ਭਾਜਪਾ ਦੇ ਜੋਟੀਦਾਰਾਂ ਨੂੰ ਸਿਆਸੀ ਹਲੂਣਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤਕਰੀਬਨ ਇਕ ਮਹੀਨਾ ਪਹਿਲਾਂ ਸੂਬੇ ਦੀ ਸਿਆਸਤ ਵਿਚ ਹਲਚਲ ਜਿਹੀ ਮੱਚੀ ਹੋਈ ਹੈ। ਚੋਣ ਮਾਹੌਲ ਵਿਚ ਜਿਥੇ ਦਲਬਦਲੀਆਂ ਦੀ ਕਵਾਇਦ ਅਤੇ ਕੇਂਦਰੀ ਏਜੰਸੀਆਂ ਖਾਸ ਕਰਕੇ ਈ.ਡੀ. ਦੇ ਛਾਪਿਆਂ ਨੇ ਰਵਾਇਤੀ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਕੰਬਣੀ ਛੇੜੀ ਹੋਈ ਹੈ, ਉਥੇ ਖੇਤੀ ਕਾਨੂੰਨਾਂ ਖਿਲਾਫ ਉਠੀ ਕਿਸਾਨੀ ਲਹਿਰ ਕਾਰਨ ਹੁਣ ਤੱਕ ਖੂੰਜੇ ਲੱਗੀ ਭਾਜਪਾ ਕੁਝ ਵੱਖਰੇ ਹੀ ਰੰਗ ਵਿਚ ਨਜ਼ਰ ਆ ਰਹੇ ਹਨ। ਦਲ-ਬਦਲੂਆਂ ਦਾ ਵੱਡਾ ਹਿੱਸਾ ਜਿਥੇ ਭਾਜਪਾ ਦੀ ਸ਼ਰਨ ਵਿਚ ਆ ਕੇ ਵਾਈ ਅਤੇ ਜੈਡ ਪਲੱਸ ਸੁਰੱਖਿਆ ਨਾਲ ਨਿਵਾਜਿਆ ਜਾ ਰਿਹਾ ਹੈ, ਉਥੇ ਭਗਵਾ ਧਿਰ ਦੇ ਜੋਟੀਦਾਰਾਂ (ਕੈਪਟਨ-ਢੀਂਡਸਾ) ਦੀ ਹਾਲਤ ਹਾਸੋਹੀਣੀ ਜਾਪ ਰਹੀ ਹੈ।

ਕੈਪਟਨ ਨੇ ਮੁੱਖ ਮੰਤਰੀ ਦੀ ਕੁਰਸੀ ਖੁੱਸਣ ਤੋਂ ਬਾਅਦ ਨਵੀਂ ਸਿਆਸੀ ਪਾਰਟੀ- ਪੰਜਾਬ ਲੋਕ ਕਾਂਗਰਸ, ਬਣਾ ਕੇ ਦਾਅਵਾ ਕੀਤਾ ਸੀ ਕਿ ਵੱਡੀ ਗਿਣਤੀ ਕਾਂਗਰਸੀ ਵਿਧਾਇਕ, ਮੰਤਰੀ ਤੇ ਸੀਨੀਅਰ ਆਗੂ ਉਨ੍ਹਾਂ ਨਾਲ ਰਲਣ ਲਈ ਤਿਆਰ ਬੈਠੇ ਹਨ, ਬੱਸ ਚੋਣ ਜ਼ਾਬਤੇ ਦਾ ਇੰਤਜ਼ਾਰ ਕਰੋ; ਹੁਣ ਚੋਣ ਜ਼ਾਬਤਾ ਵੀ ਲੱਗਾ ਹੋਇਆ ਹੈ ਤੇ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਵਿਚ ਪਾਰਟੀ ਵਿਚ ਵੱਡੇ ਪੱਧਰ ਉਤੇ ਬਗਾਵਤ ਵੀ ਹੋਈ ਪਈ ਹੈ ਪਰ ਇਹ ਬਾਗੀ ਕੈਪਟਨ ਧੜੇ ਵੱਲ ਮੂੰਹ ਕਰਨ ਦੀ ਥਾਂ ਭਗਵਾ ਧਿਰ ਨੂੰ ਪਹਿਲ ਦੇ ਰਹੇ ਹਨ।
ਸਿਆਸਤ ਦੇ ਜਾਣਕਾਰ ਦੱਸਦੇ ਹਨ ਕਿ ਕੈਪਟਨ ਨੇ ਸ਼ਾਇਦ ਇਸ ਹੋਣੀ ਦੀ ਭੋਰਾ ਉਮੀਦ ਨਹੀਂ ਕੀਤੀ ਸੀ ਕਿਉਂਕਿ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਸਮੇਂ ਕੁਝ ਵਿਧਾਇਕਾਂ ਤੇ ਮੰਤਰੀਆਂ ਸਣੇ ਵੱਡੀ ਗਿਣਤੀ ਆਗੂਆਂ ਨੇ ਉਸ (ਕੈਪਟਨ) ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ। ਕੈਪਟਨ ਦੇ ਕਾਂਗਰਸ ਤੋਂ ਵੱਖ ਹੋਣ ਪਿੱਛੋਂ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਲੋਕ ਆਪਣੇ ਸਾਬਕਾ ਆਗੂ ਦੇ ਹੱਕ ਵਿਚ ਜਾ ਖੜ੍ਹਨਗੇ।
ਕੈਪਟਨ ਨੇ ਵੀ ਸ਼ਾਇਦ ਇਸੇ ਉਮੀਦ ਵਿਚ ਪਾਰਟੀ ਬਣਾਈ ਸੀ ਪਰ ਹੋਇਆ ਇਸ ਦੇ ਉਲਟ ਅਤੇ ਇਸ ਹੋਣੀ ਦੀ ਸ਼ੁਰੂਆਤ ਕੈਪਟਨ ਵੱਲੋਂ ਭਾਜਪਾ ਨਾਲ ਰਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਨਾਲ ਹੋਈ। ਕੈਪਟਨ ਲਈ ਨਮੋਸ਼ੀ ਵਾਲੀ ਗੱਲ ਇਹ ਹੈ ਕਾਂਗਰਸੀ ਮੰਤਰੀ ਜਾਂ ਵਿਧਾਇਕ ਤਾਂ ਦੂਰ ਦੀ ਗੱਲ ਅਜੇ ਤੱਕ ਇਕ ਸੀਨੀਅਰ ਆਗੂ ਨੇ ਵੀ ਪੰਜਾਬ ਲੋਕ ਕਾਂਗਰਸ ਵੱਲ ਮੂੰਹ ਨਹੀਂ ਕੀਤਾ।
ਭਾਜਪਾ ਦੇ ਦੂਜੇ ਭਾਈਵਾਲ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਸੰਯੁਕਤ ਦੀ ਹਾਲਤ ਵੀ ਕੁਝ ਅਜਿਹੀ ਹੀ ਹੈ। ਅਕਾਲੀ ਦਲ ਬਾਦਲ ਨਾਲੋਂ ਟੁੱਟੇ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਕੁਝ ਸਮਾਂ ਪਹਿਲਾਂ ਛੋਟੇ-ਮੋਟੇ ਧੜਿਆਂ ਨਾਲ ਗੱਠਜੋੜ ਕਰਕੇ ਆਪਣੇ ਆਪ ਨੂੰ ਪੰਜਾਬ ਵਿਚ ਤੀਜੇ ਬਦਲ ਦੇ ਦਾਅਵੇ ਵਜੋਂ ਪੇਸ਼ ਕਰ ਰਹੇ ਸਨ ਪਰ ਢੀਂਡਸਾ ਦੇ ‘ਭਾਜਪਾ ਮੋਹ` ਨੇ ਸਾਰੀ ਖੇਡ ਹੀ ਉਲਟੀ ਪਾ ਦਿੱਤੀ। ਭਾਜਪਾ ਨਾਲ ਸਾਂਝ ਦਾ ਨਾਂ ਸੁਣਦੇ ਹੀ ਰਣਜੀਤ ਸਿੰਘ ਬ੍ਰਹਮਪੁਰਾ ਸਣੇ ਵੱਡੀ ਗਿਣਤੀ ਟਕਸਾਲੀ ਆਗੂ ਵਾਪਸ ਬਾਦਲਾਂ ਨਾਲ ਜਾ ਰਲੇ। ਇਸ ਪਿੱਛੋਂ ਅਕਾਲੀ ਦਲ ਸੰਯੁਕਤ ਨਾਲ ਸਾਂਝ ਪਾਉਣ ਵਾਲੀਆਂ ਖੱਬੇ ਪੱਖੀ ਧਿਰਾਂ ਨੇ ਵੀ ਕਿਨਾਰਾ ਕਰ ਲਿਆ। ਹੁਣ ਮਾਹੌਲ ਇਹ ਹੈ ਕਿ ਕਾਂਗਰਸ ਤੇ ਅਕਾਲੀ ਦਲ ਤੋਂ ਬਾਗੀ ਆਗੂ ਜੇਕਰ ਕੈਪਟਨ, ਢੀਂਡਸਾ ਜਾਂ ਭਾਜਪਾ ਵਿਚੋਂ ਇਕ ਨੂੰ ਚੁਣਨ ਬਾਰੇ ਸੋਚਦੇ ਹਨ ਤਾਂ ਉਹ ਭਗਵਾ ਧਿਰ ਨੂੰ ਪਹਿਲ ਦਿੰਦੇ ਹਨ।
ਅਸਲ ਵਿਚ, ਪੰਜਾਬ ਵਿਚ ਭਾਜਪਾ ਤੇ ਇਸ ਦੇ ਜੋਟੀਦਾਰਾਂ ਖਿਲਾਫ ਰੋਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਤੇ ਬਾਦਲਾਂ ਵੱਲੋਂ ਭਗਵਾ ਧਿਰ ਨਾਲੋਂ ਸਾਂਝ ਤੋੜਨ ਪਿੱਛੇ ਵੀ ਇਹੀ ਕਾਰਨ ਸੀ। ਹੁਣ ਹੋਰ ਕੋਈ ਚਾਰਾ ਨਾ ਵੇਖ ਭਾਜਪਾ ਨਾਲ ਜੁੜ ਰਹੇ ਆਗੂ, ਕੈਪਟਨ ਤੇ ਢੀਂਡਸਾ ਨਾਲ ਜਾਣ ਦੀ ਥਾਂ ਭਾਜਪਾ ਨਾਲ ਜੁੜ ਕੇ ਕੇਂਦਰੀ ਸਿਆਸਤ ਵਿਚ ਥਾਂ ਤੇ ਵੀ.ਵੀ.ਆਈ.ਪੀ. ਸਹੂਲਤ ਦੀ ਗੁੰਜਾਇਸ਼ ਵੇਖ ਰਹੇ ਹਨ।
ਸਿਆਸੀ ਮਾਹਰ ਇਸ਼ਾਰਾ ਕਰ ਰਹੇ ਹਨ ਕਿ ਭਾਜਪਾ ਨੂੰ ਪੰਜਾਬ ਵਿਚ ਆਪਣੀ ਹੋਣੀ ਤੇ ਲੋਕ ਰੋਹ ਬਾਰੇ ਕੋਈ ਭੁਲੇਖਾ ਨਹੀਂ ਹੈ ਪਰ ਉਹ ਸੂਬੇ ਵਿਚ ਕਥਿਤ ‘ਸਿਆਸੀ ਖ਼ਲਾਅ` ਦੀ ਤਾਕ ਵਿਚ ਹੈ। ਹੁਣ ਤੱਕ ਸੂਬੇ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਤਕੜੇ ਮੁਕਾਬਲੇ ਬਾਰੇ ਦਾਅਵੇ ਕੀਤੇ ਜਾ ਰਹੇ ਸਨ ਪਰ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਸਮਾਜ ਮੋਰਚਾ ਬਣਾ ਕੇ ਮੈਦਾਨ ਵਿਚ ਨਿੱਤਰਨ ਦੇ ਐਲਾਨ ਨੇ ਹਾਲਾਤ ਭੰਬਲਭੂਸੇ ਵਾਲੇ ਬਣਾ ਦਿੱਤੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਸੰਯੁਕਤ ਸਮਾਜ ਮੋਰਚਾ ਤੇ ਆਪ ਵਿਚ ਗੱਠਜੋੜ ਸਿਰੇ ਲੱਗਣ ਬਾਰੇ ਚਰਚਾ ਚੱਲੀ ਸੀ ਪਰ ਹੁਣ ਇਸ ਦਾ ਪੂਰੀ ਤਰ੍ਹਾਂ ਭੋਗ ਪੈ ਗਿਆ ਹੈ। ਸੰਯੁਕਤ ਸਮਾਜ ਮੋਰਚੇ ਨੇ ਆਪਣੇ ਆਪ ਨੂੰ ਸਿਆਸੀ ਪਾਰਟੀ ਵਜੋਂ ਰਜਿਸਟਰ ਕਰਵਾਉਣ ਲਈ ਅਰਜ਼ੀ ਲਾ ਦਿੱਤੀ ਹੈ। ਕਾਇਦੇ ਮੁਤਾਬਕ ਨਵੀਂ ਪਾਰਟੀ ਰਜਿਸਟਰ ਕਰਵਾਉਣ ਲਈ ਘੱਟੋ ਘੱਟ ਇਕ ਤੋਂ ਡੇਢ ਮਹੀਨੇ ਦੀ ਕਵਾਇਦ ਹੁੰਦੀ ਹੈ ਪਰ ਚੋਣ ਕਮਿਸ਼ਨ ਨੇ 14 ਜਨਵਰੀ ਨੂੰ ਇਕ ਸਰਕੁਲਰ ਜਾਰੀ ਕਰਕੇ ਸਿਆਸੀ ਪਾਰਟੀ ਰਜਿਸਟਰ ਕਰਨ ਲਈ ਇਤਰਾਜ਼ ਦੀ ਮਿਆਦ 30 ਦਿਨਾਂ ਤੋਂ ਘਟਾ ਕੇ 7 ਦਿਨ ਕਰ ਦਿੱਤੀ ਹੈ।
ਆਮ ਆਦਮੀ ਪਾਰਟੀ (ਆਪ) ਦਾ ਦੋਸ਼ ਹੈ ਕਿ ਚੋਣਾਂ ਦਾ ਐਲਾਨ ਹੋਣ ਮਗਰੋਂ ਕੋਈ ਵੀ ਨਵੀਂ ਪਾਰਟੀ ਸਿਆਸੀ ਪਾਰਟੀ ਵਜੋਂ ਰਜਿਸਟਰਡ ਨਹੀਂ ਹੁੰਦੀ। ਭਾਜਪਾ ਤੇ ਕੈਪਟਨ ਅਮਰਿੰਦਰ ਨੇ ਪੰਜਾਬ ਵਿਚ ‘ਆਪ` ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਸਮਰੱਥ ਰਹਿਣ `ਤੇ ਸਾਰੇ ਮਿਲ ਕੇ ਸਾਜ਼ਿਸ਼ ਰਚ ਰਹੇ ਹਨ। ਆਪ ਨੇ ਸਵਾਲ ਕੀਤਾ ਹੈ ਕਿ ਚੋਣ ਕਮਿਸ਼ਨ ਅਤੇ ਭਾਜਪਾ ਸਿਆਸੀ ਪਾਰਟੀ ਨੂੰ ਰਜਿਸਟਰ ਕਰਵਾ ਕੇ ਕਿਸ ਦੀ ਵੋਟ ਕੱਟਣਾ ਚਾਹੁੰਦੇ ਹਨ?
ਦਰਅਸਲ, ਬਾਦਲ ਧੜੇ ਨਾਲ ਸਿਆਸੀ ਸਾਂਝ ਟੁੱਟਣ ਪਿੱਛੋਂ ਭਾਜਪਾ ਪਹਿਲੀ ਵਾਰ ਪੰਜਾਬ ਵਿਚ ‘ਵੱਡੇ ਭਰਾ` ਵਜੋਂ ਸਿਆਸੀ ਰੋਲ ਨਿਭਾਉਣ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਚੋਣਾਂ ਲਈ ਕੋਰ ਗਰੁੱਪ ਦੀ ਮੀਟਿੰਗ ਦੇ ਬਾਅਦ ਸਾਫ ਕਰ ਦਿੱਤਾ ਹੈ ਕਿ ਪੰਜਾਬ `ਚ ਉਹ 60-65 ਸੀਟਾਂ `ਤੇ ਚੋਣ ਲੜੇਗੀ; ਭਾਵ ਉਹ ਆਪਣੇ ਭਾਈਵਾਲਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਅੱਧ ਤੋਂ ਵੀ ਘੱਟ ਸੀਟਾਂ ਦੇਵੇਗੀ। ਹਾਲੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਨਾਲ ਵੀ ਭਾਜਪਾ ਦੀ ਗੱਲ ਚੱਲ ਰਹੇ ਹੈ ਤੇ ਆਉਂਦੇ ਦਿਨਾਂ ਵਿਚ ਗੱਠਜੋੜ ਬਾਰੇ ਐਲਾਨ ਹੋ ਸਕਦਾ ਹੈ। ਜਿਸ ਪਿੱਛੋਂ ਕੈਪਟਨ ਤੇ ਢੀਂਡਸਾ ਧੜੇ ਨੂੰ ਮਿਲੀਆਂ ਸੀਟਾਂ ਵਿਚ ਇਕ ਹੋਰ ਹਿੱਸੇਦਾਰ ਆ ਖਲੋਏਗਾ।