`ਖਾਲਿਸਤਾਨ ਦੀ ਸਾਜਿ਼ਸ਼`, ਇੰਦਰਾ ਜੁੰਡਲੀ ਅਤੇ ਅਕਾਲੀ ਆਗੂ

ਹਜ਼ਾਰਾ ਸਿੰਘ ਮਿਸੀਸਾਗਾ
ਫੋਨ: (905)795-3428
‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕਾਂ ਵਿਚ ਹਰਚਰਨ ਸਿੰਘ ਪਰਹਾਰ ਦੀ ਤਿੰਨ ਕਿਸ਼ਤਾਂ ਵਿਚ ਛਪੀ ਲਿਖਤ ‘ਖਾਲਿਸਤਾਨ ਦੀ ਸਾਜ਼ਿਸ਼ ਅਤੇ ਸਿੱਖ’ ਪੜ੍ਹੀ। ਲਿਖਤ ਜਾਣਕਾਰੀ ਵਧਾਉਣ ਵਾਲੀ ਅਤੇ ਬੜੀ ਮਿਹਨਤ ਨਾਲ ਕਈ ਲਿਖਾਰੀਆਂ ਦੀਆਂ ਕਿਤਾਬਾਂ ਦੇ ਹਵਾਲਿਆਂ ਨਾਲ ਭਰਪੂਰ ਸੀ।

ਇਹ ਲਿਖਤ ਇਸ ਸਵਾਲ ਦਾ ਸਪਸ਼ਟ ਉੱਤਰ ਹੈ ਕਿ ਲੰਮੇ ਸਮੇਂ ਤੋਂ ਖਾਲਿਸਤਾਨ ਦੀ ਗੱਲ ਕੇਵਲ ਨਾਹਰੇ ਤੱਕ ਹੀ ਸੀਮਿਤ ਕਿਉਂ ਹੈ? ਕਿਉਂਕਿ ਖਾਲਿਸਤਾਨ ਦੀ ਗੱਲ ਚਲਾਈ ਹੀ ਸਾਜ਼ਿਸ਼ ਨਾਲ ਗਈ ਸੀ। ਖਾਲਿਸਤਾਨ ਦਾ ਨਾਹਰਾ ਕਿਸੇ ਗੰਭੀਰ ਰਾਜਨੀਤਕ ਮੰਥਨ ਦਾ ਨਤੀਜਾ ਨਹੀ ਸੀ ਸਗੋਂ ਇਹ ਨਾਹਰਾ ਤਾਂ ਕਿਸੇੇ ਹੋਰ ਵੱਲੋਂ ਆਪਣੇ ਰਾਜਨੀਤਕ ਮਨੋਰਥਾਂ ਦੀ ਪੂਰਤੀ ਲਈ ਲਵਾਇਆ ਗਿਆ ਸੀ।
ਸ. ਪਰਹਾਰ ਅਨੁਸਾਰ ਇਹ ਕੁ-ਚਾਲ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉਸ ਦੇ ਸਾਥੀਆਂ ਦੀ ਸੀ। ਸਿੱਖ ਵਿਦਵਾਨ ਅਤੇ ਸਿੱਖ ਸਿਆਸਤਦਾਨ ਇਸ ਚਾਲ ਨੂੰ ਸਮਝਣੋਂ ਅਸਮਰੱਥ ਰਹੇ। ਬਹੁਤ ਸਾਰੇ ਅਣਭੋਲ ਨੌਜੁਆਨ ਇਸ ਨਾਅਰੇ ਪਿਛਲੀ ਬਦਨੀਤ ਨੂੰ ਸਮਝੇ ਬਗੈਰ ਹੀ ਖਾਲਿਸਤਾਨ ਦੇ ਸੰਘਰਸ਼ ਵਿਚ ਕੁੱਦ ਪਏ। ‘ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤਾ, ਕੇਹਾ ਚੜ੍ਹੀ ਹੈ ਜ਼ਹਿਰ ਦੇ ਸਾਣ ਮਾਈ’, ਅਨੁਸਾਰ ਬਹੁਤ ਸਾਰੇ ਨੌਜੁਆਨ ਇਸ ਨਾਹਰੇ ਵਿਚੋਂ ਉੱਠੀ ਸੰਘਰਸ਼ ਦੀ ਲਾਟ ‘ਤੇ ਪ੍ਰਵਾਨਿਆਂ ਵਾਂਗ ਕੁਰਬਾਨ ਹੋ ਗਏ, ਬਹੁਤ ਲੋਕਾਂ ਨੂੰ ਕਸ਼ਟ ਸਹਿਣੇ ਪਏ, ਬਹੁਤ ਸਾਰੇ ਨਿਰਦੋਸ਼ ਮਾਰੇ ਗਏ, ਬਹੁਤ ਸਾਰੇ ਥਾਣਿਆਂ ਵਿਚ ਕੋਹੇ ਗਏ ਅਤੇ ਕਈ ਅਜੇ ਵੀ ਜੇਲ੍ਹਾਂ ਵਿਚ ਹਨ। ਇਸ ਲਿਖਤ ਅਨੁਸਾਰ ਇਸ ਸਾਰੇ ਦੁਖਾਂਤ ਦੇ ਅਸਲ ਖਲਨਾਇਕ ਤੇ ਦੋਸ਼ੀ ਇੰਦਰਾ ਗਾਂਧੀ ਅਤੇ ਉਸ ਦੀ ਪਾਰਟੀ ਦੇ ਲੋਕ ਹਨ ਜਿਨ੍ਹਾਂ 1985 ਦੀਆਂ ਚੋਣਾਂ ਜਿੱਤਣ ਲਈ ਸਿੱਖਾਂ ਦੀਆਂ ਬਲੀਆਂ ਲੈਣ ਵਾਸਤੇ ਮਾਹੌਲ ਵਿਗਾੜਨ ਲਈ ਸਾਰੀ ਸਾਜਿ਼ਸ਼ ਰਚੀ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਤਲਵੰਡੀ ਜਾਂ ਸ. ਬਰਨਾਲਾ ਵਰਗੇ ਸਭ ਅਕਾਲੀ ਨੇਤਾਵਾਂ ਨੇ ਪੂਰੇ ਦੋ ਸਾਲ ਇੰਦਰਾ ਜੁੰਡਲੀ ਦੀ ਚਿੱਟੇ ਦਿਨ ਵਾਂਗ ਸਾਫ ਇਸ ਸਾਜਿ਼ਸ਼ ਨੂੰ ਸਮਝਿਆ ਕਿੳਂੁ ਨਾ। ਇਨ੍ਹਾਂ ਸਭ `ਲੂੰਬੜਾਂ` ਨੇ ਸੰਤ ਹਰਚਰਨ ਸਿੰਘ ਲੌਂਗੋਵਾਲ ਇਕੱਲੇ ਨੂੰ ਬਲਦੀ ਦੇ ਬੁਥੇ ਕਿਉਂ ਝੋਕੀ ਰੱਖਿਆ ਤੇ ਆਪ ਖੁਦ ਸਾਰਾ ਸਮਾਂ ਡਰਦੇ ਮਾਰੇ ਕਬੂਤਰਾਂ ਵਾਂਗ ਅੱਖਾਂ ਮੀਚੀ ਕਿਉਂ ਬੈਠੇ ਰਹੇ?
ਇੰਦਰਾ ਗਾਂਧੀ, ਜ਼ੈਲ ਸਿੰਘ ਅਤੇ ਭਾਰਤੀ ਸਟੇਟ ਦੇ ਨੌਕਰਸ਼ਾਹ ਕੈਸੇ ਦੇਸ਼ ਭਗਤ ਸਨ ਜਿਨ੍ਹਾਂ ਬੇਗੁਨਾਹ ਸ਼ਹਿਰੀਆਂ ਦਾ ਘਾਣ ਕਰਨ ਅਤੇ ਦੇਸ਼ ਨੂੰ ਸੰਕਟ ਵਿਚ ਪਾ ਦੇਣ ਵਾਲੀ ਸਥਿਤੀ ਦਾ ਮੁੱਢ ਬੱਧਾ ਪਰ ਇਹ ਕੁ-ਚਾਲ, ‘ਗੁੱਝੀ ਰਮਜ਼ ਕਰਕੇ ਆਪ ਰਹੀ ਸੱਚੀ’ ਵਾਲੇ ਕਥਨ ਵਾਂਗ ਸਫਲ ਨਾ ਹੋਈ। ਇਹ ਆਪ ਵੀ ਬਚ ਨਾ ਸਕੇ, ਆਪਣੀ ਮਚਾਈ ਅੱਗ ਵਿਚ ਇਨ੍ਹਾਂ ਨੂੰ ਵੀ ਸੜਨਾ ਪਿਆ। ਸੱਚ ਇਹ ਹੈ ਕਿ ਇਸ ਸ਼ਰਾਰਤ ਦੇ ਨਤੀਜੇ ਵਜੋਂ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੇ ਦੁਰਪ੍ਰਭਾਵਾਂ ਵਿਚੋਂ ਭਾਰਤੀ ਸਟੇਟ ਵੀ ਅਜੇ ਤੱਕ ਪੂਰੀ ਤਰ੍ਹਾਂ ਉੱਭਰ ਨਹੀਂ ਸਕੀ। ਭਾਰਤੀ ਸਟੇਟ ਨੇ ਇਸੇ ਬੇਵਕੂਫੀ ਤੋਂ ਸਬਕ ਲੈਂਦਿਆਂ ਹੀ ਕਿਸਾਨ ਸੰਘਰਸ਼ ਦੌਰਾਨ ਸਖਤੀ ਕਰਨ ਤੋਂ ਗੁਰੇਜ਼ ਕੀਤਾ ਹੈ ਜੋ ਚੰਗੀ ਗੱਲ ਹੈ। ਰਾਜਨੀਤਕ ਮਨੋਰਥ ਜੋ ਮਰਜ਼ੀ ਹੋਣ, ਹੁਣ ਦੀ ਭਾਰਤੀ ਸਟੇਟ ਸਿੱਖਾਂ ਨਾਲ ਸਮਝੌਤੇ ਵਾਲੀ ਸਮਝ ਬਣਾ ਕੇ ਰੱਖਣਾ ਚਾਹੁੰਦੀ ਹੈ। ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਨਾ ਲਾਏ ਜਾਣ ਦੀ ਝਿਜਕ ਪਿੱਛੇ ਇਹੋ ਕਾਰਨ ਹੈ।
ਸ. ਪਰਹਾਰ ਦੀ ਇਸ ਲਿਖਤ ਨਾਲ ਪਾਠਕ ਨੂੰ ਇਹ ਸਮਝਣ ਵਿਚ ਭਰਪੂਰ ਮਦਦ ਮਿਲੇਗੀ ਕਿ ਜੋ ਅੱਜ ਵੀ ਖਾਲਿਸਤਾਨ ਨਾਹਰਾ ਲਾ ਰਹੇ ਹਨ, ਕੀ ਉਹ ਆਪ ਲਾ ਰਹੇ ਹਨ ਜਾਂ ਉਨ੍ਹਾਂ ਕੋਲੋਂ ਲਵਾਇਆ ਜਾ ਰਿਹਾ ਹੈ? ‘ਫਰੀਦਾ ਇਹ ਵਿਸੁ ਗੰਦਲਾਂ ਧਰੀਆਂ ਖੰਡਿ ਲਿਵਾੜ’ ਵਾਲੀ ਖੇਡ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹੈ। ਆਸ ਹੈ ਕਿ ਇਹ ਲਿਖਤ ਪਿਛਲੇ ਸਮੇਂ ਵਿਚ ਹੋਈ ਸ਼ਰਾਰਤ ਨੂੰ ਸਮਝ ਕੇ ‘ਆਗੈ ਸਮਝ ਚਲੋ ਨੰਦ ਲਾਲਾ’ ਵਾਲੀ ਸੋਚ ਪੈਦਾ ਕਰਨ ਵਿਚ ਮਦਦ ਕਰੇਗੀ।