ਕੰਮਕਾਰ ਦਾ ਮੁਢਲਾ ਦੌਰ

ਬਲਰਾਜ ਸਾਹਨੀ
1930 ਵਿਚ ਮੇਰੀ ਜ਼ਿੰਦਗੀ ਨੇ ਇਤਿਹਾਸਕ ਮੋੜ ਖਾਧਾ। ਮੈਂ ਪਿੰਡੀ ਛੱਡ ਕੇ ਲਾਹੌਰ ਗੌਰਮਿੰਟ ਕਾਲਜ ਬੀ.ਏ. ਵਿਚ ਦਾਖਲ ਹੋਇਆ। ਏਸੇ ਸਾਲ ਫਿਲਮਾਂ ਨੇ ਵੀ ਖਾਮੋਸ਼ੀ ਦਾ ਦਾਮਨ ਛਡ ਕੇ ਬੋਲਣ ਦੇ ਯੁੱਗ ਵਿਚ ਪ੍ਰਵੇਸ਼ ਕੀਤਾ। ਅਚਾਨਕ ਖਬਰ ਉੱਡੀ ਕਿ ‘ਆਲਮ ਆਰਾ’ ਨਾਂ ਦੀ ਪਹਿਲੀ ‘ਟਾਕੀ’ ਫਿਲਮ ਕੈਪੀਟਲ ਸਿਨੇਮਾ ਵਿਚ ਵਿਖਾਈ ਜਾ ਰਹੀ ਹੈ ਜਿਸ ਵਿਚ ਪ੍ਰਿਥਵੀ ਰਾਜ ਕਪੂਰ ਅਤੇ ਜਗਦੀਸ਼ ਸੇਠੀ ਕੰਮ ਕਰ ਰਹੇ ਹਨ। ਮੈਂ ਬੜੇ ਚਾਅ ਨਾਲ ਵੇਖਣ ਗਿਆ। ਭੀੜਾਂ ਦਾ ਕੋਈ ਅੰਤ ਨਹੀਂ ਸੀ।

ਏਸੇ ਸਿਨੇਮਾ ਵਿਚ ਇਕ ਹਫਤਾ ਪਹਿਲਾਂ ਜਦੋਂ ਮੈਂ ਜੀਨ ਹਾਰਲੋ (ਉਸ ਜ਼ਮਾਨੇ ਦੀ ਮਾਰਲਿਨ ਮੁਨਰੋ ਜੋ ਮਾਰਲਿਨ ਵਾਂਗ ਹੀ ਭਰੀ ਜੁਆਨੀ ਵਿਚ ਬੇਮੌਤ ਮੋਈ ਸੀ) ਦੀ ਪਿਕਚਰ ‘ਹੈਲਜ਼ ਏਂਜਲਸ’ ਦਾ ਟਿਕਟ ਖਰੀਦ ਰਿਹਾ ਸਾਂ, ਮੈਨੂੰ ਖਬਰ ਮਿਲੀ ਕਿ ਅੰਦਰ ਸਾਡੀ ਰਾਵਲਪਿੰਡੀ ਵਾਲੀ ਫਿਲਮ ‘ਅਬਲਾ’ ਦਾ ਪ੍ਰਾਈਵੇਟ ਸ਼ੋਅ ਹੋ ਰਿਹਾ ਹੈ, ਤੇ ਇਮਤਿਆਜ਼ ਅਲੀ ਤਾਜ ਅਤੇ ਅਹਿਮਦ ਸ਼ਾਹ ਬੁਖਾਰੀ ਵਰਗੇ ਪਾਰਖੂ ਵੇਖਣ ਆਏ ਹੋਏ ਹਨ। ਬੁਖਾਰੀ ਮੇਰੇ ਪ੍ਰੋਫੈਸਰ ਸਨ। ਕੁਝ ਮਿੰਟਾਂ ਬਾਅਦ ਸ਼ੋਅ ਖਤਮ ਹੋਇਆ ਤਾਂ ਮੈਂ ਬੁਖਾਰੀ ਸਾਹਬ ਕੋਲੋਂ ਬੜੇ ਦਾਈਏ ਨਾਲ ਅੱਗੇ ਵਧ ਕੇ ਰਾਏ ਪੁਅਛੀ। ਉਹ ਬੜੇ ਉਦਾਸ ਹੋ ਕੇ ਕਹਿਣ ਲਗੇ, “ਟੈਕਨੀਕਲ ਲਿਹਾਜ਼ ਤੋਂ ਇਹ ਫਿਲਮ ਚੰਗੀ ਤੋਂ ਚੰਗੀ ਅਮਰੀਕਨ ਫਿਲਮ ਦਾ ਮੁਕਾਬਲਾ ਕਰ ਸਕਦੀ ਹੈ। ਕਿਤਨੇ ਅਫਸੋਸ ਦੀ ਗੱਲ ਹੈ ਕਿ ਬਣਾਉਣ ਵਾਲਿਆਂ ਨੂੰ ਇਤਨਾ ਰੁਪਿਆ ਖਰਚ ਕਰਨ ਵੇਲੇ ਇਸ ਗੱਲ ਦਾ ਖਿਆਲ ਨਹੀਂ ਆਇਆ ਕਿ ਖਾਮੋਸ਼ ਫਿਲਮਾਂ ਦਾ ਜ਼ਮਾਨਾ ਖਤਮ ਹੋ ਰਿਹਾ ਹੈ।”
ਲਾਲਾ ਹਰੀ ਰਾਮ ਸੇਠੀ ਉਸ ਫਿਲਮ ਕਾਰਨ ਬਰਬਾਦ ਹੋ ਗਏ ਪਰ ਉਸ ਵੇਲੇ ਮੈਨੂੰ ਇਸ ਗੱਲ ਦਾ ਰੰਜ ਨਹੀਂ ਸੀ ਸਗੋਂ ਅਭਿਮਾਨ ਮਹਿਸੂਸ ਹੁੰਦਾ ਸੀ ਕਿ ਅਖੀਰ ਰਾਵਲਪਿੰਡੀ ਵਾਲਿਆਂ ਨੇ ਵਲੈਤ ਵਾਲਿਆਂ ਦੀ ਬਰਾਬਰੀ ਕਰਕੇ ਵਿਖਾ ਹੀ ਦਿਤੀ।
ਏਸ ਤੋਂ ਉਲਟ ‘ਆਲਮ ਆਰਾ’ ਟੈਕਨੀਕਲ ਲਿਹਾਜ਼ ਤੋਂ ਇਕ ਨਿਹਾਇਤ ਘਟੀਆ ਫਿਲਮ ਸੀ ਪਰ ਉਸ ਦੇ ਬਣਾਉਣ ਵਾਲੇ ਮਾਲਾਮਾਲ ਹੋ ਗਏ। ਫਿਲਮ ਲਾਈਨ ਵਿਚ ਅਜਿਹੇ ਹਨੇਰ ਰੋਜ਼ ਹੁੰਦੇ ਹਨ। ਘਟੀਆ ਫਿਲਮਾਂ ਕਾਮਯਾਬ ਹੋ ਜਾਂਦੀਆਂ ਹਨ, ਵਧੀਆ ਫੇਲ੍ਹ ਪਰ ਉਦੋਂ ਮੈਨੂੰ ਇਨ੍ਹਾਂ ਗੱਲਾਂ ਦਾ ਕੁਝ ਨਹੀਂ ਸੀ ਪਤਾ। ਤੇ ਨਾ ਹੀ ਇਸ ਗੱਲ ਦਾ ਪਤਾ ਸੀ ਕਿ ਤਕਨੀਕ ਸ਼ਬਦ ਦਾ ਫਿਲਮਾਂ ਦੇ ਸੰਪਰਕ ਵਿਚ ਠੀਕ ਠੀਕ ਕੀ ਅਰਥ ਹੁੰਦਾ ਹੈ।
ਲਾਹੌਰ ਵਿਚ ਮੈਂ ਘਰ ਦੇ ਅੰਕੁਸ਼ ਤੋਂ ਆਜ਼ਾਦ ਸਾਂ ਕਿਉਂਕਿ ਹੋਸਟਲ ਵਿਚ ਰਹਿੰਦਾ ਸਾਂ। ਹੁਣ ਫਿਲਮਾਂ ਵੇਖਣ ਤੋਂ ਮੈਨੂੰ ਕੋਈ ਰੋਕ ਨਹੀਂ ਸੀ ਸਕਦਾ। ਹਫਤੇ ਵਿਚ ਘੱਟੋ-ਘੱਟ ਤਿੰਨ ਅਮਰੀਕੀ ਫਿਲਮਾਂ ਤਾਂ ਜ਼ਰੂਰ ਵੇਖ ਛਡਦਾ, ਤੇ ਉਨ੍ਹਾਂ ਦਾ ਅਸਰ ਮੇਰੀ ਚੇਤਨਾ ਉਪਰ ਦਿਨੋ-ਦਿਨ ਬੜਾ ਗੰਭੀਰ ਹੁੰਦਾ ਜਾ ਰਿਹਾ ਸੀ ਪਰ ਅਜੇ ਵੀ ਫਿਲਮ ਐਕਟਰ ਬਣਨ ਦਾ ਖਿਆਲ ਮੇਰੇ ਮਨ ਵਿਚ ਕਦੇ ਤੀਬਰਤਾ ਨਾਲ ਨਹੀਂ ਸੀ ਉਠਦਾ। ਜੇ ਐਕਟਰ ਬਣਨਾ ਹੋਵੇ ਤਾਂ ਬੰਦਾ ਹਾਲੀਵੁਡ ਜਾ ਕੇ ਬਣੇ, ਹਿੰਦੁਸਤਾਨੀ ਫਿਲਮਾਂ ਵਿਚ ਪੈ ਕੇ ਆਪਣੇ ਆਪ ਨੂੰ ਕਿਉਂ ਖਰਾਬ ਕਰੇ?
ਐਮ.ਏ. ਵਿਚ ਪੁਜਦਿਆਂ ਮੇਰੀ ਸਾਹਿਤਕ ਸੂਝ ਕਾਫੀ ਨਿੱਖਰ ਚੁਕੀ ਸੀ। ਗੌਰਮਿੰਟ ਕਾਲਿਜ ਦੀ ਨਾਟਕ ਮੰਡਲੀ ਵਿਚ ਵੀ ਮੈਂ ਮੂੰਹ ਮਾਰਨ ਲੱਗ ਪਿਆ ਸਾਂ ਜਿਸ ਦੇ ਰੂਹੇ-ਰਵਾਂ ਬੁਖਾਰੀ ਸਾਹਬ ਸਨ। ਉਨ੍ਹਾਂ ਦੇ ਸਾਥੀ ਪ੍ਰੋਫੈਸਰ ਜੀ.ਡੀ. ਸੋਂਧੀ, ਈਸ਼ਵਰ ਚੰਦਰ ਨੰਦਾ, ਅਤੇ ਇਮਤਿਆਜ਼ ਅਲੀ ਤਾਜ ਵੀ ਦੇਸ਼-ਵਿਆਪੀ ਸ਼ੁਹਰਤ ਦੇ ਮਾਲਕ ਸਨ। ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਯਥਾਰਥਵਾਦੀ ਨਾਟ ਅਤੇ ਅਭਿਨਯ ਕਲਾ ਦੀਆਂ ਮੁਢਲੀਆਂ ਕਦਰਾਂ ਸਿਧਾਂਤਕ ਤੌਰ ਉਤੇ ਅੰਗਰੇਜ਼ੀ ਸਾਹਿਤ ਦੇ ਐਮ.ਏ. ਦੇ ਅਧਿਐਨ ਨੇ ਅਤੇ ਅਮਲੀ ਤੌਰ ਉਤੇ ਗੌਰਮਿੰਟ ਕਾਲਜ ਲਾਹੌਰ ਦੀ ਡਰਾਮੈਟਿਕ ਸੁਸਾਇਟੀ ਨੇ ਹੀ ਪਹਿਲੋ-ਪਹਿਲ ਮੈਨੂੰ ਸਿਖਾਈਆਂ। ਜਦੋਂ ਟੀਚੇ ਸਪਸ਼ਟ ਹੋ ਜਾਣ ਤਾਂ ਬਾਕੀ ਖੇਡ ਲਗਨ ਅਤੇ ਮਿਹਨਤ ਹੀ ਰਹਿ ਜਾਂਦੀ ਹੈ। ਕਦੇ ਨਾ ਕਦੇ ਠੋਕਰਾਂ ਖਾਂਦਾ ਇਨਸਾਨ ਉਨ੍ਹਾਂ ਟੀਚਿਆਂ ਤੀਕ ਅਪੜ ਹੀ ਜਾਂਦਾ ਹੈ। ਮੈਂ ਆਪਣੇ ਉਪਰੋਕਤ ਬਜ਼ੁਰਗਾਂ ਦੀ ਯਾਦ ਨੂੰ ਸਲਾਮ ਭੇਜਦਾ ਹਾਂ ਜਿਨ੍ਹਾਂ ਨੇ ਆਰਟ ਵਿਚ ਮੈਨੂੰ ਸਰਬੋਤਮ ਟੀਚਿਆਂ ਦੇ ਦਰਸ਼ਨ ਕਰਾਏ। ਫੇਰ ਇਕ ਹੋਰ ਧਮਾਕਾ ਹੋਇਆ। ਕਲਕੱਤੇ ਨਿਊ ਥੇਟਰਜ਼ ਤੋਂ ਬਣ ਕੇ ਆਈ ‘ਪੂਰਨ ਭਗਤ’ ਨਾਮਕ ਫਿਲਮ ਲਾਹੌਰ ਮੈਕਲੋਡ ਰੋਡ ਦੇ ਇਕ ਸਿਨੇਮਾ ਵਿਚ ਨਸ਼ਰ ਹੋਈ। ਏਸ ਫਿਲਮ ਨੇ ਮੇਰੇ ਵਰਗੇ ਪੜ੍ਹੇ ਲਿਖੇ, ਅੰਗਰੇਜ਼-ਪ੍ਰਸਤ, ਪੰਜਾਬੀ ਨੌਜਵਾਨਾਂ ਦੀ ਜ਼ਿੰਦਗੀ ਵਿਚ ਤੂਫਾਨ ਜਿਹਾ ਲੈ ਆਉਂਦਾ। ਸਾਨੂੰ ਹਿੰਦੁਸਤਾਨੀ ਫਿਲਮਾਂ ਬਾਰੇ ਆਪਣਾ ਨਜ਼ਰੀਆ ਇਕਦਮ ਬਦਲਣਾ ਪੈ ਗਿਆ।
‘ਪੂਰਨ ਭਗਤ’ ਮੈਂ ਕੋਈ ਛੇ ਵਾਰੀ ਵੇਖੀ, ਨਾ ਸਿਰਫ ਆਪ ਵੇਖੀ ਸਗੋਂ ਕਿਤਨੇ ਹੋਰ ਲੋਕਾਂ ਨੂੰ ਨਾਲ ਖਿੱਚ-ਖਿੱਚ ਕੇ ਲੈ ਗਿਆ। ਕੱਲ੍ਹ ਤੀਕਰ ਅਸੀਂ ਭਾਰਤੀ ਸੰਸਕ੍ਰਿਤੀ ਦੇ ਨਿਖੇਧੀ ਕਰਨ ਵਾਲੇ ਅਤੇ ਦੁਸ਼ਮਣ ਸਾਂ, ਅਜ ਕੱਟੜ ਦੇਸ਼-ਭਗਤ ਬਣ ਗਏ।
ਪੂਰਨ ਭਗਤ, ਦੇਵਦਾਸ, ਚੰਡੀਦਾਸ… ਇਕ ਤੋਂ ਬਾਅਦ ਇਕ ਸਿਖਰਾਂ ਛੋਂਹਦੇ ਸ਼ਾਹਕਾਰ… ਸਹਿਗਲ ਦਾ ਪ੍ਰਗਟ ਹੋਣਾ… ਪ੍ਰਭਾਤ ਫਿਲਮ ਕੰਪਨੀ ਦੀਆਂ ਫਿਲਮਾਂ, ਦੁਨੀਆ ਨਾ ਮਾਨੇ, ਅੰਮ੍ਰਿਤ ਮੰਥਨ, ਆਦਮੀ… ਪਰ ਮੇਰਾ ਖਿਆਲ ਨਹੀਂ ਕਿ ਵਲੈਤੀ ਫਿਲਮਾਂ ਲਈ ਮੇਰਾ ਸ਼ੌਕ ਫੇਰ ਵੀ ਕਿਸੇ ਮਿਕਦਾਰ ਵਿਚ ਘਟਿਆ ਹੋਵੇ। ਹਿੰਦੀ ਫਿਲਮਾਂ ਹਾਲਾਂ ਵੀ ਮੇਰੇ ਮਨ-ਇੱਛਤ ਮਿਆਰਾਂ ਤੋਂ ਬਹੁਤ ਨੀਵੀਆਂ ਸਨ। ਉਨ੍ਹਾਂ ਵਿਚ ਜ਼ਿੰਦਗੀ ਨੂੰ ਹੂ-ਬ-ਹੂ ਜ਼ਿੰਦਗੀ ਦੇ ਰੰਗਾਂ ਵਿਚ ਪੇਸ਼ ਕਰਨ ਦੀ ਯੋਗਤਾ ਹਾਲੇ ਵੀ ਨਹੀਂ ਸੀ ਆਈ।
ਕਾਲਜ ਦਾ ਦੌਰ ਖਤਮ ਹੋਇਆ। ਜੀਵਨ ਦੇ ਅਖਾੜੇ ਵਿਚ ਉਤਰਨ ਦਾ ਵੇਲਾ ਆਇਆ। ਪੈਂਦਿਆਂ ਹੀ ਬੜੀਆਂ ਪੁੱਠੀਆਂ ਮਾਰਾਂ ਖਾਧੀਆਂ! ਨਕਸੀਰ ਵਗਣ ਲਗ ਪਈ। ਮੂੰਹ-ਮੱਥਾ ਸੁੱਜ ਗਿਆ, ਬਾਂਹ ਰੁਮਾਲ ਵਿਚ ਟੰਗਣੀ ਪਈ। ਸ਼ਾਇਰ ਨੇ ਨਜ਼ਾਰਾ ਬੜੇ ਸੁਹਣੇ ਲਫਜ਼ਾਂ ਵਿਚ ਬੰਨ੍ਹਿਆ ਹੈ-
‘ਇਕਬਾਲ’ ਤੇਰੇ ਇਸ਼ਕ ਨੇ ਸਭ ਬਲ ਦੀਏ ਨਿਕਾਲ
ਮੁਦਤ ਸੇ ਆਰਜ਼ੂ ਥੀ ਕਿ ਸੀਧਾ ਕਰੇ ਕੋਈ!

ਵੇਖਿਆ ਕਿ ਐਮ.ਏ. ਦੀ ਡਿਗਰੀ ਦਾ ਜਿਹੜਾ ਫੜਕਾ ਹੱਥ ਵਿਚ ਲਈ ਫਿਰਦੇ ਹਾਂ, ਕਾਰੋਬਾਰੀ ਦੁਨੀਆ ਵਿਚ ਉਸ ਦਾ ਮੁੱਲ ਦੋ ਕੌਡੀ ਵੀ ਨਹੀਂ ਸੀ। ਆਪਣੀ ਗੋਰੀ ਰੰਗਤ ਜਿਸ ਦਾ ਅਸੀਂ ਠੰਡੀ ਸੜਕ ਉਪਰ ਇਤਨੇ ਠਾਠ ਨਾਲ ਵਿਖਾਲਾ ਕਰਦੇ ਹੁੰਦੇ ਸਾਂ, ਹਾਕਮਾਂ ਦੀਆਂ ਨਜ਼ਰਾਂ ਵਿਚ ਸਾਨੂੰ ਹੋਰ ਵੀ ਜ਼ਿਆਦਾ ‘ਕਾਲਾ ਆਦਮੀ’ ਬਣਾਉਂਦੀ ਸੀ। ਪਿਤਾ ਜੀ ਦੇ ਕਹਿਣ ਉਤੇ ਆਪਣਾ ਘਰ ਦਾ ਬਣਿਆ ਬਣਾਇਆ ਕਪੜੇ ਦਾ ਕਾਰ-ਵਿਹਾਰ ਸਾਂਭਿਆ ਪਰ ਬਹੁਤੇ ਦਿਨ ਨਹੀਂ। ਕਪੜਾ ਵੇਚਣ ਵਾਲਿਆਂ ਦੀ ਦੁਨੀਆ ਬੜੀ ਹੋਰ ਤਰ੍ਹਾਂ ਦੀ ਹੁੰਦੀ ਹੈ। ਐਮ.ਏ. ਪਾਸ ਆਦਮੀ ਲਈ ਉਸ ਵਿਚ ਖੁਭਣਾ ਬੜਾ ਮੁਸ਼ਕਿਲ ਹੈ।
1936 ਦਾ ਸਾਲ ਸੀ ਸ਼ੈਦ। ਮੈਂ ਘਰੋਂ ਨੱਠ ਕੇ ਕਲਕੱਤੇ ਜਾ ਵੜਿਆ। ਪੰਡਤ ਸੁਦਰਸ਼ਨ ਜੀ ਦਾ ਦਰ ਜਾ ਖੜਕਾਇਆ। ਉਹ ਉਦੋਂ ਨਿਊ ਥੇਟਰਜ਼ ਦੀਆਂ ਚਿੱਤਰ-ਕਥਾਵਾਂ ਲਿਖਿਆ ਕਰਦੇ ਸਨ। ਮੈਂ ਉਨ੍ਹਾਂ ਤੋਂ ਪੁਛਿਆ ਕਿ ਮੇਰੇ ਫਿਲਮਾਂ ਵਿਚ ਦਾਖਲ ਹੋਣ ਬਾਰੇ ਉਨ੍ਹਾਂ ਦੀ ਕੀ ਰਾਏ ਹੈ।
ਉਨ੍ਹਾਂ ਥੋੜ੍ਹਾ ਜਿਹਾ ਮੈਨੂੰ ਗਲਤ ਸਮਝਿਆ। ਉਨ੍ਹਾਂ ਸਮਝਿਆ ਕਿ ਮੈਂ ਵੀ ਉਨ੍ਹਾਂ ਅਣਪੜ੍ਹ ਨੌਜਵਾਨਾਂ ਵਿਚੋਂ ਹਾਂ ਜਿਹੜੇ ਫਿਲਮਾਂ ਖਾਤਰ ਘਰ-ਬਾਰ ਛੱਡ ਕੇ ਨੱਠ ਤੁਰਦੇ ਹਨ। ਵਾਸਤਵ ਵਿਚ, ਮੈਂ ਸੰਜੀਦਗੀ ਨਾਲ ਜੀਵਨ ਵਿਚ ਰਾਹ ਟੋਲ ਰਿਹਾ ਸਾਂ। ਮੇਰੀ ਗੱਲ ਸੁਣਦਿਆਂ ਹੀ ਉਹ ਆਵੇਸ਼ ਵਿਚ ਆ ਗਏ ਅਤੇ ਫਿਲਮ ਲਾਈਨ ਬਾਰੇ ਮੈਨੂੰ ਇਕ ਡਰਾਉਣਾ ਜਿਹਾ ਲੈਕਚਰ ਸੁਣਾਉਣਾ ਸ਼ੁਰੂ ਕਰ ਦਿਤਾ ਜੋ ਇੰਜ ਜਾਪਿਆ, ਉਨ੍ਹਾਂ ਅਜਿਹੇ ਮੌਕਿਆਂ ਲਈ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਸੀ। ਉਹ ਮੇਰੇ ਪਿਤਾ ਜੀ ਨੂੰ ਜਾਣਦੇ ਸਨ, ਤੇ ਇਹ ਠੀਕ ਗੱਲ ਸੀ ਕਿ ਪਿਤਾ ਜੀ ਕਿਸੇ ਸੂਰਤ ਵੀ ਮੈਨੂੰ ਫਿਲਮਾਂ ਵਿਚ ਪੈਣ ਦੀ ਇਜਾਜ਼ਤ ਨਹੀਂ ਸਨ ਦੇ ਸਕਦੇ। ਫੇਰ ਜੇ ਮੈਂ ਸਚਮੁਚ ਫਿਲਮਾਂ ਵਿਚ ਆ ਵੜਿਆ, ਤੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ – ਜਿਸ ਦੀ ਇਸ ਲਾਈਨ ਵਿਚ ਕਾਮਯਾਬ ਹੋਣ ਨਾਲੋਂ ਕਿਤੇ ਵਧ ਸੰਭਾਵਨਾ ਸੀ – ਤਾਂ ਦੋਸ਼ ਸਾਰਾ ਮੇਰੇ ਪਿਤਾ ਜੀ ਉਨ੍ਹਾਂ ਉਤੇ ਨਾ ਪਾ ਦੇਣਗੇ! ਉਹ ਡਰ ਗਏ ਸਨ।
ਕੁਝ ਦਿਨ ਲਾਵਾਰਸੀ ਦੇ ਆਲਮ ਵਿਚ ਕਲਕੱਤੇ ਸ਼ਹਿਰ ਦੀਆਂ ਗਲੀਆਂ ਕੱਛ ਕੇ ਮੈਂ ਵਾਪਸ ਰਾਵਲਪਿੰਡੀ ਪੁਜ ਗਿਆ। ਇਕ ਸਾਲ ਹੋਰ ਬੀਤ ਗਿਆ। ਜ਼ਿੰਦਗੀ ਦੀ ਖਹੁਰੀ ਰਗੜ ਨੇ ਬਦਨ ਉਤੇ ਕੁਝ ਹੋਰ ਝਰੀਟਾਂ ਪਾਈਆਂ। ਆਕੜ ਹੋਰ ਵੀ ਬਹੁਤ ਸਾਰੀ ਭੱਜ-ਟੁੱਟ ਗਈ। ਏਸੇ ਦੌਰਾਨ ਸ਼ਾਦੀ ਵੀ ਹੋ ਗਈ। ਪਿੰਡੀ ਫੇਰ ਦਿਲ ਹੁੱਸੜ ਪਿਆ। ਫੇਰ ਕਲਕੱਤੇ ਉਠ ਦੌੜਿਆ। ਫੇਰ ਪੰਡਤ ਸੁਦਰਸ਼ਨ ਜੀ ਦਾ ਦਰ ਜਾ ਖੜਕਾਇਆ।
ਉਨ੍ਹਾਂ ਇਸ ਵਾਰੀ ਮਿਲਦਿਆਂ ਸਾਰ ਢੇਰ ਅਸੀਸਾਂ ਸ਼ੁਰੂ ਕਰ ਦਿਤੀਆਂ। ਤਾਰੀਫਾਂ ਦੇ ਪੁਲ ਬੰਨ੍ਹ ਦਿਤੇ। ਆਪਣੀ ਧਰਮ ਪਤਨੀ ਜੀ ਨੂੰ ਬੁਲਾ ਕੇ ਦਸਿਆ ਕਿ ਮੈਂ ਹੀ ਉਹ ਨੌਜਵਾਨ ਸਾਂ ਜਿਸ ਦੀ ਉਹ ਉਸ ਅਗੇ ਇਤਨੀ ਵਾਰੀ ਤਾਰੀਫ ਕਰ ਚੁੱਕੇ ਸਨ – ਉਹ ਇਕੋ-ਇਕ ਨੌਜਵਾਨ ਜਿਸ ਨੇ ਉਨ੍ਹਾਂ ਦੀ ਨਸੀਹਤ ਉਤੇ ਅਮਲ ਕਰ ਕੇ ਫਿਲਮਾਂ ਦਾ ਇਰਾਦਾ ਝੱਟ ਛੱਡ ਦਿਤਾ ਸੀ। ਉਨ੍ਹਾਂ ਮੇਰੀ ਪਤਨੀ ਦੀ ਖਾਤਰ ਤਵਜੋ ਕੀਤੀ, ਮੇਰੇ ਘਰ ਵਾਲਿਆਂ ਦਾ ਹਾਲ-ਹਵਾਲ ਪੁਛਣਾ ਸ਼ੁਰੂ ਕਰ ਦਿਤਾ।
“ਹੁਣ ਤੂੰ ਕੀ ਕਰਦਾ ਹੈਂ ਬੇਟਾ?” ਉਨ੍ਹਾਂ ਦੀ ਪਤਨੀ ਨੇ ਪੁਛਿਆ।
ਇਸ ਹਾਲਤ ਵਿਚ ਮੈਂ ਕਿਵੇਂ ਕਹਿ ਸਕਦਾ ਸਾਂ ਕਿ ਦਰਅਸਲ ਮੈਂ ਫਿਲਮਾਂ ਦਾ ਖਿਆਲ ਛੱਡਿਆ ਨਹੀਂ ਸਗੋਂ ਇਸ ਵਾਰੀ ਮੂੰਹ ਪਾੜ ਕੇ ਉਨ੍ਹਾਂ ਦੀ ਮਦਦ ਮੰਗਣ ਆਇਆ ਹਾਂ।
“ਬਿਜ਼ਨੈਸ।” ਮੈਂ ਜੁਆਬ ਦਿਤਾ, ਅਤੇ ਅਸੀਂ ਦੋਵੇਂ ਮੀਆਂ-ਬੀਵੀ ਉੱਠ ਕੇ ਚਲੇ ਆਏ। ਕੁਝ ਸਮਾਂ ਹੋਰ ਲੰਘ ਗਿਆ, ਤੇ ਤਰ੍ਹਾਂ ਤਰ੍ਹਾਂ ਦੀ ਭਟਕਣਾ ਕਰਦਿਆਂ ਜਿਸ ਦਾ ਸਾਹਿਤ ਅਤੇ ਰਾਜਨੀਤੀ ਨਾਲ ਫਿਲਮਾਂ ਤੋਂ ਕਿਤੇ ਜ਼ਿਆਦਾ ਤਅੱਲਕ ਹੈ, ਮੈਨੂੰ ਅਗਿਯੇਅ ਅਤੇ ਹਜ਼ਾਰੀ ਪ੍ਰਸਾਦ ਦਿਵੇਦੀ ਜੀ ਦੇ ਰਸੂਖ ਨਾਲ ਸ਼ਾਂਤੀ ਨਿਕੇਤਨ ਵਿਚ ਨੌਕਰੀ ਮਿਲ ਗਈ। ਇਸ ਤਰ੍ਹਾਂ ਮੇਰਾ ਸਵੈਮਾਣ ਜੋ ਲਗਭਗ ਉਦੋਂ ਤਕ ਸਾਰੇ ਦਾ ਸਾਰਾ ਨਸ਼ਟ ਹੋ ਚੁੱਕਿਆ ਸੀ, ਇਕਦਮ ਸਾਰੇ ਦਾ ਸਾਰਾ ਵਾਪਸ ਆ ਗਿਆ – ਸੂਦ ਸਣੇ। ਤਨਖਾਹ ਤਾਂ ਕੇਵਲ ਪੰਜਾਹ ਰੁਪਏ ਮਾਹਵਾਰ ਸੀ ਪਰ ਗੁਰੂ ਦੇਵ ਟੈਗੋਰ ਦੇ ਨਾਂ ਸਦਕਾ (ਉਦੋਂ ਉਹ ਜ਼ਿੰਦਾ ਸਨ) ਸ਼ਾਂਤੀ ਨਿਕੇਤਨ ਦੀ ਅਧਿਆਪਕੀ ਕਿਸੇ ਵੱਡੀ ਤੋਂ ਵੱਡੀ ਯੂਨੀਵਰਸਿਟੀ ਦੀ ਪ੍ਰੋਫੈਸਰੀ ਤੋਂ ਵੀ ਵੱਧ ਮਾਣ ਰੱਖਦੀ ਸੀ। ਜਦੋਂ ਅਸੀਂ ਪੂਜਾ ਦੀਆਂ ਛੁੱਟੀਆਂ ਵਿਚ ਰਾਵਲਪਿਡੀ ਪਹੁੰਚੇ ਤਾਂ ਲਗਭਗ ਸਾਰੇ ਦਾ ਸਾਰਾ ਸ਼ਹਿਰ ਫੁੱਲਾਂ ਦੇ ਹਾਰ ਫੜ ਕੇ ਸਟੇਸ਼ਨ ਉਤੇ ਸਾਡੇ ਸੁਆਗਤ ਲਈ ਪਹੁੰਚਿਆ ਹੋਇਆ ਸੀ।
ਸ਼ਾਂਤੀ ਨਿਕੇਤਨ ਵਿਚ ਗੁਜ਼ਾਰੇ ਦਿਨ ਬੜੇ ਅਣਮੋਲ ਸਨ। ਮੇਰੀ ਪਤਨੀ ਦਮਿਯੰਤੀ (ਦਮੋ) ਨੂੰ ਵੀ ਸਵੈ-ਵਿਕਾਸ ਦੇ ਐਸੇ ਅਵਸਰ ਨਸੀਬ ਹੋ ਗਏ ਜੋ ਰਾਵਲਪਿੰਡੀ ਦੇ ਤੰਗ ਦਾਇਰੇ ਵਿਚ ਉਸ ਲਈ ਅ-ਕਲਪਿਤ ਸਨ। ਏਥੇ ਹੀ ਉਸ ਨੇ ਬੀ.ਏ. ਕੀਤਾ, ਅਤੇ ਹੋਰ ਅਨੇਕ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਭਾਗ ਲਿਆ। ਅਸੀਂ ਦੋਵੇਂ ਬੜੇ ਸੰਤੁਸ਼ਟ ਸਾਂ।
ਇਕ ਦੋ ਵਾਰੀ ਜਦੋਂ ਛੁੱਟੀਆਂ ਵਿਚ ਕਲਕੱਤੇ ਗਏ ਤਾਂ ਆਪਣੇ ਫਿਲਮਾਂ ਵਾਲੇ ਮਿੱਤਰਾਂ ਦੇ ਵੀ ਦਰਸ਼ਨ ਕੀਤੇ। ਪ੍ਰਿਥਵੀ ਰਾਜ ਕਪੂਰ ਦਮੋ ਦੇ ਵਡੇ ਵੀਰ ਦੇ ਬੜੇ ਡੂੰਘੇ ਦੋਸਤ ਸਨ। ਅਸੀਂ ਪ੍ਰਿਥਵੀ ਰਾਜ ਜੀ ਦੇ ਘਰ ਗਏ। ਬੜੇ ਪਿਆਰ ਨਾਲ ਮਿਲੇ ਉਹ। ਹੁਣ ਵੀ ਜਦੋਂ ਮਿਲ ਬੈਠਦੇ ਹਾਂ, ਇਸ ਮਿਲਣੀ ਦਾ ਜ਼ਿਕਰ ਉਹ ਬੜੇ ਪਿਆਰ ਭਰੇ ਸ਼ਬਦਾਂ ਵਿਚ ਕਰਦੇ ਹਨ। ਰਾਜ ਕਪੂਰ ਉਦੋਂ ਬਾਰਾਂ ਕੁ ਵਰ੍ਹਿਆਂ ਦਾ ਮਨਮੋਹਣਾ ਬਾਲਕ ਸੀ।
ਪ੍ਰਿਥਵੀ ਅਤੇ ਜਗਦੀਸ਼ ਭਾਪਾ ਸਾਨੂੰ ਨਿਊ ਥੇਟਰ ਸ਼ੂਟਿੰਗ ਵਿਖਾਣ ਵੀ ਲੈ ਗਏ। ਸਹਿਗਲ ਅਤੇ ਲੀਲਾ ਦੇਸਾਈ ਦੀ ਸ਼ੂਟਿੰਗ ਚੱਲ ਰਹੀ ਸੀ। ‘ਪ੍ਰੈਜ਼ੀਡੈਂਟ’ ਸੀ ਨਾਂ ਸ਼ੈਦ ਫਿਲਮ ਦਾ। ਨਿਤਿਨ ਬੋਸ ਡਾਇਰੈਕਟ ਕਰ ਰਹੇ ਸਨ। ਸਹਿਗਲ ਸੈਟ ਦੀ ਦੀਵਾਰ ਪਿਛੇ ਲੁਕ ਕੇ ਸਿਗਰਟ ਦਾ ਕਸ਼ ਮਾਰ ਆਂਦੇ ਸਨ, ਹਾਲਾਂਕਿ ਸੈਟ ਉਤੇ ਸਿਗਰਟ ਪੀਣ ਦੀ ਮਨਾਹੀ ਸੀ ਪਰ ਸਹਿਗਲ ਨੂੰ ਰੋਕਣ ਦੀ ਜੁਰਅਤ ਕੌਣ ਕਰ ਸਕਦਾ ਸੀ? ਸਹਿਗਲ ਨੂੰ ਨਹੀਂ ਸੀ ਪਤਾ, ਧੂੰਆਂ ਬਾਹਰ ਵਾਲਿਆਂ ਨੂੰ ਦਿਸ ਜਾਂਦਾ ਹੈ। ਉਹ ਆਪਣੀ ਥਾਂ ਚਲਾਕ ਬਣੇ ਹੋਏ ਸਨ, ਨਿਤਿਨ ਬੋਸ ਆਪਣੀ ਥਾਂ।
ਕਿਸ ਨੂੰ ਖਿਆਲ ਆ ਸਕਦਾ ਸੀ ਕਿ ਇਕ ਦਿਨ ਦਮੋ ਪ੍ਰਿਥਵੀ ਰਾਜ ਜੀ ਦੇ ਨਾਲ ‘ਦੀਵਾਰ’ ਵਿਚ ਮੁੱਖ ਰੋਲ ਕਰੇਗੀ। ਮੈਂ ਲੀਲਾ ਦੇਸਾਈ ਦੀ ਫਿਲਮ ‘ਕਾਬੁਲੀਵਾਲਾ’ ਵਿਚ ਪਠਾਣ ਬਣਾਂਗਾ, ਜਾਂ ਅਮੀਯ ਚਕਰਵਰਤੀ ਦੇ ਮਰਨ ਪਿਛੋਂ ਨਿਤਿਨ ਬੋਸ ‘ਕਠਪੁਤਲੀ’ ਮੁਕੰਮਲ ਕਰਨਗੇ!
ਇਕ ਹੋਰ ਮਜ਼ੇਦਾਰ ਘਟਨਾ ਵੀ ਵਰਣਨ ਯੋਗ ਹੈ। ਦਮੋ ਨੇ ਅਗਲੇ ਦਿਨ ਕਿਹਾ, “ਅਸਲ ਮਿਲਣ ਲਾਇਕ ਬੰਦਾ ਤਾਂ ਬਰੂਆ ਹੈ, ਉਸ ਨੂੰ ਮਿਲੇ ਬਗੈਰ ਟੁਰ ਜਾਣ ਵਿਚ ਕੀ ਸੁਆਦ?”
ਸੋ ਅਗਲੇ ਦਿਨ ਪੁੱਛਦੇ ਪੁੱਛਾਂਦੇ ਅਸੀਂ ਪੀ.ਸੀ. ਬਰੂਆ ਦੇ ਮਕਾਨ ‘ਤੇ ਜਾ ਪੁੱਜੇ। ਉਸ ਦੇ ਸਕੱਤਰ ਨੇ ਪੁੱਛ ਗਿੱਛ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਾਂ ਉਹਨੂੰ ਗੌਲਿਆ ਹੀ ਨਾ ਅਤੇ ਸਿੱਧੇ ਜਾ ਕੇ ਬੈਠਕ ਵਿਚ ਕੁਰਸੀਆਂ ਉਤੇ ਬਹਿ ਗਏ। ਬੈਠਕ ਕਿਤਾਬਾਂ ਨਾਲ ਭਰੀ ਪਈ ਸੀ। ਮੈਨੂੰ ਯਾਦ ਆਂਦਾ ਹੈ ਕਿ ਐਨਸਾਈਕੋਲੋਪੀਡੀਆ ਬ੍ਰਿਟੈਨਿਕਾ ਦਾ ਪੂਰਾ ਸੈਟ ਪਿਆ ਹੋਇਆ ਸੀ। ਅਸੀਂ ਖੂਬ ਪ੍ਰਭਾਵਤ ਹੋਏ।
ਉੱਪਰ ਜਾ ਕੇ ਸਕੱਤਰ ਨੇ ਅਵੱਸ਼ ਦੱਸਿਆ ਹੋਵੇਗਾ ਕਿ ਅਸੀਂ ਸ਼ਾਂਤੀ ਨਿਕੇਤਨ ਤੋਂ ਆਏ ਸਾਂ। ਸ਼ੈਦ ਇਸੇ ਕਰਕੇ ਬਰੂਆ ਸਾਹਬ ਨੇ ਸਾਨੂੰ ਚੰਦ ਮਿੰਟਾਂ ਲਈ ਮਿਲਣਾ ਮੰਜ਼ੂਰ ਕਰ ਲਿਆ, ਭਾਵੇਂ ਉਸ ਦਿਨ ਉਨ੍ਹਾਂ ਦੀ ਪਤਨੀ ਦੀ ਤਬੀਅਤ ਠੀਕ ਨਹੀਂ ਸੀ।
ਪਤਨੀ? ਕੌਣ? ਜਮੁਨਾ? ਅਸੀਂ ਜਾਣਨ ਲਈ ਤਰਲੋਮੱਛੀ ਹੋ ਰਹੇ ਸਾਂ ਪਰ ਪੁੱਛਣ ਦੀ ਹਿੰਮਤ ਕਿਸ ਕੋਲ ਸੀ? ਬਰੂਆ ਆਏ। ਬੜੇ ਥੱਕੇ ਲਗ ਰਹੇ ਸਨ, ਜਿਵੇਂ ਸਾਰੀ ਰਾਤ ਨਾ ਸੁੱਤੇ ਹੋਣ। ਵੇਖਣ ਲਗ ਪਏ ਸਾਡੇ ਵਲ ਸੁਆਲੀਆਂ ਅਦਾ ਨਾਲ। ਹੋਰ ਤਾਂ ਕੁਝ ਸੁਝਿਆ ਨਹੀਂ, ਅਸਾਂ ਉਨ੍ਹਾਂ ਦੀਆਂ ਫਿਲਮਾਂ ਉਪਰ ਤਬਸਰੇ ਸ਼ੁਰੂ ਕਰ ਦਿਤੇ, ਜਿਵੇਂ ਆਪਣੀ ਫਿਲਮੀ ਕਾਬਲੀਅਤ ਦੀ ਧਾਂਕ ਬਿਠਾ ਰਹੇ ਹੋਈਏ। ‘ਮੁਕਤੀ’ ਵਿਚ ਉਹ ਸੀਨ ਇੰਜ ਕਿਉਂ ਨਾ ਬਣਾਇਆ। ‘ਮੰਜ਼ਿਲ’ ਵਿਚ ਉਸ ਪਾਰਟ ਲਈ ਜੇ ਉਸ ਦੀ ਥਾਂ ਉਸ ਕਲਾਕਾਰ ਨੂੰ ਲੈ ਲੈਂਦੇ?…
ਬਰੂਆ ਚੁਪਚਾਪ ਸੁਣਦੇ ਰਹੇ। ਇਹੋ ਜਿਹੇ ਕਮਲਿਆਂ ਨਾਲ ਪਹਿਲੀ ਵਾਰ ਵਾਹ ਨਹੀਂ ਸੀ ਪਿਆ ਉਨ੍ਹਾਂ ਦਾ। ਅਖੀਰ ਜਦੋਂ ਅਸਾਂ ਬੋਲਣਾ ਬੰਦ ਕੀਤਾ ਤਾਂ ਉਹ ਕਾਫੀ ਚਿਰ, ਦੇਵ ਦਾਸ ਦੇ ਕਿਰਦਾਰ ਵਾਂਗ, ਖਾਮੋਸ਼ ਬੈਠੇ ਰਹੇ। ਫੇਰ ਬੋਲੇ, “ਤੁਸੀਂ ਫਿਲਮਾਂ ਵਿਚ ਕੰਮ ਕਰਨਾ ਚਾਹੁੰਦੇ ਹੋ, ਹੈ ਨਾ?”
ਅਜਿਹੇ ਬੇਬਾਕ ਸਵਾਲ ਲਈ ਅਸੀਂ ਤਿਆਰ ਨਹੀਂ ਸਾਂ।
“ਹਾਂ ਹਾਂ, ਕਿਉਂ ਨਹੀਂ।” ਮੈਥੋਂ ਪਹਿਲਾਂ ਹੀ ਸ਼ਰਾਰਤ ਨਾਲ ਹੱਸ ਕੇ ਦਮੋ ਨੇ ਕਹਿ ਛਡਿਆ।
“ਚੰਗੀ ਗੱਲ ਹੈ। ਕਲ੍ਹ ਸਵੇਰੇ ਦਸ ਵਜੇ ਤੁਸੀਂ ਸਟੂਡੀਓ ਆ ਜਾਣਾ।”
ਅਤੇ ਇਹ ਕਹਿ ਕੇ ਬਰੂਆ ਨੇ ਸਾਨੂੰ ਰੁਖਸਤ ਕਰ ਦਿੱਤਾ। ਸਾਰਾ ਦਿਨ ਅਸੀਂ ਹਵਾ ਵਿਚ ਉਡਦੇ ਰਹੇ। ਫਿਲਮਾਂ ਦੇ ਪਹਿਲੇ ਨੰਬਰ ਦੇ ਡਾਇਰੈਕਟਰ ਨੇ ਸਾਨੂੰ ਫਿਲਮੀ ਅਦਾਕਾਰ ਬਣਨ ਦੀ ਆਪ ਆਪਣੇ ਮੂੰਹੋਂ ਦਾਅਵਤ ਦਿਤੀ ਸੀ!! ਉਦੋਂ ਸਾਨੂੰ ਨਹੀਂ ਸੀ ਪਤਾ ਕਿ ਡਾਇਰੈਕਟਰ ‘ਡਫਰਾਣ’ ਲਈ ਜਾਣ ਬੁੱਝ ਕੇ ਇੰਜ ਕਰਦੇ ਹਨ। ਬਹੁਤ ਮੁਮਕਿਨ ਹੈ, ਜੇ ਅਸੀਂ ਅਗਲੇ ਦਿਨ ਸੱਚਮੁੱਚ ਸਟੂਡੀਓ ਜਾ ਵੜਦੇ ਤਾਂ ਬਰੂਆ ਸਾਨੂੰ ਮਿਲਣ ਤੋਂ ਹੀ ਇਨਕਾਰ ਕਰ ਦੇਂਦੇ ਪਰ ਇਕ ਗਲੋਂ ਮੈਨੂੰ ਯਕੀਨ ਹੁੰਦਾ ਹੈ ਕਿ ਬਰੂਆ ਨੇ ‘ਡਫਰਾਇਆ’ ਨਹੀਂ ਸੀ ਕਿਉਂਕਿ ਬਾਅਦ ਵਿਚ ਜਦੋਂ ਵੀ ਸ਼ਾਂਤੀ ਨਿਕੇਤਨ ਮੇਰਾ ਤੇ ਦਮੋ ਦਾ ਕੋਈ ਮਾੜਾ ਮੋਟਾ ਝਗੜਾ ਹੋ ਜਾਂਦਾ, ਉਹ ਮੈਨੂੰ ਡਰਾਣ ਲਈ ਬਰੂਆ ਦਾ ਆਪਣੇ ਹੱਥੀਂ ਲਿਖਿਆ ਖਤ ਕੱਢ ਕੇ ਵਿਖਾ ਦੇਂਦੀ। ਇਸ ਵਿਚ ਬਰੂਆ ਨੇ ਉਹਨੂੰ ਫੇਰ ਵਿਸ਼ਵਾਸ ਦਿਵਾਇਆ ਸੀ ਕਿ ਉਹ ਉਹਨੂੰ ਆਪਣੀ ਅਗਲੀ ਫਿਲਮ ਲਈ ਇਕ ਪ੍ਰਮੁਖ ਰੋਲ ਦੇਣ ਲਈ ਤਿਆਰ ਹਨ।
ਫੇਰ ਇਕ ਦਿਨ ਸ਼ਾਂਤੀ ਨਿਕੇਤਨ ਤੋਂ ਅਸੀਂ ਸੇਵਾਗਰਾਮ ਜਾ ਪਹੁੰਚੇ। ਉਥੇ ਫਿਲਮਾਂ ਦੇ ਖਿਆਲ ਤੋਂ ਉੱਕਾ ਹੀ ਦੂਰ ਹੋ ਗਏ। ਮੇਰੀਆਂ ਕਹਾਣੀਆਂ ਹੁਣ ਹਿੰਦੀ ਪਤ੍ਰਿਕਾਵਾਂ ਵਿਚ ਆਮ ਛਪਣ ਲੱਗ ਪਈਆਂ ਸਨ ਅਤੇ ਉਮਰ ਦੇ ਹਿਸਾਬ ਨਾਲ ਜ਼ਰੂਰਤ ਤੋਂ ਕੁਝ ਵਧ ਸ਼ੁਹਰਤ ਹਾਸਲ ਹੋ ਗਈ ਸੀ। ਸੰਸਾਰ ਵਿਚ ਵੀ ਬੜੀਆਂ ਜ਼ਬਰਦਸਤ ਤਬਦੀਲੀਆਂ ਹੋ ਰਹੀਆਂ ਸਨ। ਦੂਸਰੀ ਵਡੀ ਲਾਮ ਦਾ ਮੁੱਢ ਬੱਝ ਰਿਹਾ ਸੀ। ਹਿਟਲਰ ਤੇ ਮੁਸੋਲਿਨੀ ਦੀਆਂ ਫੌਜਾਂ ਯੂਰਪ ਵਿਚ ਦਗੜ ਦਗੜ ਕਰ ਰਹੀਆਂ ਸਨ। ਸੁਭਾਸ਼ ਬੋਸ ਦੇ ਪ੍ਰਧਾਨ ਚੁਣੇ ਜਾਣ ਪਿਛੋਂ ਗਾਂਧੀ ਜੀ ਨੇ ਉਹਨੂੰ ਅਸਤੀਫਾ ਦੇਣ ਉਤੇ ਮਜਬੂਰ ਕਰ ਦਿੱਤਾ ਸੀ ਜਿਸ ਕਰ ਕੇ ਸਾਰੇ ਮੁਲਕ ਵਿਚ ਬੇਚੈਨੀ ਫੈਲੀ ਹੋਈ ਸੀ। ਸੇਵਾਗਰਾਮ ਅਸੀਂ ਨਿਤ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ, ਮੌਲਾਨਾ ਆਜ਼ਾਦ ਅਤੇ ਹੋਰ ਕਿਤਨੇ ਹੀ ਦੇਸ਼ ਦੇ ਵੱਡੇ-ਵੱਡੇ ਲੀਡਰਾਂ ਦੇ ਦਰਸ਼ਨ ਕਰਦੇ। ਇਕ ਵਾਰ ਦਮੋ ਨੇ ਆਪਣੇ ਹੱਥ ਨਾਲ ਚਾਹ ਬਣਾ ਕੇ ਸਰ ਸਟੈਫੋਰਡ ਕ੍ਰਿਪਸ ਅਤੇ ਜਵਾਹਰ ਲਾਲ ਨੂੰ ਪਿਲਾਈ ਸੀ। ਡਾਕਟਰ ਜ਼ਾਕਿਰ ਹੁਸੈਨ ਸਾਡੇ ਤਾਲੀਮੀ ਸੰਘ ਦੇ ਪ੍ਰਧਾਨ ਸਨ ਜਿਸ ਵਿਚ ਮੈਂ ਕੰਮ ਕਰਦਾ ਸਾਂ। ਅਜਿਹੇ ਕੇਂਦਰੀ ਅਤੇ ਮਹੱਤਵਪੂਰਨ ਵਾਤਾਵਰਣ ਵਿਚ ਰਹਿੰਦਿਆਂ ਜਦੋਂ ਕਸਤੂਰਬਾ, ਮੀਰਾਬੇਨ ਅਤੇ ਆਸ਼ਾਬੇਨ ਵਰਗੀਆਂ ਹਸਤੀਆਂ ਨਾਲ ਸਾਡਾ ਰੋਜ਼ ਦਾ ਉੱਠਣਾ ਬੈਠਣਾ ਸੀ, ਭਲਾ ਫਿਲਮਾਂ ਜਿਹੀ ਬੇਮਤਲਬ ਚੀਜ਼ ਵਲ ਸਾਡਾ ਧਿਆਨ ਕਿਵੇਂ ਜਾ ਸਕਦਾ ਸੀ?
ਵੇਖਦਿਆਂ-ਵੇਖਦਿਆਂ ਦੂਸਰੀ ਆਲਮੀ ਜੰਗ ਛਿੜ ਪਈ। ਇਕਦਮ ਮੇਰੇ ਜੀਵਨ ਇਤਿਹਾਸ ਨੇ ਵੀ ਫੇਰ ਇਕ ਪਲਟਾ ਖਾਧਾ ਅਤੇ ਦਮੋ ਤੇ ਮੈਂ ਬੀ.ਬੀ.ਸੀ. ਲੰਦਨ ਵਿਚ ਐਨਾਊਂਸਰ ਦਾ ਕੰਮ ਕਰਨ ਲਈ ਸੇਵਾਗਰਾਮ ਨੂੰ ਅਲਵਿਦਾ ਕਹਿ ਕੇ ਯੂਰਪ ਦੀਆਂ ਉਡਾਰੀਆਂ ਮਾਰ ਗਏ। (ਚੱਲਦਾ)