ਆਦਿੱਤਿਆਨਾਥ ਯੋਗੀ ਦਾ ਦਹਿਸ਼ਤੀ ਰਾਜ

ਧੀਰੇਂਦਰ ਕੇ. ਝਾਅ
ਅਨੁਵਾਦ : ਬੂਟਾ ਸਿੰਘ
ਯੋਗੀ ਆਦਿੱਤਿਆਨਾਥ ਨੇ ਪਿਛਲੇ ਪੰਜ ਸਾਲ ਤੋਂ, ਜਦੋਂ ਤੋਂ ਉਹ ਉਤਰ ਪ੍ਰਦੇਸ਼ ਦਾ ਮੁੱਖ ਬਣਿਆ, ਨੇ ਸੂਬੇ ਵਿਚ ਫਿਰਕੂ ਹਨੇਰੀ ਲਿਆਂਦੀ ਹੋਈ ਹੈ। ਉਘੇ ਪੱਤਰਕਾਰ ਧੀਰੇਂਦਰ ਕੇ. ਝਾਅ ਦੀ ਇਹ ਖਾਸ ਰਿਪੋਰਟ ਆਦਿੱਤਿਆਨਾਥ ਦੇ ਇਕ ਸਾਧਾਰਨ ਨੌਜਵਾਨ ਤੋਂ ਗੋਰਖਨਾਥ ਮੱਠ ਦਾ ਮਹੰਤ ਬਣਨ ਅਤੇ ਫਿਰ ਭਾਰਤ ਦੀ ਚੋਣ ਸਿਆਸਤ ਵਿਚ ਸਭ ਤੋਂ ਅਹਿਮ ਸਥਾਨ ਰੱਖਦੇ ਸੂਬੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣ ਕੇ ਹਿੰਦੂਤਵ ਦਾ ਮੁੱਖ ਚਿਹਰਾ ਬਣ ਕੇ ਉਭਰਨ ਦੇ ਸਿਆਸੀ ਸਫਰ ਉਪਰ ਝਾਤ ਪੁਆਉਂਦੀ ਹੈ। ਝਾਅ ਮਸ਼ਹੂਰ ਕਿਤਾਬ ‘ਸ਼ੈਡੋ ਆਰਮੀਜ਼: ਫਰਿੰਜ ਆਰਗੇਨਾਈਜੇਸਨ ਐਂਡ ਫੁੱਟ ਸੋਲਜਰਜ਼ ਆਫ ਹਿੰਦੂਤਵ’ ਦਾ ਲੇਖਕ ਅਤੇ ‘ਅਯੁੱਧਿਆ: ਦਿ ਡਾਰਕ ਨਾਈਟ’ ਦਾ ਸਹਿ-ਲੇਖਕ ਹੈ। ਉਹਦੀ ਤਾਜ਼ਾ ਕਿਤਾਬ ‘ਅਸੈਟਿਕ ਗੇਮਜ਼: ਸਾਧੂ, ਅਖਾੜਾਜ਼ ਐਂਡ ਦਿ ਮੇਕਿੰਗ ਆਫ ਹਿੰਦੂ ਵੋਟ’ ਹੈ। ‘ਕਾਰਵਾਂ’ ਮੈਗਜ਼ੀਨ ਦੇ ਨਵੇਂ ਅੰਕ ਵਿਚ ਛਪੀ ਇਸ ਮਹੱਤਵਪੂਰਨ ਰਿਪੋਰਟ ਦੇ ਲੜੀਵਾਰ ਅਨੁਵਾਦ ਦੀ ਪਹਿਲੀ ਕਿਸ਼ਤ ਪੇਸ਼ ਹੈ। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

ਪੱਤਰਕਾਰ ਤੇ ਸਮਾਜਿਕ ਕਾਰਕੁਨ ਪਰਵੇਜ਼ ਪਰਵਾਜ਼ ਗੋਰਖਪੁਰ ਰੇਲਵੇ ਸਟੇਸ਼ਨ ਤੋਂ ਲੰਘ ਰਿਹਾ ਸੀ ਜਦੋਂ ਉਸ ਨੇ ਮਹਾਰਾਣਾ ਪ੍ਰਤਾਪ ਦੀ ਮੂਰਤੀ ਕੋਲ ਵੱਡਾ ਇਕੱਠ ਦੇਖਿਆ। ਇਹ 27 ਜਨਵਰੀ 2007 ਦੀ ਸ਼ਾਮ ਸੀ। ਭਾਰਤੀ ਜਨਤਾ ਪਾਰਟੀ ਦਾ ਗੋਰਖਪੁਰ ਤੋਂ ਸੰਸਦ ਮੈਂਬਰ ਆਦਿੱਤਿਆਨਾਥ, ਭਗਵੇਂ ਬਸਤਰਾਂ ਵਿਚ ਸਜਿਆ, ਇਕੱਠ ‘ਚ ਜੋਸ਼ ਭਰਨ ਲਈ ਭੜਕਾਊ ਭਾਸ਼ਣ ਦੇ ਰਿਹਾ ਸੀ। ਪਰਵਾਜ਼ ਨੂੰ ਹਾਲ ਹੀ ਵਿਚ ਮੁਹੱਰਮ ਦੇ ਜਲੂਸ ਦੌਰਾਨ ਝੜਪ ਕਾਰਨ ਸ਼ਹਿਰ ਵਿਚ ਫੈਲੇ ਤਣਾਅ ਬਾਰੇ ਪਤਾ ਸੀ ਜਿਸ ਵਿਚ ਇਕ ਹਿੰਦੂ ਲੜਕਾ ਜ਼ਖਮੀ ਹੋ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ ਸੀ। ਉਸ ਨੇ ਮੈਨੂੰ ਦੱਸਿਆ, “ਭੜਕੇ ਹੋਏ ਮਾਹੌਲ ਨੂੰ ਦੇਖਦਿਆਂ ਮੈਂ ਖੁਦ ਭੀੜ ਦਾ ਹਿੱਸਾ ਬਣ ਗਿਆ।” ਭੀੜ ਮੁੱਖ ਤੌਰ ‘ਤੇ ਹਿੰਦੂ ਯੁਵਾ ਵਾਹਿਨੀ ਦੇ ਮੈਂਬਰਾਂ ਦੀ ਸੀ, ਇਸ ਯੁਵਾ ਮਿਲੀਸ਼ੀਆ ਦੀ ਸਥਾਪਨਾ ਆਦਿੱਤਿਆਨਾਥ ਨੇ ਪੰਜ ਸਾਲ ਪਹਿਲਾਂ ਕੀਤੀ ਸੀ। ਵੱਡੇ ਇਕੱਠ ਦੇ ਅੰਦਰ ਨਾਮਾਲੂਮ ਪਰਵਾਜ਼ ਨੇ ਇਕ ਹੱਥ ਵਿਚ ਫੜੇ ਕੈਮਰੇ ਨਾਲ ਭਾਸ਼ਣ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ ਜੋ ਉਹ ਹਮੇਸ਼ਾ ਆਪਣੇ ਨਾਲ ਰੱਖਦਾ ਸੀ।
ਆਦਿੱਤਿਆਨਾਥ ਨੇ ਐਲਾਨ ਕੀਤਾ, “ਏਕ ਹਿੰਦੂ ਕੇ ਖੂਨ ਕੇ ਬਦਲੇ ਆਨੇ ਵਾਲੇ ਸਮੇਂ ਮੇਂ ਹਮ ਪ੍ਰਸ਼ਾਸਨ ਸੇ ਐਫ.ਆਈ.ਆਰ. ਦਰਜ ਨਹੀਂ ਕਰਵਾਏਂਗੇ ਬਲਕਿ ਕਮ-ਸੇ-ਕਮ ਦਸ ਐਸੇ ਲੋਗੋਂ ਕੀ ਹੱਤਿਆ ਉਸ ਸੇ ਕਰਵਾਏਂਗੇ।”
ਭੀੜ ਤਾੜੀਆਂ ਨਾਲ ਗੂੰਜ ਉਠੀ।
ਜਿਉਂ ਹੀ ਆਦਿੱਤਿਆਨਾਥ ਨੇ ਆਪਣਾ ਭਾਸ਼ਣ ਸਮਾਪਤ ਕੀਤਾ, ਪਰਵਾਜ਼ ਚੁੱਪ-ਚਾਪ ਘਰ ਪਰਤ ਆਇਆ ਪਰ ਸ਼ਹਿਰ `ਚ ਵਿਸਫੋਟ ਹੋਣਾ ਸ਼ੁਰੂ ਹੋ ਗਿਆ। ਸੁਨੀਲ ਸਿੰਘ ਨੇ ਮੈਨੂੰ ਦੱਸਿਆ, “ਆਦਿੱਤਿਆਨਾਥ ਦਾ ਭਾਸ਼ਣ ਮੁੱਕਣ ਤੋਂ ਪਹਿਲਾਂ ਹੀ ਮੀਟਿੰਗ ਵਾਲੀ ਥਾਂ ਦੇ ਬਿਲਕੁਲ ਸਾਹਮਣੇ ਹੋਟਲ ਲੁੱਟਿਆ ਗਿਆ ਅਤੇ ਭੰਨਤੋੜ ਕੀਤੀ ਗਈ।” ਉਸ ਵਕਤ ਸੁਨੀਲ ਸਿੰਘ ਆਦਿੱਤਿਆਨਾਥ ਦੇ ਸਭ ਤੋਂ ਭਰੋਸੇਮੰਦ ਲਫਟੈਣਾਂ ਵਿਚੋਂ ਇਕ ਸੀ ਜੋ ਹਿੰਦੂ ਯੁਵਾ ਵਾਹਿਨੀ ਦਾ ਸੂਬਾ ਪ੍ਰਧਾਨ ਸੀ। ਉਹ ਇਸ ਮਾਮਲੇ ਦੇ ਮੁਲਜਮਾਂ ਵਿਚੋਂ ਇਕ ਹੈ। ਆਦਿੱਤਿਆਨਾਥ ਦੇ ਬੋਲਣ ਤੋਂ ਠੀਕ ਪਹਿਲਾਂ ਸਿੰਘ ਨੇ ਭੀੜ ਨੂੰ ਸੰਬੋਧਨ ਕੀਤਾ ਸੀ। ਹੋਟਲ ਦਾ ਮਾਲਕ ਇਕ ਮੁਕਾਮੀ ਮੁਸਲਮਾਨ ਸੀ। ਉਥੋਂ ਦੰਗਾ ਗੋਰਖਪੁਰ ਦੇ ਹੋਰ ਹਿੱਸਿਆਂ ਵਿਚ ਫੈਲ ਗਿਆ। ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਸੜ ਗਈ।
ਅਗਲੇ ਦਿਨ ਜ਼ਿਲ੍ਹਾ ਮੈਜਿਸਟ੍ਰੇਟ ਦੇ ਮਨਾਹੀ ਦੇ ਹੁਕਮਾਂ ਦੇ ਬਾਵਜੂਦ, ਆਦਿੱਤਿਆਨਾਥ ਅਤੇ ਉਸ ਦੇ ਹਮਾਇਤੀਆਂ ਨੇ ਗੋਰਖਪੁਰ ਦੇ ਗੜਬੜ ਵਾਲੇ ਖੇਤਰਾਂ ਵੱਲ ਮਾਰਚ ਕੀਤਾ। ਉਸ ਨੂੰ ਇਕ ਦਰਜਨ ਤੋਂ ਵੱਧ ਹੋਰ ਹਿੰਦੂ ਯੁਵਾ ਵਾਹਿਨੀ ਆਗੂਆਂ ਨਾਲ ਗ੍ਰਿਫਤਾਰ ਕੀਤਾ ਗਿਅ। ਗ੍ਰਿਫਤਾਰੀ ਦਾ ਵਕਤ ਐਸਾ ਸੀ ਕਿ ਮਿਲੀਸ਼ੀਆ 29 ਜਨਵਰੀ ਨੂੰ ਤਾਜ਼ੀਆ ਸਾੜਨ ਦੀ ਆਪਣੀ ਧਮਕੀ ਨੂੰ ਅੰਜਾਮ ਨਹੀਂ ਦੇ ਸਕੀ – ਜੋ ਮੁਸਲਮਾਨਾਂ ਨੇ ਮੁਹੱਰਮ ਦੇ ਜਲੂਸ ਦੇ ਹਿੱਸੇ ਵਜੋਂ ਆਪਣੇ ਮੋਢਿਆਂ ‘ਤੇ ਚੁੱਕੇ ਹੁੰਦੇ ਹਨ।
ਆਦਿੱਤਿਆਨਾਥ ਕਈ ਦਿਨ ਗੋਰਖਪੁਰ ਜੇਲ੍ਹ ਵਿਚ ਰਿਹਾ। ਉਸ ਦੀ ਜ਼ਮਾਨਤ 7 ਫਰਵਰੀ ਨੂੰ ਹੋਈ ਸੀ। ਸੁਨੀਲ ਸਿੰਘ ਨੇ ਕਿਹਾ, “ਮੈਨੂੰ ਵੀ ਆਦਿੱਤਿਆਨਾਥ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਆਦਿੱਤਿਆਨਾਥ ਤਾਂ 11 ਦਿਨ ਹਿਰਾਸਤ ਵਿਚ ਰਹੇ ਪਰ ਮੈਨੂੰ 66 ਦਿਨਾਂ ਬਾਅਦ ਰਿਹਾਅ ਕੀਤਾ ਗਿਆ।”
ਇਹ ਪਹਿਲਾ ਅਤੇ ਇੱਕੋ-ਇਕ ਮੌਕਾ ਹੋਵੇਗਾ ਜਦੋਂ ਸਥਾਨਕ ਪ੍ਰਸ਼ਾਸਨ ਨੇ ਆਦਿੱਤਿਆਨਾਥ ਅਤੇ ਉਸ ਦੇ ਗੁੰਡਿਆਂ ਵਿਰੁੱਧ ਤੇਜ਼ੀ ਅਤੇ ਸਖਤੀ ਨਾਲ ਕਾਰਵਾਈ ਕੀਤੀ ਹੋਵੇਗੀ। ਮੁਲਾਇਮ ਸਿੰਘ ਯਾਦਵ ਦੀ ਅਗਵਾਈ ਵਾਲੀ ਉਤਰ ਪ੍ਰਦੇਸ਼ ਸਰਕਾਰ ਨੇ ਆਮ ਤੌਰ ‘ਤੇ ਉਸ ਦੀਆਂ ਸਰਗਰਮੀਆਂ ਵੱਲ ਅੱਖਾਂ ਬੰਦ ਕਰ ਲਈਆਂ। ਇਹ ਇੱਕੋ-ਇਕ ਦਖਲਅੰਦਾਜ਼ੀ ਇਸ ਕਰਕੇ ਕੀਤੀ ਗਈ ਹੋ ਸਕਦੀ ਹੈ ਕਿਉਂਕਿ ਆਦਿੱਤਿਆਨਾਥ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਇਕ ਸਥਾਨਕ ਜੁਰਮ ਨੂੰ ਭਰਪੂਰ ਫਿਰਕੂ ਯੁੱਧ ਵਿਚ ਬਦਲਣ ਦੀ ਧਮਕੀ ਦੇ ਰਿਹਾ ਸੀ ਜੋ ਉਸੇ ਸਾਲ ਅਪਰੈਲ ਅਤੇ ਮਈ ਵਿਚ ਹੋਣੀਆਂ ਸਨ। ਜਿਨ੍ਹਾਂ ਸਥਾਨਕ ਲੋਕਾਂ ਨਾਲ ਮੈਂ ਗੱਲ ਕੀਤੀ, ਉਨ੍ਹਾਂ ਦੀ ਦਲੀਲ ਸੀ ਕਿ ਫਿਰਕੂ ਲੀਹਾਂ ‘ਤੇ ਲੜਾਈ ਨੇ ਮੁਸਲਮਾਨਾਂ ਨੂੰ ਯਾਦਵਾਂ ਦੀ ਮੁੱਖ ਵਿਰੋਧੀ ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਦੇ ਹੱਕ ਵਿਚ ਵੋਟ ਪਾਉਣ ਲਈ ਮਜਬੂਰ ਕਰਕੇ ਸਮਾਜਵਾਦੀ ਪਾਰਟੀ ਨੂੰ ਚੋਣਾਂ ਵਿਚ ਕਮਜ਼ੋਰ ਕਰ ਦੇਣਾ ਸੀ।
ਕੁਝ ਵੀ ਹੋਵੇ, ਆਦਿੱਤਿਆਨਾਥ ਦੀ ਗ੍ਰਿਫਤਾਰੀ ਅਤੇ ਉਸ ਦੀ ਸੁਰੱਖਿਆ ਲਈ ਨਿਯੁਕਤ ਸੁਰੱਖਿਆ ਗਾਰਡਾਂ ਨੂੰ ਵਾਪਸ ਲੈਣ ਦੇ ਸੂਬਾ ਸਰਕਾਰ ਦੇ ਫੈਸਲੇ ਨੇ ਮਹੰਤ ਨੂੰ ਬੇਚੈਨ ਕਰ ਦਿੱਤਾ। ਇਹ ਚਰਚਿਤ ਹੈ ਕਿ 12 ਮਾਰਚ ਨੂੰ ਉਹ ਲੋਕ ਸਭਾ ਦੇ ਅੰਦਰ ਫੁੱਟ-ਫੁੱਟ ਕੇ ਰੋ ਪਿਆ ਜਿੱਥੇ ਉਸ ਨੇ 1998 ਤੋਂ ਗੋਰਖਪੁਰ ਦੀ ਨੁਮਾਇੰਦਗੀ ਕੀਤੀ ਸੀ। ਜੇਲ੍ਹ ਦੇ ਸੰਤਾਪ ਨੂੰ ਬਿਆਨ ਕਰਦੇ ਵਕਤ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਅਤੇ ਛਲਕ ਕੇ ਉਸ ਦੇ ਚਿਹਰੇ ‘ਤੇ ਵਹਿ ਤੁਰੇ। ਉਸ ਦੀ ਆਵਾਜ਼ ਕੰਬਦੀ ਅਤੇ ਭਰੜਾਈ ਹੋਈ ਸੀ ਜੋ ਵਿਚ-ਵਿਚ ਭਾਵਨਾਵਾਂ `ਚ ਵਹਿ ਜਾਂਦੀ ਸੀ। ਉਸ ਨੇ ਕਿਹਾ, “ਮੈਂ ਆਪਣੇ ਸਮਾਜ ਲਈ ਸੰਨਿਆਸ ਲਿਆ, ਮੈਂ ਆਪਣਾ ਪਰਿਵਾਰ ਛੱਡ ਦਿੱਤਾ, ਆਪਣੇ ਮਾਤਾ-ਪਿਤਾ ਛੱਡ ਦਿੱਤੇ ਪਰ ਮੈਨੂੰ ਮੁਜਰਿਮ ਬਣਾਇਆ ਜਾ ਰਿਹਾ ਹੈ।” ਉਸ ਨੇ ‘ਸਿਆਸੀ ਸਾਜ਼ਿਸ਼’ ਦੀ ਗੱਲ ਕੀਤੀ ਅਤੇ ਧਮਕੀ ਦਿੱਤੀ ਕਿ ਜੇ ਸੰਸਦ ਨੇ ਉਸ ਨੂੰ ਸੁਰੱਖਿਆ ਮੁਹੱਈਆ ਨਾ ਕੀਤੀ ਤਾਂ ਉਹ ਅਹੁਦਾ ਛੱਡ ਦੇਵੇਗਾ।
ਬਲਵਾਨ ਸਮਝੇ ਜਾਂਦੇ ਬੰਦੇ ਦੇ ਰੋਣ ਅਤੇ ਸੁਰੱਖਿਆ ਲਈ ਜਨਤਕ ਲੇਲ੍ਹੜੀਆਂ ਕੱਢਣ ਦਾ ਉਘੜਵਾਂ ਅਸਰ ਹੋਇਆ। ਉਸ ਦੇ ਪੈਰੋਕਾਰ – ਖਾਸ ਕਰਕੇ ਉਚ ਜਾਤੀ ਦੇ ਠਾਕੁਰ ਜੋ ਆਪਣੇ ਆਪ ਨੂੰ ਯੋਧੇ, ਬਹਾਦਰ ਲੋਕ ਸਮਝਦੇ ਸਨ – ਹੈਰਾਨ ਸਨ। ਉਨ੍ਹਾਂ ਨੇ ਇਸ ਨੂੰ ਉਸ ਦੇ ਨਿਡਰ, ਪ੍ਰਚੰਡ ਹਿੰਦੂ ਯੋਧੇ ਦੇ ਰੂਪ ਵਿਚ ਘੜੇ ਅਕਸ ਦੇ ਪਤਨ ਵਜੋਂ ਦੇਖਿਆ ਪਰ ਬਹੁਤ ਚਿਰ ਪਹਿਲਾਂ ਹੀ ਉਨ੍ਹਾਂ ਨੇ ਇਹ ਦਲੀਲ ਦਿੰਦੇ ਹੋਏ ਉਸ ਦੀ ਤਸਵੀਰ ਦੁਬਾਰਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਕਿ ਉਹ ਭਾਵਨਾਵਾਂ ਨਾਲ ਭਰਿਆ ਸੰਵੇਦਨਸ਼ੀਲ ਆਦਮੀ ਹੈ, ਹਾਲਾਂ ਕਿ ਬਹੁਤ ਸਾਰੇ ਸਥਾਨਕ ਲੋਕਾਂ ਨੇ ਉਸ ਨੂੰ ਐਸਾ ਡਰਪੋਕ ਕਿਹਾ ਜੋ ਸਿਰਫ ਹਜ਼ੂਮੀ ਹਿੰਸਾ ਹੀ ਫੈਲਾ ਸਕਦਾ ਸੀ। ਤੇ ਦਸ ਸਾਲ ਬਾਅਦ ਉਹ ਉਤਰ ਪ੍ਰਦੇਸ ਦਾ ਮੁੱਖ ਮੰਤਰੀ ਬਣ ਗਿਆ।
ਉਤਰ ਪ੍ਰਦੇਸ਼ ਉਪਰ ਆਦਿੱਤਿਆਨਾਥ ਦਾ ਰਾਜ ਭਰੋਸੇ ਅਤੇ ਚਿੰਤਾ ਦੇ ਮਿਸ਼ਰਨ ਨਾਲ ਸ਼ੁਰੂ ਹੋਇਆ ਸੀ। ਭਾਰਤੀ ਜਨਤਾ ਪਾਰਟੀ ਨੇ 2017 ਦੀਆਂ ਰਾਜ ਵਿਧਾਨ ਸਭਾ ਚੋਣਾਂ ਵਿਚ ਹੈਰਾਨੀਜਨਕ ਜਿੱਤ ਹਾਸਲ ਕਰਕੇ ਸਦਨ ਦੀਆਂ ਬਹੁਮਤ ਸੀਟਾਂ ਉਤੇ ਕਬਜ਼ਾ ਕਰ ਲਿਆ। ਚੋਣ ਮੁਹਿੰਮ ਦੌਰਾਨ ਇਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ‘ਤੇ ਟੇਕ ਰੱਖੀ ਸੀ ਅਤੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਪੇਸ਼ ਨਹੀਂ ਕੀਤਾ ਸੀ। ਫਿਰ ਹਿੰਸਾ ਭੜਕਾਉਣ ਦੇ ਰਿਕਾਰਡ ਵਾਲੇ ਕੱਟੜ ਫਿਰਕੂ ਮਹੰਤ ਨੂੰ ਅਹੁਦੇ ‘ਤੇ ਬੈਠਾਉਣ ਦੀ ਭਾਜਪਾ ਦੀ ਚੋਣ ਕੌਮਾਂਤਰੀ ਸੁਰਖੀਆਂ ਬਣੀ। ਉਦੋਂ ਤੋਂ ਲੈ ਕੇ ਆਦਿੱਤਿਆਨਾਥ ਹਿੰਦੂਤਵ ਰਾਜਨੀਤੀ ਦਾ ਸਭ ਤੋਂ ਘਿਨਾਉਣਾ ਚਿਹਰਾ ਬਣ ਗਿਆ ਹੈ। ਚੁਣੇ ਜਾਣ ਤੋਂ ਇਕ ਮਹੀਨਾ ਬਾਅਦ ਆਪਣੀ ਪਹਿਲੀ ਟੈਲੀਵਿਜ਼ਨ ਇੰਟਰਵਿਊ ਵਿਚ ਉਸ ਨੇ ਕਿਹਾ, “ਹਿੰਦੂ ਰਾਸ਼ਟਰ ਦੇ ਵਿਚਾਰ ਵਿਚ ਕੁਝ ਵੀ ਗਲਤ ਨਹੀਂ ਹੈ।” ਜੇ ਅਜਿਹਾ ਕੋਈ ਮੌਕਾ ਸੀ ਕਿ ਭਾਜਪਾ ਆਪਣੇ ਹਿੰਸਕ ਅਤੀਤ ਨੂੰ ਭੁਲਾ ਦੇਣ ਅਤੇ ਰਾਸ਼ਟਰੀ ਸੱਤਾ ਵਿਚ ਮੋਦੀ ਦੇ ਪਹਿਲੇ ਕਾਰਜ ਕਾਲ ਵਿਚ ਵਿਕਾਸਵਾਦੀ ਸਿਆਸਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਆਦਿੱਤਿਆਨਾਥ ਦੇ ਕਾਰਜ ਕਾਲ ਨੇ ਉਸ ਉਮੀਦ ‘ਤੇ ਪਾਣੀ ਫੇਰ ਦਿੱਤਾ ਹੈ।
ਪਿਛਲੇ ਪੰਜ ਸਾਲਾਂ ਵਿਚ ਉਤਰ ਪ੍ਰਦੇਸ਼ ਇਕ ਤੋਂ ਬਾਅਦ ਇਕ ਭਿਆਨਕ ਕਹਾਣੀਆਂ ਲਈ ਸੁਰਖੀਆਂ `ਚ ਰਿਹਾ ਹੈ: ਗਊ-ਸੰਬੰਧੀ ਹਜੂਮੀ ਕਤਲਾਂ ਤੋਂ ਲੈ ਕੇ ਗੈਰ-ਨਿਆਇਕ ਕਤਲਾਂ ਤੱਕ; ਹਾਲ ਹੀ ਵਿਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਅਤੇ ਸੰਖਿਆ ਛੁਪਾਉਣ ਦੀ ਸਰਕਾਰ ਦੀ ਕੋਸ਼ਿਸ਼ ਤੱਕ। ਆਦਿੱਤਿਆਨਾਥ ਸਰਕਾਰ ਨੇ, ਜਦੋਂ ਇਹ ਇਨ੍ਹਾਂ ਮੁੱਦਿਆਂ ਨੂੰ ਲੁਕੋਣ ਜਾਂ ਚਲਾਕੀ ਨਾਲ ਘੁੰਮਾ ਕੇ ਪੇਸ਼ ਨਹੀਂ ਕਰ ਰਹੀ ਸੀ, ਉਦੋਂ ਇਸ ਨੇ ਇਨ੍ਹਾਂ ਮੁੱਦਿਆਂ ਵੱਲ ਧਿਆਨ ਦਿਵਾਉਣ ਵਾਲਿਆਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਰਾਜਕੀ ਤਾਕਤ ਦੀ ਵਰਤੋਂ ਕੀਤੀ ਹੈ। 2017 ਵਿਚ ਡਾ. ਕਫੀਲ ਖਾਨ ਨੂੰ ਜੇਲ੍ਹ ਵਿਚ ਡੱਕ ਦਿੱਤਾ ਗਿਆ ਅਤੇ ਵਾਰ-ਵਾਰ ਸਤਾਇਆ ਗਿਆ, ਕਿਉਂਕਿ ਉਸ ਨੇ ਗੋਰਖਪੁਰ ਹਸਪਤਾਲ ਵਿਚ ਸਰਕਾਰੀ ਲਾਪਰਵਾਹੀ ਕਾਰਨ ਤੀਹ ਤੋਂ ਵੱਧ ਬੱਚਿਆਂ ਅਤੇ ਕਈ ਬਾਲਗਾਂ ਦੀ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਵੱਲ ਉਂਗਲ ਕੀਤੀ ਸੀ। 2019 ਵਿਚ ਪੱਤਰਕਾਰ ਪਵਨ ਜੈਸਵਾਲ ਦਾ ਸਕੂਲ ਦੇ ਦੁਪਹਿਰ ਦੇ ਖਾਣੇ ਵਿਚ ਬੱਚਿਆਂ ਨੂੰ ਲੂਣ ਨਾਲ ਰੋਟੀ ਦਿੱਤੇ ਜਾਣ ਦਾ ਵੀਡੀਓ ਵਾਇਰਲ ਹੋਇਆ ਤਾਂ ਉਸ ਵਿਰੁੱਧ ਫੌਜਦਾਰੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਮੁਕੱਦਮਾ ਦਰਜ ਕਰ ਲਿਆ ਗਿਆ। 2020 ਵਿਚ ਹਾਥਰਸ ਵਿਚ ਉਚ ਜਾਤੀ ਦੇ ਮਰਦਾਂ ਵੱਲੋਂ ਇਕ ਦਲਿਤ ਔਰਤ ਦੇ ਸਮੂਹਿਕ ਬਲਾਤਕਾਰ ਅਤੇ ਬਾਅਦ ਵਿਚ ਹੋਈ ਮੌਤ ਬਾਰੇ ਰਿਪੋਰਟ ਕਰਨ ਦੀ ਕੋਸ਼ਿਸ਼ ਕਰਨ ‘ਤੇ ਪੱਤਰਕਾਰ ਸਿੱਦੀਕ ਕੱਪਨ `ਤੇ ਜਾਬਰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। 2021 ਵਿਚ ਇਕ ਹਸਪਤਾਲ ਨੂੰ ਨਾਮਜ਼ਦ ਕਰਕੇ ਉਸ ਵਿਰੁੱਧ ਐੱਫ.ਆਈ.ਆਰ. ਦਾਇਰ ਕਰ ਲਈ ਗਈ ਜਿਸ ਨੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਬਾਰੇ ਨੋਟਿਸ ਦਿੱਤਾ ਸੀ।
ਉਤਰ ਪ੍ਰਦੇਸ਼ ਪੁਲਿਸ ਹੁਣ ਪੱਤਰਕਾਰਾਂ ਨੂੰ ਅਜਿਹੀਆਂ ਗੱਲਾਂ ਦੀ ਰਿਪੋਰਟ ਕਰਨ ਜਾਂ ਟਵੀਟ ਕਰਨ ਲਈ ਲਗਾਤਾਰ ਨੋਟਿਸ ਭੇਜਦੀ ਰਹਿੰਦੀ ਹੈ ਜੋ ਸਰਕਾਰ ਨੂੰ ਪਸੰਦ ਨਹੀਂ ਹਨ। ਆਦਿੱਤਿਆਨਾਥ ਨੇ ਰਾਜ ਦੀ ਪੁਲਿਸ ਨੂੰ ਸਜ਼ਾ ਤੋਂ ਛੋਟ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਹੋਇਆ ਹੈ, ਜਦੋਂ ਕਿ ਅਕਸਰ ਹੀ ਉਚ-ਜਾਤੀ ਹਿੰਦੂ ਧੌਂਸਬਾਜ਼ੀ ਪ੍ਰਤੀ ਅੱਖਾਂ ਮੀਟਣ ਦੀ ਇਜਾਜ਼ਤ ਦਿੱਤੀ ਹੋਈ ਹੈ। ਇਹ ਕੁਲ ਕਵਾਇਦ ਉਸ ਵੱਲੋਂ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਚੁੱਕੇ ਗਏ ਸਖਤ ਕਦਮ ਸਮਝੇ ਜਾਂਦੇ ਹਨ।
ਜਦੋਂ ਉਤਰ ਪ੍ਰਦੇਸ਼ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਆਦਿੱਤਿਆਨਾਥ ਸਰਕਾਰ ਨੇ ਕੁਲ ਨਕਾਰਾਤਮਕ ਪ੍ਰੈੱਸ ਕਵਰੇਜ਼ ਦਾ ਮੁਕਾਬਲਾ ਕਰਨ ਲਈ ਆਪਣੀਆਂ ਕਥਿਤ ਪ੍ਰਾਪਤੀਆਂ ਨੂੰ ਉਜਾਗਰ ਕਰਨ ਵਾਲੇ ਇਸ਼ਤਿਹਾਰਾਂ ਦੀ ਝੜੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਮੋਦੀ ਦੇ ਨਾਲ ਯੋਗੀ ਦਾ ਚਿਹਰਾ ਲੱਗਭੱਗ ਰੋਜ਼ਾਨਾ ਵੱਡੇ ਅਖਬਾਰਾਂ ਦੇ ਪਹਿਲੇ ਪੰਨਿਆਂ ਦਾ ਸ਼ਿੰਗਾਰ ਬਣਦਾ ਹੈ ਜਿਨ੍ਹਾਂ ਵਿਚ ਮੁੱਖ ਤੌਰ `ਤੇ ਰਾਜ ਤੋਂ ਬਾਹਰ ਪੜ੍ਹੀਆਂ ਜਾਣ ਵਾਲੀਆਂ ਅਖਬਾਰਾਂ ਵੀ ਸ਼ਾਮਿਲ ਹਨ। ਅਪਰੈਲ 2020 ਤੋਂ ਮਾਰਚ 2021 ਦਰਮਿਆਨ ਉਤਰ ਪ੍ਰਦੇਸ਼ ਸਰਕਾਰ ਨੇ ਟੀ.ਵੀ. ਚੈਨਲਾਂ ਵਿਚ ਇਸ਼ਤਿਹਾਰਾਂ ਉਪਰ 160 ਕਰੋੜ ਰੁਪਏ ਖਰਚ ਕੀਤੇ। ਇਹ ਉਸ ਦੇ ਅਕਸ ਨੂੰ ਸਾਫ-ਸੁਥਰਾ ਬਣਾ ਕੇ ਪੇਸ਼ ਕਰਨ ਅਤੇ ਉਸ ਦੇ ਕਾਰਜਕਾਲ ਦੌਰਾਨ ਰਾਜ ਦੁਆਰਾ ਫੈਲਾਈ ਦਹਿਸ਼ਤ ਅਤੇ ਹਿੰਸਾ ਤੋਂ ਧਿਆਨ ਹਟਾਉਣ ਦੀ ਵਿਉਂਤਬੱਧ ਕੋਸ਼ਿਸ਼ ਹੈ।
ਹੋਰ ਹਿੰਦੂ ਰਾਸ਼ਟਰਵਾਦੀਆਂ ਵਾਂਗ ਆਦਿੱਤਿਆਨਾਥ ਅੰਦਰ ਵੀ ਉਨ੍ਹਾਂ ਥਾਵਾਂ ਦੇ ਨਾਮ ਬਦਲਣ ਦਾ ਜਨੂਨ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਉਹ ਅਪਮਾਨਜਨਕ ਸਮਝਦਾ ਹੈ। ਗੋਰਖਪੁਰ ਤੋਂ ਸੰਸਦ ਮੈਂਬਰ ਵਜੋਂ ਉਸ ਨੇ ਸ਼ਹਿਰ ਦੇ ਕਈ ਖੇਤਰਾਂ ਦੇ ਨਾਮ ਬਦਲ ਦਿੱਤੇ: ਅਲੀਨਗਰ ਤੋਂ ਆਰੀਆਨਗਰ, ਮੀਆਂ ਰੋਡ ਤੋਂ ਮਾਇਆ ਰੋਡ ਅਤੇ ਉਰਦੂ ਬਾਜ਼ਾਰ ਤੋਂ ਹਿੰਦੀ ਬਾਜ਼ਾਰ। ਮੁੱਖ ਮੰਤਰੀ ਹੋਣ ਦੀ ਹੈਸੀਅਤ ਵਿਚ ਉਹ ਇਸ ਜਨੂਨ ਨੂੰ ਸੂਬੇ ਦੇ ਹੋਰ ਹਿੱਸਿਆਂ ਵਿਚ ਲੈ ਗਿਆ। ਫੈਜ਼ਾਬਾਦ ਜ਼ਿਲ੍ਹੇ ਨੂੰ ਅਯੁੱਧਿਆ ਜ਼ਿਲ੍ਹਾ ਬਣਾ ਦਿੱਤਾ ਗਿਆ ਅਤੇ ਅਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਗਿਆ। ਨਵੰਬਰ 2021 ਵਿਚ ਆਜ਼ਮਗੜ੍ਹ ਵਿਚ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਦੇ ਹੋਏ ਉਸ ਨੇ ਕਿਹਾ, “ਅੱਜ ਜਿਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਆਜ਼ਮਗੜ੍ਹ ਨੂੰ ਸੱਚੀਮੁੱਚੀ ਆਰੀਅਮਗੜ੍ਹ ਬਣਾ ਦੇਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।”
ਆਦਿੱਤਿਆਨਾਥ ਨੂੰ ਅਕਸਰ ਤਸਵੀਰਾਂ ਵਿਚ ਗਾਵਾਂ, ਉਸ ਦੇ ਕੁੱਤਿਆਂ, ਬਾਂਦਰਾਂ ਅਤੇ ਹੋਰ ਜਾਨਵਰਾਂ ਨਾਲ ਦਿਖਾਇਆ ਜਾਂਦਾ ਹੈ ਤਾਂ ਜੋ ਉਸ ਦੀ ਸ਼ਖਸੀਅਤ ਦੇ ਨਰਮ ਪੱਖ ਦੀ ਨੁਮਾਇਸ਼ ਲਾਈ ਜਾ ਸਕੇ; ਹਾਲਾਂਕਿ ਉਸ ਦੀਆਂ ਮੁਸਲਿਮ ਵਿਰੋਧੀ ਭਾਵਨਾਵਾਂ ਦਾ ਸਭ ਤੋਂ ਵੱਧ ਹਿੰਸਕ ਪ੍ਰਗਟਾਵਾ ਗਊ ਰੱਖਿਆ ਨੂੰ ਲੈ ਕੇ ਹੋਇਆ ਹੈ। ਮੁੱਖ ਮੰਤਰੀ ਵਜੋਂ ਉਸ ਦੀ ਪਹਿਲੀ ਪਹਿਲਕਦਮੀ ਰਾਜ ਦੇ ਸਾਰੇ ਗੈਰ-ਕਾਨੂੰਨੀ ਬੁੱਚੜਖਾਨਿਆਂ ਨੂੰ ਬੰਦ ਕਰਨ ਦਾ ਹੁਕਮ ਦੇਣਾ ਅਤੇ ਉਨ੍ਹਾਂ ਵਿਰੁੱਧ ਵੱਡੇ ਪੱਧਰ ‘ਤੇ ਪੁਲਿਸ ਕਾਰਵਾਈ ਸ਼ੁਰੂ ਕਰਨਾ ਸੀ। ਉਤਰ ਪ੍ਰਦੇਸ਼ ਵਿਚ ਜ਼ਿਆਦਾਤਰ ਬੁੱਚੜਖਾਨੇ ਕਿਉਂਕਿ ਹਮੇਸਾ ਬਿਨਾ ਸਹੀ ਲਾਇਸੈਂਸ ਦੇ ਚੱਲਦੇ ਸਨ, ਇਸ ਦੇ ਨਤੀਜੇ ਵਜੋਂ ਕਸਾਈ ਅਤੇ ਮੀਟ-ਕਾਰੋਬਾਰ ਦੇ ਮਾਲਕਾਂ ਜਿਨ੍ਹਾਂ ਵਿਚੋਂ ਜ਼ਿਆਦਾਤਰ ਮੁਸਲਮਾਨ ਸਨ, ਦੀ ਰੋਜ਼ੀ-ਰੋਟੀ ਦਾ ਭਾਰੀ ਨੁਕਸਾਨ ਹੋਇਆ। ਉਸ ਨੇ ਹਰ ਜ਼ਿਲ੍ਹੇ ਵਿਚ ਗਊ ਰੱਖਿਆ ਕਮੇਟੀਆਂ ਬਣਾਉਣ ਦਾ ਹੁਕਮ ਦਿੱਤਾ ਜਿਸ ਦੀ ਅਗਵਾਈ ਜ਼ਿਲ੍ਹਾ ਮੈਜਿਸਟਰੇਟ ਅਤੇ ਜ਼ਿਲ੍ਹਾ ਪੁਲਿਸ ਮੁਖੀ ਕਰਦੇ ਹਨ ਅਤੇ ਦੋ ਨਿੱਜੀ ‘ਗਊ-ਪ੍ਰੇਮੀ ਵਿਅਕਤੀ’ ਉਨ੍ਹਾਂ ਦੀ ਮਦਦ ਕਰਦੇ ਹਨ। ਕਾਗਜ਼ਾਂ ਵਿਚ ਇਸ ਕਦਮ ਦਾ ਉਦੇਸ਼ ਗਊਆਂ ਦੀ ਸਹੀ ਸਾਂਭ-ਸੰਭਾਲ ਯਕੀਨੀ ਬਣਾਉਣਾ ਹੈ ਪਰ ਅਮਲੀ ਤੌਰ `ਤੇ ਇਸ ਨੇ ਹਿੰਦੂਤਵੀ ਸਮੂਹਾਂ ਦੁਆਰਾ ਗਊ ਰੱਖਿਆ ਨੂੰ ਹੱਲਾਸ਼ੇਰੀ ਦਿੱਤੀ। ਗਊ ਤਸਕਰੀ ਜਾਂ ਗਊ ਹੱਤਿਆ ਦੇ ਦੋਸ਼ੀ ਸਮਝੇ ਜਾਂਦੇ ਮੁਸਲਮਾਨਾਂ ਦੇ ਕਈ ਮਾਮਲਿਆਂ ਦਾ ਦੁਖਦਾਈ ਅੰਤ ਹੋਇਆ ਹੈ।
ਆਦਿੱਤਿਆਨਾਥ ਦਾ ਸਪਸ਼ਟ ਫਿਰਕੂ ਨਜ਼ਰੀਆ ਸ਼ਾਇਦ ਹੀ ਕਦੇ ਲੁਕਿਆ ਹੈ; ਇਹ ਉਸ ਦੇ ਜਨਤਕ ਭਾਸ਼ਣਾਂ ਉਪਰ ਹਾਵੀ ਹੈ। 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਲਈ ਪ੍ਰਚਾਰ ਕਰਦੇ ਹੋਏ ਉਸ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ‘ਸ਼ਾਹੀਨ ਬਾਗ ਪ੍ਰਦਰਸ਼ਨਕਾਰੀਓਂ ਕੀ ਹਮਾਇਤ ਕਰਨ ਵਾਲੀ ਅਤੇ ਬਰਿਆਨੀ ਖਿਲਾਨੇਂ ਵਾਲੀ ਸਰਕਾਰ’ ਕਹਿ ਕੇ ਨਿਸ਼ਾਨਾ ਬਣਾਇਆ। ਉਹ ਨਾਗਰਿਕਤਾ (ਸੋਧ) ਕਾਨੂੰਨ ਵਿਰੁੱਧ ਸਾਂਤਮਈ ਧਰਨੇ ਪ੍ਰਦਰਸ਼ਨ ਦਾ ਹਵਾਲਾ ਦੇ ਰਿਹਾ ਸੀ ਜੋ ਮੁਸਲਮਾਨਾਂ ਨਾਲ ਵਿਤਕਰਾ ਕਰਦਾ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਧਮਕੀ ਦਿੰਦੇ ਹੋਏ ਉਸ ਨੇ ਕਿਹਾ, “ਜੋ ਬੋਲੀ ਸੇ ਨਹੀਂ ਮਾਨੇਗਾ, ਵੋਹ ਗੋਲੀ ਸੇ ਤੋ ਮਾਨ ਹੀ ਜਾਏਗਾ।”
ਉਤਰ ਪ੍ਰਦੇਸ਼ ਵਿਚ ਸੀ.ਏ.ਏ. ਵਿਰੋਧੀ ਮੁਜ਼ਾਹਰਿਆਂ ਦਾ ਬੇਕਿਰਕ ਦਮਨ ਆਦਿੱਤਿਆਨਾਥ ਦੀ ਹਕੂਮਤ ਹੇਠ ਉਭਰੇ ਤਾਨਾਸ਼ਾਹ ਨਿਜ਼ਾਮ ਦਾ ਸਭ ਤੋਂ ਸਪਸ਼ਟ ਸਬੂਤ ਸੀ। ਮੁਲਕ ਵਿਚ ਹੋਰ ਕਿਤੇ ਵੀ ਐਨਾ ਬੇਕਿਰਕ ਅਤੇ ਖੁੱਲ੍ਹੇਆਮ ਫਿਰਕੂ ਹਮਲਾ ਨਹੀਂ ਹੋਇਆ ਜਿੰਨਾ ਉਤਰ ਪ੍ਰਦੇਸ਼ ਵਿਚ ਹੋਇਆ। ਉਸ ਦੀ ਸਰਕਾਰ ਨੇ ਜਨਤਕ ਜਾਇਦਾਦ ਨੂੰ ਕਥਿਤ ਤੌਰ ‘ਤੇ ਨਸ਼ਟ ਕਰਨ ਲਈ ਪ੍ਰਦਰਸ਼ਨਕਾਰੀਆਂ ਨੂੰ ਬਿਨਾ ਕਿਸੇ ਨਿਆਂਇਕ ਜਾਂਚ ਦੇ ਅੰਨ੍ਹੇਵਾਹ ਜੁਰਮਾਨਾ ਲਗਾਏ। ਉਸ ਨੇ ਲਖਨਊ ਦੀਆਂ ਕੰਧਾਂ ਉਪਰ ਪ੍ਰਦਰਸ਼ਨਕਾਰੀਆਂ ਦੇ ਨਾਮ ਅਤੇ ਫੋਟੋਆਂ ਵਾਲੇ ਪੋਸਟਰ ਲਗਾਉਣ ਦੇ ਆਦੇਸ਼ ਦਿੱਤੇ। ਜਦੋਂ ਇਨ੍ਹਾਂ ਵਿਚੋਂ ਕੋਈ ਵੀ ਕੋਸ਼ਿਸ਼ ਉਨ੍ਹਾਂ ਨੂੰ ਠੱਲ੍ਹ ਪਾਉਂਦੀ ਨਹੀਂ ਜਾਪੀ ਤਾਂ ਪੁਲਿਸ ਦੇ ਛਾਪਿਆਂ ਅਤੇ ਹਮਲਿਆਂ ਦਾ ਸਹਾਰਾ ਲਿਆ ਗਿਆ।
ਨਵੰਬਰ 2020 ਵਿਚ ਉਹ ਲਵ ਜਹਾਦ ਦੀਆਂ ਘਟਨਾਵਾਂ ਕੰਟਰੋਲ ਕਰਨ ਲਈ ਆਰਡੀਨੈਂਸ ਲਿਆਉਣ ਵਾਲਾ ਪਹਿਲਾ ਮੁੱਖ ਮੰਤਰੀ ਬਣਿਆ ਜਿਸ ਨੂੰ ਹਿੰਦੂ ਫਿਰਕਾਪ੍ਰਸਤਾਂ ਵੱਲੋਂ ਮੁਸਲਿਮ ਮਰਦਾਂ ਦੀ ਨੌਜਵਾਨ ਹਿੰਦੂ ਔਰਤਾਂ ਨੂੰ ਵਿਆਹ ਲਈ ਭਰਮਾਉਣ ਅਤੇ ਉਨ੍ਹਾਂ ਦਾ ਧਰਮ ਬਦਲ ਕੇ ਇਸਲਾਮ ਨਾਲ ਜੋੜਨ ਦੀ ਸਾਜ਼ਿਸ਼ ਕਿਹਾ ਗਿਆ ਹੈ। ਉਤਰ ਪ੍ਰਦੇਸ਼ ਗੈਰ-ਕਾਨੂੰਨੀ ਧਰਮ-ਬਦਲੀ ਰੋਕੂ ਕਾਨੂੰਨ-2021 ਵਿਚ ਸ਼ੱਕੀ ਜਾਪਦੇ ਵਿਆਹ ਲਈ ਇਕ ਤੋਂ ਦਸ ਸਾਲ ਦੀ ਕੈਦ ਅਤੇ ਪੰਦਰਾਂ ਹਜ਼ਾਰ ਤੋਂ ਪੰਜਾਹ ਹਜ਼ਾਰ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਹੈ। ਲਵ ਜਹਾਦ ਦਾ ਮੁੱਦਾ ਆਦਿੱਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਹੁਤ ਪਹਿਲਾਂ ਉਸ ਦੇ ਏਜੰਡੇ ‘ਤੇ ਸੀ। ਹਿੰਦੂ ਯੁਵਾ ਵਾਹਿਨੀ ਨੇ ਗੋਰਖਪੁਰ ਅਤੇ ਆਸ ਪਾਸ ਦੇ ਖੇਤਰਾਂ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਸਰਗਰਮੀ ਨਾਲ ਇਸ ਦੀ ਵਰਤੋਂ ਕੀਤੀ।
ਨਵੇਂ ਕਾਨੂੰਨ ਨਾਲ ਲੈਸ ਉਤਰ ਪ੍ਰਦੇਸ਼ ਪੁਲਿਸ ਨੇ ਸੂਬੇ ਦੇ ਕਈ ਹਿੱਸਿਆਂ ਵਿਚ ਅੰਤਰ-ਧਾਰਮਿਕ ਵਿਆਹਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਪਰੇਸ਼ਾਨ ਕਰਨ ਵਾਲੀਆਂ ਮਿਸਾਲਾਂ ਵਿਚੋਂ ਇਕ ਮੁਰਾਦਾਬਾਦ ਦੀ 22 ਸਾਲਾ ਔਰਤ ਦੀ ਹੈ ਜਿਸ ਨੂੰ ਉਸ ਦੇ ਪਤੀ ਦੀ ਇਸ ਕਾਨੂੰਨ ਦੇ ਤਹਿਤ ਗ੍ਰਿਫਤਾਰੀ ਤੋਂ ਬਾਅਦ ਸ਼ੈਲਟਰ ਹੋਮ ਵਿਚ ਭੇਜੇ ਜਾਣ ਤੋਂ ਬਾਅਦ ਗਰਭਪਾਤ ਦਾ ਸੰਤਾਪ ਝੱਲਣਾ ਪਿਆ। ਬਾਅਦ ਵਿਚ ਪਤੀ ਨੂੰ ਛੱਡ ਦਿੱਤਾ ਗਿਆ ਕਿਉਂਕਿ ਪੁਲਿਸ, ਔਰਤ ਦਾ ਜ਼ਬਰਦਸਤੀ ਧਰਮ ਬਦਲੀ ਕੀਤੇ ਜਾਣ ਦੇ ਦੋਸ਼ਾਂ ਦੇ ਹੱਕ ਵਿਚ ਕੋਈ ਸਬੂਤ ਨਹੀਂ ਲੱਭ ਸਕੀ ਸੀ।
ਮੁਰਾਦਾਬਾਦ ਮਾਮਲੇ ਵਿਚ ਪੁਲਿਸ ਦੀ ਬੇਰਹਿਮੀ ਦਾ ਜ਼ਿਕਰ 104 ਸੇਵਾਮੁਕਤ ਨੌਕਰਸ਼ਾਹਾਂ ਦੇ ਸਮੂਹ ਵੱਲੋਂ ਦਸੰਬਰ 2020 ਵਿਚ ਆਦਿੱਤਿਆਨਾਥ ਨੂੰ ਲਿਖੀ ਚਿੱਠੀ ਵਿਚ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ- “ਉਤਰ ਪ੍ਰਦੇਸ਼ ਦੀ ਪੂਰੀ ਪੁਲਿਸ ਫੋਰਸ ਨੂੰ ਸਾਰੇ ਨਾਗਰਿਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਲਈ ਬਿਨਾ ਦੇਰੀ ਦੇ ਸਿਖਲਾਈ ਦੇਣ ਦੀ ਜ਼ਰੂਰਤ ਹੈ; ਅਤੇ ‘ਤੁਹਾਡੇ` ਸਮੇਤ ਯੂ.ਪੀ. ਦੇ ਰਾਜ ਨੇਤਾਵਾਂ ਨੂੰ ਆਪਣੇ ਆਪ ਨੂੰ ਸੰਵਿਧਾਨ ਦੀਆਂ ਵਿਵਸਥਾਵਾਂ ਬਾਰੇ ਮੁੜ ਸਿੱਖਿਅਤ ਹੋਣ ਦੀ ਜ਼ਰੂਰਤ ਹੈ ਜਿਸ ਨੂੰ ਤੁਸੀਂ ਅਤੇ ਹੋਰ ਕਾਨੂੰਨ ਘਾੜਿਆਂ ਨੇ ਬਰਕਰਾਰ ਰੱਖਣ ਦੀ ਸਹੁੰ ਚੁੱਕੀ ਹੈ।”
ਅਜਿਹੇ ਇਤਰਾਜ਼ਾਂ ਨੂੰ ਦਰਕਿਨਾਰ ਕਰਕੇ ਆਦਿੱਤਿਆਨਾਥ ਨੇ ਅਜਿਹੇ ਕਦਮਾਂ ਦਾ ਵੱਡੇ ਪੱਧਰ `ਤੇ ਸਿਆਸੀ ਲਾਹਾ ਲਿਆ। ਉਹ ਆਪਣੇ ਵਿਰੋਧੀਆਂ ਦੀਆਂ ਨਜ਼ਰਾਂ ਵਿਚ ਤਾਨਾਸ਼ਾਹੀ ਦੀ ਨੁਮਾਇੰਦਗੀ ਕਰਦੇ ਹਨ ਪਰ ਹਿੰਦੂਆਂ ਦੇ ਉਸ ਹਿੱਸੇ ਲਈ ਜੋ ਭਾਜਪਾ ਅਤੇ ਇਸਦੇ ਮਾਤਾ-ਪਿਤਾ, ਰਾਸ਼ਟਰੀ ਸਵੈਮਸੇਵਕ ਸੰਘ ਦਾ ਮੁੱਖ ਹਮਾਇਤੀ ਆਧਾਰ ਹੈ, ਇਹ ਮੁਸਲਮਾਨਾਂ ਲਈ ਉਸ ਦੀ ਨਫਰਤ ਦਾ ਸਬੂਤ ਹਨ – ਸੰਘ ਪਰਿਵਾਰ ਦੇ ਹਿੰਦੂਤਵ ਏਜੰਡੇ ਦਾ ਚਹੇਤਾ ਚਿਹਰਾ ਬਣਨ ਦੀ ਬਿਹਤਰੀਨ ਸੰਭਵ ਕਾਬਲੀਅਤ। ਹਾਲਾਂਕਿ ਸੱਚੇ ਮਾਇਨਿਆਂ `ਚ ਆਦਿੱਤਿਆਨਾਥ ਨੇ ਉਤਰ ਪ੍ਰਦੇਸ਼ `ਚ ਆਪਣੇ ਹਿੰਦੂ ਵੋਟਰਾਂ ਨੂੰ ਵੀ ਕੋਈ ਠੋਸ ਲਾਭ ਨਹੀਂ ਦਿੱਤਾ ਹੈ, ਫਿਰ ਵੀ ਮੁਸਲਮਾਨਾਂ ਦੀ ਜ਼ਿੰਦਗੀ ਨੂੰ ਤਰਸਯੋਗ ਬਣਾਉਣ ਦੇ ਉਸ ਦੇ ਯਤਨਾਂ ਨੇ ਇਸ ਰਾਜ ਦੇ ਨਾਲ-ਨਾਲ ਮੁਲਕ ਦੇ ਬਾਕੀ ਹਿੱਸਿਆਂ ਵਿਚ ਹਿੰਦੂ ਫਿਰਕਾਪ੍ਰਸਤਾਂ ਨੂੰ ਖੁਸ਼ ਕੀਤਾ ਹੈ।
ਉਸ ਦੀ ਕਾਮਯਾਬੀ ਦਾ ਮੁੱਖ ਸਿਹਰਾ ਉਸ ਦੇ ਯੋਗੀਆਂ ਵਾਲੇ ਆਡੰਬਰ ਸਿਰ ਬੱਝਦਾ ਹੈ। ਉਹ ਹਮੇਸ਼ ਗੇਰੂਏ ਬਸਤਰ ਪਹਿਨਦਾ ਹੈ ਅਤੇ ਸਦਾ ਸਿਰ ਘੋਨਮੋਨ ਕਰਾ ਕੇ ਰੱਖਦਾ ਹੈ। ਉਸ ਨੇ ਸ਼ਰਧਾਲੂ ਹਿੰਦੂਆਂ ਦੇ ਚੋਖੇ ਹਿੱਸੇ ਨੂੰ ਯਕੀਨ ਦਿਵਾਇਆ ਹੋਇਆ ਹੈ ਕਿ ਉਹ ਐਸਾ ਵਿਅਕਤੀ ਹੈ ਜੋ ਗੈਰ-ਸਿਆਸੀ ਜੀਵਨ ਜੀਅ ਸਕਦਾ ਹੈ – ਭਾਵੇਂ ਉਹ ਰਾਜ ਵਿਚ ਸਭ ਤੋਂ ਉਚੇ ਰਾਜਨੀਤਿਕ ਅਹੁਦੇ ‘ਤੇ ਬੈਠਾ ਹੈ – ਤੇ ਜੋ ਹਿੰਦੂ ਪਰੰਪਰਾਵਾਂ ਬਹਾਲ ਜਾਂ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਹਿੰਦੂ ਜਨਤਾ ਦੀ ਕਲਪਨਾ ਵਿਚ ਉਹ ਪਹਿਲ ਪ੍ਰਿਥਮੇ ਮੱਠ ਦਾ ਮੁਖੀ ਹੈ। ਇਹ ਅਕਸਰ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਸ ਨੇ ਤਪੱਸਵੀ ਤਰਜ਼ੇ-ਜ਼ਿੰਦਗੀ ਦੀ ਪਾਲਣਾ ਕੀਤੀ ਹੈ: ਉਹ ਸਵੇਰੇ ਸਾਝਰੇ ਉਠਦਾ ਹੈ, ਯੋਗ ਅਭਿਆਸ ਕਰਦਾ ਹੈ ਅਤੇ ਫਿਰ ਲੰਮੀ-ਚੌੜੀ ਪੂਜਾ ਤੋਂ ਬਾਅਦ ਆਪਣੀਆਂ ਦੁਨਿਆਵੀ ਡਿਊਟੀਆਂ ਸਾਂਭ ਲੈਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗਊਸ਼ਾਲਾ ਜਾਣਾ ਉਸ ਦੇ ਨਿੱਤਨੇਮ ਦਾ ਹਿੱਸਾ ਹੈ। ਫਿਰ ਵੀ ਆਮ ਧਾਰਨਾ ਦੇ ਉਲਟ, ਉਸ ਦੇ ਜੀਵਨ ਵਿਚ ਇਕ ਵਕਤ ਐਸਾ ਆਇਆ ਜਦੋਂ ਮੱਠ ਦਾ ਜੀਵਨ ਉਸ ਦੇ ਭਾਗਾਂ ‘ਚ ਨਹੀਂ ਜਾਪਦਾ ਸੀ।
ਪੰਡਤਾਊ ਆਡੰਬਰ ਰਚਦੇ ਹੋਏ ਆਦਿੱਤਿਆਨਾਥ ਨੇ ਆਪਣੇ ਆਪ ਨੂੰ ਹਿੰਦੂ ਸੰਨਿਆਸੀ ਅਤੇ ਕੱਟੜ ਹਿੰਦੂਤਵੀ ਕਾਰਕੁਨ ਦੇ ਸੁਮੇਲ ਵਜੋਂ ਪੇਸ਼ ਕੀਤਾ ਹੈ। ਉਸ ਦੇ ਇਸ਼ਾਰੇ ਅਤੇ ਫਿਰਕੂ ਨਫਰਤ ਦੇ ਐਲਾਨ ਐਨੇ ਸ਼ਰੇਆਮ ਅਤੇ ਅਕਸਰ ਹੁੰਦੇ ਹਨ ਕਿ ਨਰਿੰਦਰ ਮੋਦੀ ਅਤੇ ਉਸ ਦਾ ਸਭ ਤੋਂ ਨਜ਼ਦੀਕੀ ਲਫਟੈਣ ਅਮਿਤ ਸ਼ਾਹ ਵੀ ਉਸ ਦੇ ਮੁਕਾਬਲੇ ਉਦਾਰਵਾਦੀ ਦਿਖਾਈ ਦੇ ਸਕਦੇ ਹਨ। ਜਦੋਂ ਇਕ ਵਾਰ ਉਸ ਨੂੰ ਮੁੱਖ ਮੰਤਰੀ ਵਜੋਂ ਪੈਰ ਜਮਾਉਣ ਦਾ ਪੱਕਾ ਆਧਾਰ ਮਿਲ ਗਿਆ, ਫਿਰ ਉਸ ਦੇ ਤੌਰ-ਤਰੀਕਿਆਂ ਅਤੇ ਨੀਤੀਆਂ ਨੇ ਇਹ ਬਹਿਸ ਭਖਾ ਦਿੱਤੀ ਕਿ ਕੀ ਉਹ ਆਖਿਰਕਾਰ ਮੋਦੀ ਨਾਲੋਂ ਵੱਡੇ ਹਿੰਦੂਤਵੀ ਚਿੰਨ੍ਹ ਵਜੋਂ ਉਭਰ ਸਕਦਾ ਹੈ।
ਨਿਸ਼ਚੇ ਹੀ ਮੋਦੀ ਆਪਣੀ ਪਾਰਟੀ ਦੇ ਕਿਸੇ ਵੀ ਐਸਾ ਹਮਰੁਤਬਾ ਨੂੰ ਬਰਦਾਸ਼ਤ ਨਾ ਕਰਨ ਲਈ ਮਸ਼ਹੂਰ ਹੈ ਜਿਸ ਦੀ ਪ੍ਰਸਿੱਧੀ ਜਾਂ ਸ਼ਖਸੀਅਤ ਦੀ ਤਾਕਤ ਨਾਲ ਉਸ ਦਾ ਆਪਣਾ ਜਲੌਅ ਫਿੱਕਾ ਪੈਂਦਾ ਹੋਵੇ। ਉਹ ਤਾਂ ਖੁਦ ਨੂੰ ਹਿੰਦੂਤਵ ਨੂੰ ਸਮਰਪਿਤ ਤਪੱਸਵੀ ਸਿਆਸਤਦਾਨ ਵਜੋਂ ਪੇਸ਼ ਕਰਦਾ ਹੈ। ਕਈਆਂ ਦਾ ਮੰਨਣਾ ਹੈ ਕਿ ਜਨਤਕ ਅਕਸ ਦੀ ਲੜਾਈ ਵਿਚ, ਮੋਦੀ ਨੂੰ ਆਦਿੱਤਿਆਨਾਥ ਦੀ ਚੁਣੌਤੀ ਦਾ ਸਾਹਮਣਾ ਕਰਨ ਪੈ ਰਿਹਾ ਹੈ ਜਿਸ ਨੂੰ ਦੀਕਸ਼ਿਤ ਯੋਗੀ ਹੋਣ ਦਾ ਲਾਭ ਹੈ – ਇਕ ਸੰਨਿਆਸੀ ਜਿਸ ਲਈ ਭਗਵਾਂ ਉਸ ਦੇ ਸਿਆਸੀ ਬੈਨਰ ਦਾ ਰੰਗ ਨਹੀਂ ਹੈ, ਜਿਵੇਂ ਇਹ ਹੋਰ ਬੀ.ਜੇ.ਪੀ. ਆਗੂਆਂ ਲਈ ਹੋ ਸਕਦਾ ਹੈ ਸਗੋਂ ਇਹ ਉਸ ਦੀ ਫਿਰਕੂ ਸ਼ਨਾਖਤ ਵੀ ਹੈ।
ਆਦਿੱਤਿਆਨਾਥ (ਅਜੈ ਮੋਹਨ ਸਿੰਘ ਬਿਸ਼ਟ) ਦਾ ਜਨਮ 5 ਜੂਨ 1972 ਨੂੰ ਉਤਰਕਾਸ਼ੀ ਜ਼ਿਲ੍ਹੇ ਦੇ ਪਿੰਡ ਮਸਲਗਾਓਂ ਦੇ ਇਕ ਠਾਕੁਰ ਪਰਿਵਾਰ ਵਿਚ ਹੋਇਆ ਜੋ ਹੁਣ ਉਤਰਾਖੰਡ ਵਿਚ ਹੈ। ਉਹ ਜੰਗਲਾਤ ਵਿਭਾਗ ਦੇ ਜੂਨੀਅਰ ਅਧਿਕਾਰੀ ਆਨੰਦ ਸਿੰਘ ਬਿਸ਼ਟ ਅਤੇ ਘਰੇਲੂ ਔਰਤ ਸਾਵਿੱਤਰੀ ਦੇਵੀ ਦੇ ਘਰ ਪੈਦਾ ਹੋਏ ਸੱਤ ਬੱਚਿਆਂ ਵਿਚੋਂ ਪੰਜਵਾਂ ਸੀ। ਆਨੰਦ ਸਿੰਘ ਦੀ ਨੌਕਰੀ ਵਿਚ ਅਕਸਰ ਤਬਾਦਲੇ ਹੁੰਦੇ ਰਹਿੰਦੇ ਸਨ, ਇਸ ਲਈ ਉਸ ਦੇ ਕਰੀਅਰ ਦੇ ਅਖੀਰਲੇ ਹਿੱਸੇ ਵਿਚ ਅਜੈ ਦੇ ਜਨਮ ਤੋਂ ਕੁਝ ਸਾਲ ਬਾਅਦ ਸਾਵਿਤਰੀ ਦੇਵੀ ਅਤੇ ਬੱਚੇ ਜ਼ਿਆਦਾ ਕਰਕੇ ਪੌੜੀ-ਗੜ੍ਹਵਾਲ ਜ਼ਿਲ੍ਹੇ ਵਿਚ ਆਪਣੇ ਪਰਿਵਾਰ ਦੇ ਜੱਦੀ ਪਿੰਡ ਪੰਚੂਰ ‘ਚ ਹੀ ਰਹੇ ਜਿੱਥੇ ਉਹ ਛੁੱਟੀਆਂ ਵਿਚ ਉਨ੍ਹਾਂ ਨੂੰ ਆ ਕੇ ਮਿਲ ਜਾਂਦਾ ਸੀ।
ਅਜੈ ਦੇ ਸ਼ੁਰੂਆਤੀ ਜੀਵਨ ਬਾਰੇ ਜੋ ਵੀ ਸਬੂਤ ਮੌਜੂਦ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਬਚਪਨ ਬਹੁਤ ਸਾਧਾਰਨ ਸੀ। ਉਸ ਦੇ ਮਾਪਿਆਂ ਨੇ ਇਹ ਯਕੀਨੀ ਬਣਾਇਆ ਕਿ ਉਹ ਸਕੂਲ ਜਾਂਦਾ ਰਹੇ ਅਤੇ ਉਹ ਅੱਠਵੀਂ ਜਮਾਤ ਤੱਕ ਥੰਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਿਆ। ਮੁਕਾਮੀ ਗ੍ਰਾਮ ਪੰਚਾਇਤ ਵਿਚ ਕੋਈ ਸੈਕੰਡਰੀ ਸਕੂਲ ਨਹੀਂ ਸੀ, ਇਸ ਲਈ ਉਹ ਟੀਹਰੀ ਜ਼ਿਲ੍ਹੇ ਵਿਚ ਚਲਾ ਗਿਆ ਜਿੱਥੇ ਉਸ ਦਾ ਪਿਤਾ ਨੌਕਰੀ ਕਰਦਾ ਸੀ। ਉਸ ਨੇ ਗਾਜਾ ਦੇ ਇਕ ਸਰਕਾਰੀ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਫਿਰ ਉਸ ਨੂੰ ਰਿਸ਼ੀਕੇਸ਼ ਭੇਜ ਦਿੱਤਾ ਗਿਆ ਜਿੱਥੇ ਉਹ ਆਪਣੇ ਵੱਡੇ ਭਰਾ ਨਾਲ ਰਹਿੰਦਾ ਸੀ। ਉਸ ਨੇ ਸ੍ਰੀ ਭਾਰਤ ਮੰਦਰ ਇੰਟਰ ਕਾਲਜ ਵਿਚ ਦਾਖਲਾ ਲਿਆ ਅਤੇ ਅੰਗਰੇਜ਼ੀ ਤੇ ਹਿੰਦੀ ਦੇ ਨਾਲ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਦੀ ਪੜ੍ਹਾਈ ਦੀ ਲਾਈਨ ਚੁਣੀ।
1989 ‘ਚ ਅਜੈ ਨੇ ਵਿਗਿਆਨ ਦੀ ਡਿਗਰੀ ਕਰਨ ਲਈ ਪੀ.ਜੀ. ਸਰਕਾਰੀ ਕਾਲਜ, ਕੋਟਦਵਾਰ ‘ਚ ਦਾਖਲਾ ਲੈ ਲਿਆ। ਭਾਜਪਾ ਅਤੇ ਹਿੰਦੂ ਰਾਸ਼ਟਰਵਾਦ ਦੀ ਖੁੱਲ੍ਹ ਕੇ ਵਕਾਲਤ ਕਰਨ ਵਾਲੇ ਲੇਖਕ ਸ਼ਾਂਤਨੂ ਗੁਪਤਾ ਦੀ ਲਿਖੀ ਹਾਲੀਆ ਗੁਣਗਾਣ ਨੁਮਾ ਜੀਵਨੀ ਦਾਅਵਾ ਕਰਦੀ ਹੈ ਕਿ ਅਜੈ ਦੀ ਰਾਜਨੀਤੀ ਅਤੇ ਜੋ ਅਧਿਆਤਮਿਕ ਜੀਵਨ ਉਸ ਨੇ ਚੁਣਿਆ, ਉਸ ਵਿਚ ਕਈ ਤਰੀਕਿਆਂ ਨਾਲ ਸਦਾ ਹੀ ਦਿਲਚਸਪੀ ਸੀ। ਇਹ “ਉਤਰਾਖੰਡ ਦੇ ਦੂਰ-ਦਰਾਜ ਇਲਾਕੇ ਦੇ ਨੌਜਵਾਨ ਅਜੈ ਸਿੰਘ ਬਿਸ਼ਟ ਦੀ ਪਰਵਰਿਸ਼ ਦੀ ਕਹਾਣੀ ਹੈ ਜੋ ਗਾਵਾਂ, ਖੇਤਾਂ, ਪਹਾੜਾਂ ਤੇ ਦਰਿਆਵਾਂ ਦਰਮਿਆਨ ਵੱਡਾ ਹੋਇਆ ਅਤੇ ਬਾਅਦ ਵਿਚ ਮਹੰਤ, ਸੰਸਦ ਮੈਂਬਰ ਅਤੇ ਮੁੱਖ ਮੰਤਰੀ ਬਣਿਆ।”
ਕਾਲਜ ਵਿਚ ਅਜੈ ਆਰ.ਐੱਸ.ਐੱਸ. ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਮੈਂਬਰ ਬਣ ਗਿਆ। ਆਪਣੇ ਅੰਤਿਮ ਸਾਲ, 1992 ਵਿਚ ਉਸ ਨੇ ਸਕੱਤਰ ਦੇ ਅਹੁਦੇ ਲਈ ਵਿਦਿਆਰਥੀ ਯੂਨੀਅਨ ਦੀ ਚੋਣ ਲੜੀ। ਉਹ ਆਜ਼ਾਦ ਉਮੀਦਵਾਰ ਸੀ ਅਤੇ ਬੁਰੀ ਤਰ੍ਹਾਂ ਹਾਰਿਆ। ਅਰੁਣ ਤਿਵਾੜੀ ਜਿਸ ਨੇ ਉਹ ਚੋਣ ਜਿੱਤੀ ਸੀ ਅਤੇ ਜੋ ਹੁਣ ਸਮਾਜਵਾਦੀ ਪਾਰਟੀ ਦਾ ਮੈਂਬਰ ਹੈ, ਨੇ ਮੈਨੂੰ ਦੱਸਿਆ, “ਉਹ ਸਾਧਾਰਨ ਵਿਦਿਆਰਥੀ ਸੀ ਅਤੇ ਵਿਦਿਆਰਥੀ ਸਿਆਸਤ ਵਿਚ ਸ਼ਾਇਦ ਹੀ ਸਰਗਰਮ ਸੀ। ਉਸ ਸਾਲ ਸਕੱਤਰ ਦੇ ਅਹੁਦੇ ਲਈ ਨੌਂ ਉਮੀਦਵਾਰ ਮੈਦਾਨ ਵਿਚ ਸਨ। ਮੈਨੂੰ ਯਾਦ ਨਹੀਂ ਹੈ ਕਿ ਉਸ ਨੂੰ ਕਿੰਨੀਆਂ ਵੋਟਾਂ ਪਈਆਂ। ਗਿਣਤੀ ਬਹੁਤ ਘੱਟ ਹੋਣੀ ਚਾਹੀਦੀ ਹੈ ਕਿਉਂਕਿ ਉਹ ਗਿਣਤੀ ‘ਚ ਛੇਵੇਂ ਸਥਾਨ ‘ਤੇ ਆਇਆ ਸੀ।”
ਇਹ ਅਜੈ ਲਈ ਪਰੇਸ਼ਾਨ ਕਰਨ ਵਾਲਾ ਪਲ ਰਿਹਾ ਹੋਵੇਗਾ। ਲੱਕ ਤੋੜਵੀਂ ਹਾਰ ਤੋਂ ਥੋੜ੍ਹੀ ਦੇਰ ਬਾਅਦ ਉਸ ਦੀ ਜ਼ਿੰਦਗੀ ਨਾਟਕੀ ਢੰਗ ਨਾਲ ਬਦਲ ਜਾਵੇਗੀ। ਅਜੈ ਗ੍ਰੈਜੂਏਟ ਹੋ ਗਿਆ ਅਤੇ ਰਿਸ਼ੀਕੇਸ ਚਲਾ ਗਿਆ ਜਿੱਥੇ ਉਸ ਨੇ ਪੰਡਿਤ ਲਲਿਤ ਮੋਹਨ ਸ਼ਰਮਾ ਪੀ.ਜੀ. ਕਾਲਜ ਵਿਚ ਵਿਗਿਆਨ ‘ਚ ਮਾਸਟਰ ਡਿਗਰੀ ਲਈ ਦਾਖਲਾ ਲਿਆ ਪਰ ਲੱਗਦਾ ਹੈ ਕਿ ਉਹ ਆਪਣੀ ਇਕਾਗਰਤਾ ਗੁਆ ਚੁੱਕਾ ਸੀ।
ਸ਼ਾਂਤਨੂ ਗੁਪਤਾ ਲਿਖਦਾ ਹੈ- “ਜਦੋਂ ਉਹ ਐੱਮਐੱਸ.ਸੀ. ਦੇ ਪਹਿਲੇ ਸਾਲ ਵਿਚ ਸੀ, ਉਸ ਨੇ ਗੋਰਖਪੁਰ ਜਾਣਾ ਸ਼ੁਰੂ ਕਰ ਦਿੱਤਾ ਅਤੇ ਮਹੰਤ ਅਵੈਦਿਆਨਾਥ ਨੂੰ ਮਿਲਣ ਲੱਗਾ। ਕੁਝ ਮੁਲਾਕਾਤਾਂ ਤੋਂ ਬਾਅਦ ਅਜੈ ਨੇ ਗੋਰਖਨਾਥ ਮੱਠ ਵਿਚ ਮਹੰਤ ਅਵੈਦਿਆਨਾਥ ਨਾਲ ਪੂਰੇ ਸਮੇਂ ਦੇ ਚੇਲੇ ਵਜੋਂ ਸ਼ਾਮਲ ਹੋਣ ਦਾ ਮਨ ਬਣਾ ਲਿਆ।” ਅਵੈਦਿਆਨਾਥ ਉਦੋਂ ਗੋਰਖਨਾਥ ਮੱਠ ਦਾ ਮੁਖੀ ਸੀ।
ਮੈਂ ਅਜੈ ਦੇ ਕਾਲਜ ਸਮੇਂ ਦੇ ਕਈ ਸਾਬਕਾ ਸਹਿਪਾਠੀਆਂ ਨਾਲ ਗੱਲ ਕੀਤੀ, ਉਨ੍ਹਾਂ ਮੁਤਾਬਿਕ ਉਸ ਸਮੇਂ ਉਸ ਦਾ ਸੰਨਿਆਸੀ ਜੀਵਨ ਵੱਲ ਕੋਈ ਝੁਕਾਅ ਨਹੀਂ ਸੀ। ਅਰੁਣ ਤਿਵਾੜੀ ਅਨੁਸਾਰ, ਅਜੈ ਤਾਂ ਸਗੋਂ ਪੜ੍ਹਾਈ ਤੋਂ ਦੂਰ ਜਾ ਰਿਹਾ ਸੀ ਕਿਉਂਕਿ ਉਸ ਉਪਰ ‘ਆਪਣੇ ਲਈ ਆਰਾਮਦਾਇਕ ਜੀਵਨ ਲੱਭਣ’ ਦਾ ਭੂਤ ਸਵਾਰ ਸੀ। ਤਿਵਾੜੀ ਨੇ ਕਿਹਾ ਕਿ ਇਸ ਦੀ ਪ੍ਰਾਪਤੀ ਲਈ ‘ਉਹ ਆਪਣੇ ਦੂਰ ਦੇ ਚਾਚਾ ਅਵੈਦਿਆਨਾਥ ਪਿੱਛੇ ਗਿਆ’।
ਕੋਟਦਵਾਰ ਵਿਚ ਅਜੈ ਦੇ ਇਕ ਸਾਥੀ ਵਿਦਿਆਰਥੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਮੈਨੂੰ ਦੱਸਿਆ, “ਹਾਲਾਂਕਿ ਉਹ ਏ.ਬੀ.ਵੀ.ਪੀ. ਦਾ ਮੈਂਬਰ ਸੀ ਪਰ ਉਹ ਉਸ ਸਮੇਂ ਦੀਆਂ ਘਟਨਾਵਾਂ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਸੀ ਅਤੇ ਬੇਖਬਰ ਸੀ। ਮੈਂ ਤਾਂ ਹੈਰਾਨ ਹੀ ਰਹਿ ਗਿਆ, ਜਦੋਂ ਮੈਂ ਸੁਣਿਆ ਕਿ ਉਹ ਯੋਗੀ ਬਣ ਗਿਆ ਹੈ, ਕਿਉਂਕਿ ਉਸ ਸਮੇਂ ਉਹ ਨਿਸ਼ਚਿਤ ਤੌਰ ‘ਤੇ ਕਿਸੇ ਵੀ ਰੂਹਾਨੀ ਪ੍ਰਵਿਰਤੀ ਵਾਲਾ ਬੰਦਾ ਨਹੀਂ ਸੀ।” ਇਸ ਗੁਪਤ ਬੰਦੇ ਨੂੰ ਯਾਦ ਹੈ ਕਿ 1992 ਵਿਚ ਜਦੋਂ ਰਾਮ ਮੰਦਰ ਅੰਦੋਲਨ ਸਿਖਰ ‘ਤੇ ਸੀ, ਉਦੋਂ ਵੀ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਜਿੱਥੋਂ ਤੱਕ ਮੈਨੂੰ ਯਾਦ ਹੈ, ਉਹ ਉਸ ਸਾਲ ਦਸੰਬਰ ਵਿਚ ਅਯੁੱਧਿਆ ਨਹੀਂ ਗਿਆ ਸੀ, ਸਿਰਫ 1993 ਵਿਚ ਜਾ ਕੇ ਉਸ ਦਾ ਝੁਕਾਅ ਅਚਾਨਕ ਗੋਰਖਪੁਰ ਵੱਲ ਹੋ ਗਿਆ।
ਇਹ ਸਪਸ਼ਟ ਨਹੀਂ ਹੈ ਕਿ ਅਜੈ ਨੂੰ ਯੋਗੀ ਬਣਨ ਲਈ ਕਿਸ ਗੱਲ ਨੇ ਪ੍ਰੇਰਿਆ। ਕਾਲਜ ਦੇ ਸਾਥੀ ਨੇ ਕਿਹਾ, “1993 ਵਿਚ ਉਹ ਨੌਕਰੀ ਦੀ ਭਾਲ ਵਿਚ ਦਿੱਲੀ ਗਿਆ ਸੀ। ਹਾਲਾਂਕਿ ਉਹ ਆਪਣੀ ਕੋਸ਼ਿਸ਼ ਵਿਚ ਅਸਫਲ ਰਿਹਾ, ਉਹ ਅਵੈਦਿਆਨਾਥ ਨੂੰ ਮਿਲਿਆ ਜਿਸ ਨੂੰ ਕਿਸੇ ਇਲਾਜ ਲਈ ਦਿੱਲੀ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਨੇ ਕੁਝ ਸਮੇਂ ਲਈ ਅਵੈਦਿਆਨਾਥ ਦੀ ਸੇਵਾ ਕੀਤੀ ਅਤੇ ਮਹੰਤ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਰਿਸ਼ੀਕੇਸ਼ ਵਾਪਸ ਆ ਗਿਆ। ਕੁਝ ਮਹੀਨਿਆਂ ਬਾਅਦ ਉਹ ਚੁੱਪਚਾਪ ਗੋਰਖਪੁਰ ਚਲਾ ਗਿਆ।”
ਗੁਪਤਾ ਦੀ ਲਿਖੀ ਜੀਵਨੀ ਵਿਚ ਇਹ ਜ਼ਿਕਰ ਥੋੜ੍ਹਾ ਵੱਖਰੀ ਤਰ੍ਹਾਂ ਪੇਸ਼ ਕੀਤਾ ਗਿਆ ਹੈ: ਜਦੋਂ ਉਹ ਉਸ ਨੂੰ ਦਿੱਲੀ ਦੇ ਹਸਪਤਾਲ ਵਿਚ ਮਿਲਿਆ ਸੀ, ਅਜੈ ਅਵੈਦਿਆਨਾਥ ਲਈ ਕੋਈ ਅਜਨਬੀ ਨਹੀਂ ਸੀ, ਉਸ ਦਾ ਰਾਮ ਮੰਦਰ ਅੰਦੋਲਨ ਲਈ ਪਹਿਲਾਂ ਹੀ ਝੁਕਾਅ ਬਣ ਗਿਆ ਸੀ ਅਤੇ ਉਸ ਨੇ ਗੋਰਖਨਾਥ ਦੇ ਮਹੰਤ ਨਾਲ ਸੰਖੇਪ ਮੁਲਾਕਾਤ ਵੀ ਕੀਤੀ ਸੀ ਜਿਸ ਨੇ ਉਸ ਨੂੰ ਦੱਸਿਆ ਕਿ “ਉਹ ਜਨਮ ਤੋਂ ਯੋਗੀ ਸੀ ਅਤੇ ਉਸ ਨੇ ਇਕ ਦਿਨ ਉਥੇ ਆਉਣਾ ਸੀ।” ਅਜੈ ਦੀ ਗੋਰਖਪੁਰ ਯਾਤਰਾ ਦੇ ਇਸ ਬਿਰਤਾਂਤ ਦਾ ਸਰੋਤ ਅਨਿਸ਼ਚਿਤ ਹੈ; ਗੁਪਤਾ ਨੇ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਕਿਸੇ ਇੰਟਰਵਿਊ ਜਾਂ ਦਸਤਾਵੇਜ਼ ਦਾ ਕੋਈ ਹਵਾਲਾ ਨਹੀਂ ਦਿੱਤਾ ਪਰ ਗੁਪਤਾ ਇਹ ਵੀ ਲਿਖਦਾ ਹੈ ਕਿ ਅਜੈ ਦੇ ਮਾਤਾ-ਪਿਤਾ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ‘ਅਖਬਾਰ ਤੋਂ ਉਸ ਦੇ ਸੰਨਿਆਸ ਬਾਰੇ ਪਤਾ ਲੱਗਾ’। ਉਨ੍ਹਾਂ ਨੇ ਇਹ ਸਮਝਿਆ ਸੀ ਕਿ ਉਹ ਰੁਜ਼ਗਾਰ ਦੇ ਮੌਕਿਆਂ ਦੀ ਭਾਲ ਵਿਚ ਗੋਰਖਪੁਰ ਗਿਆ ਸੀ।
ਕੁਝ ਵੀ ਹੋਵੇ, ਅਜੈ ਨਵੰਬਰ 1993 ਵਿਚ ਬਿਨਾ ਕਿਸੇ ਨੂੰ ਦੱਸੇ ਰਿਸ਼ੀਕੇਸ਼ ਛੱਡ ਕੇ ਚਲਾ ਗਿਆ ਅਤੇ ਇਹ ਨਿਰਾਸ਼ ਨੌਜਵਾਨ ਗੋਰਖਪੁਰ ਪਹੁੰਚ ਗਿਆ। ਉਹ 21 ਸਾਲਾਂ ਦਾ ਸੀ ਜਿਸ ਵਿਚ ਉਦੋਂ ਤੱਕ ਉਸ ਦੇ ਸਹਿਪਾਠੀਆਂ ਨੂੰ ਕੋਈ ਰੂਹਾਨੀ ਝੁਕਾਅ ਨਹੀਂ ਦਿਸਿਆ ਸੀ ਅਤੇ ਉਹ ਮੰਦਰ ਵਿਚ ਆਪਣੇ ਕਰੀਅਰ ਦੀਆਂ ਅਸਪਸ਼ਟ ਉਮੀਦਾਂ ਪਾਲ ਰਿਹਾ ਸੀ।
ਅਗਲੇ ਸਾਲ 15 ਫਰਵਰੀ ਨੂੰ ਅਵੈਦਿਆਨਾਥ ਨੇ ਉਸ ਨੂੰ ਬਾਕਾਇਦਾ ਰਸਮ ਕਰਕੇ ਸਾਧੂ ਬਣਾਇਆ, ਉਸ ਦਾ ਨਾਮ ਆਦਿੱਤਿਆਨਾਥ ਰੱਖਿਆ ਅਤੇ ਉਸ ਨੂੰ ਆਪਣਾ ਜਾਨਸ਼ੀਨ ਐਲਾਨਿਆ। 2011 ਦੇ ਸਿਆਲ ਵਿਚ ਮੈਂ ਅਯੁੱਧਿਆ ਬਾਰੇ ਕਿਤਾਬ ਲਈ ਖੋਜ ਕਰਨ ਲਈ ਗੋਰਖਨਾਥ ਮੰਦਿਰ ਗਿਆ ਜੋ ਮੈਂ ਆਪਣੇ ਇਕ ਸਾਥੀ ਨਾਲ ਮਿਲ ਕੇ ਲਿਖ ਰਿਹਾ ਸੀ। ਮੈਂ ਅਵੈਦਿਆਨਾਥ ਦੀ ਇੰਟਰਵਿਊ ਦਾ ਇੰਤਜ਼ਾਰ ਕਰ ਰਿਹਾ ਸੀ, ਜਦੋਂ ਮੈਂ ਨੇੜੇ ਹੀ ਮਾਮੂਲੀ ਅਤੇ ਗੰਭੀਰ ਦਿੱਖ ਵਾਲਾ ਆਦਮੀ ਦੇਖਿਆ। ਇਹ ਆਦਿੱਤਿਆਨਾਥ ਹੀ ਸੀ ਜੋ ਮੰਦਰ ਦੇ ਗਲਿਆਰੇ ਵਿਚ ਲੱਕੜ ਦੀ ਕੁਰਸੀ ‘ਤੇ ਬੈਠਾ ਸੀ। ਇੰਞ ਜਾਪਦਾ ਸੀ ਕਿ ਉਹ ਮੇਜ ‘ਤੇ ਪਏ ਕਾਗਜ਼ ਪੜ੍ਹਨ ਵਿਚ ਰੁੱਝਿਆ ਹੋਇਆ ਸੀ। ਮੈਨੂੰ ਸ਼ਾਇਦ ਹੀ ਉਹ ਐਨਾ ਕੁ ਵੱਡਾ ਜਾਂ ਐਨਾ ਕੁ ਮਜ਼ਬੂਤ ਲੱਗਿਆ ਕਿ ਉਹ ਹਿੰਦੂਤਵ ਦੇ ਭੜਕਾਊ ਅਕਸ ‘ਚ ਫਿੱਟ ਹੋ ਸਕਦਾ। ਇਕ ਅੱਧਖੜ ਉਮਰ ਦਾ ਆਦਮੀ ਜੋ ਉਸ ਤੋਂ ਕੁਝ ਫੁੱਟ ਦੂਰ ਖੜ੍ਹਾ ਸੀ, ਉਸ ਦੇ ਮੁਕਾਬਲੇ ਲੰਬਾ ਅਤੇ ਮਜ਼ਬੂਤ ਦਿਖਾਈ ਦਿੰਦਾ ਸੀ। ਮੈਂ ਆਦਿੱਤਿਆਨਾਥ ਨੂੰ ਅਵੈਦਿਆਨਾਥ ਨੂੰ ਮਿਲਣ ਦੀ ਗੁਜ਼ਾਰਿਸ਼ ਕੀਤੀ ਅਤੇ ਉਨ੍ਹਾਂ ਦੇ ਸੰਗਠਨ ਹਿੰਦੂ ਯੁਵਾ ਵਾਹਿਨੀ ਬਾਰੇ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਨਹੀਂ ਬੋਲਿਆ। ਮੈਂ ਜ਼ੋਰ ਨਹੀਂ ਪਾਇਆ, ਕਿਉਂਕਿ ਮੇਰਾ ਮੁੱਖ ਉਦੇਸ਼ ਉਸ ਦੇ ਗੁਰੂ ਦੀ ਇੰਟਰਵਿਊ ਲੈਣਾ ਸੀ। ਅੱਧਖੜ ਉਮਰ ਦਾ ਆਦਮੀ ਮੈਨੂੰ ਮੰਦਰ ਦੇ ਨਾਲ ਲੱਗਦੀ ਦੋ ਮੰਜ਼ਿਲਾ ਇਮਾਰਤ ਵਿਚ ਅਵੈਦਿਆਨਾਥ ਦੇ ਪਹਿਲੀ ਮੰਜ਼ਿਲ ਦੇ ਅਪਾਰਟਮੈਂਟ ਵਿਚ ਲੈ ਗਿਆ।
ਗੋਰਖਨਾਥ ਮੰਦਿਰ ਦਾ ਨਾਮ ਗਿਆਰ੍ਹਵੀਂ ਸਦੀ ਦੇ ਰਹੱਸਵਾਦੀ ਗੋਰਕਸ਼ਾਨਾਥ ਤੋਂ ਲਿਆ ਗਿਆ ਹੈ ਜਿਸ ਨੇ ਵਿਆਪਕ ਯਾਤਰਾ ਕੀਤੀ ਸੀ ਅਤੇ ਕਿਹਾ ਜਾਂਦਾ ਹੈ ਕਿ ਉਸ ਨੇ ਬਹੁਤ ਸਾਰੇ ਗ੍ਰੰਥ ਲਿਖੇ ਸਨ ਜੋ ਨਾਥ ਮੱਠ ਪ੍ਰਣਾਲੀ ਦਾ ਆਧਾਰ-ਚੌਖਟਾ ਹਨ। ਗੋਰਖਨਾਥ ਮੱਠ ਨੇ ਬਰਤਾਨਵੀ ਰਾਜ ਤੋਂ ਬਾਅਦ ਸੱਜੇ-ਪੱਖੀ ਰਾਜਨੀਤੀ ਵਿਚ ਕੇਂਦਰੀ ਭੂਮਿਕਾ ਨਿਭਾਈ ਹੈ ਅਤੇ ਆਦਿੱਤਿਆਨਾਥ ਨੂੰ ਇਹ ਵਿਰਾਸਤ ਵਿਚ ਮਿਲੀ ਹੈ। ਅਵੈਦਿਆਨਾਥ ਅਤੇ ਉਸ ਦਾ ਪੂਰਵਜ ਤੇ ਗੁਰੂ ਦਿਗਵਿਜੇ ਨਾਥ ਰਾਮ ਜਨਮ ਭੂਮੀ ਅੰਦੋਲਨ ਦੇ ਮਹੱਤਵਪੂਰਨ ਪੜਾਵਾਂ ‘ਚ ਉਸ ਦੀ ਪ੍ਰਧਾਨਗੀ ਕਰਦਾ ਰਿਹਾ ਜਿਸ ਨੇ ਮੁਲਕ ਵਿਚ ਹਿੰਦੂ ਰਾਸ਼ਟਰਵਾਦ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਦਿੱਤਿਆਨਾਥ ਦੀ ਅਗਵਾਈ ਵਿਚ ਅਯੁੱਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਦੀ ਸ਼ੁਰੂਆਤ ਲਗਭਗ ਇਕ ਸਦੀ ਤੱਕ ਫੈਲੇ ਇਕ ਹਿੰਸਕ ਅਤੇ ਵਿਨਾਸ਼ਕਾਰੀ ਅੰਦੋਲਨ ਦੀ ਸਮਾਪਤੀ ਨੂੰ ਦਰਸਾਉਂਦੀ ਹੈ ਜੋ ਤਿੰਨ ਮਹੰਤਾਂ ਦੀ ਨਿਗਰਾਨੀ ਹੇਠ ਚੱਲਦਾ ਰਿਹਾ। (ਚੱਲਦਾ)