ਦੇਸੀ ਕੁੜੀ

ਪੰਜਾਬ ਦੇ ਪਰਦੇਸੀਆਂ ਨੂੰ ਪਰਾਈ ਧਰਤੀ ਨੇ ਬੜਾ ਕੁਝ ਦਿੱਤਾ ਹੈ ਜਿਸ ਨਾਲ ਰਵਾਂ ਜ਼ਿੰਦਗੀ ਲਈ ਅਨੇਕਾਂ ਰਾਹ ਹੀ ਨਹੀਂ ਖੁੱਲ੍ਹੇ, ਸਗੋਂ ਹੋਰ ਵੀ ਮੋਕਲੇ ਹੋ ਗਏ; ਪਰ ਇਹ ਅਹਿਸਾਸ ਵੀ ਹਰ ਮੋੜ ਉਤੇ ਐਨ ਸਿੱਧਾ ਆਣ ਟੱਕਰਿਆ ਕਿ ਵਰ੍ਹਿਆਂ ਬਾਅਦ ਵੀ ਜ਼ਿੰਦਗੀ ਦੇ ਇਸ ਬੂਟੇ ਦੀਆਂ ਜੜ੍ਹਾਂ ਧਰਤੀ ਵਿਚ ਨਹੀਂ ਲੱਗ ਸਕੀਆਂ, ਬਲਕਿ ਇਹ ਸਦਾ ਹਵਾ ਵਿਚ ਲਟਕਦਾ ਮਹਿਸੂਸ ਹੋਇਆ ਹੈ। ਰਾਠੇਸ਼ਵਰ ਸਿੰਘ ਸੂਰਾਪੁਰੀ ਦੀ ਕਹਾਣੀ ‘ਦੇਸੀ ਕੁੜੀ’ ਇਸੇ ਰੰਗ ਦੀ ਰਚਨਾ ਹੈ ਜਿਸ ਵਿਚ ਮਾਪਿਆਂ ਦੇ ਚਾਅ, ਬੱਚਿਆਂ ਦੇ ‘ਪਿਆਰ’ ਦੇ ਬੁੱਲੇ ਅੱਗੇ ਤੀਲਾ-ਤੀਲਾ ਹੋ ਜਾਂਦੇ ਹਨ। ਇਸ ਵਿਚ ਪੀੜ੍ਹੀ ਪਾੜੇ ਦਾ ਦਰਦ ਤਾਂ ਹੈ ਹੀ, ਪਰਾਈ ਧਰਤ ਉਤੇ ਖੁਰ ਰਹੀਆਂ ਕਦਰਾਂ-ਕੀਮਤਾਂ ਦਾ ਝੋਰਾ ਵੀ ਹੈ। -ਸੰਪਾਦਕ
ਰਾਠੇਸ਼ਵਰ ਸਿੰਘ ਸੂਰਾਪੁਰੀ
ਫੋਨ: 916-969-9337
ਪ੍ਰੀਤਮ ਕੌਰ ਦੇਖਦੇ ਹੀ ਦੇਖਦੇ ਜ਼ਨਾਨੀਆਂ ਦੀਆਂ ਬਾਹਾਂ ਵਿਚ ਲੁੜਕ ਗਈ। ਲਾਲ ਕੱਪੜੇ ਅਤੇ ਸੁਨਹਿਰੀ ਗੋਟੇ ਨਾਲ ਸ਼ਿੰਗਾਰੀ ਸ਼ਗਨਾਂ ਦੀ ਗੜਵੀ ਹੱਥੋਂ ਛੁੱਟ ਕੇ ਉਸ ਦੇ ਪਤੀ ਪੂਰਨ ਸਿੰਘ ਦੇ ਪੈਰਾਂ ਵਿਚ ਜਾ ਡਿੱਗੀ। ਉਸ ਨੇ ਝੱਟ-ਪੱਟ ਸਹਾਰਾ ਦੇ ਕੇ ਆਪਣੀ ਪਤਨੀ ਨੂੰ ਸੰਭਾਲਦਿਆਂ ਅੰਦਰ ਸੋਫ਼ੇ ‘ਤੇ ਲਿਟਾ ਦਿੱਤਾ। ਹੁਣ ਉਹ ਚੁੱਪ-ਚਾਪ, ਟੱਡੀਆਂ ਹੋਈਆਂ ਅੱਖਾਂ ਨਾਲ ਟਿਕਟਿਕੀ ਲਗਾਈ, ਛੱਤ ‘ਤੇ ਘੁੰਮਦੇ ਪੱਖੇ ਵੱਲ ਦੇਖੀ ਜਾ ਰਹੀ ਸੀ। ਅੱਖਾਂ ਦੇ ਕੋਇਆਂ ਵਿਚੋਂ ਹੰਝੂਆਂ ਦੀਆਂ ਘਰਾਲ਼ਾਂ ਵਗ ਕੇ ਤਕੀਆ ਭਿਉਂ ਰਹੀਆਂ ਸਨ। ਪੂਰਨ ਸਿੰਘ ਉਸ ਦੇ ਸਿਰਹਾਣੇ ਨੀਵੀਂ ਪਾਈ ਬੈਠਾ ਪੈਰਾਂ ਦੇ ਅੰਗੂਠਿਆਂ ਨਾਲ ਫ਼ਰਸ਼ ਖੁਰਚ ਰਿਹਾ ਸੀ, ਜਿਵੇਂ ਕੋਈ ਗੁਆਚੀ ਕੀਮਤੀ ਚੀਜ਼ ਭਾਲ਼ ਰਿਹਾ ਹੋਵੇ। ਦੋਵਾਂ ਦੇ ਹਿਰਦਿਆਂ ਵਿਚ ਵਿਚਾਰਾਂ ਦਾ ਜਵਾਰ-ਭਾਟਾ ਛੱਲਾਂ ਮਾਰ ਰਿਹਾ ਸੀ।
ਉਨ੍ਹਾਂ ਦੇ ਲਾਡਲੇ ਪੁੱਤਰ ਤਰਸੇਮ ਸਿੰਘ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਚੰਗੀਆਂ-ਭਲੀਆਂ ਨੇਪਰੇ ਚੜ੍ਹ ਗਈਆਂ ਸਨ। ਹੁਣ ਤਾਂ ਬੱਸ, ਨਵੀਂ ਬਹੂ ਦੇ ਗ੍ਰਹਿ ਪ੍ਰਵੇਸ਼ ਦੀ ਤਿਆਰੀ ਲਈ ਸੁਆਣੀਆਂ ਡੋਲ਼ੀ ਦੀ ਉਡੀਕ ਕਰ ਰਹੀਆਂ ਸਨ। ਫ਼ੁੱਲਾਂ ਨਾਲ ਲੱਦੀ ਦੁੱਧ ਚਿੱਟੀ ਲਿੰਮੋਜ਼ਿਨ ਕਾਰ ਗੇਟ ਮੂਹਰੇ ਆ ਕੇ ਖੜੋ ਗਈ। ਆਖ਼ਿਰ ਉਹ ਸੁਲੱਖਣੀ ਘੜੀ ਆਣ ਪਹੁੰਚੀ ਸੀ ਜਿਸ ਦੀ ਹਰ ਮਾਂ-ਪਿਉ ਨੂੰ ਉਡੀਕ ਰਹਿੰਦੀ ਆ। ਸਭ ਦੀਆਂ ਨਜ਼ਰਾਂ ਗੱਡੀ ‘ਚੋਂ ਬਾਹਰ ਆਉਣ ਵਾਲੇ ਲਾੜਾ-ਲਾੜੀ ਵੱਲ ਲੱਗੀਆਂ ਹੋਈਆਂ ਸਨ। ਜਿਉਂ ਹੀ ਕਾਰ ਵਿਚੋਂ ਉਤਰੇ ਪੂਰਨ ਸਿੰਘ ਨੇ ਪ੍ਰੀਤਮ ਕੌਰ ਨੂੰ ਕੁੱਝ ਦੱਸਿਆ, ਇਹ ਭਾਣਾ ਵਾਪਰ ਗਿਆ!
ਵਿਆਹ ਦੇ ਕਈ ਸਾਲ ਬੀਤ ਜਾਣ ਪਿਛੋਂ ਵੀ ਪ੍ਰੀਤਮ ਕੌਰ ਦੇ ਕੋਈ ਔਲਾਦ ਨਹੀਂ ਸੀ ਹੋਈ। ਔਲਾਦ ਲਈ ਉਸ ਨੇ ਪਤਾ ਨਹੀਂ ਕਿੰਨੀਆਂ ਕੁ ਸੁੱਖਣਾ ਸੁੱਖੀਆਂ, ਰਾਤ-ਬਰਾਤੇ ਚੌਰਾਹਿਆਂ ਵਿਚ ਝਾੜੂ ਦਿਤਾ, ਮੱਛੀਆਂ ਨੂੰ ਆਟੇ ਦੀਆਂ ਗੋਲ਼ੀਆਂ ਪਾਈਆਂ, ਗਊਆਂ ਨੂੰ ਪੇੜਾ ਚਾਰਿਆ, ਸਾਧੂ-ਸੰਤਾਂ ਨੂੰ ਪ੍ਰਸ਼ਾਦਾ ਛਕਾਇਆ-ਜੋ ਵੀ ਕਿਸੇ ਨੇ ਆਖਿਆ, ਉਸ ਕੀਤਾ। ਅੰਤ ਡਾਕਟਰੀ ਇਲਾਜ ਨਾਲ ਕਿਤੇ ਜਾ ਕੇ ਮਸੀਂ ਉਸ ਦੀ ਗੋਦ ਹਰੀ ਹੋਈ ਤੇ ਪੂਰੇ ਸੱਤ ਸਾਲ ਬਾਅਦ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ। ਬੜੇ ਹੀ ਤਰਸੇਵੇਂ ਬਾਅਦ ਮਿਲੇ ਪੁੱਤਰ ਦਾ ਨਾਂ ਉਨ੍ਹਾਂ ਤਰਸੇਮ ਸਿੰਘ ਹੀ ਰੱਖ ਲਿਆ।
ਪ੍ਰੀਤਮ ਕੌਰ ਨੂੰ ਤਾਂ ਹੁਣ ਜਿਵੇਂ ਕਾਰੂੰ ਦਾ ਖ਼ਜ਼ਾਨਾ ਮਿਲ ਗਿਆ ਹੋਵੇ! ਦਿਨਾਂ ਵਿਚ ਹੀ ਉਸ ਦੇ ਚਿਹਰੇ ‘ਤੇ ਨਿਖ਼ਾਰ ਆ ਗਿਆ। ਆਪਣੇ ਪੁੱਤਰ ਦਾ ਉਹ ਭੋਰਾ ਵਸਾਹ ਨਹੀਂ ਸੀ ਕਰਦੀ। ਪੂਰਨ ਸਿੰਘ ਨੂੰ ਵੀ ਆਪਣੇ ਵੰਸ਼ ਦੇ ਅੱਗੇ ਚੱਲਦੇ ਰਹਿਣ ਦੀ ਆਸ ਬੱਝ ਗਈ ਸੀ।
ਉਨ੍ਹਾਂ ਦੋਵਾਂ ਨੂੰ ਹੁਣ ਉਹ ਦਿਨ ਯਾਦ ਆ ਰਹੇ ਹਨ, ਜਦੋਂ ਤੋਤਲੀਆਂ-ਤੋਤਲੀਆਂ ਗੱਲਾਂ ਕਰਦਾ ਤਰਸੇਮ ਪੜ੍ਹਨ ਜਾਣ ਲੱਗ ਪਿਆ ਸੀ। ਪੂਰਨ ਸਿੰਘ ਉਸ ਨੂੰ ਉਂਗਲੀ ਲਾ ਸਕੂਲੇ ਛੱਡ ਆਉਂਦਾ ਤੇ ਛੁੱਟੀ ਹੋਣ ਤੋਂ ਘੰਟਾ ਪਹਿਲਾਂ ਹੀ ਸਕੂਲ ਦੇ ਮੈਦਾਨ ਵਿਚ ਲੱਗੀ ਟਾਹਲੀ ਦੀ ਛਾਂਵੇਂ ਜਾ ਬੈਠਦਾ। ਜਿਉਂ ਹੀ ਤਰਸੇਮ ਬਾਹਰ ਆਉਂਦਾ, ਉਸ ਦਾ ਬਸਤਾ ਫੜ, ਘਨੇੜੀ ਚੁੱਕ ਕੇ ਘਰ ਵੱਲ ਤੁਰ ਪੈਂਦਾ।
ਇਕ ਦਿਨ ਖੇਤਾਂ ਵਿਚ ਭੱਤਾ ਲੈ ਕੇ ਗਈ ਪ੍ਰੀਤਮ ਕੌਰ ਨੂੰ ਪੂਰਨ ਸਿੰਘ ਕਹਿਣ ਲੱਗਾ, “ਤਰਸੇਮ ਦੀ ਬੀਬੀ! ਤੂੰ ਮੁੰਡੇ ਦੇ ਖਾਣ-ਪੀਣ ਦਾ ਖਿਆਲ ਰੱਖਿਆ ਕਰ, ਹੱਡੀਂ-ਪੈਰੀਂ ਤਾਂ ਬਥੇਰਾ ਖੁੱਲ੍ਹਾ ਜਾਪਦੈ, ਲਗਦੈ ਛੇਤੀ ਕੱਦ ਕੱਢ ਜੂ, ਨਾਲੇ ਮੈਨੂੰ ਭੋਰਾ ‘ਰਾਮ ਹੋਜੂ।”
“ਨਾ ਖਾਣ-ਪੀਣ ਨੂੰ ਤੈਂ ਘਰ ‘ਬੂਰੀ’ ਬੰਨ੍ਹੀਂ ਆਂ?” ਆਖ ਕੇ ਪ੍ਰੀਤਮ ਕੌਰ ਨੀਵੀਂ ਪਾ ਕੇ ਬੈਠ ਗਈ। ਪਾਣੀ ਦੇ ਘੁੱਟ ਨਾਲ ਬੁਰਕੀ ਅੰਦਰ ਲੰਘਾਉਂਦਾ ਪੂਰਨ ਸਿੰਘ ਗਿਣਤੀਆਂ-ਮਿਣਤੀਆਂ ਵਿਚ ਪੈ ਗਿਆ। ਅਜੇ ਤਾਂ ਆੜ੍ਹਤੀ ਦਾ ਕਰਜ਼ਾ ਸਿਰ ਸੀ। ਖਾਦ ਵੀ ਉਧਾਰੀ ਚੁੱਕੀ ਹੋਈ ਸੀ। ਫ਼ਸਲ ਵੱਲ ਨਿਗ਼੍ਹਾ ਮਾਰਦਿਆਂ ਉਸ ਨੇ ਉਪਰ ਵਲ ਮੂੰਹ ਕਰ, ਦੋਵੇਂ ਹੱਥ ਜੋੜ ਅਰਜ਼ੋਈ ਕੀਤੀ, “ਐਤਕਾਂ ਮਿਹਰ ਕਰੀਂ ਦਾਤਿਆ! ਕਿਤੇ ਫੇਰ ਨਾ ਪੱਕੀ-ਪਕਾਈ ਫਸਲ ਖਰਾਬ ਕਰ ਦੇਈਂ।”
ਪੂਰਨ ਸਿੰਘ ਦਿਨ-ਰਾਤ ਖੇਤਾਂ ਵਿਚ ਮਿਹਨਤ ਕਰਦਾ, ਤੇ ਘਰ ਪ੍ਰੀਤਮ ਕੌਰ ਆਪਣੇ ਪੁੱਤਰ ਦੇ ਪਾਲਣ-ਪੋਸਣ ਵਿਚ ਕੋਈ ਕਸਰ ਨਹੀਂ ਸੀ ਛੱਡ ਰਹੀ। ਉਹ ਆਪ ਤਾਂ ਭਾਵੇਂ ਰੁੱਖੀ-ਸੁੱਖੀ ਖਾ ਕੇ ਅਤੇ ਘਸਿਆ-ਪਿਟਿਆ ਪਹਿਨ ਕੇ ਗੁਜ਼ਾਰਾ ਕਰ ਲੈਂਦੀ, ਪਰ ਪੁੱਤਰ ਨੂੰ ਹੀਣੇਪਨ ਦਾ ਅਹਿਸਾਸ ਨਹੀਂ ਸੀ ਹੋਣ ਦੇਣਾ ਚਾਹੁੰਦੀ। ਜਦ ਤਰਸੇਮ ਚੰਗੇ ਲੀੜੇ ਪਾ ਕੇ ਬਾਹਰ ਖੇਡਣ ਜਾਂਦਾ ਤਾਂ ਉਸ ਨੂੰ ਨਜ਼ਰ-ਟਪਾਰ ਤੋਂ ਬਚਾਉਣ ਲਈ, ਤਵੇ ਦੇ ਪੁੱਠੇ ਪਾਸੇ ਉਂਗਲੀ ਘਸਾ ਕੇ, ਉਸ ਦੇ ਕਾਲਖ ਦਾ ਟਿੱਕਾ ਲਾ ਕੇ ਤੋਰਦੀ।
ਤੇ ਹੁਣ ਪ੍ਰੀਤਮ ਕੌਰ ਦੇ ਸਿਰਹਾਣੇ ਬੈਠਾ ਪੂਰਨ ਸਿੰਘ, ਆਪਣੇ ਮੱਥੇ ‘ਤੇ ਹੱਥ ਮਾਰ ਕੇ ਕਹਿਣ ਲੱਗਾ, “ਜੇ ਉਥੇ ਸਰਦਾ ਹੁੰਦਾ ਤਾਂ ਆਹ ਬਾਹਰ ਆਉਣ ਦਾ ਅੱਕ ਮੈਂ ਕਾਹਨੂੰ ਚੱਬਣਾ ਸੀ। ਮੈਂ ਇੱਥੇ ‘ਕੱਲੇ ਨੇ ਅੱਠ ਸਾਲ ਦਾ ਬਣਵਾਸ ਕੱਟਿਆ, ਤੂੰ ਓਥੇ ਵੱਖਰੀ ਖੱਜਲ ਹੁੰਦੀ ਰਈ”, ਆਖ਼ ਪੂਰਨ ਸਿੰਘ ਦੀਆਂ ਅੱਖਾਂ ‘ਚ ਪਾਣੀ ਆ ਗਿਆ। “ਜੇ ਆਹੀ ਦਿਨ ਦੇਖਣੇ ਸੀ ਤਾਂæææ”, ਕਹਿੰਦਿਆਂ ਉਸ ਦੀ ਘਿੱਗੀ ਬੱਝ ਗਈ। ਪ੍ਰੀਤਮ ਕੌਰ ਉਸ ਦਾ ਹੱਥ ਫੜ ਕੇ ਪਲੋਸਣ ਲੱਗ ਪਈ, ਪਰ ਬੋਲਿਆ ਉਹਤੋਂ ਵੀ ਕੁੱਝ ਨਾ ਗਿਆ।
ਪੂਰਨ ਸਿੰਘ ਜੋ ਚਾਰ ਸਿਆੜ ਉਸ ਦੇ ਹਿੱਸੇ ਆਏ ਸਨ, ਵੇਚ ਕੇ ਅਮਰੀਕਾ ਆ ਗਿਆ ਸੀ। ਇਥੇ ਆ ਕੇ ਉਸ ਨੇ ਖੇਤਾਂ ਵਿਚ ਮਜ਼ਦੂਰੀ ਕੀਤੀ। ਕਈ ਸਾਲਾਂ ਦੀ ਜੱਦੋਜਹਿਦ ਪਿਛੋਂ ਸਿਆਸੀ ਪਨਾਹ ਮਿਲੀ ਤਾਂ ਆਪਣੇ ਪਰਿਵਾਰ ਨੂੰ ਵੀ ਇੱਥੇ ਮੰਗਵਾ ਲਿਆ। ਤਰਸੇਮ ਸਿੰਘ ਨੇ ਇੱਥੇ ਆਉਣ ਤੋਂ ਪਹਿਲਾਂ ਦਸ ਜਮਾਤਾਂ ਪਾਸ ਕਰ ਲਈਆਂ ਸਨ, ਹੁਣ ਕਾਲਜ ਜਾਣ ਲੱਗ ਪਿਆ। ਖਰਚੇ ਬਹੁਤ ਵਧ ਗਏ ਸਨ ਤੇ ਕਮਾਉਣ ਵਾਲੀ ਸੀ ‘ਕੱਲੀ ਜਾਨ! ਗੁਜ਼ਾਰਾ ਹੋਣਾ ਮੁਸ਼ਕਿਲ ਹੋ ਰਿਹਾ ਸੀ। ਪ੍ਰੀਤਮ ਕੌਰ ਨੂੰ ਇਕ ਦਿਨ ਗੁਰਦੁਆਰੇ ਕਿਸੇ ਜ਼ਨਾਨੀ ਨੇ ਇਕ ਪਰਚਾ ਪੜ੍ਹਦਿਆਂ ਦੱਸਿਆ ਕਿ ਇਕ ਡਾਕਟਰ ਜੋੜੇ ਨੂੰ ਘਰੇਲੂ ਕੰਮ ਅਤੇ ਬੱਚਿਆਂ ਦੀ ਦੇਖ-ਭਾਲ ਲਈ ਕਿਸੇ ਪੰਜਾਬੀ ਔਰਤ ਦੀ ਲੋੜ ਹੈ।  ਉਸ ਇਹ ਨੌਕਰੀ ਕਰ ਲਈ ਤੇ ਗ੍ਰਹਿਸਥ ਦੀ ਗੱਡੀ ਲੀਹੇ ਪੈ ਕੇ ਸਾਵੀਂ-ਪੱਧਰੀ ਤੁਰਨ ਜੋਗੀ ਹੋ ਗਈ।
ਤਰਸੇਮ ਵਾਕਿਆ ਹੀ ਹੱਡੀਂ-ਪੈਰੀਂ ਖੁੱਲ੍ਹਾ ਨਿਕਲਿਆ ਸੀ, ਤੇ ਕੱਦ ਵੀ ਸੋਹਣਾ ਕਰ ਗਿਆ। ਤਰਸੇਮ ਹੁਣ ਹੌਂਡਾ ਕਾਰ ‘ਤੇ ਪੜ੍ਹਨ ਜਾਂਦਾ ਤੇ ਪੜ੍ਹਾਈ ਵੀ ਮਨ ਲਗਾ ਕੇ ਕਰ ਰਿਹਾ ਸੀ। ਗੁਰਦੁਆਰੇ ਜ਼ਨਾਨੀਆਂ ਜਦੋਂ ਕਦੇ ਉਹਦੇ ਰਿਸ਼ਤੇ ਬਾਰੇ ਗੱਲ ਤੋਰਦੀਆਂ ਤਾਂ ਪ੍ਰੀਤਮ ਕੌਰ ਬੜੇ ਨਖ਼ਰੇ ਨਾਲ ਆਖ਼ਦੀ, “ਨਾ ਭੈਣੇ! ਅਜੇ ਤਾਂ ਅਸੀਂ ਮੁੰਡੇ ਨੂੰ ਜੀਨੀਅਰ (ਇੰਜੀਨੀਅਰ) ਬਣਾਣਾæææਨਾਲ਼ੇ ਵਿਆਹ ਅਸੀਂ ਆਪਣੇ ਭਾਈਚਾਰੇ ‘ਚ ਕਰਨਾ, ਇੰਡੀਆ ਜਾ ਕੇ। ਅਸੀਂ ਤਾਂ ਬਹੂ ਉਹ ਲੈ ਕੇ ਆਣੀ ਆਂ ਜਿਹੜੀ ਸਾਡੀ ਭੋਰਾ ਸੇਵਾ ਵੀ ਕਰੇ। ਮੇਰਾ ਮੁੰਡਾ ਤਾਂ ਬਾਹਲਾ ਈ ਸਾਊ ਆ। ਆਹ ਸ਼ੁਰਲੀਆਂ-ਮੁਰਲੀਆਂ ਜਿਹੀਆਂ ਬਿਆਹ ਕੇ ਅਸੀਂ ਕੀ ਕਰਨੀਆਂ।” ਤੇ ਕਦੀ ਇਹ ਗੱਲ ਸੁਣਨ ਵਾਲੀ ਕੋਈ ਜ਼ਨਾਨੀ ਇਹ ਕਹਿ ਕੇ ‘ਅਸਮਾਨ ਵੱਲ ਥੁੱਕਿਆਂ ਮੁੜ ਆਪਣੇ ਮੂੰਹ ਚਈ ਪੈਂਦਾ’ ਦੂਜੇ ਪਾਸੇ ਮੂੰਹ ਭਵਾ ਲੈਂਦੀ।
ਇਕ ਰਾਤ ਪੂਰਨ ਸਿੰਘ ਨੇ ਪਤਨੀ ਨੂੰ ਆਖਿਆ, “ਪ੍ਰੀਤਮ ਕੁਰੇ! ਮੁੰਡਾ ਹੁਣ ਜਿੰਮ ਜਾਂਦੈ, ਤੇ ਓਨੂੰ ਜਰਾ ਵਾਧੂ ਖੁਰਾਕ ਦੀ ਲੋੜ ਆ, ਇਸ ਗੱਲੋਂ ਕੋਈ ਕਸਰ ਨਾ ਛੱਡੀਂ।”
“ਨਾ ਮੈਨੂੰ ਕੋਈ ਵਿਰਵਾ? ਮੈਂ ਕਿਹੜਾ ਕੋਈ ਹੋਰ ਪਿੱਛੋਂ ਨਾਲ ਲੈ ਕੇ ਆਈ ਆਂ ਬਈ ਦਗੈਜ਼ ਕਰੂੰਗੀ।”
ਮੁੰਡਾ ਸੋਹਣਾ ਸੁਨੱਖਾ ਦਰਸ਼ਨੀ ਜਵਾਨ ਸੀ, ਗੁੜ ਨੂੰ ਮੱਖੀਆਂ ਤਾਂ ਫਿਰ ਆਉਣੀਆਂ ਹੀ ਸਨ! ਹੁਣ ਤਾਂ ਉਸ ਦੀਆਂ ਦੋਸਤ ਕੁੜੀਆਂ, ਘਰ ਵੀ ਆਉਣ ਲੱਗ ਪਈਆਂ ਸਨ। ਕਦੇ ਕੋਈ ਕਾਲ਼ੀ, ਕਦੇ ਮਕਸੀਕਣ, ਕਦੇ ਗੋਰੀ ਆ ਜਾਂਦੀ। ਕੁੱਕੀਆਂ ਨਾਲ ਬਲੈਕ-ਕੌਫ਼ੀ ਪੀਂਦੀਆਂ, ਤੇ ਤਰਸੇਮ ਨਾਲ ਹੱਸਦੀਆਂ-ਖੇਡਦੀਆਂ, ਗੱਲਾਂ-ਬਾਤਾਂ ਮਾਰ ਕੇ ਉਸ ਦੀ ਮਾਂ ਨੂੰ ਆਉਣ-ਜਾਣ ਵੇਲੇ ਬੱਸ, ਹਾਏ-ਬਾਏ ਕਰ ਜਾਂਦੀਆਂ।
ਪ੍ਰੀਤਮ ਕੌਰ ਅਕਸਰ ਆਪਣੇ ਪਤੀ ਨਾਲ ਇਹ ਕਥਾ ਛੇੜ ਕੇ ਬੈਠ ਜਾਂਦੀ, “ਨਾ ਇਨ੍ਹਾਂ ਨਖ਼ੱਸਮੀਆਂ ਨੂੰ ਪੁੱਛਣ ਵਾਲਾ ਕੋਈ ਨ੍ਹੀਂ? ਅੱਧੀ-ਅੱਧੀ ਰਾਤ ਤੱਕ ਘਰੋਂ ਬਾਰ੍ਹ ਤੁਰੀਆਂ ਫਿਰਦੀਆਂæææਮਾਪੇ ਪੁੱਛਦੇ ਨ੍ਹੀਂ ਇਨ੍ਹਾਂ ਨੂੰ, ਪਈ ਕਿੱਥੋਂ ਆਈ ਆਂ ਐਸ ਵੇਲੇ?”
“ਤੈਨੂੰ ਕਿੰਨੀ ਵਾਰ ਸਮਝਾਇਆ, ਪਈ ਤੈਂ ਲੈਣਾ ਕੀ ਆ ਇਨ੍ਹਾਂ ਗੱਲਾਂ ‘ਚੋਂæææਹੈਂ? ਤੇਰਾ ਤਾਂ ਮੁੰਡਾ, ਤੇਰੀ ਕੇੜ੍ਹਾ ਕੁੜੀ ਆ। ਮੁੜ-ਮੁੜ ਓਹੀ ਘਾਣ੍ਹੀ ਛੇੜ ਕੇ ਬਹਿ ਜਾਨੀ ਆਂ।” ਆਖ਼ ਕੇ ਪੂਰਨ ਸਿੰਘ ਨੇ ਮੂੰਹ ‘ਤੇ ਚਾਦਰ ਲੈ ਲਈ।
“ਤੈਨੂੰ ਓਦਣ ਪਤਾ ਲੱਗੂ ਜਿੱਦਣ ਕੋਈ ਕਾਲੀ-ਪੀਲੀ ਜਈ ਲਿਆ ਕੇ ਤੇਰੇ ਘਰ ਬਠਾਲ ਤੀ। ਖਾ ਲਈਂ ਫੇਰ ਓਦ੍ਹੀਆਂ ਪੱਕੀਆਂæææਐਨੀਂ ਬਾਰ ਕਿਹਾ, ਬਈ ਮੁੰਡੇ ਨਾਲ ਗੱਲ ਕਰ, ਪਈ ਸਾਨੂੰ ਤਾਂ ਕੋਈ ‘ਦੇਸੀ ਕੁੜੀ’ ਚਾਈਦੀ ਐ, ਜਿਹੜੀ ਸਾਡਾ ਵੀ ਖਿਆਲ ਕਰੇ।” ਪ੍ਰੀਤਮ ਸਿੰਘ ਦੇ ਘੁਰਾੜੇ ਸੁਣ ਕੇ ਬੁੜਬੁੜ ਕਰਦੀ ਉਹ ਵੀ ਬੱਖ ਲੈ ਕੇ ਪੈ ਗਈ।
ਇਹ ਦੇਸੀ ਕੁੜੀ ਵਾਲੀ ਗੱਲ ਮੁੰਡੇ ਨਾਲ ਇਕ ਦਿਨ ਪ੍ਰੀਤਮ ਕੌਰ ਨੇ ਆਪ ਹੀ ਛੇੜ ਲਈ, “ਦੇਖ ਕਾਕਾ! ਆਹ ਫਰੈਂਡਾਂ-ਫਰੂੰਡਾਂ ਤੂੰ ਜਿੰਨੀਆਂ ਮਰਜੀ ਆ ਬਣਾਈ ਜਾਹ, ਪਰ ਮੇਰੀ ਇਕ ਗੱਲ ਧਿਆਨ ਲਾ ਕੇ ਸੁਣ, ਬਹੂ ਮੈਨੂੰ ਦੇਸੀ ਚਾਈਦੀ ਆ ਨਹੀਂ ਤਾਂ ਮੇਰਾæææ।”
“ਮੇਰਾ ਮਰੀ ਦਾ ਮੂੰਹ ਦੇਖੇਂਗਾ, ਇਹੋ ਕਹਿਣਾ ਚਾਹੁੰਦੇ ਆਂ ਨਾ ਤੁਸੀਂ? ਵਿਆਹ ਮੈਂ ਬੀਬੀ! ਦੇਸੀ ਕੁੜੀ ਨਾਲ ਈ ਕਰਾਊਂਗਾæææਹੁਣ ਤਾਂ ਖੁਸ਼ ਐਂ ਨਾ?” ਆਖ਼ ਕੇ ਤਰਸੇਮ ਸਿੰਘ ਨੇ ਆਪਣੀ ਮਾਂ ਨੂੰ ਕਲ਼ਾਵੇ ਵਿਚ ਲੈ ਲਿਆ।
ਹੌਲੀ-ਹੌਲੀ ਤਰਸੇਮ ਦੀਆਂ ਪਹਿਲੀਆਂ ਦੋਸਤ ਕੁੜੀਆਂ ਦਾ ਆਉਣ-ਜਾਣ ਘਟਦਾ-ਘਟਦਾ ਬੰਦ ਹੀ ਹੋ ਗਿਆ। ਤਰਸੇਮ ਦਾ ਇੰਜੀਨੀਅਰਿੰਗ ਦਾ ਕੋਰਸ ਵੀ ਪੂਰਾ ਹੋ ਗਿਆ ਸੀ। ਉਸ ਦੀ ਗਰੈਜੁਏਸ਼ਨ ‘ਤੇ ਪੂਰਨ ਸਿੰਘ ਤੇ ਪ੍ਰੀਤਮ ਕੌਰ ਵੀ ਗਏ। ਵੱਡੇ ਸਿਨੇਮਾ ਹਾਲ ਵਰਗੇ ਹਾਲ ਵਿਚ ਹੋਰ ਵੀ ਬਹੁਤ ਸਾਰੇ ਲੋਕ ਫ਼ੁੱਲਾਂ ਦੇ ਗੁਲਦਸਤੇ ਲੈ ਕੇ ਪਹੁੰਚੇ ਹੋਏ ਸਨ। ਇਕ ਸਕਰੀਨ ‘ਤੇ ਕਾਲਜ ਬਾਰੇ, ਸਟਾਫ਼ ਬਾਰੇ ਤੇ ਗਰੈਜੇeਟ ਹੋਣ ਜਾ ਰਹੇ ਬੱਚਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਆਪਣੇ-ਆਪਣੇ ਬੱਚਿਆਂ ਦੀ ਹੌਸਲਾ-ਅਫਜ਼ਾਈ ਲਈ ਸਾਰੇ ਤਾੜੀਆਂ ਮਾਰਦੇ ਹੂਟਿੰਗ ਕਰ ਰਹੇ ਸਨ। ਜਦੋਂ ਪਗੜੀ ਸਜਾਈ, ਛੇ ਫੁੱਟ ਉਚਾ ਭਰਵੇਂ ਜੁੱਸੇ ਵਾਲ਼ਾ ਗਭਰੂ, ਤਰਸੇਮ ਸਿੰਘ ਕਾਲ਼ਾ ਗਾਊਨ ਪਾਈ ਆਪਣੀ ਡਿਗਰੀ ਲੈਣ ਪਹੁੰਚਿਆ ਤਾਂ ਉਸ ਦੇ ਦੋਸਤਾਂ ‘ਚੋਂ ਇਕ ਨੇ ਉਚੀ ਆਵਾਜ਼ ਵਿਚ ਕਿਹਾ ‘ਸਿੰਘ ਇਜ਼ ਕਿੰਗ।’ ਸੁਣ ਕੇ ਪੂਰਨ ਸਿੰਘ ਦਾ ਮਾਣ ਨਾਲ ਸੀਨਾ ਹੋਰ ਵੀ ਚੌੜਾ ਹੋ ਗਿਆ।
ਤਰਸੇਮ ਸਿੰਘ ਨੂੰ ਹੁਣ ਇਕ ਵੱਡੀ ਕੰਪਨੀ ਵਿਚ ਨੌਕਰੀ ਮਿਲ ਗਈ ਸੀ। ਉਸ ਦੀ ਤਨਖ਼ਾਹ ਬਾਰੇ ਸੁਣ ਕੇ ਤਾਂ ਪੂਰਨ ਸਿੰਘ ਅਵਾਕ ਹੀ ਰਹਿ ਗਿਆ ਸੀ!
“ਪ੍ਰੀਤਮ ਕੁਰੇ ਆਪਾਂ ਤਾਂ ਹੁਣ ਪਿੰਡ ਕੋਠੀ ਪਾ ਕੇ ਉਥੇ ਈ ਰਹਾਂਗੇ।” ਪੂਰਨ ਸਿੰਘ ਨੂੰ ਲੱਗਾ, ਹੁਣ ਦਿਨ ਫਿਰ ਗਏ ਹਨ।
“ਆਪਣੇ ਪਿੰਡ ਦੀ ਨੈਰ੍ਹ ਕੰਢੇ, ਕਿਸੇ ਤੋਂ ਚਾਰ ਕਿੱਲੇ ਬੈਅ ਲੈ ਕੇ ਬਚਾਲੇ ਕੋਠੀ ਪਾਮਾਂਗੇæææਦਾਦੇ ਮਗਾਣੀ ਬਥੇਰੀ ਤੰਗੀ ਕੱਟੀ ਆ ਪੈਲ੍ਹਾਂ। ਮੈਂ ਤਾਂ ਹੁਣ ਬਣ-ਠਣ ਕੇ ਰਿਹਾ ਕਰੂੰ। ਗੁਜਾਰੇ ਜੋਗੇ ਪੈਸੇ ਤਾਂ ਮੁੰਡੇ ਨੇ ਭੇਜ ਈ ਦਿਆ ਕਰਨੇ ਆਂ!” ਪ੍ਰੀਤਮ ਕੌਰ ਵੀ ਡਾਢੀ ਖੁਸ਼ ਸੀ।
ਤਰਸੇਮ ਸਿੰਘ ਨੇ ਪੰਦਰੀਂ ਦਿਨੀਂ ਜਦ ਆਪਣੀ ਪਹਿਲੀ ਤਨਖ਼ਾਹ ਦਾ ਚੈਕ ਲਿਆ ਕੇ ਆਪਣੇ ਪਿਉ ਨੂੰ ਫੜਾਇਆ ਤਾਂ ਪੂਰਨ ਸਿੰਘ ਨੂੰ ਲੱਗਿਆ ਜਿਵੇਂ ਉਸ ਦਾ ਕੱਦ ਅਸਮਾਨ ਜਿੰਨਾ ਉਚਾ ਹੋ ਗਿਆ ਹੋਵੇ। ਉਹਨੇ ਆਪਣੇ ਪੁੱਤਰ ਦਾ ਮੱਥਾ ਚੁੰਮ ਕੇ ਅਸੀਸ ਦਿੱਤੀ ਤੇ ਦੋਵੇਂ ਹੱਥ ਜੋੜ ਕੇ ਛੱਤ ਵਲ ਮੂੰਹ ਕਰਦਿਆਂ ਆਖਿਆ, “ਧੰਨ ਹੈਂ ਤੂੰ ਵਾਹਿਗੁਰੂ!”
“ਤਰਸੇਮ ਦੇ ਭਾਪਾ! ਉਪਰ ਪੱਖੇ ਨਾਲ ਕੀ ਗੱਲਾਂ ਕਰੀ ਜਾਂਦੈਂ?æææਏਦਾਂ ਗੱਲ ਨੀ ਬਣਨੀ! ਵਾਹਿਗੁਰੂ ਦਾ ਸ਼ੁਕਰ ਕਰਨ ਤਾਂ ਗੁਰਦੁਆਰੇ ਜਾਣਾ ਪੈਣਾæææਮੈਂ ਤਾਂ ‘ਖੰਡਪਾਠ ਸੁੱਖਿਆ ਹੋਇਐ!” ਪ੍ਰੀਤਮ ਕੌਰ ਨੇ ਹੱਸਦਿਆਂ ਆਖਿਆ।
“ਚੱਲ ਤੂੰ ਜਿੱਦਾਂ ਮਰਜੀ ਕਰ ਲੀਂ! ਜਦ ਤੂੰ ਨ੍ਹੀਂ ਮੇਰਾ ਕੈਣ੍ਹਾਂ ਮੋੜਦੀ ਤਾਂ ਮੈਂ ਕਿਹੜਾ ਤੈਨੂੰ ਨ੍ਹਾਂ ਕਰਨ ਲੱਗਾਂ?” ਦੋਵੇਂ ਮੁਸਕਰਾਉਂਦੇ ਅੰਦਰ ਚਲੇ ਗਏ।
ਹੁਣ ਕਦੀ-ਕਦੀ ਤਰਸੇਮ ਸਿੰਘ ਨਾਲ ਇਕ ਦੇਸੀ ਕੁੜੀ ਘਰ ਆਉਣ-ਜਾਣ ਲੱਗ ਪਈ ਸੀ। ਉਹ ਜਦ ਪ੍ਰੀਤਮ ਕੌਰ ਦੇ ਪੈਰੀਂ ਹੱਥ ਲਾਉਂਦੀ ਤਾਂ ਉਹ ਪਿਆਰ ਨਾਲ ਉਸ ਨੂੰ ਆਪਣੇ ਕਲ਼ਾਵੇ ਵਿਚ ਲੈ ਲੈਂਦੀ। ਕੁੜੀ ਨੇ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਪ੍ਰੀਤਮ ਕੌਰ ਦਾ ਮਨ ਮੋਹ ਲਿਆ ਸੀ। ਕਿੰਨੀ ਭਲੀ ਕੁੜੀ ਜਾਪਦੀ ਸੀ ਉਹ! ਕੀ ਮਜਾਲ ਸਿਰ ਤੋਂ ਚੁੰਨੀ ਵੀ ਲੱਥ ਜਾਏ। ਉਹ ਤਰਸੇਮ ਦੀ ਕੰਪਨੀ ਵਿਚ ਹੀ ਕੰਮ ਕਰਦੀ ਸੀ। ਮਾਂ-ਪਿਉ ਕਿਸੇ ਹੋਰ ਸ਼ਹਿਰ ਰਹਿੰਦੇ ਸਨ।
ਪਹਿਲਾਂ ਤਾਂ ਉਹ ਕਦੀ-ਕਦੀ ਹੀ ਆਉਂਦੀ ਸੀ, ਫਿਰ ਹਰ ਵੀਕ-ਐਂਡ ‘ਤੇ ਆਉਣ ਲੱਗ ਪਈ। ਕਿਸੇ ਵੇਲੇ ਇਕ ਦੋ ਰਾਤਾਂ ਰਹਿ ਵੀ ਜਾਂਦੀ ਅਤੇ ਕਦੇ ਹੁਣ ਤਰਸੇਮ ਸਿੰਘ ਵੀ ਰਾਤ ਨੂੰ ਘਰ ਨਾ ਆਉਂਦਾ। ਫਿਰ ਦੋਵੇਂ ਜਣੇ, ਇਕ ਹਫ਼ਤੇ ਲਈ ‘ਹਵਾਈ’ ਘੁੰਮ-ਫਿਰ ਆਏ।
“ਪ੍ਰੀਤਮ ਕੁਰੇ! ਐਤਕਾਂ ਮੁੰਡੇ ਨੇ ਪੈਸੇ ਨ੍ਹੀਂ ਦਿੱਤੇ ਆਪਾਂ ਨੂੰ! ਪਿਛਲੇ ਮਹੀਨੇ ਵੀ ਦੋ ਕੁ ਸੌ ਡਾਲਰ ਈ ਦਿੱਤਾ ਸੀ। ਤੈਨੂੰ ਨ੍ਹੀਂ ਲੱਗਦਾ, ਪਈ ਮੁੰਡਾ ਕੁੜੀ ‘ਤੇ ਕੁੱਝ ਜਾਦਾ ਈ ਖਰਚ ਕਰੀ ਜਾਂਦੈ?” ਇਕ ਦਿਨ ਪੂਰਨ ਸਿੰਘ ਨੇ ਕਿਹਾ।
ਇਹ ਗੱਲ ਤਾਂ ਪ੍ਰੀਤਮ ਕੌਰ ਨੂੰ ਵੀ ਖੁੜਕਦੀ ਸੀ, ਪਰ ਉਸ ਨੂੰ ਇਹ ਦੇਸੀ ਕੁੜੀ ਜਚ ਗਈ ਸੀ, ਤੇ ਅੰਦਰੋ-ਅੰਦਰੀ ਉਹਨੂੰ ਬਹੂ ਮੰਨੀ ਬੈਠੀ ਸੀ। ਆਪਣੇ ਪਤੀ ਨੂੰ ਹੌਸਲਾ ਦਿੰਦਿਆਂ ਉਸ ਆਖਿਆ, “ਚੱਲ ਕੋਈ ਨ੍ਹੀਂ। ਉਨ੍ਹਾਂ ਦੇ ਖੇਲ੍ਹਣ-ਮੱਲ੍ਹਣ ਦੇ ਦਿਨ ਆਂ, ਤੂੰ ਐਵੇਂ ਨਾ ਬੌਤੀ ਚਿੰਤਾ ਕਰਿਆ ਕਰ।”
“ਉਹ ਤਾਂ ਠੀਕ ਆ, ਪਰ ਆਪਾਂ ਨੂੰ ਤਾਂ ਅਜੇ ਇਹ ਵੀ ਨ੍ਹੀਂ ਪਤਾ ਪਈ ਉਹ ਕੁੜੀ ਹੈ ਕੌਣ? ਜਾਣੀ ਉਹਦੇ ਮਾਂ- ਬਾਪ ਕੌਣ ਆਂ, ਤੇ ਜਾਤ ਬਰਾਦਰੀ ਕੀ ਆ? ਮੇਰੇ ਕੈਣ੍ਹ ਦਾ ਮਤਲਬ ਤੂੰ ਐਵੇਂ ਨਾ ਡੁੱਲ੍ਹ ਜਾਈਂ ਕਿਤੇ! ਸਾਡਾ ਇਕੋ-ਇਕ ਤਾਂ ਮੁੰਡਾ।”
“ਤਰਸੇਮ ਦੇ ਭਾਪਾ! ਤੂੰ ਤਾਂ ਐਵੇਂ ਸੋਚੀਂ ਪਿਆ ਰੈਨ੍ਹਾਂ। ਚੰਗੀ-ਭਲੀ ਹਸਮੁੱਖ ਕੁੜੀ ਆ, ਜਦੋਂ ਘਰ ਆਉਂਦੀ ਆ ਤਾਂ ਰੌਣਕ ਲੱਗ ਜਾਂਦੀ ਆ। ਹੋਰ ਆਪਾਂ ਨੇ ਕੀ ਲੈਣਾ?”
“ਪਤਾ ਨ੍ਹੀਂ ਮੇਰਾ ਦਿਲ ਅਜੇ ਕਿਉਂ ਨ੍ਹੀਂ ਭਿੱਜਦਾ। ਜਦੋਂ ਪੈਲ੍ਹਾਂ-ਪੈਲ੍ਹਾਂ ਆਉਂਦੀ ਸੀ ਤਾਂ ਸਿਰ ਤੋਂ ਚੁੰਨੀ ਨਹੀਂ ਸੀ ਲੈਣ੍ਹ ਦਿੰਦੀæææਹੁਣ ਗੋਡਿਆਂ ਤਾਈਂ ਪਤਲੂਣ ਜਿਹੀ ਪਾਈ ਘੁੰਮੀ ਜਾਂਦੀ ਆ।”
“ਮੈਨੂੰ ਆਪਣੇ ਦੁੱਧ ‘ਤੇ ਪੂਰਾ ਭਰੋਸਾ। ਮੇਰਾ ਮੁੰਡਾ ਕੋਈ ਗਲਤ ਕੰਮ ਨ੍ਹੀਂ ਕਰ ਸਕਦਾ। ਤੂੰ ਐਵੇਂ ਨਾ ਕੁੜ੍ਹੀ ਜਾਇਆ ਕਰ।”
“ਅੱਛਾ ਫਿਰ ਤੂੰ ਮੁੰਡੇ ਨੂੰ ਕਹੁ, ਕੁੜੀ ਦੇ ਮਾਂ-ਪਿਉ ਆ ਕੇ ਸਾਡੇ ਨਾਲ ਗੱਲ-ਬਾਤ ਕਰ ਲੈਣ। ਐਦਾਂ ਕੱਚੇ-ਕੁਆਰੇ ਘੁੰਮਣਾ ਮੈਨੂੰ ਤਾਂ ਚੰਗਾ ਨ੍ਹੀਂ ਲੱਗਦਾ।”
ਫਿਰ ਇਕ ਦਿਨ ਉਸ ਕੁੜੀ ਦੇ ਮਾਂ-ਪਿਉ ਆ ਕੇ ਇਹ ਰਿਸ਼ਤਾ ਪੱਕਾ ਕਰ ਗਏ। ਮਾਇਕ ਹਾਲਤ ਉਨ੍ਹਾਂ ਦੀ ਕੋਈ ਬਹੁਤੀ ਚੰਗੀ ਨਹੀਂ ਸੀ ਜਾਪਦੀ, ਬੰਦੇ ਵੀ ਕੁੱਝ ਚੁਸਤ ਜਿਹੇ ਹੀ ਲੱਗਦੇ ਸਨ।
ਜਦੋਂ ਤਰਸੇਮ ਦਾ ਇਹ ਰਿਸ਼ਤਾ ਤੈਅ ਹੋ ਗਿਆ ਤਾਂ ਦੋਵੇਂ ਪਹਿਲਾਂ ਨਾਲੋਂ ਕੁੱਝ ਵਧੇਰੇ ਹੀ ਖੁੱਲ੍ਹ ਗਏ। ਐਤਕਾਂ ਉਸ ਨੇ ਚੈਕ ਵੀ ਲਿਆ ਕੇ ਆਪਣੀ ਮੰਗੇਤਰ ਨੂੰ ਫੜਾ ਦਿੱਤਾ। ਜਦੋਂ ਇਸ ਬਾਰੇ ਪੂਰਨ ਸਿੰਘ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਅੱਗਿਉਂ ਉਹ ਕਹਿਣ ਲੱਗੀ, “ਹੁਣ ਛੱਡ ਵੀ ਤਰਸੇਮ ਦੇ ਬਾਪੂ! ਚੰਗਾ ਸਗੋਂ ਆਪਣੀ ਕਬੀਲਦਾਰੀ ਆਪੇ ਸਾਂਭਣ, ਮੈਂ ਤਾਂ ਹੁਣ ਕੰਮ ਵੀ ਛੱਡ ਦੇਣਾ। ਬੱਸ, ਪੱਕੀ-ਪਕਾਈ ਰੋਟੀ ਮਿਲ ਜਾਏ, ਹੋਰ ਆਪਾਂ ਨੇ ਕੀ ਲੈਣਾæææਦਖਲ-ਦਾਜੀ ਕਰ ਕੇ?”
ਨਵੀਂ ਜੋੜੀ ਹੁਣ ਘਰ ਨਾਲੋਂ ਬਾਹਰ ਜ਼ਿਆਦਾ ਰਹਿਣ ਲੱਗ ਪਈ। ਜਦੋਂ ਕਦੇ ਆਉਂਦੇ ਵੀ, ਤਾਂ ਆਪ ਖਾਣਾ ਬਾਹਰ ਹੀ ਖਾ ਆਉਂਦੇ, ਤੇ ਹਾਏ-ਬਾਏ ਕਰ ਕੇ ਆਪਣੇ ਕਮਰੇ ਵਿਚ ਚਲੇ ਜਾਂਦੇ। ਜੇ ਕਦੇ ਪੂਰਨ ਸਿੰਘ ਕੁੱਝ ਕਹਿਣ ਲਈ ਮੂੰਹ ਖੋਲ੍ਹਦਾ ਵੀ, ਤਾਂ ਪ੍ਰੀਤਮ ਕੌਰ ਪਹਿਲਾਂ ਹੀ ਇਹ ਕਹਿ ਕੇ ਉਸ ਨੂੰ ਚੁੱਪ ਕਰਾ ਦਿੰਦੀ, “ਤੈਨੂੰ ਆਪਣੇ ਦਿਨ ਭੁੱਲ ਗਏ? ਹੁਣ ਕਰਨ ਦੇਹ ਨਿਆਣਿਆਂ ਨੂੰ ਵੀ ਐਸ਼!”
ਸਾਰੇ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ, ਜਲਦੀ ਵਿਆਹ ਕਰ ਦੇਣ ਦੀਆਂ ਸਕੀਮਾਂ ਬਣਾਉਂਦੇ ਹੋਏ ਇਕ ਦਿਨ ਪੂਰਨ ਸਿੰਘ ਹੁੱਬ ਕੇ ਕਹਿਣ ਲੱਗਾ, “ਪ੍ਰੀਤਮ ਕੁਰੇ! ਆਪਾਂ ਨੇ ਤਰਸੇਮ ਦਾ ਵਿਆਹ ਟੌਰ੍ਹ ਨਾਲ ਕਰਨਾ। ਪੁੱਤ ਮੇਰਾ ਅਫ਼ਸਰ ਲੱਗਿਆ ਹੋਇਐ!”
“ਤੂੰ ਵੀ ਐਵੇਂ ਬਾਲ਼੍ਹੀ ਟੋਕਾ-ਟਾਕੀ ਨਾ ਕਰੀਂ, ਮੈਂ ਤਾਂ ਆਪਣੇ ਸਾਰੇ ਸ਼ੌਕ ਪੂਰੇ ਕਰਨੇ ਆਂ। ਪੂਰੇ ਸ਼ਗਨਾਂ ਨਾਲ ਬਹੂ ਵਿਆਹ ਕੇ ਲਿਆਣੀ ਆਂ। ਕੋਈ ਚੰਗਾ ਜਿਆ ਹੋਟਲ ਦੇਖ ਲੈ, ਜੇ ਸਾਰੇ ਗਿਣੀਏਂ ਤਾਂ ਘੱਟੋ-ਘੱਟ ਚਾਰ ਸੌ ਬੰਦਾ ਤਾਂ ਹੋ ਈ ਜਾਣੈ, ਮੈਂ ਕੇੜ੍ਹਾ ਰੋਜ-ਰੋਜ ਪੁੱਤ ਵਿਆਣਾ!”
“ਐਨਾ ਖਰਚਾ ਕਰਨਾ ਕਿੱਥੋਂ ਆ? ਐਵੇਂ ਗੱਲਾਂ ਮਾਰੀ ਜਾਨੀ ਆ।”
“ਆਪਾਂ ਨੇ ਪੈਸੇ ਹੋਰ ਕੀ ਕਰਨੇ ਆਂ? ਜੇ ਐਸ ਵੇਲੇ ਕੰਮ ਨਾ ਆਏ ਤਾਂ ਫੂਕਣੇ ਆਂ? ਰਾਜੀ ਰਵ੍ਹੇ ਮੇਰਾ ਸ਼ੇਰ ਪੁੱਤ! ਮੈਂ ਤਾਂ ਜਾਨ ਵਾਰ ਦਿਆਂ ਆਪਣੇ ਪੁੱਤ ਤੋਂ, ਤੂੰ ਪੈਸਿਆਂ ਦੀ ਗੱਲ ਕਰਦੈਂ!”
ਵਿਆਹ ਦੀ ਤਿਆਰੀ ਵਿਚ ਪ੍ਰੀਤਮ ਕੌਰ ਕੋਈ ਕਸਰ ਨਹੀਂ ਸੀ ਛੱਡਣੀ ਚਾਹੁੰਦੀ। ਆਪ ਇੰਡੀਆ ਜਾ ਕੇ ਮਹਿੰਗੇ ਤੋਂ ਮਹਿੰਗੇ ਕਢਾਈ ਵਾਲੇ ਸੂਟ, ਸੱਠ ਹਜ਼ਾਰ ਰੁਪਏ ਦਾ ਲਹਿੰਗਾ, ਨਵੇਂ-ਨਵੇਂ ਡਿਜ਼ਾਈਨਾਂ ਦੇ ਦਸ ਤੋਲ਼ੇ ਦੇ ਗਹਿਣੇ ਤੇ ਹੋਰ ਲਟਰਮ-ਪਟਰਮ ਜੋ ਚਾਹੀਦਾ ਸੀ, ਸਭ ਖਰੀਦ ਕੇ ਲੈ ਆਈ ਸੀ। ਆਪਣੀ ਸਾਰੀ ਉਮਰ ਦੀ ਕਮਾਈ ਚਾਈਂ-ਚਾਈਂ ਉਨ੍ਹਾਂ ਪੁੱਤਰ ਦੇ ਵਿਆਹ ‘ਤੇ ਲਾ ਦਿੱਤੀ।
ਲਾਵਾਂ ਤੋਂ ਬਾਅਦ ਹੋਟਲ ਦੇ ਇਕ ਬੜੇ ਹਾਲ ਵਿਚ ਵਿਆਹ ਦੀ ਪਾਰਟੀ ਚੱਲ ਰਹੀ ਸੀ। ਤਰ੍ਹਾਂ-ਤਰ੍ਹਾਂ ਦੇ ਪਕਵਾਨ ਸਜੇ ਹੋਏ ਸਨ। ਇਕ ਕਾਰਨਰ ਵਿਚ ਬਾਰ ਸੀ ਜਿੱਥੇ ਕਈ ਕਿਸਮ ਦੀ ਸ਼ਰਾਬ ਪਰੋਸੀ ਜਾ ਰਹੀ ਸੀ। ਸਟੇਜ ‘ਤੇ ਇਕ ਨਾਮਵਰ ਗਾਇਕ ਪੰਜਾਬੀ ਗਾਣੇ ਗਾ ਰਿਹਾ ਸੀ। ਕੁੱਝ ਮਨਚਲੇ ਗਭਰੂ-ਮਟਿਆਰਾਂ ਪੂਰੇ ਜੋਸ਼ ਨਾਲ ਭੰਗੜਾ ਪਾ ਰਹੇ ਸਨ। ਪੂਰਨ ਸਿੰਘ ਅੱਜ ਬਹੁਤ ਖ਼ੁਸ਼ ਸੀ। ਸਾਰੇ ਮਹਿਮਾਨਾਂ ਕੋਲ ਜਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛ ਰਿਹਾ ਸੀ। ਵਿਚ-ਵਿਚ ਦੋ ਕੁ ਵਾਰ ਵੀਹ ਡਾਲਰ ਦਾ ਨੋਟ, ਭੰਗੜਾ ਜਿਹਾ ਪਾਉਂਦਾ ਗਾਇਕ ਨੂੰ ਵੀ ਦੇ ਆਇਆ। ਪ੍ਰੀਤਮ ਕੌਰ ਵੀ ਪੂਰੀ ਸੱਜ-ਧੱਜ ਕੇ ਆਈ ਸੀ। ਕਦੇ-ਕਦੇ ਉਹ ਵੀ ਕਿਸੇ ਪੰਜਾਬੀ ਗਾਣੇ ਤੇ ਦੋ ਕੁ ਠੁੰਮਕੇ ਮਾਰ ਆਉਂਦੀ।
ਹੁਣ ਅਚਨਚੇਤ ਹੀ ਗਾਉਣ ਬੰਦ ਹੋ ਗਿਆ ਸੀ। ਹਾਲ ਦੇ ਮੇਨ ਗੇਟ ਵੱਲੋਂ ਢੋਲ ਵੱਜਦਾ ਆ ਰਿਹਾ ਸੀ। ਤਰਸੇਮ ਦੇ ਕੁੱਝ ਦੋਸਤ ਢੋਲ ਦੀ ਤਾਲ ‘ਤੇ ਭੰਗੜਾ ਪਾ ਰਹੇ ਸਨ। ਪਿੱਛੇ-ਪਿੱਛੇ ਨਵੀਂ ਵਿਆਹੀ ਜੋੜੀ ਮਟਕ-ਚਾਲੇ ਤੁਰੀ ਆ ਰਹੀ ਸੀ। ਸਾਰੇ ਮਹਿਮਾਨ ਖੜ੍ਹੇ ਹੋ ਕੇ ਤਾੜੀਆਂ ਮਾਰਨ ਲੱਗੇ। ਉਨ੍ਹਾਂ ਦੇ ਸਟੇਜ ‘ਤੇ ਸਜ ਜਾਣ ਤੋਂ ਬਾਅਦ ਕੁੱਝ ਹਲਕਾ-ਫ਼ੁਲਕਾ ਹਾਸਾ-ਮਜ਼ਾਕ ਵੀ ਸ਼ੁਰੂ ਹੋ ਗਿਆ ਸੀ। ਫ਼ੋਟੋਗ੍ਰਾਫਰ ਤਰ੍ਹਾਂ-ਤਰ੍ਹਾਂ ਦੇ ਪੋਜ਼ ਲੈ ਰਹੇ ਸਨ। ਸ਼ਗਨਾਂ ਦੀ ਰਸਮ ਤੋਂ ਬਾਅਦ ਹੁਣ ਤਰਸੇਮ ਦੇ ਦੋਸਤਾਂ ਨੇ ਨਵੀਂ ਜੋੜੀ ਨੂੰ ਵੀ ਆਪਣੇ ਨਾਲ ਨੱਚਣ ਲਾ ਲਿਆ।
ਵਿਆਹ ਦਾ ਕੇਕ ਕੱਟਣ ਤੋਂ ਬਾਅਦ ਪੂਰਨ ਸਿੰਘ ਪ੍ਰੀਤਮ ਕੌਰ ਕੋਲ ਜਾ ਕੇ ਕਹਿਣ ਲੱਗਾ, “ਹੁਣ ਤੂੰ ਫਟਾ-ਫਟ ਘਰ ਨੂੰ ਜਾਹ, ਤੇ ਨਵੀਂ ਜੋੜੀ ਦੇ ਸਵਾਗਤ ਦੀ ਤਿਆਰੀ ਕਰ, ਅਸੀਂ ਆਏ ਕਿ ਆਏ।”
ਪ੍ਰੀਤਮ ਕੌਰ ਜਲਦੀ ਨਾਲ ਦੋ ਗੱਡੀਆਂ ਵਿਚ ਕੁੱਝ ਔਰਤਾਂ ਨੂੰ ਬਠਾਲ ਕੇ ਘਰ ਪਹੁੰਚ ਗਈ। ਘਰ ਦੀ ਸਜਾਵਟ ਦਾ ਜਾਇਜ਼ਾ ਲਿਆ। ਅਗਲੇਰੀਆਂ ਰਸਮਾਂ ਲਈ ਸਾਰੀਆਂ ਔਰਤਾਂ ਨੇ ਆਪੋ ਆਪਣੀ ਜ਼ਿੰਮੇਵਾਰੀ ਸੰਭਾਲ ਲਈ। ਸਭ ਤੋਂ ਪਹਿਲੀ ਰਸਮ ਘਰ ਦੇ ਗੇਟ ‘ਤੇ ਹੋਣੀ ਸੀ। ਮਾਂ ਨੇ ਪੁੱਤ-ਬਹੂ ਤੋਂ ਪਾਣੀ ਵਾਰ ਕੇ ਗ੍ਰਹਿ ਪ੍ਰਵੇਸ਼ ਕਰਵਾਉਣਾ ਸੀ। ਸਾਰੀਆਂ ਜ਼ਨਾਨੀਆਂ ਘਰ ਦੇ ਗੇਟ ਉਤੇ ‘ਕੱਠੀਆਂ ਹੋ ਗਈਆਂ, ਪਰ ਉਡੀਕ ਕੁੱਝ ਲੰਬੇਰੀ ਹੁੰਦੀ ਜਾ ਰਹੀ ਸੀ, “ਹੁਣ ਤਾਂਈਂ ਤਾਂ ਆ ਈ ਜਾਣਾ ਚਾਈਦਾ ਸੀæææ!” ਪ੍ਰੀਤਮ ਕੌਰ ਨੇ ਬੇਚੈਨੀ ਨਾਲ ਘੜੀ ਵਲ ਦੇਖਦਿਆਂ ਆਖਿਆ। “ਸਬਰ ਕਰ ਭੋਰਾæææਹੁਣ ਤਾਂ ਤੇਰੇ ਕੋਲ਼ੇ ਰਹਿਣੀ ਆਂ ਸਾਰੀ ਉਮਰ।” ਕਿਸੇ ਨੇ ਹਾਸੇ ਵਿਚ ਆਖਿਆ।
ਦੂਰੋਂ ਆਉਂਦੀ ਵਿਆਹ ਵਾਲੀ ਕਾਰ ਦੇਖ ਕੇ ਸਾਰਿਆਂ ਦੇ ਚਿਹਰੇ ਖਿੜ ਗਏ। ਲਾਲ ਕੱਪੜੇ ਤੇ ਸੁਨਹਿਰੀ ਗੋਟੇ ਨਾਲ਼ ਸ਼ਿੰਗਾਰੀ ਪਾਣੀ ਦੀ ਭਰੀ ਗੜਵੀ ਪ੍ਰੀਤਮ ਕੌਰ ਨੇ ਆਪਣੇ ਹੱਥਾਂ ਵਿਚ ਫੜ ਲਈ। ਫ਼ੁੱਲਾਂ ਨਾਲ ਲੱਦੀ ਦੁੱਧ-ਚਿੱਟੀ ਲਿਮੋਜ਼ਿਨ ਕਾਰ ਗੇਟ ਦੇ ਮੂਹਰੇ ਆ ਕੇ ਖੜੋ ਗਈ। ਉਤਸੁਕਤਾ ਨਾਲ ਸਭ ਦੀਆਂ ਨਜ਼ਰਾਂ ਗੱਡੀ ‘ਚੋਂ ਬਾਹਰ ਆਉਣ ਵਾਲੇ ਲਾੜਾ-ਲਾੜੀ ਵਲ ਲੱਗੀਆਂ ਹੋਈਆਂ ਸਨ। ਜਿਉਂ ਹੀ ਕਾਰ ਵਿਚੋਂ ਉਤਰੇ, ਭੰਵੱਤਰੇ ਹੋਏ ਪੂਰਨ ਸਿੰਘ ਨੇ, ਰੋਣਹਾਕੀ ਆਵਾਜ਼ ਨਾਲ ਪ੍ਰੀਤਮ ਕੌਰ ਨੂੰ ਇਹ ਕਿਹਾ, “ਹੁਣ ਤੂੰ ਕ੍ਹੇਨੂੰ ‘ਡੀਕੀ ਜਾਨੀਂ ਆਂ ਪ੍ਰੀਤਮ ਕੁਰੇ? ਉਹ ਦੇਸੀ ਕੁੜੀ ਤਾਂ ਕਦੋਂ ਦੀ ਮੁੰਡੇ ਨੂੰ ਲੈ ਕੇ ਫ਼ਰਾਰ ਹੋ ਗਈ! ਉਨ੍ਹਾਂ ਨੇ ਤਾਂ ਪੈਲ੍ਹਾਂ ਈ ਕਿਤੇ ਆਪਣਾ ਮਕਾਨ ਲੈ ਰੱਖਿਆ ਸੀ!” ਖ਼ਬਰ ਸੁਣਦਿਆਂ, ਸ਼ਗਨਾਂ ਦੀ ਗੜਵੀ ਉਸ ਦੇ ਹੱਥੋਂ ਛੁੱਟ ਕੇ ਪੂਰਨ ਸਿੰਘ ਦੇ ਪੈਰਾਂ ਵਿਚ ਜਾ ਡਿੱਗੀ ਅਤੇ ਆਪ ਉਹ ਲੜਖੜਾਉਂਦੀ ਜ਼ਨਾਨੀਆਂ ਦੀਆਂ ਬਾਹਾਂ ਵਿਚ ਲੁੜਕ ਗਈ।

Be the first to comment

Leave a Reply

Your email address will not be published.