ਪੁਸਤਕ ‘ਸ਼ਬਦਾਂ ਦੇ ਖਿਡਾਰੀ’ ਦਾ ਮੁੱਖੜਾ

ਪ੍ਰਿੰ. ਸਰਵਣ ਸਿੰਘ
‘ਸ਼ਬਦਾਂ ਦੇ ਖਿਡਾਰੀ’ ਕਿਤਾਬ ਵਿਚ ਵੰਨ-ਸੁਵੰਨੀਆਂ ਖੇਡ ਲਿਖਤਾਂ ਹਨ, ਜੋ ਖੇਡ ਸਾਹਿਤ ਦੀਆਂ ਬਾਤਾਂ ਕਹੀਆਂ ਜਾ ਸਕਦੀਆਂ ਹਨ। ਬਾਤਾਂ ਪਾਉਣ ਵਾਲੇ ਹਨ ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਬਲਬੀਰ ਸਿੰਘ ਕੰਵਲ, ਸੂਬਾ ਸਿੰਘ, ਵਰਿਆਮ ਸਿੰਘ ਸੰਧੂ, ਪਾਸ਼, ਦਾਰਾ ਸਿੰਘ, ਪ੍ਰੋ. ਕਰਮ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਡਾ. ਜਸਪਾਲ ਸਿੰਘ ਤੇ ਦਰਜਨ ਕੁ ਹੋਰ ਖੇਡ ਲੇਖਕ। ਪੰਜਾਬੀ ਵਿਚ ਖੇਡਾਂ ਖਿਡਾਰੀਆਂ ਬਾਰੇ ਸਵਾ ਸੌ ਤੋਂ ਵੱਧ ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਖੇਡ ਸਾਹਿਤ ਹੁਣ ਵੱਖਰੀ ਵਿਧਾ ਬਣ ਚੁੱਕੈ। ਇਸ ਬਾਰੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਲਿਖੇ ਜਾ ਰਹੇ ਹਨ।

ਐੱਮ.ਫਿੱਲ ਤੇ ਪੀ.ਐੱਚਡੀ ਦੀਆਂ ਡਿਗਰੀਆਂ ਹੋ ਰਹੀਆਂ ਹਨ। ਪੰਜਾਬੀ ਖੇਡ ਅਦਬ ਵਿਚ ਨਾਮਵਰ ਖਿਡਾਰੀਆਂ ਦੀਆਂ ਜੀਵਨੀਆਂ, ਸਵੈ-ਜੀਵਨੀਆਂ, ਰੇਖਾ ਚਿੱਤਰ, ਕਹਾਣੀਆਂ, ਨਾਵਲ, ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡ ਚਿੰਤਨ, ਖੇਡਾਂ ਦੀ ਜਾਣ-ਪਛਾਣ, ਖੇਡ ਕਵਿਤਾਵਾਂ, ਗੀਤ, ਸਿ਼ਅਰ, ਖੇਡ ਸਾਹਿਤ ਦੇ ਅਧਿਐਨ ਬਾਰੇ ਖੋਜ ਨਿਬੰਧ, ਖੋਜ ਪ੍ਰਬੰਧ ਤੇ ਅਲੋਪ ਹੋ ਰਹੀਆਂ ਦੇਸੀ ਖੇਡਾਂ ਅਤੇ ਪ੍ਰਚੱਲਿਤ ਪੱਛਮੀ ਖੇਡਾਂ ਬਾਰੇ ਬਹੁਪੱਖੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਛਪ ਚੁੱਕੀਆਂ ਹਨ।
ਬਲਵੰਤ ਗਾਰਗੀ ਪੰਜਾਬੀ ਦਾ ਅਫ਼ਲਾਤੂਨ ਲੇਖਕ ਸੀ। ਵਾਰਤਕਕਾਰ, ਰੇਖਾ ਚਿੱਤਰਕਾਰ, ਸਫ਼ਰਨਾਮੀਆ, ਨਾਟਕਕਾਰ, ਅਦਾਕਾਰ, ਨਾਵਲਕਾਰ, ਕਹਾਣੀਕਾਰ, ਪਟਕਥਾ ਲੇਖਕ, ਥੇਟਰੀਆ, ਗੱਲ ਕੀ ਨੌਂ ਰਤਨੀਆ ਸੀ। ਉਸ ਨੇ 1960ਵਿਆਂ `ਚ ਖੇਡ ਕਹਾਣੀ ‘ਸੌ ਮੀਲ ਦੌੜ’ ਲਿਖੀ ਸੀ, ਜੋ ਦੇਸ਼ ਦੇ ਖੇਡ ਪ੍ਰਬੰਧ ਉੱਤੇ ਤਿੱਖੀ ਚੋਟ ਹੈ। ਜਸਵੰਤ ਸਿੰਘ ਕੰਵਲ ਸੌ ਸਾਲ ਤੋਂ ਵੱਧ ਜੀਵਿਆ ਤੇ ਸੌ ਤੋਂ ਵੱਧ ਪੁਸਤਕਾਂ ਲਿਖੀਆਂ। ਉਸ ਨੂੰ ਵਾਰਸ ਦੀ ਹੀਰ ਸੁਣਨ ਵਾਂਗ ਖੇਡਾਂ ਖਿਡਾਉਣ ਦਾ ਵੀ ਸ਼ੌਕ ਸੀ। ਉਹ ਵਾਲੀਬਾਲ ਖੇਡਿਆ, ਕਬੱਡੀ ਦੇ ਅੰਗ-ਸੰਗ ਰਿਹਾ ਤੇ ਢੁੱਡੀਕੇ ਤੋਂ ਸਾਊਥਾਲ ਤਕ ਕਬੱਡੀ ਮੈਚਾਂ ਦਾ ਰੈਫਰੀ ਬਣਿਆ। ਢੁੱਡੀਕੇ ਦੇ ਖੇਡ ਮੇਲੇ ਵਿਚ ਅਸੀਂ `ਕੱਠੇ ਕੁਮੈਂਟਰੀ ਕਰਦੇ ਤੇ ਕਬੱਡੀ ਮੈਚ ਖਿਡਾਉਂਦੇ। ‘ਖੇਡਾਂ ਦਾ ਵਣਜਾਰਾ’ ਕੰਵਲ ਦੀ ਖੇਡ ਲਿਖਤ ਹੈ।
ਡਾ. ਹਰਿਭਜਨ ਸਿੰਘ ਨੇ ਬਤੌਰ ਕਵੀ, ਆਲੋਚਕ, ਅਨੁਵਾਦਕ, ਅਧਿਆਪਕ, ਸੰਪਾਦਕ, ਗੋਸ਼ਟੀਕਾਰ, ਭਾਸ਼ਨਕਾਰ ਤੇ ਖੋਜਕਾਰ ਖ਼ੂਬ ਨਾਮਣਾ ਖੱਟਿਆ। ਉਹ ਆਪਣੇ ਲੱਛੇਦਾਰ ਭਾਸ਼ਨ ਨਾਲ ਸਰੋਤਿਆਂ `ਤੇ ਟੂਣਾ ਕਰ ਦਿੰਦਾ ਤੇ ਆਪਣੇ ਹੀ ਵੇਗ ਵਿਚ ਵਹਾ ਲਿਜਾਂਦਾ। ਉਹ ਸ਼ਬਦਾਂ ਦਾ ਓਲੰਪੀਅਨ ਸੀ, ਜਿਸ ਨੇ ਉਲਟਾ ਮੈਨੂੰ ‘ਸ਼ਬਦਾਂ ਦਾ ਓਲੰਪੀਅਨ’ ਲਿਖ ਕੇ ਵਡਿਆਇਆ। ਬਲਬੀਰ ਸਿੰਘ ਕੰਵਲ ਖੋਜੀ ਲੇਖਕ ਹੈ। ਉਸ ਨੇ ਪਹਿਲਵਾਨਾਂ, ਕੌਡਿਆਲਾਂ, ਰਾਗੀਆਂ, ਰਬਾਬੀਆਂ, ਬਾਈਆਂ ਤੇ ਭਾਰਤੀ ਸੰਗੀਤ ਘਰਾਣਿਆਂ ਬਾਰੇ ਲਿਖ ਕੇ ਬੱਲੇ-ਬੱਲੇ ਕਰਾਈ। ਇੰਗਲੈਂਡ ਵਿਚ ‘ਪੰਜਾਬ ਹੈਰੀਟੇਜ਼ ਮਿਊਜ਼ੀਅਮ’ ਬਣਾਇਆ ਹੈ, ਜਿਸ ਵਿਚ ਭਲਵਾਨੀ, ਸਾਜ਼ ਸੰਗੀਤ ਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਵਸਤਾਂ ਸੰਭਾਲ ਰੱਖੀਆਂ ਹਨ। ਸੂਬਾ ਸਿੰਘ ਦੀ ਸ਼ੋਭਾ ਹਾਸ ਵਿਅੰਗ ਲੇਖਕ ਹੋਣ ਦੀ ਸੀ। ਉਹ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦਾ ਪ੍ਰੈੱਸ ਸਕੱਤਰ ਰਿਹਾ। ਉਹਦੀ ਕਿਤਾਬ ‘ਅਲੋਪ ਹੋ ਰਹੇ ਚੇਟਕ’ ਵਿਚ ਛਿੰਝਾਂ ਨਾਲ ਸਬੰਧਤ ਕਮਾਲ ਦਾ ਲੇਖ ਹੈ ‘ਕਾਹਨੂੰ ਲੱਭਦੇ ਮੱਲ ਅਖਾੜਿਆਂ ਦੇ’।
ਵਰਿਆਮ ਸਿੰਘ ਸੰਧੂ ਲੰਮੀ ਕਹਾਣੀ ਦਾ ਕੌਮੀ ਚੈਂਪੀਅਨ ਹੈ। ਉਹਦੀ ਕਹਾਣੀ ‘ਚੌਥੀ ਕੂਟ’ ਭਾਰਤੀ ਭਾਸ਼ਾਵਾਂ `ਚੋਂ ਚੋਟੀ ਦੀਆਂ ਬਾਰਾਂ ਕਹਾਣੀਆਂ ਦੇ ਅੰਗਰੇਜ਼ੀ ਸੰਗ੍ਰਹਿ ‘ਮੈਮੋਰੇਬਲ ਸਟੋਰੀਜ਼ ਆਫ਼ ਇੰਡੀਆ: ਟੈੱਲ ਮੀ ਏ ਲੌਂਗ ਸਟੋਰੀ’ ਵਿਚ ਪ੍ਰਕਾਸਿ਼ਤ ਕੀਤੀ ਗਈ, ਜਿਸ ਨੂੰ ਮਿਨੀ ਕ੍ਰਿਸ਼ਨਨ ਨੇ ਸੰਪਾਦਤ ਕੀਤਾ। ਉਸ ਨੇ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ‘ਕੁਸ਼ਤੀ ਦਾ ਧਰੂ ਤਾਰਾ’ ਲਿਖ ਕੇ ਪੰਜਾਬੀ ਖੇਡ ਸਾਹਿਤ ਨੂੰ ਰੰਗ ਭਾਗ ਲਾਏ। ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਨੂੰ ਕੌਣ ਨਹੀਂ ਜਾਣਦਾ? ਉਸ ਨੇ ਵਾਰਤਕ ਦੀ ਇੱਕੋ ਕਿਤਾਬ ਲਿਖੀ ਤੇ ਉਹ ਵੀ ਮਿਲਖਾ ਸਿੰਘ ਬਾਰੇ। ‘ਫਲਾਇੰਗ ਸਿੱਖ ਮਿਲਖਾ ਸਿੰਘ’ ਦੀ ਆਤਮ ਕਥਾ ਲਿਖਣ ਵਾਲਾ ਅਸਲ ਵਿਚ ਪਾਸ਼ ਸੀ। ਉਦੋਂ ਅੰਗਰੇਜ਼ੀ ਦੇ ਇੱਕ ਅਖ਼ਬਾਰ ਵਿਚ ਰੀਵਿਊ ਛਪਿਆ ਸੀ: ਪਾਸ਼ ਦੀ ਪ੍ਰੋਜ਼ ਦੇ ਪਰਾਂ ਉੱਤੇ ਉਡਦਾ ਮਿਲਖਾ ਸਿੰਘ!
ਪਹਿਲਵਾਨ ਦਾਰਾ ਸਿੰਘ ਦੀ ‘ਆਤਮ ਕਥਾ’ ਖੇਡ ਸਾਹਿਤ ਦੀ ਸ਼ਾਨ ਹੈ। ਉਹ ਫਰੀ ਸਟਾਈਲ ਕੁਸ਼ਤੀਆਂ ਦਾ ਰੁਸਤਮ-ਏ-ਹਿੰਦ, ਕਾਮਨਵੈੱਲਥ ਚੈਂਪੀਅਨ ਤੇ ਰੁਸਤਮ-ਏ-ਜ਼ਮਾਂ ਸੀ। ਫਿਲਮਾਂ ਵਿਚ ਕਦੇ ਸੈਮਸਨ, ਕਦੇ ਹਰਕੁਲੀਸ, ਜੱਗਾ ਡਾਕੂ, ਭੀਮ ਸੈਨ, ਧਿਆਨੂੰ ਭਗਤ, ਸੂਰਮਾ ਸਿੰਘ, ਸਰਪੰਚ, ਕਦੇ ਲੰਬੜ ਤੇ ਕਦੇ ਹਨੂੰਮਾਨ ਬਣਦਾ ਰਿਹਾ। ਉਸ ਨੇ 500 ਕੁਸ਼ਤੀਆਂ ਲੜੀਆਂ ਤੇ 144 ਫਿਲਮਾਂ ਵਿਚ ਕੰਮ ਕੀਤਾ। ਜੰਮਣ ਵੇਲੇ ਕੱਖਪਤੀ ਸੀ, ਮਰਨ ਵੇਲੇ ਕਰੋੜਪਤੀ। ਪੂਰਨ ਸਿੰਘ ਪਾਂਧੀ ਗੁਰਮਤਿ ਦਾ ਵਿਦਵਾਨ ਲੇਖਕ ਹੈ। 88 ਸਾਲ ਦੀ ਉਮਰੇ ਉਹਦੀ ਚਾਹਤ ਛਿਪੇ ਰਹਿਣ ਤੇ ਛਿਪ ਟੁਰ ਜਾਣ ਦੀ ਹੈ ਪਰ ਪ੍ਰਸੰ਼ਸਕ ਉਹਨੂੰ ਛਿਪਣ ਨਹੀਂ ਦਿੰਦੇ। ਉਸ ਨੇ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿਚ ਇੱਕ ਲੇਖ ‘ਨੱਚਣ ਕੁੱਦਣ ਮਨ ਕਾ ਚਾਓ’ ਵੀ ਹੈ। ਪ੍ਰਿੰ. ਬਲਕਾਰ ਸਿੰਘ ਬਾਜਵਾ ਪੰਜਾਬੀ ਖੇਡ ਸਾਹਿਤ ਦਾ ਸਿ਼ੰਗਾਰ ਹੈ। ਉਸ ਨੇ ‘ਹਾਕੀ ਸਿਤਾਰੇ ਸੁਧਾਰ ਦੇ’ ਕੌਫੀ ਟੇਬਲ ਬੁੱਕ ਪ੍ਰਕਾਸਿ਼ਤ ਕਰਵਾਈ, ਜਿਸ ਦੇ ਡੇਢ ਸੌ ਮੋਮੀ ਸਫਿ਼ਆਂ ਉੱਤੇ ਸੌ ਤੋਂ ਵੱਧ ਯਾਦਗਾਰੀ ਤਸਵੀਰਾਂ ਛਪੀਆਂ ਹਨ। ਪਹਿਲਵਾਨ ਪ੍ਰੋ. ਕਰਮ ਸਿੰਘ ਕਵੀ ਤੇ ਲੇਖਕ ਹੋਣ ਦੇ ਨਾਲ ਨਾਲ ਕੁਸ਼ਤੀ ਦਾ ਨੈਸ਼ਨਲ ਚੈਂਪੀਅਨ ਵੀ ਸੀ। ਉਸ ਨੇ ਪਹਿਲਵਾਨੀ ਤੇ ਪ੍ਰੋਫ਼ੈਸਰੀ ਦੋਹਾਂ `ਚ ਨਾਮਣਾ ਖੱਟਿਆ। 916 ਪੰਨਿਆਂ ਦਾ ਮਹਾਂ ਕਾਵਿ ‘ਸੋਹਣੀ’ ਲਿਖ ਕੇ ਪੁਸਤਕ ‘ਮੱਲਾਂ ਦੀਆਂ ਗੱਲਾਂ’ ਲਿਖੀ ਜੋ ਖੇਡ ਸਾਹਿਤ ਦਾ ਮਾਣ ਹੈ।
‘ਜੱਗ ਦਾ ਜੋਗੀ’ ਏਸ਼ੀਆ ਦੇ ਚੈਂਪੀਅਨ ਜੋਗਿੰਦਰ ਸਿੰਘ ਜੋਗੀ ਦੀ ਸਵੈ-ਜੀਵਨੀ ਹੈ। ਉਸ ਨੇ 1962, 66 ਤੇ 70 ਦੀਆਂ ਏਸਿ਼ਆਈ ਖੇਡਾਂ ਵਿਚ ਗੋਲ਼ਾ ਸੁੱਟਣ `ਚੋਂ ਇੱਕ ਬਰਾਂਜ਼ ਤੇ ਦੋ ਗੋਲਡ ਮੈਡਲ ਜਿੱਤੇ। ਇੱਕ ਸਮਾਂ ਸੀ ਜਦੋਂ ਕੁਸ਼ਤੀ ਅਖਾੜਿਆਂ `ਚ ਦਾਰਾ-ਦਾਰਾ ਹੁੰਦੀ ਸੀ ਤੇ ਹਾਕੀ ਦੇ ਮੈਦਾਨਾਂ ਵਿਚ ਬਲਬੀਰ-ਬਲਬੀਰ। ਫਿਰ ਸਮਾਂ ਆਇਆ ਜਦੋਂ ਗਾਇਕੀ ਦੇ ਅਖਾੜਿਆਂ ਵਿਚ ਸ਼ਮਸ਼ੇਰ-ਸ਼ਮਸ਼ੇਰ ਹੋਣ ਲੱਗੀ। ਕਦੇ ਦੁਪੱਟਾ ਸੱਤ ਰੰਗ ਦਾ ਲਹਿਰਾਇਆ, ਕਦੇ ਪੇਕੇ ਹੁੰਦੇ ਮਾਵਾਂ ਨਾਲ ਨੇ ਰੁਆਇਆ ਤੇ ਕਦੇ ਮੁਖੜਾ ਦੇਖਣ ਨੇ ਭਰਮਾਇਆ। ਕੁੱਝ ਗੀਤ ਨਾਚ ਨੱਚਦੇ ਰਹੇ: `ਸੰਮੀ ਮੇਰੀ ਵਾਰ ਮੈਂ ਵਾਰੀ ਮੇਰੀ ਸੰਮੀਏ, ਟਹਿਕਦੇ ਨੇ ਜਿਵੇਂ ਚੰਨ ਤਾਰੇ ਮੇਰੀ ਸੰਮੀਏ, ਏਦਾਂ ਤੇਰੀ ਚੁੰਨੀ ਦੇ ਸਿਤਾਰੇ ਮੇਰੀ ਸੰਮੀਏ, ਸੰਧੂ ਤੇਰੇ ਉਤੋਂ ਬਲਿਹਾਰੇ ਮੇਰੀ ਸੰਮੀਏ, ਸੰਮੀ ਮੇਰੀ ਵਾਰ।` ਉਸ ਨੇ ਖੇਡ ਕਹਾਣੀ ‘ਚੈਂਪੀਅਨ’ ਲਿਖੀ।
ਬਲਿਹਾਰ ਸਿੰਘ ਰੰਧਾਵਾ ਨੇ ਕਾਵਿ-ਨਾਟਕ, ਗੀਤ-ਸੰਗ੍ਰਹਿ, ਕਾਵਿ-ਸੰਗ੍ਰਹਿ ਤੇ ਮਹਾਂ-ਕਾਵਿ ਲਿਖਣ ਨਾਲ ‘ਕਬੱਡੀ ਦੇ ਅੰਗ ਸੰਗ’ ਅਤੇ ‘ਖੇਡ ਮੇਲਿਆਂ ਦੇ ਅੰਗ ਸੰਗ’ ਖੇਡ ਪੁਸਤਕਾਂ ਲਿਖੀਆਂ। ਗੁਰਮੇਲ ਮਡਾਹੜ ਕਵੀ, ਕਹਾਣੀਕਾਰ, ਨਾਵਲਕਾਰ, ਸ਼ਬਦ ਚਿੱਤਰਕਾਰ, ਸਫ਼ਰਨਾਮੀਆ, ਅਨੁਵਾਦਕ, ਸੰਪਾਦਕ, ਸਾਹਿਤ ਸਭੀਆ, ਸਮਾਜ ਸੇਵੀ ਅਤੇ ਪੰਜਾਬ ਪੱਧਰ ਦਾ ਮੁੱਕੇਬਾਜ਼ ਸੀ। ਉਹ ਜਾਂਦਾ-ਜਾਂਦਾ ਪੁਸਤਕ ‘ਸੰਸਾਰ ਦੀਆਂ ਪ੍ਰਸਿੱਧ ਖੇਡ ਕਹਾਣੀਆਂ’ ਨਾਲ ਪੰਜਾਬੀ ਖੇਡ ਸਾਹਿਤ ਵਿਚ ਸੀਰ ਪਾ ਗਿਆ।
ਡਾ. ਜਸਪਾਲ ਸਿੰਘ ਸਰੀਰਕ ਸਿੱਖਿਆ ਤੇ ਖੇਡਾਂ ਦਾ ਖੋਜੀ ਲੇਖਕ ਹੈ। ਉਹ ਖਿਡਾਰੀ, ਸਰੀਰਕ ਸਿੱਖਿਆ ਦਾ ਪ੍ਰੋਫ਼ੈਸਰ, ਟੀਮਾਂ ਦਾ ਕੈਪਟਨ, ਕੋਚ, ਚੋਣਕਾਰ, ਮੈਨੇਜਰ, ਰਿਸਰਚ ਸਕਾਲਰ, ਖੇਡ ਪ੍ਰਮੋਟਰ ਤੇ ਖੇਡ ਪੱਤਰਕਾਰ ਰਿਹਾ। ਉਸ ਦੇ 30 ਖੋਜ ਪੱਤਰ ਪ੍ਰਕਾਸਿ਼ਤ ਹੋਏ ਹਨ। ਦੋ ਖੇਡ ਪੁਸਤਕਾਂ ‘ਖੇਡ-ਚਿੰਤਨ’ ਤੇ ‘ਖੇਡਾਂ ਦੇ ਅੰਗ ਸੰਗ’ ਲਿਖੀਆਂ। ਉਹ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦਾ ਪਿ੍ਰੰਸੀਪਲ ਹੈ। ਲਾਭ ਸਿੰਘ ਸੰਧੂ ਪੱਤਰਕਾਰ ਵੀ ਹੈ ਤੇ ਖੋਜਕਾਰ ਵੀ। ਉਸ ਦੀ ਵਧੇਰੇ ਮਸ਼ਹੂਰੀ ‘ਖੁੰਢ ਚਰਚਾ’ ਕਾਲਮ ਲਿਖਣ ਨਾਲ ਹੋਈ। ਖੇਡਾਂ ਖਿਡਾਰੀਆਂ ਸਬੰਧੀ ਉਸ ਦੀਆਂ ਪੰਜ ਪੁਸਤਕਾਂ ‘ਗੁਆਚੇ ਹੀਰੇ’, ‘ਕਬੱਡੀ ਜਗਤ ਦੇ ਗੁਆਚੇ ਹੀਰੇ’, ‘ਗੱਭਰੂ ਪੁੱਤ ਪੰਜਾਬ ਦੇ’, ‘ਚੰਨ ਮਾਹੀ ਦੀਆਂ ਬਾਤਾਂ’ ਤੇ ਖੇਡ ਬੋਲੀਆਂ ‘ਲੱਖੀ ਜੰਗਲ ਦਾ ਵਿਰਸਾ’ ਛਪੀਆਂ।
ਦਾਰੇ ਪਹਿਲਵਾਨ ਦੋ ਹੋਏ। ਇੱਕ ਦਾ ਨਾਂ ਦਾਰਾ ਸਿੰਘ ਹੀ ਸੀ, ਦੂਜੇ ਦਾ ਦੀਦਾਰ ਸਿੰਘ। ਦਾਰਾ, ਦੀਦਾਰ ਤੋਂ ਦਸ ਸਾਲ ਵੱਡਾ ਸੀ। ਦਾਰੇ ਦੁਲਚੀਪੁਰੀਏ ਦੀ ਗੁੱਡੀ ਚੜ੍ਹੀ ਤਾਂ ਦੀਦਾਰ ਧਰਮੂਚੱਕੀਏ ਨੂੰ ਵੀ ਦਾਰਾ ਕਿਹਾ ਜਾਣ ਲੱਗਾ। ਵੱਡੇ ਦਾਰੇ ਬਾਰੇ ਬਲਵੰਤ ਸਿੰਘ ਸੰਧੂ ਨੇ ‘ਗੁੰਮਨਾਮ ਚੈਂਪੀਅਨ’ ਨਾਵਲ ਲਿਖਿਆ। ਗੁਰਦਿਆਲ ਬੱਲ ਪੇਸ਼ੇ ਵਜੋਂ ‘ਪੰਜਾਬੀ ਟ੍ਰਿਬਿਊਨ’ ਦਾ ਸਬ-ਐਡੀਟਰ ਸੀ, ਸ਼ੌਕ ਵਜੋਂ ਫੁੱਟਬਾਲ ਦਾ ਆਸ਼ਕ। ਫੁੱਟਬਾਲ ਦੇ ਵਿਸ਼ਵ ਕੱਪਾਂ ਸਮੇਂ ਉਹ ਮੈਚਾਂ ਦੀਆਂ ਲੰਮੀਆਂ ‘ਸਟੋਰੀਆਂ’ ਲਿਖਦਾ ਹੈ। ਉਹ ਫੁੱਟਬਾਲ ਦੀਆਂ ਕਿੱਕਾਂ, ਹੈੱਡਰਾਂ ਤੇ ਪਾਸਾਂ ਦੀਆਂ ਗੱਲਾਂ ਸ਼ਾਇਰੀ ਕਰਨ ਵਾਂਗ ਕਰਦਾ ਹੈ। ਹਵਾਲਾ ਦਿੰਦਾ ਹੈ, “ਵੀਹਵੀਂ ਸਦੀ ਦੇ ਉੱਘੇ ਅਮਰੀਕਨ ਕਥਾਕਾਰ ਅਰਨੈਸਟ ਹੈਮਿੰਗਵੇ ਨੇ ਕਿਧਰੇ ਕਿਹਾ ਸੀ, ਖਿਡਾਰੀ ਹੱਡ ਮਾਸ ਦੀਆਂ ਕਵਿਤਾਵਾਂ ਹੁੰਦੇ ਹਨ!”
ਨਵਦੀਪ ਸਿੰਘ ਗਿੱਲ ਪੰਜਾਬੀ ਖੇਡ ਪੱਤਰਕਾਰੀ ਦਾ ਹੀਰਾ ਹੈ। ਉਸ ਨੇ ਦੋਹਾ ਦੀਆਂ ਏਸ਼ਿਆਈ ਖੇਡਾਂ ਤੇ ਨਵੀਂ ਦਿੱਲੀ ਦੀਆਂ ਕਾਮਨਵੈੱਲਥ ਖੇਡਾਂ ਤੋਂ ਲੈ ਕੇ ਬੀਜਿੰਗ ਦੀਆਂ ਓਲੰਪਿਕ ਖੇਡਾਂ ਤਕ ਦੀ ਕਵਰੇਜ ਕੀਤੀ।ਉਹਦੀਆਂ ਖੇਡ ਪੁਸਤਕਾਂ ‘ਖੇਡ ਅੰਬਰ ਦੇ ਤਾਰੇ’, ‘ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ’, ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’ ਤੇ ‘ਉੱਡਣਾ ਬਾਜ਼ ਗੁਰਬਚਨ ਸਿੰਘ ਰੰਧਾਵਾ’ ਹਨ। ਪਰਮਵੀਰ ਸਿੰਘ ਬਾਠ ਮੀਡੀਏ ਦੀ ਬੁਲੰਦ ਆਵਾਜ਼ ਹੈ। ਉਹਦੀ ਬੋਲ ਬਾਣੀ ਵਗਦੀ `ਵਾ ਤੇ ਵਹਿੰਦੇ ਵਹਿਣ ਵਾਂਗ ਹੈ। ਉਸ ਨੇ ‘ਗੱਲਾਂ ਖੇਡ ਮੈਦਾਨ ਦੀਆਂ’ ਪੁਸਤਕ ਛਪਵਾ ਕੇ ਪਹਿਲੀ ਵੱਡੀ ਛਾਲ ਮਾਰੀ। ਸੰਤੋਖ ਸਿੰਘ ਮੰਡੇਰ ਓਲੰਪਿਕ ਖੇਡਾਂ ਦਾ ਫੋਟੋਗਰਾਫਰ ਹੈ। ਵਿਸਲ, ਮਾਈਕ ਤੇ ਕਲਮ ਦਾ ਕਾਮਾ। ਉਸ ਨੇ ਲੰਡਨ ਵਿਖੇ ਹੋਈਆਂ ਓਲੰਪਿਕ ਖੇਡਾਂ-2012 ਦੀਆਂ ਖ਼ੁਦ ਖਿੱਚੀਆਂ ਤਸਵੀਰਾਂ ਨਾਲ ਸਜਾਈ ਵੱਡ-ਆਕਾਰੀ ਕੌਫੀ ਟੇਬਲ ਬੁੱਕ ਛਪਵਾਈ ਹੈ।
ਮੇਰੀਆਂ ਬਹੁਤੀਆਂ ਕਿਤਾਬਾਂ ਦੇ ਨਾਂ ਖੇਡ ਖਿਡਾਰੀਆਂ ਨਾਲ ਸਬੰਧਿਤ ਹਨ। ਇਸ ਪੁਸਤਕ ਦਾ ਨਾਂ ਵੀ ਉਨ੍ਹਾਂ ਨਾਲ ਮਿਲਦਾ- ਜੁਲਦਾ ‘ਸ਼ਬਦਾਂ ਦੇ ਖਿਡਾਰੀ’ ਰੱਖ ਦਿੱਤਾ ਹੈ। ਪੁਸਤਕ ਪੀਪਲਜ਼ ਫੋਰਮ ਬਰਗਾੜੀ ਵਾਲਿਆਂ ਨੇ ਪ੍ਰਕਾਸਿ਼ਤ ਕੀਤੀ ਹੈ। ‘ਪੰਜਾਬੀ ਖੇਡ ਸਾਹਿਤ’ ਦਾ ਇਹ ਪਹਿਲਾ ਭਾਗ ਹੈ। ਉਮੀਦ ਹੈ ਇਸ ਦੇ ਅਗਲੇ ਭਾਗ ਵੀ ਛੇਤੀ ਪ੍ਰਕਾਸਿ਼ਤ ਹੋਣਗੇ।