ਜੋਕਾਂ ਦੀ ਨਹੀਂ ਲੋਕਾਂ ਦੀ ਸਰਕਾਰ ਚੁਣਿਓ ਜੇ!

ਗੁਰਚਰਨ ਕੌਰ ਥਿੰਦ
403-402-9635
‘ਅਜੇ ਸੰਸਾਰ ਇਹ ਜੋਕਾਂ ਦਾ ਹੈ ਲੋਕਾਂ ਦਾ ਨਹੀਂ
ਅਸੀਂ ਤਾਂ ਲੋਚਦੇ ਹਾਂ ਬਣ ਜਾਏ ਸੰਸਾਰ ਲੋਕਾਂ ਦਾ।’
ਕਿਸੇ ਸ਼ਾਇਰ ਦੇ ਇਸ ਸ਼ਿਅਰ ਵਿਚ ਜੋਕਾਂ ਦੀ ਗੱਲ ਆਈ ਤਾਂ ਗਲੀ-ਗਲੀ ਹੋਕਾ ਦੇਂਦੇ ‘ਸਿੰਗੀਆਂ ਲਵਾ ਲਓ’ ‘ਸਿੰਗੀਆਂ ਲਵਾ ਲਓ’ ਵਾਲੇ ਫ਼ਕੀਰ ਜਿਹੇ ਦਿਸਦੇ ਨੀਮ-ਹਕੀਮ ਚੇਤਿਆਂ ਵਿਚ ਉਭਰ ਖਲੋਤੇ। ਹੁਣ ਤਾਂ ਸ਼ਾਇਦ ਹੀ ਕਦੇ ਕਿਸੇ ਨੇ ਵੇਖੇ-ਸੁਣੇ ਹੋਣ, ਪਰ ਨਿੱਕੇ ਹੁੰਦਿਆਂ ਸਾਡੇ ਪਿੰਡ ਵਿਚ ਲੋਕਾਂ ਦੇ ਗੋਡੇ-ਮੋਢਿਆਂ ਦੀ ਪੀੜ ਦਾ ਸਿੰਗੀਆਂ ਲਾ ਕੇ ਨਿਵਾਰਨ ਕਰਦੇ ਅੱਖੀਂ ਵੇਖੇ ਹਨ। ਕੋਈ ਨਾ ਕੋਈ ਆਪਣੀ ਪੀੜ ਨਿਵਾਰਨ ਲਈ ਇਹੋ ਜਿਹੇ ਗਲੀ ਵਿਚ ਹੋਕਾ ਦੇਂਦੇ ਸਿੰਗੀਆਂ ਵਾਲੇ ਨੂੰ ਸੱਦ ਬਠਾ ਲੈਂਦਾ। ਉਹ ਆਪਣੀ ਕੁੱਜੀ ਵਿਚੋਂ ਨਿੱਕੇ ਨਿੱਕੇ ਪਤਲੇ ਜਿਹੇ ਜੀਵ (ਜੋਕਾਂ) ਕੱਢਦਾ।

ਉਹ ਉਨ੍ਹਾਂ ਨੂੰ ਪੀੜ ਵਾਲੀ ਥਾਂ ਤੇ ਰੱਖ ਦੇਂਦਾ ਅਤੇ ਉਹ ਆਪਣੇ ਸਿੰਗ ਮਾਸ ਵਿਚ ਖੁਭੋ ਕੇ ਇਲਾਜ ਸ਼ੁਰੂ ਕਰ ਦੇਂਦੇ। ਵਿੰਹਦਿਆਂ-ਵਿੰਹਦਿਆਂ ਜੋਕਾਂ ਖੂਨ ਚੂਸ ਕੇ ਫੁੱਲਦੀਆਂ ਜਾਂਦੀਆਂ ਅਤੇ ਰੱਜ ਕੇ ਆਪਣੇ ਆਪ ਮਾਸ ਨਾਲੋਂ ਵੱਖ ਹੋ ਜਾਂਦੀਆਂ। ਕਿਹਾ ਜਾਂਦਾ ਕਿ ਇਨ੍ਹਾਂ ਗੰਦਾ ਖੂਨ ਚੂਸ ਲਿਆ ਹੈ, ਪੀੜ ਠੀਕ ਹੋ ਜਾਵੇਗੀ। ਪੀੜ ਠੀਕ ਹੋਈ ਜਾਂ ਨਾ, ਇਹ ਤਾਂ ਸਿੰਗੀਆਂ ਲਵਾਉਣ ਵਾਲਾ ਜਾਣੇ ਪਰ ਉਹ ਆਪਣੀਆਂ ਜੋਕਾਂ ਦੇ ਢਿੱਡ ਭਰ ਅਤੇ ਪੈਸੇ ਲੈ ਤੁਰਦਾ ਬਣਦਾ। ਹੁਣ ਤਾਂ ਬਹੁਤਿਆਂ ਨੂੰ ਪਤੈ ਕਿ ਗੋਡੇ ਅੰਦਰਲੇ ਗੰਦੇ ਖੂਨ ਕਰਕੇ ਨਹੀਂ ਦੁਖਦੇ ਬਲਕਿ ਗੋਡੇ ਦੀਆਂ ਹੱਡੀਆਂ ਵਿਚਲੀ ਕਾਰਟੀਲੇਜ ਜਿਸ ਨੂੰ ਗਰੀਸ ਵੀ ਕਹਿ ਦੇਂਦੇ ਨੇ, ਘਟ ਜਾਂਦੀ ਹੈ ਤਾਂ ਹੱਡੀਆਂ ਦੇ ਆਪਸ ਵਿਚ ਰਗੜਨ ਕਾਰਨ ਪੀੜ ਹੁੰਦੀ ਹੈ। ਪਰ ਪਿੰਡਾਂ ਦੇ ਭੋਲੇ-ਭਾਲੇ ਮਰੀਜਾਂ ਨੂੰ ਬਹੁਤ ਪਤਾ ਨਹੀਂ ਹੁੰਦਾ ਸੀ। ਚਾਤੁਰ ਨੀਮ-ਹਕੀਮ ਉਨ੍ਹਾਂ ਨੂੰ ਸਹਿਜੇ ਹੀ ਬੁਧੂ ਬਣਾ ਲੈਂਦੇ ਸਨ।
ਅਫਸੋਸ! ਕਿ ਸਾਡੇ ਮੁਸ਼ਾਅਰੇ ਵਿਚ ਇਸ ਕਿਸਮ ਦੀਆਂ ਮਨੁੱਖੀ-ਜੋਕਾਂ ਮੌਜੂਦ ਹਨ, ਜੋ ਭੋਲੇ-ਭਾਲੇ ਲੋਕਾਂ ਦਾ ਖੂਨ ਪੀਣ ਤੋਂ ਗੁਰੇਜ਼ ਨਹੀਂ ਕਰਦੀਆਂ। ਮੁਆਫ਼ ਕਰਨਾ! ਚੁਣੇ ਹੋਏ ਰਾਜ-ਪ੍ਰਬੰਧ ਦੇ ਅਜੋਕੇ ਨੇਤਾ ਵੀ ਬਹੁਤੇ ਖੂਨ ਪੀਣੀਆਂ ਜੋਕਾਂ ਵਰਗੇ ਹੀ ਹਨ। ਲੋਕਾਂ ਲਈ ਸੁੱਖ-ਸਹੂਲਤਾਂ ਉਪਲਬਧ ਕਰਵਾਉਣ ਦੀ ਥਾਂ ਵਕਤੀ ਲਾਰਿਆਂ-ਲੱਪਿਆਂ ਨਾਲ ਉਨ੍ਹਾਂ ਦਾ ਖੂਨ ਪੀਣੀਆਂ ਜੋਕਾਂ। ਸੱਤ ਤੋਂ ਉਪਰ ਦਹਾਕੇ ਹੋ ਗਏ ਹਨ, ਲੋਕਾਂ ਨੇ ਕਈ ਸਰਕਾਰਾਂ ਬਦਲਦੀਆਂ ਵੇਖੀਆਂ ਹਨ। ਕਈ ਨਵੇਂ ਪੁਰਾਣੇ ਚੋਣ-ਮਦਾਰੀ ਹਰ ਵਾਰੀ ਡੁੱਗਡੁੱਗੀ ਵਜਾਉਂਦੇ ਰਹੇ। ਲੋਕਾਂ ਦੇ ਦੁੱਖ ਤਕਲੀਫ਼ਾਂ ਤੇ ਪੀੜਾਂ ਹਰਨ ਦੇ ਵਧੀਆ ਤੋਂ ਵਧੀਆ ਢੰਗ-ਤਰੀਕੇ ਦਰਸਾਉਦੇ ਲੋਕਾਂ ਨੂੰ ਭਰਮਾਉਂਦੇ ਰਹੇ ਅਤੇ ਰਾਜ-ਭਾਗ ਦੇ ਮਾਲਕ ਬਣ ਰੱਜ ਰੱਜ ਲੋਕਾਂ ਦਾ ਖੂਨ ਚੂਸਦੇ ਰਹੇ ਹਨ। ਲੋਕੀਂ ਵੀ ਚੂੰਅ ਨਹੀਂ ਕਰਦੇ। ਕਰਨ ਵੀ ਕਿੰਵੇਂ! ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ! ਆਖਰ ਡੈਮੋਕ੍ਰੈਟਿਕ ਦੇਸ਼ ਦੇ ਵਾਸੀ ਹਨ।
ਵੇਖੋ ਜੀ, ਡੈਮੋਕ੍ਰੇਸੀ ਪਰਜਾਤੰਤਰ ਜਾਂ ਲੋਕਤੰਤਰ ਜੋ ਵੀ ਇਸ ਨੂੰ ਆਖਦੇ ਹਨ ਉਥੇ ਚੋਣਾਂ ਹੁੰਦੀਆਂ ਹਨ। ਚੋਣਾਂ ਦਾ ਬਿੱਗਲ ਵਜਦਾ ਹੈ। ਯਥਾਯੋਗ ਪ੍ਰਬੰਧ ਹੁੰਦੇ ਹਨ। ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਹੁੰਦਾ ਹੈ। ਉਮੀਦਵਾਰ ਆਪਣੀਆਂ ਆਪਣੀਆਂ ਪਾਰਟੀਆਂ ਦਾ ਪੱਖ ਰਖਦੇ ਹਨ। ਲੋਕ ਵੋਟਾਂ ਪਾਉਂਦੇ ਹਨ। ਸਰਕਾਰ ਬਣਦੀ ਹੈ। ਕਹਿੰਦੇ ਹਨ ਕਿ ਅਬਰਾਹਮ ਲਿੰਕਨ, ਜੋ ਕਿ ਅਮਰੀਕਾ ਦਾ ਸੋਲਵਾਂ ਰਾਸ਼ਟਰਪਤੀ ਬਣਿਆ ਸੀ, ਨੇ ਆਪਣੇ ਦੂਸਰੇ ਪ੍ਰਧਾਨਗੀ ਭਾਸ਼ਨ ਸਮੇਂ (1862 ਵਿਚ) ਲੋਕਾਂ ਦੀ ਚੁਣੀ ਹੋਈ ਲੋਕਤਾਂਤ੍ਰਿਕ ਸਰਕਾਰ ਲਈ ਸੰਬੋਧਨ ਵਰਤਿਆ ਸੀ, ‘ਘੋਵੲਰਨਮੲਨਟ ੋਾ ਟਹੲ ਪੲੋਪਲੲ, ਬੇ ਟਹੲ ਪੲੋਪਲੲ, ਾੋਰ ਟਹੲ ਪੲੋਪਲੲ’ ਭਾਵ ‘ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਚੁਣੀ ਗਈ ਸਰਕਾਰ, ਲੋਕਾਂ ਲਈ ਸਰਕਾਰ’। (ਅਫ਼ਸੋਸ! ਕਿ ਉਸੇ ਅਬਰਾਹਮ ਲਿੰਕਨ ਨੂੰ ਦੋ ਸਾਲ ਬਾਦ ਹੀ ਕਿਸੇ ਨਾਮ-ਨਿਹਾਦ ਦੇਸ਼ ਭਗਤ ਨੇ ਗੋਲੀ ਮਾਰ ਕਤਲ ਕਰ ਦਿੱਤਾ ਸੀ) ਲਗਪਗ ਹਰ ਦੇਸ਼ ਵਿਚ ਡੈਮੋਕ੍ਰੇਸੀ ਦੀ ਇਹੋ ਪਰਿਭਾਸ਼ਾ ਦਿੱੱਤੀ ਜਾਂਦੀ ਹੈ ਅਤੇ ਸਮਝੀ ਵੀ ਜਾਂਦੀ ਹੈ। ਪ੍ਰੰਤੂ ਸੱਚ ਇਹ ਹੈ ਕਿ ਜਿੰਨੇ ਦੇਸ਼ਾਂ ਵਿਚ ਡੈਮੋਕ੍ਰੇਸੀ ਹੈ ਹਰ ਥਾਂ ਇਸ ਸੋ-ਕਾਲਡ ਡੈਮੋਕ੍ਰੇਸੀ ਦੇ ਰੂਪ ਅਤੇ ਪ੍ਰੀਭਾਸ਼ਾ ਓਨੀ ਹੀ ਕਿਸਮ ਦੀ ਹੈ।
ਖ਼ੈਰ! ਜੋ ਵੀ ਹੈ ਇਸ ਪ੍ਰਕਾਰ ਦੇ ਰਾਜਨੀਤਕ ਪ੍ਰਬੰਧ ਵਿਚ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ। ਲੋਕਾਂ ਦੀਆਂ ਵੋਟਾਂ ਦੁਆਰਾ ਲੋਕਾਂ ਦੇ ਨੁਮਾਇੰਦੇ ਚੁਣੇ ਜਾਂਦੇ ਹਨ। ਹਰ ਰਾਜ ਵਲੋਂ ਸਾਫ਼-ਸੁਥਰੀਆਂ ਨਿਰਪੱਖ ਚੋਣਾਂ ਕਰਾੳਣ ਲਈ ਉਚੇਚੇ ਚੋਣ ਪ੍ਰਬੰਧ ਕੀਤੇ ਜਾਂਦੇ ਹਨ ਜਾਂ ਖਵਰੇ ਕਈ ਥਾਈਂ ਵਿਖਾਵਾ ਹੀ ਕੀਤਾ ਜਾਂਦਾ ਹੈ, ਇਹ ਉਥੋਂ ਦੀਆਂ ਸਰਕਾਰਾਂ ਦੇ ਹੱਥ ਵਿਚ ਹੁੰਦਾ ਹੈ। ਕਈ ਥਾਈਂ ਇਸ ਨਾਮ-ਨਿਹਾਦ ਲੋਕਤਾਂਤ੍ਰਿਕ ਪ੍ਰਣਾਲੀ ਦੇ ਨਾਂ ਤੇ ਕਰੋੜਾਂ ਅਰਬਾਂ ਰੁਪਏ ਖਰਚ ਤਾਂ ਹੁੰਦੇ ਹੀ ਹਨ, ਖੁਰਦ-ਬੁਰਦ ਵੀ ਕਰ ਦਿੱਤੇ ਜਾਂਦੇ ਹਨ। ਵੋਟਾਂ ਪੈਣ ਤੱਕ ਵੋਟਰਾਂ ਦੀਆਂ ਲੋੜਾਂ, ਦੁੱਖਾਂ-ਸੁੱਖਾਂ ਤਕਲੀਫ਼ਾਂ ਸੁਰੱਖਿਆ ਤੇ ਸਹੂਲਤਾਂ ਆਦਿ ਦਾ ਧਿਆਨ ਰੱਖਣ ਦੀਆਂ ਇੰਜ ਬਿਆਨ-ਬਾਜੀਆਂ ਕੀਤੀਆਂ ਜਾਂਦੀਆਂ, ਜਿੰਵੇਂ ਲੋਕ ਸੱਗਾਰਿੱਤੇ ਪ੍ਰਾਹੁਣੇ ਹੋਣ। ਜਦ ਉਨ੍ਹਾਂ ਦੇ ਹੱਥ ਮੋਹਰ ਲਾ ਕਾਗਜ਼ ਡੱਬਾਬੰਦ ਕਰ ਦਿੰਦੇ ਹਨ, ਫਿਰ ਤੂੰ ਕੌਣ ਮੈਂ ਕੌਣ? ਸਮਝੋ ਜਨਤਾ ਨੇ ਚਾਰ ਪੰਜ ਸਾਲ ਲਈ ਹੱਥ ਵੱਢ ਕੇ ਦੇ ਦਿੱਤੇ। ਤੇ ਫਿਰ ਲੋਕ ਆਪਣੇ ਹੱਕ ਮੰਗਣ ਲਈ ਰਹਿ ਗਏ ਧਰਨਿਆਂ ਮੁਜਾਹਰਿਆਂ ਜੋਗੇ।
ਚੋਣ ਨਤੀਜੇ ਆਉਂਦੇ ਹਨ। ਸਰਕਾਰ ਬਣ ਜਾਂਦੀ ਹੈ। ਹੁਣ ਸਰਕਾਰ ਹੱਥ ਲੋਕਾਂ ਸਮੇਤ ਉਥੋਂ ਦੇ ਸਾਰੇ ਰਿਸੋਰਸਜ਼ ਹਨ। ਉਹ ਹਰ ਪ੍ਰਕਾਰ ਦੇ ਟੈਕਸਾਂ ਦੀ ਕਮਾਈ ਦੇ ਮਾਲਕ ਅਤੇ ਉਨ੍ਹਾਂ ਨੂੰ ਚੁਣਨ ਵਾਲੇ ਲੋਕ ਉਨ੍ਹਾਂ ਦੇ ਰਹਿਮੋ ਕਰਮ ਤੇ ਪਲਣ ਵਾਲੀ ਆਮ ਜਨਤਾ ਬਣ ਜਾਂਦੀ ਹੈ। ਸਰਕਾਰ ਲੋਕਾਂ ਨਾਲ ਕੀਤੇ ਵਾਇਦੇ ਪੂਰੀ ਕਰਨ ਦੀ ਪਾਬੰਦ ਸਮਝੀ ਜਾਂਦੀ ਹੈ। ਇਸ ਕਾਰਜ ਲਈ ਸਹੁੰ ਜੁ ਚੁੱਕੀ ਤੇ ਚੁਕਾਈ ਹੁੰਦੀ ਹੈ। ਹੁਣ ਉਸ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਕਿੰਨਾ ਹਿੱਸਾ ਲੋਕਾਂ ਦੀਆਂ ਮੂਲ ਲੋੜਾਂ ਪੂਰੀਆਂ ਕਰਨ ਅਤੇ ਲੋਕਾਂ ਨੂੰ ਸੁੱਖ-ਸਹੂਲਤਾਂ ਉਪਲਬਧ ਕਰਾਉਣ ਤੇ ਖਰਚਣਾ ਹੈ ਇਹ ਚੁਣੇ ਹੋਏ ਨੁਮਾਇੰਦਿਆਂ ਦੀ ਸੂਝ-ਬੂਝ ਨਿਸ਼ਠਾ ਅਤੇ ਦਰਿਆਦਿਲੀ ਤੇ ਨਿਰਭਰ ਕਰਦਾ ਹੈ। ਇੱਥੇ ਹੀ ਪੈਦਾ ਹੁੰਦੀਆਂ ਹਨ ‘ਜੋਕਾਂ’। ਉਹ ਲੋਕ ਜੋ ਲੋਕਾਂ ਨਾਲੋਂ ਨਿੱਜ ਦੇ ਸੁੱਖਾਂ ਅਤੇ ਲਾਲਚੀ ਇਰਾਦਿਆਂ ਨੂੰ ਪਹਿਲ ਦੇਂਦੇ ਹਨ। ਲੋਕ ਕਮਾਈ ਆਪਣੀ ਸਮਝ ਹੜੱਪਨ ਦੀ ਕਰਦੇ ਹਨ। ਸੁੱਕੇ ਲੱਕ ਤੇ ਢਿੱਡ ਛੇਤੀ ਹੀ ਝੱਗਿਆਂ ’ਚੋਂ ਬਾਹਰ ਨੂੰ ਆਉਂਦੇ ਦੀਂਹਦੇ ਹਨ। ਹਮਕ ਮਾਰਦੇ ਗੰਦੇ ਪਾਣੀਆਂ ਅਤੇ ਦਲਦਲਾਂ ਵਿਚ ਰਹਿਣ ਵਾਲੀਆਂ ਸੱਚੀ-ਮੁੱਚੀਂ ਦੀਆਂ ਜੋਕਾਂ ਵਾਂਗ ਇਹ ਆਪਣੇ ਆਲੇ ਦੁਆਲੇ ਦੇ ਸਿਸਟਮ ਨੂੰ ਦੂਸ਼ਤ ਕਰਦੇ ਹਨ। ਇਨ੍ਹਾਂ ਵੱਡੀਆਂ ਜੋਕਾਂ ਦੀ ਮਦਦ ਨਾਲ ਅਤੇ ਇਨ੍ਹਾਂ ਦੀ ਸੇਵਾ ਹਿੱਤ ਇਹੋ ਜਿਹੀਆਂ ਜੋਕਾਂ ਰਾਜ-ਪ੍ਰਬੰਧ ਦੇ ਹਰ ਖੇਤਰ ਵਿਚ ਉਭਰ ਖਲੋਂਦੀਆਂ ਹਨ। ਜੇ ਨਹੀਂ ਤਾਂ ਸੱਤ੍ਹਾ ਦੇ ਜ਼ੋਰ ਨਾਲ ਉਭਾਰ ਦਿੱਤੀਆਂ ਜਾਂਦੀਆਂ ਹਨ। ਕੁਰਸੀ ਹੱਥ ਆ ਜਾਣ ਤੇ ਫਿਰ ਹੱਥਾਂ ਨਾਲ ਮੁੱਛਾਂ ਨੂੰ ਵੱਟ ਹੀ ਦਿੱਤੇ ਜਾਂਦੇ ਹਨ। ਲੋਕਾਂ ਦਾ ਖੂਨ ਚੂਸਣਾ ਇਨ੍ਹਾਂ ਦਾ ਕਰਮ ਤੇ ਧਰਮ ਬਣ ਜਾਂਦਾ ਹੈ। ਕੁਰਸੀ ਕਾਇਮ ਰਖਣ ਲਈ ਹਰ ਜਾਇਜ਼ ਨਜਾਇਜ਼ ਹੀਲਾ ਵਰਤਣਾ ਹੱਕ ਹੁੰਦਾ ਹੈ। ਲੋਕਾਂ ਦੇ ਹਰਮਨ ਪਿਆਰੇ ਲੋਕ-ਸੇਵਕ ਜੁ ਬਣ ਗਏ ਹੁੰਦੇ ਹਨ। ਲੋਕਾਂ ਦੀਆਂ ਪੀੜਾਂ ਹਰਨ ਦੇ ਇਹ ਦਾਅਵੇਦਾਰ, ਲੋਕਾਂ ਖ਼ੁਦ ਆਪਣੇ ਲਈ ਆਪਣੀ ਮਰਜ਼ੀ ਨਾਲ ਜੁ ਚੁਣੇ ਹੁੰਦੇ ਨੇ। ਪੀੜ੍ਹੀ ਦਰ ਪੀੜ੍ਹੀ ਰਾਜ ਕਰਦੇ ਇਹ ਲੋਕਾਂ ਨੂੰ ਜੋਕਾਂ ਲਗਦੇ ਹੀ ਨਹੀਂ। ਐਸਾ ਸ਼ਬਦ-ਰੂਪੀ ਜਾਦੂ ਕਰਦੇ ਨੇ ਕਿ ਇਨ੍ਹਾਂ ਜੋਕਾਂ ਵਿਰੁਧ ਉਠਦੀ ਅਵਾਜ਼ ਸੰਘ ਵਿਚ ਫਸ ਇਨ੍ਹਾਂ ਪ੍ਰਤੀ ਸਿਜਦਾ ਬਣ ਰਹਿ ਜਾਂਦੀ ਹੈ
ਮੁਕਰਿਓ ਨਾ, ਆਪਾਂ ਸਾਰੇ ਐਸੀਆਂ ਜੋਕਾਂ ਬਾਰੇ ਜਾਣਦੇ ਹਾਂ। ਉਪਰਲੇ ਸ਼ਿਅਰ ਵਿਚਲੀ ਸ਼ਾਇਰ ਦੀ ਹੂਕ ਨੇ ਜ਼ਰੂਰ ਤੁਹਾਡੇ ਕਲੇਜੇ ਵਿਚ ਵੀ ਧੂਹ ਪਾਈ ਹੋਵੇਗੀ। ਜੋ ਲੋਕਾਂ ਦਾ ਸੰਸਾਰ ਬਣਾਉਣਾ ਲੋਚਦਾ ਹੈ, ਉਨ੍ਹਾਂ ਲੋਕਾਂ ਦਾ ਜੋ ਲੋਕਾਂ ਬਾਰੇ ਸੋਚਦੇ ਹੋਣ, ਨਾ ਕਿ ਲੋਕਾਂ ਦਾ ਖੂਨ ਚੂਸਣ ਵਾਲੇ ਹੋਣ। ਅਜਿਹਾ ਕਰਨ ਦਾ ਮੌਕਾ ਬਾਰ ਬਾਰ ਆਉਂਦਾ ਰਿਹਾ ਹੈ। ਤੁਸੀਂ ਹੀਲੇ ਵੀ ਕਰਦੇ ਆਏ ਹੋ। ਕਿੰਨਾ ਸਫ਼ਲ ਅਸਫ਼ਲ ਰਹੇ ਹੋ, ਤੁਸੀਂ ਬਾਖ਼ੂਬੀ ਜਾਣਦੇ ਹੋ।
ਮੌਕਾ ਹੁਣ ਫਿਰ ਆਇਆ ਹੈ। ਚੋਣਾਂ ਦਾ ਬਿੱਗਲ ਵੱਜ ਚੁੱਕਾ ਹੈ। ਰਾਜਨੀਤਕ ਪਾਰਟੀਆਂ ਖੁੰਭਾ ਵਾਂਗ ਨਿਕਲ ਤੁਰੀਆਂ ਹਨ। ਜਿਹੜੇ ਪਿਛਲੇ ਪੰਜ ਸਾਲ ਕਿਤੇ ਨਜ਼ਰ ਨਹੀਂ ਆਏ ਹੋਣਗੇ, ਹੁਣ ਵੇਖਿਓ ਕਿੰਵੇਂ ਲੋਕ ਹਿਤੈਸ਼ੀ ਬਣ ਬਣ ਨਿਕਲਦੇ ਨੇ। ‘ਬਾਈ ਜੀ’ ‘ਵੀਰ ਜੀ’ ਕਹਿੰਦਿਆਂ ਮੂੂੰਹ ਸੁੱਕਣਗੇ ਇਨ੍ਹਾਂ ਦੇ। ਬਜ਼ੁਰਗਾਂ ਦੇ ਪੈਰੀਂ ਹੱਥ ਲਗਣਗੇ। ਰਾਹ ਜਾਂਦੇ ਰੋਕ-ਰੋਕ ਕੇ ਸਕੀਰੀਆਂ ਕੱਢਣਗੇ। ਕੋਈ ਨਵੀਂ ਗੱਲ ਨਹੀਂ। ਪਰ ਐਤਕੀਂ ਕੁਝ ਵੱਖਰਾ ਜ਼ਰੂਰ ਹੋਊਗਾ ਤੇ ਹੋ ਵੀ ਰਿਹਾ, ਜਿਹਨੇ ਇਨ੍ਹਾਂ ਨੂੰ ਭੌਜਲ ਪਾਈ ਹੋਈ ਆ। ਕਿਸਾਨ ਅੰਦੋਲਨ ਨੇ ਲੋਕਾਂ ਦੇ ਮੂੰਹ ਵਿਚਲੀ ਜ਼ੁਬਾਨ ਨੂੰ ਬੋਲਣ ਲਾ ਦਿੱਤਾ। ਆਪਣੇ ਹੱਕਾਂ ਤੇ ਹਿੱਤਾਂ ਦੀ ਗੱਲ ਹੋਣ ਲਗ ਪਈ ਹੈ। ਹੁਣ ਸਿੱਧੜ ਜਿਹਾ ਵੋਟਰ ਸਮਾਜਕ ਮੁੱਦਿਆਂ ਦੀ ਗੱਲ ਕਰਨ ਲਗ ਪਿਆ। ਸੋਸ਼ਲ ਮੀਡੀਆ ਇਹੋ ਜਿਹੀਆਂ ਖ਼ਬਰਾਂ, ਇੰਟਰਵਿਊਆਂ, ਵਿਚਾਰ ਚਰਚਾਵਾਂ ਤੇ ਹਸੌਣੀਆਂ ਟਿਕ-ਟਾਕ ਨਾਲ ਭਰੇ ਪਏ ਹਨ, ਜੋ ਸਮੇਂ ਦੇ ਤੱਥ ਸੱਚ ਦੇ ਪਾਜ ਖੋਲ੍ਹਦਾ ਲੋਕਾਂ ਨੂੰ ਸੁਚੇਤ ਕਰ ਰਹੇ ਹਨ।
ਸਮਾਂ ਵੀ ਐਤਕੀਂ ਵੋਟਰਾਂ ਨਾਲ ਵਫ਼ਾ ਕਰਦਾ ਪ੍ਰਤੀਤ ਹੁੰਦੈ। ਐਮੀਕਰੋਨ ਨਾਂ ਦੇ ਨਵੇਂ ਵਾਇਰਸ ਦੇ ਫੈਲਾਅ ਨੇ ਹਾਲ ਦੀ ਘੜੀ ਚੋਣ-ਰੈਲੀਆਂ ਤੇ ਪਾਬੰਦੀ ਲਵਾ ਦਿੱਤੀ ਹੈ। ਬਹੁਤਿਆਂ ਦੇ ਮੂੰਹਾਂ ਤੇ ਹੱਥਾਂ ’ਤੇ ਖੁਰਕ ਛਿੜੀ ਲਗਦੀ ਏ। ਨਾ ਵੱਡੇ-ਵੱਡੇ ਇਕੱਠ ਨਾ ਉਚੀ-ਉਚੀ ਕੂੜ-ਪ੍ਰਚਾਰ ਅਤੇ ਨਾ ਨਾਅਰੇ ਤੇ ਤਾੜੀਆਂ ਦੀ ਗੜਗੜਾਹਟ। ਕਾਹਦੀਆਂ ਚੋਣਾਂ! ਇੱਕ ਚੰਗੀ ਮੰਨੀ-ਪ੍ਰਮੰਨੀ ਪਾਰਟੀ ਦੇ ਨੇਤਾ ਨੇ ਤਾਂ ਇੰਟਰਵਿਊ ਵਿਚ ਕਹਿ ਹੀ ਦਿੱਤਾ ਕਿ ‘ਜਿਨਾ ਚਿਰ ‘ਕੱਠ ਨਾ ਹੋਣ, ਰੈਲੀਆਂ ਨਾ ਹੋਣ, ਲੋਕ ਸਾਹਮਣੇ ਨਾ ਬੈਠੇ ਹੋਣ, ਚੋਣਾਂ ਦਾ ਨਜ਼ਾਰਾ ਹੀ ਨਹੀਂ ਆਉਂਦਾ।’ ਸੋ ਸਾਡੇ ਮੁਲਕ ਦੇ ਨੇਤਾਵਾਂ ਲਈ ਤਾਂ ਚੋਣਾਂ ਨਜ਼ਾਰਾ ਲੈਣ ਦਾ ਵਧੀਆ ਮੌਕਾ ਹੁੰਦਾ ਜੋ ਸ਼ਾਇਦ ਐਤਕੀਂ ਬਹੁਤਾ ਨਾ ਆਵੇ। ਪਰ ਵੋਟਰਾਂ ਨੂੰ ਲਗਦਾ ਐਤਕੀਂ ਚੰਗਾ ਨਜ਼ਾਰਾ ਆਊ। ਟਿਕਟ ਲੈਣ ਲਈ ਉਮੀਦਵਾਰਾਂ ਦੀਆਂ ਬਾਂਦਰ ਕਲਾਬਾਜ਼ੀਆਂ ਲਗ ਰਹੀਆਂ ਹਨ। ਚੂਹੇ-ਦੌੜ ਲਗੀ ਹੋਈ ਹੈ। ਜਿਹੜੀ ਟਾਹਣੀ ਨੂੰ ਹੱਥ ਪੈਂਦਾ, ਬੱਸ ਫੜ ਲਓ। ਜਿਹੜੀ ਖੁੱਡ ਦੀਂਹਦੀ ਬੱਸ ਭੱਜ ਕੇ ਵੜ ਜਾਓ। ਪਾਰਟੀਆਂ ਨੇ ਖਾਲੀ ਬੱਸਾਂ ਖੜੀਆਂ ਕੀਤੀਆਂ, ਇੱਕ ਛੱਡ ਦੂਜੀ ਵਿਚ ਵੜ ਜਾਓ। ਕੋਈ ਸ਼ਰਮ ਨਹੀਂ ਕੋਈ ਹਰਜ ਨਹੀਂ ਕੋਈ ਦੱਸਣ ਪੁੱਛਣ ਵਾਲਾ ਨਹੀਂ ਕਿਉਂਜੁ ਇਸ ਹਮਾਮ ਵਿਚ ਬਹੁਤੇ ਨੰਗੇ ਨੇ। ਚੋਣਾਂ ਵਿਚ ਇੰਜ ਦੀ ਕੁੱਕੜ-ਖੇਹ ਉਡਦੀ ਪਹਿਲਾਂ ਕਦੇ ਵੇਖਣ ਸੁਣਨ ’ਚ ਨਹੀਂ ਆਈ ਸੀ ਜਿੰਵੇਂ ਇਸ ਵਾਰ ਹੋ ਰਿਹਾ ਹੈ।
ਟੀ.ਵੀ. ਰੇਡੀਓ ਨਾਲੋਂ ਸੋਸ਼ਲ ਮੀਡੀਆ ਚੰਗੇ ਪੋਲ ਖੋਲ੍ਹ ਰਿਹਾ ਹੈ। ਨੇਤਾ ਲੋਕ ਇੱਕ ਦੂਜੇ ਵਿਰੁੱਧ ਬੋਲਣ ਲਗੇ ਰਤਾ ਜਿਨੀ ਸ਼ਰਮ ਨਹੀਂ ਕਰਦੇ। ਵਿੰਗੇ-ਟੇਢੇ ਢੰਗ ਨਾਲ ਹਰ ਗੱਲ ਦੀ ਇਹੋ ਜਿਹੀ ਚੀਰ ਫਾੜ ਕਰਦੇ ਕਿ ਗੱਲ ਕਿਥੋਂ ਤੁਰਦੀ ਕਿਥੇ ਪਹੁੰਚ ਜਾਂਦੀ ਕਈ ਵਾਰ ਤਾਂ ਸਮਝੋ ਬਾਹਰ ਹੋ ਜਾਂਦੀ। ਹਰ ਤਰ੍ਹਾਂ ਦੀ ਤਹਿਜ਼ੀਬ ਛਿੱਕੇ ਟੰਗ ਇਲਜ਼ਾਮ ਤਰਾਸ਼ੀਆਂ, ਮਿਹਣੇ-ਕੁਮੇਹਣੇ ਤੇ ਬਾਤ ਦੇ ਬਤੰਗੜ ਬਣਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਰਾਜਨੀਤੀ ਦੇ ਨਾਂ ਤੇ ਨਿੱਜੀ ਹਮਲਿਆਂ ਨੂੰ ਸਹੀ ਠਹਿਰਾਉਣਾ ਕੋਈ ਇਨ੍ਹਾਂ ਨੀਤੀਵਾਨਾਂ ਤੋਂ ਸਿੱਖੇ। ਖੈਰ! ਨੇਤਾਵਾਂ ਨੇ ਤਾਂ ਆਪਣੀਆਂ ਚੋਣ-ਮੁਹਿੰਮਾਂ ਚਲਾਉਣ ਦੇ ਢੰਗ-ਤਰੀਕਿਆਂ ਵਿਚ ਖਾਸਾ ਵਿਕਾਸ ਕਰ ਲਿਆ ਹੈ। ਇਸ ਵਾਰ ਵੋਟਰ ਨੇ ਆਪਣੀ ਸਿਆਣਪ ਵਰਤਣੀ ਹੈ, ‘ਕੌਣ ਸਿਰਫ਼ ਚੋਣ ਲਾਰੇ ਹੀ ਲਾ ਰਿਹਾ, ਕੌਣ ਸ਼ਬਦ-ਜਾਲ ਵਿਛਾ ਭਰਮਾ ਰਿਹਾ, ਕੌਣ ਮੁਫ਼ਤ ਦਾ ਚੋਗਾ ਪਾ ਆਪਣੇ ਖਾਣ ਦਾ ਰਾਹ ਸੁਵੱਲਾ ਕਰ ਰਿਹਾ?’ ਤੁਸੀਂ ਵੇਖਣਾ ਸਮਝਣਾ ਤੇ ਸੋਚਣਾ ਕਿ ਜਿਹੜੇ ਭਾਂਡੇ ਵੇਖੇ ਆ, ਪਰਖੇ ਆ, ਠਕੋਰੇ ਆ ਜਾਂ ਟੁਣਕਾਏ ਆ ਉਨ੍ਹਾਂ ਨੂੰ ਹੀ ਮੁੜ ਪਰਖਣਾ ਜਾਂ ਠਕੋਰਨਾ ਕਿ ਕਿਸੇ ਨਵੇਂ ਘੁਮਿਆਰ ਦੀ ਆਵੀ ਦੇ ਨਵੇਂ ਭਾਂਡੇ ਵੀ ਨਿਗ੍ਹਾ ਹੇਠੋਂ ਕੱਢਣੇ।
ਸਿਆਣੇ ਕਹਿੰਦੇ ਨੇ, ‘ਨੀਤੀ ਕੋਈ ਵੀ ਹੋਵੇ ਨਜ਼ਰ ਤੇ ਨੀਤ ਸਿੱਧੀ ਹੋਣੀ ਚਾਹੀਦੀ ਹੈ।’ ਹੋ ਸਕਦਾ ਨੀਤੀ ਪੱਖੋਂ ਕਮਜ਼ੋਰ ਹੋਣ ਪਰ ਨਜ਼ਰ ਤੇ ਨੀਤ ਸਿੱਧੀ ਵਾਲੇ ਵੀ ਇਸ ਚੋਣ-ਦੰਗਲ ਵਿਚ ਕੋਈ ਨਾ ਕੋਈ ਤਾਂ ਹੋਣਗੇ ਹੀ। ਇਹ ਪਰਖ ਵੋਟਰ ਦੀ ਤੀਸਰੀ ਅੱਖ ਨੇ ਕਰਨੀ ਹੈ। ਤੇ ਇਹ ਅੱਖ ਤੁਹਾਡੇ ਕੋਲ ਹੈ। ਜੋਕਾਂ ਤੇ ਲੋਕਾਂ ਨੇ ਫਿਰ ਮੈਦਾਨ ਮੱਲ ਲਏ ਹਨ। ਫੈਸਲਾ ਤੁਹਾਡੇ ਹੱਥ ਹੈ ਕਿ ਖੂਨ ਪੀ ਪੀ ਫੁੱਲੀਆਂ ਜੋਕਾਂ ਸਿਰ ਤਾਜ ਪਾਉਣੈ ਕਿ ਸੁਹਿਰਦ ਲੋਕਾਂ ਹੱਥ ਆਪਣੀ ਵਾਗਡੋਰ ਫੜਾਉਣੀ ਹੈ।