ਮਨੁੱਖਤਾ ਲਈ ਚਾਨਣ ਮੁਨਾਰਾ, ਸ੍ਰੀ ਚਿਨਮਇ

ਇੰਜ. ਈਸ਼ਰ ਸਿੰਘ 647-640-2014
ਭਾਰਤ ਦੇ ਜੰਮਪਲ਼ ਅਤੇ ਨਿਊਯਾਰਕ ਵਾਸੀ ਸ੍ਰੀ ਚਿਨਮਇ ਨਾਂ ਦੇ ਇੱਕ ਮਹਾਨ ਪੁਰਖ ਨੇ, ਅਕਤੂਬਰ, 2007 ਵਿਚ ਇਸ ਸੰਸਾਰ ਨੂੰ ਛੱਡ ਕੇ, ਮਹਾਂ-ਸਮਾਧੀ ਧਾਰਨ ਕੀਤੀ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲ਼ਿਆਂ ਦੀ ਲੰਬੀ ਸੂਚੀ ਵਿਚ ਚੋਣਵੇਂ ਨਾਂ ਇਹ ਸਨ: ਰੂਸ ਦੇ ਸਾਬਕਾ ਰਾਸ਼ਟਰਪਤੀ ਮਿ. ਮਿਖਾਇਲ ਗੋਰਬਾਚੇਵ, ਦੱਖਣੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਮਿ. ਨੇਲਸਨ ਮੰਡੇਲਾ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਮਿ. ਬਿਲ ਕਲਿੰਟਨ, ਆਰਕਬਿਸ਼ਪ ਡੈੱਸਮੰਡ ਟੂਟੂ- ਨੋਬਲ ਪੁਰਸਕਾਰ ਵਿਜੇਤਾ ਅਤੇ ਮਨੁੱਖੀ ਹੱਕਾਂ ਦੇ ਰਾਖੇ ਮਿ. ਐੱਲ ਗੋਰ ਸਾਬਕਾ ਉਪ-ਰਾਸ਼ਟਰਪਤੀ, ਅਮਰੀਕਾ ਅਤੇ ਨੋਬਲ ਪੁਰਸਕਾਰ ਵਿਜੇਤਾ ਮਿ. ਜੌਹਨ ਕੈਰੀ, ਪੂਰਬ ਸਟੇਟ-ਸਕੱਤਰ ਅਮਰੀਕਾ ਸ੍ਰੀ ਰਵੀ ਸ਼ੰਕਰ ਪ੍ਰਸਿੱਧ ਸਿਤਾਰ-ਵਾਦਕ ਅਤੇ ਸੰਸਾਰ ਭਰ ਦੇ ਮੁੱਖ ਧਰਮਾਂ ਦੇ ਧਾਰਮਿਕ ਲੀਡਰਾਂ ਸਣੇ ਹੋਰ ਅਨੇਕਾਂ ਸੰਤ-ਮਹਾਂਪੁਰਖ ਅਮਰੀਕਾ ਅਤੇ ਸੰਸਾਰ ਪੱਧਰ ਦੇ ਅਨੇਕਾਂ ਕਲਾਕਾਰ, ਸੰਗੀਤਕਾਰ, ਵਿਦਵਾਨ, ਅਥਲੀਟ ਅਤੇ ਖਿਡਾਰੀ।

ਜੀਵਨ ਕਾਲ ਦੌਰਾਨ ਪੋਪ ਪਾਲ ਚੌਥੇ, ਪੋਪ ਜੌਹਨ ਪਾਲ ਦੂਜੇ, ਦਲਾਈ ਲਾਮਾ, ਰਾਜਕੁਮਾਰੀ ਡਾਇਨਾ, ਮਦਰ ਟੈਰੇਸਾ ਅਤੇ ਯੂ.ਥਾਂਤ (ਸਕੱਤਰ-ਜਨਰਲ, ਯੂ.ਐੱਨ) ਵਰਗੀਆਂ ਉੱਚ-ਹਸਤੀਆਂ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸ਼ੁਮਾਰ ਸਨ।
ਕੁਦਰਤੀ ਗੱਲ ਹੈ ਕਿ ਆਪਾਂ ਉਨ੍ਹਾਂ ਦੀ ਜੀਵਨੀ ਬਾਰੇ ਜਾਣ ਕੇ ਖੁਸ਼ੀ ਅਤੇ ਉਤਸ਼ਾਹ ਮਹਿਸੂਸ ਕਰਾਂਗੇ। ਵੈਸੇ ਤਾਂ ਉਨ੍ਹਾਂ ਦੀ ਜੀਵਨੀ ਬਾਰੇ ਜਾਣਕਾਰੀ ਦੇ ਅਨੇਕ ਪੁਖ਼ਤਾ ਸਾਧਨ ਹਨ ਪਰ ਇਸ ਲੇਖ ਦਾ ਆਧਾਰ ਮੁੱਖ ਤੌਰ `ਤੇ ‘ਅਮਰੀਕਨ ਹਾਊਸ ਆਫ ਰਿਪਰੈਜੈ਼ਂਟੇਟਿਵਜ਼’ (ਭਾਰਤ ਦੀ ਲੋਕ ਸਭਾ ਦੇ ਬਰਾਬਰ) ਵਿਚ ਪੇਸ਼ ਕੀਤਾ ਇੱਕ ਮਤਾ ਹੈ। ਇਤਫ਼ਾਕ ਦੀ ਗੱਲ ਹੈ ਕਿ ਇਹ ਮਤਾ ਉਨ੍ਹਾਂ ਦੇ ਮਹਾਂ-ਸਮਾਧੀ ਧਾਰਨ ਕਰਨ ਤੋਂ ਕਰੀਬ ਇੱਕ ਸਾਲ ਪਹਿਲਾਂ, ਨਿਊ ਯਾਰਕ ਦੇ ਮੈਂਬਰ ਮਿ. ਗੈਰੀ ਐਕਰਮੈਨ ਨੇ ਉਨ੍ਹਾਂ ਦੇ 75ਵੇਂ ਜਨਮ-ਦਿਨ `ਤੇ ਪੇਸ਼ ਕੀਤਾ ਸੀ। ਵਿਸ਼ਵ-ਸ਼ਾਂਤੀ ਦੇ ਸੁਹਿਰਦ ਸਮਰਥਕ ਹੋਣ ਕਰਕੇ ਮਿ. ਐਕਰਮੈਨ ਖ਼ੁਦ ਵੀ ਸੰਸਾਰ ਪੱਧਰ ਦੀ ਸਤਿਕਾਰਤ ਹਸਤੀ ਹਨ ਅਤੇ 30 ਸਾਲ ਮੈਂਬਰ ਰਹਿਣ ਤੋਂ ਬਾਅਦ 2013 ਵਿਚ ਆਪਣੀ ਮਰਜ਼ੀ ਨਾਲ਼ ਸੇਵਾ-ਮੁਕਤ ਹੋਏ ਹਨ। ਵਿਸ਼ਵ-ਸ਼ਾਂਤੀ ਲਈ ਕੀਤੇ ਉਪਰਾਲਿਆਂ ਕਰਕੇ ਇਨ੍ਹਾਂ (ਮਿ. ਐਕਰਮੈਨ) ਨੂੰ ਭਾਰਤ ਸਰਕਾਰ ਵਲੋਂ ਪਦਮ ਭੂਸ਼ਣ ਦਾ ਖਿਤਾਬ ਮਿਲ ਚੁੱਕਿਆ ਹੈ। ਪੇਸ਼ ਕੀਤੇ ਮਤੇ ਵਿਚ ਸ੍ਰੀ ਚਿਨਮਇ ਦੀਆਂ ਪ੍ਰਾਪਤੀਆਂ ਅਤੇ ਮਨੁੱਖਤਾ ਵਾਸਤੇ ਕੀਤੀਆਂ ਬਹੁ-ਪੱਖੀ ਸੇਵਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਵਰਣਨਯੋਗ ਹੈ ਕਿ ਓਸੇ ਸਾਲ ਉਹ (ਸ੍ਰੀ ਚਿਨਮਇ) ਨੋਬਲ ਪੁਰਸਕਾਰ ਵਾਸਤੇ ਵੀ ਨਾਮਜ਼ਦ ਹੋਏ ਸਨ ਅਤੇ ਨਾਮਜ਼ਦਗੀ ਦੀ ਸਿਫ਼ਾਰਿਸ਼ ਆਰਕਬਿਸ਼ਪ ਡੈੱਸਮੰਡ ਟੂਟੂ ਨੇ ਕੀਤੀ ਸੀ ਅਤੇ ਤਾਈਦ ਸ੍ਰੀ ਗੋਰਬਾਚੇਵ ਨੇ।
ਸ੍ਰੀ ਚਿਨਮਇ ਕੁਮਾਰ ਘੋਸ਼ ਦਾ ਜਨਮ 1931 `ਚ ਬੰਗਾਲ ਵਿਚ ਹੋਇਆ। ਜਦ ਉਨ੍ਹਾਂ ਦੇ ਮਾਤਾ-ਪਿਤਾ ਇੱਕ-ਦੂਜੇ ਤੋਂ ਥੋੜ੍ਹੇ ਜਿਹੇ ਫਰਕ ਨਾਲ਼ ਸੁਰਗ ਵਾਸ ਹੋਏ ਤਦ ਉਹ ਸਿਰਫ 11 ਸਾਲਾਂ ਦੇ ਸਨ। ਇਸ ਤੋਂ ਬਾਅਦ ਉਹ ਆਪਣੇ ਛੇ ਵੱਡੇ ਭੈਣਾਂ-ਭਰਾਵਾਂ ਨਾਲ਼ ਅਰਬਿੰਦੂ ਆਸ਼ਰਮ ਪੁਡੂਚੇਰੀ ਵਿਚ ਚਲੇ ਗਏ। ਇੱਥੇ ੳਨ੍ਹਿਾਂ ਨੇ 22 ਸਾਲ ਹਿੰਦੂ ਧਰਮ-ਗ੍ਰੰਥਾਂ ਦੇ ਨਾਲ਼ਨਾਲ਼, ਸਿੱਖ ਧਰਮ ਸਣੇ ਸੰਸਾਰ ਦੇ ਮੁੱਖ ਧਰਮਾਂ ਦਾ ਅਧਿਐਨ ਕੀਤਾ ਅਤੇ ਇਨ੍ਹਾਂ ਦੀਆਂ ਬੁਨਿਆਦੀ ਸਮਾਨਤਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ। ਨਾਲ਼ ਹੀ ਉਹ ਇਨ੍ਹਾਂ (ਪੂਰਬੀ ਧਰਮਾਂ) ਦੀਆਂ ਸਿੱਖਿਆਵਾਂ ਦਾ ਪੱਛਮ ਦੀ ਕਰਮਸ਼ੀਲ ਅਤੇ ਪ੍ਰਗਤੀਸ਼ੀਲ ਸਭਿਅਤਾ ਨਾਲ਼ ਸੁਮੇਲ ਕਰਨ ਦੇ ਧਾਰਨੀ ਵੀ ਬਣ ਗਏ। ਇੰਨਾ ਹੀ ਨਹੀਂ ਉਨ੍ਹਾਂ ਨੇ ਅਮਲੀ ਤੌਰ `ਤੇ ਪੂਰੇ ਸਿਰੜ ਨਾਲ਼ ਸਵੈ-ਸਾਧਨਾ ਕੀਤੀ ਅਤੇ ਆਸ਼ਰਮ ਦੀ ਹਰ ਛੋਟੀ-ਵੱਡੀ ਸੇਵਾ ਤਨ-ਮਨ ਨਾਲ਼ ਨਿਭਾਈ। ਯੋਗਤਾ ਅਤੇ ਮਿਹਨਤ ਦੇ ਆਧਾਰ `ਤੇ ਉਨ੍ਹਾਂ ਨੂੰ ਆਸ਼ਰਮ ਦੇ ਮੁਖੀ ਦੇ ਸਕੱਤਰ ਦੇ ਅਹਿਮ ਅਹੁਦੇ `ਤੇ ਨਿਯੁਕਤ ਕੀਤਾ ਗਿਆ। ਇਸ ਔਖੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ਼-ਨਾਲ਼ ਉਨ੍ਹਾਂ ਨੇ ਉਨ੍ਹਾਂ ਦੀਆਂ ਬੰਗਾਲੀ ਰਚਨਾਵਾਂ ਦਾ ਅੰਗਰੇਜ਼ੀ `ਚ ਅਨੁਵਾਦ ਕੀਤਾ। ਇਸ ਤਰ੍ਹਾਂ ਉਨ੍ਹਾਂ ਨੂੰ ਪ੍ਰਬੰਧਕੀ ਨਿਪੁੰਨਤਾ ਪ੍ਰਾਪਤ ਕਰਨ ਅਤੇ ਸਾਹਿਤਕ ਗਤੀਵਿਧੀਆਂ ਬਾਰੇ ਜਾਣਨ ਦਾ ਪੂਰਾ ਮੌਕਾ ਮਿਲਿਆ।
ਉਹ ਬਚਪਨ ਤੋਂ ਹੀ ਬਹੁਤ ਤੀਖਣ-ਬੁੱਧੀ ਅਤੇ ਸੁਡੋਲ ਸਰੀਰ ਵਾਲ਼ੇ ਸਨ; ਅੱਵਲ ਕਿਸਮ ਦੇ ਦੌੜਾਕ ਅਤੇ ਡੈਕਾਥਲਨ ਅਥਲੀਟ ਸਨ। ਹਰ ਤਰ੍ਹਾਂ ਦੀਆਂ ਖੇਡਾਂ ਵਿਚ ਹਿੱਸਾ ਲੈਂਦੇ ਸਨ ਅਤੇ ਲਗਾਤਾਰ 16 ਸਾਲ ਸਮੁੱਚੇ ਤੌਰ `ਤੇ ਆਸ਼ਰਮ ਦੇ ਚੈਂਪੀਅਨ ਰਹੇ। ਪੁਡੂਚੇਰੀ ਵਿਚ ਪੜ੍ਹਾਈ ਵੇਲ਼ੇ ਉਨ੍ਹਾਂ ਵਲੋਂ ਬਣਾਏ ਖੇਡਾਂ ਦੇ ਰਿਕਾਰਡ ਅੱਜ ਵੀ ਕਾਇਮ ਹਨ। ਇਸ ਤਰ੍ਹਾਂ ਉਨ੍ਹਾਂ ਨੇ ਅਧਿਆਤਮਵਾਦ ਅਤੇ ਅਥਲੈਟਿਕਸ, ਦੋਹਾਂ ਖੇਤਰਾਂ ਵਿਚ ਬਹੁਤ ਮਿਹਨਤ ਕੀਤੀ। ਇਸ ਗੱਲ ਦਾ ਉਨ੍ਹਾਂ ਦੀ ਵਿਚਾਰਧਾਰਾ `ਤੇ ਵਿਲੱਖਣ ਕਿਸਮ ਦਾ ਪ੍ਰਭਾਵ ਪਿਆ ਅਤੇ ਪੂਰੀ ਸੋਚ-ਵਿਚਾਰ ਤੋਂ ਬਾਅਦ ਉਨ੍ਹਾਂ ਨੇ ਜੀਵਨ ਦੇ ਦੋ ਮੰਤਵ ਬਣਾਏ:
ਸੰਸਾਰ ਪੱਧਰ `ਤੇ ਪੂਰਬੀ ਅਤੇ ਪੱਛਮੀ ਧਰਮਾਂ ਦੀ ਏਕਤਾ ਅਤੇ ਸਾਂਝੀਵਾਲਤਾ ਅਤੇ ਇਨਸਾਨਾਂ ਦੀ ਆਪਸੀ ਬਰਾਬਰੀ ਅਤੇ ਏਕਤਾ ਵਾਸਤੇ ਭਰਪੂਰ ਕੋਸ਼ਿਸ਼ਾਂ ਕਰਨੀਆਂ।
ਨਿਜੀ ਪੱਧਰ `ਤੇ ਅਧਿਆਤਮਵਾਦ ਅਤੇ ਸਰੀਰਕ ਸਮਰੱਥਾ, ਦੋਹਾਂ ਦੇ ਪੂਰਨ ਵਿਕਾਸ ਅਤੇ ਸੁਮੇਲ ਵਾਸਤੇ ਯਤਨਸ਼ੀਲ ਰਹਿਣਾ।
ਇਨ੍ਹਾਂ ਦੋਨਾਂ ਮੰਤਵਾਂ ਦੀ ਪ੍ਰਾਪਤੀ-ਹਿਤ ਉਹ 1964 ਵਿਚ ਅਮਰੀਕਾ ਦੇ ਮਹਾਨਗਰ ਨਿਊ ਯਾਰਕ ਆ ਗਏ। ਮੁਢਲੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੇ ‘ਸ੍ਰੀ ਚਿਨਮਇ ਕੇਂਦਰ’ ਦੀ ਸਥਾਪਨਾ ਕੀਤੀ ਅਤੇ ਨਿਊਯਾਰਕ ਵਿਚ ਆਪਣਾ ਆਸ਼ਰਮ ਖੋਲ੍ਹਿਆ। ਉਹ ਵੇਦਾਂ ਸਣੇ ਅਧਿਆਤਮਵਾਦ ਦੇ ਗਿਆਤਾ, ਕਲਾਕਾਰ, ਕਵੀ ਅਤੇ ਸੰਗੀਤਕਾਰ ਹੋਣ ਦੇ ਨਾਲ਼-ਨਾਲ਼ ਬਹੁਤ ਪ੍ਰਤਿਭਾਸ਼ਾਲੀ ਲੇਖਕ ਅਤੇ ਬੁਲਾਰੇ ਸਨ। ਉਨ੍ਹਾਂ ਨੇ ਅਮਰੀਕਾ ਦੇ ਪੰਜਾਹ ਰਾਜਾਂ ਦੀਆਂ 270 ਤੋਂ ਵੱਧ ਯੂਨੀਵਰਸਿਟੀਆਂ ਅਤੇ ਆਕਸਫੋਰਡ ਅਤੇ ਕੈਂਬਰਿਜ ਸਣੇ ਯੂ.ਕੇ, ਆਇਰਲੈਂਡ, ਫਰਾਂਸ ਅਤੇ ਸਵਿਟਜ਼ਰਲੈਂਡ ਦੀਆਂ 115 ਤੋਂ ਵੱਧ ਯੂਨੀਵਰਸਿਟੀਆਂ ਵਿਚ ਲੈਕਚਰ ਦਿੱਤੇ। ਇਨ੍ਹਾਂ ਲੈਕਚਰਾਂ ਦੇ ਆਧਾਰ `ਤੇ ‘ਪੂਰਬੀ ਦਿਲ ਅਤੇ ਪੱਛਮੀ ਮਨ ਦੀ ਏਕਤਾ’ ਦੇ ਨਾਂ ਦਾ ਸੰਗ੍ਰਹਿ ਛਪਵਾਇਆ ਗਿਆ, ਜਿਸ ਰਾਹੀਂ ਉਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਮਨੁੱਖ ਦੀ ਅਸੀਮ ਆਤਮਿਕ ਪਹੁੰਚ ਅਤੇ ਅਣ-ਕਿਆਸੀ ਸਰੀਰਕ ਸਮਰੱਥਾ ਦਾ ਸੁਨੇਹਾ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਅਧਿਆਤਮਵਾਦ ਨੂੰ ਸਰਲ ਅਤੇ ਰੋਜ਼ਮਰਾ ਜੀਵਨ `ਚ ਵਿਹਾਰਕ ਅਤੇ ਅਮਲ-ਯੋਗ ਬਣਾਇਆ। ਉਨ੍ਹਾਂ ਦੀ ਵਡਿਆਈ ਇਸ ਗੱਲ ਵਿਚ ਹੈ ਕਿ ਇਸ ਵਾਸਤੇ ਉਨ੍ਹਾਂ ਨੇ ਸਿਰਫ ਪ੍ਰਚਾਰ ਹੀ ਨਹੀਂ ਕੀਤਾ ਬਲਕਿ ਖ਼ੁਦ ਅਮਲੀ ਤੌਰ `ਤੇ ਆਪਣੇ ਅਨੁਯਾਈਆਂ ਦੇ ਰੋਲ-ਮਾਡਲ ਬਣੇ।
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸ੍ਰੀ ਚਿਨਮਇ ਦਾ ਕਥਨ ਹੈ ਕਿ ਉਹ ਇੱਕ ਮਹਾਨ ਸਤਿਗੁਰੂ ਸਨ ਅਤੇ ਉਨ੍ਹਾਂ ਦੀ ਸਰਵੋਤਮ ਅਧਿਆਤਮਕ ਪ੍ਰਾਪਤੀ ਦੀ ਕਥਾ ਬਹੁਤ ਦਿਲ-ਟੁੰਬਵੀਂ ਹੈ। ਉਨ੍ਹਾਂ ਦੀਆਂ ਲਿਖਤਾਂ ਵਿਚ ਗੁਰੂ ਸਾਹਿਬ ਦੇ ਸੱਚੇ ਸੌਦੇ ਅਤੇ ਮੰਦੇ ਬੰਦਿਆਂ ਦੇ ਪਿੰਡ ਨੂੰ ਵਸਦੇ ਰਹਿਣ ਅਤੇ ਚੰਗਿਆਂ ਦੇ ਨੂੰ ਉੱਜੜ ਜਾਣ ਦੇ ਬਚਨਾਂ ਦਾ ਜਿ਼ਕਰ ਮਿਲਦਾ ਹੈ। ਉਹ ਗੁਰੂ ਸਾਹਿਬ ਦੇ ਬਚਨਾਂ ਦੀ ਰਮਜ਼ ਨੂੰ ਸਮਝਾਉਂਦੇ ਹਨ ਕਿ ਅਸੀਂ ਇਨ੍ਹਾਂ ਦੀ ਸਚਾਈ ਨੂੰ ਤਦ ਹੀ ਸਮਝ ਸਕਾਂਗੇ ਜਦ ਆਪਣੇ ਅੰਦਰ ਝਾਤੀ ਮਾਰਾਂਗੇ। ਉਨ੍ਹਾਂ ਦੀ ਸਿੱਖਿਆ ਹੈ ਕਿ ਮਨੁੱਖੀ ਕਾਇਆ-ਕਲਪ ਦੁਨਿਆਵੀ ਤਿਆਗ ਜਾਂ ਸੰਸਾਰ ਤੋਂ ਵਿਰਕਤ ਹੋ ਕੇ ਨਹੀਂ ਹੋ ਸਕਦਾ। ਇਹ ਸਹਿਜ ਅਵਸਥਾ ਅਤੇ ਭਰੋਸੇ ਰਾਹੀਂ ਇਸ ਸੰਸਾਰ `ਚ ਵਿਚਰਦਿਆਂ ਸ਼ੁਭ ਅਤੇ ਨਿਸ਼ਕਾਮ ਕਰਮਾਂ ਦੀ ਪੂਰਤੀ ਨਾਲ਼ ਹੋ ਸਕੇਗਾ। ਇਹ ਅਵਸਥਾ ਪਰਮਾਤਮਾ ਦੇ ਭਾਣੇ (ਵਿਲ ਔਫ ਗੌਡ) `ਚ ਰਹਿਣਾ ਸਿੱਖ ਕੇ ਹੀ ਪ੍ਰਾਪਤ ਹੋ ਸਕਦੀ ਹੈ। ਅਸਲ `ਚ ਅਧਿਆਤਮਵਾਦੀ ਉਹ ਹੈ, ਜਿਸ ਦੀ ਕਹਿਣੀ ਅਤੇ ਕਰਨੀ ਵਿਚ ਰੱਤੀ ਭਰ ਫਰਕ ਵੀ ਨਾ ਹੋਵੇ। ਪਰਮਾਤਮਾ ਨੂੰ ਮਿਲਣ ਦੀ ਸਹੀ ਥਾਂ ਸਾਡਾ ਮਨ ਹੈ ਅਤੇ ਉਸ ਦੀ ਸੇਵਾ ਮਨੁੱਖਤਾ ਦੀ ਸੇਵਾ ਰਾਹੀਂ ਹੀ ਹੋ ਸਕਦੀ ਹੈ। ਇਹ ਸਿੱਖਿਆਵਾਂ ਸਿੱਖ ਫ਼ਲਸਫ਼ੇ ਦੇ ਅਨੁਸਾਰ ਹਨ।
ਉਨ੍ਹਾਂ ਦੀ ਪ੍ਰਸਿੱਧੀ ਸੁਣ ਕੇ ਉਸ ਵਕਤ ਦੇ ਸਕੱਤਰ-ਜਨਰਲ ਯੂ.ਥਾਂਤ ਨੇ ਉਨ੍ਹਾਂ ਨੂੰ ਹਫ਼ਤੇ `ਚ ਦੋ ਵਾਰ ਯੂ.ਐੱਨ ਦੇ ਡੈਲੀਗੇਟਾਂ, ਸਟਾਫ਼-ਮੈਂਬਰਾਂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਧਰਮ-ਨਿਰਪੱਖ ਸ਼ਾਂਤੀ-ਸਾਧਨਾ ਬਾਰੇ ਲੈਕਚਰ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ 1970 ਤੋਂ ਆਪਣੇ ਮਹਾਂ-ਸਮਾਧੀ ਧਾਰਨ ਕਰਨ ਤੱਕ ਅਰਥਾਤ 37 ਸਾਲ ਨੇਮ ਨਾਲ਼ ਇਸ ਦਾ ਆਯੋਜਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਯੂ.ਐੱਨ ਦਾ ਆਦਰਸ਼ ਵਿਸ਼ਵ-ਸ਼ਾਂਤੀ ਅਤੇ ਵਿਸ਼ਵ-ਭਾਈਚਾਰਾ ਹੈ ਅਤੇ ਇਸ ਦਾ ਮੰਤਵ ਸੰਸਾਰ ਇੱਕ ਪਰਿਵਾਰ ਅਤੇ ਸਰਬ-ਸਾਂਝੀਵਾਲਤਾ ਹੈ। ਉਹ ਕਿਹਾ ਕਰਦੇ ਸਨ ਕਿ ਸ਼ਾਂਤੀ ਦਾ ਮਤਲਬ ਇਕੱਲਾ ਜੰਗਾਂ-ਯੁੱਧਾਂ ਦੀ ਅਣਹੋਂਦ ਨਹੀਂ, ਸਗੋਂ ਇਸ ਤੋਂ ਕਿਤੇ ਵੱਧ ਇੱਕਸੁਰਤਾ, ਪ੍ਰੇਮ, ਸਬਰ-ਸੰਤੋਖ ਅਤੇ ਅਨੇਕਤਾ ਵਿਚ ਏਕਤਾ ਦਾ ਸੁਮੇਲ ਹੈ।
ਉਨ੍ਹਾਂ ਨੂੰ 1993 `ਚ ਸਿ਼ਕਾਗੋ ਵਿਚ ਹੋਈ ਦੂਜੀ ‘ਵਿਸ਼ਵ-ਧਰਮ ਪਾਰਲੀਮੈਂਟ’ ਦੇ ਉਦਘਾਟਨ ਦੇ ਆਰੰਭ ਤੋਂ ਪਹਿਲਾਂ ਦੀ ‘ਮੌਨ-ਪ੍ਰਾਰਥਨਾ’ ਕਰਨ ਦਾ ਮਾਣ ਦਿੱਤਾ ਗਿਆ ਅਤੇ 2004 ਦੀ ਬਾਰਸੀਲੋਨਾ ਪਾਰਲੀਮੈਂਟ `ਚ ਫਿਰ ਉਨ੍ਹਾਂ ਨੂੰ ਇਹ ਮਾਣ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਇਹ ‘ਪਾਰਲੀਮੈਂਟ’ ਸੰਸਾਰ ਦੇ ਧਾਰਮਿਕ ਅਤੇ ਅਧਿਆਤਮਕ ਲੀਡਰਾਂ ਦਾ ਸਭ ਤੋਂ ਵੱਡਾ ‘ਇਕੱਠ’ ਹੈ, ਜੋ ਪਹਿਲੀ ਵਾਰ 1893 ਵਿਚ ਸਿ਼ਕਾਗੋ ਵਿਚ ਹੋਇਆ ਸੀ। ਇਸ ਪਹਿਲੀ ਪਾਰਲੀਮੈਂਟ ਵਿਚ ਮਹਾਨ ਸਵਾਮੀ ਵਿਵੇਕਾਨੰਦ ਜੀ ਨੇ ਹਿੰਦੂ ਧਰਮ ਦੀ ਨੁਮਾਇੰਦਗੀ ਕੀਤੀ ਸੀ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਹੁਣ ਤਕ ਇਸ ਦੇ ਸਿਰਫ ਅੱਠ ‘ਇਕੱਠ’ ਹੋਏ ਹਨ ਅਤੇ ਆਖਰੀ 2021 ਵਿਚ ‘ਵਰਚੂਅਲ’ ਹੋਇਆ ਸੀ।
ਉਨ੍ਹਾਂ ਨੇ ‘ਯੂ.ਥਾਂਤ ਸ਼ਾਂਤੀ ਪੁਰਸਕਾਰ’ ਸਥਾਪਿਤ ਕੀਤਾ, ਜੋ ਅਧਿਆਤਮਵਾਦ ਦੇ ਉੱਚ-ਆਦਰਸ਼ਾਂ ਅਨੁਸਾਰ ਵਿਸ਼ਵ-ਸ਼ਾਂਤੀ ਵਾਸਤੇ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਵਾਲ਼ੀ ਹਸਤੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਸਵੀਕਾਰ ਕਰ ਚੁੱਕੀਆਂ ਹਸਤੀਆਂ ਵਿਚ ਪੋਪ ਜੌਹਨ ਪਾਲ ਦੂਜੇ, ਮਿਖਾਇਲ ਗੋਰਬਾਚੇਵ, ਨੈਲਸਨ ਮੰਡੇਲਾ, ਮਦਰ ਟੈਰੇਸਾ, ਦਲਾਈ ਲਾਮਾ, ਡੈੱਸਮੰਡ ਟੂਟੂ ਅਤੇ ਯੂ.ਐੱਨ ਦੇ ਸਾਰੇ ਸਾਬਕਾ ਸਕੱਤਰ-ਜਨਰਲ ਸ਼ਾਮਲ ਹਨ।
ਆਪਣੇ ਸਫਰ ਦੇ ਸਮੇਂ ਦੌਰਾਨ ਉਹ ਚਿੱਤਰ ਬਣਾਉਂਦੇ ਜਾਂ ਕਵਿਤਾਵਾਂ ਲਿਖਦੇ ਰਹਿੰਦੇ ਸਨ ਖਾਸ ਕਰਕੇ ਉੱਡ ਰਹੇ ਆਜ਼ਾਦ ਪੰਛੀਆਂ ਦੇ। ਇਸ ਤਰ੍ਹਾਂ ਉਨ੍ਹਾਂ ਨੇ ਛੋਟੇ-ਵੱਡੇ ਲੱਖਾਂ ਚਿੱਤਰ ਬਣਾਏ। ਉਨ੍ਹਾਂ ਵਲੋਂ ਬਣਾਏ ਚਿੱਤਰ ਸੰਸਾਰ ਪ੍ਰਸਿੱਧ ਵਿਕਟੋਰੀਆ ਅਤੇ ਐਲਬਰਟ ਨੁਮਾਇਸ਼, ਯੂ.ਐੱਨ. ਦੇ ਮੁੱਖ ਦਫਤਰ, ਪੈਰਿਸ, ਓਟਾਵਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਕਰੇਨ ਦੇ ਨੁਮਾਇਸ਼-ਘਰਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਬਚਪਨ ਵਿਚ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ। ਗੀਤਕਾਰ ਵਜੋਂ ਉਨ੍ਹਾਂ ਨੇ ਬੰਗਾਲੀ, ਅੰਗਰੇਜ਼ੀ, ਸੰਸਕ੍ਰਿਤ ਅਤੇ ਫ੍ਰਾਂਸੀਸੀ ਵਿੱਚ 23,000 ਗੀਤ ਲਿਖੇ। ਸੰਗੀਤਕਾਰ ਵਜੋਂ ਉਨ੍ਹਾਂ ਨੇ ਸੈਂਕੜੇ ਜਗ੍ਹਾ `ਤੇ ਪ੍ਰੋਗਰਾਮ ਦਿੱਤੇ। ਸੰਗੀਤਕਾਰ ਹੋਣ ਦੇ ਨਾਤੇ ਉਹ ਪੱਛਮੀ ਸੰਗੀਤਕਾਰਾਂ ਨੂੰ ਨਸ਼ੇ ਅਤੇ ਸ਼ਰਾਬ ਰਹਿਤ ਅਤੇ ਨੈਤਿਕ ਕਦਰਾਂ-ਕੀਮਤਾਂ ਵਾਲ਼ਾ ਜੀਵਨ ਗ੍ਰਹਿਣ ਕਰਨ `ਤੇ ਜੋ਼ਰ ਦਿੰਦੇ ਸਨ।
ਉਹ ਕਈ ਪ੍ਰਕਾਰ ਦੀਆਂ ਖੇਡਾਂ ਵਿਚ ਨਿਪੁੰਨ, ਸਰੀਰਕ ਪੱਖੋਂ ਬਹੁਤ ਤਕੜੇ, ਪ੍ਰਸਿੱਧ ਅਥਲੀਟ, ‘ਵੇਟ-ਲਿਫਟਰ’ ਅਤੇ ਲੰਬੀ-ਦੂਰੀ ਦੇ ਦੌੜਾਕ ਸਨ। ਉਨ੍ਹਾਂ ਨੇ 22 ਮੈਰਾਥਨਾਂ ਅਤੇ ਪੰਜ ਅਲਟਰਾ-ਮੈਰਾਥਨਾਂ ਪੂਰੀਆਂ ਕੀਤੀਆਂ। ਵੱਡੀ ਉਮਰ `ਚ ਗੋਡੇ ਦੀ ਸੱਟ ਤੋਂ ਬਾਅਦ ਉਨ੍ਹਾਂ ਨੇ ਦੌੜਾਂ ਦੀ ਬਜਾਇ ਭਾਰ ਚੁੱਕਣ ਦੀ ਕਸਰਤ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਅਨੇਕਾਂ ਕਿਸਮ ਦੀਆਂ ਸਰੀਰਕ ਗਤੀਵਿਧੀਆਂ, ਦੌੜਾਂ, ਮਹਾਂ-ਦੌੜਾਂ ਅਤੇ ਹੋਰ ਖੇਡ-ਮੁਕਾਬਲਿਆਂ ਦੀ ਸਥਾਪਨਾ ਕੀਤੀ।
ਉਨ੍ਹਾਂ ਵਲੋਂ 1987 ਵਿਚ ਸ਼ੁਰੂ ਕੀਤੀ ਗਈ ਵਿਸ਼ਵ-ਵਿਆਪੀ ‘ਰਿਲੇਅ’ ਸ਼ਾਂਤੀ-ਦੌੜ ਅੱਜ ਤਕ ਜਾਰੀ ਹੈ, ਜੋ ਹੁਣ ਤਕ 155 ਦੇਸ਼ਾਂ ਵਿਚੋਂ ਲੰਘ ਚੁੱਕੀ ਹੈ ਅਤੇ ਜਿਸ ਵਿਚ 70 ਲੱਖ ਲੋਕ ਭਾਗ ਲੈ ਚੁੱਕੇ ਹਨ। ਅੱਜ ਕੱਲ੍ਹ (6 ਦਸੰਬਰ ਤੋਂ) ਇਹ ਪੁਰਤਗਾਲ ਵਿਚ ਦੌੜੀ ਜਾ ਰਹੀ ਹੈ। ਕਈ ਮਹਾ-ਦੌੜਾਂ (‘ਅਲਟਰਾ-ਮੈਰਾਥਨਜ਼’) ਅਤੇ ਬਹੁ-ਦਿਵਸੀ (‘ਮਲਟੀ-ਡੇਅ’) ਦੌੜਾਂ ਦੀ ਨੀਂਹ ਰੱਖੀ। ਇਨ੍ਹਾਂ ਵਿਚੋਂ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਵਿਲੱਖਣ 1997 ਵਿਚ ਸ਼ੁਰੂ ਕੀਤੀ ਗਈ ‘ਸ੍ਰੀ ਚਿਨਮਇ ਸਵੈ-ਸਾਧਨਾ ਮਹਾ-ਦੌੜ’ ਹੈ। ਨਿਊ ਯਾਰਕ ਟਾਈਮਜ਼ ਵਲੋਂ ‘ਮਹਾ-ਦੌੜਾਂ ਦੀ ਐਵਰੈਸਟ’ ਗਰਦਾਨੀ ਗਈ ਇਹ ਦੌੜ ਦੁਨੀਆ ਦੀ ਸਭ ਤੋਂ ਲੰਬੀ, ਪ੍ਰਮਾਣਿਤ ਅਤੇ ਔਖੀ ਮਹਾ-ਦੌੜ ਹੈ। 5,000 ਕਿਲੋਮੀਟਰ (3,100 ਮੀਲ) ਦੀ ਇਹ ਸਾਲਾਨਾ ਮਹਾ-ਦੌੜ ਹਰ ਸਾਲ ਸਤੰਬਰ-ਅਕਤੂਬਰ ਵਿਚ ਅਮਰੀਕਾ ਦੇ ਨਿਊ ਯਾਰਕ ਵਿਚ ਦੌੜੀ ਜਾਂਦੀ ਹੈ। ਪਿਛਲੇ ਸਾਲ ਸਤੰਬਰ ਵਿਚ ਇਸ ਦੀ 25ਵੀਂ ਬਰਸੀ ਸੀ।
ਮੰਨਿਆ ਜਾਂਦਾ ਹੈ ਕਿ 2003 ਵਿਚ ਰਾਈਟ-ਭਰਾਵਾਂ (ਹਵਾਈ ਜਹਾਜ਼ਾਂ ਦੇ ਆਵਿਸ਼ਕਾਰੀ) ਦੇ ਸ਼ਤਾਬਦੀ ਸਮਾਰੋਹ `ਤੇ ਉਨ੍ਹਾਂ ਨੇ 123 ਪਾਇਲਟਾਂ ਨੂੰ ਇਕੱਠੇ ਚੁੱਕਣ ਦਾ ਅਨੂਠਾ ਕਾਰਨਾਮਾ ਕੀਤਾ।
1977 `ਚ ‘ਸ੍ਰੀ ਚਿਨਮਇ ਮੈਰਾਥਨ ਟੀਮ’ ਦੀ ਸਥਾਪਨਾ ਕੀਤੀ ਗਈ, ਜਿਹੜੀ ਅੱਜ ਤਕ ਸਾਰੇ ਸੰਸਾਰ ਵਿਚ ਦੌੜਾਂ, ਤੈਰਾਕੀ ਅਤੇ ਸਾਈਕਲ-ਰੇਸਾਂ ਕਰਵਾਉਂਦੀ ਹੈ। ਇਸ ਟੀਮ ਦੇ ਮੈਂਬਰ ਪਹਾੜਾਂ ਦੀ ਚੜ੍ਹਾਈ, ਲੰਬੀਆਂ ਸਾਈਕਲ-ਰੇਸਾਂ, ਇੰਗਲਿਸ਼ ਚੈਨਲ ਪਾਰ ਕਰਨਾ ਆਦਿ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ `ਸਵੈ-ਸਾਧਨਾ ਹੀ ਸੱਚੇ ਅਨੰਦ ਦੀ ਪ੍ਰਾਪਤੀ ਦਾ ਇੱਕੋ-ਇੱਕ ਸਾਧਨ ਹੈ। ਇਸ ਵਾਸਤੇ ਲੰਬੀ ਦੂਰੀ ਦੀਆਂ ਦੌੜਾਂ ਸਾਧਕਾਂ ਦੀ ਬਹੁਤ ਸਹਾਇਤਾ ਕਰਦੀਆਂ ਹਨ ਭਾਵੇਂ ਇਸ ਵਿਚ ਉਨ੍ਹਾਂ ਨੂੰ ਕਿੰਨੀਆਂ ਵੀ ਔਕੜਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ। ਅੰਤ ਨੂੰ ਜਦੋਂ ਦੌੜ ਸਮਾਪਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਸ ਮਹਾਨ ਪ੍ਰਾਪਤੀ ਦਾ ਅਨੁਭਵ ਹੁੰਦਾ ਹੈ`। ਸ੍ਰੀ ਚਿਨਮੋਇ ਦਾ ਭਰੋਸਾ ਸੀ ਕਿ ਖੇਡਾਂ ਸੰਸਾਰ ਵਿਚ ਇੱਕ-ਸੁਰਤਾ ਦਾ ਸਫਲ ਸਾਧਨ ਹਨ। ਉਹ ‘ਤੰਦਰੁਸਤ ਸਰੀਰ ਅੰਦਰ ਤੰਦਰੁਸਤ ਮਨ’ ਦੇ ਆਦਰਸ਼ ਦੇ ਹਾਮੀ ਸਨ।
ਉਹ ਇੱਕ ਐਸੇ ਸ਼ਾਂਤੀ-ਦੂਤ ਬਣੇ, ਜਿਨ੍ਹਾਂ ਨੇ ਸਮੇਂ ਦੀ ਲੋੜ ਅਨੁਸਾਰ ਪੂਰਬੀ ਅਧਿਆਤਮਵਾਦ ਅਤੇ ਪੱਛਮੀ ਜੋਸ਼ ਅਤੇ ਉਤਸ਼ਾਹ ਦਾ ਸੰਤੁਲਿਤ ਸੁਮੇਲ ਬਣਾਇਆ। ਮਿ. ਗੈਰੀ ਐਕਰਮੈਨ ਅਨੁਸਾਰ, `ਸ੍ਰੀ ਚਿਨਮਇ ਨੇ ਆਪਣੀ ਜਨਮ-ਭੂਮੀ ਭਾਰਤ ਦੀਆਂ ਅਧਿਆਤਮਕ ਰਹੁ-ਰੀਤਾਂ ਅਤੇ ਅਮਰੀਕਨ ਉੱਦਮ ਅਤੇ ਜੋਸ਼ ਦੇ ਸਹੀ ਸੁਮੇਲ ਰਾਹੀਂ ਮਨੁੱਖਤਾ ਦੀ ਭਰਪੂਰ ਸੇਵਾ ਕੀਤੀ ਹੈ`। ਇਸ ਮੰਤਵ ਨਾਲ਼ ਉਨ੍ਹਾਂ ਨੇ ਸਾਧਨਾ-ਕੇਂਦਰ ਖੋਲ੍ਹੇ ਅਤੇ ਅੱਜ ਅਮਰੀਕਾ ਸਣੇ ਸੰਸਾਰ ਦੇ 70 ਦੇਸ਼ਾਂ ਵਿਚ ਇਸ ਤਰ੍ਹਾਂ ਦੇ ਕੇਂਦਰ ਕੰਮ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਬਹੁ-ਪੱਖੀ ਅਤੇ ਉਚ-ਪੱਧਰੀ ਸੇਵਾਵਾਂ ਸਦਕਾ, ਸ੍ਰੀ ਚਿਨਮਇ, ਉਨ੍ਹਾਂ ਨੂੰ ਮਿਲੇ ਮਾਨਾਂ-ਸਨਮਾਨਾਂ ਦੇ ਪੂਰੇ ਹੱਕਦਾਰ ਸਨ। ਅਧਿਆਤਮਵਾਦ ਦੇ ਇਤਿਹਾਸ ਵਿਚ ਇਹ ਇੱਕ ਵਿਲੱਖਣ ਉਦਾਹਰਨ ਹੈ ਕਿ ਅਧਿਆਤਮਿਕ ਗੁਰੂ ਮੰਨੇ ਜਾਣ ਦੇ ਨਾਲ਼-ਨਾਲ਼ ਉਹ ਪ੍ਰਸਿੱਧ ਐਥਲੀਟ ਸਨ। ਚੋਟੀ ਦੇ ਇਸ ਮਹਾਨ ਪੁਰਖ ਦੀ ਜੀਵਨੀ ਅਤੇ ਸਿੱਖਿਆਵਾਂ ਤੋਂ ਉਤਸ਼ਾਹ ਲੈ ਕੇ ਆਪੋ-ਆਪਣੇ ਜੀਵਨ ਦਾ ਸਮੁੱਚਾ ਅਤੇ ਸੰਤੁਲਿਤ ਵਿਕਾਸ ਕਰਨਾ ਸਭ ਦਾ ਹੱਕ ਅਤੇ ਫਰਜ਼ ਹੈ।