ਮਾਸਕੋ: ਵਿਸ਼ਵ ਸਿਹਤ ਸੰਸਥਾ ਵਿਚ ਰੂਸ ਦੀ ਪ੍ਰਤੀਨਿਧੀ ਮੇਲਿਤਾ ਵੁਜਨੋਵਿਕ ਨੇ ਕਿਹਾ ਕਿ ਜਿਸ ਢੰਗ ਨਾਲ ਕਰੋਨਾ ਵਾਇਰਸ ਮਹਾਮਾਰੀ ਫੈਲ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਇਹ ਵਾਇਰਲ ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਵੇਗਾ। ਸੋਲੋਵਾਈਵ ਲਾਈਵ ਯੂ-ਟਿਊਬ ਚੈਨਲ ‘ਤੇ ਗੱਲਬਾਤ ਕਰਦਿਆਂ ਵੁਜਨੋਵਿਕ ਨੇ ਕਿਹਾ ਕਿ ਇਹ ਵਾਇਰਸ ਆਮ ਰੋਗ ਵਾਂਗ ਫੈਲ ਜਾਵੇਗਾ।
ਉਨ੍ਹਾਂ ਕਿਹਾ,’ਕਰੋਨਾ ਵਾਇਰਸ ਇਕ ਆਮ ਬਿਮਾਰੀ ਬਣਨ ਦੇ ਰਾਹ ਵੱਲ ਜਾ ਰਿਹਾ ਹੈ। ਇਸ ਦਾ ਅਰਥ ਇਹ ਹੈ ਕਿ ਇਹ ਖਤਮ ਨਹੀਂ ਹੋਵੇਗਾ ਪਰ ਸਾਨੂੰ ਇਹ ਗੱਲ ਸਿੱਖਣੀ ਪਵੇਗੀ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ ਤੇ ਇਸ ਤੋਂ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ। ਸਭ ਤੋਂ ਅਹਿਮ ਗੱਲ, ਸਾਨੂੰ ਹੁਣ ਇਸ ਲਾਗ ‘ਤੇ ਕਾਬੂ ਪਾਉਣਾ ਪਵੇਗਾ ਤੇ ਇਸ ਦੀ ਲਾਗ ਦੀ ਮਾਰ ਹੇਠ ਆ ਸਕਣ ਵਾਲੇ ਲੋਕਾਂ ਦੀ ਗਿਣਤੀ ਕਿਸੇ ਤਰ੍ਹਾਂ ਘਟਾਉਣੀ ਪਵੇਗੀ। ਅਜਿਹਾ ਨਾ ਹੋਣ ‘ਤੇ, ਇਸ ਵਾਇਰਸ ਦੇ ਨਵੇਂ-ਨਵੇਂ ਰੂਪ ਉਭਰਦੇ ਰਹਿਣਗੇ।‘
ਉਨ੍ਹਾਂ ਕਿਹਾ ਕਿ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਓਮੀਕਰੋਨ ਰੂਪ ਹੋਰ ਰੂਪਾਂ ਦੇ ਮੁਕਾਬਲੇ ਘੱਟ ਖਤਰਨਾਕ ਹੈ। ਹਾਲਾਂਕਿ, ਇਸ ਦੇ ਖਤਰਿਆਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਤੇ ਮਨੁੱਖ ਜਾਤੀ ਲਈ ਇੰਨੀ ਜਲਦੀ ਸਹਿਜ ਹੋ ਕੇ ਬੈਠ ਜਾਣਾ ਵੀ ਸਹੀ ਨਹੀਂ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਲਾਗ ਦੇ ਕਈ ਗੰਭੀਰ ਸਿੱਟੇ ਨਿਕਲ ਸਕਦੇ ਹਨ। ਟੀਕਾਕਰਨ ਤੋਂ ਇਲਾਵਾ, ਇਸ ਸਮੇਂ ਦੂਜੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ ਜਿਵੇਂ ਕਿ ਮਾਸਕ ਪਾਉਣਾ ਤੇ ਇਸ ਨੂੰ ਸਿਫਾਰਸ਼ਸ਼ੁਦਾ ਅੰਤਰਾਲ ‘ਤੇ ਬਦਲਣਾ, ਕਮਰਿਆਂ ‘ਚੋਂ ਹਵਾ ਦੀ ਨਿਕਾਸੀ ਕਰਨਾ ਤੇ ਘੱਟ ਜਗ੍ਹਾ ‘ਚ ਵੱਡੀ ਗਿਣਤੀ ਲੋਕਾਂ ਦਾ ਸਮੂਹ ਇਕੱਠੇ ਹੋਣ ਤੋਂ ਰੋਕਣਾ।
ਮਾਰਚ ਤੋਂ ਬੱਚਿਆਂ ਲਈ ਟੀਕਾਕਰਨ ਸ਼ੁਰੂ ਹੋਣ ਦੀ ਆਸ
ਨਵੀਂ ਦਿੱਲੀ: ਟੀਕਾਕਰਨ ਸਬੰਧੀ ਕੌਮੀ ਤਕਨੀਕੀ ਸਲਾਹਕਾਰ ਸਮੂਹ ਦੇ ਕੋਵਿਡ-19 ਕਾਰਜ ਸਮੂਹ ਦੇ ਪ੍ਰਧਾਨ ਡਾ. ਐੱਨ.ਕੇ. ਅਰੋੜਾ ਨੇ ਕਿਹਾ ਕਿ ਭਾਰਤ ਵਿਚ ਮਾਰਚ ‘ਚ 12 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਦਾ ਕੋਵਿਡ ਖਿਲਾਫ ਟੀਕਾਕਰਨ ਸ਼ੁਰੂ ਹੋ ਸਕਦਾ ਹੈ ਕਿਉਂਕਿ ਉਸ ਸਮੇਂ ਤੱਕ 15-18 ਸਾਲ ਦੀ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ 15-18 ਸਾਲ ਉਮਰ ਵਰਗ ਵਿਚ ਅਨੁਮਾਨਿਤ 7.4 ਕਰੋੜ ਆਬਾਦੀ ‘ਚੋਂ 3.45 ਕਰੋੜ ਨੂੰ ਹੁਣ ਤੱਕ ਕੋਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਤੇ 28 ਦਿਨਾਂ ਵਿਚ ਉਨ੍ਹਾਂ ਨੂੰ ਦੂਜੀ ਖੁਰਾਕ ਦੇ ਦਿੱਤੀ ਜਾਵੇਗੀ।