-ਇਕਬਾਲ ਜੱਬੋਵਾਲੀਆ
ਫੋਨ: 917-375-6395
ਮਾਂ-ਖੇਡ ਕਬੱਡੀ ਪੰਜਾਬੀਆਂ ਦੇ ਰੋਮ-ਰੋਮ ਵਿਚ ਵਸੀ ਹੋਈ ਏ। ਕਬੱਡੀ ਨੂੰ ਪਿਆਰ ਕਰਨ ਵਾਲੇ ਦੁਨੀਆਂ ਦੇ ਕਿਸੇ ਖਿਤੇ ਵਿਚ ਚਲੇ ਜਾਣ, ਕਦੇ ਨਹੀ ਭੁੱਲਦੇ। ਆਪਣੇ ਸਮੇਂ ਦਾ ਬੇਹਤਰੀਨ ਕਬੱਡੀ ਖਿਡਾਰੀ ਕਪੂਰਥਲੀਆ ਕਾਰੀ ਅੱਜ ਕੱਲ੍ਹ ਨਿਊ ਯਾਰਕ ਰਹਿੰਦਾ ਹੈ। ਕਪੂਰਥਲੇ ਦੇ ਪਿੰਡ ਖਾਨੋਆਲ ਦੇ ਇਸ ਗੱਭਰੂ ਨੇ ਸਕੂਲਾਂ ਤੋਂ ਸ਼ੁਰੂ ਕਰਕੇ ਕਾਲਜ ਅਤੇ ਯੂਨੀਵਰਸਿਟੀ ਦੀ ਕਬੱਡੀ ਟੀਮ ਦੀ ਕਪਤਾਨੀ ਕਰਕੇ ਪੰਜਾਬ ਅਤੇ ਦਿੱਲੀ ਦੇ ਕਬੱਡੀ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਮਾਤਾ-ਪਿਤਾ ਅਤੇ ਆਪਣੇ ਇਲਾਕੇ ਦੀ ਬੱਲੇ ਬੱਲੇ ਕਰਾਈ। ਪ੍ਰਸਿੱਧ ਕਬੱਡੀ ਖਿਡਾਰੀ ਜਿੰਦਰ ਖਾਨੋਆਲ ਵੀ ਇਸੇ ਪਿੰਡ ਤੋਂ ਹੈ। ਪ੍ਰੀਤਾ, ਫਿੱਡੂ, ਕਿੰਦੂ, ਸੁਰਖਪੁਰ ਦੇ ਮੰਗੀ ਤੇ ਦੁੱਲਾ, ਗੁਰਮੇਲ ਗੇਲਾ ਵੀ ਕਪੂਰਥਲੇ ਦੇ ਹੀ ਨਾਮਵਰ ਖਿਡਾਰੀ ਹਨ।
ਸੰਨ 1958 ‘ਚ ਖਾਨੋਆਲ ਦੇ ਸ਼ ਸਰੂਪ ਸਿੰਘ ਦੇ ਘਰ ਮਾਤਾ ਰਤਨ ਕੌਰ ਦੀ ਕੁੱਖੋਂ ਜਨਮੇ ਕਾਰੀ ਨੇ ਪ੍ਰਾਇਮਰੀ ਪਿੰਡੋਂ ਅਤੇ ਅੱਠਵੀਂ ਸਿੱਧਵਾਂ ਤੋਂ ਕੀਤੀ। ਹਾਇਰ ਸੈਕੰਡਰੀ ਰਣਧੀਰ ਸਕੂਲ ਕਪੂਰਥਲਾ ਤੋਂ ਕਰਕੇ ਗਰੈਜ਼ੂਏਸ਼ਨ ‘ਨਵਾਬ ਜੱਸਾ ਸਿੰਘ ਆਹਲੂਵਾਲੀਆ’ ਤੋਂ ਕੀਤੀ। ਰਣਧੀਰ ਸਕੂਲ ਦੇ ਡੀ ਪੀ ਈ ਕਰਨੈਲ ਸਿੰਘ ਸਿਧਵਾਂ ਦੀ ਛਤਰਛਾਇਆ ਹੇਠ ਕਬੱਡੀ ਖੇਡਣੀ ਸ਼ੁਰੂ ਕੀਤੀ। ਕਰਨੈਲ ਸਿੰਘ ਦੀ ਬਦਲੀ ਕਿਤੇ ਹੋਰ ਜਗ੍ਹਾ ਹੋ ਜਾਣ ‘ਤੇ ਉਸ ਨੇ ਸਲਾਹ ਦਿਤੀ ਕਿ ਅਗਰ ਗੇਮ ਚਾਲੂ ਰੱਖਣੀ ਹੈ ਤਾਂ ਸਰਬਣ ਸਿੰਘ ਬੱਲ ਕੋਲ ਜਾਓ। ਸ਼ ਬੱਲ ਉਸ ਵੇਲੇ ਜਿਲ੍ਹਾ ਕਪੂਰਥਲਾ ਖੇਡ ਵਿਭਾਗ ਦੇ ਕੋਚ ਹੁੰਦੇ ਸਨ। ਇਹ ਗੱਲ 1976 ਦੀ ਹੈ।
1976 ਵਿਚ ਸਕੂਲਾਂ ਦੀ ਨੈਸ਼ਨਲ ਕਬੱਡੀ ਖੇਡੀ ਅਤੇ ਸੋਨ ਤਮਗਾ ਜਿਤਿਆ। ਲੁਧਿਆਣੇ ਵਾਲਾ ਨਰਿੰਦਰ ਰੰਗੀ ਅਤੇ ਕੁਲਵੰਤ ਸਿੰਘ ਸਾਥੀ ਖਿਡਾਰੀ ਹੁੰਦੇ ਸਨ। ਰੰਗੀ ਕਬੱਡੀ ਦੇ ਨਾਲ ਨਾਲ ਭਲਵਾਨੀ ਵੀ ਕਰਦਾ ਸੀ ਅਤੇ ਕੁਲਵੰਤ ਸਿੰਘ ਬਾਅਦ ਵਿਚ ਪੁਲਿਸ ਵਿਚ ਭਰਤੀ ਹੋ ਗਿਆ। ਕਪੂਰਥਲੇ ਵਲੋਂ ਕਾਰੀ ਅਤੇ ਸੁਰਿੰਦਰਪਾਲ 5-6 ਖਿਡਾਰੀ ਹੁੰਦੇ ਸਨ। ਸਪੋਰਟਸ ਸਕੂਲ ਜਲੰਧਰ ਵਲੋਂ ਗੁਰਚਰਨ, ਬਲਕਾਰ ਸਿੰਘ, ਬਠਿੰਡੇ ਤੋਂ ਖੜਕ ਸਿੰਘ, ਰੋਪੜ ਤੋਂ ਤੁਲਸੀ ਸਿੰਘ, ਸ਼ੇਰਪੁਰ ਤੋਂ ਨਿੰਮਾ, ਕੁਲਵੰਤ ਟੂਟੀ, ਮਨਜੀਤ ਅਤੇ ਚਮਿਆਰੇ ਵਾਲਾ ਗੁਰਪਾਲ ਪਾਲੀ ਸਨ। ਪੱਤੜੀਏ ਬੋਲੇ ਅਤੇ ਚੱਕਾਂ ਵਾਲੇ ਪੰਡਿਤ ਨਾਲ ਵੀ ਕਈ ਮੈਚ ਖੇਡੇ। ਇਕ ਵਾਰ ਸਟੇਡੀਅਮ ਵਿਚ ਉਹ ਪ੍ਰੈਕਟਿਸ ਕਰ ਰਹੇ ਸਨ ਤਾਂ ਕੁਝ ਅੰਗਰੇਜ਼ੀ ਅਖ਼ਬਾਰਾਂ ਦੇ ਪ੍ਰੈਸ ਰਿਪੋਰਟਰ ਆ ਕੇ ਗੱਲਬਾਤ ਕਰਨ ਲੱਗੇ। ਕਾਰੀ ਨੂੰ ਪਤਾ ਨਹੀਂ ਸੀ ਕਿ ਉਹ ਕਿਉਂ ਪੁਛ ਰਹੇ ਹਨ। ਉਦੋਂ ਪਤਾ ਲੱਗਾ ਜਦੋਂ ਦੂਜੇ ਦਿਨ ਦੀ ਅਖ਼ਬਾਰ ਵਿਚ ਉਹਦੇ ਬਾਰੇ ਵੱਡਾ ਸਾਰਾ ਲੇਖ ਛਪਿਆ।
ਕਾਰੀ ਨੇ ਅਨੰਦਪੁਰ ਸਾਹਿਬ, ਢੁੱਡੀਕੇ, ਪਟਿਆਲੇ, ਬਰਿਆਲ (ਬਠਿੰਡਾ), ਬੁੱਢੀ ਪਿੰਡ (ਹੁਸ਼ਿਆਰਪੁਰ), ਪਾਂਛਟਾ ਅਤੇ ਦਿੱਲੀ ਚੈਂਪੀਅਨਸ਼ਿਪ ਖੇਡੀ। ਨੈਸ਼ਨਲ ਸਟਾਈਲ ਦੀ ਓਪਨ ਚੈਪੀਅਨਸ਼ਿਪ ਸੋਲਨ, ਗੰਗਾਨਗਰ, ਜੈਪੁਰ, ਖਾਮਗਾਓਂ (ਲਾਗੇ ਨਾਗਪੁਰ) ਅਤੇ ਇੰਟਰਵਰਸਿਟੀ ਦੀ ਨਾਰਥ-ਪੋਲ, ਸਾਊਥ-ਪੋਲ ਖੇਡਿਆ। ਦੂਰ ਦੂਰ ਤੱਕ ਮੈਚ ਖੇਡਣ ਜਾਣਾ ਤਾਂ ਕਈ ਕਈ ਦਿਨ ਬਾਹਰ ਰਹਿਣਾ ਪੈਂਦਾ। ਆਮ ਕਰਕੇ ਸਰਬਣ ਬੱਲ ਹੀ ਦੂਰ ਦੂਰ ਟੀਮ ਲੈ ਕੇ ਜਾਇਆ ਕਰਦਾ। ਕਈ ਵਾਰ ਖਾਲਸਾ ਕਾਲਜ ਦੇ ਡੀ ਪੀ ਈ ਮੋਹਣ ਸਿੰਘ ਵੀ ਨਾਲ ਜਾਂਦੇ।
ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਸੰਜੇ ਮੈਮੋਰੀਅਲ ਆਲ ਇੰਡੀਆ ਕਬੱਡੀ ਚੈਂਪੀਅਨਸ਼ਿਪ ਦਿੱਲੀ ਸਟੇਡੀਅਮ ਵਿਚ ਕਰਵਾਈ ਗਈ। ਵਿਰੋਧੀ ਟੀਮ ਦਿੱਲੀ ਦੀ ਸੀ ਜਿਸ ਵਿਚ ਜਿਆਦਾ ਖਿਡਾਰੀ ਹਰਿਆਣੇ ਤੋਂ ਸਨ। ਕਾਰੀ ਦੀ ਕਪਤਾਨੀ ਹੇਠ ਖੇਡੀ ਟੀਮ ਨੇ ਸਖਤ ਮੁਕਾਬਲੇ ਵਿਚ ਇਕ ਨੰਬਰ ‘ਤੇ ਜਿੱਤ ਪ੍ਰਾਪਤ ਕੀਤੀ। ਜਿੱਤ ਦੀ ਖ਼ੁਸ਼ੀ ਵਿਚ ਖੀਵੇ ਹੋਏ ਜਲੰਧਰ ਦੇ ਕੋਚ ਸਰਦੂਲ ਸਿੰਘ ਨੇ ਆਪਣੇ ਪਿਸਤੌਲ ਵਿਚੋਂ ਪਰਾਂਹ ਨੂੰ ਗੋਲੀਆਂ ਕੱਢ ਦਿਤੀਆਂ। ਵਿਰੋਧੀ ਟੀਮ ਵਾਲੇ ਰੌਲਾ ਪਾ ਕੇ ਬਹਿ ਗਏ ਕਿ ਉਨ੍ਹਾਂ ਨੂੰ ਡਰਾ ਕੇ ਜਿੱਤੇ ਹਨ। ਮੈਚ ਦੁਬਾਰਾ ਹੋਣਾ ਚਾਹੀਦੈ। ਇਸ ਰੌਲੇ-ਰੱਪੇ ਅਤੇ ਕਸ਼ਮਕਸ਼ ਵਿਚ ਦੂਜੇ ਦਿਨ ਫਿਰ ਮੈਚ ਕਰਾਉਣ ਦਾ ਫੈਸਲਾ ਹੋਇਆ। ਜ਼ਬਰਦਸਤ ਮੁਕਾਬਲੇ ਵਿਚ ਉਨ੍ਹਾਂ ਫਿਰ ਦੋ ਨੰਬਰਾਂ ‘ਤੇ ਚੈਂਪੀਅਨਸ਼ਿਪ ਜਿੱਤੀ ਤੇ ਗੋਲਡ ਮੈਡਲ ਦੇ ਹੱਕਦਾਰ ਬਣੇ। ਕਾਰੀ ਦੇ ਨਾਲ ਪੱਤੜੀਆ ਬੋਲਾ, ਬੇਵੀ, ਮਦਨ ਗੋਗੀ, ਬਲਕਾਰ ਸਿੰਘ ਸੈਦੋਵਾਲ, ਗਿਆਨੀ ਜਰਨੈਲ ਸਿੰਘ ਅਤੇ ਪੀ ਏ ਪੀ ਦਾ ਪਲੇਅਰ ਸੁੱਖਾ (ਛੀਨਾ) ਜੋ ਅੱਜ ਕੱਲ੍ਹ ਡੀ ਐਸ ਪੀ ਹੈ, ਸਾਥੀ ਖਿਡਾਰੀ ਸਨ।
1982-83 ਦੀ ਯੂਨੀਵਰਸਿਟੀ ਦੀ ਕਪਤਾਨੀ ਵੀ ਕਾਰੀ ਨੇ ਕੀਤੀ। ਕਪੂਰਥਲੇ ਦੀ ਤਕੜੀ ਚੈਂਪੀਅਨਸ਼ਿਪ ਵਿਚ ਪੰਜਾਬ ਪੁਲਿਸ ਵਿਚ ਖੇਡਦੇ ਫਿੱਡੂ ਹੋਰਾਂ ਨਾਲ ਡੱਟ ਕੇ ਮੁਕਾਬਲਾ ਕੀਤਾ। ਰਾਜਿੰਦਰ ਕੁਮਾਰ ਬੇਵੀ, ਜਰਨੈਲ, ਗਿਆਨੀ ਮੋਠਾਂ ਆਲੀਆ, ਮਦਨ ਲਾਲ ਗੋਗੀ, ਦਲਜੀਤ ਸਿੰਘ ਅਤੇ ਬਲਕਾਰ ਸਿੰਘ (ਕਬੱਡੀ ਖਿਡਾਰੀ ਗਾਸ਼ੇ ਦਾ ਭਰਾ) ਖਿਡਾਰੀ ਸਨ। ਰਮੀਦੀ ਚੈਂਪੀਅਨਸ਼ਿਪ ਅਤੇ ਆਲ ਇੰਡੀਆ ਚੈਂਪੀਅਨਸ਼ਿਪ ਵਿਚ ਵਧੀਆ ਗੇਮ ਦਿਖਾਈ।
ਮੱਖਣ ਸਿੰਘ ਡੀ ਪੀ ਈ, ਸ਼ਿਵਦੇਵ, ਬਲਵਿੰਦਰ ਫਿੱਡੂ, ਮਨਜੀਤ, ਮੂਰਤੀ ਅਤੇ ਬੇਗੋਵਾਲ ਦੇ ਦਿਲਬਾਗ ਬਾਘਾ ਡੀ ਪੀ ਈ ਸੀਨੀਅਰ ਖਿਡਾਰੀਆਂ ਨੇ ‘ਕੱਠੇ ਹੋ ਕੇ ਬੇਗੋਵਾਲ ਦੋਸਤਾਨਾ ਮੈਚ ਕਰਵਾਇਆ। ਸੀਨੀਅਰ ਖਿਡਾਰੀਆਂ ਵਿਚ ‘ਕੱਲਾ ਕਾਰੀ ਹੀ ਛੋਟੀ ਉਮਰ ਦਾ ਖਿਡਾਰੀ ਸੀ। ਕਾਰੀ ਨੇ ਛੋਟੀ ਉਮਰੇ 35 ਕਿਲੋ ਭਾਰ ਤੋਂ ਸ਼ੁਰੂ ਕਰ ਕੇ ਵੱਡੇ ਵੱਡੇ ਮੈਚ ਖੇਡੇ। ਪ੍ਰੀਤੇ ਦੀ ਟੀਮ ਦਾ ਖਿਡਾਰੀ ਬਣ ਕੇ ਉਸ ਨੇ ਪਟਿਆਲੇ ਚੈਂਪੀਅਨਸ਼ਿਪ ਖੇਡੀ।
1983-84 ‘ਚ ਸਾਹਨੇਵਾਲ ਆਖਰੀ ਚੈਂਪੀਅਨਸ਼ਿਪ ਖੇਡੀ। ਜਿਆਦਾਤਰ ਖਿਡਾਰੀ ਪੁਲਿਸ ਦੇ ਸਨ। ਉਥੋਂ ਗੋਲਡ ਮੈਡਲ ਜਿੱਤਿਆ। ਇਸ ਚੈਂਪੀਅਨਸ਼ਿਪ ਤੋਂ ਬਾਅਦ ਕਾਰੀ 1985 ‘ਚ ਨਿਊ ਯਾਰਕ ਆ ਪਹੁੰਚਿਆ ਅਤੇ ਨਿਊ ਯਾਰਕ ਦੇ ਖੇਡ ਮੈਦਾਨਾਂ ਵਿਚ ਗੱਜਣ ਲੱਗਾ। ਕਾਲਜ ਦੇ ਪੁਰਾਣੇ ਸਾਥੀ ਰਾਜਿੰਦਰ ਕੁਮਾਰ ਬੇਵੀ ਤੇ ਕਾਰੀ ਫਿਰ ‘ਕੱਠੇ ਹੋ ਗਏ। ਆਪਣਾ ਸ਼ੌਕ ਬਰਕਰਾਰ ਰੱਖਣ ਲਈ ‘ਕਪੂਰਥਲਾ ਸਪੋਰਟਸ ਕਲੱਬ’ ਬਣਾਇਆ ਅਤੇ ਨਿਊ ਯਾਰਕ, ਨਿਊ ਜਰਸੀ, ਫਿਲਾਡੈਲਫੀਆ ਅਤੇ ਓਹਾਇਓ ਦੇ ਟੂਰਨਾਮੈਂਟਾਂ ਵਿਚ ਵਾਲੀਬਾਲ ਮੈਚ ਖੇਡੇ ਅਤੇ ਜਿੱਤੇ। ਕਈ ਵਾਰ ਫੁੱਟਬਾਲ ਮੈਚਾਂ ਵਿਚ ਵੀ ਆਪਣੇ ਕਲੱਬ ਵਲੋਂ ਖੇਡਿਆ। ਆਲੇ-ਦੁਆਲੇ ਦੇ ਖੇਡ-ਮੇਲਿਆਂ ਵਿਚ ਕਾਰੀ, ਮੰਗੀ, ਬੇਵੀ-ਤਿੰਨੇ ਸਰਗਰਮ ਹੋ ਕੇ ਹਿੱਸਾ ਲੈਂਦੇ। ਕਾਰੀ ਬੇਟੀ, ਬੇਟੇ ਅਤੇ ਪਤਨੀ ਨਾਲ ਖੁਸ਼ੀ ਭਰਿਆ ਜੀਵਨ ਬਿਤਾ ਰਿਹਾ ਹੈ। ਬੇਟਾ ਮਨਦੀਪ ਸਿੰਘ ਭੰਗੜੇ ਦਾ ਸ਼ੌਕੀਨ ਹੈ। ਕਾਰੀ ਹੋਰੀਂ ਪੰਜ ਭਰਾ ਅਤੇ ਦੋ ਭੈਣਾਂ ਹਨ। ਮਾਤਾ ਪਿਤਾ ਅਤੇ ਇਕ ਭਰਾ ਇਸ ਦੁਨੀਆਂ ਤੋਂ ਤੁਰ ਗਏ ਹਨ। ਤਿੰਨ ਭਰਾ ਅਮਰੀਕਾ ਰਹਿੰਦੇ ਹਨ।
ਕਾਰੀ, ਮੰਗੀ, ਬੇਵੀ ਦੀ ਤਿਕੜੀ ਨਿਊ ਯਾਰਕ ਦੇ ਖੇਡ ਮੇਲਿਆਂ ਵਿਚ ਬੜੀ ਸਰਗਰਮ ਰਹਿੰਦੀ ਹੈ। ਵਾਲੀਬਾਲ ਆਪ ਵੀ ਖੇਡਦੇ ਹਨ ਤੇ ਨਵੇਂ ਖਿਡਾਰੀਆਂ ਨੂੰ ਵੀ ਖਿਡਾਉਂਦੇ ਹਨ। ‘ਕਪੂਰਥਲਾ ਸਪੋਰਟਸ ਕਲੱਬ’ ਵਲੋਂ ਫੁੱਟਬਾਲ, ਵਾਲੀਬਾਲ ਅਤੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ। ਕਬੱਡੀ ਦੇ ਮਹਾਂਬਲੀ ਉਸਤਾਦ ਸਰਬਣ ਬੱਲ ਦੀ ਉਸਤਾਦੀ ਨੂੰ ਹਮੇਸ਼ਾਂ ਯਾਦ ਰੱਖਦੇ ਹਨ ਅਤੇ ਸਤਿਕਾਰਦੇ ਹਨ।
Leave a Reply