ਲੰਬੀ: ਚੋਣ ਕਮਿਸ਼ਨ ਦੀ ਸਖਤੀ ਕਾਰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿੰਡਾਂ ਵਿਚ ਲੋਕਾਂ ਨਾਲ ਕਾਰ `ਚ ਬੈਠ ਕੇ ਰਾਬਤਾ ਬਣਾ ਰਹੇ ਹਨ। ਸ੍ਰੀ ਬਾਦਲ ਨੇ ਪਿੰਡ ਘੁਮਿਆਰਾ ਵਿਚ ਚੋਣ ਪ੍ਰਚਾਰ ਤਹਿਤ ਕਈ ਘੰਟੇ ਬਿਤਾਏ। ਉਹ ਤੈਅਸ਼ੁਦਾ ਪ੍ਰੋਗਰਾਮ ਮੁਤਾਬਕ ਕਾਰ `ਚ ਬੈਠਿਆਂ ਹੀ ਹਰ ਸੌ-ਦੋ ਸੌ ਮੀਟਰ `ਤੇ ਗਲੀ-ਨੁੱਕੜ ਅਤੇ ਚੌਕ `ਤੇ ਖੜ੍ਹੇ ਚਾਰ-ਪੰਜ ਜਣਿਆਂ ਨਾਲ ਮੁਲਾਕਾਤ ਕਰਕੇ ਸਮਰਥਨ ਦੀ ਅਪੀਲ ਕਰਦੇ ਰਹੇ। ਸ੍ਰੀ ਬਾਦਲ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਔਰਤਾਂ ਬੱਚੇ ਅਤੇ ਨੌਜਵਾਨ ਵੀ ਸ਼ਾਮਲ ਸਨ।
ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਲੜਨ ਦਾ ਐਲਾਨ ਕਰਨ ਵਾਲੇ ਏਲਨਾਬਾਦ ਦੇ ਵਿਧਾਇਕ ਅਤੇ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਇਨੈਲੋ ਦੇ ਖੇਤਰੀ ਪ੍ਰਮੁੱਖ ਕਾਡਰ ਨਾਲ ਪਿੰਡ ਬਾਦਲ ਪੁੱਜੇ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਲੰਬੀ ਹਲਕੇ ਦੇ ਅਕਾਲੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ। ਇਨੈਲੋ ਦੇ ਸਕੱਤਰ ਨਛੱਤਰ ਸਿੰਘ ਮਲਹਾਣ ਨੇ ਕਿਹਾ ਕਿ 20 ਜਨਵਰੀ ਤੋਂ ਇਨੈਲੋ ਦੇ ਕਾਰਕੁਨ ਲੰਬੀ ਹਲਕੇ `ਚ ਮੋਰਚਾ ਸੰਭਾਲਣਗੇ। ਹਲਕੇ ਅੰਦਰ ਅਕਾਲੀ ਦਲ ਦੇ 13 ਜੋਨਾਂ ਵਿਚ ਜ਼ਮੀਨ ਪੱਧਰ `ਤੇ ਪ੍ਰਚਾਰ ਮੁਹਿੰਮ ਚਲਾਉਣਗੇ। ਇਸ ਉਪਰੰਤ ਅਭੈ ਸਿੰਘ ਚੌਟਾਲਾ ਨੇ ਪਿੰਡ ਘੁਮਿਆਰਾ ਵਿਚ ਵੱਡੇ ਬਾਦਲ ਨਾਲ ਮੁਲਾਕਾਤ ਕੀਤੀ।