂ ਨੌਕਰੀ ਵਿਚ ਲੰਘਦਾ। ਐਸ ਹਿਸਾਬ ਨਾਲ ਟੁੱਚੀਅਲ ਜਿਹੇ ਬੰਦੇ ਤੁਹਾਡੀ ਅੱਧੀ ਜ਼ਿੰਦਗੀ ਭੰਗ ਦੇ ਭਾੜੇ ਗੁਆ ਦਿੰਦੇ। ਆਪਣੇ ਅਰਗੇ ਬੰਦਿਆਂ ਨਾਲ ਤਾਂ ਆਏਂ ਹੁੰਦਾ। ਇਹ ਟੁੱਚੀਅਲ ਬੰਦੇ ਪੈਰ ਈ ਨੀਂ ਲੱਗਣ ਦਿੰਦੇ ਛੇਤੀ। ਮਸੀਂ ਕਿਤੇ ਹੌਲੀ-ਹੌਲੀ ਜਾ ਕੇ ਪੈਰ ਲੱਗਦੇ।”
“ਗਰਗ ਸਾਹਿਬ ਤੁਸੀਂ ਤਾਂ ਵਧੀਆ ਪੈਰ ਲਾ ਲਏ।” ਗਰਗ ਦਾ ਕੋਈ ਕੁਲੀਗ ਆਖਦਾ ਹੈ।
“ਤੇਰੇ ਵਾਂਗੂੰ ਮੋਗੇ ਦੇ ਕਈ ਹੋਰ ਲੇਖਕ ਵੀ ਆਖਦੇ ਵਈ ਬਾਣੀਏ ਨੇ ਧੂਰੀ ਤੋਂ ਮੋਗੇ ਆ ਪੈਰ ਗੱਡ ਲਏ। ਇਨ੍ਹਾਂ ਭੜੂਆਂ ਨੂੰ ਪੁੱਛਣ ਵਾਲਾ ਹੋਏ ਵਈ ਪੈਰਾਂ ਨੂੰ ਮੈਂ ਕਿਹੜਾ ਸ਼ੈਲਰ ਲਾ ਲਿਆ। ਚਾਕਰੀ ਕੀਤੀ ਐ। ਧੂਰੀ ਨੀਂ ਫਿਰੋਜ਼ਪੁਰ ਕਰਲੀ .. .. .. ਉਥੇ ਨੀ ਮੋਗੇ ਆਗੇ। ਕਿਤੇ ਕਰਲੀ। ਕੀਤੀ ਤਾਂ ਚਾਕਰੀ ਈ ਐ।”
“ਗੁਰਦਿਆਲ ਸਿੰਘ ਅੱਠਵੀਂ ਤੋਂ ਤੁਰ ਕੇ ਪ੍ਰੋਫੈਸਰੀ ਤਕ ਚਲਿਆ ਗਿਆ। ਮੇਹਨਤੀ ਤਾਂ ਤੁਸੀਂ ਵੀ ਬਥੇਰੇ ਸੀਗੇ; ਫਿਰ ਤੁਸੀਂ ਕਲਰਕੀ ਤੋਂ ਚੱਲ ਕੇ ਮਾਸਟਰੀ ’ਤੇ ਹੀ ਅੜਗੇ। ਪ੍ਰੋਫੈਸਰੀ ਆਲਾ ਫਹੁ ਨੀ ਪਿਆ?”
“ਜਦੋਂ ਕੁਛ ਬਣਨ-ਬਣਾਉਣ ਦਾ ਟੈਮ ਸੀ, ਉਦੋਂ ਕਬੀਲਦਾਰੀ ਕਿਉਂਟਣ ’ਚ ਈ ਲੱਗਾ ਰਿਹਾ। ਛੋਟੇ ਭਰਾਵਾਂ ਦਾ ਪਾਲਣ-ਪੋਸ਼ਣ ਕੀਤਾ। ਵਿਆਹ ਕੀਤੇ, ਫੇਰ ਤੈਨੂੰ ਦੱਸਿਆ ਤਾਂ ਹੈ ਵਈ ਬੰਦੇ ਦੇ ਅੰਦਰੋਂ ਜਾਤ ਨੀ ਨਿਕਲਦੀ। ਮੇਰੇ ’ਤੇ ਵੀ ਐਵੇਂ ਬਾਣੀਆ ਪ੍ਰਵਿਰਤੀ ਭਾਰੂ ਹੋਗੀ। ਮੈਂ ਹਿੰਦੀ ਦੀ ਐਮ.ਏ. ਵੱਲੀਂ ਪੈ ਗਿਆ। ਪੰਜਾਬ ’ਚ ਹਿੰਦੀ ਲੈਕਚਰਾਰਾਂ ਦੀਆਂ ਪੋਸਟਾਂ ਹੈਨੀ ਸੀ। ਹਰਿਆਣੇ ਅੱਲੀਂ ਕਾਲਜ ਵਿਚ ਲੈਕਚਰਾਰੀ ਮਿਲਦੀ ਵੀ ਸੀ ਪਰ ਮੋਗਾ ਛੱਡ ਕੇ ਉਥੇ ਜਾਣ ਨੂੰ ਦਿਲ ਨਾ ਕੀਤਾ। ਫੇਰ ਅੰਗਰੇਜ਼ੀ ਦੀ ਐਮ.ਏ. ਕਰਲੀ; ਉਹਦੇ ’ਚੋਂ ਗੁਜ਼ਾਰੇ ਜੋਗੇ ਨੰਬਰ ਨੀ ਬਣੇ। ਉਦੋਂ ਕਿਤੇ ਪੰਜਾਬੀ ਦੀ ਐਮ.ਏ. ਕਰ ਲੈਂਦਾ, ਲੈਕਚਰਾਰੀ ਕੁੱਟ ਲੈਣੀ ਸੀ ਆਪਣੇ ਗੁਰਦਿਆਲ ਸਿਹੰੁ ਤੇ ਵਰਿਆਮ ਸੰਧੂ ਵਾਂਗੂੰ। ਬੱਸ ਰਾਸ਼ਟਰ ਭਾਸ਼ਾ ਦਾ ਮੋਹ ਈ ਮਾਰ ਗਿਆ।” ਕਾਲਜ ਲੈਕਚਰਾਰ ਨਾ ਬਣ ਸਕਣ ਦੀ ਪੀੜਾ ਗਰਗ ਦੇ ਚਿਹਰੇ ਤੋਂ ਹੁੰਦੀ-ਹੁੰਦੀ ਜੁ਼ਬਾਨ ’ਤੇ ਆ ਗਈ ਸੀ।
ਗਰਗ ਨਾਲ ਮੇਲ-ਜੋਲ ਵਧਣ ਲੱਗਾ ਹੈ। ਸਾਹਿਤ ਵਿਚਾਰ ਮੰਚ ਮੋਗਾ ਦਾ ਪ੍ਰਧਾਨ ਸੜਕਨਾਮੇ ਵਾਲਾ ਬਲਦੇਵ ਸਿੰਘ ਅਤੇ “ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤਕ ਰਾਤ ਬਾਕੀ ਹੈ” ਵਰਗੇ ਚਿਰ ਸਥਾਈ ਇਨਕਲਾਬੀ ਗੀਤਾਂ ਦਾ ਰਚੇਤਾ ਮਹਿੰਦਰ ਸਾਥੀ ਜਨਰਲ ਸਕੱਤਰ ਹੈ। ਸਾਹਿਤਕ ਸਮਾਗਮ ਰਚਾਉਂਦੇ ਰਹਿੰਦੇ ਹਨ। ਕਿਸੇ ਨਾਵਲ, ਕਹਾਣੀ ਸੰਗ੍ਰਹਿ ਜਾਂ ਕਵਿਤਾ ਦੀ ਪੁਸਤਕ ’ਤੇ ਗੋਸ਼ਟੀ ਹੁੰਦੀ ਹੀ ਰਹਿੰਦੀ ਹੈ। ਜਿੱਥੇ ਗਰਗ ਆਮ ਗੱਲਬਾਤ ਵਿਚ ਵਿਅੰਗ ਦੀਆਂ ਫੁੱਲਝੜੀਆਂ ਚਲਾਉਂਦਾ ਰਹਿੰਦਾ ਹੈ, ਉੱਥੇ ਗੋਸ਼ਟੀ ਦੌਰਾਨ ਵਿਸ਼ਵ ਪੱਧਰ ਦੇ ਨਾਵਲਾਂ, ਕਹਾਣੀਆਂ ਤੇ ਹੋਰ ਕਿਰਤਾਂ ਵਿਚੋਂ ਉਦਾਹਰਨਾਂ ਦਿੰਦਾ ਹੈ। ਮੇਰੇ ਦਿਲ ਵਿਚ ਉਸ ਦਾ ਸਤਿਕਾਰ ਅਤੇ ਪ੍ਰਭਾਵ ਹੋਰ ਵਧਦਾ ਹੈ। ਉਸ ਦੀ ਵਿਦਵਤਾ ਦਾ ਜਾਦੂ ਸਿਰ ਚੜ੍ਹ ਬੋਲਦਾ ਹੈ।
ਪਤਾ ਨਹੀਂ ਕਿਉਂ ਕਦੇ-ਕਦੇ ਮੈਨੂੰ ਮਹਿਸੂਸ ਹੁੰਦਾ ਸੀ ਜਿਵੇਂ ਬਲਦੇਵ ਅਤੇ ਗਰਗ ਵਿਚ ਰੂਸ-ਅਮਰੀਕਾ ਵਾਂਗੂੰ ਠੰਢੀ ਜੰਗ ਚੱਲ ਰਹੀ ਹੋਵੇ। ਦੋਵੇਂ ਇਕ ਦੂਜੇ ਦੇ ਖਿ਼ਲਾਫ਼ ਖੁੱਲ੍ਹ ਕੇ ਕੁਝ ਨਹੀਂ ਬੋਲਦੇ। ਕਿਸੇ ਸਮਾਗਮ ਵਿਚ ਤਾਂ ਉੱਕਾ ਹੀ ਨਹੀਂ। ਮੋਗੇ ਦੇ ਗੁਰੂ ਨਾਨਕ ਕਾਲਜ ਵਿਚ ਬਲਦੇਵ ਸਿੰਘ ਦੇ ਨਾਵਲ ‘ਅੰਨਦਾਤਾ’ ਬਾਰੇ ਗੋਸ਼ਟੀ ਹੁੰਦੀ ਹੈ। ਗਰਗ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਹੈ। ਉਹ ਨਾਵਲ ਦੀ ਭਰਵੀਂ ਤਾਰੀਫ਼ ਕਰਦਾ ਹੈ। ਨਾਵਲ ਨੂੰ ਪੰਜਾਬੀ ਕਿਸਾਨੀ ਨੂੰ ਸਫਲਤਾ ਸਹਿਤ ਚਿਤਰਨ ਵਾਲੀ ਵੱਡ ਆਕਾਰੀ ਕਿਰਤ ਆਖਦਾ ਹੈ। ਗਰਗ ਦੀ ਪਾਈ ਲੀਹ ’ਤੇ ਹੀ ਬਾਕੀ ਦੇ ਬਹੁਤੇ ਬੁਲਾਰੇ ਤੁਰ ਪੈਂਦੇ ਹਨ। ਮੁੱਖ ਮਹਿਮਾਨ ਡਾ: ਸਤਿੰਦਰ ਸਿੰਘ ਨੂਰ ‘ਅੰਨਦਾਤਾ’ ਨੂੰ ਪੰਜਾਬੀ ਦਾ ‘ਗੋਦਾਨ’ ਕਰਾਰ ਦੇ ਦਿੰਦੇ ਹਨ।
ਥੋੜ੍ਹੇ ਸਮੇਂ ਬਾਅਦ ਹੀ ਬਲਦੇਵ ਸਿੰਘ ਦਾ ਨਵਾਂ ਨਾਵਲ ਮਾਰਕੀਟ ਵਿਚ ਆ ਡਿੱਗਦਾ ਹੈ। ਸਬੱਬੀਂ ਗਰਗ ਮਿਲਦਾ ਹੈ।
“ਕੜਿਆਲਵੀ ਬਲਦੇਵ ਸਿੰਘ ਦਾ ਭਗਤ ਸਿੰਘ ਬਾਰੇ ਨਵਾਂ ਨਾਵਲ ‘ਸਤਲੁਜ ਵਹਿੰਦਾ ਰਿਹਾ’ ਪੜ੍ਹ ਲਿਆ?”
“ਹਾਂ .. .. .. ਪੜ੍ਹ ਲਿਆ।”
“ਕਿਵੇਂ ਲੱਗਾ? ਇੰਨਜੁਆਇ ਕੀਤਾ ਤੂੰ?” ਮੈਂ ਚੁੱਪ ਰਹਿੰਦਾ ਹਾਂ ਕੋਈ ਜੁਆਬ ਨਹੀਂ ਦਿੰਦਾ। ਦਰਅਸਲ ਗਰਗ ਦੀ ਵਿਦਵਤਾ ਅੱਗੇ ਮੈਨੂੰ ਕੋਈ ਗੱਲ ਅਹੁੜਦੀ ਹੀ ਨਹੀਂ।
“ਗਰਾਮੈਟੇਕਲੀ ਨਾਵਲ ਬੜਾ ਕਮਜ਼ੋਰ ਐ। ਬਲਦੇਵ ਸਿੰਘ ਨਾਵਲ ਪਰੈਜ਼ੈਂਟ ਟੈਨਸ ਵਿਚ ਹੀ ਲਿਖੀ ਜਾ ਰਿਹਾ। ਭਗਤ ਸਿੰਘ ਗੱਡੀ ਵਿਚ ਜਾ ਰਿਹਾ। ਉਹ ਹੁਣ ਆਹ ਕਰ ਰਿਹਾ .. .. .. ਹੁਣ ਉਹ ਕਰ ਰਿਹਾ। ਹੁਣ ਪੜ੍ਹ ਰਿਹਾ.. .. .. ਹੁਣ ਸੋਚ ਰਿਹਾ। ਅਜੀਬ ਜਿਹਾ ਨੀਂ ਲੱਗਦਾ ਤੈਨੂੰ? ਇਤਿਹਾਸਕ ਨਾਵਲ, ਵਰਤਮਾਨ ਕਾਲ ਵਿਚ ਕਿਵੇਂ ਲਿਖਿਆ ਜਾਊ। ਲਿਖਿਆ ਜਾ ਸਕਦਾ?” ਗਰਗ ਆਪਣੀ ਗੱਲ ਦਾ ਪ੍ਰਭਾਵ ਜਾਨਣ ਲਈ ਕੁਝ ਚਿਰ ਲਈ ਚੁੱਪ ਹੋ ਜਾਂਦਾ ਹੈ।
“ਅਸਲ ਵਿਚ ਬਲਦੇਵ ਸਿੰਘ ਨੂੰ ਯੱਭਲੀਆਂ ਮਾਰਨ ਦੀ ਆਦਤ ਨੀਂ ਜਾਂਦੀ। ‘ਅੰਨਦਾਤਾ’ ਵਿਚ ਭੂਪੀ ਅਤੇ ਪੀ.ਸੀ.ਓ. ਵਾਲੀਆਂ ਕੁੜੀਆਂ ਪਾ ਦਿੱਤੀਆਂ। ਧੱਕੇ ਨਾਲ ਈ। ਖਾਹ-ਮਖਾਹ। ਐੇਵੇਂ ਈ `ਸਤਲੁਜ ਵਹਿੰਦਾ ਰਿਹਾ` ਵਿਚ ਸਿਪਾਹੀ ਵਾੜ ਦਿੱਤੇ। ਐਵੇਂ ਯੱਭਲੀਆਂ ਮਾਰਨ ਵਾਸਤੇ। ਬਲਦੇਵ ਚੰਗੇ-ਭਲੇ ਨਾਵਲ ਦਾ ਸੱਤਿਆਨਾਸ ਮਾਰ ਦਿੰਦਾ ਐ। ਕੀ ਲੋੜ ਸੀ ਏਹਦੀ?” ਗਰਗ ਦਾ ਸੱਜਾ ਹੱਥ ਜਾਣੇ-ਪਛਾਣੇ ਅੰਦਾਜ਼ ਵਿਚ ਘੁੰਮਦਾ ਹੋਇਆ ਬੜੀ ਸਪਾਟ ਟਿੱਪਣੀ ਦਿੰਦਾ ਹੈ।
ਇਸ ਗੱਲ ਤੋਂ ਥੋੜ੍ਹੇ ਹੀ ਦਿਨਾਂ ਬਾਅਦ ਡੀ.ਐਮ. ਕਾਲਜ ਮੋਗੇ ਬਲਦੇਵ ਸਿੰਘ ਦੇ ਇਸੇ ਨਾਵਲ (ਸਤਲੁਜ ਵਹਿੰਦਾ ਰਿਹਾ) ’ਤੇ ਗੋਸ਼ਟੀ ਹੁੰਦੀ ਹੈ। ਮੰਚ-ਸੰਚਾਲਨ ਮੇਰੇ ਹੱਥ ਹੈ। ਝਿਜਕਦਿਆਂ-ਝਿਜਕਦਿਆਂ ਨਾਵਲ ਉਪਰ ਵਿਚਾਰ ਪ੍ਰਗਟਾਉਣ ਲਈ ਗਰਗ ਨੂੰ ਸੱਦਾ ਦਿੰਦਾ ਹਾਂ। ਸੋਚਦਾ ਹਾਂ ਕਿ ਗਰਗ ਆਉਂਦਿਆਂ ਨਾਵਲ ਅਤੇ ਇਸ ਦੇ ਲੇਖਕ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦੇਵੇਗਾ। ਗਰਗ ਬੜੀ ਹੀ ਗੰਭੀਰ ਸੁਰ ਵਿਚ ਬੋਲਦਾ ਹੈ। ਥੋੜ੍ਹੇ ਦਿਨ ਪਹਿਲਾਂ ਮੇਰੇ ਕੋਲ ਨਾਵਲ ਦੀਆਂ ਧੱਜੀਆਂ ਉਡਾਉਣ ਵਾਲਾ ਗਰਗ ਅੱਜ ਨਾਵਲ ਅਤੇ ਨਾਵਲਕਾਰ ਦੇ ਹੱਕ ਵਿਚ ਬੋਲੀ ਜਾਂਦਾ ਹੈ।
“ਗਰਗ ਸਾਹਿਬ! ਅੱਜ ਤਾਂ ਤੁਸੀਂ ਕਮਾਲ ਹੀ ਕਰਤੀ। ਤੁਸੀਂ ਤਾਂ ਬਲਦੇਵ ਦੇ ਵਕੀਲ ਬਣੀ ਬੈਠੇ ਸੀ। ਨਾਵਲ ’ਚ ਥੋਨੂੰ ਕੋਈ ਨੁਕਸ ਈ ਨਹੀਂ ਥਿਆਇਆ। ਲੱਗਦਾ ਥੋਡੀ ਐਨਕ ਬਦਲਗੀ, ਸੁਰਜੀਤ ਬਰਾੜ ਵਰਗੇ ਆਲੋਚਕ ਨਾਲ। ਇਤਿਹਾਸਕ ਨਾਵਲ ਵਰਤਮਾਨ ਕਾਲ ’ਚ ਲਿਖਿਆ ਸਿਪਾਹੀ.. .. ਯੱਭਲੀਆਂ, ਫਿਲਮੀ ਟੱਚ।” ਸਮਾਗਮ ਬਾਅਦ ਮੈਂ ਗਰਗ ਨੂੰ ਖਾਣੇ ਦੀ ਮੇਜ਼ ’ਤੇ ਘੇਰ ਲੈਂਦਾ ਹਾਂ।
“ਕੜਿਆਲਵੀ! ਯਾਰ ਪੰਜਾਬੀ ਯੂਨੀਵਰਸਿਟੀ ਵਾਲਾ ਵਿਦਵਾਨ ਪੁਰਸ਼ ਡਾ. ਜਸਵਿੰਦਰ ਸਿੰਘ ਸਮਾਗਮ ਦੀ ਪ੍ਰਧਾਨਗੀ ਕਰ ਰਿਹਾ ਸੀ। ਮੈਂ ਸੋਚਿਆ ਐਵੇਂ ਉਹਦੇ `ਤੇ ਬੁਰਾ ਪ੍ਰਭਾਵ ਪਊ। ਉਹ ਕੀ ਸੋਚੂ ਬਈ ਮੋਗੇ ਵਾਲੇ ਇਕ ਦੂਜੇ ਦੇ ਈ ਪਰਖਚੇ ਉਡਾਈ ਜਾਂਦੇ। ਦੂਜੀ ਗੱਲ, ਹੁਣ ਕਿਸੇ ਦੇ ਖਿ਼ਲਾਫ਼ ਨੀਂ ਬੋਲਿਆ ਕਰਨਾ। ਹੁਣ ਦੇਖ ਲੇਖਕ ਲਿਖਦਾ.. .. ਜਿੰਨੀ ਮੇਹਨਤ ਉਹ ਕਰਦਾ ਉਹਦੇ ਹਿਸਾਬ ਨਾਲ ਉਸ ਨੂੰ ਮਿਲਦਾ-ਮਿਲਾਉਂਦਾ ਤਾਂ ਕੁਝ ਹੈ ਨਹੀਂ। ਇਹ ਕੋਈ ਘੱਟ ਬਹਾਦਰੀ ਵਾਲਾ ਕੰਮ? ਫਿਰ ਦੱਸੋ ਕਾਹਦੇ ਕਰਕੇ ਲੇਖਕ ਦੇ ਖਿ਼ਲਾਫ ਬੋਲਣਾ। ਬਲਦੇਵ ਸਿੰਘ ਨੇ ਪੰਜ-ਸਾਢੇ ਪੰਜ ਸੌ ਸਫ਼ੇ ਦਾ ਨਾਵਲ ਲਿਖਿਆ.. .. .. ਐਥੇ ਕਿਸੇ ’ਤੋਂ ਚਾਰ ਸਫ਼ੇ ਨੀਂ ਲਿਖ ਹੁੰਦੇ। ਇਹ ਤਾਂ ਤਕੜੇ ਦਿਲ ਗੁਰਦੇ ਵਾਲੇ ਦਾ ਕੰਮ ਐ।” ਗਰਗ ਆਖਦਾ ਹੈ।
ਇਹ ਗਰਗ ਦੇ ਬਦਲਦੇ ਦਿ੍ਰਸ਼ਟੀਕੋਣ ਦੀ ਨਿੱਕੀ ਜਿਹੀ ਝਲਕ ਹੈ। ਫਿਰ ਰੂਸ-ਅਮਰੀਕਾ ਦੀ ਠੰਢੀ ਜੰਗ ਵੀ ਤਾਂ ਖਤਮ ਹੋ ਚੁੱਕੀ। ਸ਼ਾਇਦ ਦੋਵਾਂ ਮਹਾਰਥੀ ਸ਼ਕਤੀਆਂ ਨੇ ਕੋਈ ‘ਸੰਧੀ’ ਹੀ ਕਰ ਲਈ ਹੋਵੇ। ਗਰਗ ਦੀ ਜਸਵੰਤ ਸਿੰਘ ਕੰਵਲ ਨਾਲ ਵਰ੍ਹਿਆਂ ਤੋਂ ਬੰਦ ਪਈ ਗੱਲਬਾਤ ਵੀ ਦੁਬਾਰਾ ਸ਼ੁਰੂ ਹੋਈ। ਉਹ ਪਿੰਡ ਢੁੱਡੀਕੇ, ਕੰਵਲ ਦੇ ਸਨਮਾਨ ਸਮਾਰੋਹ ’ਤੇ ਵੀ ਜਾ ਆਇਆ ਸੀ। ਜਿਹੜਾ ਗਰਗ,”ਕੰਵਲ ਐਵੇਂ ਭੱਈਏ.. .. ਭੱਈਏ ਆਖ ਕੇ ਰੌਲਾ ਪਾਈ ਜਾਂਦਾ। ਸਾਡੇ ਪੰਜਾਬੀ ਸਾਰੀ ਵਲੈਤ ਸਾਂਭੀ ਬੈਠੇ। ਕਨੇਡਾ ਤਾਂ ਅੱਧਿਓਂ-ਵੱਧ ਭਰ ਦਿੱਤਾ ਪੰਜਾਬੀਆਂ ਨੇ। ਕੰਵਲ ਉਨ੍ਹਾਂ ਦਾ ਵਿਰੋਧ ਕਿਉਂ ਨੀਂ ਕਰਦਾ?” ਆਖਦਿਆਂ ਜਸਵੰਤ ਸਿੰਘ ਕੰਵਲ ਦਾ ਵਿਰੋਧ ਕਰਦਾ ਸੀ; ਕੰਵਲ ਦੇ ਹੱਕ ਵਿਚ ਬੋਲਣ ਲੱਗਾ। ਗੱਲ ਵਿਚੋਂ ਇਹ ਕਿ ਦੋਵਾਂ ਨੇ ਹੀ ਆਪਣੀ ਸੁਰ ਥੋੜ੍ਹੀ-ਥੋੜ੍ਹੀ ਬਦਲੀ ਸੀ। ਕੰਵਲ ਆਖਦਾ, “ਜੇਕਰ ਯੂ.ਪੀ, ਬਿਹਾਰ ਤੋਂ ਆ ਕੇ ਪੰਜਾਬ ਵੱਸਣ ਵਾਲੇ, ਪੰਜਾਬੀ ਰਹਿਤਲ ਵਿਚ ਸ਼ਾਮਲ ਹੋ ਜਾਣ ਤਾਂ ਠੀਕ ਹੈ। ਫਿਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਕੋਈ ਖਤਰਾ ਨਹੀਂ।” ਕੰਵਲ ਉਪਰ ਸਾਡੇ ਯੁੱਗ ਕਵੀ ਸੁਰਜੀਤ ਪਾਤਰ ਦੀ ਕਵਿਤਾ “ਪਿੱਛੇ-ਪਿੱਛੇ ਰਿਜਕ ਦੇ ਚੱਲ ਆਇਆ ਨੰਦ ਕਿਸ਼ੋਰ” ਅਸਰ ਕਰ ਗਈ ਸੀ। ਫਿਰ ਕੰਵਲ ਨੇ ਆਪਣੀ ਤੋਪ ਦੇ ਗੋਲੇ ਕੇਂਦਰੀ ਸਰਕਾਰਾਂ ਵੱਲ ਨੂੰ ਸਿੱਟਣੇ ਸ਼ੁਰੂ ਕਰ ਦਿੱਤੇ। ਉਹ ਆਖਦਾ ਕਿ ਸਮੇਂ-ਸਮੇਂ ਬਣਨ ਵਾਲੀਆਂ ਕੇਂਦਰ ਸਰਕਾਰਾਂ ਨੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਜੰਗੇ ਆਜ਼ਾਦੀ ਤੇ ਦੇਸ਼ ਵੰਡ ਵੇਲੇ ਵਾਅਦੇ ਕਰਨ ਦੇ ਬਾਵਜੂਦ ਕੌਮੀ ਨੇਤਾਵਾਂ ਨੇ ਪੰਜਾਬੀ ਕੌਮ ਨੂੰ ਉਸ ਦਾ ਬਣਦਾ ਹੱਕ ਨਹੀਂ ਦਿੱਤਾ। ਕੰਵਲ ਦੇ ਭਾਸ਼ਣਾਂ ਦੀ ਸੁਰ ਬਦਲਦਿਆਂ ਹੀ ਗਰਗ ਨੇ ਮੋੜਾ ਕੱਟਿਆ। ਹੁਣ ਉਹ, “ਕੰਵਲ ਨੇ ਸਾਰੀ ਉਮਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕੀਤੀ ਹੈ, ਪੂਰੀ ਗੜਕੇ ਨਾਲ। ਬਿਨਾਂ ਕਿਸੇ ਡਰ ਡੁੱਕਰ ਤੋਂ। ਕਿਸੇ ਐਵਾਰਡ ਦੀ ਕੁੱਤੇ ਝਾਕ ਕੀਤੇ ਬਗੈਰ। ਕੰਵਲ ਪੰਜਾਬੀ ਦਾ ਸੈਮਸਨ ਹੈ।” ਆਖਦਿਆਂ ਕੰਵਲ ਦੀ ਦਿਲ ਖੋਲ੍ਹ ਕੇ ਤਾਰੀਫ਼ ਕਰਨ ਲੱਗਾ ਸੀ।
ਬਲਦੇਵ ਸਿੰਘ ਅਤੇ ਕੇ.ਐਲ. ਗਰਗ ਦੋਵੇਂ ਸਾਹਿਤਕ ਮੁਹਾਜ਼ ਦੇ ਟਰੈਕ ਉਪਰ ਤੇਜ਼ ਦੌੜਨ ਵਾਲੇ ਖਿਡਾਰੀ ਹਨ। ਦੋਵੇਂ ਦੂਰ-ਦੂਰ ਦੇ ਸਮਾਗਮਾਂ ‘ਤੇ ਜਾਂਦੇ। ਸਾਹਿਤਕ ਸਰਗਰਮੀਆਂ ਵਿਚ ਲਗਾਤਾਰ ਭਾਗ ਲੈ ਰਹੇ ਹਨ। ਕੇ.ਐਲ. ਗਰਗ, ਮੋਗੇ ਵਾਲੇ ਜਥੇ ਵਿਚ ਸ਼ਾਮਲ ਹੋ ਕੇ ਸਾਹਿਤਕ ਸਮਾਗਮਾਂ ‘ਤੇ ਚਲਾ ਜਾਂਦਾ ਹੈ। ਬਲਦੇਵ ਸਿੰਘ ਦਾ ਇਹ ਜਥਾ ਨਾਵਲਕਾਰ ਕੇਵਲ ਕਾਲੋਟੀ ਦੇ ਸੱਦੇ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਈ ਜਾ ਰਹੀ ਨਾਵਲ ਵਰਕਸ਼ਾਪ ਵਿਚ ਸ਼ਿਰਕਤ ਕਰਨ ਲਈ ਟਾਂਡਾ ਉੜਮੁੜ ਜਾਂਦਾ ਹੈ। ਅਸੀਂ ਕੇਵਲ ਕਾਲੋਟੀ ਦੇ ਘਰ ਨੁਮਾ ਸਕੂਲ ਵਿਚ ਪਹੁੰਚਦੇ ਹਾਂ।
“ਇਹ ਵਰਕਸ਼ਾਪ ਕੀ ਹੋਈ। ਮੈਨੂੰ ਤਾਂ ਮਿਸਤਰੀਆਂ ਆਲੇ ਸੰਦ-ਵਲੇਵੇਂ ਜਿਹੇ ਦਿਖਾਈ ਦੇਈ ਜਾਂਦੇ। ਇਹ ਹੁਣ ਆਪਾਂ ਨੂੰ ਨਾਵਲ ਲਿਖਣਾ ਸਿਖਾਉਣਗੇ ਕਿ ਨਾਵਲ ਦੀ ਰਿਪੇਅਰ ਕਰਨੀ।” ਗਰਗ ਹੱਸਦਾ ਹੈ।
“ਨਾਵਲ ਦੀਆਂ ਚੂਲਾਂ ਕੱਸਣ ਦੀ ਟਰੇਨਿੰਗ ਦੇਣਗੇ।” ਬਰਾੜ ਸੋਧ ਕਰਦਾ ਹੈ।
“ਹਾਅੋ! ਤੇਰੇ ਅਰਗੇ ਆਲੋਚਕ ਤਾਂ ਹੀ ਬੁਲਾਏ ਆ।” ਬਲਦੇਵ ਆਖਦਾ ਹੈ।
“ਬਲਦੇਵ ਆਹ ਭਲਾ ਕੀ ਨਾਂ ਹੋਇਆ-ਟਾਂਡਾ ਉੜਮੁੜ?”
“ਮੈਨੂੰ ਤਾਂ ਲੱਗਦਾ ਕਲੋਟੀ ਦੀ ਇਹ ਗੋਸ਼ਟੀ ਵੀ ਉੜਮੁੜ ਜਿਹੀ ਐ।” ਬਲਦੇਵ ਜੁਆਬ ਦਿੰਦਾ ਹੈ।
“ਗੋਸ਼ਟੀ ਤਾਂ ਉੜਮੁੜ ਹੋਣੀਓਂ ਈ ਆ, ਮੈਨੂੰ ਤਾਂ ਆਹ ਬੀਬੀਆਂ ਵੀ ਉੜ-ਮੁੜ ਜਿਹੀਆਂ ਹੋਈਆਂ ਲੱਗਦੀਆਂ।” ਨਾਵਲ ਵਰਕਸ਼ਾਪ ਵਿਚ ਹਾਜ਼ਰ ਇਕ ਝੋਲ ਮਾਰ ਕੇ ਤੁਰਦੀ ਸਾਹਿਤਕਾਰ ਬੀਬੀ ਵੱਲ ਇਸ਼ਾਰਾ ਕਰਦਿਆਂ ਗਰਗ ਆਖਦਾ ਹੈ। ਉਹ ‘ੜ’ ਨੂੰ ਵੱਖਰੇ ਹੀ ਅੰਦਾਜ਼ ਵਿਚ ਰੜਕਾਉਂਦਾ ਹੈ। ਗੱਲ ਬੀਬੀਆਂ ਤੋਂ ਹਟ ਕੇ ਗੋਸ਼ਟੀ ਵਿਚ ਸ਼ਾਮਲ ਬਾਕੀ ਨਾਵਲਕਾਰਾਂ ਬਾਰੇ ਵੀ ਤੁਰ ਪੈਂਦੀ ਹੈ।
“ਆਹ ਪ੍ਰਗਟ ਸਿੱਧੂ ਨੂੰ ਕੀ ਹੋ ਗਿਆ? ਜੁਆਕ ਜੰਮਣ ਵਾਲੀ ਜਨਾਨੀ ਵਾਂਗੂੰ ਲੱਤਾਂ ਜਿਹੀਆਂ ਚੌੜੀਆਂ ਕਰ-ਕਰ ਤੁਰਦਾ।”
“ਲੈ ਦੇਖੀਂ ਹੁਣ ਆਪਣੇ ਕੋਲ ਆਊ, ਆ ਕੇ ਇਨਕੁਆਰੀ ਕਰੂ, ਬਲਦੇਵ ਹਾਅ ਜਿਹੜੀ ਤੇਰੇ ਨਾਲ ਗੱਲ ਕਰਦੀ ਤੀ, ਭਲਾ ਕੌਣ ਤੀ? ਪਹਿਲਾਂ ਤਾਂ ਕਦੇ ਬੇਖੀ ਨੀਂ ਤੀ। ਇਹ ਬੀ ਕੁਛ ਲਿਖ ਦੀਓ?”
“ਜਸਬੀਰ ਭੁੱਲਰ ਵੀ ਖੜਕ ਜਿਆ ਗਿਆ। ਥੱਬਾ ਗੋਲੀਆਂ ਦਾ ਚੱਕੀ ਫਿਰਦਾ।”
“ਖੜਕਣਾ ਈ ਐਂ.. .. .. ਸਾਰੀ ਉਮਰ ਮਲਾਈ ਖਾਂਦਾ ਰਿਹਾ, ਕਿਤੇ ਤਾਂ ਆ ਕੇ ਨਿਕਲਣੀ ਈ ਸੀ।” ਬਲਦੇਵ ਅਤੇ ਗਰਗ ਦੇ ਅੰਦਰੋਂ ਲਾਲਪਰੀ ਦਾ ਇਕ-ਇਕ ਹਾੜਾ ਬੋਲਦਾ ਹੈ। ਗੋਸ਼ਟੀ ਦੇ ਪਹਿਲੇ ਦਿਨ ਦੀ ਸਮਾਪਤੀ ’ਤੇ ਮੇਜ਼ਬਾਨ ਕੇਵਲ ਕਲੋਟੀ ਨੇ ਆਪਣੇ ਸਕੂਲ ਦੇ ਨਾਲ, ਗੁਆਂਢੀਆਂ ਦੀ ਬੈਠਕ ਵਿਚ ਸਾਡੇ ਸੌਣ ਦਾ ਪ੍ਰਬੰਧ ਕੀਤਾ ਸੀ। ਸਾਰੀ ਰਾਤ ਅਸੀਂ ਮੱਛਰ ਨਾਲ ਗਤਕਾ ਖੇਡਦੇ ਰਹੇ। ਨਿਰੰਜਣ ਮਸ਼ਾਲਚੀ, `ਖੇੜੇ ਸੁੱਖ ਵਿਹੜੇ ਸੁੱਖ`, ਵਰਗੇ ਨਾਵਲ ਲਿਖਣ ਵਾਲਾ ਨਾਵਲਕਾਰ ਅਵਤਾਰ ਬਲਿੰਗ ਅਤੇ ਬਠਿੰਡੇ ਵਾਲਾ ਗਜ਼ਲਗੋ ਸੁਰਿੰਦਰਪ੍ਰੀਤ ਘਣੀਆ ਵੀ ਸਾਡੇ ਵਾਲੇ ਕਮਰੇ ਵਿਚ ਆ ਪਏ ਹਨ। ਮੱਛਰ ਸੌਣ ਨਹੀਂ ਦਿੰਦਾ। ਬਲਦੇਵ ਅਤੇ ਗਰਗ ਸਾਰੀ ਰਾਤ ‘ਰੌਲ’ ਲਾਈ ਰੱਖਦੇ ਹਨ। ਉਨ੍ਹਾਂ ਦੇ ਚੁਟਕਲਿਆਂ ਵਿਚੋਂ ਤੱਤਾ-ਤੱਤਾ ਰਸ ਚੋਂਦਾ ਹੈ। ਬਲਿੰਗ ਤੇ ਘਣੀਆ ਹੱਸ-ਹੱਸ ਦੂਹਰੇ ਹੁੰਦੇ ਨੇ।
“ਮੈਨੂੰ ਅੱਜ ਪਤਾ ਲੱਗਾ, ਬਲਦੇਵ ਅਤੇ ਕੇ.ਐਲ. ਗਰਗ ਬੁੱਢੇ ਕਿਉਂ ਨੀ ਹੁੰਦੇ।” ਬਲਿੰਗ ਆਖਦਾ ਹੈ।
“ਇਹ ਤਾਂ ਨਾਲਦਿਆਂ ਨੂੰ ਵੀ ਬੁੱਢਾ ਨਹੀਂ ਹੋਣ ਦਿੰਦੇ। ਆਹ ਸੁਰਜੀਤ ਬਰਾੜ ਤੇ ਕੜਿਆਲਵੀ ’ਤੇ ਵੀ ਅਸਰ ਹੋਈ ਜਾਂਦਾ।” ਘਣੀਆ ਸਹੀ ਪਾਉਂਦਾ ਹੈ।
“ਟਾਂਡੇ ਵਾਲੀ ਇਹ ਗੋਸ਼ਟੀ ਇਤਿਹਾਸਕ ਹੈ।” ਗੋਸ਼ਟੀ ਦੇ ਆਖਰੀ ਦਿਨ ਆਖਰੀ ਸੈਸ਼ਨ ਵਿਚ ਆਪਣੇ 45 ਮਿੰਟ ਲੰਬੇ ਪ੍ਰਵਚਨੀ ਭਾਸ਼ਣ ਵਿਚ ਮੇਜ਼ਬਾਨ ਕੇਵਲ ਕਲੋਟੀ ਐਲਾਨ ਕਰਦਾ ਹੈ:
“ਬਿਲਕੁਲ ਇਤਿਹਾਸਕ ਐ। ਮੈ ਤਾਂ ਨੀਂ ਭੁੱਲਦਾ ਸਾਰੀ ਉਮਰ। ਸੁੱਜੇ ਪਏ ਐ। ਐਦੂੰ ਤਾਂ .. .. ।” ਪਿਛਲੀਆਂ ਕਤਾਰਾਂ ਵਿਚ ਬੈਠਦਿਆਂ ਗਰਗ ਨੇ ਆਪਣੇ ਪਿਛਲੇ ਪਾਸੇ ਹੱਥ ਮਾਰਦਿਆਂ ਟਿੱਪਣੀ ਕੀਤੀ ਤਾਂ ਘਣੀਏ ਸਮੇਤ ਸਾਡੇ ਸਾਰਿਆਂ ਦਾ ਹਾਸਾ ਛਣਕ ਪਿਆ।
“ਭੈਣ ਦੀ ਮਰਾਵੇ ਐਹੋ ਜੀ ਗੋਸ਼ਟੀ.. .. .. ਅੱਗੇ ਤੋਂ ਨੀਂ ਐਡੀ ਦੂਰ ਜਾਇਆ ਕਰਨਾ। ਹੁਣ ਨੀਂ ਸਫ਼ਰ ਹੁੰਦਾ।” ਵਾਪਸੀ ਸਮੇਂ ਗੱਡੀ ਵਿਚ ਬੈਠਦਿਆਂ ਗਰਗ ਫੈਸਲਾ ਸੁਣਾਉਂਦਾ ਹੈ। ਉਸ ਦਾ ਇਹ ਫੈਸਲਾ ਬਹੁਤੇ ਦਿਨ ਚੱਲਦਾ ਨਹੀਂ। ਥੋੜ੍ਹੇ ਦਿਨਾਂ ਬਾਅਦ ਹੀ ਪੰਜਾਬੀ ਕਹਾਣੀਕਾਰ ਤਲਵਿੰਦਰ ਦਾ ਅੰਮ੍ਰਿਤਸਰ ਵਿਖੇ ਹੋ ਰਹੇ ਦੋ ਰੋਜ਼ਾ ਕਹਾਣੀ ਉਤਸਵ ਵਿਚ ਸ਼ਾਮਲ ਹੋਣ ਲਈ ਸੱਦਾ ਪਹੁੰਚਦਾ ਹੈ। (ਚਲਦਾ)