ਆਪਣੀ ਕਲਾ ਦੀ ਬੁਲੰਦੀ ਦਾ ਮਾਣ ਨਗੀਨਾ ਗਮੰਤਰੀ

ਗੁਰਬਚਨ ਸਿੰਘ ਭੁੱਲਰ
ਫੋਨ: +807-636-3058
ਦਿੱਲੀ ਵੱਸਦੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਆਪਣੀਆਂ ਕਹਾਣੀਆਂ ਨਾਲ ਪੰਜਾਬੀ ਸਾਹਿਤ ਜਗਤ ਵਿਚ ਵੱਖਰੀ ਪਛਾਣ ਬਣਾਈ ਹੈ। ਕੁਝ ਸਾਲ ਪਹਿਲਾਂ ਆਏ ਉਨ੍ਹਾਂ ਦੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਜੋ ਪ੍ਰਸਿੱਧ ਲਿਖਾਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ `ਤੇ ਆਧਾਰਿਤ ਸੀ, ਨਾਲ ਵੀ ਉਨ੍ਹਾਂ ਸਾਹਤਿਕ ਹਲਕਿਆਂ ਵਿਚ ਵਾਹਵਾ ਹਲਚਲ ਮਚਾਈ ਸੀ। ਅੱਜ ਕੱਲ੍ਹ ਉਹ ਬਹੁਤਾ ਧਿਆਨ ਵਾਰਤਕ ਵੱਲ ਲਾ ਰਹੇ ਹਨ। ਅਸੀਂ ਉਨ੍ਹਾਂ ਦੀ ਵਾਰਤਕ ਦੀ ਇਕ ਵੰਨਗੀ ‘ਮਾਨਸ ਤੋਂ ਦੇਵਤਾ’ ਦੇ ਰੂਪ ਵਿਚ ਆਪਣੇ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ ਜਿਸ ਵਿਚ ਉਨ੍ਹਾਂ ਕੁਝ ਅਸਾਧਾਰਨ ਸ਼ਖਸੀਅਤਾਂ ਦੇ ਦਿਲਚਸਪ ਅਤੇ ਨਿਆਰੇ ਸ਼ਬਦ ਚਿੱਤਰ ਉਲੀਕੇ ਹਨ।

ਮੇਰੇ ਬਚਪਨ ਸਮੇਂ ਸਾਡੇ ਪਿੰਡਾਂ ਉਤੇ ਰਿਆਸਤੀ ਰਾਜਿਆਂ ਦਾ ਰਾਜ ਹੁੰਦਾ ਸੀ। ਮੇਰਾ ਪਿੰਡ ਪਿੱਥੋ ਨਾਭਾ ਰਿਆਸਤ ਵਿਚ ਸੀ। ਪਿੰਡਾਂ ਦੀਆਂ ਸੱਥਾਂ ਵਿਚ ਅਜਿਹੀਆਂ ਗੱਲਾਂ ਆਮ ਹੀ ਹੁੰਦੀਆਂ ਸਨ ਕਿ ਨਾਭਾ, ਪਟਿਆਲਾ, ਫ਼ਰੀਦਕੋਟ, ਸੰਗਰੂਰ ਆਦਿ ਰਿਆਸਤਾਂ ਦੇ ਰਾਜੇ ਭਲਵਾਨਾਂ, ਵਿਦਵਾਨਾਂ, ਕਵੀਸ਼ਰਾਂ, ਗਮੰਤਰੀਆਂ ਤੇ ਵਜੰਤਰੀਆਂ ਦੀ ਕਦਰ, ਹੌਸਲਾ-ਅਫ਼ਜ਼ਾਈ ਤੇ ਸਾਂਭ-ਸੰਭਾਲ ਕਰਨਾ ਆਪਣਾ ਫ਼ਰਜ਼ ਸਮਝਦੇ ਸਨ। ਕੁਝ ਰਾਜਿਆਂ ਨੂੰ ਸਮਝ ਹੁੰਦੀ, ਕਝ ਦਾ ਸ਼ੌਕ ਹੁੰਦਾ ਤੇ ਬਾਕੀ ਰੀਸੋ-ਰੀਸੀ ਅਜਿਹਾ ਕਰਦੇ।
ਸਾਡੀ ਨਾਭਾ ਰਿਆਸਤ ਦਾ ਮਹਾਰਾਜਾ ਹੀਰਾ ਸਿੰਘ ਗੌਣ ਸੁਣਨ ਦਾ ਬੜਾ ਰਸੀਆ ਸੀ। ਇਹਦਾ ਕਾਰਨ ਉਹਦਾ ਪਹਿਲੇ ਲਗਭਗ ਤਿੰਨ ਦਹਾਕੇ ਪੇਂਡੂ ਕਿਸਾਨੀ ਜੀਵਨ ਜਿਊਣਾ ਸੀ। 1871 ਵਿਚ ਰਾਜਾ ਭਗਵਾਨ ਸਿੰਘ ਦੇ ਬੇਔਲਾਦ ਮਰਨ ਮਗਰੋਂ ਰਿਆਸਤ ਦੇ ਅੰਗਰੇਜ਼ ਪ੍ਰਤੀਨਿਧ ਨੇ ਕੁਰਸੀਨਾਮਾ ਫੜਿਆ ਅਤੇ ਕਿਸੇ ਦਾਅਵੇਦਾਰ ਨੂੰ ਅੰਗਰੇਜ਼-ਵਿਰੋਧੀ ਤੇ ਕਿਸੇ ਨੂੰ ਅੱਯਾਸ਼ ਆਖ ਕੇ ਰੱਦ ਕਰਦਿਆਂ ਆਖ਼ਰ ਸਿੱਧੇ-ਸਾਦੇ ਪੇਂਡੂ ਦੀ ਕਲਪਨਾ ਕਰ ਕੇ ਹੀਰਾ ਸਿੰਘ ਦੇ ਨਾਂ ਉਤੇ ਉਂਗਲ ਰੱਖ ਦਿੱਤੀ। ਦੰਦ-ਕਥਾ ਅਨੁਸਾਰ ਜਦੋਂ ਨਾਭੇ ਤੋਂ ਪਾਲਕੀ-ਬਰਦਾਰ ਉਹਨੂੰ ਪਿੰਡ ਬਡਰੁੱਖਾਂ ਤੋਂ ਲੈਣ ਆਏ, ਉਹ ਖੇਤ ਵਿਚ ਬੈਠਾ ਗਾਜਰਾਂ ਪੁੱਟ ਰਿਹਾ ਸੀ। ਰਿਆਸਤ ਦੇ ਲੋਕ ਪਰਜਾ ਦੀ ਰਹਿਤਲ ਦਾ ਜਾਣੂ ਹੋਣ ਸਦਕਾ ਉਹਨੂੰ ਜੱਟ-ਰਾਜਾ ਆਖਦੇ ਸਨ ਤੇ ਨਿਆਂ ਦੇਣ ਦੇ ਪੱਖੋਂ ਮਹਾਰਾਜਾ ਰਣਜੀਤ ਸਿੰਘ ਨਾਲ ਮੇਲਦੇ ਸਨ। ਉਹਨੇ ਚਾਲੀ ਸਾਲ ਨਾਭਾ ਰਿਆਸਤ ਨੂੰ ਵਧੀਆ ਰਾਜ ਦਿੱਤਾ।
ਲੋਹਾਖੇੜੀਆ ਮੋਦਨ ਤਾਂ ਮਹਾਰਾਜਾ ਹੀਰਾ ਸਿੰਘ ਦਾ ਖਾਸ ਕਿਰਪਾ-ਪਾਤਰ ਸੀ ਹੀ, ਮਹਾਰਾਜਾ ਜੈਤੋ ਦੇ ਇਕ ਉਤਾਰੇ ਸਮੇਂ ਮੋਦਨ ਦੇ ਚੇਲੇ, ਪਿੰਡ ਵੱਡੀ ਗੁਮਟੀ ਦੇ ਖਿੱਦੂ ਦਾ ਗੌਣ ਮਾਣ ਰਿਹਾ ਸੀ। ਉਹਨੇ ਕਲੀ ਚੁੱਕੀ, ‘ਬੰਨ੍ਹ ਲੰਗੋਟਾ ਹੀਰ ਨੈਂ ਵਿਚ ਠਿੱਲ੍ਹ ਪਈ, ਕਰਦੀ ਜਾਂਦੀ ਮਾਹੀ ਮਾਹੀ ਮਾਹੀ!’
ਇਹ ਬੋਲ ਸੁਣ ਕੇ ਹੀਰਾ ਸਿੰਘ ਹੈਰਾਨ ਹੋਇਆ, ‘ਗਮੰਤਰੀਆ, ਜਨਾਨੀ ਦੇ ਲੰਗੋਟ?’
ਖਿੱਦੂ ਕਹਿੰਦਾ, ‘ਮਹਾਰਾਜ, ਜਤ-ਸਤ ਦਾ ਲੰਗੋਟ!’
ਮਹਾਰਾਜੇ ਨੇ ਖਿੱਦੂ ਦੀ ਦਲੀਲ ਤੋਂ ਖ਼ੁਸ਼ ਹੋ ਕੇ ਉਥੇ ਹੀ ਇਕ ਰੁਪਈਆ ਰੋਜ਼ਾਨਾ ਬੰਨ੍ਹ ਦਿੱਤਾ।
ਮਹਾਰਾਜਾ ਸੰਗਰੂਰ ਰਘੁਬੀਰ ਸਿੰਘ ਨੇ ਢੱਡਿਆਂ ਵਾਲਾ ਵਧਾਵਾ ਦਰਬਾਰੀ ਗਮੰਤਰੀ ਰੱਖਿਆ ਹੋਇਆ ਸੀ। ਜਦੋਂ ਇੰਗਲੈਂਡ ਵਿਚ ਪਾਰਲੀਮੈਂਟ ਨੇ ਮਲਕਾ ਵਿਕਟੋਰੀਆ ਨੂੰ ਹਿੰਦੁਸਤਾਨ ਦੀ ਮਹਾਰਾਣੀ ਐਲਾਨਿਆ, ਇਸ ਐਲਾਨ ਦਾ ਜਸ਼ਨ ਦਿੱਲੀ ਵਿਚ ਇਕ ਦਰਬਾਰ ਦੇ ਰੂਪ ਵਿਚ ਮਨਾਇਆ ਗਿਆ। ਵਾਇਸਰਾਇ ਦੇ ਅਜਿਹੇ ਜਸ਼ਨਾਂ ਵਿਚ ਰਿਆਸਤੀ ਰਾਜਿਆਂ ਦਾ ਹਾਜ਼ਰੀ ਭਰਨਾ ਜ਼ਰੂਰੀ ਹੁੰਦਾ ਸੀ। ਕਹਿੰਦੇ, ਮਹਾਰਾਜਾ ਸੰਗਰੂਰ ਵਧਾਵੇ ਨੂੰ ਆਪਣੇ ਨਾਲ ਦਿੱਲੀ ਲੈ ਗਿਆ। ਉਥੋਂ ਦੇ ਕਈ ਦਿਨ ਦੇ ਨਿਵਾਸ ਸਮੇਂ ਉਹ ਉਹਦੇ ਮਹਿਮਾਨ ਰਾਜਿਆਂ, ਅਹਿਲਕਾਰਾਂ ਤੇ ਸਰਦਾਰਾਂ ਦੀਆਂ ਮਹਿਫ਼ਲਾਂ ਦਾ ਸ਼ਿੰਗਾਰ ਬਣਿਆ। ਮਹਾਰਾਜਾ ਪਟਿਆਲਾ ਵੀ ਉਹਦਾ ਕਦਰਦਾਨ ਸੀ। ਕਈ ਧਨਾਡ ਉਹਨੂੰ ਵਿਆਹ-ਸਾਹੇ ਸਮੇਂ ਬੁਲਾਉਂਦੇ। ਉਸ ਜ਼ਮਾਨੇ ਵਿਚ ਉਹਨੂੰ ਸੋਨੇ ਦੀ ਛਾਪ ਤੇ ਸਵਾ ਸੌ ਰੁਪਈਆ ਭੇਟ ਕੀਤਾ ਜਾਂਦਾ; ਸਭ ਸਾਥੀਆਂ ਨੂੰ ਚੁਤਹੀਆਂ ਤੇ ਰਸਦ ਵੱਖਰੀ।
ਫ਼ਰੀਦਕੋਟ ਦੇ ਰਾਜਿਆਂ ਦੀ ਸਿੱਧੀ ਸਰਪ੍ਰਸਤੀ ਅਤੇ ਹਾਜ਼ਰੀ ਸਦਕਾ ਉਥੋਂ ਦਾ ਦਸਹਿਰਾ ਦੂਰ-ਦੂਰ ਤਕ ਮਸ਼ਹੂਰ ਹੋਇਆ। ਦਸਹਿਰੇ ਦੇ ਮੇਲੇ ਵੇਲੇ ਗੌਣ ਤਾਂ ਲੱਗਣੇ ਹੀ ਹੋਏ। ਬੁਢਲਾਡੇ ਨੇੜਲੇ ਪਿੰਡ ਹਸਨਪੁਰ ਦਾ ਜੱਟ ਪਰਤਾਪਾ ਮਹਾਰਾਜੇ ਦਾ ਖਾਸ ਚਹੇਤਾ ਗਮੰਤਰੀ ਸੀ। ਜਾਂ ਫੇਰ ਰਾਊਆਲੇ ਦਾ ਰੁਲੀਆ ਉਹਦੇ ਬਰਾਬਰ ਮੜਿੱਕਦਾ। ਇਹ ਉਹੋ ਰੁਲੀਆ ਸੀ, ਜੀਹਦੇ ਸਾਰੰਗੀ ਦੇ ਗ਼ਜ਼ ਨਾਲ ਤਾਂ ਹਰ ਵਜੰਤਰੀ ਵਾਂਗੂੰ ਘੁੰਗਰੂਆਂ ਦਾ ਗੁੱਛਾ ਬੰਨ੍ਹਿਆ ਹੀ ਹੁੰਦਾ, ਇਕ ਪੈਰ ਨਾਲ ਵੀ ਘੁੰਗਰੂ ਬੰਨ੍ਹੇ ਹੋਏ ਹੁੰਦੇ। ਤਾਲ ਪੂਰਾ ਹੋਣ ਸਮੇਂ ਉਹ ਗ਼ਜ਼ ਦੇ ਹੁਲਾਰੇ ਦੇ ਨਾਲ ਹੀ ਪੈਰ ਦਾ ਅਜਿਹਾ ਛਣਕਾਟਾ ਦਿੰਦਾ ਕਿ ਕੀਲੇ ਹੋਏ ਸਰੋਤੇ ਦੇਖਦੇ ਹੀ ਰਹਿ ਜਾਂਦੇ। ਕਈ ਗਮੰਤਰੀਆਂ ਦੀ ਬੋਲ-ਬਾਣੀ ਵਿਚ ਤਾਂ ਏਨਾ ਰਸ ਹੁੰਦਾ ਤੇ ਉਨ੍ਹਾਂ ਦਾ ਏਨਾ ਨਾਂ ਹੋ ਜਾਂਦਾ ਕਿ ਉਨ੍ਹਾਂ ਨੂੰ ਇਕ ਤੋਂ ਵੱਧ ਰਾਜਿਆਂ ਦੀ ਸਰਪ੍ਰਸਤੀ ਹਾਸਲ ਹੋ ਜਾਂਦੀ।
ਅਜਿਹੇ ਲਗਭਗ ਸਾਰੇ ਗਮੰਤਰੀ ਹੀ ਉਸਤਾਦਾਂ ਤੋਂ ਲਈ ਹੋਈ ਵਿੱਦਿਆ ਅੱਗੇ ਆਪਣੇ ਸ਼ਿਸ਼ਾਂ ਦੇ ਹਵਾਲੇ ਕਰ ਦਿੰਦੇ। ਇਉਂ ਗਮੰਤਰੀਆਂ ਦੀ ਗਾਇਕੀ ਦੇ ਵੀ ਘਰਾਣੇ ਬਣ ਜਾਂਦੇ।
ਤਵਿਆਂ ਅਤੇ ਰੇਡੀਓ ਦਾ ਇਨਕਲਾਬ ਮਾਲਵੇ ਦੇ ਪਿੰਡਾਂ ਤਕ ਪੁੱਜਣ ਤੋਂ ਪਹਿਲਾਂ ਕਵੀਸ਼ਰੀ ਜਥਿਆਂ ਬਾਰੇ ਤਾਂ ਜੇ ਇਹ ਕਹਿ ਲਈਏ ਕਿ ਉਹ ਪਿੰਡ-ਪਿੰਡ ਹੁੰਦੇ ਸਨ, ਕੋਈ ਝੂਠ ਨਹੀਂ ਹੋਵੇਗਾ। ਗਿਣਤੀ ਦੇ ਪੱਖੋਂ ਦੂਜੇ ਥਾਂ ਉਤੇ ਢੱਡ-ਸਾਰੰਗੀ ਵਾਲੇ ਆਉਂਦੇ ਸਨ। ਮੇਰੀ ਚੜ੍ਹਦੀ ਉਮਰੇ ਇਹ ਕਲਾ ਆਪਣੇ ਪੂਰੇ ਜਲੌਅ ਵਿਚ ਸੀ। ਸ਼ਬਦ ਦੀ ਸੁਗੰਧ ਵੀ ਖਿਲਾਰਦੀ ਤੇ ਸੰਗੀਤ ਦਾ ਰਸ ਵੀ ਘੋਲਦੀ।
ਦਿਲਚਸਪ ਗੱਲ ਹੈ ਕਿ ਸਾਡੇ ਇਲਾਕੇ ਵਿਚ ਇਨ੍ਹਾਂ ਨੂੰ ਢਾਡੀ ਨਹੀਂ ਸੀ ਕਿਹਾ ਜਾਂਦਾ, ਗਮੰਤਰੀ ਕਿਹਾ ਜਾਂਦਾ ਸੀ। ਅਨੇਕ ਸ਼ਬਦਾਂ ਵਿਚ ਵ ਨੂੰ ਮ ਉਚਾਰਨ ਦੀ ਮਾਲਵੇ ਦੀ ਆਦਤ ਅਨੁਸਾਰ ਇਹ ਗਮੰਤਰੀ ਸ਼ਬਦ ਗਵੰਤਰੀ, ਭਾਵ ਗਾਉਣ ਵਾਲੇ ਦੀ ਥਾਂ ਬੋਲਿਆ ਜਾਂਦਾ ਸੀ। ਉਨ੍ਹਾਂ ਦੇ ‘ਖਾੜੇ ਨੂੰ ਵੀ ਗੌਣ ਕਿਹਾ ਜਾਂਦਾ ਸੀ। ‘ਚਲੋ ਅਮਕੇ ਪਿੰਡ ਵਾਲੇ ਗਮੰਤਰੀਆਂ ਦਾ ਗੌਣ ਸੁਣਨ ਚੱਲੀਏ।’ ਇਹ ਗਮੰਤਰੀ ਕਿਉਂਕਿ ਗਾਉਣ ਦੇ ਨਾਲ-ਨਾਲ ਸਾਜ਼, ਖਾਸ ਕਰਕੇ ਢੱਡ ਤੇ ਸਾਰੰਗੀ ਵੀ ਵਜਾਉਂਦੇ ਸਨ, ਉਸ ਰੂਪ ਵਿਚ ਇਨ੍ਹਾਂ ਨੂੰ ਵਜੰਤਰੀ ਵੀ ਕਿਹਾ ਜਾਂਦਾ। ‘ਫ਼ਲਾਣਾ ਗਮੰਤਰੀ ਸਾਰੰਗੀ ਦਾ ਵਜੰਤਰੀ ਵੀ ਕਮਾਲ ਦਾ ਹੈ!’ ਕਈ ਗਮੰਤਰੀ ਨਾਲ ਹੀ ਕਵੀਸ਼ਰ ਵੀ ਹੁੰਦੇ, ਕਿਉਂਕਿ ਉਹ ਆਪ ਹੀ ਲਿਖਦੇ ਤੇ ਆਪ ਹੀ ਢੱਡ-ਸਾਰੰਗੀ ਨਾਲ ਗਾਉਂਦੇ।
ਗਮੰਤਰੀ ਆਪਣੀ ਕਲਾ ਦੀ ਮਾਨਤਾ ਸਦਕਾ ਆਪਣੇ ਆਪ ਨੂੰ ਸਵੈਮਾਣ ਦੀ ਨਜ਼ਰ ਨਾਲ ਦੇਖਦੇ ਸਨ। ਇਕ ਕਾਰਨ ਇਹ ਵੀ ਸੀ ਕਿ ਉਹ ਇਹਦਾ ਮੁੱਢ ਨਟਰਾਜ ਤੇ ਸ਼ਕਤੀ ਨਾਲ ਜਾ ਜੋੜਦੇ ਸਨ। ਕਹਿੰਦੇ ਹਨ, ਆਨੰਦ ਮੁਦਰਾ ਵਿਚ ਆਪਣੀ ਬਾਂਹ ਛਾਤੀਆਂ ਉਤੇ ਰੱਖ ਕੇ ਪਈ ਨਿਰਵਸਤਰ ਸ਼ਕਤੀ ਨੂੰ ਨਿਹਾਰਦਿਆਂ ਨਟਰਾਜ ਨੇ ਵੀਨਾ ਦੀ ਕਲਪਨਾ ਕੀਤੀ। ਇਸੇ ਕਲਪਨਾ ਸਦਕਾ ਨਟਰਾਜ ਹੱਥੋਂ ਮਧੁਰ ਸੰਗੀਤ ਸਿਰਜਣ ਵਾਲੇ ਸਾਜ਼ ਵੀਨਾ ਦਾ ਜਨਮ ਹੋਇਆ। ਉਸਦੇ ਰੂਪ ਨੂੰ ਘੱਟ-ਵੱਧ ਬਦਲ ਕੇ ਕਈ ਸਾਜ਼ ਹੋਂਦ ਵਿਚ ਆਏ। ਉਨ੍ਹਾਂ ਬਦਲਵੇਂ ਰੂਪਾਂ ਵਿਚੋਂ ਇਕ ਸਾਰੰਗੀ ਹੈ। ਇਸ ਨੂੰ ਸੰਗੀਤ ਦੇ ਸਾਰੇ ਅੰਗਾਂ, ਭਾਵ ਰੂਪਾਂ ਦਾ ਸਾਰ ਪੇਸ਼ ਕਰ ਸਕਣ ਦੀ ਸਮਰੱਥਾ ਰੱਖਣ ਵਾਲੀ ਹੋਣ ਸਦਕਾ ਸਾਰ-ਅੰਗੀ ਨਾਂ ਮਿਲਿਆ ਜੋ ਸਮਾਂ ਪਾ ਕੇ ਬੋਲਦਿਆਂ-ਬੋਲਦਿਆਂ ਸਾਰੰਗੀ ਬਣ ਗਿਆ। ਹੌਲੀ-ਹੌਲੀ ਸੰਸਾਰ ਭਰ ਵਿਚ ਸਾਰੰਗੀ ਨਾਲ ਮਿਲਦੇ-ਜੁਲਦੇ ਅਨੇਕ ਹੋਰ ਸਾਜ਼ ਵੀ ਵਿਕਸਿਤ ਹੋ ਗਏ।
ਸਾਰੰਗੀ ਮਨੁੱਖੀ ਆਵਾਜ਼ ਦੇ ਸਭ ਤੋਂ ਨੇੜੇ ਦਾ ਸਾਜ਼ ਗਿਣਿਆ ਜਾਂਦਾ ਹੈ। ਪ੍ਰੇਮ ਤੇ ਹੁਲਾਸ ਦੇ ਨਾਲ-ਨਾਲ ਬਿਰਹਾ, ਦਰਦ, ਵਿਯੋਗ ਤੇ ਵੈਰਾਗ, ਆਦਿ ਦੇ ਮਨੁੱਖੀ ਬੋਲ ਜਿੰਨੀ ਸਮਾਨਤਾ ਤੇ ਸਫਲਤਾ ਨਾਲ ਸਾਰੰਗੀ ਕੱਢ ਸਕਦੀ ਹੈ, ਹੋਰ ਕੋਈ ਸਾਜ਼ ਨਹੀਂ ਕੱਢ ਸਕਦਾ ਤੇ ਢੱਡ ਤਾਂ ਹੈ ਹੀ ਸਿੱਧੀ ਨਟਰਾਜ ਦੇ ਡਮਰੂ ਦੀ ਸਕੀ ਭੈਣ। ਫ਼ਰਕ ਸਿਰਫ਼ ਏਨਾ ਹੈ ਕਿ ਡਮਰੂ ਦੀ ਸੂਰਤ ਵਿਚ ਪਰਹਾਰ ਤਣਾਵਾਂ ਦੇ ਸਿਰਿਆਂ ਉਤੇ ਲੱਗੇ ਮਣਕੇ ਕਰਦੇ ਹਨ, ਢੱਡ ਵਜਾਉਂਦਿਆਂ ਵਜਾਵੇ ਦੀਆਂ ਉਂਗਲਾਂ ਪਰਹਾਰ ਕਰਦੀਆਂ ਹਨ। ‘ਜਿੰਨੀ ਨਿੱਕੀ, ਓਨੀ ਤਿੱਖੀ’ ਦੇ ਕਥਨ ਅਨੁਸਾਰ ਨਿੱਕੀ ਜਿਹੀ ਢੱਡ ਜਦੋਂ ਆਪਣੀ ਆਈ ਉਤੇ ਆ ਜਾਂਦੀ ਹੈ, ਸਰੋਤਿਆਂ ਨੂੰ ਵਹਾ ਕੇ ਲੈ ਜਾਂਦੀ ਹੈ। ਇਸੇ ਕਰਕੇ ਗੌਣ ਵਿਚ ਤਾਂ ਠੀਕ ਇਨ੍ਹਾਂ ਦੋਵਾਂ ਸਾਜ਼ਾਂ ਦੀ ਜੋਟੀਦਾਰੀ ਦੀ ਸਰਦਾਰੀ ਰਹੀ ਹੈ ਪਰ ਅੱਗੋਂ ਇਨ੍ਹਾਂ ਦੋਵਾਂ ਸਾਜ਼ਾਂ ਵਿਚੋਂ ਮੀਰੀ ਢੱਡ ਦੀ ਹੀ ਰਹਿੰਦੀ ਹੈ। ਤਦੇ ਹੀ ਤਾਂ ਢੱਡ-ਸਾਰੰਗੀ ਕਿਹਾ ਜਾਂਦਾ ਹੈ, ਸਾਰੰਗੀ-ਢੱਡ ਨਹੀਂ!
ਗਮੰਤਰੀਆਂ ਨੇ ਪ੍ਰਸੰਗ ਕੋਈ ਵੀ ਛੇੜਨਾ ਹੋਵੇ, ਸ਼ੁਰੂਆਤ ਉਹ ਇਸ਼ਟ ਧਿਆਉਣ ਵਾਲੇ ਮੰਗਲਾਚਰਨ ਤੋਂ ਹੀ ਕਰਦੇ। ਸਰਸਵਤੀ ਮਾਂ ਤੋਂ ਗਾਉਣ ਵਿਦਿਆ ਦਾ ਵਰ ਤਾਂ ਮੰਗਿਆ ਹੀ ਜਾਂਦਾ, ਉਹ ਆਪਣੇ ਉਸਤਾਦ ਨੂੰ ਚੇਤੇ ਕਰ ਕੇ ਨਮਸਕਾਰ ਜ਼ਰੂਰ ਕਰਦੇ। ਗਮੰਤਰੀ ਦਾ ਜਾਤ-ਧਰਮ ਕੁਝ ਵੀ ਹੁੰਦਾ, ਉਹ ਦੇਵੀ-ਦੇਵਤਿਆਂ ਤੇ ਬਾਬੇ ਨਾਨਕ ਤੋਂ ਲੈ ਕੇ ਜਤੀਆਂ-ਸਤੀਆਂ, ਸਭ ਨੂੰ ਸਿਮਰਦਾ ਅਤੇ ਪ੍ਰਸੰਗ ਵੀ ਇਕੋ ਜਿਹੇ ਆਦਰ ਨਾਲ ਹਰ ਧਰਮ ਦੇ ਗਾਉਂਦਾ। ਨਗੀਨਾ, ਰੁਲੀਆ, ਵਧਾਵਾ ਆਦਿ ਅਨੇਕ ਗਮੰਤਰੀ ਪੀੜ੍ਹੀਆਂ ਤੋਂ ਗਾਇਕੀ ਨਾਲ ਜੁੜੇ ਹੋਏ ਮਰਾਸੀ ਭਾਈਚਾਰੇ ਵਿਚੋਂ ਸਨ; ਬਰਨਾਲੇ ਵਾਲਾ ਮੱਘਰ ਸ਼ੇਖ਼ ਸੀ, ਧਨੌਲੇ ਵਾਲਾ ਪੂਰਨ ਝਿਉਰ ਸੀ ਤੇ ਛਪਾਰ ਵਾਲਾ ਡੋਗਰ ਤੇਲੀ ਸੀ; ਪਰਤਾਪਾ ਜੱਟ, ਦਿਆ ਰਾਮ ਪੰਡਤ ਤੇ ਖਿੱਦੂ ਮੋਚੀ ਸੀ।
ਗੌਣ ਦਾ ਆਰੰਭ ਕਰਦਿਆਂ ਗੱਲੀਂ ਲਗੇ ਸਰੋਤਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਅਤੇ ਇਕਾਗਰ ਕਰਨ ਵਾਸਤੇ ਗਮੰਤਰੀ ਉਚੀ ਹੇਕ ਕੱਢ ਕੇ ਕੋਈ ਬਹੁਤ ਮਨਮੋਹਕ ਤੇ ਖਿੱਚ-ਭਰਪੂਰ ਦੋਹਰਾ ਛੇੜਦੇ। ਕੁਝ ਬਹੁਤ ਪ੍ਰਚੱਲਿਤ ਦੋਹਰੇ ਇਹ ਸਨ:
ਜੇ ਸੁਖ ਲੈਣਾ ਜਗਤ ਮੇਂ, ਛੱਡ ਦੇ ਗੱਲਾਂ ਚਾਰ।
ਚੋਰੀ, ਜਾਰੀ, ਜਾਮਨੀ, ਚੌਥੀ ਪਰਾਈ ਨਾਰ।…
ਆਸ਼ਕ ਪੜ੍ਹਨ ਨਮਾਜ਼ ਇਸ਼ਕ ਦੀ, ਜਿਸ ਵਿਚ ਹਰਫ਼ ਨਾ ਕੋਈ।
ਜੀਭ ਨਾ ਹਿੱਲੇ, ਬੁੱਲ੍ਹ ਨਾ ਫਰਕਣ, ਪਾਕ ਨਮਾਜ਼ੀ ਸੋਈ।…
ਉਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ।
ਬੋਲ ਬੋਲੀਏ ਮਿੱਠੜਾ, ਫੱਟ ਦਿਲ ਦੇ ਭਰੀਏ।…
ਪਹਿਲਾ ਜਾਦੂ ਰੂਪ ਹੈ, ਦੂਜਾ ਜਾਦੂ ਰਾਗ।
ਤੀਜਾ ਜਾਦੂ ਲੱਛਮੀ, ਚੌਥਾ ਬੰਦੇ ਦਾ ਭਾਗ।…
ਮਾਰਿਆ ਮਰੇ ਕੁਸੰਗ ਦਾ, ਕੇਲੇ ਮੁੱਢ ਕਰੀਰ।
ਉਹ ਝੂਲੇ, ਉਹ ਪੱਛੀਏ, ਚੋਟਾਂ ਸਹੇ ਸਰੀਰ।
ਹਵਾਲੇ ਬਾਣੀ ਵਿਚੋਂ ਵੀ ਦਿੱਤੇ ਜਾਂਦੇ, ਭਾਵੇਂ ਉਚਾਰਨ ਆਮ ਕਰ ਕੇ ਸਰਲ-ਸਿੱਧਾ ਕਰ ਲਿਆ ਜਾਂਦਾ। ਭਗਤ ਕਬੀਰ ਤੇ ਬਾਬਾ ਫ਼ਰੀਦ ਦੇ ਦੋਹੇ ਤੇ ਸ਼ਲੋਕ ਗਮੰਤਰੀਆਂ ਨੂੰ ਖਾਸਾ ਖਿੱਚਦੇ। ਕਿਸੇ ਸੂਰਮੇ ਦਾ ਪ੍ਰਸੰਗ ਛੇੜਨ ਤੋਂ ਪਹਿਲਾਂ ਉਹ ਕਬੀਰ ਜੀ ਨੂੰ ਸਿਮਰਦੇ:
ਜਨਣੀ ਜਨੇ ਤਾਂ ਭਗਤ ਜਨ ਕਿਆ ਦਾਤਾ ਕਿਆ ਸੂਰ।
ਨਹੀਂ ਤਾਂ ਜਨਣੀ ਬਾਂਝ ਰਹੇ ਕਾਹੇ ਗੰਵਾਵੇ ਨੂਰ!
ਕਿਸੇ ਪ੍ਰੇਮ ਪ੍ਰਸੰਗ ਵਿਚ ਵਿਛੜੇ ਪ੍ਰੇਮੀ ਨੂੰ ਮਿਲਣ ਦੀ ਚਾਹ ਵਿਚ ਵਿਆਕੁਲ ਮਨ ਦਾ ਦਰਦ ਗਾਉਣ ਤੋਂ ਪਹਿਲਾਂ ਉਹ ਫ਼ਰੀਦ ਤੋਂ ਬੋਲ ਉਧਾਰੇ ਲੈ ਲੈਂਦੇ:
ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ।
ਇਹ ਦੋ ਨੈਣਾਂ ਮਤ ਛੁਹ, ਮੈਨੂੰ ਪਿਰ ਦੇਖਣ ਦੀ ਆਸ!
ਇਸ਼ਕ ਮਜ਼ਾਜੀ ਵੱਲ ਵਧਦਿਆਂ ਉਹ ਅਜਿਹੇ ਦੋਹਿਰੇ ਲਾਉਂਦੇ:
ਨਾ ਕੋਈ ਬਰਛਾ ਮਾਰਿਆ, ਨਾ ਮਾਰੀ ਤਲਵਾਰ।
ਦੋ ਨੈਣਾਂ ਦਾ ਮਾਰਿਆ, ਤੜਫ਼ੇ ਸਹਿ ਕੇ ਵਾਰ।…
ਮੁੱਛ ਫੁਟੇਂਦਾ ਗੱਭਰੂ, ਹਿੱਕ ਫੁਟੇਂਦੀ ਨਾਰ।
ਵੱਗ ਛੜੇਂਦਾ ਵਹਿੜਕਾ, ਕੀ ਤਿੰਨਾਂ ਅਤਬਾਰ।
ਇਸ ਤਰ੍ਹਾਂ ਆਰੰਭਿਕ ਦੋਹਰੇ ਜਾਂ ਦੋਹਰਿਆਂ ਨਾਲ ਮਾਹੌਲ ਬੰਨ੍ਹ ਕੇ ਉਹ ਅਸਲ ਪ੍ਰਸੰਗ ਵੱਲ ਆਉਂਦੇ।
ਗਮੰਤਰੀ ਮੰਨਦੇ ਸਨ ਕਿ ਇਹ ਰੱਬ ਦੀ ਬਖ਼ਸ਼ਿਸ਼ ਹੈ ਕਿ ਉਹਨੇ ਅਣਗਿਣਤ ਲੋਕਾਂ ਨੂੰ ਇਸ ਤੋਂ ਵਿਰਵੇ ਰੱਖ ਕੇ ਇਸ ਕਲਾ ਨਾਲ ਉਨ੍ਹਾਂ ਦੀ ਝੋਲੀ ਭਰਨ ਦੀ ਕਿਰਪਾ ਕੀਤੀ ਹੈ! ਉਨ੍ਹਾਂ ਦੀ ਨਿਵੇਕਲੀ-ਨਿਆਰੀ ਪੁਸ਼ਾਕ ਵੀ ਆਮ ਲੋਕਾਂ ਤੋਂ ਵੱਖਰੇ ਹੋਣ ਦੀ ਉਨ੍ਹਾਂ ਦੀ ਧਾਰਨਾ ਦਾ ਹੀ ਇਕ ਪ੍ਰਤੱਖ ਰੂਪ ਸੀ। ਕਵੀਸ਼ਰਾਂ ਅਤੇ ਗਵੱਈਆਂ ਦੇ ਕਲਾਕਾਰੀ ਸਵੈਮਾਣ ਦਾ ਜ਼ਿਕਰ ਕਰਦਿਆਂ ਅਜਿਹੀਆਂ ਲੋਕ-ਕਲਾਵਾਂ ਦੇ ਵੱਡੇ ਗਿਆਨੀ ਬਠਿੰਡੇ ਵਾਲੇ ਪ੍ਰੋ. ਕਰਮ ਸਿੰਘ ਨੇ ਇਕ ਬੜੀ ਕਮਾਲ ਦੀ ਗੱਲ ਸੁਣਾਈ ਸੀ।
ਇਕ ਵਾਰ ਪਟਿਆਲੀਆ ਮਹਾਰਾਜਾ ਭੂਪਿੰਦਰ ਸਿੰਘ ਕੁਛ ਦਿਨਾਂ ਵਾਸਤੇ ਬਠਿੰਡੇ ਦੇ ਕਿਲੇ ਵਿਚ ਟਿਕਿਆ ਹੋਇਆ ਸੀ। ਓਦੋਂ ਰਾਜੇ ਨੂੰ ਸਥਾਨਕਤਾ ਨਾਲ ਮੇਲਣ ਵਾਲੀ ਅਹਿਮ ਕੜੀ ਨੰਬਰਦਾਰ-ਜ਼ੈਲਦਾਰ ਹੁੰਦੇ ਸਨ। ਮਹਾਰਾਜੇ ਨੇ ਹਰ ਵੇਲੇ ਸੇਵਾ ਵਿਚ ਤਤਪਰ ਜ਼ੈਲਦਾਰ ਦਸੌਂਧਾ ਸਿੰਘ ਨੂੰ ਕੋਲ ਬੁਲਾਇਆ। ਕਹਿਣ ਲੱਗਾ, ‘ਜ਼ੈਲਦਾਰ ਸਾਹਿਬ, ਸ਼ਾਮ ਵਿਚ ਰਸ ਭਰੀਏ। ਕੋਈ ਬਹੁਤ ਵਧੀਆ ਗਵੱਈਆ-ਗਮੰਤਰੀ ਬੁਲਾਓ।’
ਜ਼ੈਲਦਾਰ ਦੀ ਨਜ਼ਰ ਇਕਦਮ ਨਗੀਨੇ ਵੱਲ ਗਈ। ਉਹਨੇ ਚੌਕੀਦਾਰ ਨੂੰ ਆਵਾਜ਼ ਦਿੱਤੀ, ‘ਜਾ ਬਈ, ਤੂੰ ਨਗੀਨੇ ਦੇ ਘਰ ਜਾ।’ ਜ਼ੈਲਦਾਰ ਸਾਹਿਬ?’
ਏਨੇ ਨੂੰ ਦਸੌਂਧਾ ਸਿੰਘ ਨੂੰ ਖ਼ਿਆਲ ਆਇਆ, ਨਗੀਨੇ ਨੇ ਲਾਗੀ ਭੇਜੇ ਤੋਂ ਤਾਂ ਆਉਣਾ ਨਹੀਂ; ਪੂਰਾ ਆਕੜਖੋਰ ਬੰਦਾ ਹੈ! ਉਹ ਬੋਲਿਆ, ‘ਬੱਸ ਚੌਕੀਦਾਰਾ, ਤੂੰ ਰਹਿਣ ਦੇ। ਜਾ, ਆਬਦਾ ਕੰਮ ਕਰ।’
ਜ਼ੈਲਦਾਰ ਆਪ ਚੱਲ ਕੇ ਨਗੀਨੇ ਦੇ ਘਰ ਗਿਆ। ਉਹਦਾ ਜ਼ੈਲਦਾਰ ਨੂੰ ਘਰ ਆਇਆ ਦੇਖ ਕੇ ਹੈਰਾਨ ਹੋਣਾ ਕੁਦਰਤੀ ਸੀ, ‘ਆਓ ਮਹਾਰਾਜ ਜ਼ੈਲਦਾਰ ਸਾਹਿਬ, ਗ਼ਰੀਬ ਦੇ ਘਰ ਦਾ ਰਾਹ ਕਿਵੇਂ ਭੁੱਲ ਗਏ?’
ਜ਼ੈਲਦਾਰ ਨੇ ਵਿਅੰਗ ਜਿਹੇ ਨਾਲ ਕਿਹਾ, ‘ਤੂੰ ਕਿਥੋਂ ਦਾ ਗ਼ਰੀਬ ਨਗੀਨਿਆ, ਤੈਨੂੰ ਤਾਂ ਖ਼ੁਦਾ ਨੇ ਕਲਾ ਦੀਆਂ ਦੌਲਤਾਂ ਝੋਲੀਆਂ ਭਰ-ਭਰ ਬਖ਼ਸ਼ੀਆਂ ਨੇ! ਤਦੇ ਤਾਂ ਚੱਲ ਕੇ ਤੇਰੇ ਦਰ `ਤੇ ਆਏ ਹਾਂ।’
ਨਗੀਨੇ ਨੇ ਹੱਥ ਜੋੜੇ, ‘ਹੁਕਮ?’
ਜ਼ੈਲਦਾਰ ਬੋਲਿਆ, ‘ਤੈਨੂੰ ਪਤਾ ਹੀ ਹੋਵੇਗਾ, ਮਹਾਰਾਜਾ ਸਾਹਿਬ ਨੇ ਕਿਲੇ ਵਿਚ ਉਤਾਰਾ ਕੀਤਾ ਹੋਇਆ ਹੈ। ਉਨ੍ਹਾਂ ਨੇ ਸ਼ਾਮ ਨੂੰ ਗੌਣ ਸੁਣਨ ਦੀ ਇੱਛਾ ਦੱਸੀ ਹੈ। ਆਥਣੇ ਕਿਲੇ ਵਿਚ ਆ ਜਾਈਂ।’
ਨਗੀਨੇ ਨੇ ਝੱਟ ਸਵਾਲ ਕੀਤਾ, ‘ਜ਼ੈਲਦਾਰਾ, ਮਹਾਰਾਜਾ ਗੌਣ ਸੁਣਨ ਜਾਣਦਾ ਵੀ ਹੈ?’
ਜ਼ੈਲਦਾਰ ਉਹਦਾ ਸਵਾਲ ਸੁਣ ਕੇ ਹੈਰਾਨ ਰਹਿ ਗਿਆ। ਬੋਲਿਆ, ‘ਕੀ ਕਮਲੀਆਂ ਮਾਰਦਾ ਏਂ, ਨਗੀਨਿਆ, ਮਹਾਰਾਜਾ ਸਾਹਿਬ ਗੌਣ ਸੁਣਨ ਵੀ ਨਹੀਂ ਜਾਣਦੇ?’
ਨਗੀਨਾ ਕਹਿੰਦਾ, ‘ਜਿਵੇਂ ਗਾਉਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ, ਜ਼ੈਲਦਾਰ ਸਾਹਿਬ, ਸੁਣਨਾ ਵੀ ਹਰੇਕ ਦੇ ਵੱਸ ਨਹੀਂ ਹੁੰਦਾ।…ਖ਼ੈਰ, ਜੇ ਮਹਾਰਾਜਾ ਸਾਡਾ ਗੌਣ ਸੁਣਨ ਦਾ ਚਾਹਵਾਨ ਹੈ ਤਾਂ ਜ਼ਰੂਰ ਸੁਣਾਵਾਂਗੇ ਪਰ ਇਕ ਕੰਮ ਕਰਿਓ, ਕਿਲੇ ਵਿਚ ਮੇਰੇ ਗਾਉਣ ਵਾਲੀ ਥਾਂ ਦੇ ਨੇੜੇ ਕੱਕੇ ਰੇਤੇ ਦੇ ਚਾਰ ਗੱਡੇ ਵਿਛਵਾ ਦੇਣੇ। ਤੇਰੇ ਮਹਾਰਾਜੇ ਨੂੰ ਮੇਰਾ ਗੌਣ ਸੁਣਨ ਸੁਰਗਾਂ ਵਿਚੋਂ ਚੱਲ ਕੇ ਆਈ ਮਾਈ ਹੀਰ ਦੀਆਂ ਸੱਜਰੀਆਂ ਪੈੜਾਂ ਵਿਖਾਵਾਂਗੇ!’
ਵਾਹ! ਇਹ ਸੀ ਗਮੰਤਰੀਆਂ ਦੀ ਕਲਾ ਤੇ ਇਹ ਸੀ ਉਸ ਨਾਲ ਜੁੜਿਆ ਹੋਇਆ ਸਵੈਮਾਣ ਤੇ ਇਹ ਇਸੇ ਸਵੈਮਾਣੀ ਕਲਾ ਦਾ ਸਿੱਟਾ ਸੀ ਕਿ ਉਸ ਸ਼ਾਮ ਮਹਾਰਾਜਾ ਭੂਪਿੰਦਰ ਸਿੰਘ ਨੇ ਨਗੀਨੇ ਦੀ ਗਾਇਕੀ ਤੋਂ ਗਦਗਦ ਹੋ ਕੇ ਵੀਹ ਕਿੱਲੇ ਜ਼ਮੀਨ ਉਹਦੇ ਨਾਂ ਕਰ ਦਿੱਤੀ!