ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ‘ਕਿਸਾਨ ਚੌਕ` ਲੋਕ ਅਰਪਣ

ਸੰਗਤ ਮੰਡੀ: ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਇਥੋਂ ਬਠਿੰਡਾ-ਮੁਲਤਾਨੀਆਂ ਰੋਡ `ਤੇ ਪੈਂਦੇ ਚੌਕ ਨੂੰ ‘ਕਿਸਾਨ ਚੌਕ` ਦਾ ਨਾਂ ਦਿੱਤਾ ਗਿਆ ਹੈ। ਕਿਸਾਨੀ ਸੰਘਰਸ਼ ਨੂੰ ਸਮਰਪਿਤ ਇਸ ਚੌਕ ਵਿਚ ਮੁਲਤਾਨੀਆਂ ਰੋਡ ਦੇ ਵਸਨੀਕਾਂ, ਝੁੱਟੀਕਾ ਪੱਤੀ ਅਤੇ ਵਿਰਾਟ ਗਰੀਨ ਕਲੋਨੀ ਨਿਵਾਸੀਆਂ ਦੇ ਸਹਿਯੋਗ ਨਾਲ ਬਲਦਾਂ ਨਾਲ ਹਲ੍ਹ ਵਾਹੁੰਦੇ ਕਿਸਾਨ ਦਾ ਮਾਡਲ ਸਥਾਪਤ ਕਰਕੇ ਲੋਕ ਅਰਪਣ ਕੀਤਾ ਗਿਆ ਹੈ।

ਕਿਸਾਨ ਚੌਕ ਉਪਰ ਲੱਗੇ ਬਲਦਾਂ ਨਾਲ ਹਲ ਵਾਹੁੰਦੇ ਕਿਸਾਨ ਦਾ ਮਾਡਲ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਲੋਕ ਖੜ੍ਹ-ਖੜ੍ਹ ਕੇ ਇਸ ਚੌਕ ਉੱਪਰ ਤਸਵੀਰਾਂ ਖਿਚਵਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਚੌਕ ਵਿਚ ਲੱਗੇ ‘ਕਿਸਾਨ ਮਾਡਲ` ਉੱਪਰ ਤਕਰੀਬਨ ਦੋ ਲੱਖ ਰੁਪਏ ਦਾ ਖਰਚਾ ਆਇਆ ਹੈ, ਜੋ ਕਿ ਆਮ ਲੋਕਾਂ ਨੇ ਆਪਣੀ ਜੇਬ ਵਿਚੋਂ ਖਰਚ ਕੀਤਾ ਹੈ।
ਜਾਣਕਾਰੀ ਦਿੰਦਿਆਂ ਸੁਖਰਾਜ ਸਿੰਘ ਔਲਖ, ਗੁਰਸੇਵਕ ਸਿੰਘ ਰਿਟਾਇਰਡ ਕਾਨੂੰਗੋ ਅਤੇ ਸੁਖਵਿੰਦਰ ਸਿੰਘ ਪ੍ਰਧਾਨ ਵਿਰਾਟ ਗਰੀਨ ਸੁਸਾਇਟੀ ਨੇ ਦੱਸਿਆ ਕਿ ‘ਕਿਸਾਨ ਚੌਕ` ਆਪਣੇ-ਆਪ ਵਿਚ ਪੰਜਾਬ ਅੰਦਰ ਪਹਿਲਾ ਚੌਕ ਹੈ, ਜੋ ਕਿ ਦੇਸ ਦੇ ਅੰਨਦਾਤੇ ਕਿਸਾਨ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਹ ਚੌਕ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਸੈਂਕੜੇ ਕਿਸਾਨਾਂ ਨੂੰ ਸਮਰਪਿਤ ਹੈ।