ਜਦੋਂ ਗੁਰਬਚਨ ਸਿੰਘ ਰੰਧਾਵਾ ਦੀ ਗੁੱਡੀ ਚੜ੍ਹੀ

ਨਵਦੀਪ ਸਿੰਘ ਗਿੱਲ
ਫੋਨ: +91-97800-36216
ਗੁਰਬਚਨ ਸਿੰਘ ਰੰਧਾਵਾ ਭਾਰਤੀ ਅਥਲੈਟਿਕਸ ਦਾ ਬੜਾ ਦਮਦਾਰ ਅਥਲੀਟ ਹੋਇਆ ਹੈ। ਹਾਲ ਹੀ ਵਿਚ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਉਸ ਦੇ ਜੀਵਨ ਅਤੇ ਖੇਡਾਂ ਨੂੰ ਆਧਾਰ ਬਣਾ ਕੇ ਕਿਤਾਬ ਛਪਵਾਈ ਹੈ। ਇਸ ਕਿਤਾਬ ਦਾ ਨਾਂ ‘ਉਡਣਾ ਬਾਜ਼: ਓਲੰਪੀਅਨ ਗੁਰਬਚਨ ਸਿੰਘ ਰੰਧਾਵਾ’ ਰੱਖਿਆ ਹੈ ਜੋ ਪਿਛਲੇ ਦਿਨੀਂ ਚੰਡੀਗੜ੍ਹ ਵਿਚ ਰਿਲੀਜ਼ ਕੀਤੀ ਗਈ। ਦਿਲਚਸਪ ਕਿੱਸਿਆਂ ਨਾਲ ਭਰਪੂਰ ਇਸ ਕਿਤਾਬ ਵਿਚੋਂ ਇਹ ਲੇਖ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।

1960 ਦੀਆਂ ਰੋਮ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਤੋਂ ਬਾਅਦ ਗੁਰਬਚਨ ਸਿੰਘ ਰੰਧਾਵਾ ਦਾ ਹੌਸਲਾ ਸੱਤਵੇਂ ਅਸਮਾਨ ‘ਤੇ ਸੀ। ਓਲੰਪਿਕਸ ਦੇ ਤਜਰਬੇ ਨੇ ਉਸ ਨੂੰ ਵੱਡੇ ਈਵੈਂਟਾਂ ਵਿਚ ਹਿੱਸਾ ਲੈਣ ਲਈ ਤਿਆਰ ਕਰ ਦਿੱਤਾ ਸੀ। ਭਾਰਤ ਵਿਚ ਡਿਕੈਥਲਨ ਦੇ ਨਾਲ-ਨਾਲ 110 ਮੀਟਰ ਹਰਡਲਜ਼, ਜੈਵਲਿਨ ਥਰੋਅ ਤੇ ਉਚੀ ਛਾਲ ਵਿਚ ਉਸ ਦੇ ਮੁਕਾਬਲੇ ਦਾ ਕੋਈ ਅਥਲੀਟ ਨਹੀਂ ਸੀ। ਅਥਲੈਟਿਕਸ ਦੇ ਕੌਮੀ ਮੁਕਾਬਲੇ ਅਤੇ ਆਲ ਇੰਡੀਆ ਪੁਲਿਸ ਖੇਡਾਂ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ। ਉਸ ਦਾ ਅਗਲਾ ਨਿਸ਼ਾਨਾ ਹੁਣ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਸੀ। ਏਸ਼ਿਆਈ ਖੇਡਾਂ ਵਿਚ ਉਸ ਨੇ ਪਹਿਲੀ ਵਾਰ ਹਿੱਸਾ ਲੈਣਾ ਸੀ ਜਿਸ ਵਿਚ ਤਮਗੇ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਸੀ।
ਜਕਾਰਤਾ ਏਸ਼ਿਆਈ ਖੇਡਾਂ ਤੋਂ ਸਵਾ ਮਹੀਨਾ ਪਹਿਲਾ ਬੰਗਲੌਰ ਵਿਖੇ ਭਾਰਤੀ ਅਥਲੈਟਿਕਸਾ ਟੀਮ ਦੇ ਟਰਾਇਲ ਸਨ। ਗੁਰਬਚਨ ਸਿੰਘ ਰੰਧਾਵਾ ਚੰਗੇ ਖਿਡਾਰੀ ਵਾਂਗ ਇਨ੍ਹਾਂ ਟਰਾਇਲਾਂ ਵਿਚ ਪੂਰੀ ਗੰਭੀਰਤਾ ਤੇ ਇਕਾਗਰਤਾ ਨਾਲ ਹਿੱਸਾ ਲੈ ਰਿਹਾ ਸੀ। ਡਿਕੈਥਲਨ ਦਾ ਈਵੈਂਟ 16 ਤੇ 17 ਜੁਲਾਈ ਸੀ। ਸਾਉਣ ਦਾ ਮਹੀਨਾ ਹਾਲੇ ਚੜ੍ਹਿਆ ਹੀ ਸੀ ਕਿ ਗੁਰਬਚਨ ਵੀ ਟਰੈਕ ਤੇ ਫੀਲਡ ਵਿਚ ਸਾਉਣ ਦੇ ਛਰਾਟਿਆਂ ਵਾਂਗੂ ਵਰ੍ਹਿਆਂ। ਦੋ ਦਿਨਾਂ ਵਿਚ ਉਸ ਨੇ ਚਾਰ ਨਵੇਂ ਕੌਮੀ ਰਿਕਾਰਡ ਬਣਾ ਕੇ ਖੇਡ ਹਲਕਿਆਂ ਵਿਚ ਤਰਥੱਲੀ ਮਚਾ ਦਿੱਤੀ। ਗੁਰਬਚਨ ਦੀ ਇਹ ਪ੍ਰਾਪਤੀ ਅਸਾਧਾਰਨ ਸੀ ਜਿਹੜੀ ਸ਼ਾਇਦ ਹੀ ਵਿਸ਼ਵ ਦੇ ਕਿਸੇ ਅਥਲੀਟ ਨੇ ਹਾਸਲ ਕੀਤੀ ਹੋਵੇ ਕਿਉਂਕਿ ਇਹ ਰਿਕਾਰਡ ਅਥਲੈਟਿਕਸ ਦੀਆਂ ਤਿੰਨੋਂ ਵੰਨਗੀਆਂ- ਦੌੜਾਂ, ਥਰੋਆਂ ਤੇ ਛਾਲਾਂ ਵਿਚ ਬਣਾਏ ਗਏ ਸਨ। ਤਿੰਨੇ ਤਰ੍ਹਾਂ ਦੀਆਂ ਵੰਨਗੀਆਂ ਵਿਚ ਇਕ ਅਥਲੀਟ ਦਾ ਇੰਨਾ ਪ੍ਰਪੱਕ ਹੋਣਾ ਸੁਖਾਲੀ ਗੱਲ ਨਹੀਂ।
ਗੁਰਬਚਨ ਸਿੰਘ ਰੰਧਾਵਾ ਨੇ ਪਹਿਲਾ ਰਿਕਾਰਡ ਦੌੜਾਂ ਵਿਚ 110 ਮੀਟਰ ਹਰਡਲਜ਼ ਈਵੈਂਟ ਵਿਚ ਬਣਾਇਆ ਜਿੱਥੇ ਉਸ ਦਾ ਸਮਾਂ 14.3 ਸਕਿੰਟ ਸੀ। ਦੂਜਾ ਰਿਕਾਰਡ ਥਰੋਆਂ ਵਿਚ ਜੈਵਲਿਨ ਸੁੱਟਣ ਵਿਚ ਬਣਾਇਆ। ਉਸ ਨੇ 210 ਫੁੱਟ ਸਾਢੇ ਤਿੰਨ ਇੰਚ ਜੈਵਲਿਨ ਸੁੱਟੀ। ਤੀਜਾ ਰਿਕਾਰਡ ਛਾਲਾਂ ਵਿਚੋਂ ਉਚੀ ਛਾਲ ਵਿਚ ਪੂਰੇ ਸਾਢੇ ਛੇ ਫੁੱਟ ਦੀ ਛਾਲ ਲਗਾ ਕੇ ਬਣਾਇਆ। ਚੌਥਾ ਰਿਕਾਰਡ ਡਿਕੈਥਲਨ ਵਿਚ 6912 ਅੰਕਾਂ ਨਾਲ ਬਣਾਇਆ ਸੀ। ਜਕਾਰਤਾ ਏਸ਼ਿਆਈ ਖੇਡਾਂ ਲਈ ਉਸ ਨੇ ਨਾ ਸਿਰਫ ਡਿਕੈਥਲਨ ਬਲਕਿ 110 ਮੀਟਰ ਹਰਡਲਜ਼ ਤੇ ਜੈਵਲਿਨ ਥਰੋਅ ਵਿਚ ਵੀ ਕੁਆਲੀਫਾਈ ਹੋ ਕੇ ਤੀਹਰੀ ਟਿਕਟ ਕਟਾਈ। ਉਹ ਇਕੱਲਾ ਅਥਲੀਟ ਸੀ ਜਿਹੜਾ ਤਿੰਨ ਈਵੈਂਟਸ ਲਈ ਕੁਆਲੀਫਾਈ ਹੋਇਆ।
ਬੰਗਲੌਰ ਵਿਚ ਬਣਾਏ ਇਨ੍ਹਾਂ ਰਿਕਾਰਡਾਂ ਦੀ ਤਫਸੀਲ ਵਿਚ ਜਾਣਕਾਰੀ ਦਿੰਦਾ ਹੋਇਆ ਉਹ ਦੱਸਦਾ ਹੈ ਕਿ ਪਹਿਲੇ ਦਿਨ ਲੰਬੀ ਛਾਲ ਵਿਚ ਉਸ ਨੇ ਦੂਜੀ ਕੋਸ਼ਿਸ਼ ਦੌਰਾਨ 6.85 ਮੀਟਰ ਛਾਲ ਲਗਾਈ। ਇੰਨੀ ਛਾਲ ਤੋਂ ਉਹ ਸੰਤੁਸ਼ਟ ਨਹੀਂ ਸੀ। ਸ਼ਾਟਪੁੱਟ ਈਵੈਂਟ ਵਿਚ ਉਸ ਨੇ 11.64 ਮੀਟਰ ਗੋਲਾ ਸੁੱਟਿਆ ਜਿਸ ਨੂੰ ਉਹ ਬਹੁਤ ਮਾੜੀ ਥਰੋਅ ਮੰਨਦਾ ਸੀ। ਉਚੀ ਛਾਲ 1.93 ਮੀਟਰ ਲਗਾਈ ਜੋ ਉਸ ਦੀ ਆਪਣੀ ਬੈਸਟ ਛਾਲ ਤੋਂ 9 ਸੈਂਟੀਮੀਟਰ ਘੱਟ ਸੀ। ਪਹਿਲੇ ਦਿਨ ਦੀ ਸਮਾਪਤੀ ਉਤੇ ਇਕ ਵਾਰ ਤਾਂ ਉਸ ਨੂੰ ਆਪਣੇ ਪ੍ਰਦਰਸ਼ਨ `ਤੇ ਤਸੱਲੀ ਨਹੀਂ ਸੀ। ਉਹ ਏਸ਼ਿਆਈ ਖੇਡਾਂ ਲਈ ਤਿਆਰੀ ਨੂੰ ਨਾਕਾਫੀ ਸਮਝ ਰਿਹਾ ਸੀ ਪਰ 3920 ਅੰਕਾਂ ਨਾਲ ਥੋੜ੍ਹਾ ਹੌਸਲਾ ਜ਼ਰੂਰ ਸੀ।
ਦੂਜੇ ਦਿਨ ਗੁਰਬਚਨ ਸਿੰਘ ਰੰਧਾਵਾ ਨੇ ਪੋਲ ਵਾਲਟ ਵਿਚ 3.40 ਮੀਟਰ ਦੀ ਛਾਲ ਲਗਾਈ। ਜੈਵਲਿਨ ਥਰੋਅ ਉਸ ਨੇ ਪੂਰੇ ਜ਼ੋਰ ਨਾਲ ਸੁੱਟੀ ਅਤੇ 64.09 ਮੀਟਰ ਦੀ ਥਰੋਅ ਨਾਲ ਨਵਾਂ ਕੌਮੀ ਰਿਕਾਰਡ ਬਣਾਇਆ। ਉਸ ਦਿਨ ਗੁਰਬਚਨ ਸਿੰਘ ਰੰਧਾਵਾ ਵੱਲੋਂ ਸੁੱਟੀਆਂ ਤਿੰਨੇ ਥਰੋਆਂ ਕੌਮੀ ਰਿਕਾਰਡ ਨਾਲੋਂ ਬਿਹਤਰ ਸਨ। ਦੂਜੇ ਦਿਨ 2992 ਅੰਕ ਬਟੋਰ ਕੇ ਉਸ ਨੇ ਆਪਣੇ ਕੁੱਲ ਅੰਕਾਂ ਦੀ ਗਿਣਤੀ 6912 ਕੀਤੀ ਜੋ ਨਵਾਂ ਕੌਮੀ ਰਿਕਾਰਡ ਸੀ। ਇਸ ਤਰ੍ਹਾਂ ਨਵੇਂ ਨੈਸ਼ਨਲ ਰਿਕਾਰਡ ਨਾਲ ਉਸ ਨੂੰ ਆਪਣੇ ਪ੍ਰਦਰਸ਼ਨ ‘ਤੇ ਤਸੱਲੀ ਹੋਈ ਅਤੇ ਰਹਿੰਦਾ ਸਵਾ ਮਹੀਨਾ ਸਾਰਾ ਧਿਆਨ ਏਸ਼ਿਆਈ ਖੇਡਾਂ ਉਤੇ ਕੇਂਦਰਿਤ ਕੀਤਾ।
ਰੋਮ ਓਲੰਪਿਕਸ ਦਾ ਬੇਬੀ ਓਲੰਪੀਅਨ
1960 ਦੀਆਂ ਰੋਮ ਓਲੰਪਿਕਸ ਲਈ ਚੁਣੀ ਗਈ ਭਾਰਤੀ ਅਥਲੈਟਿਕ ਟੀਮ ਵਿਚ ਗੁਰਬਚਨ ਸਿੰਘ ਰੰਧਾਵਾ ਸਭ ਤੋਂ ਛੋਟੀ ਉਮਰ ਦਾ ਅਥਲੀਟ ਸੀ। ਉਸ ਨੂੰ ‘ਬੇਬੀ ਆਫ ਇੰਡੀਅਨ ਕਾਂਟਿਨਜੈਂਟ’ ਦਾ ਨਾਂ ਦਿੱਤਾ ਗਿਆ। ਓਲੰਪੀਅਨ ਬਣਨਾ ਹਰ ਖਿਡਾਰੀ ਦਾ ਸੁਫਨਾ ਹੁੰਦਾ ਹੈ। ਛੋਟੀ ਉਮਰੇ ਖੇਡ ਮੈਦਾਨ ਵਿਚ ਪੈਰ ਪਾਉਂਦਿਆਂ ਇਹ ਸੁਫਨੇ ਹਰ ਖਿਡਾਰੀ ਪਾਲਦਾ ਹੈ ਪਰ ਇਸ ਨੂੰ ਪੂਰਾ ਕਰਨਾ ਹਰ ਇਕ ਦੇ ਵੱਸ ਦਾ ਰੋਗ ਨਹੀਂ ਹੁੰਦਾ। ਓਲੰਪਿਕ ਪਿੰਡ (ਓਲੰਪਿਕਸ ਵਾਲੇ ਸ਼ਹਿਰ ਵਿਚ ਖਿਡਾਰੀਆਂ ਦਾ ਰੈਣ-ਬਸੇਰਾ) ਵਿਚ ਪਹੁੰਚ ਕੇ ਹਰ ਖਿਡਾਰੀ ਵੱਖਰਾ ਆਨੰਦ ਮਹਿਸੂਸ ਕਰਦਾ ਹੈ।
ਇਟਲੀ ਦੀ ਰਾਜਧਾਨੀ ਰੋਮ ਵਿਖੇ 17ਵੀਆਂ ਓਲੰਪਿਕ ਖੇਡਾਂ 25 ਅਗਸਤ ਤੋਂ 11 ਸਤੰਬਰ, 1960 ਦਰਮਿਆਨ ਹੋਈਆਂ ਸਨ ਜਿਨ੍ਹਾਂ ਵਿਚ 83 ਮੁਲਕਾਂ ਦੇ 5338 ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਚੋਂ 4727 ਪੁਰਸ਼ ਅਤੇ 611 ਮਹਿਲਾਵਾਂ ਸਨ। ਚਾਰ ਵਰ੍ਹਿਆਂ ਬਾਅਦ ਆਉਣ ਵਾਲੇ ਖੇਡਾਂ ਦੇ ਇਸ ਮਹਾਂਕੁੰਭ ਵਿਚ ਕੁੱਲ ਦੁਨੀਆ ਦੀ ਵਸੋਂ ਵਿਚੋਂ ਮੁੱਠੀ ਭਰ ਖਿਡਾਰੀਆਂ ਵਿਚੋਂ ਗੁਰਬਚਨ ਸਿੰਘ ਰੰਧਾਵਾ ਖੁਸ਼ਕਿਸਮਤ ਖਿਡਾਰੀ ਸੀ। ਉਸ ਦੀ ਉਮਰ ਹਾਲੇ 21 ਸਾਲ ਦੀ ਸੀ। ਓਲੰਪਿਕ ਖੇਡਾਂ ਕਿਸੇ ਵੀ ਖਿਡਾਰੀ ਦਾ ਆਖਰੀ ਅਤੇ ਸਿਖਰਲਾ ਨਿਸ਼ਾਨਾ ਹੁੰਦਾ ਹੈ।
ਭਾਰਤ ਵਿਚ ਇਸ ਨਿਸ਼ਾਨੇ ‘ਤੇ ਪੁੱਜਣ ਤੋਂ ਪਹਿਲਾਂ ਖਿਡਾਰੀ ਲਈ ਕੌਮਾਂਤਰੀ ਪੱਧਰ ‘ਤੇ ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਜਿਹੇ ਟੂਰਨਾਮੈਂਟ ਪੜਾਅ ਹੁੰਦੇ ਹਨ ਪਰ ਗੁਰਬਚਨ ਸਿੰਘ ਰੰਧਵਾ ਦੇ ਕੇਸ ਵਿਚ ਇਹ ਕਹਾਣੀ ਵੱਖਰੀ ਸੀ। ਨੈਸ਼ਨਲ ਚੈਂਪੀਅਨ ਬਣਨ ਦੇ ਪਹਿਲੇ ਹੀ ਸਾਲ ਉਸ ਨੇ ਓਲੰਪਿਕ ਖੇਡਾਂ ਵਿਚ ਹਾਜ਼ਰੀ ਲਗਾ ਲਈ। ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿਚ ਉਸ ਨੇ ਬਾਅਦ ਵਿਚ ਹਿੱਸਾ ਲਿਆ। ਇੰਝ ਕਹਿ ਲਵੋ ਕਿ ਦਸਵੀਂ ਪਾਸ ਕਰਨ ਤੋਂ ਬਾਅਦ ਉਸ ਨੇ ਸਿੱਧਾ ਹੀ ਪੀਐਚ.ਡੀ. ਕਰ ਲਈ; ਗਰੈਜੂਏਸ਼ਨ, ਪੋਸਟ-ਗਰੈਜੂਏਸ਼ਨ ਬਾਅਦ ਵਿਚ ਕੀਤੀ।
ਰੋਮ ਵਿਖੇ ਭਾਰਤੀ ਖੇਡ ਦਲ ਦੀ ਅਥਲੈਟਿਕਸ ਟੀਮ ਵਿਚ ਮਿਲਖਾ ਸਿਘ ਨੇ 400 ਮੀਟਰ ਦੌੜ ਵਿਚ ਪੁਰਾਣੇ ਓਲੰਪਿਕ ਰਿਕਾਰਡ ਨਾਲੋਂ ਬਿਹਰਤ ਸਮਾਂ ਕੱਢਦਿਆਂ ਚੌਥਾ ਸਥਾਨ ਹਾਸਲ ਕੀਤਾ ਜੋ ਬਹੁਤ ਵੱਡੀ ਪ੍ਰਾਪਤੀ ਸੀ। ਓਲੰਪਿਕ ਫਾਈਨਲ ਦੌੜਨ ਅਤੇ ਚੌਥਾ ਸਥਾਨ ਹਾਸਲ ਕਰਨ ਵਾਲਾ ਮਿਲਖਾ ਸਿੰਘ ਪਹਿਲਾ ਭਾਰਤੀ ਅਥਲੀਟ ਬਣਿਆ। ਮਿਲਖਾ ਸਿੰਘ ਦੀ ਉਹ ਦੌੜ ਅੱਜ ਵੀ ਭਾਰਤੀ ਖੇਡ ਇਤਿਹਾਸ, ਖਾਸ ਕਰਕੇ ਅਥਲੈਕਟਿਕਸ ਦੇ ਚੋਣਵੇਂ ਈਵੈਂਟਾਂ ਵਿਚੋਂ ਇਕ ਹੈ। ਇਸ ਦੌੜ ਬਾਰੇ ਕਈ ਦੰਦ-ਕਥਾਵਾਂ ਵੀ ਪ੍ਰਚੱਲਿਤ ਹਨ। ਗੁਰਬਚਨ ਸਿੰਘ ਰੰਧਾਵਾ ਨੇ ਇਹ ਇਤਿਹਾਸਕ ਦੌੜ ਓਲੰਪਿਕ ਸਟੇਡੀਅਮ ਵਿਚ ਬੈਠ ਕੇ ਦੇਖੀ ਸੀ। ਮਿਲਖਾ ਸਿੰਘ ਦੀ ਦੌੜ ਦਾ ਇਕ-ਇਕ ਪਲ ਅੱਜ ਵੀ ਉਸ ਦੇ ਚੇਤਿਆਂ ਵਿਚ ਵਸਿਆ ਹੋਇਆ ਹੈ ਅਤੇ ਉਹ ਅਕਸਰ ਸੋਚਦਾ ਹੈ ਕਿ ਜੇਕਰ ਉਸ ਦਿਨ ਮਿਲਖਾ ਸਿੰਘ ਤਮਗਾ ਜਿੱਤ ਜਾਂਦਾ ਤਾਂ ਭਾਰਤੀ ਅਥਲੈਟਿਕਸ ਨੇ ਬਹੁਤ ਵੱਡੀ ਕਰਵਟ ਲੈਣੀ ਸੀ। ਇਸ ਦੌੜ ਦੇ ਅੱਖੀਂ ਡਿੱਠੇ ਗਵਾਹ ਗੁਰਬਚਨ ਸਿੰਘ ਰੰਧਾਵਾ ਨੇ ਇਸ ਦੌੜ ਦੀ ਅਸਲ ਕਹਾਣੀ ਵੀ ਦੱਸੀ ਜਿਸ ਨੇ ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਨੂੰ ਵਿਰਾਮ ਲਗਾਇਆ। ਇਸ ਦਾ ਜ਼ਿਕਰ ਅਗਾਂਹ ਜਾ ਕੇ ਕਰਾਂਗੇ।
ਅਥਲੈਟਿਕਸ ਟੀਮ ਵਿਚ ਬੀ.ਵੀ. ਸੱਤਿਆਨਰਾਇਣ ਅਤੇ ਵਿਰਸਾ ਸਿੰਘ ਨੇ ਲੰਬੀ ਛਾਲ ਤੇ ਉਚੀ ਛਾਲ, ਰਣਜੀਤ ਭਾਟੀਆ ਨੇ ਮੈਰਾਥਨ ਤੇ 5000 ਮੀਟਰ ਦੌੜ, ਲਾਲ ਚੰਦ ਤੇ ਜਗਮਾਲ ਸਿੰਘ ਨੇ ਮੈਰਾਥਨ ਅਤੇ ਜਗਮੋਹਨ ਸਿੰਘ ਨੇ 110 ਮੀਟਰ ਹਰਡਲਜ਼ ਦੌੜ ਵਿਚ ਹਿੱਸਾ ਲਿਆ। ਜ਼ੋਰਾ ਸਿੰਘ ਤੇ ਅਜੀਤ ਸਿੰਘ ਪੈਦਲ ਤੇ ਟੀ.ਆਰ. ਜੋਸ਼ੀ ਨੇ 100 ਮੀਟਰ ਵਿਚ ਹਿੱਸਾ ਲਿਆ। ਰੋਮ ਵਿਚ ਅਥਲੀਟਸ ਵਿਲੇਜ਼ ਵਿਖੇ ਗੁਰਬਚਨ ਸਿੰਘ ਰੰਧਾਵਾ ਜਗਮੋਹਨ ਨਾਲ ਹੀ ਚਿਪਕਿਆ ਰਹਿੰਦਾ। ਉਸ ਨੂੰ ਡਰ ਸੀ ਕਿ ਕਿਧਰੇ ਉਹ ਖੇਡਾਂ ਦੇ ਮਹਾਂਕੁੰਭ ਵਿਚ ਗੁੰਮ ਹੀ ਨਾ ਹੋ ਜਾਵੇ। ਓਲੰਪਿਕਸ ਦੌਰਾਨ ਟੀਮ ਦੇ ਕੋਚ ਵਿਨਸੈਂਟ ਰੀਲ ਨੇ ਗੁਰਬਚਨ ਨੂੰ 1936 ਦੀਆਂ ਬਰਲਿਨ ਖੇਡਾਂ ਦੇ ਹੀਰੋ ਮਹਾਨ ਅਥਲੀਟ ਜੈਸੀ ਓਵਨਸ, ਡਿਕੈਥਲਨ ਦੇ ਸਟਾਰ ਰਾਫੇਰ ਜੌਹਨਸਨ ਤੇ ਉਚੀ ਛਾਲ ਦੇ ਵਿਸ਼ਵ ਰਿਕਾਰਡ ਹੋਲਡਰ ਜੌਹਨ ਥੌਮਸ ਨਾਲ ਮਿਲਾਇਆ। ਵੱਡੇ ਅਥਲੀਟਾਂ ਨੂੰ ਮਿਲ ਕੇ ਉਸ ਨੂੰ ਬਹੁਤ ਖੁਸ਼ ਹੋਈ। ਟਰੇਨਿੰਗ ਲਈ ਭਾਰਤੀਆਂ ਨੂੰ ਵੱਖਰਾ ਪ੍ਰੈਕਟਿਸ ਸਥਾਨ ਮਿਲਿਆ ਸੀ ਜਦੋਂਕਿ ਅਮਰੀਕੀ ਅਥਲੀਟਾਂ ਨੂੰ ਵੱਖਰਾ। ਗੁਰਬਚਨ ਦੇ ਦਿਲ ਵਿਚ ਹਮੇਸ਼ਾ ਅਮਰੀਕੀ ਅਥਲੀਟਾਂ ਨੂੰ ਪ੍ਰੈਕਟਿਸ ਕਰਦਿਆਂ ਦੇਖਣ ਦੀ ਤਾਂਘ ਹੁੰਦੀ ਸੀ। ਉਹ ਅਤੇ ਜਗਮੋਹਨ ਅਮਰੀਕੀਆਂ ਨੂੰ ਟਰੇਨਿੰਗ ਕਰਦਿਆਂ ਦੇਖਣ ਉਚੇਚੇ ਤੌਰ ਉਤੇ ਉਨ੍ਹਾਂ ਦੇ ਪ੍ਰੈਕਟਿਸ ਸਥਾਨ ਜਾਂਦੇ।
ਗੁਰਬਚਨ ਅਤੇ ਰਾਫੇਰ ਜੌਹਨਸਨ ਡਿਕੈਥਲਨ ਦੀ 100 ਈਵੈਂਟ ਦੀ ਇਕੋ ਹੀਟ ਵਿਚ ਦੌੜੇ ਸਨ। ਗੁਰਬਚਨ ਦੇ ਅੱਜ ਵੀ ਚੇਤੇ ਹੈ ਕਿ ਉਨ੍ਹਾਂ ਦੋਵਾਂ ਦੀ ਤਸਵੀਰ ‘ਦਿ ਟ੍ਰਿਬਿਊਨ` ਅਖਬਾਰ ਵਿਚ ਛਪੀ ਸੀ। ਇਹ ਤਸਵੀਰ ਮੈਂ ‘ਦਿ ਟ੍ਰਿਬਿਊਨ` ਲਾਇਬ੍ਰੇਰੀ ਚੰਡੀਗੜ੍ਹ ਵਿਚੋਂ ਲੈ ਕੇ ਆਇਆ ਜਿਸ ਵਿਚ 174 ਨੰਬਰ ਚੈਸਟ ਨੰਬਰ ਵਾਲਾ ਗੱਭਰੂ ਗੁਰਬਚਨ ਸਿੰਘ ਜੂੜੇ ‘ਤੇ ਚਿੱਟਾ ਰੁਮਾਲ ਬੰਨ੍ਹੀਂ ਜੌਹਨਸਨ ਦੇ ਸੱਜੇ ਪਾਸੇ ਦੌੜ ਪੂਰੀ ਕਰ ਰਿਹਾ ਹੈ। ਇਹੋ ਜੌਹਨਸ਼ਨ ਸੀ ਜਿਸ ਨੇ ਅੱਗੇ ਜਾ ਕੇ 8392 ਅੰਕਾਂ ਦੇ ਨਵੇਂ ਓਲੰਪਿਕ ਰਿਕਾਰਡ ਨਾਲ ਡਿਕੈਥਲਨ ਵਿਚ ਸੋਨ ਤਮਗਾ ਜਿੱਤਿਆ। ਡਿਕੈਥਲਨ ਦੇ ਉਚੀ ਛਾਲ ਈਵੈਂਟ ਵਿਚ ਗੁਰਬਚਨ ਨੇ 30 ਅਥਲੀਟਾਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਆਪਣੀ ਪਹਿਲੀ ਓਲੰਪਿਕਸ ਦੀ ਇਹ ਉਸ ਦੀ ਸਭ ਤੋਂ ਸੁਖਦ ਅਤੇ ਸੁਖਾਵੀਂ ਯਾਦ ਸੀ। ਉਸ ਨੇ 1.90 ਮੀਟਰ ਛਾਲ ਲਗਾ ਕੇ 90 ਅੰਕ ਹਾਸਲ ਕੀਤੇ।
110 ਮੀਟਰ ਹਰਡਲਜ਼ ਦੀ ਜ਼ਿਆਦਾ ਤਿਆਰੀ ਨਾ ਹੋਣ ਕਰਕੇ ਉਹ ਡਿਕੈਥਲਨ ਦੇ ਇਸ ਛੇਵੇਂ ਈਵੈਂਟ ਵਿਚ ਚੰਗਾ ਨਾ ਕਰ ਸਕਿਆ ਜਿਸ ਤੋਂ ਬਾਅਦ ਉਸ ਨੂੰ ਡਿਕੈਥਲਨ ਅੱਧ ਵਿਚਕਾਰ ਛੱਡਣੀ ਪਈ। ਉਦੋਂ ਤੱਕ ਉਸ ਨੇ ਛੇ ਈਵੈਂਟਾਂ (100 ਮੀਟਰ, ਲੰਬੀ ਛਾਲ, ਸ਼ਾਟਪੁੱਟ, ਉਚੀ ਛਾਲ, 400 ਮੀਟਰ ਤੇ 110 ਮੀਟਰ ਹਰਡਲਜ਼ ਦੌੜ) ਵਿਚ ਹਿੱਸਾ ਲੈ ਕੇ 4106 ਅੰਕ ਬਟੋਰੇ ਸਨ ਅਤੇ ਉਹ 27 ਅਥਲੀਟਾਂ ਵਿਚੋਂ 18ਵੇਂ ਨੰਬਰ `ਤੇ ਚੱਲ ਰਿਹਾ ਸੀ। ਰੋਮ ਓਲੰਪਿਕਸ ਉਸ ਲਈ ਵੱਡੇ ਮੁਕਾਬਲਿਆਂ ਦੇ ਲਿਹਾਜ਼ ਨਾਲ ਤਜਰਬੇ ਲਈ ਵਧੀਆ ਮੰਗ ਜ਼ਰੂਰ ਹੋ ਨਿਬੜਿਆ ਜਿੱਥੇ ਉਸ ਨੂੰ ਦੁਨੀਆ ਦੇ ਵੱਡੇ ਖਿਡਾਰੀਆਂ ਦੀ ਸੰਗਤ ਮਾਨਣ ਅਤੇ ਉਨ੍ਹਾਂ ਨੂੰ ਨੇੜਿਓ ਤੱਕਣ ਦਾ ਮੌਕਾ ਮਿਲਿਆ। ਓਲੰਪਿਕ ਖੇਡਾਂ ਵਿਚ ਪਹਿਲੀ ਵਾਰ ਉਸ ਨੇ ਵੱਡੇ ਕੌਮਾਂਤਰੀ ਖੇਡ ਮੁਕਾਬਲੇ ਦਾ ਹਿੱਸਾ ਲੈਣ ਦਾ ਤਜਰਬਾ ਹਾਸਲ ਕੀਤਾ ਜੋ ਅੱਗੇ ਜਾ ਕੇ ਉਸ ਦੀਆਂ ਖੇਡ ਪ੍ਰਾਪਤੀਆਂ ਲਈ ਬਹੁਤ ਕੰਮ ਆਇਆ।
ਭਾਰਤੀ ਖੇਡ ਦਲ ਵਿਚ ਅਥਲੀਟਾਂ ਤੋਂ ਇਲਾਵਾ ਹਾਕੀ ਤੇ ਫੁਟਬਾਲ ਦੀ ਟੀਮ ਅਤੇ ਵਿਅਕਤੀਗਤ ਖੇਡਾਂ ਵਿਚ ਨਿਸ਼ਾਨੇਬਾਜ਼ ਤੇ ਪਹਿਲਵਾਨ ਵੀ ਸਨ। ਹਾਕੀ ਵਿਚ ਭਾਰਤੀ ਟੀਮ ਲਗਾਤਾਰ ਛੇ ਸੋਨ ਤਮਗੇ ਜਿੱਤਣ ਤੋਂ ਬਾਅਦ ਰੋਮ ਵਿਖੇ ਖੇਡਣ ਆਈ ਸੀ ਪਰ ਇਥੇ ਭਾਰਤ ਦੀ ਸੋਨ ਤਮਗਾ ਮੁਹਿੰਮ ਨੂੰ ਫਾਈਨਲ ਵਿਚ ਪਾਕਿਸਤਾਨ ਨੇ ਬਰੇਕਾਂ ਲਗਾਈਆਂ। ਭਾਰਤੀ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ ਜੋ ਰੋਮ ਵਿਖੇ ਭਾਰਤੀ ਖੇਡ ਦਲ ਵੱਲੋਂ ਜਿੱਤਿਆ ਇਕਲੌਤਾ ਤਮਗਾ ਸੀ।
ਫੁਟਬਾਲ ਵਿਚ ਭਾਰਤੀ ਟੀਮ 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਖੇਡਣ ਤੋਂ ਬਾਅਦ ਰੋਮ ਵਿਖੇ ਪਹਿਲੇ ਦੌਰ ਵਿਚੋਂ ਬਾਹਰ ਹੋ ਗਈ। ਭਾਰਤ ਨੇ ਇਕ ਡਰਾਅ ਮੈਚ ਖੇਡਿਆ ਜੋ ਫਰਾਂਸ ਨਾਲ ਸੀ। ਮੈਚ ਦਾ ਸਕੋਰ 1-1 ਰਿਹਾ ਸੀ।