ਖਾੜਕੂ, ਸਿਆਸੀ ਆਕਾ ਤੇ ਅਵਾਮ

ਰਿਬੇਰੋ ਦੀ ਆਪਬੀਤੀ-11
ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ ਉਪਰ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਕਿਉਂਕਿ ਸਟੇਟ ਅਫਸਰਾਂ ਵਲੋਂ ਲਿਖੀਆਂ ਗਈਆਂ, ਇਸ ਕਰ ਕੇ ਇਹ ਸਟੇਟ ਦਾ ਏਜੰਡਾ ਹਨ ਪਰ ਰਿਬੇਰੋ ਇਨ੍ਹਾਂ ਤਿੰਨਾਂ ਵਿਚੋਂ ਭਿੰਨ ਹੈ ਕਿਉਂਕਿ ਕਦੀ ਕਦਾਈਂ ਉਹ ਸਟੇਟ ਨਾਲ ਸਹਿਮਤ ਨਹੀਂ ਹੁੰਦਾ। ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਰਿਬੇਰੋ ਦੀ ਧਿਰ ਨਾਲ ਭਾਵੇਂ ਕਿਸੇ ਵੀ ਸੂਰਤ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਟੇਟ ਕੀ ਸੋਚਦੀ ਰਹੀ, ਕੀ ਕਰਦੀ ਰਹੀ, ਕਿਉਂ ਕਰਦੀ ਰਹੀ? ਰਿਬੇਰੋ ਵੱਲੋਂ ਲਿਖੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਕੁੱਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਉਘੇ ਲੇਖਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ ਜੋ ਅਸੀਂ ਕਿਸ਼ਤਵਾਰ ਛਾਪ ਰਹੇ ਹਾਂ। ਇਸ ਕਿਸ਼ਤ ਵਿਚ ਆਪ੍ਰੇਸ਼ਨ ਬਲੈਕ ਥੰਡਰ ਤੋਂ ਬਾਅਦ ਦੇ ਹਾਲਾਤ ਬਾਰੇ ਚਰਚਾ ਹੈ ਅਤੇ ਨਿਯੁਕਤੀ ਦੇ ਮੁੱਦੇ ਉਤੇ ਰਿਬੇਰੋ ਦੀਆਂ ਆਪਣੇ ਸਿਆਸੀ ਆਕਾਵਾਂ ਨਾਲ ਪਈਆਂ ਦਰਾੜਾਂ ਦਾ ਜ਼ਿਕਰ ਹੈ। -ਸੰਪਾਦਕ
ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਪੰਨਾ 356: ਜਿਵੇਂ ਮੈਂ ਪਹਿਲਾਂ ਖਾੜਕੂ ਲਹਿਰ ਦੇ ਉਤਰਾ-ਚੜ੍ਹਾਅ ਬਾਰੇ ਦੱਸਿਆ, ਅਵਿੰਦਰ ਬਰਾੜ ਦੇ ਕਤਲ ਤੋਂ 4-5 ਮਹੀਨੇ ਪਹਿਲਾਂ ਖਾੜਕੂ ਸਫਾਂ ਵਿਚ ਸੁਸਤੀ ਆ ਗਈ ਸੀ। ਜਿਹੜੇ ਹਿੰਦੂ ਪੰਜਾਬ ਛੱਡ ਕੇ ਦਿੱਲੀ ਜਾਂ ਹੋਰ ਸੂਬਿਆਂ ਵਿਚ ਜਾ ਵਸੇ ਸਨ, ਵਾਪਸ ਪਰਤਣ ਲੱਗੇ। ਆਪਣੇ ਕੁਲੀਗ ਦੀ ਹੱਤਿਆ ਬਾਅਦ ਪੁਲਿਸ ਅਫਸਰਾਂ ਨੂੰ ਦਹਿਲ ਪੈ ਗਿਆ। ਲੜਨ ਵਾਸਤੇ ਉਨ੍ਹਾਂ ਵਿਚੋਂ ਸੱਤਿਆ ਖਤਮ ਹੋ ਗਈ। ਉਨ੍ਹਾਂ ਦੇ ਹੌਸਲੇ ਬੁਲੰਦ ਕਰਨ ਲਈ ਮੈਨੂੰ ਮੁੜ ਕੇ ਯਤਨ ਕਰਨੇ ਪੈਣੇ ਸਨ।
ਆਪ੍ਰੇਸ਼ਨ ਬਲੈਕ ਥੰਡਰ ਬਾਅਦ ਖਾੜਕੂ ਸਫਾਂ ਵਿਚ ਫਿਰ ਸੁਸਤੀ ਆ ਗਈ। ਮੈਂ ਮਹਿਸੂਸ ਕੀਤਾ ਕਿ ਇਸ ਆਪ੍ਰੇਸ਼ਨ ਪਿਛੋਂ ਸਾਨੂੰ ਲੋਕਾਂ ਨਾਲ ਵਧੀਕ ਰਾਬਤਾ ਕਾਇਮ ਕਰਨਾ ਚਾਹੀਦਾ ਸੀ। ਜਦੋਂ ਖਾੜਕੂਆਂ ਨੇ ਆਤਮ-ਸਮਰਪਣ ਕਰ ਦਿੱਤਾ ਤਾਂ ਗੁਰਦਾਸਪੁਰ ਜ਼ਿਲੇ ਦੇ ਤੀਹ ਸਰਪੰਚ ਮੈਨੂੰ ਸਰਕਟ ਹਾਊਸ ਅੰਮ੍ਰਿਤਸਰ ਮਿਲੇ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਵਿਚ ਦਰਬਾਰ ਸਾਹਿਬ ਅੰਦਰਲੇ ਖਾੜਕੂਆਂ ਵਾਸਤੇ ਕੋਈ ਹਮਦਰਦੀ ਨਹੀਂ ਸੀ, ਨਾ ਹੀ ਅਕਾਲੀ ਆਗੂਆਂ ਦੇ ਸੱਦੇ ‘ਤੇ ਜਥਿਆਂ ਦੇ ਰੂਪ ਵਿਚ ਪੁਲਿਸ ਦਾ ਘੇਰਾ ਚੁਕਵਾਉਣ ਵਿਚ ਕੋਈ ਰੁਚੀ ਸੀ। ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ਅੰਦਰ ਖਾੜਕੂਆਂ ਦੀਆਂ ਜ਼ਿਆਦਤੀਆਂ ਤੋਂ ਸਿੱਖ ਕਿਸਾਨੀ ਅੱਕੀ ਪਈ ਸੀ। ਉਨ੍ਹਾਂ ਦੀਆਂ ਦਲੀਲਾਂ ਨੇ ਮੇਰੇ ਉਪਰ ਡੂੰਘਾ ਅਸਰ ਕੀਤਾ। ਮੈਨੂੰ ਲੱਗਾ, ਹੁਣ ਖਾੜਕੂ ਵਿਰੋਧੀ ਆਪ੍ਰੇਸ਼ਨਾਂ ਵਾਸਤੇ ਢੁਕਵਾਂ ਸਮਾਂ ਆ ਗਿਆ ਹੈ। ਕਾਨੂੰਨ ਦਾ ਸਤਿਕਾਰ ਕਰਨ ਵਾਲੀ ਜੱਟ ਸਿੱਖ ਕਿਸਾਨੀ ਦੀ ਪਰਿਵਾਰਕ ਇਜ਼ਤ ਆਬਰੂ ਵਿਚ ਵੀ ਵਿਘਨ ਪੈਣ ਲੱਗ ਪਿਆ ਸੀ।
ਇਸ ਦਾ ਜ਼ਿਕਰ ਮੈਂ ਰੇਅ (ਸਿਧਾਰਥ ਸ਼ੰਕਰ) ਕੋਲ ਕੀਤਾ, ਫਿਰ ਅੰਦਰੂਨੀ ਸੁਰੱਖਿਆ ਦੇ ਸਟੇਟ ਮੰਤਰੀ ਪੀæ ਚਿੰਦਬਰਮ ਨੂੰ ਲਿਖਤੀ ਰਿਪੋਰਟ ਭੇਜੀ। ਮੈਨੂੰ ਖੁਸ਼ੀ ਹੋਈ ਕਿ ਮੰਤਰੀ ਮੇਰੇ ਖਿਆਲਾਂ ਨਾਲ ਸਹਿਮਤ ਹੋ ਗਿਆ, ਪਰ ਜੁਆਨ ਸਿੱਖ ਅਫਸਰਾਂ ਦਾ ਇਕ ਧੜਾ ਜਿਹੜਾ ਗਿੱਲ ਦੀ ਲੀਡਰਸ਼ਿਪ ਤੋਂ ਪ੍ਰਭਾਵਿਤ ਸੀ, ਮੇਰੇ ਨਾਲ ਸਹਿਮਤ ਨਾ ਹੋਇਆ। ਇਨ੍ਹਾਂ ਦਾ ਖਿਆਲ ਸੀ ਕਿ ਸਹੀ ਸਮਾਂ ਆ ਗਿਆ ਹੈ ਜਦੋਂ ਖਾੜਕੂਆਂ ਦਾ ਪੂਰਾ ਸਫਾਇਆ ਹੋ ਸਕਦਾ ਹੈ, ਪੁਲਿਸ ਹਮਲਾਵਰ ਹੋਏ ਤਾਂ ਸਭ ਨੂੰ ਹੂੰਝ ਦੇਈਏ। ਰੇਅ ਨੇ ਇਸ ਧੜੇ ਦੀ ਗੱਲ ਮੰਨ ਲਈ। ਉਪਰੰਤ ਇਸ ਪਾਲਿਸੀ ਨੂੰ ਪ੍ਰਧਾਨ ਮੰਤਰੀ ਨੇ ਸਵੀਕਾਰ ਕਰ ਲਿਆ। ਫਲਸਰੂਪ ਵੱਡੀ ਪੱਧਰ ‘ਤੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਮੰਡ ਇਲਾਕੇ ਦੇ ਪਿੰਡਾਂ ਵਿਚ ਨੀਮ ਫੌਜੀ ਫੋਰਸਾਂ ਨੇ ਆਪ੍ਰੇਸ਼ਨ ਕੀਤੇ। ਠੋਸ ਪ੍ਰਾਪਤੀ ਕੋਈ ਨਹੀਂ ਹੋਈ। ਇਕ ਵੀ ਖਾੜਕੂ ਨਾ ਫੜ ਸਕੇ, ਨਾ ਹਥਿਆਰ ਮਿਲੇ। ਉਲਟਾ ਅਸੀਂ ਕਾਨੂੰਨ ਮੰਨਣ ਵਾਲੇ ਮਾਸੂਮ ਲੋਕਾਂ ਨੂੰ ਖਿਝਾ ਬੈਠੇ ਤੇ ਸਿੱਖਾਂ ਦਾ ਮਨ ਜਿੱਤਣ ਦਾ ਸ਼ਾਨਦਾਰ ਮੌਕਾ ਖੁੰਝਾ ਲਿਆ।
ਖਾੜਕੂ ਲੀਡਰਸ਼ਿਪ ਦੇ ਥਿੰਕ ਟੈਂਕ ਨੂੰ ਸਾਡੀ ਨੀਤੀ ਦੀ ਬੱਜਰ ਗਲਤੀ ਦਾ ਪਤਾ ਲੱਗ ਗਿਆ। ਥੋੜ੍ਹੇ ਸਮੇਂ ਬਾਅਦ ਬਲੈਕ ਥੰਡਰ ਦੇ ਲਾਭਾਂ ਨੂੰ ਮਾਤ ਦੇ ਕੇ ਉਹ ਫਿਰ ਹਮਲਾਵਰ ਹੋ ਗਏ। ਹਤਾਸ਼ ਹੋ ਕੇ ਗਿੱਲ ਨੇ ਪੇਂਡੂਆਂ ਨੂੰ ਪੁਲਿਸ ਵਿਚ ਭਰਤੀ ਕਰਨਾ ਸ਼ੁਰੂ ਕਰ ਦਿਤਾ। ਪਹਿਲਾਂ ਉਨ੍ਹਾਂ ਦੇ ਰੈਂਕ ਦਾ ਨਾਮ ਵਿਲੇਜ ਡਿਫੈਂਸ ਆਫੀਸਰਜ਼ ਰੱਖਿਆ, ਪਿਛੋਂ ਸਪੈਸ਼ਲ ਪੁਲਿਸ ਆਫੀਸਰਜ਼ (ਐਸ਼ਪੀæਓæ) ਕਰ ਦਿੱਤਾ। ਇਨ੍ਹਾਂ ਐਸ਼ਪੀæਓæ ਨੇ ਬਹੁਤ ਥਾਂਵਾਂ ‘ਤੇ ਮੌਕੇ ਦਾ ਲਾਭ ਉਠਾਉਂਦਿਆਂ, ਪੇਂਡੂਆਂ ਉਪਰ ਜ਼ਿਆਦਤੀਆਂ ਕੀਤੀਆਂ। ਪ੍ਰਾਪਤ ਕੀਤੀ ਤਾਕਤ ਸਦਕਾ ਉਨ੍ਹਾਂ ਨੇ ਲੁੱਟਾਂ-ਮਾਰਾਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਸਰਕਾਰ ਦੀ ਬਦਨਾਮੀ ਹੋਈ। ਗਵਰਨਰ ਨੂੰ ਲਿਖੇ ਪੱਤਰ ਵਿਚ ਮੈਂ ਅਣਜਾਣ ਬੰਦਿਆਂ ਦੀ ਵੱਡੀ ਗਿਣਤੀ ਵਿਚ ਕੀਤੀ ਭਰਤੀ ਦਾ ਸਖਤ ਵਿਰੋਧ ਕੀਤਾ। ਠਾਣੇ ਦੇ ਮੁੱਖ ਅਫਸਰਾਂ ਨੂੰ ਇਹ ਭਰਤੀਆਂ ਕਰਨ ਦਾ ਅਧਿਕਾਰ ਮਿਲ ਗਿਆ ਤੇ ਉਨ੍ਹਾਂ ਨੇ ਆਪਣੇ ਖਾਸ-ਉਲ-ਖਾਸ ਚਹੇਤਿਆਂ ਨੂੰ ਭਰਤੀ ਕਰ ਲਿਆ। ਇਹ ਸਾਰੀ ਕਾਰਵਾਈ ਅਣਵਿਉਂਤੀ ਅਤੇ ਨੁਕਸਾਨਦਾਇਕ ਸੀ।
ਪੰਨਾ 357: ਹਾਂ, ਖਾੜਕੂਆਂ ਦੀਆਂ ਹਰਕਤਾਂ ਬਾਰੇ ਖੁਫੀਆ ਸੂਚਨਾ ਜ਼ਰੂਰ ਵਧੀਕ ਮਿਲਣ ਲੱਗੀ। ਕਦੀ ਪੁਲਿਸ ਸਫਲ ਹੋ ਜਾਂਦੀ, ਕਦੀ ਲਗਦੇ ਦਾਅ ਖਾੜਕੂ ਆਪਣੀ ਤਾਕਤ ਦਿਖਾਉਣ ਲਈ ਅਣਕਿਆਸੀਆਂ ਥਾਂਵਾਂ ਉਤੇ ਮਾਸੂਮ ਲੋਕਾਂ ਨੂੰ ਮਾਰ ਜਾਂਦੇ। ਲੁਕਣ-ਮੀਟੀ ਦੀ ਇਹ ਖੇਡ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਮੈਂ ਪੰਜਾਬ ਛੱਡ ਕੇ ਪਰਤ ਆਇਆ।
ਮੇਰੀ ਪਾਲਿਸੀ ਅਤੇ ਕੰਮ ਢੰਗ ਦੀ ਕਿਉਂਕਿ ਕਦਰ ਨਾ ਰਹੀ, ਮਾਯੂਸ ਹੋ ਕੇ ਮੈਂ ਗਵਰਨਰ ਦੇ ਸਲਾਹਕਾਰ ਵਜੋਂ ਦੂਜੇ ਮਹਿਕਮਿਆਂ ਵੱਲ ਆਪਣਾ ਧਿਆਨ ਕਰ ਲਿਆ। ਸਿੱਖਣ ਦੀ ਨਵੀਂ ਪ੍ਰਕਿਰਿਆ ਸ਼ੁਰੂ ਹੋ ਗਈ। ਮਿਉਂਸਪਲ ਕਮੇਟੀਆਂ, ਪੇਂਡੂ ਵਿਕਾਸ, ਪਬਲਿਕ ਨਿਰਮਾਣ ਵਿਭਾਗ, ਟ੍ਰਾਂਸਪੋਰਟ, ਸਾਬਕ ਫੌਜੀ, ਮਜ਼ਦੂਰ, ਜੁਆਨ ਖਿਡਾਰੀ ਆਦਿਕ ਅਨੇਕ ਮਹਿਕਮੇ। ਇਨ੍ਹਾਂ ਮਹਿਕਮਿਆਂ ਦੇ ਸਕੱਤਰ ਮੈਨੂੰ ਸਲਾਹਾਂ ਦਿੰਦੇ ਤੇ ਆਪਣੇ ਕੰਮਾਂ ਦੀਆਂ ਗੁੰਝਲਾਂ ਦੱਸਦੇ। ਮੈਂ ਦੰਗ ਰਹਿ ਗਿਆ ਕਿ ਲੋਕ ਉੱਨਤੀ ਵਾਸਤੇ ਉਤਸ਼ਾਹ ਦਿਖਾਉਂਦੇ, ਪਰ ਨੌਕਰਸ਼ਾਹੀ ਵਾਰ ਵਾਰ ਉਨ੍ਹਾਂ ਦੇ ਉਦਮ ਵਿਚ ਰੁਕਾਵਟ ਬਣਦੀ। ਪੰਜਾਬ ਦੇ ਲੋਕ ਬੜੇ ਹਿੰਮਤੀ ਹਨ। ਸਟੇਟ ਆਪਣੇ ਆਪ ਬੜੀ ਤਰੱਕੀ ਕਰ ਸਕਦੀ ਹੈ ਜੇ ਸਰਕਾਰੀ ਕਾਨੂੰਨ ਅਤੇ ਅਫਸਰੀ ਰਵੱਈਆਂ ਲੋਕਾਂ ਦੇ ਉਤਸ਼ਾਹ ਨੂੰ ਮੰਦਾ ਨਾ ਕਰੇ।
ਪੰਨਾ 358: ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗਾਂ ਕੀਤੀਆਂ ਤਾਂ ਕਿ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰੀਏ। ਨਵੇਂ ਅਫਸਰ ਵਧੇਰੇ ਕਰ ਕੇ ਹਾਂ-ਪੱਖੀ ਹੁੰਦੇ, ਮਦਦਗਾਰ ਹੁੰਦੇ ਪਰ ਉਨ੍ਹਾਂ ਦੀਆਂ ਭੇਜੀਆਂ ਸਕੀਮਾਂ ਚੰਡੀਗੜ੍ਹ ਬੈਠੇ ਉਨ੍ਹਾਂ ਦੇ ਸੀਨੀਅਰ ਰੱਦ ਕਰ ਦਿੰਦੇ।
ਸ਼ਾਮੀ ਤਿੰਨ ਵਜੇ ਮੈਂ ਪਬਲਿਕ ਨੂੰ ਮਿਲਣਾ ਸ਼ੁਰੂ ਕਰਦਾ। ਤਕਰੀਬਨ ਛੇ ਵਜੇ ਤਕ ਮੁਲਾਕਾਤੀਆਂ ਦਾ ਕੰਮ ਨਿਬੇੜ ਦਿੰਦਾ। ਕਦੀ ਕਦਾਈਂ ਅੱਠ ਵੀ ਵੱਜ ਜਾਂਦੇ। ਮੰਤਰੀ ਨਹੀਂ ਸਨ, ਸੋ ਲੋੜਵੰਦ ਲੋਕ ਸੈਕਟਰੀਆਂ ਨੂੰ ਮਿਲਦੇ ਜਾਂ ਮੈਨੂੰ। ਇਕੱਲਾ ਸਲਾਹਕਾਰ ਹੋਣ ਸਦਕਾ ਅੱਧੇ ਮਹਿਕਮੇ ਮੇਰੇ ਕੋਲ ਸਨ। ਆਮ ਬੰਦੇ ਨੂੰ ਮਿਲ ਕੇ ਮੈਨੂੰ ਸਕੂਨ ਮਿਲਦਾ, ਇਹ ਮੇਰੇ ਸੁਭਾਅ ਨਾਲ ਮੇਲ ਖਾਂਦਾ। ਹਰ ਸੰਭਵ ਮੌਕੇ ਮੈਂ ਮੱਦਦਗਾਰ ਹੁੰਦਾ। ਮੇਰੀ ਸ਼ੁਹਰਤ ਵਧੀ ਤਾਂ ਮੁਲਾਕਾਤੀਆਂ ਦੀ ਗਿਣਤੀ ਵਿਚ ਵਾਧਾ ਹੋਣਾ ਸੁਭਾਵਕ ਸੀ। ਧੀਰਜ ਨਾਲ ਸੁਣਦਾ ਤੇ ਸਹਾਇਤਾ ਕਰਦਾ।
ਸੀਨੀਅਰ ਅਫਸਰਾਂ ਦੀਆਂ ਫਾਈਲਾਂ ਨਾਲ ਵਾਹ ਦਿਲਚਸਪੀ ਵਾਲਾ ਹੁੰਦਾ। ਮੈਨੂੰ ਉਨ੍ਹਾਂ ਦੀ ਮਾਨਸਿਕਤਾ ਦਾ ਪਤਾ ਲੱਗ ਜਾਂਦਾ। ਕੁੱਝ ਸਕੱਤਰ ਵਾਕਈ ਬਹੁਤ ਵਧੀਆ ਮਾਹਿਰ ਸਨ ਜਿਵੇਂ ਤੇਜਿੰਦਰ ਖੰਨਾ ਜਿਹੜਾ ਪਹਿਲਾਂ ਭਾਰਤ ਦਾ ਤਜਾਰਤ ਸਕੱਤਰ ਤੇ ਫੇਰ ਦਿੱਲੀ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਹੋਇਆ। ਕੁੱਝ ਅਫਸਰ ਤਿੱਖੇ ਸਨ ਪਰ ਗੰਭੀਰ ਨਹੀਂ, ਦਫਤਰ ਦੇ ਸਮੇਂ ਵਿਚ ਵੀ ਗੌਲਫ ਖੇਡਦੇ ਰਹਿੰਦੇ। ਇੰਦਰਜੀਤ ਸਿੰਘ ਬਿੰਦਰਾ ਸ਼ਹਿਰੀ ਵਿਕਾਸ ਸਕੱਤਰ ਮੇਰੇ ਅਧੀਨ ਸੀ। ਮੈਂ ਉਸ ਨੂੰ ਇਸ ਦਾ ਕਾਰਨ ਪੁੱਛਿਆ। ਉਸ ਨੇ ਦਫਤਰ ਵਿਚ ਪੂਰਾ ਸਮਾਂ ਨਾ ਬੈਠਣ ਦਾ ਕਾਰਨ ਇਹ ਦੱਸਿਆ ਕਿ ਉਹ ਫਟਾਫਟ ਕੰਮ ਮੁਕਾ ਲੈਂਦਾ ਹੈ, ਉਸ ਦੇ ਮੇਜ਼ ਉਪਰ ਫਾਈਲ ਟਿਕੀ ਨਹੀਂ ਰਹਿੰਦੀ। ਕੁੱਝ ਹੱਦ ਤੱਕ ਇਹ ਗੱਲ ਸਹੀ ਵੀ ਸੀ, ਉਸ ਨੂੰ ਗੱਲ ਦੀ ਸਮਝ ਫਟਾਫਟ ਆ ਜਾਂਦੀ ਤੇ ਉਹ ਫੈਸਲਾ ਕਰ ਦਿੰਦਾ। ਦਰਬਾਰ ਸਾਹਿਬ ਦੁਆਲਿਉਂ ਦੁਕਾਨਾਂ ਚੁਕਵਾਉਣੀਆਂ, ਗਲਿਆਰਾ ਯੋਜਨਾ ਸਿਰੇ ਚਾੜ੍ਹਨੀ ਜ਼ਰੂਰੀ ਕੰਮ ਸਨ ਤਾਂ ਕਿ ਸੁਰੱਖਿਆ ਕਰਮੀ ਗਸ਼ਤ ਕਰ ਸਕਣ।
ਪੰਨਾ 359: ਗਲਿਆਰਾ ਯੋਜਨਾ ਕੇਂਦਰ ਸਰਕਾਰ ਦੀ ਦੇਰ ਪਹਿਲਾਂ ਦੀ ਸਕੀਮ ਸੀ ਜਿਸ ਨੂੰ ਅਕਾਲੀ ਸਿਰੇ ਨਹੀਂ ਚੜ੍ਹਨ ਦਿੰਦੇ ਸਨ। ਆਲੇ-ਦੁਆਲੇ ਵਸੇ ਘਰਾਂ ਵਿਚੋਂ ਦੀ ਲੰਘ ਕੇ ਖਾੜਕੂ ਆਰਾਮ ਨਾਲ ਦਰਬਾਰ ਸਾਹਿਬ ਵਿਚ ਜਾ ਪੁੱਜਦੇ। ਛੱਤਾਂ ਉਤੋਂ ਦੀ ਲੰਘ-ਲੰਘ ਬੰਦਾ ਸਿੱਧਾ ਪਰਿਕਰਮਾ ਵਿਚ ਉਤਰ ਸਕਦਾ ਸੀ। ਵਿਉਂਤ ਇਹ ਬਣਾਈ ਗਈ ਕਿ ਦਰਬਾਰ ਸਾਹਿਬ ਦੇ ਚੌਗਿਰਦੇ 30 ਫੁੱਟ ਚੌੜੀ ਖਾਲੀ ਪੁੱਟੀ ਰੱਖੀ ਜਾਵੇ ਤੇ ਵਧੀਆ ਦਰਖਤਾਂ, ਬਾਗਾਂ ਨਾਲ ਸ਼ਿੰਗਾਰੀ ਜਾਵੇ। ਸਾਡੀ ਵਿਉਂਤ ਇਸ ਕਰ ਕੇ ਸਿਰੇ ਚੜ੍ਹ ਗਈ ਕਿ ਉਜਾੜੇ ਦੇ ਮੁਆਵਜ਼ੇ ਦੀ ਪੇਸ਼ਕਸ਼ ਅਸੀਂ ਲੋਕਾਂ ਦੀ ਉਮੀਦ ਤੋਂ ਕਿਤੇ ਵਧੀਕ ਕਰ ਦਿੱਤੀ। ਕੁੱਝ ਲੋਕਾਂ ਨੇ ਨਵੇਂ ਘਰ ਖਰੀਦ ਕੇ ਪੁਰਾਣੇ ਢੁਹਾ ਕੇ ਸੁੱਖ ਦਾ ਸਾਹ ਲਿਆ, ਕਿਉਂਕਿ ਉਹ ਖੁਦ ਅਮਨ-ਚੈਨ ਦੀ ਥਾਂ ‘ਤੇ ਵਸਣ ਦੇ ਚਾਹਵਾਨ ਸਨ। ਦਰਬਾਰ ਸਾਹਿਬ ਨਜ਼ਦੀਕ ਵਸਣਾ ਸਗੋਂ ਦੁਸ਼ਵਾਰ ਹੋ ਗਿਆ ਸੀ। ਖਾੜਕੂ ਅਤੇ ਸੁਰੱਖਿਆ ਕਰਮੀ ਹਰ ਵਕਤ ਘੇਰਾ ਪਾਈ ਰੱਖਦੇ। ਰਤਾ ਗੜਬੜ ਹੁੰਦੀ, ਕਰਫਿਊ ਲੱਗ ਜਾਂਦਾ। ਲੋਕ ਤੰਗ ਆ ਗਏ ਸਨ।
ਸੋਚਿਆ ਕਿ ਉਸਾਰੀਆਂ ਢਾਹੁਣ ਉਪਰੰਤ ਤੁਰਤ-ਫੁਰਤ ਇਸ ਨੂੰ ਸੰਵਾਰਨਾ ਸ਼ਿੰਗਾਰਨਾ ਸ਼ੁਰੂ ਕਰ ਦਿਆਂਗੇ। ਨਿਸ਼ਚਿਤ ਸਮਾਂ ਦੇ ਕੇ ਮੇਰੀ ਇਸ ਕੰਮ ਲਈ ਜ਼ਿਮੇਵਾਰੀ ਲਾਈ ਗਈ। ਮੈਂ ਬਿੰਦਰੇ ਨੂੰ ਸੱਦ ਲਿਆ। ਇਸ ਤਰ੍ਹਾਂ ਦੇ ਕੰਮ ਵਿਚ ਉਹ ਨਿਪੁੰਨ ਸੀ, ਕਿਉਂਕਿ ਜਿਹੜਾ ਬੰਦਾ ਸਹਿਮਤ ਨਾ ਹੁੰਦਾ, ਦਲੀਲਾਂ ਨਾਲ ਉਸ ਨੂੰ ਝੱਟ ਮਨਾ ਲੈਂਦਾ। ਸਮੇਂ ਤੋਂ ਪਹਿਲਾਂ ਅਸੀਂ ਕੰਮ ਨਿਬੇੜ ਲਿਆ। ਇਸ ਕੰਮ ਦਾ ਦੂਜਾ ਪੜਾਅ ਇਸ ਗਲਿਆਰੇ ਨੂੰ ਸ਼ਿੰਗਾਰਨ ਦਾ ਸੀ। ਇਹ ਕੰਮ ਗਵਰਨਰ ਨੇ ਆਪਣੇ ਹੱਥ ਲੈ ਲਿਆ। ਪੰਜਾਬ ਅਤੇ ਦਿੱਲੀ ਤੋਂ ਮਾਹਿਰ ਸੱਦੇ ਗਏ, ਸਲਾਹਾਂ ਲਈਆਂ। ਉਨ੍ਹਾਂ ਨੇ ਇੰਨੀਆਂ ਆਪਾ-ਵਿਰੋਧੀ ਸਲਾਹਾਂ ਦਿੱਤੀਆਂ ਕਿ ਰੇਅ ਉਲਝ ਗਿਆ। ਮੇਰੇ ਪੰਜਾਬ ਛੱਡਣ ਵੇਲੇ ਤੱਕ ਉਹ ਉਲਝਿਆ ਪਿਆ ਸੀ। ਆਉਂਦਾ ਹੋਇਆ ਮੈਂ ਕਹਿ ਆਇਆ ਕਿ ਜੇ ਕੰਮ ਲਟਕਦਾ ਰਿਹਾ, ਤੇ ਅਕਾਲੀ ਤਾਕਤ ਵਿਚ ਆ ਗਏ ਤਾਂ ਉਹ ਇਹ ਥਾਂ ਆਪਣੇ ਧਾਰਮਿਕ ਥਾਂ ਵਿਚ ਰਲਾ ਲੈਣਗੇ ਤੇ ਸਾਰਾ ਕੀਤਾ-ਕਰਾਇਆ ਖੇਹ ਹੋ ਜਾਵੇਗਾ, ਜਿੰਨੀ ਰਕਮ ਖਰਚੀ ਖੂਹ ਖਾਤੇ ਵਿਚ ਪੈ ਜਾਵੇਗੀ।
ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਸਲਾਹ ਲਿਖ ਕੇ ਭੇਜੀ ਸੀ ਕਿ ਰਾਜਾਂ ਦੀਆਂ ਹਾਈਕੋਰਟਾਂ ਵਿਚਲੀਆਂ ਨਿਯੁਕਤੀਆਂ ਚੀਫ ਜਸਟਿਸ ਅਤੇ ਦੋ ਹੋਰ ਕੁਲੀਗ ਮਿਲ ਕੇ ਕਰਿਆ ਕਰਨਗੇ। ਇਹ ਫਾਈਲ ਦਿਲਚਸਪ ਸੀ। ਗ੍ਰਹਿ ਸਕੱਤਰ ਸੁਰਿੰਦਰ ਕਪੂਰ ਨੇ ਰੇਅ ਨੂੰ ਖੁਸ਼ ਕਰਨ ਲਈ ਇਸ ਸਲਾਹ ਦਾ ਵਿਰੋਧ ਲਿਖ ਦਿੱਤਾ। ਉਸ ਤੋਂ ਹੇਠਲੇ ਅਫਸਰਾਂ ਨੇ ਵੀ ਇਸ ਨਾਲ ਮਿਲਦੀ-ਜੁਲਦੀ ਇਬਾਰਤ ਲਿਖੀ ਸੀ। ਮੇਰੇ ਕੋਲ ਕੇਸ ਆਇਆ ਤਾਂ ਮੈਂ ਆਈæਏæਐਸ਼ ਅਫਸਰਾਂ ਦੀ ਕਮਜ਼ੋਰੀ ਉਤੇ ਹੈਰਾਨ ਰਹਿ ਗਿਆ। ਕਿਸੇ ਦੇ ਜਿਸਮ ਵਿਚ ਰੀੜ੍ਹ ਦੀ ਹੱਡੀ ਨਹੀਂ! ਆਪਣੀ ਨੋਟਿੰਗ ਵਿਚ ਮੈਂ ਗਵਰਨਰ ਨੂੰ ਲਿਖਿਆ ਕਿ ਸਿਆਸੀ ਨਿਯੁਕਤੀਆਂ ਕਾਰਨ ਜੁਡੀਸ਼ਰੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਜੇ ਇਹ ਰੁਝਾਨ ਨਾ ਰੁਕਿਆ ਤਾਂ ਸਿਸਟਮ ਲੜਖੜਾ ਜਾਵੇਗਾ। ਇਸ ਫਾਈਲ ਬਾਰੇ ਰੇਅ ਨੇ ਕੋਈ ਫੈਸਲਾ ਨਾ ਕੀਤਾ, ਬੜੀ ਚੁਸਤੀ ਨਾਲ ਉਸ ਨੇ ਲਿਖਿਆ-ਪਾਪੂਲਰ ਸਰਕਾਰ ਆਉਣ ਤੱਕ ਇਹ ਫੈਸਲਾ ਪੈਂਡਿੰਗ ਰੱਖਿਆ ਜਾਵੇ, ਕਿਉਂਕਿ ਇਸ ਨਾਜ਼ਕ ਮਸਲੇ ‘ਤੇ ਕੇਵਲ ਚੁਣੀ ਹੋਈ ਸਰਕਾਰ ਫੈਸਲਾ ਕਰਨ ਦੇ ਸਮਰੱਥ ਹੈ।
ਪੰਨਾ 360: ਦੂਜਾ ਦਿਲਚਸਪ ਕਿੱਸਾ ਪੀæਡਬਲਿਊæਡੀæ ਦੇ ਤਿੰਨ ਭ੍ਰਿਸ਼ਟ ਚੀਫ ਇੰਜੀਨੀਅਰਾਂ ਨੂੰ ਕੱਢਣ ਦਾ ਸੀ। ਸਾਰਿਆਂ ਨੂੰ ਪਤਾ ਸੀ ਕਿ ਚਾਰ ਚੀਫ ਹੰਢੇ ਹੋਏ ਕੁਰਪਟ ਹਨ, ਕਾਨੂੰਨੀ ਨੁਕਤਿਆਂ ਕਾਰਨ ਚੌਥੇ ਨੂੰ ਕੱਢਣ ਵਿਚ ਕਾਮਯਾਬ ਨਹੀਂ ਹੋਏ। ਉਨ੍ਹਾਂ ਦੇ ਸਿਆਸੀ ਪ੍ਰਭੂ ਅਤੇ ਕੁੱਝ ਅਫਸਰ ਸਮੇਂ ਤੋਂ ਪਹਿਲਾਂ ਉਨ੍ਹਾਂ ਕੋਲ ਸੂਚਨਾ ਪੁਚਾ ਦਿੰਦੇ। ਇਹ ਫਟਾਫਟ ਕੋਰਟ ਵਿਚ ਜਾ ਕੇ ਸਟੇਅ ਲੈ ਆਉਂਦੇ। ਮਹਿਕਮੇ ਦਾ ਸਕੱਤਰ ਰਾਜਿੰਦਰ ਸਿੰਘ ਮਾਨ ਪੂਰਾ ਈਮਾਨਦਾਰ ਅਫਸਰ ਸੀ ਪਰ ਇਹ ਵੀ ਬਹੁਤਾ ਸਮਾਂ ਗੌਲਫ ਖੇਡਣ ਵਿਚ ਬਿਤਾਉਂਦਾ। ਉਸ ਦੀ ਲਿਆਕਤ ‘ਤੇ ਕੋਈ ਸ਼ੱਕ ਨਹੀਂ ਸੀ। ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ ਦੇ ਡਾਇਰੈਕਟਰ ਦਲਬੀਰ ਸਿੰਘ ਮਾਂਗਟ ਨੇ ਮੈਨੂੰ ਇਨ੍ਹਾਂ ਇੰਜੀਨੀਅਰਾਂ ਬਾਰੇ ਗੁਪਤ ਰਿਪੋਰਟ ਭੇਜੀ। ਆਪਣੇ ਸਕੱਤਰ ਦੇ ਹੱਥ ਫਾਈਲ ਦਿੰਦਿਆਂ ਮੈਂ ਕਿਹਾ-ਇਸ ਦੀ ਨੋਟਿੰਗ ਚਾੜ੍ਹ ਕੇ ਲਿਆਈਂ; ਨਾਲੇ ਖਬਰਦਾਰ! ਕਿਸੇ ਜੂਨੀਅਰ ਨੂੰ ਤਾਂ ਕੀ, ਸੀਨੀਅਰ ਨੂੰ ਵੀ ਪਤਾ ਨਾ ਲੱਗੇ। ਉਸ ਨੇ ਆਖਾ ਮੰਨਿਆ ਤੇ ਉਸੇ ਰਾਤ ਫਾਈਲ ਲੈ ਕੇ ਮੇਰੀ ਰਿਹਾਇਸ਼ ‘ਤੇ ਆ ਗਿਆ। ਰਾਜ ਭਵਨ ਰੇਅ ਕੋਲ ਮੈਂ ਇਹ ਫਾਈਲ ਲੈ ਗਿਆ ਤੇ ਕਿਹਾ ਕਿ ਇਨ੍ਹਾਂ ਨੂੰ ਅਗਾਊਂ ਰਿਟਾਇਰਮੈਂਟ ਦੇ ਹੁਕਮ ਜਾਰੀ ਕਰ ਦਿਉ, ਹੋ ਗਏ। ਸਕੱਤਰ ਨੇ ਲੋੜੀਂਦੇ ਨੋਟਿਸ ਤਿਆਰ ਕਰ ਕੇ ਤਿੰਨ ਤਿੰਨ ਮਹੀਨਿਆਂ ਦੀ ਐਡਵਾਂਸ ਤਨਖਾਹ ਦੇ ਚੈਕ ਕੱਟ ਦਿੱਤੇ ਤੇ ਭਰੋਸੇਯੋਗ ਬੰਦੇ ਰਾਹੀਂ ਦੇਰ ਰਾਤ ਉਨ੍ਹਾਂ ਦੇ ਘਰ ਪੁਚਾਉਣ ਦਾ ਕਾਰਜ ਕੀਤਾ। ਉਨ੍ਹਾਂ ਉਪਰ ਸਮਝੋ ਬਿਜਲੀ ਡਿਗੀ। ਪਲ ਵਿਚ ਨੌਕਰੀਆਂ ਚਲੀਆਂ ਗਈਆਂ ਤੇ ਅਦਾਲਤ ਵਿਚ ਜਾਣ ਦਾ ਸਮਾਂ ਵੀ ਨਾ ਮਿਲਿਆ। ਅਗਲੇ ਦਿਨ ਅਖਬਾਰਾਂ ਵਿਚ ਖਬਰ ਛਪੀ ਤਾਂ ਤਹਿਲਕਾ ਮਚ ਗਿਆ। ਲੋਕ ਖੁਸ਼ ਹੋਏ, ਕਿਉਂਕਿ ਉਹ ਇਨ੍ਹਾਂ ਇੰਜੀਨੀਅਰਾਂ ਦੇ ਕਾਰਿਆਂ ਤੋਂ ਜਾਣੂ ਸਨ। ਸਰਕਾਰ ਦੇ ਬਾਕੀ ਅਫਸਰਾਂ ਨੂੰ ਵੀ ਸਹੀ ਸੰਕੇਤ ਮਿਲ ਗਿਆ।
ਪੰਨਾ 362: ਮਈ 1989, ਇਕ ਦਿਨ ਰੇਅ ਨੇ ਰਾਜ ਭਵਨ ਬੁਲਾ ਕੇ ਮੈਨੂੰ ਦੱਸਿਆ ਕਿ ਸਰਕਾਰ ਤੁਹਾਨੂੰ ਮਿਜ਼ੋਰਮ ਦਾ ਗਵਰਨਰ ਲਾਉਣਾ ਚਾਹੁੰਦੀ ਹੈ। ਉਸ ਨੇ ਕਿਹਾ-ਮਿਜ਼ੋਰਮ ਕੋਈ ਖਾਸ ਥਾਂ ਤਾਂ ਨਹੀਂ, ਪਰ ਇਹ ਨਿਯੁਕਤੀ ਥੋੜ੍ਹੇ ਚਿਰ ਲਈ ਹੈ। ਜੰਮੂ-ਕਸ਼ਮੀਰ ਦਾ ਗਵਰਨਰ ਜਗਮੋਹਨ ਰਿਟਾਇਰ ਹੋ ਰਿਹਾ ਹੈ, ਤੁਹਾਨੂੰ ਉਸ ਦੀ ਥਾਂ ਲਾਇਆ ਜਾਏਗਾ। ਮੇਰੇ ਦੋਸਤ ਨਾਰਾਇਣਨ ਨੇ ਇਹ ਖਬਰ ਤਸਦੀਕ ਕਰਦਿਆਂ ਦੱਸਿਆ ਕਿ ਫਾਰੂਕ ਅਬਦੁੱਲਾ ਤੁਹਾਨੂੰ ਲੈਣਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਸਾਡਾ ਆਪਸੀ ਤਾਲਮੇਲ ਠੀਕ ਬੈਠੇਗਾ। ਨਾਰਾਇਣਨ ਨੇ ਵੀ ਫਾਰੂਕ ਕੋਲ ਮੇਰੀ ਸਿਫਤ ਕੀਤੀ।
ਕੁੱਝ ਦਿਨ ਮੈਂ ਇਹ ਸੋਚਣ ਵਿਚ ਲੰਘਾ ਦਿੱਤੇ ਕਿ ਇਕ ਮੁਸ਼ਕਿਲ ਥਾਂ ਤੋਂ ਦੂਜੀ ਮੁਸ਼ਕਿਲ ਥਾਂ ਜਾਣਾ ਠੀਕ ਰਹੇਗਾ ਕਿ ਨਹੀਂ, ਪਰ ਆਖਰ ਮੈਂ ਰੇਅ ਕੋਲ ਸਹਿਮਤੀ ਦੇ ਦਿੱਤੀ। ਰੇਅ ਨੇ ਫੋਨ ‘ਤੇ ਮੇਰੀ ਪਤਨੀ ਨੂੰ ਸਮਝਾਇਆ ਕਿ ਰਾਜ ਭਵਨ ਵਿਚ ਉਸ ਦੀਆਂ ਕੀ ਜ਼ਿੰਮੇਵਾਰੀਆਂ ਹੋਣਗੀਆਂ। ਰੇਅ ਦੇ ਕਹਿਣ ‘ਤੇ ਹੀ ਮੈਂ ਬੀæਜੀæ ਦੇਸ਼ਮੁਖ ਨੂੰ ਸਾਊਥ ਬਲਾਕ ਉਸ ਦੇ ਦਫਤਰ ਮਿਲਿਆ। ਉਸ ਨੇ ਦੱਸਿਆ ਕਿ ਇਕ ਮਹੀਨੇ ਅੰਦਰ ਨਿਯੁਕਤੀ ਹੋ ਜਾਵੇਗੀ।
ਸਾਡੀ ਹੈਰਾਨੀ ਦਾ ਮੰਜ਼ਰ ਦੇਖੋ, ਕੁਝ ਦਿਨਾਂ ਬਾਅਦ ਦੂਰਦਰਸ਼ਨ ‘ਤੇ ਖਬਰ ਸੁਣੀ ਕਿ ਜਗਮੋਹਨ ਦੀ ਥਾਂ ਜਨਰਲ ਕੇæਵੀæ ਕ੍ਰਿਸ਼ਨਾ ਰਾਉ ਨੇ ਚਾਰਜ ਲੈ ਲਿਆ ਹੈ। ਦੋ ਤਿੰਨ ਦਿਨਾਂ ਬਾਅਦ ਖਬਰ ਆਈ ਕਿ ਮਿਜ਼ੋਰਮ ਵੀ ਮੇਘਾਲਿਆ ਦੇ ਕਿਸੇ ਸਿਆਸਤਦਾਨ ਨੂੰ ਸੌਂਪ ਦਿੱਤਾ ਹੈ। ਮੈਨੂੰ ਲੱਗਾ, ਜਿਸ ਬੰਦੇ ਨੇ ਇੰਨੀਆਂ ਖਤਰਨਾਕ ਡਿਊਟੀਆਂ ਦਿੱਤੀਆਂ ਹੋਣ, ਇਹ ਉਸ ਨਾਲ ਜ਼ਿਆਦਤੀ ਹੈ। ਸਰਕਾਰ ਮੈਨੂੰ ਇੰਨਾ ਹੀ ਕਹਿ ਦਿੰਦੀ ਕਿ ਕਿਸੇ ਮਜਬੂਰੀਵਸ ਉਸ ਨੂੰ ਅਜਿਹਾ ਕਰਨਾ ਪੈ ਰਿਹਾ ਹੈ।
ਪੰਨਾ 363: ਜਦੋਂ ਗਵਰਨਰਾਂ ਦੀਆਂ ਨਿਯੁਕਤੀਆਂ ਹੋ ਗਈਆਂ, ਕਿਸੇ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਚੌਥੇ ਦਿਨ ਰੇਅ ਦਾ ਫੋਨ ਆਇਆ-ਉਸ ਨੇ ਦੱਸਿਆ ਕਿ ਉਹ ਬਹੁਤ ਉਦਾਸ ਹੈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਦੁੱਖ ਪੁੱਜਾ ਹੈ। ਜਿਹੜਾ ਅਫਸਰ ਖਤਰਨਾਕ ਸਥਿਤੀ ਵਿਚ ਫਸੀ ਸਰਕਾਰ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੰਦਾ ਸੀ, ਉਸ ਨਾਲ ਇਹ ਵਰਤਾਰਾ? ਇਕ ਦੋ ਦਿਨਾਂ ਬਾਅਦ ਰੇਅ ਦਾ ਫੋਨ ਆਇਆ ਕਿ ਨਵੀਂ ਦਿੱਲੀ ਮੁੱਖ ਮੰਤਰੀਆਂ ਦੀ ਕਾਨਫਰੰਸ ਵਿਚ ਮੇਰੇ ਨਾਲ ਚੱਲਣਾ। ਮੇਰੇ ਐਨ ਸਾਹਮਣੇ ਰਾਜੀਵ ਗਾਂਧੀ ਬੈਠਾ ਮੇਰੇ ਨਾਲ ਅੱਖ ਨਹੀਂ ਮਿਲਾ ਸਕਿਆ। ਇਸ ਵਿਚ ਹੈਰਾਨੀਜਨਕ ਕੁੱਝ ਵੀ ਨਹੀਂ ਸੀ। ਉਸ ਦੀ ਸ਼ਰਮਿੰਦਗੀ ਪਿੱਛੇ ਕਾਰਨ ਸੀ।
ਕਾਨਫਰੰਸ ਖਤਮ ਹੋਈ ਤਾਂ ਮੈਂ ਬੰਬੇ ਜਾ ਕੇ ਟਾਟਾ ਸਨਜ਼ ਦੇ ਡਾਇਰੈਕਟਰ ਨਾਨੀ ਪਾਲਖੀਵਾਲਾ ਨੂੰ ਮਿਲਿਆ। ਲਾਅ ਕਾਲਜ ਵਿਚ ਉਹ ਮੇਰਾ ਟੀਚਰ ਸੀ ਤੇ ਪੁਲਿਸ ਵਿਚ ਨੌਕਰੀ ਕਰਦਿਆਂ ਮੈਂ ਉਸ ਨਾਲ ਲਗਾਤਾਰ ਸੰਪਰਕ ਰੱਖਿਆ ਸੀ। ਇਕ ਵਾਰੀ ਬੰਬੇ ਹਾਈਕੋਰਟ ਵਿਚ ਉਸ ਨੇ ਮੇਰੇ ਡਿਫੈਂਸ ਵਿਚ ਕੇਸ ਵੀ ਲੜਿਆ। ਕਿਸੇ ਨੇ ਅਦਾਲਤੀ ਮਾਨਹਾਨੀ ਦਾ ਕੇਸ ਕਰ ਦਿੱਤਾ ਸੀ ਕਿ ਰੋਟਰੀ ਕਲੱਬ ਵਿਚ ਮੈਂ ਅਦਾਲਤਾਂ ਵਿਰੁਧ ਇਤਰਾਜ਼ਯੋਗ ਟਿੱਪਣੀਆਂ ਦਿੱਤੀਆਂ ਸਨ। ਮੈਂ ਪਾਲਖੀਵਾਲਾ ਨਾਲ ਇਹ ਸਾਰਾ ਕੁੱਝ ਵਿਚਾਰਿਆ ਤਾਂ ਉਸ ਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ- ਸਮਾਂ ਆ ਗਿਐ, ਤੂੰ ਸਰਕਾਰ ਨਾਲੋਂ ਨਾਤਾ ਤੋੜ। ਮੈਂ ਤੈਨੂੰ ਵਿਸ਼ਾਲ ਟਾਟਾ ਸਲਤਨਤ ਵਿਚ ਸ਼ਾਨਦਾਰ ਨੌਕਰੀ ਦਿਵਾਵਾਂਗਾ।
ਇਹ ਭਰੋਸਾ ਲੈ ਕੇ ਮੈਂ ਚੰਡੀਗੜ੍ਹ ਆ ਕੇ ਗਵਰਨਰ ਨੂੰ ਲਿਖ ਦਿੱਤਾ ਕਿ ਸਲਾਹਕਾਰ ਦੀ ਜ਼ਿੰਮੇਵਾਰੀ ਤੋਂ ਮੈਨੂੰ ਮੁਕਤ ਕੀਤਾ ਜਾਵੇ। ਉਹ ਚੌਂਕ ਗਿਆ, ਕਿਹਾ-ਡਿਊਟੀ ਛੱਡ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਉਸ ਨਾਲ ਬਹਿਸਦਿਆਂ ਕਿਹਾ-ਸਰਕਾਰ ਨੇ ਮੇਰੀ ਹੱਤਕ ਕੀਤੀ ਹੈ, ਹੁਣ ਮੈਂ ਸਰਕਾਰ ਦਾ ਕੰਮ ਨਹੀਂ ਕਰ ਸਕਦਾ। ਲੋਕਾਂ ਦਾ ਭਲਾ ਵੀ ਇਸੇ ਵਿਚ ਹੈ। ਜਵਾਬ ਸੀ-ਤੁਹਾਡੇ ਇਸ ਤਰ੍ਹਾਂ ਇਹ ਅਹੁਦਾ ਛੱਡਣ ਸਦਕਾ ਆਉਂਦੀਆਂ ਚੋਣਾਂ ਵਿਚ ਕਾਂਗਰਸ ਦਾ ਨੁਕਸਾਨ ਹੋ ਸਕਦਾ ਹੈ। ਸੋਚਿਆ, ‘ਚਲੋ ਚੋਣਾਂ ਤਾਂ ਆ ਹੀ ਗਈਆਂ ਹਨ, ਮੈਂ ਉਦੋਂ ਤੱਕ ਰੁਕ ਜਾਨਾਂ, ਕਿਤੇ ਮੇਰੇ ਉਪਰ ਸਿਆਸੀ ਬਲੈਕਮੇਲ ਕਰਨ ਦਾ ਧੱਬਾ ਨਾ ਲੱਗ ਜਾਵੇ।’ ਰੇਅ ਨੂੰ ਮੇਰੀ ਇਹ ਦਲੀਲ ਵੀ ਪਸੰਦ ਨਾ ਆਈ। ਥੋੜ੍ਹੀ ਦੇਰ ਬਾਅਦ ਉਸ ਦਾ ਫੋਨ ਆਇਆ ਕਿ ਉਹ ਦਿੱਲੀ ਜਾ ਕੇ ਕੁੱਝ ਲੋਕਾਂ ਨਾਲ ਗੱਲ ਕਰੇਗਾ, ਉਦੋਂ ਤੱਕ ਦਫਤਰ ਨਹੀਂ ਛੱਡਣਾ।
(ਚਲਦਾ)

Be the first to comment

Leave a Reply

Your email address will not be published.