ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਨਿਰਮਲ ਜਸਵਾਲ ਸਥਾਪਤ ਕਹਾਣੀਕਾਰਾ ਹੈ, ਜਿਸ ਦਾ ਕਹਾਣੀ ਸੰਗ੍ਰਹਿ ‘ਮੱਛੀਆਂ ਕੱਚ ਦੀਆਂ’ ਮਰਦ ਤੇ ਔਰਤ ਦੇ ਰਿਸ਼ਤਿਆਂ ਦਾ ਤਾਣਾ-ਬਾਣਾ ਬੁਣਦੀਆਂ, ਇਸ ਦੀਆਂ ਅਸੀਮ ਤੇ ਅਦਿੱਖ ਤਹਿਆਂ ਫਰੋਲਦੀਆਂ ਹਨ। ਇਹ ਕਹਾਣੀਆਂ ਦਰਅਸਲ ਮਰਦ ਤੇ ਔਰਤ ਦੇ ਮਨ ਵਿਚ ਬੈਠੀਆਂ ਅਤ੍ਰਿਪਤ ਖਾਹਿਸ਼ਾਂ, ਸਰੀਰਕ ਲੋੜਾਂ ਅਤੇ ਮਨੋ-ਭਾਵਨਾਵਾਂ ਦਾ ਬਾਖੂਬੀ ਵਰਣਨ ਹੈ, ਜੋ ਕਈ ਵਾਰ ਅਸੀਂ ਖੁਦ ਤੋਂ ਵੀ ਲੁਕਾਉਂਦੇ ਹਾਂ ਪਰ ਲੋਕ ਦਿਖਾਵੇ ਲਈ ਭਰਪੂਰਤਾ ਦਾ ਭਰਮ ਪਾਲਦੇ ਹਾਂ।
ਇਨ੍ਹਾਂ ਕਹਾਣੀਆਂ ‘ਚ ਮਰਦ ਦੇ ਮਨ ਵਿਚ ਔਰਤ ਨਾਲ ਅਤੇ ਔਰਤ ਦੇ ਮਨ ਵਿਚ ਮਰਦ ਨਾਲ ਖੁੱਲ੍ਹਦਿਲੀ ਮਾਨਣ, ਹਰ ਰੰਗ ਨੂੰ ਹੰਢਾਉਣ, ਅਪਨਾਉਣ ਅਤੇ ਇਸ ‘ਚੋਂ ਆਪਣੀਆਂ ਲਾਲਸਾਵਾਂ ਨੂੰ ਪੂਰਨ ਕਰਨ ਦੀ ਤਮੰਨਾ ਦਿਖਾਈ ਦਿੰਦੀ ਹੈ। ਪੁਰਸ਼ ਕਈ ਵਾਰ ਪ੍ਰੇਮਿਕਾ ਵਿਚੋਂ ਉਸ ਸੁਖ਼ਨ ਦੀ ਤਲਾਸ਼ ਕਰਦਾ ਹੈ, ਜੋ ਉਸ ਦੀ ਪਤਨੀ ਉਸ ਨੂੰ ਨਹੀਂ ਦੇ ਸਕਦੀ। ਬਹੁਤੀ ਵਾਰ ਉਮਰ ਵਧਣ ਨਾਲ ਪਤਨੀ ਮਰਦ ਨੂੰ ਸਰੀਰਕ ਸਾਥ ਤੋਂ ਨਕਾਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਕਾਰਨ ਰਿਸ਼ਤਿਆਂ ਦੀ ਖਿੱਚੋਤਾਣ ਪੈਦਾ ਹੁੰਦੀ ਅਤੇ ਉਹ ਕੋਲ ਰਹਿੰਦੇ ਵੀ ਕੋਹਾਂ ਦੂਰ ਹੁੰਦੇ ਨੇ। ਇਹ ਮਾਨਸਿਕ ਤੇ ਭਾਵਨਾਤਮਕ ਤਰੇੜਾਂ ਨਾਲ ਭਰਿਆ ਕਹਾਣੀ ਸੰਗ੍ਰਹਿ ਹੈ।
‘ਕਾਕਟੇਲ’ ਤੇ ‘ਪਾਪ-ਬੋਧ’ ਕਹਾਣੀਆਂ ਵਿਆਹ ਤੋਂ ਬਾਹਰੀ ਸਬੰਧਾਂ ਦੀ ਤਸਵੀਰ ਹਨ, ਜੋ ਅਜੋਕੇ ਸਮਾਜ ਵਿਚ ਪੈਰ ਪਸਾਰ ਰਹੇ ਹਨ। ਇਨ੍ਹਾਂ ਕਹਾਣੀਆਂ ਵਿਚ ਦਰਸਾਇਆ ਗਿਆ ਹੈ ਕਿ ਉਮਰ ਨਾਲ ਸਰੀਰਕ ਸਬੰਧਾਂ ਵਿਚ ਮੱਧਮ ਹੋਈ ਤਪਸ਼ ਨੂੰ ਗਰਮਾਉਣ ਅਤੇ ਸਰੀਰਕ ਨਿੱਘ ਦੀ ਭਾਲ ਵਿਚ ਮਰਦ-ਔਰਤ ਆਪਣੇ ਪ੍ਰੇਮੀ ਦੀ ਬੁੱਕਲ ਵਿਚ ਪਿਘਲਣਾ ਲੋਚਦੇ ਹਨ।
‘ਕੰਡਿਆਲੀ’ ਕਹਾਣੀ ਵਿਚ ਔਰਤ ਤਲਾਕਸ਼ੁਦਾ ਹੋ ਕੇ ਵੀ ਜਿਸਮ ਦੇ ਨਿੱਘ ਲਈ ਮਰਦ ਦੀ ਭਾਲ ਦਾ ਗਲਪੀਕਰਨ ਹੈ, ਜੋ ਇਹ ਸਪੱਸ਼ਟ ਕਰਦਾ ਹੈ ਕਿ ਸਰੀਰਕ ਸਬੰਧਾਂ ਦੀ ਲੋੜ ਮਰਦਾਂ ਅਤੇ ਔਰਤਾਂ ਵਿਚ ਇਕਸਾਰ ਹੁੰਦੀ ਹੈ। ਇਸ ਕਹਾਣੀ ਸੰਗ੍ਰਹਿ ਦਾ ਖੂਬਸੂਰਤ ਪੱਖ ਇਹ ਵੀ ਹੈ ਕਿ ਇਨ੍ਹਾਂ ਕਹਾਣੀਆਂ ਵਿਚ ਮਰਦ ਜਾਂ ਔਰਤ ਪ੍ਰਤੀ ਉਲਾਰੂਪਣ ਨਹੀਂ, ਸਗੋਂ ਦੋਹਾਂ ਧਿਰਾਂ ਦੀਆਂ ਮਾਨਸਿਕ ਅਤੇ ਜਿਸਮਾਨੀ ਲੋੜਾਂ ਨੂੰ ਸੰਤੁਲਿਤ ਰੂਪ ਵਿਚ ਉਭਾਰਿਆ ਗਿਆ ਹੈ। ਵਰਨਾ ਔਰਤ ਲੇਖਿਕਾਵਾਂ ਅਕਸਰ ਹੀ ਉਲਾਰੂ ਬਿਰਤੀ ਦਾ ਸਿ਼ਕਾਰ ਹੋ ਜਾਂਦੀਆ ਹਨ।
‘ਜਸ਼ਨ’ ਤੇ ‘ਮਿਲਣ’ ਕਹਾਣੀਆਂ ਮੌਜੂਦਾ ਸਮਾਜ ਵਿਚ ਜਿ਼ੰਦਗੀ ਨੂੰ ਆਪਣੇ ਰੰਗਾਂ ਵਿਚ ਜਿਊਣ, ਮੌਜ ਮਸਤੀ ਕਰਨ, ਔਰਤਾਂ ਦੇ ਮਰਦਾਂ ਵਾਂਗ ਜਾਮ ਟਕਰਾਉਣ, ਮਰਦ ਮਿੱਤਰਾਂ ਦੀ ਮਹਿਫ਼ਲ ਨੂੰ ਸਜਾਉਣ ਅਤੇ ਜਿ਼ੰਦਗੀ ਦੇ ਜਸ਼ਨ ਮਨਾਉਣ ਦਾ ਵਰਣਨ ਹਨ। ਦਰਅਸਲ ਇਹ ਔਰਤ ਦੇ ਮਨ ਵਿਚ ਆਪਣੇ ਹਿੱਸੇ ਦੀ ਜਿ਼ੰਦਗੀ ਨੂੰ ਅਜ਼ਾਦਾਨਾ ਢੰਗ ਨਾਲ ਜਿਊਣ ਦੀ ਚਾਹਨਾ ਵਿਚ ਉੱਗੀ ਕਹਾਣੀ ਹੈ, ਜੋ ਹਰ ਔਰਤ ਅੰਦਰੋਂ-ਅੰਦਰੀਂ ਤਾਂਘਦੀ ਹੈ। ਇਨ੍ਹਾਂ ਵਿਚ ਇਕ ਹੋਰ ਪੱਖ ਵੀ ਉਜਾਗਰ ਹੁੰਦੈ ਕਿ ਕਿਵੇਂ ਸਥਾਪਤ ਲੇਖਕ ਆਪਣੀ ਜੁਗਾੜਬੰਦੀ ਨਾਲ ਨੌਜਵਾਨ ਔਰਤ ਲੇਖਿਕਾਵਾਂ ਨੂੰ ਆਪਣੇ ਚੁੰਗਲ ਵਿਚ ਫਸਾਉਂਦੇ ਹਨ ਅਤੇ ਔਰਤ ਲੇਖਿਕਾਵਾਂ ਵੀ ਨੌਜਵਾਨ ਮਰਦ ਲੇਖਕਾਂ `ਤੇ ਅੱਖ ਰੱਖਦੀਆਂ ਹਨ। ਦੁਵੱਲੀ ਕਸਿ਼ਸ਼ ਹਰ ਕਹਾਣੀ ਵਿਚ ਹੀ ਰੂਪਮਾਨ ਹੁੰਦੀ ਹੈ।
‘ਮਿੱਤਰ ਪਿਆਰੇ ਨੂੰ’ ਟੁੱਟਦੇ ਰਿਸ਼ਤਿਆਂ ਦੀ ਚੀਸ ਹੈ, ਜੋ ਔਰਤ ਨੂੰ ਤਾਰ-ਤਾਰ ਕਰਦੀ, ਨਵੇਂ ਰਿਸ਼ਤਿਆਂ ਦੀ ਭਾਲ ਵਿਚ ਮਨ ਦੇ ਆਵਾਗੌਣ ਨੂੰ ਜੀਵਨ ਦੇ ਨਾਮ ਲਾਉਂਦੀ ਹੈ। ਉਹ ਪਿਆਰ ਲਈ ਤੜਫਦੀ ਹੈ ਅਤੇ ਇਸ ਨੂੰ ਪਾਉਣ ਲਈ ਹਰ ਹੀਲਾ ਵਰਤਦੀ ਹੈ, ਪਰ ਮਰਦ ਨਵੀਂ ਔਰਤ ਦੇ ਸਾਥ ਲਈ ਜਿਸਮਾਨੀ ਭਟਕਣ ਦਾ ਸਿ਼ਕਾਰ ਹੋਇਆ ਹੁੰਦਾ ਹੈ। ‘ਮੱਛੀਆਂ’ ਬੇਜੋੜ ਰਿਸ਼ਤਿਆਂ ਵਿਚੋਂ ਮਿਲੀ ਅਪੂਰਤੀ ਅਤੇ ਊਣੇਪਨ ਨੂੰ ਬਿਆਨਦੀ ਹੈ। ਦਰਅਸਲ ਇਸ ਕਹਾਣੀ `ਤੇ ਹੀ ਇਸ ਕਹਾਣੀ ਸੰਗ੍ਰਹਿ ਦਾ ਨਾਮ ਹੈ ਕਿ ਰੰਗਦਾਰ ਘੜੇ ਵਿਚ ਪਾਈਆਂ ਇਹ ਔਰਤਾਂ ਕੱਚ ਦੀਆਂ ਮੱਛੀਆਂ ਹੀ ਹਨ, ਜਿਹੜੀਆਂ ਗੂੰਗੀਆਂ ਹੋ, ਆਪਣੀਆਂ ਮੂਕ ਭਾਵਨਾਵਾਂ, ਮਨੋਕਾਮਨਾਵਾਂ ਅਤੇ ਪਿਆਰ ਦੀ ਪਿਆਸ ਨੂੰ ਜੁ਼ਬਾਨ ਦੇਣ ਤੋਂ ਮੁਨਕਰ ਕਰ ਦਿੱਤੀਆਂ ਜਾਂਦੀਆਂ ਨੇ।
ਨਿਰਮਲ ਜਸਵਾਲ ਦੀਆਂ ਕਹਾਣੀਆਂ ਬੇਬਾਕੀ ਦਾ ਸਿਖਰ ਹਨ, ਜਿਨ੍ਹਾਂ ਤੋਂ ਅਜੋਕਾ ਸਮਾਜ ਮੂੰਹ ਮੋੜਨ ਦਾ ਨਾਟਕ ਕਰ ਰਿਹਾ ਹੈ, ਪਰ ਇਹ ਸਭ ਕੁਝ ਸਾਡੇ ਸਾਹਵੇਂ ਵਾਪਰ ਰਿਹਾ ਹੈ। ਇਹ ਕਹਾਣੀਆਂ ਬਦਲਦੇ ਸਮਾਜ, ਤਬਦੀਲ ਹੋ ਰਹੇ ਸਬੰਧਾਂ, ਮਨੁੱਖੀ ਬਿਰਤੀਆਂ ਵਿਚਲੇ ਤਰਲੀ ਬਦਲਾਅ ਅਤੇ ਉਮਰ ਨਾਲ ਸਰੀਰਕ ਖਿੱਚ ਤੇ ਜੱਫ਼ੀ ਦੇ ਨਿੱਘ ਲਈ ਪੈਦਾ ਹੋਈ ਲੋਚਾ ਦੀ ਤਰਜ਼ਮਾਨੀ ਹਨ। ਸਰੀਰਕ ਸਬੰਧਾਂ ਵਿਚਲੀ ਬੇਬਾਕੀ ਉਲਾਰ ਜਾਂ ਲੱਚਰ ਨਹੀਂ, ਸਗੋਂ ਸੱਚ ਹੈ। ਕਈ ਵਾਰ ਮਰਦ ਤੇ ਕਈ ਵਾਰ ਔਰਤ ਵਲੋਂ ਇਸ ਲੋਚਾ ਦੀ ਅਣਦੇਖੀ ਕਾਰਨ ਪੈਦਾ ਹੋਈਆਂ ਦਰਾੜਾਂ ਦਾ ਵਰਣਨ ਹੈ, ਜਿਸ ਨੂੰ ਅੱਖਰਾਂ ‘ਚ ਪਰੋਅ ਕੇ ਸਮਾਜ ਨੂੰ ਸ਼ੀਸ਼ਾ ਦਿਖਾਉਣ ਦਾ ਕਾਰਜ ਨਿਰਮਲ ਜਸਵਾਲ ਨੇ ਆਪਣੇ ਕਹਾਣੀ ਸੰਗ੍ਰਹਿ ਰਾਹੀਂ ਕੀਤਾ ਹੈ। ਨਿਰਮਲ ਜਸਵਾਲ ਨੂੰ ਬੇਬਾਕ ਕਹਾਣੀਆਂ ਲਈ ਢੇਰ ਸਾਰੀਆਂ ਮੁਬਾਰਕਾਂ।