ਕਰੋਨਾ ਪਾਬੰਦੀਆਂ: ਵਰਚੂਅਲ ਪ੍ਰਚਾਰ ਵੱਲ ਤੁਰੀਆਂ ਸਿਆਸੀ ਧਿਰਾਂ

ਚੰਡੀਗੜ੍ਹ: ਕੋਵਿਡ-19 ਦੇ ਵਧ ਰਹੇ ਕੇਸਾਂ ਦਰਮਿਆਨ ਚੋਣ ਕਮਿਸ਼ਨ ਨੇ ਪੰਜ ਸੂਬਿਆਂ `ਚ ਹੋ ਰਹੀਆਂ ਵਿਧਾਨ ਸਭਾ ਚੋਣਾਂ `ਚ ਰੈਲੀਆਂ ਅਤੇ ਰੋਡ ਸ਼ੋਅਜ `ਤੇ 22 ਜਨਵਰੀ ਤੱਕ ਪਾਬੰਦੀ ਵਧਾ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਹੈ ਕਿ ਉਹ ਹਾਲਾਤ `ਤੇ ਨਜ਼ਰ ਰੱਖਣਗੇ ਅਤੇ ਫਿਰ ਨਵੇਂ ਨਿਰਦੇਸ਼ ਜਾਰੀ ਕੀਤੇ ਜਾਣਗੇ।

ਉਂਜ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਥੋੜ੍ਹੀ ਰਾਹਤ ਦਿੰਦਿਆਂ ਹਾਲ ਅੰਦਰ 50 ਫੀਸਦੀ ਸਮਰੱਥਾ ਜਾਂ ਵਧ ਤੋਂ ਵੱਧ 300 ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਹੈ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ ਉਚਿਤ ਵਿਹਾਰ ਦੇ ਨੇਮਾਂ ਨੂੰ ਯਕੀਨੀ ਬਣਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾ ਕੀਤੀ ਜਾਵੇ। ਚੋਣ ਕਮਿਸ਼ਨ ਨੇ ਸੂਬਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਚੋਣ ਕੋਡ ਅਤੇ ਮਹਾਮਾਰੀ ਨਾਲ ਸਬੰਧਤ ਸਾਰੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।
ਸਖਤ ਹਦਾਇਤਾਂ ਮਗਰੋਂ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵਰਚੂਅਲ ਪ੍ਰਚਾਰ ਲਈ ਜੁਟਣ ਲੱਗੇ ਹਨ। ਸਿਆਸੀ ਪਾਰਟੀਆਂ ਵੱਲੋਂ ਇਸ ਕੰਮ ਲਈ ਜਿਥੇ ਆਪਣੇ ਵਰਕਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ, ਉਥੇ ਕਈਆਂ ਵੱਲੋਂ ਇਸ ਕੰਮ `ਚ ਮਾਹਿਰ ਨਿੱਜੀ ਕੰਪਨੀਆਂ ਦੇ ਅਮਲੇ ਵੀ ਕੰਮ ਉਤੇ ਲਾ ਦਿੱਤੇ ਗਏ ਹਨ। ਇਹ ਅਮਲਾ ਜਿਥੇ ਸਬੰਧਤ ਸਿਆਸੀ ਪਾਰਟੀ ਦੇ ਹਰ ਤਰ੍ਹਾਂ ਦੇ ਆਨਲਾਈਨ ਪ੍ਰਚਾਰ ਨੂੰ ਯਕੀਨੀ ਬਣਾਉਂਦਾ ਹੈ, ਉਥੇ ਦੂਸਰੀਆਂ ਸਿਆਸੀ ਪਾਰਟੀਆਂ ਵੱਲੋਂ ਕੀਤੇ ਪ੍ਰਚਾਰ ਉਤੇ ਵੀ ਪੂਰੀ ਨਜ਼ਰ ਰੱਖੀ ਜਾਂਦੀ ਹ।
ਇਸ ਵਰਚੂਅਲ ਚੋਣ ਪ੍ਰਚਾਰ ਦੌਰਾਨ ਇਕ ਦਿਲਚਸਪ ਗੱਲ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਆਪਣੇ ਲਈ ਨਿੱਜੀ ਨਾਅਰਿਆਂ ਦਾ ਆਜ਼ਾਦ ਕਰ ਕੇ ਪ੍ਰਚਾਰ ਕਰਨ `ਚ ਲੱਗੇ ਹਨ ਤਾਂ ਜੋ ਉਨ੍ਹਾਂ ਦੀ ਵੱਖਰੀ ਦਿੱਖ ਲੋਕਾਂ ਸਾਹਮਣੇ ਬਣ ਸਕੇ ਅਤੇ ਉਸ ਦਾ ਹੋਰ ਉਮੀਦਵਾਰਾਂ ਨਾਲੋਂ ਵੱਖਰਾ ਪ੍ਰਭਾਵ ਪਵੇ। ਜਿਸ ਤਰ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਲਈ ‘ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ` ਨਾਅਰਾ ਈਜਾਦ ਕੀਤਾ ਗਿਆ ਸੀ, ਉਸ ਦੇ ਤੋੜ ਵਜੋਂ ਅਕਾਲੀ ਦਲ ਵਲੋਂ ਇਨ੍ਹਾਂ ਚੋਣਾਂ `ਚ ‘ਚਾਹੁੰਦਾ ਹੈ ਪੰਜਾਬ ਕਾਂਗਰਸ ਤੋਂ ਜਵਾਬ` ਨਾਅਰਾ ਲਾਇਆ ਜਾ ਰਿਹਾ ਹੈ।
ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੱਖਰਾ ਨਾਅਰਾ ‘ਵੀਰ ਸੁਖਬੀਰ, ਸਾਡਾ ਵੀਰ ਸੁਖਬੀਰ` ਅਤੇ ਪਾਰਟੀ ਲਈ ਨਵਾਂ ਨਾਅਰਾ ‘ਆ ਰਿਹਾ ਅਕਾਲੀ ਦਲ, ਆ ਰਿਹਾ ਅਕਾਲੀ ਦਲ` ਰਾਹੀਂ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਚੁੱਕਾ ਹੈ। ਉਧਰ, ਆਮ ਆਦਮੀ ਪਾਰਟੀ ਵੱਲੋਂ ‘ਇਕ ਮੌਕਾ ਕੇਜਰੀਵਾਲ ਨੂੰ` ਨਾਅਰੇ ਹੇਠ ਪ੍ਰਚਾਰ ਕੀਤਾ ਜਾ ਰਿਹਾ ਹੈ ਜਦ ਕਿ ਸਿੱਧੂ ‘ਪੰਜਾਬ ਮਾਡਲ` ਅਤੇ ‘ਜਿੱਤੇਗਾ ਪੰਜਾਬ` ਵਰਗੇ ਨਾਅਰਿਆਂ ਹੇਠ ਆਪਣਾ ਪ੍ਰਚਾਰ ਕਰਵਾ ਰਹੇ ਹਨ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਮਗਰੋਂ ਪਾਰਟੀ ਵਿਚਲੇ ਅਤੇ ਬਾਹਰੀ ਸਮਰਥਕਾਂ ਵੱਲੋਂ ਉਨ੍ਹਾਂ ਲਈ ‘ਮਜੀਠੀਆ ਰਿਟਰਨਜ` ਦਾ ਨਾਅਰਾ ਲਾ ਕੇ ਵਰਚੂਅਲ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ।