ਸੁਰਿੰਦਰ ਨੀਰ ਦੀ ‘ਮਾਇਆ’ ਬਨਾਮ ਜ਼ਿੰਦਗੀ ਦਾ ਜਸ਼ਨ (2)
ਜੰਮੂ ਵੱਸਦੀ ਪੰਜਾਬੀ ਸਾਹਿਤਕਾਰ ਸੁਰਿੰਦਰ ਨੀਰ ਦੇ ਵੱਡ-ਆਕਾਰੀ ਨਾਵਲ ‘ਮਾਇਆ’ ਨੇ ਪੰਜਾਬੀ ਸਾਹਿਤ ਜਗਤ ਵਿਚ ਚੋਖੀ ਹਲਚਲ ਮਚਾਈ ਹੈ। ਹਰ ਬੁੱਧੀਜੀਵੀ ਅਤੇ ਪਾਠਕ ਨੇ ਇਸ ਨਾਵਲ ਦੇ ਟੈਕਸਟ ਦੇ ਵੱਖ-ਵੱਖ ਅਰਥ ਸਿਰਜਣ ਦਾ ਯਤਨ ਕੀਤਾ ਹੈ। ਸਾਹਿਤ ਜਗਤ ਵਿਚ ਚਿਰਾਂ ਬਾਅਦ ਅਜਿਹੀ ਰਚਨਾ ਸਾਹਮਣੇ ਆਈ ਹੈ ਜਿਸ ਬਾਰੇ ਇਸ ਤਰ੍ਹਾਂ ਦੀ ਚਰਚਾ ਹੋਈ ਹੈ। ਮੋਟੇ ਤੌਰ ‘ਤੇ ਤਾਂ ਇਸ ਰਚਨਾ ਦਾ ਸਵਾਗਤ ਹੀ ਹੋਇਆ ਹੈ, ਪਰ ਕੁਝ ਪਾਠਕਾਂ/ਬੁੱਧੀਜੀਵੀਆਂ ਨੇ ਇਸ ਨਾਵਲ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਹੈ। ਇਸ ਨਾਵਲ ਬਾਰੇ ‘ਪੰਜਾਬ ਟਾਈਮਜ਼’ ਦੇ ਖੈਰ-ਖਵਾਹ ਅਤੇ ਮਿੱਤਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ਲਿਖਿਆ ਹੈ। ਇਹ ਲੇਖ ਨਿਰਾ-ਪੁਰਾ ਇਸ ਨਾਵਲ ਬਾਰੇ ਹੀ ਨਹੀਂ, ਬਲਕਿ ਇਸ ਵਿਚ ਸੰਸਾਰ ਸਾਹਿਤ ਦੀਆਂ ਉਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਹੜੀਆਂ ਜ਼ਿੰਦਗੀ ਨੂੰ ਸਮਝਣ/ਸਮਝਾਉਣ ਲਈ ਕਹਿੰਦੇ-ਕਹਾਉਂਦੇ ਲੇਖਕਾਂ ਨੇ ਵੱਖ-ਵੱਖ ਸਮਿਆਂ ਵਿਚ ਆਪਣੀਆਂ ਲਿਖਤਾਂ ਦਾ ਹਿੱਸਾ ਬਣਾਈਆਂ ਸਨ। -ਸੰਪਾਦਕ
ਗੁਰਦਿਆਲ ਸਿੰਘ ਬੱਲ
‘ਮਾਇਆ’ ਨਾਵਲ ਵਿਚ ਨਾਇਕਾ ਬਲਬੀਰ ਕੌਰ ਦੀ ਤਲਾਸ਼ ਦੇ ਅਨੇਕਾਂ ਪਹਿਲੂ ਹਨ, ਪਰ ਸਾਹਿਬਜੀਤ ਨਾਲ ਉਸ ਦਾ ਰਿਸ਼ਤਾ, ਉਸ ਦੁਆਰਾ ਤਾਬਿੰਦਾ ਤੇ ਸੂਖਮ ਦੇ ਰੂਪ ਵਿਚ ਦੋ ‘ਕਵਿਤਾਵਾਂ’ ਦੀ ਲੱਭਤ ਅਤੇ ਅਮਰੀਕਾ ਵਿਚ ਵਰਮੌਂਟ ਹੱਟ ਵਾਲੇ ਪੜਾਅ ਤੋਂ ਬਾਅਦ ਮੈਕਲੋਡਗੰਜ ਵਿਚ ਐਲੈਕਸ ਬੋਹਿਮ, ਉਰਫ ਗੁਰੂ ਸਿਧਾਰਥ ਨਾਲ ਲੰਮੇ ਅਤੇ ਬੜੇ ਹੀ ਦਿਲਚਸਪ ਤੁਆਰਫ ਦੀ ਵਿਸ਼ੇਸ਼ ਅਹਿਮੀਅਤ ਹੈ। ਦਰਅਸਲ ਸੁਰਿੰਦਰ ਨੀਰ ਦੇ ਇਸ ਬਹੁਪਰਤੀ ਨਾਵਲ ਦੀ ਇਕ ਇਕ ਪਰਤ ਉਪਰ ਪੂਰੀ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ।
ਐਲੇਕਸ ਬੋਹਿਮ ਅਮਰੀਕਾ ਦਾ ਉਘਾ ਵਿਗਿਆਨੀ ਆਧੁਨਿਕ ਫਿਜ਼ਿਕਸ ਦੇ ਖੇਤਰ ਵਿਚ ਤਕੜਾ ਨਾਮਣਾ ਖੱਟਣ ਤੋਂ ਬਾਅਦ ਆਪਣੀ ਖੋਜ ਨੂੰ ਨਵੀਂ ਦਿਸ਼ਾ ਦੇਣ ਖਾਤਰ ਭਾਰਤੀ ਅਧਿਆਤਮਵਾਦ, ਖਾਸ ਕਰ ਕੇ ਬੁਧ ਮੱਤ, ਹਿੰਦੂ ਮੱਤ ਅਤੇ ਤਾਓਇਜ਼ਮ ਦੇ ਅਧਿਐਨ ਲਈ ਮੈਕਲੋਡਗੰਜ ਪੁੱਜਾ ਹੋਇਆ ਹੈ। ਮਾਇਆ ਦੀ ਉਸ ਨਾਲ ਮੁਢਲੀ ਗੁਫਤਗੂ ਇਸ ਪ੍ਰਕਾਰ ਹੈ, “ਮੈਂ ਸਾਇੰਸ ਤੇ ਰਹੱਸਵਾਦ ਵਿਚਕਾਰਲੇ ਉਸ ਸੂਖਮ ਰਿਸ਼ਤੇ ਨੂੰ ਜਾਣਨ ਅਤੇ ਸਮਝਣ ਲਈ ਭਾਰਤ ਵਿਚ ਥਾਂ-ਥਾਂ ਭਟਕਦਾ ਆਖਰ ਇਥੇ ਆ ਪੁੱਜਾ ਜਿਥੇ ਸਚਮੁਚ ਹੀ ਕਣ-ਕਣ ਵਿਚ ਰਹੱਸ ਛੁਪਿਆ ਹੁੰਦਾ ਹੈ। ਅਨੋਖੀ ਸ਼ਾਂਤੀ ਅਤੇ ਅਨੰਦ ਦਾ ਅਹਿਸਾਸ਼ææ।”
“ਕੀ ਸੱਚਮੁਚ ਇਥੇ ਆ ਕੇ ਤੁਹਾਨੂੰ ਉਸ ਸ਼ਾਂਤੀ ਅਤੇ ਅਨੰਦ ਦੀ ਪ੍ਰਾਪਤੀ ਹੋ ਗਈ ਗੁਰੂ ਸਿਧਾਰਥ, ਜਿਸ ਦੀ ਤਲਾਸ਼ ਵਿਚ ਤੁਸੀਂ ਸਾਰੀ ਦੁਨੀਆਂ ਗਾਹ ਕੇ ਇਥੇ ਪੁੱਜੇ ਸੀ।” ਮਾਇਆ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਗੁਰੂ ਜੀ ਕੁਝ ਪਲ ਖਾਮੋਸ਼ ਰਹਿ ਕੇ ਬੋਲੇ, “ਇਹ ਸ਼ਾਂਤੀ, ਅਨੰਦ, ਭਟਕਣ ਤੇ ਟਿਕਾਅ ਸਭ ਕੁਝ ਦਰਅਸਲ ਇਨਸਾਨ ਦੇ ਅੰਦਰ ਹੀ ਹੁੰਦਾ ਹੈ। ਇਹ ਇਨਸਾਨ ਦੀ ਮਾਨਸਿਕ ਸਥਿਤੀ ਉਤੇ ਮੁਨੱਸਰ ਹੈ। ਇਹ ਗੱਲ ਦਾਅਵੇ ਨਾਲ ਕਹਿ ਦੇਣੀ ਕਿ ਹੁਣ ਮੈਂ ਸਕੂਨ ਵਿਚ ਹਾਂ, ਕਿਉਂਕਿ ਮੇਰੀ ਭਟਕਣ ਨੂੰ ਟਿਕਾਅ ਆ ਗਿਆ ਹੈ, ਗਲਤ ਹੈ। ਟਿਕਾਅ ਵਿਚ ਵੀ ਭਟਕਣ ਹੈ ਅਤੇ ਭਟਕਣ ਵਿਚ ਹੀ ਟਿਕਾਅæææ।” ਗੁਰੂ ਜੀ ਇਧਰ ਮਨ ਦੇ ਟਿਕਾਅ ਦੀ ਗੱਲ ਕਰ ਹੀ ਰਹੇ ਸਨ, ਉਧਰ ਕੁਦਰਤ ਮੌਸਮ ਦਾ ਟਿਕਾਅ ਡਾਵਾਂਡੋਲ ਕਰਨ ਲਈ ਗੜਗੜਾਹਟ ਨਾਲ ਬਿਜਲੀ ਪੈਦਾ ਕਰ ਦਿੰਦੀ ਹੈ ਤੇ ਸਾਰਾ ਜੰਗਲ ਗਹਿਰੇ ਹਨੇਰੇ ਵਿਚ ਡੁੱਬ ਜਾਂਦਾ ਹੈ।
—
“ਅੱਜ ਤਾਂ ਬੜੀ ਦੇਰ ਹੋ ਗਈ। ਵਕਤ ਦਾ ਪਤਾ ਹੀ ਨਹੀਂ ਲੱਗਾ।” ਗੁਰੂ ਸਿਧਾਰਥ ਨੇ ਚਾਰੇ ਪਾਸੇ ਫੈਲ ਚੁੱਕੇ ਹਨੇਰੇ ਵੱਲ ਵੇਖਦਿਆਂ ਕਿਹਾ ਤਾਂ ਮਾਇਆ ਹੱਸ ਪੈਂਦੀ ਹੈ।
ਇਸ ਤੋਂ ਬਾਅਦ ਨਾਵਲ ਦੇ ਪੰਨਾ 961-62 ਉਪਰ ਬਲਬੀਰ ਦੇ ਗੁਰੂ ਸਿਧਾਰਥ ਨਾਲ ਦੂਜੇ ਸੰਪਰਕ ਵਿਚ ਤਾਂ ਸੁਰਿੰਦਰ ਨੀਰ ਨੇ ਕਮਾਲ ਕੀਤਾ ਹੋਇਆ ਹੈ। ਵਿਸ਼ਾਲ ਆਡੀਟੋਰੀਅਮ ਵਿਚ ਗੁਰੂ ਜੀ ਜੀਵਨ ਦੇ ਭੇਤ ਸਮਝਾਉਣ ਲਈ ਪੂਰੇ ਜਾਹੋ-ਜਲਾਲ ਵਿਚ ਲੈਕਚਰ ਕਰ ਰਹੇ ਹਨ ਕਿ ਮਾਇਆ ਆਪਣੀ ਨਵੀਂ ਬਣੀ ਸਹੇਲੀ ਕਵੇਰੀ ਨਾਲ ਉਥੇ ਪਹੁੰਚ ਜਾਂਦੀ ਹੈ। ਮਾਇਆ ਦੇ ਸਾਦੇ ਲਿਬਾਸ, ਪਰ ਪ੍ਰਭਾਵਸ਼ਾਲੀ ਦਾਖਲੇ ਨਾਲ ਗੁਰੂ ਸਿਧਾਰਥ ਨੂੰ ਖਵਰੇ ਕੀ ਹੁੰਦਾ ਹੈ ਕਿ ਆਪਣਾ ਵਿਖਿਆਨ ਵਿਚਾਲੇ ਹੀ ਛੱਡ ਕੇ ਆਪ ਮੁਹਾਰੇ ਹੀ ਉਨ੍ਹਾਂ ਦੇ ਮੂੰਹੋਂ ਬਹੁਤ ਉਚੇ ਸ਼ਬਦਾਂ ਵਿਚ “ਯੂ ਆਰ ਡਿਸਟਰਬਿੰਗ ਮੀ” ਦਾ ਵਾਕ ਨਿਕਲ ਜਾਂਦਾ ਹੈ। ਖੈਰ! ਕਸੂਤੀ ਜਿਹੀ ਸਥਿਤੀ ਪੈਦਾ ਹੋ ਜਾਣ ਦੇ ਬਾਵਜੂਦ ਗੁਰੂ ਜੀ ਕਿਵੇਂ ਨਾ ਕਿਵੇਂ ਰੌਂਅ ਵਿਚ ਆ ਕੇ ਨਵੇਂ ਸਿਰਿਉਂ ਭਾਸ਼ਨ ਸ਼ੁਰੂ ਕਰਦੇ ਹਨ,
“ਹਾਂ, ਤਾਂ ਮੈਂ ਦੱਸ ਰਿਹਾ ਸਾਂ ਕਿ ਭਾਰਤੀ ਫਿਲਾਸਫੀ ਤੇ ਰਹੱਸਵਾਦ ਦਾ ਮੱਤ ਹੈ ਕਿ ਸਾਰਾ ਬ੍ਰਹਿਮੰਡ ਅਸਲ ਵਿਚ ਇਕੋ ਸੂਤਰ ਵਿਚ ਬੱਝਿਆ ਹੋਇਆ ਹੈ। ਇਕ ਜ਼ਿੰਦਾ ਤੇ ਗਤੀਸ਼ੀਲ ਗੁੱਛਾ ਹੈ। ਇਸ ਕਰ ਕੇ ਸਾਨੂੰ ਬ੍ਰਹਿਮੰਡ ਦੀ ਸਾਰੀ ਸਮਝ ਹੋਣੀ ਲਾਜ਼ਮੀ ਹੈ ਕਿ ਇਸ ਵਿਚ ਹਰ ਸ਼ੈਅ ਕਿਵੇਂ ਗਤੀਸ਼ੀਲ ਹੈ ਜਾਂ ਕਿਵੇਂ ਵਾਈਬਰੇਟ ਕਰਦੀ ਹੈ ਜਾਂ ਇੰਜ ਕਹੋ ਕਿ ਨ੍ਰਿਤ ਕਰਦੀ ਹੈ। ਜਦੋਂ ਅਸੀਂ ਬ੍ਰਹਿਮੰਡ ਨੂੰ ਯੂਨਿਟ ਦੇ ਰੂਪ ਵਿਚ ਬੱਝੇ ਹੋਏ ਇਸ ਦੇ ਮੌਸਮ ਅਤੇ ਊਰਜਾ ਨੂੰ ਸਮਝਾਂਗੇ ਜੋ ਹਰ ਚੀਜ਼ ਨੂੰ ਨਿਯੰਤਰਣ ਵਿਚ ਰੱਖਣ ਦਾ ਕੰਮ ਕਰਦੀ ਹੈ, ਉਦੋਂ ਹੀ ਅਸੀਂ ਸੱਤਯ ਨੂੰ ਸਮਝਣ ਦੇ ਕਾਬਲ ਹੋ ਸਕਾਂਗੇ, ਪਰ ਅਗਰ ਅਸੀਂ ਹਰ ਚੀਜ਼ ਨੂੰ ਅਲਹਿਦੇ ਰੂਪ ਵਿਚ ਵੇਖਣ ਦੀ ਗਲਤੀ ਕਰਾਂਗੇ, ਉਦੋਂ ਅਸੀਂ ਮਾਇਆ ਦੀ ਗ੍ਰਿਫਤ ਵਿਚ ਆ ਜਾਵਾਂਗੇ।” ਇਸ ਤੋਂ ਜਲਦੀ ਹੀ ਬਾਅਦ ਨਾਵਲ ਦੇ ਪੰਨਾ 465 ਉਪਰ ਅਸੀਂ ਮਾਇਆ ਨੂੰ ਗੁਰੂ ਸਿਧਾਰਥ ਦਾ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਦਿਆਂ ਵੇਖਦੇ ਹਾਂ: ਨਾਵਲੀ ਪ੍ਰਵਚਨ ਅਨੁਸਾਰ ਉਸ ਨੇ ਦੁਬਾਰਾ ਪੈਨਸਿਲ ਚੁੱਕ ਲਈ, ਪਰ ਇਸ ਵਾਰ ਉਸ ਦੀ ਨਜ਼ਰ ਵਿਚ ਜੰਗਲ ਵਿਚ ਚੈਨ ਭਾਲਦਾ ਐਲੈਕਸ ਬੋਹਿਮ ਅਤੇ ਸਟੇਜ ‘ਤੇ ਆਭਾ ਮੰਡਲ ਬਿਖੇਰਦੇ ਗੁਰੂ ਸਿਧਾਰਥ ਦੇ ਵਿਰੋਧਾਭਾਸੀ ਰੂਪ ਬਹੁ-ਸੰਦਰਭੀ ਵਿਧਾਨ ਰਾਹੀਂ ਸਾਂਝੀ ਸਪੇਸ ਅਤੇ ਸੰਗਠਿਤ ਵਿਅਕਤਿਤਵ ਦਾ ਨਿਰਮਾਣ ਕਰ ਰਹੇ ਸੀ ਤੇ ਪੈਨਸਿਲ ਦੇ ਕਮਾਲ ਨਾਲ ਵਾਤਾਵਰਨ ਦੇ ਅੰਤਰ ਵਿਰੋਧ ਵੀ ਆਪ ਮੁਹਾਰੇ ਹੀ ਉਘੜ ਰਹੇ ਹਨ।æææਇਨ੍ਹਾਂ ਲਾਈਨਾਂ ਤੋਂ ਲੱਗਦਾ ਹੈ ਕਿ ਮਾਇਆ ਦੇ ਮਨ ਵਿਚ ਕੋਈ ਤਕੜੀ ਘੁੰਡੀ ਫਸ ਗਈ ਜੋ ਅੱਗੇ ਜਾ ਕੇ ਗੁਰੂ ਸਿਧਾਰਥ ਦਾ ਸਾਰਾ ਜ਼ੋਰ ਲਗਾ ਦੇਵੇਗੀ ਪਰ ਕਿਸੇ ਸੂਰਤ ਵੀ ਖੁੱਲ੍ਹੇਗੀ ਬਿਲਕੁਲ ਨਹੀਂ।
—
ਸੁਰਿੰਦਰ ਨੀਰ ਨਾਵਲ ਦੇ ਪੰਨਾ 467-68 ਉਪਰ ਇਕ ਵਾਰ ਮੁੜ ਗੁਰੂ ਜੀ ਨੂੰ ਅਤੇ ਬਲਬੀਰ ਨੂੰ ਆਪਸੀ ਸੰਵਾਦ ਲਈ ਇਕ-ਦੂਜੇ ਦੇ ਸਾਹਮਣੇ ਲਿਆ ਖੜ੍ਹਾ ਕਰਦੀ ਹੈ।
“ਤੁਸੀਂ ਤਾਂ ਪਰਮਯੋਗੀ ਹੋ। ਗੁਰੂ ਜੀ ਤੁਸੀਂ ਦੱਸੋ, ਜਦੋਂ ਕੁੰਡਲਿਨੀ ਜਾਗ ਜਾਂਦੀ ਹੈ ਤਾਂ ਮਨੁੱਖ ਦੀ ਅਵਸਥਾ ਕੀ ਹੁੰਦੀ ਹੈ।”
“ਉਸ ਦਾ ਮਨ ਮਸਤਕ ਰੌਸ਼ਨ ਹੋ ਜਾਂਦਾ ਹੈ।”
“ਪਰ ਲੋਕੀਂ ਤਾਂ ਕਹਿੰਦੇ ਨੇ ਐਸਾ ਪਿਆਰ ਵਿਚ ਹੁੰਦਾ ਹੈ।”
“ਮੈਂ ਬ੍ਰਹਮ ਗਿਆਨ ਦੀ ਗੱਲ ਕਰ ਰਿਹਾ ਹਾਂ ਤੇ ਤੁਸੀਂ ਸੰਸਾਰਕ ਭਾਸ਼ਾ ਬੋਲ ਰਹੇ ਹੋ।”
“ਪਰ ਗੁਰੂ ਜੀ, ਬ੍ਰਹਮ ਗਿਆਨ ਦੀ ਅਵਸਥਾ ਨੂੰ ਅਪੜਨ ਵਾਲਾ ਬ੍ਰਹਮ ਗਿਆਨੀ ਵੀ ਤਾਂ ਪਹਿਲਾਂ ਸੰਸਾਰਕ ਕਿਰਿਆਵਾਂ ਵਿਚੋਂ ਉਸੇ ਤਰ੍ਹਾਂ ਗੁਜ਼ਰਦਾ ਹੈ ਜਿਵੇਂ ਕੋਈ ਦੂਜਾ ਸਾਧਾਰਨ ਮਨੁੱਖ। ਉਹ ਤਾਂ ਕਿਸੇ ਪਲ ਛਿਣ ਦੀ ਕਰਾਮਾਤ ਹੁੰਦੀ ਹੈ ਜੋ ਕਿਸੇ ਸਿਧਾਰਥ ਨੂੰ ਬੁੱਧ ਬਣਾ ਦਿੰਦੀ ਹੈ ਜਾਂ ਕਿਸੇ ਬੋਹਿਮ ਨੂੰ ਸਿਧਾਰਥ।”
ਗੁਰੂ ਜੀ ਨੇ ਮਾਇਆ ਦੀਆਂ ਗਹਿਰੀਆਂ ਨੀਲੀਆਂ ਅੱਖਾਂ ‘ਚ ਵੇਖਿਆ ਜਿਥੇ ਕੋਈ ਵਿਚਿਤਰ ਜਿਹਾ ਰਹੱਸ ਛੁਪਿਆ ਹੋਇਆ ਸੀ, ਪ੍ਰੰਤੂ ਇਸੇ ਦੌਰਾਨ ਮਾਇਆ ਦਾ ਇਕ ਹੋਰ ਸਵਾਲ ਆ ਜਾਂਦਾ ਹੈ:
“ਮੈਂ ਤਾਂ ਕੋਰੇ ਜ਼ਿਹਨ ਤੇ ਸਾਧਾਰਨ ਬੁੱਧੀ ਵਾਲੀ ਇਨਸਾਨ ਹਾਂ ਗੁਰੂ ਜੀ, ਜਾਣਨ ਦੀ ਜਗਿਆਸਾ ਹੀ ਮੈਨੂੰ ਥਾਂ-ਥਾਂ ਭਟਕਾਉਂਦੀ ਹੈ, ਪਰ ਇਹ ਜਾਣਨਾ ਕੀ ਹੈ? ਇਸ ਦੀ ਮੈਨੂੰ ਸਮਝ ਨਹੀਂ। ਕਦੀ ਮੈਂ ਉਸ ਪੇਂਟਿੰਗ ‘ਚ ਜਾਣਨਾ ਚਾਹੁੰਦੀ ਹਾਂ, ਕਦੀ ਕਿਤਾਬਾਂ ਚੋਂ, ਕਦੀ ਕਿਸੇ ਦੀ ਸੰਗਤ ‘ਚੋਂ ਅਤੇ ਕਦੀ ਆਪਣੇ ਅੰਦਰ ਪਸਰੇ ਖਲਾਅ ‘ਚੋਂ; ਪਰ ਮੈਨੂੰ ਕੁਝ ਨਹੀਂ ਸੁਝਦਾ, ਕੋਈ ਜਗਿਆਸਾ ਸ਼ਾਂਤ ਨਹੀਂ ਹੁੰਦੀ। ਕਿਸੇ ਤ੍ਰਿਪਤੀ ਦਾ ਅਹਿਸਾਸ ਨਹੀਂ ਹੁੰਦਾ। ਸਿਰਫ ਭਟਕਣ ਹੀ ਭਟਕਣ ਹੈ। ਤਨ ਦੀ, ਮਨ ਦੀ, ਰੂਹ ਦੀæææ।”
ਗੁਰੂ ਸਿਧਾਰਥ ਅਤੇ ਬਲਬੀਰ ਦੇ ਇਸ ਸੰਵਾਦ ਤੋਂ ਪਤਾ ਲੱਗ ਜਾਂਦਾ ਹੈ ਕਿ ਬਾਬਾ ਜੀ ਕੋਲ ਉਸ ਦੀ ਤਲਾਸ਼ ਦਾ ਕਤਈ ਕੋਈ ਤੋੜ ਨਹੀਂ ਹੈ। ਮੈਂ ਜਦੋਂ ਇਹ ਸਤਰਾਂ ਪੜ੍ਹ ਰਿਹਾ ਸਾਂ ਤਾਂ ਮੇਰੇ ਮਨ ‘ਚ ਲਗਾਤਾਰ ਗਾਲਿਬ ਦੀਆਂ ਇਹ ਸਤਰਾਂ ਘੁੰਮ ਰਹੀਆਂ ਸਨ,
ਇਬਨੇ ਮਰੀਅਮ ਹੂਆ ਕਰੇ ਕੋਈ
ਮੇਰੇ ਦੁਖ ਕੀ ਦੁਆ ਕਰੇ ਕੋਈ।
ਕਾਇਨਾਤ ‘ਚ ਅੱਜ ਤੱਕ ਦੀ ਸਾਡੀ ਸਭ ਤੋਂ ਹੁਸੀਨ ਅਤੇ ਪਿਆਰੀ ਅੱਨਾ ਕਾਰੇਨਿਨਾ ਬਰਬਾਦ ਹੋ ਜਾਵੇਗੀ, ਪਰ ਉਹ ਵਿਚ-ਵਿਚਾਲੇ, ਜਾਂ ਸਮਝੌਤੇ ਦੀ ਕਿਸੇ ਵੀ ਸਥਿਤੀ ਨੂੰ ਕਿਸੇ ਸੂਰਤ ਵਿਚ ਵੀ ਪ੍ਰਵਾਨ ਨਹੀਂ ਕਰੇਗੀ। ਇਸੇ ਪ੍ਰਥਾਏ ਗਾਲਿਬ ਦਾ ਇਕ ਹੋਰ ਸ਼ਿਅਰ ਹੈ,
ਦਰਦ ਮਿੰਨਤ-ਕਸ਼ੇ-ਦਵਾ ਨਾ ਹੂਆ
ਮੈਂ ਨਾ ਅੱਛਾ ਹੂਆ, ਬੁਰਾ ਨਾ ਹੂਆ।
ਮਸਲਨ, ਹੋਵੇਗਾ ਕੋਈ ਮਰੀਅਮ ਦਾ ਪੁੱਤਰ ਪੈਗੰਬਰ ਈਸਾ ਜੋ ਆਪਣੀ ਛੂਹ ਨਾਲ ਹੀ ਬਿਮਾਰਾਂ ਨੂੰ ਰਾਜ਼ੀ ਅਤੇ ਮੁਰਦਿਆਂ ਨੂੰ ਜ਼ਿੰਦਾ ਕਰ ਦੇਣ ਦੇ ਸਮਰੱਥ ਸੀ; ਪਰ ਸਵਾਦ ਤਦ ਆਵੇ ਜੇ ਉਸ ਕੋਲ ਬਲਬੀਰ, ਅੱਨਾ ਕਾਰੇਨਿਨਾ ਜਾਂ ਵਾਨਗੌਗ ਵਰਗੇ ਲੋਕਾਂ ਦੀ ਭਟਕਣ ਦਾ ਵੀ ਕੋਈ ਤੋੜ ਹੋਵੇ! ਅਜਿਹੀਆਂ ਰੂਹਾਂ ਦੇ ਦਰਦ ਦਾ ਤੋੜ ਕਿਸੇ ਖੁਦਾ ਕੋਲ ਨਹੀਂ ਹੁੰਦਾ।
ਮਨੁੱਖੀ ਆਤਮਾ ਦੀ ਭਟਕਣ ਜਾਂ ਹੋਂਦ ਦੇ ਅਰਥਾਂ ਦੀ ਮਾਰੂ ਤਲਾਸ਼ ਦੇ ਪ੍ਰਸੰਗ ਵਿਚ ਅੱਨਾ ਕਾਰੇਨਿਨਾ, ਕੈਥੀ ਅਤੇ ਵਾਨਗੌਗ ਤੋਂ ਬਾਅਦ ਜਗਤ ਪ੍ਰਸਿੱਧ ਐਕਟਰੈਸ ਮਾਰਲਿਨ ਮੁਨਰੋ ਦੀ ਭਟਕਣ ਜਾਂ ਤ੍ਰਾਸਦਿਕ ਅੰਤ ਦਾ ਜ਼ਿਕਰ ਵੀ ਕੋਈ ਕੁਥਾਵੇਂ ਨਹੀਂ ਹੋਵੇਗਾ।
ਮਾਰਲਿਨ ਮੁਨਰੋ ਦਾ ਸਫਰ ਵੱਖਰੀ ਕਿਸਮ ਦੀ ਭਟਕਣ, ਤਲਾਸ਼ ਅਤੇ ਉਸ ਵਿਚ ਘਰ ਕਰ ਚੁੱਕੇ ਦੁਖਾਂਤ ਦੀ ਗਾਥਾ ਹੈ। ਮਾਰਲਿਨ ਦੇ ਪਿਤਾ ਦਾ ਕਿਸੇ ਨੂੰ ਪਤਾ ਨਹੀਂ ਅਤੇ ਮਾਂ ਉਸ ਦੀ ਦਾ ਮਾਨਸਿਕ ਤਵਾਜ਼ਨ ਠੀਕ ਨਹੀਂ ਹੈ। ਉਹ ਮਹਿਜ਼ 13 ਸਾਲਾਂ ਦੀ ਉਮਰੇ ਕਾਲ ਗਰਲ ਵਜੋਂ ਆਪਣੀ ਜ਼ਿੰਦਗੀ ਦਾ ਸਫਰ ਅਰੰਭ ਕਰਨ ਲਈ ਮਜਬੂਰ ਹੈ; ਪਰ ਬਹੁਤ ਜਲਦੀ ਹੀ ਉਸ ਦੀ ਕਿਸਮਤ ਹਾਲੀਵੁਡ ਦੇ ਫਿਲਮ ਜਗਤ ਵਿਚ ਤਾਂ ਖੁੱਲ੍ਹਦੀ ਹੀ ਖੁੱਲ੍ਹਦੀ ਹੈ, ਉਸ ਤੋਂ ਵੀ ਵੱਡੀ ਗੱਲ ਹੈ ਕਿ ਉਹ ਅਮਰੀਕਾ ਦੇ 50ਵਿਆਂ ਵਿਚ ਉਨ੍ਹਾਂ ਸਮਿਆਂ ਦੇ ਮਹਾਨ ਨਾਇਕ, ਬੇਸਬਾਲ ਚੈਂਪੀਅਨ ਜੋਅ ਡੋਮੈਗੀਓ ਨੂੰ ਆਪਣਾ ਪਤੀ ਬਣਾਉਣ ਵਿਚ ਸਫਲ ਹੋ ਜਾਂਦੀ ਹੈ। ਵਿਆਹ ਅਸਫਲ ਹੁੰਦਾ ਹੈ। ਅਖੀਰ ਵਿਚ ਮਹਾਨ ਨਾਟਕਕਾਰ ਆਰਥਰ ਮਿਲਰ ਜਿਸ ਨੂੰ ਅਮਰੀਕਾ ਦਾ ਸ਼ੇਕਸਪੀਅਰ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਮਾਰਲਿਨ ਨਾਲ ਵਿਆਹ ਕਰਵਾ ਕੇ ਉਸ ਦੀ ਭਟਕਣ ਦਾ ਤੋੜ ਬਣਨ ਲਈ ਅੱਗੇ ਆਉਂਦਾ ਹੈ। ਆਰਥਰ ਮਿਲਰ ਸ਼ਕਤੀਸ਼ਾਲੀ ਫਾਦਰ ਫਿਗਰ ਹੈ ਅਤੇ ਮਾਸੂਮ ਮਾਰਲਿਨ ਜ਼ਬਰਦਸਤ ਅਸੁਰੱਖਿਅਤ ਭਾਵਨਾ ਦੀ ਸ਼ਿਕਾਰ ਹੈ; ਪਰ ਕੀ ਮਿਲਰ, ਮਾਰਲਿਨ ਦੇ ਦੁੱਖ ਦਾ ਦਾਰੂ ਕਰ ਸਕੇਗਾ? ਨਹੀਂ! ਕਦੀ ਵੀ ਨਹੀਂ!! ਮਾਰਲਿਨ ਦੇ ਆਤਮ-ਹੱਤਿਆ ਕਰ ਜਾਣ ਤੋਂ ਬਾਅਦ ਘਰ ਦੀ ਸੇਵਾਦਾਰ ਲੇਨਾ ਪੇਪੀਟੋਨ ਨੇ ਉਨ੍ਹਾਂ ਦੇ ਵਿਆਹੁਤਾ ਜੀਵਨ ਬਾਰੇ ਜੋ ਕਿਤਾਬ ਲਿਖੀ ਸੀ, ਅੱਜ 20-25 ਵਰ੍ਹੇ ਬਾਅਦ ਵੀ ਉਸ ਨੂੰ ਚੇਤੇ ਕਰਦਿਆਂ ਕਾਂਬੇ ਆ ਜਾਂਦੇ ਹਨ। ਮਾਰਲਿਨ ਦੀਆਂ ਨਿਰੰਤਰ ਸਿਸਕੀਆਂ ਤਾਂ ‘ਮਾਰਲਿਨ ਮੁਨਰੋ ਕੌਨਫੀਡੈਂਸ਼ੀਅਲ’ ਨਾਂ ਦੀ ਉਸ ਕਿਤਾਬ ਵਿਚ ਦਰਜ ਸਨ ਹੀ, ਆਰਥਰ ਮਿਲਰ ਦੀ ਬੇਵਸੀ ਵੀ ਘੱਟ ਤਰਸਯੋਗ ਨਹੀਂ ਸੀ।
ਲੇਖਿਕਾ ਦਾ ਖਿਆਲ ਸੀ ਅਤੇ ਕੁਝ ਹੋਰ ਲੋਕਾਂ ਦਾ ਵੀ ਵਿਚਾਰ ਹੈ ਕਿ ਮਾਰਲਿਨ ਦੀ ਤੜਫਾਹਟ ਬੱਚਾ ਪੈਦਾ ਕਰਨ ਲਈ ਸੀ, ਪਰ ਇਹ ਠੀਕ ਨਹੀਂ ਹੈ। ਬੱਚੇ ਨੇ ਵੀ ਮਾਰਲਿਨ ਦੇ ਦਰਦ ਦਾ ਦਾਰੂ ਨਹੀਂ ਸੀ ਬਣ ਸਕਣਾ। ਅੱਨਾ ਕਾਰੇਨਿਨਾ ਦੇ ਘਰੋਂ ਭੱਜਣ ਤੋਂ ਪਹਿਲਾਂ ਉਸ ਦੇ ਕੋਲ ਚੰਦ ਤੋਂ ਵੀ ਸੋਹਣਾ ਬਾਲ ਸੀ। ਫਿਰ ਪਿਆਰੀ ਜਿਹੀ ਬੱਚੀ ਉਸ ਨੂੰ ਵਰੋਂਸਕੀ ਤੋਂ ਵੀ ਮਿਲ ਗਈ ਸੀ। ਇਸੇ ਤਰ੍ਹਾਂ ਬੱਚਾ ਤਾਂ ਕੈਥੀ ਕੋਲ ਵੀ ਆ ਗਿਆ ਸੀ।
ਹੁਣ ਬੱਚੇ ਦੀ ਤਲਾਸ਼ ਦਾ ਤੋੜ ਹੋ ਸਕਣ ਦੀ ਗੱਲ ਜਦੋਂ ਆ ਹੀ ਗਈ ਹੈ ਤਾਂ ਪਾਠਕਾਂ ਨਾਲ 20ਵੀਂ ਸਦੀ ਦੀ ਸਭ ਤੋਂ ਅਦਭੁਤ ਫਰਾਂਸੀਸੀ ਐਕਟਰੈਸ ਬਰਗਿਸ਼ੀ ਬਾਰਦੋ ਬਾਰੇ ਗੱਲ ਕਰਨੀ ਵੀ ਸਹੀ ਹੋਵੇਗੀ। ਸਾਲ 1955 ਵਿਚ, 24-25 ਵਰ੍ਹਿਆਂ ਦੀ ਉਮਰ ਦੇ ਰੂਸੀ ਮੂਲ ਦੇ ਡਾਇਰੈਕਟਰ ਰੋਜਰ ਵਾਦਿਮ ਨੇ ਉਸ ਸਮੇਂ 17-18 ਸਾਲਾਂ ਦੀ ਬਾਰਦੋ ‘ਤੇ ਆਪਣੀ ਕਹਾਣੀ ਕੇਂਦਰਿਤ ਕਰ ਕੇ ਜਦੋਂ ‘ਐਂਡ ਗਾਡ ਕਰੀਏਟਿਡ ਵੁਮੈਨ’ ਨਾਂ ਦੀ ਫਿਲਮ ਬਣਾਈ ਤਾਂ ਉਸ ਦੀ ਸ਼ੋਹਰਤ ਦੀ ਗੁੱਡੀ ਸਤਵੇਂ ਅਸਮਾਨ ‘ਤੇ ਚੜ੍ਹ ਗਈ ਸੀ। ਵਾਦਿਮ ਅਤੇ ਬਾਰਦੋ ਦਾ ਆਪਸੀ ਸੰਪਰਕ ਬਹੁਤ ਡਰਾਮਈ ਅੰਦਾਜ਼ ਵਿਚ ਹੁੰਦਾ ਹੈ। ਬਾਰਦੋ ਆਪਣੀ ਮਾਂ ਨਾਲ ਐਲਗਰੇਟ ਨਾਂ ਦੇ ਉਸ ਜ਼ਮਾਨੇ ਦੇ ਉਘੇ ਡਾਇਰੈਕਟਰ ਦੇ ਸਟੂਡੀਓ ਵਿਚ ਆਉਂਦੀ ਹੈ। ਬਾਰਦੋ ਦੇ ਚਿਹਰੇ ‘ਤੇ ਅਜਿਹੀ ਚਕ੍ਰਿਤ ਕਰ ਦੇਣ ਵਾਲੀ ਮਾਸੂਮੀਅਤ ਹੈ ਜੋ ਆਪਣੇ ਪਿੱਛੇ ਅਮੋੜ ਕਿਸਮ ਦੇ ਵੇਗ ਦੇ ਤੂਫਾਨਾਂ ਦੀ ਦੱਸ ਪਾ ਰਹੀ ਹੈ। ਨੌਜਵਾਨ ਵਾਦਿਮ ਨੀਵੀਂ ਪਾਈ ਬੈਠਾ ਹੈ। ਉਹ ਅਛੋਪਲੇ ਜਿਹੇ ਉਸ ਦੇ ਚਿਹਰੇ ‘ਤੇ ਨਿਗ੍ਹਾ ਮਾਰਦਾ ਹੈ ਅਤੇ ਉਸੇ ਵਕਤ ਆਪਣੇ ਉਸਤਾਦ ਐਲਗਰੇਟ ਨੂੰ ਬਾਰਦੋ ਨੂੰ ਸਾਈਨ ਕਰ ਲੈਣ ਦੀ ਸਲਾਹ ਦਿੰਦਾ ਹੈ।
ਬਾਰਦੋ ਅਮੀਰ ਸਨਅਤਕਾਰ ਪਿਤਾ ਅਤੇ ਸੁਚੱਜੀ ਮਾਂ ਦੀ ਅਤਿ-ਆਕਰਸ਼ਕ ਚਤੁਰ ਧੀ ਸੀ। ਉਹ 14 ਵਰ੍ਹਿਆਂ ਦੀ ਸੀ ਜਦੋਂ ‘ਈਲ’ ਨਾਂ ਦੇ ਮੈਗਜ਼ੀਨ ਦੇ ਕਵਰ ਉਤੇ ਉਸ ਦੀ ਤਸਵੀਰ ਛਪੀ। ਇਹ ਤਸਵੀਰ ਕਿਧਰੇ ਫਿਲਮ ਨਿਰਮਾਤਾ ਮਾਰਕ ਐਲਗਰੇਟ ਦੀ ਨਜ਼ਰੀਂ ਪੈ ਗਈ। ਉਸ ਨੇ ਉਸੇ ਵਕਤ ਬਾਰਦੋ ਦੇ ਮਾਪਿਆਂ ਕੋਲ ਪਹੁੰਚ ਕਰ ਕੇ ਉਸ ਨੂੰ ਸਕਰੀਨ ਟੈਸਟ ਲਈ ਬੁਲਾ ਲਿਆ। ਅੱਗਿਉਂ ਚਮਕਦੀਆਂ ਅੱਖਾਂ ਵਾਲਾ ਨੌਜਵਾਨ ਰੋਜਰ ਵਾਦਿਮ ਉਸ ਦਾ ਅਸਿਸਟੈਂਟ ਸੀ।æææਤੇ ਫੇਰ ਬਾਰਦੋ ਅਤੇ ਵਾਦਿਮ ਵਿਹੰਦਿਆਂ ਸਾਰ ਹੀ ਇਕ-ਦੂਜੇ ਪ੍ਰਤੀ ਆਕਰਸ਼ਿਤ ਹੋ ਗਏ। ਕੁਝ ਹੀ ਦਿਨ ਬਾਅਦ ਸਕੂਲੋਂ ਭੱਜ ਕੇ ਬਾਰਦੋ, ਵਾਦਿਮ ਦੀਆਂ ਬਾਹਾਂ ਵਿਚ ਸੀ। ਫਿਰ ਜਲਦੀ ਹੀ ਬਾਰਦੋ, ਵਾਦਿਮ ਨਾਲ ਤੁਰੰਤ ਵਿਆਹ ਕਰਵਾਉਣ ਲਈ ਜ਼ਿਦ ਕਰੇਗੀ। ਕੱਚੀ ਉਮਰ ਹੋਣ ਕਾਰਨ ਮਾਂ-ਪਿਉ ਦੇ ਇਤਰਾਜ਼ ਕਰਨ ‘ਤੇ ਉਹ ਆਤਮ-ਹੱਤਿਆ ਦੀ ਪਹਿਲੀ ਗੰਭੀਰ ਕੋਸ਼ਿਸ਼ ਕਰੇਗੀ। ਇਹ ਸਿਲਸਿਲਾ ਅਗਲੀ ਉਮਰ ਦੌਰਾਨ ਵਾਰ-ਵਾਰ ਵਾਪਰਦਾ ਰਹੇਗਾ। ਧੀ ਦੀ ਆਤਮ-ਹੱਤਿਆ ਦੀ ਪਹਿਲੀ ਗੰਭੀਰ ਕੋਸ਼ਿਸ਼ ਤੋਂ ਤੁਰੰਤ ਪਿਛੋਂ ਹੀ ਮਾਤਾ-ਪਿਤਾ ਹਥਿਆਰ ਸੁੱਟ ਦੇਣਗੇ ਅਤੇ ਬਾਰਦੋ ਦਾ ਵਾਦਿਮ ਨਾਲ ਵਿਆਹ ਹੋ ਜਾਵੇਗਾ। ਇਹ ਵਿਆਹ ਕਿਹੋ ਜਿਹਾ ਸੀ ਅਤੇ ਕਿੰਨਾ ਚਿਰ ਨਿਭਿਆ, ਇਹ ਹੁਣ ਪਾਠਕਾਂ ਨੂੰ ਨੈਟ ਤੋਂ ਵਾਦਿਮ ਵਲੋਂ ਕਈ ਦਹਾਕੇ ਪਹਿਲਾਂ ‘ਮੈਮਾਇਰਜ਼ ਆਫ ਦਿ ਡੈਵਿਲ’ ਸਿਰਲੇਖ ਹੇਠ ਲਿਖੀ ਆਪਣੀਆਂ ਯਾਦਾਂ ਦੀ ਪੁਸਤਕ ਵਿਚੋਂ ਖੁਦ ਪੜ੍ਹਨਾ ਪਵੇਗਾ।
ਰੋਜਰ ਵਾਦਿਮ ਆਪਣੀਆਂ ਯਾਦਾਂ ਦੇ ਸ਼ੁਰੂ ਵਿਚ ਹੀ ਬੜੇ ਮਾਣਮੱਤੇ ਅੰਦਾਜ਼ ਵਿਚ ਦੱਸਦਾ ਹੈ ਕਿ ਇਹ ਪੁਸਤਕ ਉਸ ਨੇ ਆਪਣੇ ਬੱਚਿਆਂ ਲਈ ਤੋਹਫੇ ਵਜੋਂ ਲਿਖੀ ਸੀ। 1996 ਵਿਚ ਉਮਰ ਦਾ 60ਵਾਂ ਵਰ੍ਹਾ ਪਾਰ ਕਰਦਿਆਂ ਹੀ ਬਰਗਿਸ਼ੀ ਬਾਰਦੋ ਨੇ ਆਪਣੀ ਸਵੈ-ਜੀਵਨੀ ਡਿਕਟੇਟ ਕਰਵਾ ਦਿੱਤੀ। ‘ਲਵਰਜ਼, ਹਸਬੈਂਡਜ, ਪ੍ਰੈਗਨੈਂਸੀਜ਼ ਐਂਡ ਬਰੇਕ ਡਾਊਨਜ਼’ ਸਿਰਲੇਖ ਹੇਠ ਉਘੀ ਕਾਲਮਨਵੀਸ ਸੁਸੰਨਾ ਹਰਬਰਟ ਵੱਲੋਂ ਲਿਖਿਆ ਇਸ ਵੱਡ-ਆਕਾਰੀ ਪੁਸਤਕ ਦਾ ਦਿਲਚਸਪ ਰਿਵਿਊ ਟੈਲੀਗਰਾਫ ਗਰੁਪ ਵਲੋਂ ਸਰਕੂਲੇਟ ਕੀਤਾ ਗਿਆ ਸੀ ਜੋ ਭਾਰਤ ਦੇ ਤਿੰਨ ਅਹਿਮ ਅੰਗਰੇਜ਼ੀ ਅਖਬਾਰਾਂ ਵਿਚ ਉਸੇ ਸਾਲ 8 ਅਕਤੂਬਰ ਨੂੰ ਛਪਿਆ ਸੀ।
ਚਾਰ ਵਿਆਹ ਕਰਵਾਉਣ ਵਾਲੀ ਅਤੇ ਅਨੇਕਾਂ ਬੰਦਿਆਂ ਨਾਲ ਯਾਰਾਨੇ ਲਾ ਕੇ ਪਲਾਂ ਵਿਚ ਤੋੜ ਜਾਣ ਵਾਲੀ ਬਾਰਦੋ ਇਸ ਸਵੈ-ਜੀਵਨੀ ਵਿਚ ਵਾਰ-ਵਾਰ ਆਪਣੇ ਆਪ ਨੂੰ ਇਸਾਈ ਜਗਤ ਦੇ ਸਭ ਤੋਂ ਵੱਧ ਸਤਿਕਾਰਤ ਮਹਾਨ ਸੰਤ ਫਰਾਂਸਿਸ ਆਫ ਅਸੀਸੀ ਦਾ ਅਵਤਾਰ ਦੱਸਦੀ ਹੈ।æææਤੇ ਇਸ ਕਿਤਾਬ ਵਿਚ ਸਭ ਤੋਂ ਭਿਆਨਕ ਕਾਂਡ ਬਾਰਦੋ ਦੇ ਇਕਲੌਤੇ ਪੁੱਤਰ ਨਿਕੋਲਸ ਦੇ ਜਨਮ ਨਾਲ ਸਬੰਧਤ ਹੈ।
ਹਰ ਅਜਨਬੀ ਦੀ ਤਲਾਸ਼ ਦਾ ਆਪਣਾ ਵੱਖਰਾ ਰੰਗ ਅਤੇ ਆਪਣਾ ਹੀ ਤਰਕ ਹੁੰਦਾ ਹੈ। ਮੇਰੇ ਜ਼ਿਹਨ ਵਿਚ ਫੈਜ਼ ਅਹਿਮਦ ਫੈਜ਼ ਦਾ ਸ਼ਿਅਰ ਉਭਰ ਆਇਆ ਹੈ,
ਇਸ਼ਕ ਕਾ ਹਰ ਦਾਗ ਬਰਾਬਰ ਹੈ
ਯਹਾਂ ਅੱਛਾ ਬੁਰਾ ਨਹੀਂ ਹੋਤਾ।
ਹੁਣ ਜ਼ਰਾ ਵੇਖੋ ਜਿਸ ਪੁੱਤਰ ਨੂੰ ਜਨਮ ਦੇਣ ਦੀ ਖਾਤਰ ਮਾਰਲਿਨ ਜਾਨ ਤੁੜਾ ਲੈਂਦੀ ਹੈ, ਉਥੇ ਫਰਾਂਸੀਸੀ ਕਲਾ ਜੁਗਤ ਦੀ ਆਈਕੌਨ ਬਾਰਦੋ ਆਪਣੇ ਪੁੱਤਰ ਦੇ ਜਨਮ ‘ਤੇ ਉਸ ਬਾਰੇ ਕਿਸ ਕਿਸਮ ਦਾ ਹੁੰਗਾਰਾ ਭਰਦੀ ਹੈ। ‘ਇਨੀਸ਼ੀਅਲਜ਼ ਬੀæਬੀæ’ ਨਾਂ ਦੀ ਸਵੈ-ਜੀਵਨੀ ਵਿਚ ਲਿਖੇ ਵੇਰਵੇ ਦਾ ਸਾਰ ਇਉਂ ਹੈ,
ਬਾਰਦੋ ਕਿਸੇ ਫਿਲਮ ਵਿਚ ਆਪਣੇ ਨਾਲ ਕੰਮ ਕਰਨ ਵਾਲੇ ਯੱਕ ਚੈਰੀਅਰ ਨਾਂ ਦੇ ਸਾਥੀ ਐਕਟਰ ਤੋਂ ਗਰਭਵਤੀ ਹੋ ਜਾਂਦੀ ਹੈ। ਬੱਚਾ ਪੈਦਾ ਕਰਨ ਦੇ ਉਹ ਮੁੱਢੋਂ ਹੀ ਵਿਰੁਧ ਹੈ; ਉਸ ਨੂੰ ਜ਼ਰੂਰਤ ਹੀ ਨਹੀਂ ਹੈ। ਯੱਕ ਚੈਰੀਅਰ ਨਾਲ ਵਿਆਹ ਲਈ ਵੀ ਉਹ ਤਿਆਰ ਨਹੀਂ ਹੈ। ਪਹਿਲਾ ਤਾਂ ਉਹ ਗਰਭਪਾਤ ਲਈ ਹਰ ਤਰ੍ਹਾਂ ਦਾ ਓੜ੍ਹ-ਪੋੜ੍ਹ ਕਰਦੀ ਹੈ, ਪਰ ਕਾਮਯਾਬੀ ਨਾ ਮਿਲਣ ‘ਤੇ ਉਹ ਇਕ ਤੋਂ ਬਾਅਦ ਇਕ ਕੁਐਕ ਕੋਲ ਗੇੜਾ ਬੰਨ੍ਹ ਦਿੰਦੀ ਹੈ।
ਸਵੈ-ਜੀਵਨੀ ਵਿਚ ਸਬੰਧਤ ਪਹਿਰਾ ਹੂ-ਬ-ਹੂ ਇਸ ਪ੍ਰਕਾਰ ਹੈ:
ਬਰਗਿਸ਼ੀ ਬਾਰਦੋ ਜੋ ਫਰਾਂਸ ਦੀ ਸਭ ਤੋਂ ਵੱਡੀ ਸੁਪਰਸਟਾਰ ਹੈ ਅਤੇ ਕੌਮਾਂਤਰੀ ਪ੍ਰਸਿੱਧੀ ਦੀ ਸਿਖਰ ‘ਤੇ ਹੈ, ਉਸ ਦਾ ਗਰਭਪਾਤ ਕਰਨ ਦਾ ਜੋਖਮ ਕੋਈ ਨਹੀਂ; ਕੋਈ ਵੀ ਨਹੀਂ ਉਠਾਏਗਾæææਕਿਧਰੇ ਜ਼ਰਾ ਜਿੰਨੀ ਕੋਈ ਹਬੀ ਨਬੀ ਹੋ ਜਾਣ ‘ਤੇ ਆਪਣਾ ਕਰੀਅਰ ਕੌਣ ਬਰਬਾਦ ਕਰੇਗਾ? ਅਖੀਰ ਹਸਪਤਾਲ ਜਾ ਕੇ ਪੈਦਾ ਹੋਣ ਵਾਲੇ ਨਿਕੋਲਸ ਨਾਂ ਦੇ ਬੱਚੇ ਪ੍ਰਤੀ ਉਸ ਦੇ ਮਨ ਅੰਦਰ ਜਿਸ ਕਿਸਮ ਦੀ ਕੁੜਿੱਤਣ ਹੈ, ਉਸ ਦਾ ਕੋਈ ਪਾਰਾਵਾਰ ਨਹੀਂ ਹੈ। ਉਸ ਨੂੰ ਤਾਂ ਇਸ ਕੁੱਤੇ ਕੰਮ ਲਈ ਘਰ ਵਿਚ ਰੱਖੇ ਆਪਣੇ ਪਾਲਤੂ ਕੁੱਤੇ ਤੋਂ ਕੁਝ ਸਮੇਂ ਲਈ ਵੱਖ ਰਹਿਣ ਦਾ ਬੇਹੱਦ ਦੁੱਖ ਹੈ। ਬਾਰਦੋ ਲਿਖਦੀ ਹੈ, “ਮੈਨੂੰ ਬੇਪਨਾਹ ਦਰਦ ਮਹਿਸੂਸ ਹੋ ਰਿਹਾ ਸੀ। ਮੈਨੂੰ ਆਪਣੇ ਪਿਆਰੇ ਕੋਕਰ ਸਪੇਨੀਅਲ ਨੂੰ ਪਿੱਛੇ ਘਰ ਛੱਡ ਕੇ ਹਸਪਤਾਲ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਸੀ।” ਤੇ ਫਿਰ ਬੱਚਾ ਪੈਦਾ ਹੋਣ ‘ਤੇ ਡਾਕਟਰ ਪੁੱਤਰ ਪੈਦਾ ਹੋਣ ਦੀ ਸੂਚਨਾ ਦੇਣ ਲਈ ਜਦੋਂ ਖੁਸ਼ੀ ਨਾਲ ਕਿਲਕਾਰੀ ਮਾਰਦੀ ਹੈ ਤਾਂ ਸਰੀਰਕ ਕਮਜ਼ੋਰੀ ਦੇ ਬਾਵਜੂਦ ਬਾਰਦੋ ਉਤਨੇ ਹੀ ਜ਼ੋਰ ਨਾਲ ਉਚੀ ਦੇਣੀ ਇਹ ਕਹਿੰਦਿਆਂ ਚੀਕ ਉਠਦੀ ਹੈ, “ਮੇਰੀ ਜਾਣੇ ਜੁੱਤੀ। ਮੈਂ ਇਸ ਵੱਲ ਤੱਕਣਾ ਵੀ ਨਹੀਂ ਹੈ।” ਬਾਰਦੋ ਦੀ ਜ਼ਿੰਦਗੀ ਅਜੀਬ ਤਰ੍ਹਾਂ ਦੇ ਵਿਰੋਧਾਭਾਸਾਂ ਨਾਲ ਭਰੀ ਹੋਈ ਸੀ। ਉਹ ਸਾਰੀ ਉਮਰ ਪੋਰਨੋਗਰਾਫੀ ਦੇ ਖਿਲਾਫ ਰਹੀ। ਸੈਕਸ ਦੇ ਬਜ਼ਾਰੂ ਵਸਤ ਬਣ ਜਾਣ ਦੇ ਤਸੱਵਰ ਤੋਂ ਹੀ ਉਸ ਨੂੰ ਚਿੜ੍ਹ ਸੀ। ਉਹ ਇਸ ਨੂੰ ਪੱਛਮੀ ਸਭਿਅਤਾ ਜਾਂ ਫਰਾਂਸ ਦੀਆਂ ਮਹਾਨ ਕਦਰਾਂ ਦਾ ਨਿਖੇਧ ਮੰਨਦੀ ਸੀ ਅਤੇ ਇਸ ‘ਤੇ ਉਹ ਦੁਖੀ ਹੁੰਦੀ ਸੀ। ਇਕ ਜਗ੍ਹਾ ‘ਤੇ ਗਰਭ ਰੋਕੂ ਗੋਲੀਆਂ ਦੀ ਖੁੱਲ੍ਹੇਆਮ ਵਰਤੋਂ ‘ਤੇ ਅਫਸੋਸ ਪ੍ਰਗਟ ਕਰਦਿਆਂ ਉਹ ਲਿਖਦੀ ਹੈ, “ਮਾੜੀ ਗੱਲ ਹੈ, ਸਾਡੀਆਂ ਕੁੜੀਆਂ ਅੱਜਕੱਲ੍ਹ ਸੈਕਸ ਦੇ ਮਿਸਟੀਕ ਨੂੰ ਕੋਈ ਅਹਿਮੀਅਤ ਹੀ ਨਹੀਂ ਦਿੰਦੀਆਂ। ਉਹ ਮਰਦਾਂ ਦੀ ਬੇਹੂਦਾ ਰੀਸ ਕਰਨ ਲੱਗ ਪਈਆਂ ਹਨ। ਉਹ ਮੌਕਾ ਮਿਲਦੇ ਹੀ ਆਪਣੇ ਜਿਸਮ ਨੂੰ ਮਰਦਾਂ ਦੇ ਹਵਾਲੇ ਇਤਨੀ ਮੌਜ ਨਾਲ ਕਰ ਦਿੰਦੀਆਂ ਹਨ, ਜਿਤਨੀ ਮੌਜ ਨਾਲ ਅਸੀਂ ਆਪਣੇ ਜ਼ਮਾਨੇ ਵਿਚ ਡਨਹਿੱਲ ਦੀ ਸਿਗਰਟਾਂ ਵੀ ਨਹੀਂ ਪੀਂਦੇ ਸਾਂ। ਇਨਸਾਨੀ ਜੀਵਨ ਦੀ ਸ਼ਾਨ ਅਤੇ ਸਾਰਾ ਰਹੱਸ ਹੀ ਜਾਂਦਾ ਰਿਹਾ ਹੈ ਜੋ ਨਿਸ਼ਚੇ ਹੀ ਗਹਿਰੀ ਚਿੰਤਾ ਦਾ ਲਖਾਇਕ ਹੈ।”
ਪਿਛਲੇ ਸਾਲ ਮੈਂ ਆਪਣੇ ਨੌਜਵਾਨ ਮਿੱਤਰ ਧਰਮਜੀਤ ਦੇ ਹੱਥ ਮਹਾਨ ਮਾਰਕਸਵਾਦੀ ਚਿੰਤਕ ਜਾਰਜ ਲੁਕਾਚ ਵਲੋਂ ਕੀਤੇ ਨੀਤਸ਼ੇ ਦਰਸ਼ਨ ਦੇ ਕ੍ਰਿਟੀਕ ਨਾਲ ਬਾਰਦੋ ਦੀ ਜੀਵਨੀ ਅਤੇ ਕਈ ਸਾਲ ਪਹਿਲਾਂ ਛਪਿਆ ਸੁਸੰਨਾ ਹਰਬਰਟ ਦਾ ਰਿਵਿਊ ਜਦੋਂ ਸੌਂਪਿਆ ਤਾਂ ਪੜ੍ਹ ਕੇ ਉਹ ਸਾਰਾ ਦਿਨ ਬਾਰਦੋ ਦੀ ਸ਼ਖਸੀਅਤ ਦੇ ‘ਆਊਟਸਾਈਡਰ ਆਯਾਮਾਂ’ ਬਾਰੇ ਗੱਲਾਂ ਕਰਦਿਆਂ ਧੰਨ-ਧੰਨ ਕਰੀ ਗਿਆ ਸੀ। ਦੂਜੇ ਪਾਸੇ ਮੈਨੂੰ ਇਹ ਤਸੱਲੀ ਸੀ ਕਿ ਮੇਰੀ ਗੱਲ ਆਖਰ ਕਿਸੇ ਦੇ ਗੇੜ ਵਿਚ ਤਾਂ ਆਈ। ਵੱਡੀ ਗੱਲ ਇਹ ਹੈ ਕਿ ਮੈਨੂੰ ਅਤੇ ਮੇਰੇ ਇਸ ਅਜ਼ੀਜ਼, ਸਾਨੂੰ ਦੋਵਾਂ ਨੂੰ ਬਾਰਦੋ ਦੇ ਆਪਣੇ ਅੰਦਰ ਸੰਤ ਫਰਾਂਸਿਸ ਦੀ ਆਤਮਾ ਦੇ ਵਾਸ ਹੋਣ ਬਾਰੇ ਦਾਅਵੇ ‘ਤੇ ਕੋਈ ਇਤਰਾਜ਼ ਨਹੀਂ ਸੀ।
(ਚਲਦਾ)
Leave a Reply