ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ

ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ

ਸਿਵਚਰਨ ਜੱਗੀ ਕੁੱਸਾ

ਭਾਰਤ, ਆਪਣੀ ਮਾਂ-ਮਿੱਟੀ ਨਾਲ਼ ਬੇਹੱਦ ਮੋਹ ਸਾਨੂੰ ਪੰਜਾਬ ਧੂਹ ਕੇ ਲੈ ਜਾਂਦਾ ਹੈ। ਪਰ ਜਿੰਨੇ ਚਾਅ ਅਤੇ ਉਤਸ਼ਾਹ ਨਾਲ ਜਾਂਦੇ ਹਾਂ, ਉਸ ਤੋਂ ਕਿਤੇ ਜਿ਼ਆਦਾ ਨਿਰਾਸ਼ਾ ਲੱਦ ਕੇ ਲੈ ਆਉਂਦੇ ਹਾਂ। ਦਿੱਲੀ ਮਹਾਂ-ਨਗਰੀ ਦੇ ਏਅਰਪੋਰਟ ਉਪਰ ਕੰਮ ਕਰਦੇ ਏਅਰਲਾਈਨਾਂ ਦੇ ਕਰਮਚਾਰੀਆਂ ਦੀ ਲਾਪ੍ਰਵਾਹੀ, ਸ਼ੈਤਾਨੀਆਂ, ਦੁਰਵਿਹਾਰ ਅਤੇ ਗਿੱਦੜਮਾਰੀਆਂ ਅਸੀਂ ਲੰਮੇ ਸਮੇਂ ਤੱਕ ਭੁਲਾ ਨਹੀਂ ਸਕਦੇ ਅਤੇ ਯਾਦ ਕਰ-ਕਰ ਦੁਖੀ ਹੁੰਦੇ ਰਹਿੰਦੇ ਹਾਂ।

ਬਿਨਾ ਕਸੂਰ ਤੁਹਾਡਾ ਹੋਇਆ ਨੁਕਸਾਨ ਤੁਹਾਨੂੰ ਰੜਕਦਾ ਰਹਿੰਦਾ ਹੈ ਅਤੇ ਤੁਸੀਂ ਮੱਕੜ ਜਾਲ਼ ਵਾਂਗ ਇੱਕੋ ਸੁਆਲ ਵਿਚ ਉਲ਼ਝ ਕੇ ਰਹਿ ਜਾਂਦੇ ਹੋ, ‘ਯਾਰ ਸਾਡਾ ਕਸੂਰ ਕੀ ਸੀ…?’
ਕੋਰੋਨਾ ਦੇ ਕਹਿਰ ਕਾਰਨ ਚਾਹੇ ਮੀਡੀਆ ਪ੍ਰਦੇਸੀਆਂ ਨੂੰ ਘੱਟੋ-ਘੱਟ ਇੱਕ ਸਾਲ ਹੋਰ ਘਰਾਂ ਵਿਚ ਟਿਕ ਕੇ ਬੈਠਣ ਦੀ ਸਲਾਹ ਦੇ ਰਿਹਾ ਸੀ। ਪਰ ਪੰਜਾਬ ਦਾ ਮੋਹ ਬੰਦੇ ਨੂੰ ਕਿੱਥੇ ਟਿਕਣ ਦਿੰਦੈ..? ਤਿੰਨ ਹਫ਼ਤੇ ਦੀਆਂ ਛੁੱਟੀਆਂ ਸਨ, ਸੋਚਿਆ ਇੱਥੇ ਤਿੰਨ ਹਫ਼ਤੇ ਰਹਿ ਕੇ ਕੀ ਕੜਛ ਮਾਂਜਾਂਗੇ, ਪੰਜਾਬ ਦਾ ਗੇੜਾ ਕੱਢ ਕੇ ਆਉਂਦੇ ਹਾਂ। ਦਿੱਲੀ ਵਸਦੇ ਮੇਰੇ ਪੁਲੀਸ ਅਫ਼ਸਰ ਮਿੱਤਰ ਜਸਬੀਰ ਜਲਾਲਾਬਾਦੀ ਤੋਂ ਕੋਰੋਨਾ ਬਾਰੇ ਕਨਸੋਅ ਲਈ। ਕਹਿੰਦੈ, ‘ਦੁਨੀਆਂ ਤੁਰੀ ਫਿ਼ਰਦੀ ਐ ਬਾਈ ਜੀ, ਡਰਦੇ ਕਾਹਤੋਂ ਐਂ…ਆ ਜੋ ਜੱਫ਼ੀਆਂ ਪਾਈਏ ਤੇ ਪੈੱਗ-ਸ਼ੈੱਗ ਲਾਈਏ…!’ ਅਜਿਹੀਆਂ ਹੱਲਾਸ਼ੇਰੀਆਂ ਸੁਣ ਕੇ ਮੈਂ ਵੀ ਸ਼ੇਰ ਬਣ ਗਿਆ। ਵਿਸਤਾਰਾ ਏਅਰਲਾਈਨ ਦੀ ਟਿਕਟ ਬੁੱਕ ਕਰ ਲਈ। ਦੁਨੀਆਂ ਤਾਂ ਰੂਸ, ਉਜ਼ਬੇਕ ਵਰਗੀਆਂ ਏਅਰਲਾਈਨਾਂ ਨੂੰ ਭੰਡਦੀ ਨਹੀਂ ਸੀ ਥੱਕਦੀ, ਪਰ ਮੇਰੇ ਨਿੱਜੀ ਤਜ਼ਰਬੇ ਮੁਤਾਬਿਕ ੜਸਿਟਅਰਅ ੳਰਿ (ਵਿਸਤਾਰਾ ਏਅਰ) ਦੁਨੀਆਂ ਦੀ ਸਭ ਤੋਂ ਨਖਿੱਧ ਏਅਰਲਾਈਨ ਹੈ, ਜਿਸ ਦੇ ਦਿੱਲੀ ਏਅਰਪੋਰਟ ਸਟਾਫ਼ ਦੇ ਰੁੱਖੇ ਵਤੀਰੇ ਦਾ ਸੁਆਦ ਸਿਰਫ਼ ਮੈਂ ਹੀ ਨਹੀਂ, ਹੋਰ ਹਜ਼ਾਰਾਂ ਲੋਕਾਂ ਨੇ ਚੱਖਿਆ ਹੋਵੇਗਾ। ਇੱਕ ਵਾਰ ਮੈਂ ਏਅਰ ਇੰਡੀਆ ਦੀਆਂ ‘ਭਦਰਕਾਰੀਆਂ’ ਉਪਰ ਵੀ ‘ਇਹ-ਰੰਡੀ-ਆ’ ਨਾਂ ਦਾ ਲੇਖ ਲਿਖਿਆ ਸੀ।
ਮੇਰਾ ਬੇਟਾ ਕਬੀਰ ਮੈਨੂੰ ਲੰਡਨ ਹੀਥਰੋ ਏਅਰਪੋਰਟ ਛੱਡ ਗਿਆ ਅਤੇ ਮੇਰੇ ਸਾਮਾਨ ਜਮ੍ਹਾਂ ਕਰਵਾ ਕੇ ਪਰਤ ਆਇਆ। ਸਹੀ ਸਮੇਂ ਫ਼ਲਾਈਟ ਦਿੱਲੀ ਜਾ ਉੱਤਰੀ। ਏਅਰਪੋਰਟ ਉਪਰ ਕੋਈ ਬਹੁਤੀ ਭੀੜ੍ਹ ਨਹੀਂ ਸੀ। ਸਾਰੀ ਕਾਰਵਾਈ ਉਪਰੰਤ ਮੈਂ ਪੌਣੇ ਕੁ ਬਾਰਾਂ ਵਜੇ ਬਾਹਰ ਆ ਗਿਆ। ਆਪਣੀ ਧਰਤੀ ‘ਤੇ ਪਹੁੰਚ ਕੇ ਏਅਰਪੋਰਟ ਉਪਰ ਉਤਰਨ ਸਾਰ ਹੀ ਵਿਲੱਖਣ ਜਿਹਾ ਅਹਿਸਾਸ ਹੁੰਦਾ ਹੈ।
ਦਸ ਕੁ ਦਿਨ ਕੰਮਾਂ-ਧੰਦਿਆਂ ਵਿਚ ਲੰਘ ਗਏ। 15 ਦਸੰਬਰ 2020 ਨੂੰ ਮੇਰੇ ਵੱਡੇ ਭੈਣ ਜੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ਼ ਜੂਝਦੇ ਚੜ੍ਹਾਈ ਕਰ ਗਏ। ਅੰਨ੍ਹਾਂ ਖਰਚਾ ਅਤੇ ਤਕੜੇ-ਤਕੜੇ ਹਸਪਤਾਲ਼ਾਂ ਦਾ ਇਲਾਜ਼ ਵੀ ਉਨ੍ਹਾਂ ਨੂੰ ਬਚਾ ਨਾ ਸਕਿਆ। ਪੂਰੇ ਹੋਣ ਤੋਂ ਪਹਿਲਾਂ ਮੈਂ ਨੌਂ ਦਿਨ ਭੈਣ ਜੀ ਦੇ ਸਿਰ੍ਹਾਣੇ ਬੈਠਾ ਰਿਹਾ। ਪਰ ਦੁਖੀ ਹੋਣ ਅਤੇ ਉਨ੍ਹਾਂ ਨੂੰ ਫ਼ੋਕਾ ਦਿਲਾਸਾ ਦੇਣ ਤੋਂ ਇਲਾਵਾ ਮੇਰੇ ਹੱਥ ਵੱਸ ਕੁਛ ਵੀ ਨਹੀਂ ਸੀ। ਪਰ ਅਫ਼ਸੋਸ, ਜਿਸ ਦਿਨ ਭੈਣ ਨੇ ਸਰੀਰ ਛੱਡਿਆ, ਉਸ ਤੋਂ ਪੰਜ ਦਿਨ ਪਹਿਲਾਂ ਮੈਂ ਲੰਡਨ ਪਹੁੰਚ ਚੁੱਕਿਆ ਸੀ। ਪਰ ਫਿ਼ਰ ਵੀ ਆਤਮਿਕ ਤਸੱਲੀ ਹੈ ਕਿ ਘੱਟੋ-ਘੱਟ ਨੌਂ ਕੁ ਦਿਨ ਤਾਂ ਮੈਂ ਭੈਣ ਦੀ ਸੇਵਾ ਕਰ ਸਕਿਆ। ਖ਼ੈਰ, ਮੇਰੀ ਵਾਪਸੀ ਫ਼ਲਾਈਟ 23 ਨਵੰਬਰ 2021 ਦੀ ਸੀ। ਦੋ ਦਿਨ ਪਹਿਲਾਂ ਕੋਰੋਨਾ ਟੈਸਟ ਕਰਵਾ ਲਿਆ ਅਤੇ ਏਅਰਪੋਰਟ ਉਪਰ ਜਾ ਕੇ ਵੀ ਟੈਸਟ ਕਰਵਾਇਆ। ਰਿਜ਼ਲਟ ਦੋਵਾਂ ਟੈਸਟਾਂ ਦਾ ‘ਨੈਗੇਟਿਵ’ ਹੀ ਆਇਆ।
23 ਨਵੰਬਰ ਨੂੰ ਮੇਰੀ ਫ਼ਲਾਈਟ ਬਾਅਦ ਦੁਪਿਹਰ ਦੋ ਵੱਜ ਕੇ ਤੀਹ ਮਿੰਟ ‘ਤੇ ਸੀ। ਬਾਈ ਡਾਕਟਰ ਇੰਦਰ ਮੈਨੂੰ ਚੜ੍ਹਾਉਣ ਆਇਆ ਸੀ। ਸਵੇਰੇ ਦਸ ਵਜੇ ਏਅਰਪੋਰਟ ਅੰਦਰ ਦਾਖਲ ਹੋ ਗਿਆ। ਅੱਗੇ ਬੜੀ ਲੰਬੀ ਲਾਈਨ ਸੀ। ਇੱਕ ਪੈਂਹਟ ਕੁ ਸਾਲ ਦਾ ਅਧਗੰਜਾ, ਗਿੱਠਾ ਜਿਹਾ ਕਰਮਚਾਰੀ ਅਤੇ ਇੱਕ ਪੱਚੀ ਕੁ ਸਾਲ ਦਾ ਮੁੰਡਾ ਯਾਤਰੀਆਂ ਦੇ ਕਾਗਜ਼ ਚੈੱਕ ਕਰ ਰਹੇ ਸਨ। ਅਧਗੰਜੇ ਕਰਮਚਾਰੀ ਨੇ ਚਾਰ-ਪੰਜ ਪੰਜਾਬੀ ਮੁੰਡੇ ਇੱਕ ਪਾਸੇ ਖੜ੍ਹਾਏ ਹੋਏ ਸਨ। ਉਨ੍ਹਾਂ ਦੇ ਕੋਲ਼ ਖੜ੍ਹਨ ਲਈ ਉਸ ਨੇ ਮੈਨੂੰ ਵੀ ਇਸ਼ਾਰਾ ਕਰ ਦਿੱਤਾ। ਜਦ ਅਸੀਂ ਅੱਧਾ ਕੁ ਘੰਟਾ ਖੜ੍ਹੇ ਰਹੇ ਤਾਂ ਮੈਂ ਉਨ੍ਹਾਂ ਮੁੰਡਿਆਂ ਨੂੰ ਪੁੱਛਿਆ, ‘ਤੁਸੀਂ ਅੱਗੇ ਕਿਉਂ ਨੀ ਤੁਰਦੇ ਸ਼ੇਰੋ…?’ ਤਾਂ ਇੱਕ ਪੱਗ ਵਾਲ਼ਾ ਮੁੰਡਾ ਬੋਲਿਆ, ‘ਅਸੀਂ ਪਹਿਲੀ ਵਾਰ ਇੰਗਲੈਂਡ ਚੱਲੇ ਆਂ ਜੀ, ਇੰਗਲੈਂਡ ਦੀ ਅੰਬੈਸੀ ਨੇ ਸਾਨੂੰ ਵੀਜ਼ਾ ਦਿੱਤੈ, ਤੇ ਇਹ ਵਿਸਤਾਰਾ ਏਅਰਲਾਈਨ ਵਾਲ਼ੇ ਕਹਿੰਦੇ ਤੁਹਾਡਾ ਵੀਜ਼ਾ ਸਹੀ ਨਹੀਂ ਲੱਗਦਾ। ਇਨ੍ਹਾਂ ਨੇ ਤਸਦੀਕ ਕਰਨ ਲਈ ਅੰਬੈਸੀ ਨੂੰ ਫ਼ੈਕਸ ਭੇਜੀ ਐ, ਪਰ ਅਜੇ ਤੱਕ ਕੋਈ ਉਤਰ ਨੀ ਆਇਆ…!’
-’ਥੋਡੇ ਸਾਰਿਆਂ ਦੇ ਤਾਂ ਵੀਜ਼ੇ ਫ਼ਰਜ਼ੀ ਨਹੀਂ ਹੋ ਸਕਦੇ…?’ ਮੈਂ ਵੀ ਦੁਬਿਧਾ ਵਿਚ ਪਿਆ ਖੜ੍ਹਾ ਸੀ।
-’ਅੰਨ੍ਹੀ ਨੂੰ ਬੋਲ਼ਾ ਘੜ੍ਹੀਸਦੈ ਅੰਕਲ ਜੀ, ਕਿਹੜਾ ਕੋਈ ਸੁਣਦੈ…?’ ਇੱਕ ਹੋਰ ਅੱਕਿਆ ਹੋਇਆ ਬੋਲਿਆ।
-’ਮੈਨੂੰ ਲੱਗਦੈ ਇਹ ਮੇਰੇ ਅਰਗਿਆਂ ਨੂੰ ਪਾਸੇ ਕਰ ਕੇ, ਪੈਸੇ ਲੈ ਕੇ ਦੂਜਿਆਂ ਨੂੰ ਚੜ੍ਹਾਉਂਦੇ ਹੋਣਗੇ…!’ ਦੂਜਾ ਮੁੰਡਾ ਬੋਲਿਆ।
ਮੈਂ ਉਸ ਅੱਧਗੰਜੇ ਕਰਮਚਾਰੀ ਕੋਲ਼ ਗਿਆ।
-’ਇਨ੍ਹਾਂ ਦੇ ਤਾਂ ਤੁਸੀਂ ਵੀਜ਼ੇ ਫ਼ਰਜ਼ੀ ਦੱਸਦੇ ਓਂ, ਪਰ ਮੈਨੂੰ ਐਥੇ ਕਾਸ ਨੂੰ ਖੜ੍ਹਾਇਐ…? ਮੇਰੇ ਕੋਲ਼ ਤਾਂ ਵਿਦੇਸ਼ੀ ਪਾਸਪੋਰਟ ਐ…!’ ਜਦ ਮੈਂ ਉਸ ਕਰਮਚਾਰੀ ਨੂੰ ਕਰੜਾ ਜਿਹਾ ਹੋ ਕੇ ਕਿਹਾ ਤਾਂ ਉਸ ਨੇ ਬੈਲਟ ਜਿਹੀ ਲਾਹ ਕੇ ਮੈਨੂੰ ਲਾਈਨ ਵਿਚ ਵੜਦੇ ਕਰ ਦਿੱਤਾ। ਮੇਰੇ ਹੱਥ ਵਿਚ ਪਾਸਪੋਰਟ ਸਮੇਤ ਸਾਰੇ ਲੋੜੀਂਦੇ ਕਾਗਜ਼ ਫ਼ੜੇ ਹੋਏ ਸਨ। ਤਿੰਨ ਕਾਊਂਟਰ ਚੱਲ ਰਹੇ ਸਨ। ਅੱਧਗੰਜਾ ਤਾਂ ਲੋਕਾਂ ਦੇ ਪੇਪਰਾਂ ਵਿਚ ਨਿਘੋਚਾਂ ਹੀ ਕੱਢ ਰਿਹਾ ਸੀ, ਜਦ ਕਿ ਲਵਾ ਜਿਹਾ ਮੁੰਡਾ ਯਾਤਰੀਆਂ ਦੇ ਕਾਗਜ਼ ਪੱਤਰ ਨਿਰਖ ਰਿਹਾ ਸੀ। ਜਿਸ ਦੇ ਪੇਪਰਾਂ ਵਿਚ ਘਾਟ ਹੁੰਦੀ, ਉਸ ਨੂੰ ਬੈਲਟ ਖੋਲ੍ਹ ਕੇ ਲਾਈਨ ਤੋਂ ਬਾਹਰ ਕਰ ਦਿੱਤਾ ਜਾਂਦਾ। ਮੇਰੇ ਮਗਰ ਇੱਕ ਅੱਸੀ ਕੁ ਸਾਲ ਦੀ ਬੇਬੇ ਆ ਖੜ੍ਹੀ।
-’ਤੂੰ ਵੀ ਇੰਗਲੈਂਡ ਜਾਣੈ ਪੁੱਤ..?’ ਉਸ ਮਾਤਾ ਨੇ ਮੈਨੂੰ ਪੇਂਡੂ ਲਹਿਜੇ ਵਾਲਲੀ ਅਪਣੱਤ ਨਾਲ਼ ਪੁੱਛਿਆ।
-’ਹਾਂ ਬੇਬੇ, ਜਾਣਾ ਤਾਂ ਇੰਗਲੈਂਡ ਈ ਐ, ਜੇ ਜਾਣ ਦੇਣਗੇ…!’ ਮੈਂ ਗੱਲ ਹਾਸੇ ਵਿਚ ਪਾ ਲਈ।
ਜਦ ਮੇਰੀ ਵਾਰੀ ਆਈ ਤਾਂ ਮੈਂ ਪਾਸਪੋਰਟ ਸਮੇਤ ਸਾਰੇ ਕਾਗਜ਼ ਉਸ ਦੇ ਹਵਾਲੇ ਕਰ ਦਿੱਤੇ।
-’ਪੈਸੈਂਜਰ ਲੋਕੇਟਰ ਫ਼ਾਰਮ ਕਹਾਂ ਹੈ…?’ ਉਸ ਨੇ ਕੋਚਰ ਨਜ਼ਰ ਨਾਲ ਸਾਰੇ ਕਾਗਜ਼ ਦੇਖ ਕੇ ਮੈਨੂੰ ਸੁਆਲ ਕੀਤਾ।
-’ਉਹਦੇ ਬਾਰੇ ਤਾਂ ਮੈਨੂੰ ਪਤਾ ਹੀ ਨੀ ਸੀ ਯਾਰ…!’
-’ਪੈਸੇਂਜਰ ਲੋਕੇਟਰ ਫ਼ਾਰਮ ਲਾਓ…!’ ਉਸ ਨੇ ਬੈਲਟ ਖੋਲ੍ਹ ਕੇ ਮੈਨੂੰ ਲਾਈਨ ਤੋਂ ਬਾਹਰ ਕਰ ਦਿੱਤਾ। ਬਿਰਧ ਮਾਤਾ ਵੀ ਮੇਰੇ ਮਗਰ ਹੀ ਤੁਰੀ ਆ ਰਹੀ ਸੀ।
-’ਬੇਬੇ, ਤੁਸੀਂ ਤਾਂ ਕਾਗਜ਼ ਪੱਤਰ ਚੈੱਕ ਕਰਵਾ ਲੋ…!’ ਮੈਂ ਮਾਤਾ ਨੂੰ ਵਾਪਸ ਭੇਜਿਆ ਅਤੇ ਆਪ ਆਪਣੇ ਬੇਟੇ ਨੂੰ ਫ਼ੋਨ ਕਰਨ ਲੱਗ ਪਿਆ। ਲੰਡਨ ਵਿਚ ਸਵੇਰ ਦੇ ਛੇ ਵੱਜੇ ਹੋਏ ਸਨ।
-’ਯਾਰ ਕਬੀਰ, ਮੇਰਾ ਪੈਸੇਂਜਰ ਲੋਕੇਟਰ ਫ਼ਾਰਮ ਬਣਾ ਕੇ ਭੇਜ, ਜੇ ਮੈਂ ਫ਼ੋਨ ‘ਤੇ ਕਰਨ ਲੱਗਿਆ ਤਾਂ ਮੈਨੂੰ ਐਥੇ ਈ ਦਿਨ ਛਿਪ-ਜੂ…!’
-’ਮੈਂ ਹੁਣੇ ਬਣਾ ਕੇ ਥੋਨੂੰ ਈਮਲੇ ਕਰਦੈਂ, ਡੈਡ…!’ ਕਹਿ ਕੇ ਕਬੀਰ ਆਪਣੇ ਕੰਮ ਲੱਗ ਗਿਆ ਅਤੇ ਮੈਂ ਇੱਕ ਪਾਸੇ ਬੈਠ ਕੇ ਉਡੀਕ ਕਰਨ ਲੱਗ ਪਿਆ। ਉਥੇ ਪੈਸੇਂਜਰ ਲੋਕੇਟਰ ਫ਼ਾਰਮ (ਫਅਸਸੲਨਗੲਰ ਼ੋਚਅਟੋਰ ਾਂੋਰਮ) ਵਾਲਾ ਮੈਂ ਇਕੱਲਾ ਹੀ ਨਹੀਂ, ਹੋਰ ਵੀ ਬਹੁਤ ਸਨ। ਮੁੰਡੇ ਅਜੇ ਵੀ ਅੰਬੈਸੀ ਦੀ ਫ਼ੈਕਸ ਉਡੀਕਦੇ ਥੱਕ ਗਏ ਸਨ। ਮੈਂ ਵਾਈ-ਫ਼ਾਈ ਨਾਲ਼ ਕੁਨੈਕਟ ਕਰ ਕੇ ਈਮੇਲ ਚੈਕ ਕਰਨ ਲੱਗ ਪਿਆ। ਅਜੇ ਕਬੀਰ ਦੀ ਕੋਈ ਈਮੇਲ ਨਹੀਂ ਆਈ ਸੀ। ਜਦ ਮੈਂ ਫ਼ੋਨ ਜੇਬ ‘ਚ ਪਾ ਕੇ ਉਪਰ ਦੇਖਿਆ ਤਾਂ ਓਹੀ ਪੰਜਾਬਣ ਬੇਬੇ ਮੇਰੇ ਕੋਲ ਖੜ੍ਹੀ ਸੀ।
-’ਕਰਵਾ’ਤਾ ਸਮਾਨ ਜਮ੍ਹਾਂ, ਬੇਬੇ…?’ ਮੈਂ ਪੁੱਛਿਆ।
-’ਵੇ ਪੁੱਤ ਮੈਨੂੰ ਤਾਂ ਇਨ੍ਹਾਂ ਦੀ ਬਾਤ ਨੀ ਸਮਝ ਆਉਂਦੀ, ਔਹਨੂੰ ਪੁੱਛ ਮੁੰਡੇ ਨੂੰ, ਕੀ ਕਹਿੰਦੈ…?’
ਮੈਂ ਉਠ ਕੇ ਬੇਬੇ ਨਾਲ਼ ਤੁਰ ਪਿਆ। ਬੇਬੇ ਨੂੰ ਕਰਮਚਾਰੀ ਦੀ ਗੂੜ੍ਹ ਹਿੰਦੀ ਸਮਝ ਨਹੀਂ ਆਉਂਦੀ ਸੀ, ਤੇ ਉਨ੍ਹਾਂ ਨੂੰ ਬੇਬੇ ਦੀ ਠੇਠ ਪੰਜਾਬੀ।
-’ਇਸ ਮਾਤਾ ਕੀ ਕਿਆ ਪ੍ਰਾਬਲਮ ਹੈ…?’ ਮੈਂ ਪੱਚੀ ਕੁ ਸਾਲ ਦੇ ਕਰਮਚਾਰੀ ਨੂੰ ਪੁੱਛਿਆ।
-’ਮਾਤਾ ਕਾ ਵੀਜ਼ਾ ਵੈਰੀਫਿ਼ਕੇਸ਼ਨ ਕੇ ਲਿਏ ਗਯਾ ਹੈ, ਜਬ ਆਏਗਾ, ਫ਼ਲਾਈਟ ਹੋ ਜਾਏਗੀ…!’ ਉਹ ਬੜੇ ਅਰਾਮ ਨਾਲ਼ ਬੋਲਿਆ।
-’ਮਾਤਾ ਇਸ ਉਮਰ ਮੇਂ ਜਾਅਲ੍ਹੀ ਵੀਜ਼ਾ ਲੇਕਰ ਜਾਏਗੀ..? ਕਯਾ ਬਾਤ ਕਰ ਰਹੇ ਹੈਂ ਆਪ…? ਕੁਛ ਤੋ ਸੋਚੋ..!’
-’ਹਮਾਰੀ ਮਜਬੂਰੀ ਹੈ…!’ ਕਹਿ ਕੇ ਉਹ ਪੂੰਝਾ ਜਿਹਾ ਛੁਡਾ ਕੇ ਭੱਜ ਗਿਆ। ਭੇਡੂ ਵਾਂਗ ਉਸ ਦੇ ਛੱਤਰੇ ਹਿਲਦੇ ਜਾ ਰਹੇ ਸਨ।
-’ਇੱਕ ਅੱਖ ਤੋਂ ਤਾਂ ਪੁੱਤ ਮੈਨੂੰ ਜਮਾਂ ਨੀ ਦੀਂਹਦਾ, ਤੇ ਦੂਜੀ ਤੋਂ ਵੀ ਮੈਨੂੰ ਘੱਟ ਈ ਦਿਸਦੈ…!’ ਬੇਬੇ ਨੇ ਦੁੱਖ ਦੱਸਿਆ।
-’ਬੇਬੇ ਕੀ ਕਰਨ ਚੱਲੇ ਓਂ…?’
-’ਮੇਰੇ ਦੋਹਤੇ ਦਾ ਵਿਆਹ ਐ ਪੁੱਤ, ਦੋਹਤੇ ਦੇ ਵਿਆਹ ‘ਤੇ ਚੱਲੀ ਆਂ…!’
ਮੇਰੇ ਫ਼ੋਨ ਦੀ ‘ਟਿੰਗ’ ਨੇ ਮੇਰੀ ਸੁਰਤੀ ਤੋੜੀ। ਕਬੀਰ ਦੀ ਈਮੇਲ ਸੀ। ਮੇਰਾ ਲੋਕੇਟਰ ਫ਼ਾਰਮ ਬਣ ਕੇ ਆ ਗਿਆ ਸੀ।
-’ਬੇਬੇ ਮੈਨੂੰ ਆਪਣਾ ਸਮਾਨ ਜਮ੍ਹਾਂ ਕਰਵਾ ਲੈਣ ਦੇ, ਫ਼ੇਰ ਥੋਡਾ ਹੱਲ ਵੀ ਕਰਦੇ ਆਂ…!’ ਮੈਂ ਸਮਾਨ ਵਾਲ਼ੀ ਟਰਾਲੀ ਕਾਊਂਟਰ ਵੱਲ ਨੂੰ ਕਰ ਲਈ। ਜਦ ਮੈਂ ਕਾਊਂਟਰ ਕੋਲ ਗਿਆ ਤਾਂ ਇੱਕ ਤੀਹ-ਬੱਤੀ ਕੁ ਸਾਲ ਦੀ ਕੁੜੀ ਕਿਸੇ ਨਾਲ ਫ਼ੋਨ ‘ਤੇ ਗੱਲ ਕਰਦੀ, ਰੋਈ ਜਾ ਰਹੀ ਸੀ।
-’ਕਿਆ ਹੂਆ…? ਆਪ ਰੋ ਕਿਉਂ ਰਹੀ ਹੋ…?’ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਾਊਂਟਰ ਵੱਲ ਹੱਥ ਕਰ ਦਿੱਤਾ। ਮੈਂ ਕਾਊਂਟਰ ਕੋਲ ਜਾ ਕੇ ਅਟੈਚੀ ਬੈਲਟ ਉਪਰ ਰੱਖਣਾ ਚਾਹਿਆ ਤਾਂ ਕੁੜੀ ਦੋ ਟੁੱਕ ਬੋਲੀ, ‘ਕਾਊਂਟਰ ਬੰਦ ਹੋ ਚੁੱਕਾ ਹੈ, ਸਰ…!’
-’ਅਰ੍ਹੇ ਫ਼ਲਾਈਟ ਜਾਨੇ ਮੇਂ ਤੋ ਅਭੀ ਡੇਡ੍ਹ ਘੰਟਾ ਬਾਕੀ ਹੈ…!’ ਮੈਂ ਘੜ੍ਹੀ ਵੱਲ ਇਸ਼ਾਰਾ ਕੀਤਾ।
-’ਸੌਰੀ ਸਰ…!’ ਉਹ ਕਾਊਂਟਰ ਤੋਂ ਉਠ ਕੇ ਦੁੜਕੀ ਹੋ ਲਈ।
-’ਅਰ੍ਹੇ ਮੈਂ ਤੋ ਪੈਸੇਂਜਰ ਲੋਕੇਟਰ ਫ਼ਾਰਮ ਕਰ ਕੇ ਉਧਰ ਖੜ੍ਹਾ ਥਾ, ਅਬ ਤੋ ਮੇਰੇ ਪਾਸ ਪੈਸੇਂਜਰ ਲੋਕੇਟਰ ਫ਼ਾਰਮ ਭੀ ਹੈ…!’
-’ਕਾਊਂਟਰ ਬੰਦ ਹੋ ਚੁੱਕਾ ਹੈ, ਸਰ…!’ ਇੱਕ ਹੋਰ ਦੇ ਚੱਪਣ ਵਰਗੇ ਬੁੱਲ੍ਹ ਹਿੱਲੇ।
-’ਤੋ ਹਮਾਰੀ ਟਿਕਟ ਕਾ ਕਯਾ ਬਨੇਗਾ, ਭੱਈਆ…?’ ਉਹ ਰੋਣ ਵਾਲੀ ਕੁੜੀ ਬੋਲੀ।
-’ਕਸਟਮਰ ਸਰਵਿਸ ਕਾਊਂਟਰ ਪਰ ਜਾਈਏ…!’ ਉਸ ਨੇ ਬੇਥ੍ਹਵੀ ਬਾਂਹ ਚੁੱਕ ਕੇ ਇਸ਼ਾਰਾ ਕੀਤਾ।
ਤਕਰੀਬਰ ਵੀਹ-ਬਾਈ ਜਾਣੇ ਜੱਥਾ ਬਣਾ ਕੇ ਉਧਰ ਨੂੰ ਤੁਰ ਪਏ। ਪਰ ਸਾਨੂੰ ਕਿਤੇ ਵੀ ਕਸਟਮਰ ਸਰਵਿਸ ਵਾਲ਼ਾ ਕਾਊਂਟਰ ਨਾ ਮਿਲਿਆ ਅਤੇ ਰੁਲ-ਖੁਲ ਕੇ ਓਸੇ ਕਾਊਂਟਰ ਕੋਲ ਫਿਰ ਆ ਗਏ। ਅੱਧਗੰਜਾ ਕਰਮਚਾਰੀ ਤਾਂ ਪੱਤੇ ਤੋੜ ਗਿਆ ਸੀ। ਇੱਕ ਪੱਚੀ ਕੁ ਸਾਲ ਦੀ ਕੁੜੀ ਵਿਗੜੀ ਸਥਿਤੀ ਸੰਭਾਲਣ ਲਈ ਕਾਊਂਟਰ ਕੋਲ ਆ ਖੜ੍ਹੀ। ਨਵੇਂ ਵੀਜ਼ੇ ਵਾਲੇ ਮੁੰਡੇ ਉਸ ਦੁਆਲੇ ਘੇਰਾ ਘੱਤੀ ਖੜ੍ਹੇ ਸਨ।
-’ਜਦੋਂ ਅੰਬੈਸੀ ਨੇ ਸਾਨੂੰ ਵੀਜ਼ਾ ਦਿੱਤਾ ਹੈ, ਤੁਸੀਂ ਬਿਨਾ ਸਬੂਤ ਤੋਂ ਕਿਵੇਂ ਕਹਿ ਸਕਦੇ ਹੋ ਕਿ ਸਾਡੇ ਵੀਜ਼ੇ ਫ਼ਰਜ਼ੀ ਨੇ…?’ ਇੱਕ ਮੁੰਡੇ ਨੇ ਸੁਆਲ ਪੁੱਛਿਆ ਤਾਂ ਕੁੜੀ ਨੂੰ ਕੋਈ ਉਤਰ ਨਾ ਔੜਿਆ। ਉਹ ਧੂੜ ‘ਚ ਟੱਟੂ ਰਲਾਉਂਦੀ ਹੋਈ ਬੋਲੀ, ‘ਮੁਝੇ ਤੋ ਆਪ ਕੇ ਕੇਸ ਕਾ ਪਤਾ ਨਹੀਂ, ਆਪ ਕਸਟਮਰ ਸਰਵਿਸ ਸੇ ਬਾਤ ਕੀਜੀਏ…?’ ਉਸ ਨੇ ਇੱਕ ਨੰਬਰ ਦਿਖਾਉਂਦੀ ਹੋਈ ਨੇ ਸਲਾਹ ਦਿੱਤੀ, ‘ਇਸ ਨੰਬਰ ਪਰ ਕਾਲ ਕੀਜੀਏ…!’
-’ਹਮੇਂ ਯੇਹ ਬਤਾਈਏ ਕਿ ਹਮਾਰੀ ਟਿਕਟ ਆਪ ਨੇ ਖਰਾਬ ਕਰ ਦੀ, ਯਾਂ ਹਮੇਂ ਇਸੀ ਟਿਕਟ ਪਰ ਲੇ ਕਰ ਜਾਏਂਗੇ, ਕਿਉਂਕਿ ਕਸੂਰ ਤੋ ਹਮਾਰਾ ਕੋਈ ਭੀ ਨਹੀਂ..!’
-’ਹਮ ਤੋ ਸਵੇਰੇ ਦਸ ਵਜੇ ਸੇ ਯਹਾਂ ਖੜ੍ਹੇ ਹੈਂ…!’
-’ਕਰਜ਼ਾ ਚੱਕ ਕੇ ਟਿਕਟ ਖਰੀਦੀ ਸੀ, ਤੇ ਇਹ ਸਾਨੂੰ ਬੇਵਕੂਫ਼ ਬਣਾਈ ਜਾਂਦੇ ਆ…!’ ਇੱਕ ਮੁੰਡੇ ਨੇ ਅੱਖਾਂ ਭਰ ਲਈਆਂ।
-’ਪੁੱਤ ਮੇਰਾ ਕੀ ਬਣੂੰ…?’ ਬੇਬੇ ਨੇ ਮੈਨੂੰ ਸੁਆਲ ਕੀਤਾ। ਬੇਬੇ ‘ਤੇ ਮੈਨੂੰ ਅਥਾਹ ਤਰਸ ਆਇਆ।
-’ਹਮਾਰੀ ਤੋ ਬਾਤ ਛੋੜੋ, ਇਸ ਬਿਰਧ ਮਾਤਾ ਕੋ ਤੋ ਜਾਨੇ ਦੋ…! ਕਯਾ ਆਪ ਸੋਚ ਸਕਤੇ ਹੈਂ ਕਿ ਇਸ ਉਮਰ ਮੇਂ ਯੇਹ ਕਿਸੀ ਫ਼ਰਜ਼ੀ ਵੀਜ਼ੇ ਪਰ ਇੰਗਲੈਂਡ ਜਾਏਗੀ…?’ ਮੈਂ ਕੁੜੀ ਨੂੰ ਮਾਤਾ ਵੱਲ ਹੱਥ ਕਰ ਕੇ ਕਿਹਾ।
-’ਸਰ, ਯੇਹ ਮੇਰਾ ਕਾਮ ਨਹੀਂ, ਕਸਟਮਰ ਸਰਵਿਸ ਸੇ ਬਾਤ ਕਰ ਲੇਨਾ…! ਨੰਬਰ ਆਪ ਨੇ ਨੋਟ ਕਰ ਹੀ ਲੀਆ..!’ ਉਸ ਨੇ ਭੌਣ ਤੋਂ ਲਾਹ ਦਿੱਤੀ।
-’ਪੁੱਤ ਹੁਣ ਕੀ ਕਹਿੰਦੀ ਆ…?’ ਆਸ ਭਰੀਆਂ ਨਜ਼ਰਾਂ ਨਾਲ਼ ਮਾਤਾ ਮੇਰੇ ਵੱਲ ਝਾਕ ਰਹੀ ਸੀ।
-’ਬੇਬੇ ਇਹ ਫ਼ਲਾਈਟ ਤਾਂ ਸਮਝ ਲਓ, ਚਲੀ ਗਈ…!’
-’ਚਲੀ ਗਈ…? ਪੁੱਤ ਮੈਨੂੰ ਤਾਂ ਮੁੰਡੇ ਸਵੇਰੇ ਦਸ ਵਜੇ ਲਾਹ ਕੇ ਪਿੰਡ ਨੂੰ ਮੁੜ’ਗੇ, ਹੁਣ ਮੇਰਾ ਵਾਲੀਵਾਰਸ ਕੌਣ ਆਂ..?’ ਘਬਰਾਈ ਮਾਤਾ ਬੌਂਦਲ਼ ਗਈ।
-’ਪਿੰਡ ਨੂੰ ਮੁੜ ਗਏ…?’
-’ਉਹ ਤਾਂ ਪੁੱਤ ਮੈਨੂੰ ਅੰਦਰ ਵਾੜ ਕੇ ਤੁਰ’ਗੇ ਸੀ…!’
-’ਉਨ੍ਹਾਂ ਦਾ ਨੰਬਰ ਹੈ ਬੇਬੇ ਕੋਈ…?’
ਬੇਬੇ ਨੇ ਇੱਕ ਵੱਡੇ ਸਾਰੇ ਕਾਗਜ਼ ਉਪਰ ਵੱਡੇ-ਵੱਡੇ ਅੱਖਰਾਂ ‘ਚ ਲਿਖਿਆ ਇੰਗਲੈਂਡ ਦਾ ਨੰਬਰ ਦਿਖਾਇਆ।
-’ਇਹ ਤਾਂ ਬੇਬੇ ਬਾਹਰਲਾ ਨੰਬਰ ਐ, ਕੋਈ ਐਥੋਂ ਦਾ ਨੰਬਰ ਹੈਨ੍ਹੀ…?’
-’ਮੈਨੂੰ ਤਾਂ ਆਹੀ ਲੰਬਰ ਦੇ ਕੇ ਗਏ ਸੀ, ਪੁੱਤ…!’ ਮਾਤਾ ਦੀਆਂ ਬੁਝੀਆਂ ਅੱਖਾਂ ਫਿ਼ਕਰ ਵਿਚ ਡੁੱਬ ਗਈਆਂ।
-’ਮਾਤਾ ਕੇ ਲੜਕੇ ਇਸ ਕੋ ਯਹਾਂ ਛੋੜ ਕਰ ਪੰਜਾਬ ਪਰਤ ਗਏ ਹੈਂ, ਆਪ ਇਸ ਮਾਤਾ ਕੀ ਕੋਈ ਮੱਦਦ ਨਹੀਂ ਕਰ ਸਕਤੇ..?’ ਮੈਂ ਉਸ ਕੁੜੀ ਨੂੰ ਕਿਹਾ, ‘ਆਪ ਕੀ ਕੋਈ ਔਰ ਫ਼ਲਾਈਟ ਨਹੀਂ ਜਾ ਰਹੀ..?’
-’ਹਮ ਕੁਛ ਨਹੀਂ ਕਰ ਸਕਤੇ, ਸਰ…!’ ਉਹ ਰਜਿ਼ਸਟਰ ਵਿਚ ਸਾਡੇ ਨਾਂ ਦਰਜ ਕਰ ਕੇ ਸਾਨੂੰ ਬਾਹਰ ਛੱਡ ਗਈ। ਮੈਂ ਮਾਤਾ ਤੋਂ ਨੰਬਰ ਫ਼ੜ ਕੇ ਇੰਗਲੈਂਡ ਦਾ ਨੰਬਰ ਮਿਲਾ ਲਿਆ ਅਤੇ ਮਾਤਾ ਨਾਲ਼ ਗੱਲ ਕਰਵਾ ਦਿੱਤੀ। ਇੰਗਲੈਂਡ ਵਾਲਿ਼ਆਂ ਨੇ ਇੱਥੋਂ ਦੇ ਮੁੰਡਿਆਂ ਨਾਲ਼ ਰਾਬਤਾ ਕੀਤਾ। ਚੰਗੇ ਭਾਗਾਂ ਨੂੰ ਮਾਤਾ ਦੇ ਵਾਰਸ ਮੁੰਡੇ ਅਜੇ ਦਿੱਲੀ ਦੇ ਕਿਸਾਨ ਮੋਰਚੇ ਵਾਲ਼ੀ ਜਗ੍ਹਾ ‘ਤੇ ਮੌਜੂਦ ਸਨ, ਪਿੰਡ ਨਹੀਂ ਗਏ ਸਨ। ਇਸ ਲਈ ਉਨ੍ਹਾਂ ਨੇ ਸਾਨੂੰ ਇੱਕ ਘੰਟੇ ਦੇ ਅੰਦਰ-ਅੰਦਰ ਏਅਰਪੋਰਟ ਪਹੁੰਚਣ ਦਾ ਵਾਅਦਾ ਦਿੱਤਾ। ਮੈਂ ਅਤੇ ਦੂਜੇ ਮੁੰਡੇ ਉਨ੍ਹਾਂ ਦੀ ਉਡੀਕ ਵਿਚ ਬੈਠ ਗਏ ਕਿ ਮਾਤਾ ਉਦਾਸ ਹੋ ਕੇ ਦਿਲ ਨਾ ਛੱਡ ਜਾਵੇ। ਮੁੰਡੇ ਆਪਣਾ ਆਪਣਾ ਦੁੱਖ ਰੋ ਰਹੇ ਸਨ। ਪੰਜਾਹ ਹਜ਼ਾਰ ਦੀ ਇੱਕ ਪਾਸੇ ਦੀ ਟਿਕਟ ਬਗੈਰ ਕਿਸੇ ਕਸੂਰ ਤੋਂ ਘੱਟੇ ਪਾ ਦਿੱਤੀ ਗਈ ਸੀ।
ਮਾਤਾ ਨੂੰ ਉਸ ਦੇ ਵਾਰਸਾਂ ਨੂੰ ਸੌਂਪ ਕੇ ਮੈਂ ਟੈਕਸੀ ਫ਼ੜ ਕੇ ਦਿੱਲੀ ਡਾਕਟਰ ਬਾਈ ਕੋਲ ਆ ਗਿਆ।
ਆਥਣੇ ਚਾਰ ਕੇ ਵਜੇ ਮੈਂ ਵਿਸਤਾਰਾ ਏਅਰ ਦੇ ਕਸਟਮਰ ਸਰਵਿਸ ਨੂੰ ਫ਼ੋਨ ਕੀਤਾ। ਇੱਕ ਲੜਕੀ ‘ਖ਼ੁਸ਼ੀ’ ਨਾਲ਼ ਗੱਲ ਹੋਈ। ਉਸ ਨੂੰ ਜਦ ਸਾਰਾ ਕੁਛ ਮੈਂ ਵਿਸਥਾਰ ਨਾਲ ਦੱਸਿਆ ਤਾਂ ਉਹ ਬੜੇ ਮਿਜ਼ਾਜ਼ ਨਾਲ ਆਖਣ ਲੱਗੀ, ‘ਮੈਂ ਆਪ ਕੋ ਵੱਨ ਵੇਅ ਟਿਕਟ ਫਿਫਟੀ ਫ਼ੋਰ ਥਾਊਜ਼ੈਂਟ ਰੁਪੀਜ਼ ਕੀ ਦੇ ਸਕਤੀ ਹੂੰ, ਯੇਹ ਹਮਾਰੀ ਬੈਸਟ ਔਫ਼ਰ ਹੈ…!’
-’ਆਪ ਹਮਾਰਾ ਕਸੂਰ ਤੋ ਬਤਾਈਏ ਕਿ ਹਮਾਰਾ ਦੋਸ਼ ਕਯਾ ਹੈ..? ਹਮ ਫ਼ਲਾਈਟ ਜਾਨੇ ਕੇ ਪਾਂਚ ਘੰਟੇ ਪਹਿਲੇ ਪਹੁੰਚੇ, ਪੈਸੇਂਜਰ ਲੋਕੇਟਰ ਫ਼ਾਰਮ ਮਾਂਗਾ, ਆਧੇ ਘੰਟੇ ਮੇਂ ਵੋਹ ਦੇ ਦੀਆ, ਹਮਾਰਾ ਕਸੂਰ ਤੋ ਬਤਾਈਏ ਕੀ ਹਮਾਰੀ ਟਿਕਟ ਆਪ ਨੇ ਕਿਯੂੰ ਖਰਾਬ ਕੀ ਔਰ ਅਬ ਹਮ ਨਈ ਟਿਕਟ ਲੇ ਕਰ ਕਿਯੂੰ ਜਾਏਂ…? ਹਮਾਰਾ ਦੋਸ਼ ਤੋ ਬਤਾਈਏ…?’
-’ਆਪ ਐਸਾ ਕਰੀਏ, ਮੁਝੇ ਦੋ ਦਿਨ ਕਾ ਸਮਾਂ ਦੀਜੀਏ, ਮੈਂ ਆਪ ਕੋ ਕਾਲ ਕਰੂੰਗੀ…!’
-’ਭੂਲ ਮੱਤ ਜਾਨਾ…!’ ਹੌਲੀ-ਹੌਲੀ ਮੇਰੀ ਹਿੰਦੀ ਵੀ ਮੁੱਕ ਚੱਲੀ ਸੀ। ਖੁਰਚ-ਖੁਰਚ ਕੇ ਅੰਦਰੋਂ ਕੱਢੀ ਹਿੰਦੀ ਦਾ ਕੋਟਾ ਵੀ ਹੁਣ ਪੰਜਾਬ ਸਰਕਾਰ ਦੇ ਖਜ਼ਾਨੇ ਵਾਂਗ ਖਾਲੀ ਹੁੰਦਾ ਜਾ ਰਿਹਾ ਸੀ।
ਤੀਜੇ ਦਿਨ ਕਿਸੇ ਹੋਰ ਬੀਬੀ ਦਾ ਫ਼ੋਨ ਆ ਗਿਆ। ਉਸ ਨੇ ਤਾਂ ਸਿੱਧਾ ਹੀ ਝੱਗਾ ਚੁੱਕ ਦਿੱਤਾ ਕਿ ਜਿੱਥੋਂ ਤੁਸੀਂ ਟਿਕਟ ਖਰੀਦੀ ਸੀ, ਉਸ ਏਜੰਟ ਨਾਲ ਗੱਲ ਕਰੋ, ਸ਼ਾਇਦ ਉਹ ਤੁਹਾਨੂੰ ‘ਰੀਫੰਡ’ ਦੇ ਦੇਣ…?
-’ਲੇਕਿਨ ਪੈਸੇ ਤੋ ਆਪ ਕੀ ਏਅਰਲਾਈਨ ਕੋ ਹੀ ਆਏ ਹੈਂ, ਏਜੰਸੀ ਕੋ ਤੋ ਸਿਰਫ਼ ਥੋੜਾ ਬਹੁਤਾ ਕਮਿਸ਼ਨ ਮਿਲਾ ਹੋਗਾ…?’
-’ਸਰ, ਸਿਲਿਊਸ਼ਨ ਮੈਨੇ ਆਪ ਕੋ ਬਤਾ ਦੀਆ, ਕਰਨਾ ਨਾ ਕਰਨਾ ਆਪ ਕਾ ਕਾਮ ਹੈ…!’ ਤੇ ਉਹ ਫ਼ੋਨ ਕੱਟ ਕੇ ਤਿੱਤਰ ਹੋ ਗਈ।
-’ਫ਼ੜ ਲਓ ਪੂਛ…! ਇੱਕ ਤਾਂ ਜੁਆਕ ਦਰਵਾਜੇ ‘ਚ ਹੱਥ ਦੇ ਲੈਂਦੈ, ਤੇ ਦੂਜਾ ਘਰ ਦੇ ਉਤੋਂ ਕੁੱਟਣ ਲੱਗ ਜਾਂਦੇ ਐ, ਬਈ ਸਾਲਿਆ ਹੱਥ ਦਿੱਤਾ ਕਿਉਂ…? ਦੂਹਰੀ ਮਾਰ..!’ ਮੇਰੇ ਮਨ ਨੇ ਕਿਹਾ। ਹੁਣ ਮੈਂ ਵੀ ਦੂਹਰੀ ਮਾਰ ਦਾ ਸੰਤਾਪ ਝੱਲ ਰਿਹਾ ਸਾਂ। ਮੈਂ ਅਜੇ ਫ਼ੋਨ ਰੱਖਿਆ ਹੀ ਸੀ ਕਿ ਕਬੀਰ ਦਾ ਫ਼ੋਨ ਆ ਗਿਆ, ‘ਡੈਡ, ਨਵੇਂ ਵਾਇਰਸ ਓਮੀਕਰੋਨ ਤੇ ਡੈਲਟਾ ਕਾਰਨ ਇੱਕ ਦਸੰਬਰ ਤੋਂ ਇਨ੍ਹਾਂ ਨੇ ਫ਼ਲਾਈਟਾਂ ਬੰਦ ਕਰ ਦੇਣੀਐਂ, ਮੈਂ ਤੁਹਾਨੂੰ ਵੰਨ ਵੇਅ ਟਿਕਟ ਵਾਇਆ ਡੁਬਈ ਭੇਜ ਰਿਹੈਂ, ਚੁੱਪ ਕਰ ਕੇ ਚੜ੍ਹ ਆਓ, ਕਿਤੇ ਦਿੱਲੀ ਹੀ ਨਾ ਫ਼ਸ ਕੇ ਰਹਿ ਜਿਓ…!’
-’ਕਿੰਨੇ ਦੀ ਆਈ ਐ…?’
-’ਛੇ ਸੌ ਪੌਂਡ ਦੀ…! ਤੁਸੀਂ ਇਹ ਚਿੰਤਾ ਨਾ ਕਰੋ ਤੇ ਬੱਸ ਚੜ੍ਹ ਆਓ…!’ ਪੁੱਤ ਦੇ ਹੌਸਲੇ ਨੇ ਮੇਰਾ ਸੇਰ ਖ਼ੂਨ ਵਧਾ ਦਿੱਤਾ। ਪਰ ਰੰਨ ਗਈ ਨਾਲੇ ਕੰਨ ਪਾਟੇ, ਰਾਂਝੇ ਦੱਸ ਪਿਆਰ ‘ਚੋਂ ਖੱਟਿਆ ਕੀ ਬਾਰੇ ਸੋਚ ਕੇ ਮੈਨੂੰ ਵਿਸਤਾਰਾ ਵਾਲਿਆਂ ‘ਤੇ ਰਹਿ ਰਹਿ ਕੇ ਖਿਝ ਆ ਰਹੀ ਸੀ। ਜਿਨ੍ਹਾਂ ਨੇ ਬਿਨਾ ਗੱਲੋਂ ਮੇਰਾ ਹਫ਼ਤਾ ਬਰਬਾਦ ਕਰ ਦਿੱਤਾ ਅਤੇ ਜਿਹੜੇ ਕੋਰੋਨਾ ਦੇ ਟੈਸਟ ਹੋਣੇ ਸੀ, ਉਹ ਵੱਖਰੇ ਅਤੇ ਲੱਖ ਰੁਪਏ ਦਾ ਬਿਨਾ ਗੱਲੋਂ ਵਾਧੂ ਨੁਕਸਾਨ ਹੋ ਗਿਆ ਸੀ। ਅਗਲੇ ਦਿਨ ਕੋਰੋਨਾ ਦੇ ਦੋ ਟੈਸਟ ਕਰਵਾਏ ਅਤੇ 30 ਨਵੰਬਰ ਨੂੰ ਓਮਰਿਅਟੲਸ ਅਰਿਲਨਿੲ ਦੀ ਫ਼ਲਾਈਟ ਫੜ ਕੇ ਹੀਥਰੋ ਆ ਉਤਰਿਆ ਅਤੇ ਮੁੜ ਕੰਨਾਂ ਨੂੰ ਹੱਥ ਲਾਏ ਕਿ ਅੱਜ ਤੋਂ ਕਿਸੇ ਵੀ ਦੇਸੀ ਏਅਰਲਾਈਨ ਵਿਚ ਸਫ਼ਰ ਨਹੀਂ ਕਰੂੰਗਾ। ਜਿੰਨਾਂ ‘ਨ੍ਹਾਤੀ ਓਨਾਂ ਈ ਪੁੰਨ!