ਗੁਰਬਚਨ ਸਿੰਘ ਭੁੱਲਰ
ਸੰਪਰਕ: +80763-63058
ਮਨੁੱਖ ਦੇ ਜੀਵਨ ਉਤੇ ਬਚਪਨ ਤੋਂ ਹੀ ਆਲੇ-ਦੁਆਲੇ ਦਾ, ਖਾਸ ਕਰਕੇ ਉਨ੍ਹਾਂ ਲੋਕਾਂ ਦਾ ਪ੍ਰਭਾਵ ਪੈਣ ਲੱਗ ਜਾਂਦਾ ਹੈ ਜਿਨ੍ਹਾਂ ਨਾਲ ਉਹਦਾ ਵਾਹ ਪੈਂਦਾ ਹੈ। ਪ੍ਰਭਾਵ ਕਬੂਲਣ ਦਾ ਇਹ ਅਮਲ ਪੂਰਾ ਜੀਵਨ ਬਣਿਆ ਰਹਿੰਦਾ ਹੈ। ਕੁਦਰਤੀ ਹੈ, ਚੰਗੇ ਲੋਕਾਂ ਦਾ ਚੰਗਾ ਪ੍ਰਭਾਵ ਪੈਂਦਾ ਹੈ, ਮਾੜੇ ਲੋਕਾਂ ਦਾ ਮਾੜਾ। ਜਿਨ੍ਹਾਂ ਵੇਲਿਆਂ ਦੀ ਮੈਂ ਗੱਲ ਕਰਨ ਲੱਗਿਆ ਹਾਂ, ਲੋਕ ਬਹੁਤ ਭੋਲੇ ਅਤੇ ਛਲ-ਵਲ ਤੋਂ ਮੁਕਤ ਹੁੰਦੇ ਸਨ।
ਉਨ੍ਹਾਂ ਨੇ ਅਣਪੜ੍ਹ ਹੋਣ ਕਰਕੇ ਪੋਥੀਆਂ-ਪੁਸਤਕਾਂ ਭਾਵੇਂ ਨਾ ਵਾਚੀਆਂ ਹੋਣ, ਪਰ ਜੀਵਨ ਦੀ ਪੁਸਤਕ ਪੜ੍ਹ ਕੇ ਉਹ ਆਪਣੀ ਕਿਸਮ ਦੇ ਗਿਆਨੀ ਬਣ ਜਾਂਦੇ ਸਨ। ਆਪਣੇ ਪਰਿਵਾਰ ਵਿਚ ਤੇ ਫੇਰ ਆਪਣੇ ਮਾਹੌਲ ਵਿਚ ਮਿੱਠਤ, ਸੱਚਾਈ ਅਤੇ ਈਮਾਨਦਾਰੀ ਜਿਹੇ ਗੁਣ ਉਹ ਸੁਤੇ-ਸਿਧ ਹੀ ਵੰਡਦੇ-ਸਿੱਖਾਉਂਦੇ ਰਹਿੰਦੇ ਸਨ। ਇਸੇ ਕਰਕੇ ਸਮਾਜ ਵਿਚ ਓਦੋਂ ਅਜਿਹੇ ਗੁਣਾਂ ਦੀ ਹੀ ਪ੍ਰਧਾਨਤਾ ਬਣੀ ਰਹਿੰਦੀ ਸੀ।
ਸਾਡੇ ਘਰ ਦੀ ਇਕ ਪਾਸੇ ਦੀ ਕੰਧ ਮੇਰੇ ਸਕੇ ਚਾਚਾ ਜੀ ਨਾਲ ਸਾਂਝੀ ਸੀ ਅਤੇ ਦੂਜੇ ਪਾਸੇ ਗੁਰਦਿੱਤੇ ਬੁੜ੍ਹੇ ਦਾ ਘਰ ਲਗਦਾ ਸੀ। ਉਹ ਵੈਰਾਗੀ ਸਾਧ ਵਜੋਂ ਜਾਣੇ ਜਾਂਦੇ ਸਨ। ਕਿਸੇ ਵੇਲੇ ਉਨ੍ਹਾਂ ਦੇ ਵੱਡ-ਵਡੇਰੇ ਜ਼ਰੂਰ ਵੈਰਾਗੀ ਸਾਧ ਰਹੇ ਹੋਣਗੇ ਪਰ ਮੇਰੇ ਦੇਖਣ ਵੇਲੇ ਹਾਲਤ ਪੂਰੀ ਤਰ੍ਹਾਂ ਵੱਖਰੀ ਬਣ ਚੁੱਕੀ ਸੀ। ਉਨ੍ਹਾਂ ਦਾ ਪਹਿਰਾਵਾ ਕਿਸੇ ਗੇਰੂਏ-ਭਗਵੇਂ ਦੀ ਥਾਂ ਬਿਲਕੁਲ ਸਾਡੇ ਵਾਲਾ ਸੀ। ਉਹ ਆਮ ਕਿਸਾਨਾਂ ਵਰਗੇ ਕੱਪੜੇ ਪਾਉਂਦੇ, ਪੱਗਾਂ ਬੰਨ੍ਹਦੇ ਸਨ ਅਤੇ ਦਾੜ੍ਹੀ-ਕੇਸ ਰਖਦੇ ਸਨ। ਜਦੋਂ ਕਦੇ ਅਸੀਂ ਖੇਡਦੇ ਹੋਏ ਬਾਬੇ ਗੁਰਦਿੱਤੇ ਦੇ, ਸਾਡੇ ਹਾਣੀ ਪੋਤਿਆਂ ਨਾਲ ਉਨ੍ਹਾਂ ਦੇ ਘਰ ਚਲੇ ਜਾਂਦੇ, ਸਾਨੂੰ ਇਕ ਵੀ ਚੀਜ਼ ਜਾਂ ਇਕ ਵੀ ਗੱਲ ਅਜਿਹੀ ਨਹੀਂ ਸੀ ਦਿਸਦੀ ਜੋ ਸਾਡੇ ਘਰਾਂ ਤੋਂ ਵੱਖਰੀ, ਸਾਧਾਂ ਵਾਲੀ ਹੋਵੇ।
ਪਿੰਡ ਦੇ ਆਮ ਜੱਟ ਕਿਸਾਨਾਂ ਨਾਲੋਂ ਉਨ੍ਹਾਂ ਦਾ ਜੇ ਕੋਈ ਫ਼ਰਕ ਬਾਕੀ ਸੀ, ਉਹ ਸਾਡੀਆਂ ਅੱਖਾਂ ਸਾਹਮਣੇ ਖ਼ਤਮ ਹੋ ਗਿਆ ਸੀ। ਇਹ ਫ਼ਰਕ ਵੀ ਕਿਸੇ ਦਬਾਅ ਕਾਰਨ ਨਹੀਂ ਸੀ ਮਿਟਿਆ ਸਗੋਂ ਆਲੇ-ਦੁਆਲੇ ਦੀ ਰੀਸ ਨਾਲ ਸਹਿਜ-ਸੁਭਾਵਿਕ ਹੀ ਮਿਟ ਗਿਆ ਸੀ। ਇਹ ਸੀ ਨਾਂਵਾਂ ਦਾ ਫ਼ਰਕ। ਘਰ ਦੇ ਵਡੇਰੇ ਦਾ ਨਾਂ ਦਾੜ੍ਹੀ, ਕੇਸਾਂ ਤੇ ਪੱਗ ਦੇ ਹੁੰਦਿਆਂ ਵੀ ਗੁਰਦਿੱਤਾ ਰਾਮ ਸੀ। ਉਹਨੂੰ ਅਸੀਂ ਨਿਆਣੇ ਮੁੰਡੇ-ਕੁੜੀਆਂ ਬਾਬਾ ਆਖਦੇ। ਸਾਥੋਂ ਵਡੇਰੀ ਉਮਰ ਦੇ ਲੋਕ ਉਹਨੂੰ ਗੁਰਦਿੱਤਾ ਬੁੜ੍ਹਾ ਆਖਦੇ। ਉਹਦੀ ਘਰਵਾਲੀ, ਸਾਡੀ ਅੰਬੋ ਨੂੰ ਸਭ ਪਰਸੀ ਬੁੜ੍ਹੀ ਆਖਦੇ। ਉਨ੍ਹਾਂ ਦੇ ਇਕਲੌਤੇ ਪੁੱਤਰ, ਜਿਸਨੂੰ ਅਸੀਂ ਚਾਚਾ ਕਹਿੰਦੇ ਸੀ, ਦਾ ਨਾਂ ਚੇਤ ਰਾਮ ਸੀ। ਉਹਦੇ ਵੀ ਦਾੜ੍ਹੀ-ਕੇਸ ਸਨ ਤੇ ਉਹ ਵੀ ਪੱਗ ਬੰਨ੍ਹਦਾ ਸੀ। ਉਹਦੀ ਘਰਵਾਲੀ, ਸਾਡੀ ਚਾਚੀ ਸੀ ਤਾਂ ਵੈਰਾਗੀ ਪਰਿਵਾਰ ਵਿਚੋਂ ਹੀ, ਪਰ ਨਾਂ ਉਹਦਾ ਭਗਵਾਨ ਕੌਰ ਸੀ। ਉਹਦੇ ਪੇਕੇ ਗੁਰੂ-ਵੰਸ਼ੀ ਸੋਢੀਆਂ ਦੀ ਬਹੁਲਤਾ ਵਾਲ਼ੇ ਕਿਸੇ ਪਿੰਡ ਸਨ। ਸ਼ਾਇਦ ਇਸੇ ਸਮਾਜਕ-ਸਭਿਆਚਾਰਕ ਪ੍ਰਭਾਵ ਸਦਕਾ ਉਹ ਭਗਵਾਨ ਕੌਰ ਹੋ ਗਈ ਸੀ। ਸ਼ਾਇਦ ਉਹਦੇ ਸਦਕਾ ਹੀ ਮੁੰਡਿਆਂ ਦੇ ਨਾਂ ਸਿੰਘ ਤੇ ਕੁੜੀਆਂ ਦੇ ਨਾਂ ਕੌਰ ਹੋ ਗਏ ਸਨ। ਉਨ੍ਹਾਂ ਦੇ ਪੁੱਤਰਾਂ, ਸਾਡੇ ਹਾਣੀਆਂ-ਬੇਲੀਆਂ ਦੇ ਨਾਂ ਪ੍ਰੀਤਮ ਸਿੰਘ ਤੇ ਕਰਨੈਲ ਸਿੰਘ ਅਤੇ ਕੁੜੀਆਂ ਦੇ ਨਾਂ ਗੁਰਦਿਆਲ ਕੌਰ, ਤੇਜ ਕੌਰ ਤੇ ਕਰਤਾਰ ਕੌਰ ਸਨ। ਰਹਿਣੀ-ਬਹਿਣੀ ਵਿਚ ਸਾਰਾ ਟੱਬਰ ਪੂਰਾ ਜੱਟ ਸੀ।
ਕਿੱਤਾ ਵੀ ਉਨ੍ਹਾਂ ਦਾ ਖੇਤੀਬਾੜੀ ਸੀ। ਉਨ੍ਹਾਂ ਕੋਲ ਆਪਣੀ ਜ਼ਮੀਨ ਤਾਂ ਹੈ ਹੀ ਸੀ, ਕੁਛ ਜ਼ਮੀਨ ਉਹ ਹੋਰ ਅਜਿਹੇ ਲੋਕਾਂ ਤੋਂ ਅੱਧੋ-ਅੱਧ ਉਤੇ ਲੈ ਲੈਂਦੇ, ਜੋ ਜ਼ਮੀਨ ਦੇ ਮਾਲਕ ਤਾਂ ਹੁੰਦੇ ਸਨ ਪਰ ਕਿਸੇ ਕਾਰਨ ਖੇਤੀ ਨਹੀਂ ਸਨ ਕਰਦੇ। ਅੱਧੋ-ਅੱਧ ਦਾ ਮਤਲਬ ਇਹ ਹੁੰਦਾ ਸੀ ਕਿ ਉਸ ਜ਼ਮੀਨ ਵਿਚੋਂ ਜਿੰਨੀ ਪੈਦਾਵਾਰ ਹੁੰਦੀ, ਉਹਦਾ ਅੱਧਾ ਹਿੱਸਾ ਜ਼ਮੀਨ ਦੇ ਮਾਲਕ ਦਾ ਹੁੰਦਾ ਅਤੇ ਅੱਧਾ ਹਿੱਸਾ ਉਸ ਜ਼ਮੀਨ ਉਤੇ ਖੇਤੀ ਕਰਨ ਵਾਲਾ ਕਿਸਾਨ ਰੱਖ ਲੈਂਦਾ। ਮੇਰੇ ਪਿਤਾ ਜੀ ਫ਼ੌਜ ਵਿਚ ਸਨ ਅਤੇ ਅਸੀਂ ਤਿੰਨੇ ਭਾਈ ਪੜ੍ਹਨ ਦੇ ਰਾਹ ਪੈ ਗਏ ਸੀ। ਇਸ ਕਰਕੇ ਸਾਡਾ ਪਰਿਵਾਰ ਖੇਤੀ ਨਹੀਂ ਸੀ ਕਰਦਾ। ਕਈ ਸਾਲ ਸਾਡੀ ਕੁਛ ਜ਼ਮੀਨ ਸਾਡੇ ਇਨ੍ਹਾਂ ਗੁਆਂਢੀਆਂ ਦੀ ਵਾਹੀ ਹੇਠ ਰਹੀ।
ਹੁਣ ਉਸ ਕਥਾ-ਵਾਰਤਾ ਵੱਲ ਆਈਏ ਜਿਹੜੀ ਮੈਂ ਅਸਲ ਵਿਚ ਸੁਣਾਉਣੀ ਚਾਹੀ ਹੈ। 1953 ਦੀ ਗੱਲ ਹੈ। ਅਪਰੈਲ ਦਾ ਮਹੀਨਾ ਸੀ। ਮੈਂ ਕਾਲਜ ਦਾ ਐਫ਼. ਐਸ-ਸੀ. ਦਾ ਇਮਤਿਹਾਨ ਦੇ ਕੇ ਮੋਗੇ ਤੋਂ ਪਿੰਡ ਆਇਆ ਹੋਇਆ ਸੀ ਤੇ ਨਤੀਜੇ ਦੀ ਉਡੀਕ ਕਰ ਰਿਹਾ ਸੀ। ਇਕ ਸ਼ਾਮ ਜਦੋਂ ਖਾਸਾ ਹਨੇਰਾ ਹੋ ਗਿਆ, ਬਾਹਰੋਂ ਆਵਾਜ਼ ਆਈ, ‘ਓ ਭਾਈ, ਕੋਈ ਹੈ?’ ਬਿਜਲੀ ਅਜੇ ਸਾਡੇ ਪਿੰਡ ਆਈ ਨਹੀਂ ਸੀ। ਇਕ ਲਾਲਟੈਣ ਸੀ ਜੋ ਅੰਦਰ ਜਗ ਰਹੀ ਸੀ। ਮੈਂ ਜਾ ਕੇ ਕੁੰਡੀ ਖੋਲ੍ਹੀ ਤਾਂ ਚੰਦ ਦੇ ਘੁਸਮੁਸੇ ਚਾਨਣ ਵਿਚ ਬਾਬਾ ਗੁਰਦਿੱਤਾ ਖੜ੍ਹਾ ਸੀ। ਉਹਨੇ ਹੱਥ ਵਿਚ ਕੋਈ ਭਾਂਡਾ ਜਿਹਾ ਚੁੱਕਿਆ ਹੋਇਆ ਸੀ।
ਮੈਂ ਕਿਹਾ, ‘ਆਓ, ਬਾਬਾ ਜੀ, ਅੰਦਰ ਲੰਘ ਆਓ। ਐਸ ਵੇਲੇ ਕਿਵੇਂ ਆਉਣਾ ਹੋਇਆ?’
ਉਹ ਬੋਲਿਆ, ‘ਨਹੀਂ ਕਾਕਾ ਮੈਂ ਅੰਦਰ ਨਹੀਂ ਆਉਣਾ। ਹੁਣੇ ਖੇਤੋਂ ਆਇਆ ਸੀ। ਅਜੇ ਨ੍ਹਾ ਕੇ ਰੋਟੀ ਵੀ ਖਾਣੀ ਹੈ। ਅੱਜ ਦਿਨੇ ਮੈਂ ਵਿਹਲਾ ਬੈਠਾ ਸੀ। ਪਿੜ ਵਿਚ ਜਿਥੇ ਥੋਡੇ ਵਾਲੀ ਕਣਕ ਕੱਢੀ ਸੀ, ਮੈਨੂੰ ਕੋਈ ਕੋਈ ਦਾਣਾ ਪਿਆ ਦਿੱਸਿਆ। ਮੈਂ ਚੁਗਣ ਲੱਗ ਪਿਆ। ਕੋਈ ਚਾਰ ਲੱਪਾਂ ਦਾਣੇ ਹੋ ਗਏ।’ ਉਹਦੇ ਬੋਲ ਵਿਚ ਮਿਹਨਤ ਦੇ ਫਲ ਦੀ ਖ਼ੁਸ਼ੀ ਸੀ। ਉਹਨੇ ਹੱਥ ਵਾਲਾ ਛੋਟਾ ਜਿਹਾ ਕਟੋਰਾ ਅੱਗੇ ਕੀਤਾ, ‘ਐਹ ਲੈ, ਬਚੜਿਆ, ਆਬਦੇ ਹਿੱਸੇ ਦੇ ਅੱਧੇ, ਦੋ ਲੱਪਾਂ ਦਾਣੇ!’
ਅੱਜ ਜਦੋਂ ਸਾਡੇ ਸਮਾਜ ਵਿਚ ਥੁੜੀ ਹੋਈ ਵਸਤੂ ਬਣ ਚੁੱਕੀ ਈਮਾਨਦਾਰੀ ਬਾਰੇ ਸੋਚਦਾ ਹਾਂ, ਇਹ ਘਟਨਾ ਅਕਸਰ ਚੇਤੇ ਆਉਂਦੀ ਹੈ। ਦੋ ਲੱਪ ਦਾਣਿਆਂ ਦਾ ਏਨਾ ਮਹੱਤਵ ਜਾਂ ਮੁੱਲ ਨਾ ਓਦੋਂ ਸੀ ਤੇ ਨਾ ਹੁਣ ਹੈ ਕਿ ਕੋਈ ਕਿਸੇ ਨੂੰ ਦੇਣ ਲਈ ਉਚੇਚਾ ਚੱਲ ਕੇ ਜਾਵੇ, ਉਹ ਵੀ ਕੁਵੇਲੇ ਜਿਹੇ। ਨਾਲੇ ਖੇਤ ਦੇ ਦਾਣਿਆਂ ਦੇ ਬੋਹਲ ਦੀ ਵੰਡ ਤਾਂ ਇਕ ਦਿਨ ਪਹਿਲਾਂ ਹੋ ਚੁੱਕੀ ਸੀ। ਜੇ ਬਾਬੇ ਗੁਰਦਿੱਤੇ ਨੇ ਕਣਕ ਕੱਢੀ ਵਾਲ਼ੀ ਥਾਂ ਤੋਂ ਨਹੁੰਆਂ ਨਾਲ ਚੁਗ-ਚੁਗ ਕੇ ਚਾਰ ਲੱਪ ਦਾਣੇ ਇਕੱਠੇ ਕਰ ਵੀ ਲਏ ਸਨ, ਉਹਦਾ ਇਹ ਫ਼ਰਜ਼ ਤਾਂ ਵਾਹੀਵਾਨ ਹੋਣ ਦੇ ਨਾਤੇ ਵੀ ਨਹੀਂ ਸੀ ਬਣਦਾ ਕਿ ਉਨ੍ਹਾਂ ਦਾ ਅੱਧ ਵੀ ਜ਼ਮੀਨ-ਮਾਲਕ ਨੂੰ ਜ਼ਰੂਰ ਦੇਵੇ। ਮੇਰਾ ਮੰਨਣਾ ਹੈ ਜੇ ਚਾਰ ਲੱਪਾਂ ਦੀ ਥਾਂ ਇਕ ਲੱਪ ਵੀ ਹੁੰਦੇ, ਉਹਨੇ ਉਸ ਇਕ ਲੱਪ ਵਿਚੋਂ ਵੀ ਅੱਧੀ ਲੱਪ ਸਾਨੂੰ ਦੇਣ ਆ ਜਾਣਾ ਸੀ। ਇਹ ਸਭ ਸੋਚ ਕੇ ਮਹਿਸੂਸ ਹੁੰਦਾ ਹੈ, ਬਾਬੇ ਗੁਰਦਿੱਤੇ ਨੇ ਜੋ ਮੈਨੂੰ ਫੜਾਏ ਸਨ, ਉਹ ਛੋਟੇ ਜਿਹੇ ਕਟੋਰੇ ਵਿਚ ਕਣਕ ਦੇ ਦਾਣੇ ਨਹੀਂ ਸਨ, ਇਕ ਨਿਰਮਲ-ਚਿੱਤ ਇਨਸਾਨ ਦੇ ਚਾਂਦੀ ਦੀ ਤਸ਼ਤਰੀ ਵਿਚ ਦਿੱਤੇ ਅਸ਼ੀਰਵਾਦੀ ਸੁੱਚੇ ਮੋਤੀ ਸਨ ਜਿਨ੍ਹਾਂ ਨੇ ਮੈਨੂੰ ਪਰਾਏ ਹੱਕ ਲਈ ਈਮਾਨਦਾਰ ਰਹਿਣ ਦੇ ਅਰਥ ਉਮਰ-ਭਰ ਵਾਸਤੇ ਸਮਝਾ ਦਿੱਤੇ!
ਮੈਂ ਨਹੀਂ ਸਮਝਦਾ, ਬਾਬੇ ਗੁਰਦਿੱਤੇ ਨੂੰ ਖੇਤੀ ਅਤੇ ਕਬੀਲਦਾਰੀ ਦੇ ਖਲਜਗਨ ਨੇ ਕਦੀ ਬਾਣੀ ਸੁਣਨ-ਜਾਣਨ ਦਾ ਮੌਕਾ ਦਿੱਤਾ ਹੋਵੇਗਾ, ਪਰ ਏਨਾ ਜ਼ਰੂਰ ਜਾਣਦਾ ਹਾਂ ਕਿ ਬਾਬਾ ਨਾਨਕ ਦਾ ਉਪਦੇਸ਼ ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ’ ਜ਼ਰੂਰ ਉਹਦੇ ਮਨ ਵਿਚ ਸਹਿਜ-ਸੁਭਾਵਿਕ ਹੀ ਵਸਿਆ ਹੋਇਆ ਸੀ। ਇਹ ਪਰਾਇਆ ਹੱਕ ਭਾਵੇਂ ਕਣਕ ਦੇ ਕੁੱਲ ਦੋ ਲੱਪਾਂ ਦਾਣੇ ਹੀ ਕਿਉਂ ਨਾ ਹੋਣ!