ਬਾਤਾਂ ਪਾਉਂਦੇ ਪਖਰ ਗੀਦੇ, ਭਾਂਡੇ ਟੀਂਡੇ

ਗੁਲਜ਼ਾਰ ਸਿੰਘ ਸੰਧੂ
ਮੇਰੇ ਸਾਹਮਣੇ ਦੇਸ਼ ਵੰਡ ਦੀਆਂ ਬਾਤਾਂ ਪਾਉਂਦੀ ਇਕ ਲਾ-ਮਿਸਾਲ ਪੁਸਤਕ ਪਈ ਹੈ। ਇਸ ਦੀ ਲੇਖਿਕਾ ਆਂਚਲ ਮਲਹੋਤਰਾ ਨੇ ਮੋਂਟਰੀਅਲ (ਕੈਨੇਡਾ) ਤੋਂ ਫਾਈਨ ਆਰਟਸ ਦੀ ਮਾਸਟਰਜ਼ ਕੀਤੀ ਹੋਈ ਹੈ। ਉਸ ਦੇ ਦਾਦਾ ਅਜੋਕੇ ਪਾਕਿਸਤਾਨ ਦੇ ਜ਼ਿਲ੍ਹਾ ਬਹਾਉਦੀਨ ਵਿਚ ਪੈਂਦੇ ਕਸਬਾ ਮਲਕਵਾਲ ਤੋਂ ਸਨ ਤੇ ਦਾਦੀ ਡੇਰਾ ਇਸਮਾਈਲ ਖਾਨ ਦੇ ਨਿੱਕੇ ਪਿੰਡ ਮੁਰਿਆਲੀ ਤੋਂ। ਇਹ ਪੁਸਤਕ ਸੰਤਾਲੀ ਦੀ ਵੰਡ ਸਮੇਂ ਏਧਰ ਤੇ ਓਧਰ ਦੀਆਂ ਉਨ੍ਹਾਂ ਵਸਤਾਂ ਬਾਰੇ ਹੈ, ਜਿਹੜੀਆਂ ਵੰਡ ਦਾ ਅੱਖੀਂ ਡਿੱਠਾ ਵਰਣਨ ਬਣ ਜਾਂਦੀਆਂ ਹਨ। ਪੁਸਤਕ ਦਾ ਨਾਂ ਹੈ ‘ਬਟਵਾਰੇ ਦੀ ਕਹਾਣੀ/ਵਸਤਾਂ ਦੀ ਜ਼ੁਬਾਨੀ’ (ਲੋਕਗੀਤ ਪ੍ਰਕਾਸ਼ਨ, ਪੰਨੇ 416, ਮੁੱਲ 400 ਰੁ.)। ਹਾਰਪਰ ਕੌਲਿਨਜ਼ ਵਲੋਂ ਪ੍ਰਕਾਸ਼ਿਤ ਅੰਗਰੇਜ਼ੀ ਪੁਸਤਕ ਦਾ ਪੰਜਾਬੀ ਅਨੁਵਾਦ।

ਸਾਨੂੰ ਕਿਸੇ ਨੂੰ ਵੀ ਕੱਪੜੇ ਮਾਪਣ ਵਾਲੇ ਗਜ਼, ਪਿੱਤਲ ਦੇ ਘੜੇ, ਰਸੋਈ ਦੇ ਬਰਤਨ, ਓੜਨ ਵਾਲੇ ਬਾਗ, ਫੁਲਕਾਰੀਆਂ ਤੇ ਪਸ਼ਮੀਨੇ ਦੀਆਂ ਸ਼ਾਲਾਂ ਜਾਂ ਫਿਰ ਫਟੀਆਂ-ਪੁਰਾਣੀਆਂ ਹੱਥ ਲਿਖਤਾਂ, ਚਿੱਠੀਆਂ, ਕਵਿਤਾਵਾਂ, ਧਾਰਮਿਕ ਪੋਥੀਆਂ ਤੇ ਗਹਿਣੇ ਗੱਟੇ ਭੁੱਲੇ ਨਹੀਂ ਹਨ ਪਰ ਇਸ ਰਚਨਾ ਵਿਚ ਲੇਖਿਕਾ ਨੇ ਉਨ੍ਹਾਂ ਵਸਤਾਂ ਦੀ ਬਾਤ ਪਾਈ ਹੈ, ਜਿਹੜੀਆਂ ਮਿੱਟੀ ਦੀਆਂ ਮਾਧੋ ਹੋਣ ਦੇ ਬਾਵਜੂਦ ਮੰੂਹ ਜ਼ਬਾਨੀ ਉਸ ਵੇਲੇ ਬਾਰੇ ਦੱਸਦੀਆਂ ਹਨ, ਜਿਸ ਨੂੰ ਸੱਤ ਦਹਾਕੇ ਹੋ ਚੁੱਕੇ ਹਨ।
ਲੇਖਿਕਾ ਲਿਖਦੀ ਹੈ ਕਿ ਜਦੋਂ ਉਹ ਆਪਣੇ ਨਾਨਕਿਆਂ, ਦਾਦਕਿਆਂ ਅਤੇ ਹੋਰ ਵਡੇਰਿਆਂ ਤੋਂ ਉਨ੍ਹਾਂ ਦੇ ਬਚਪਨ ਤੇ ਜਵਾਨੀ ਦੀਆਂ ਗੱਲਾਂ ਸੁਣਦੀ ਸੀ ਤਾਂ ਉਸ ਦੇ ਮਨ ਵਿਚ ਅਜੋਕਾ ਪਾਕਿਸਤਾਨ ਕੋਈ ਗੈਰ-ਹਿੰਦੁਸਤਾਨ ਜਾਂ ਬਾਹਰਲਾ ਦੇਸ਼ ਨਹੀਂ ਸੀ ਆਉਂਦਾ। ਉਸ ਨੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇਕੋ ਢੰਗ ਨਾਲ ਗੰਨੇ ਤੋੜਦਿਆਂ ਜਾਂ ਆਲੂ-ਪੂਰੀ ਖਾਂਦਿਆਂ ਤੱਕਿਆ ਤੇ ਜਾਣਿਆ ਸੀ। ਉਹਦੇ ਲਈ ਹਿੰਦੂ ਮੁਸਲਿਮ ਤੇ ਸਿੱਖਾਂ ਵਿਚ ਜੇ ਕੋਈ ਫਰਕ ਸੀ ਤਾਂ ਕੇਵਲ ਏਨਾ ਜਿੰਨਾ ਗੁਲਜ਼ਾਰ ਸਿੰਘ, ਗੁਲਜ਼ਾਰੀ ਲਾਲ ਜਾਂ ਗੁਲਜ਼ਾਰ ਮੁਹੰਮਦ ਵਿਚ ਹੈ। ਕੇਵਲ ਨਾਂ ਦਾ ਫਰਕ ਉਂਝ ਸਾਰੇ ਇਕ ਦੂਜੇ ਦੇ ਜਾਣੂ, ਮਿੱਤਰ ਤੇ ਹਮਸਫ਼ਰ ਸਨ। ਇਸ ਪੁਸਤਕ ਵਿਚ ਵਸਤਾਂ ਹੀ ਬੋਲਦੀਆਂ ਹਨ ਬੰਦੇ ਨਹੀਂ, ਏਥੇ ਮਿੱਟੀ ਬੋਲਦੀ ਹੈ ਤੇ ਮੋਤੀ ਬਾਤਾਂ ਪਾਉਂਦੇ ਹਨ। ਲੇਖਿਕਾ ਦੀ ਕਲਾ ਦਾ ਕਮਾਲ ਇਸ ਵਿਚ ਹੈ ਕਿ ਉਸ ਨੇ ਲੋਕਾਂ ਦੇ ਘਰੀਂ ਜਾ ਕੇ ਉਨ੍ਹਾਂ ਦੀਆਂ ਅਲਮਾਰੀਆਂ ਤੇ ਖੱਲਾਂ ਖੰੂਜਿਆਂ ਵਿਚ ਪਏ ਟਰੰਕਾਂ, ਕਨਸਤਰਾਂ ਤੇ ਉਨ੍ਹਾਂ ਦੀਆਂ ਦਰਾਜ਼ਾਂ ਵਿਚ ਪਈਆਂ ਭੁੱਲੀਆਂ ਵਿਸਰੀਆਂ ਗੁਥਲੀਆਂ ਨੂੰ ਖੁਲ੍ਹਵਾਇਆ ਤੇ ਮਾਲਕਾਂ ਤੋਂ ਉਨ੍ਹਾਂ ਦੀ ਵਿੱਥਿਆ ਜਾਣੀ। ਇਨ੍ਹਾਂ ਮੁਲਾਕਾਤਾਂ ਨੇ ਮਾਲਕਾਂ ਨੂੰ ਇਨ੍ਹਾਂ ਵਸਤਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਵੰਡ ਦੀ ਕਹਾਣੀ ਵੰਡ ਨਾਲੋਂ ਵੀ ਵੱਡੀ ਹੈ। ਇਸ ਦੀ ਮਿਤੀ ਤਾਂ ਕੇਵਲ 15 ਅਗਸਤ, 1947 ਸੀ ਪਰ ਦੋਵਾਂ ਦੇਸ਼ਾਂ ਦੀ ਮਿੱਟੀ, ਮੀਂਹ, ਖੇਤ, ਖਤਾਨਾਂ, ਰਸਮ, ਰਿਵਾਜ, ਰਵਾਇਤਾਂ, ਸਾਕ ਸਕੀਰੀਆਂ, ਝਗੜੇ ਝੇੜੇ, ਪ੍ਰਕਿਰਤੀ, ਭਾਸ਼ਾ, ਗੀਤ-ਸੰਗੀਤ, ਕਲਾ, ਕਵਿਤਾ ਦੀ ਕਹਾਣੀ ਕਦੀ ਨਹੀਂ ਮੁੱਕੀ ਤੇ ਨਾ ਹੀ ਮੁੱਕਣ ਵਾਲੀ ਹੈ। ਜੇ ਸੱਤ ਦਹਾਕੇ ਨਹੀਂ ਭੁੱਲੀ ਤਾਂ ਪਤਾ ਨਹੀਂ ਹੋਰ ਕਿੰਨੇ ਦਹਾਕੇ ਤੁਰਦੀ ਰਹੇਗੀ।
ਭਾਰਤ ਦੀ ਸੁਤੰਤਰਤਾ ਦੇ ਸਾਢੇ ਸੱਤਵੇਂ ਤੇ ਭਾਰਤੀ ਗਣਤੰਤਰ ਦੇ ਸੱਤਵੇਂ ਦਹਾਕੇ ਵਿਚ ਦੇਸ਼ ਵੰਡ ਦੀ ਕਥਾ ਬਣੀ ਇਸ ਰਚਨਾ ਦਾ ਸਵਾਗਤ ਕਰਨਾ ਬਣਦਾ ਹੈ।
ਜੜ੍ਹਾਂ ਤੋਂ ਉੱਖੜੇ ਸਿਆਸੀ ਚਿਹਰੇ
ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲ ਬਦਲਣ ਵਾਲਿਆਂ ਦੀਆਂ ਜੜ੍ਹਾਂ ਫਰੋਲਣ ਦਾ ਦੌਰ ਸ਼ੁਰੂ ਹੋ ਗਿਆ ਹੈ। ਮੇਰੀ ਮਨਪਸੰਦ ਸੋਚ ਵਾਲੀਆਂ ਖੱਬੇ ਪੱਖੀ ਪਾਰਟੀਆਂ ਤੇ ਬਸਪਾ ਨੂੰ ਵੱਡੀ ਢਾਹ ਲੱਗ ਚੁੱਕੀ ਹੈ ਪਰ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬੀ ਸੂਬੇ ਦੇ ਹੋਂਦ ਵਿਚ ਆਉਣ ਤਕ ਪਿਛਲੀ ਅੱਧੀ ਸਦੀ ਵਿਚ ਬਲਵੰਤ ਸਿੰਘ ਰਾਮੂਵਾਲੀਆ, ਜਗਮੀਤ ਸਿੰਘ ਬਰਾੜ ਤੇ ਮਨਪ੍ਰੀਤ ਸਿੰਘ ਬਾਦਲ ਨੇ ਆਪੋ ਆਪਣੀਆਂ ਵੱਖਰੀਆਂ ਪਾਰਟੀਆਂ ਬਣਾਈਆਂ ਪਰ ਸਿਆਸੀ ਪਿੜ ਵਿਚ ਉਨ੍ਹਾਂ ਦੀ ਕੋਈ ਪਛਾਣ ਨਹੀਂ ਬਣ ਸਕੀ। ਅੰਤ ਵਿਚ ਕਿਸੇ ਦਾ ਕੁਝ ਨਹੀਂ ਬਣਿਆ ਸਿਵਾਏ ਮਨਪ੍ਰੀਤ ਸਿੰਘ ਬਾਦਲ ਦੇ, ਜਿਸ ਨੇ ਮੁੜ ਕਾਂਗਰਸ ਵਰਗੀ ਵੱਡੀ ਪਾਰਟੀ ਦਾ ਪੱਲਾ ਫੜ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਨਵੀਂ ਪਾਰਟੀ ਬਣਾ ਲਈ ਹੈ ਤੇ ਭਾਜਪਾ ਨਾਲ ਸਾਂਝ ਪਾ ਲਈ ਹੈ। ਗੜ੍ਹਸ਼ੰਕਰ ਦਾ ਵਿਧਾਨ ਸਭਾ ਹਲਕਾ ਵੀ ਜੜੋ੍ਹਂ ਉੱਖੜੇ ਸਿਆਸੀ ਚਿਹਰਿਆਂ ਨੂੰ ਉਭਾਰਦਾ ਜਾਪਦਾ ਹੈ। ਏਥੋਂ ਦੀਆਂ ਦੁੱਕੀਆਂ ਤਿੱਕੀਆਂ ਵੀ ਸਿਆਸੀ ਲਾਭ ਲੈਣ ਲਈ ਇਕ ਪਾਸੇ ਤੋਂ ਟਪੂਸੀ ਮਾਰ ਕੇ ਦੂਜੇ ਪਾਸੇ ਜਾ ਕੇ ਵੱਡੇ ਲਾਭਾਂ ਦੀ ਆਸ ਲਾਈ ਬੈਠੀਆਂ ਹਨ। ਟਪੂਸੀਆਂ ਮਾਰਨ ਵਾਲਿਆਂ ਦਾ ਭਵਿੱਖ ਤਾਂ ਧੰੁਦਲਾ ਹੀ ਹੰੁਦਾ ਹੈ। ਵੇਖੋ ਕੀ ਬਣਦਾ ਹੈ।
ਕਿਰਪਾਲ ਯੋਗੀ ਦਾ ਤੁਰ ਜਾਣਾ
ਇਨ੍ਹਾਂ ਦਿਨਾਂ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲਿਆਂ ਵਿਚੋਂ ਕਿਰਪਾਲ ਸਿੰਘ ਯੋਗੀ ਇਕ ਉੱਦਮੀ ਤੇ ਸਿਰੜੀ ਜੀਊੜਾ ਸੀ। ਉਹ ਪੰਜਾਬ, ਦਿੱਲੀ ਤੇ ਸ਼ਿਮਲਾ ਦੇ ਛਾਪੇਖਾਨਿਆਂ ਵਿਚ ਛੋਟੇ-ਮੋਟੇ ਕੰਮ ਕਰ ਕੇ ਪੜ੍ਹਿਆ ਤੇ ਪ੍ਰੋਫੈਸਰ ਦੀ ਉਪਾਧੀ ਤਕ ਪਹੰੁਚਿਆ।
ਉਹ ਇਕੋ ਇਕ ਅਜਿਹਾ ਵਿਅਕਤੀ ਹੈ, ਜਿਸ ਬਾਰੇ ਉਹਦੇ ਜੀਊਂਦੇ ਜੀਅ ਗੁਰਦਾਸਪੁਰ ਦੇ ਤਰਸੇਮ ਸਿੰਘ ਭੰਗੂ ਨੇ ਉਹਦੇ ਜੀਵਨ ਨੂੰ ਆਧਾਰ ਬਣਾ ਕੇ ਪੂਰਾ ਸੂਰਾ ਨਾਵਲ ਲਿਖਿਆ ਤੇ ਇਕ ਸਾਧਾਰਨ ਬੈਠਕ ਵਿਚ ਰਿਲੀਜ਼ ਕੀਤਾ। ਭੰਗੂ ਨੇ ਇਸਦਾ ਨਾਂ `ਫਰਸ਼ ਤੋਂ ਅਰਸ਼` ਤਕ ਰੱਖਿਆ ਹੈ। ਪੜ੍ਹੋ ਤੇ ਮਾਣੋ।
ਅੰਤਿਕਾ
ਸਰਦਾਰ ਪੰਛੀ
ਦਿਲ ਰਹੇ ਕਾਲੇ ਦੇ ਕਾਲੇ ਭਗਵੇਂ ਬਾਣੇ ਹੋ ਗਏ,
ਕੁਝ ਕੁ ਡੇਰੇ ਚੋਰਾਂ ਦੇ ਹੀ ਥਹੁ ਟਿਕਾਣੇ ਹੋ ਗਏ।
ਤੰੂ ਵੀ ਹੁਣ ਕੁਝ ਅਕਲ ਤੋਂ ਲੈ ਕੰਮ ਭੋਲੇ ‘ਪੰਛੀਆ’,
ਜੋ ਸੀ ਤੇਰੇ ਤੋਂ ਵੀ ਪਾਗਲ, ਉਹ ਸਿਆਣੇ ਹੋ ਗਏ।