ਸਾਡੀ ਰੋਟੀ ਬਨਾਮ ਮਰਜਾਣੇ ਮਾਨ ਦੀ ਰੋਟੀ

-ਸਵਰਨ ਸਿੰਘ ਟਹਿਣਾ
ਫੋਨ: 91-98141-78883
ਗੁਰਦਾਸ ਮਾਨ ਪੰਜਾਬੀਆਂ ਦਾ ਸਭ ਤੋਂ ਵੱਧ ਸਤਿਕਾਰਿਆ ਕਲਾਕਾਰ ਹੈ ਤੇ ਸ਼ਾਇਦ ਇਸੇ ਕਰਕੇ ਬਹੁਗਿਣਤੀ ਪੰਜਾਬੀ ਇਕ-ਦੂਜੇ ਦੀ ਰੀਸੇ ਉਸ ਨੂੰ ‘ਬਾਬਾ ਗਾਇਕ’ ਕਹਿ ਬੁਲਾਉਂਦੇ ਨੇ। ਗੁਰਦਾਸ ਨੇ ਅੱਜ ਤੱਕ ਜ਼ਿਆਦਾਤਰ ਚੰਗਾ ਹੀ ਗਾਇਆ ਤੇ ਜਿਹੜੇ ਕੁਝ ‘ਤੇ ਥੋੜ੍ਹੀ-ਬਹੁਤ ਕਿੰਤੂ ਹੋ ਸਕਦੀ ਸੀ, ਉਹ ਉਸ ਦੀ ਵੱਡ ਅਕਾਰੀ ਸ਼ਖਸੀਅਤ ਕਰਕੇ ਨਹੀਂ ਹੋਈ। ਉਸ ਦੇ ਹੱਕ ਵਿਚ ਇਹ ਗੱਲ ਜਾਂਦੀ ਹੈ ਕਿ ਉਸ ਖਾਤਰ ਜਜ਼ਬਾਤੀ ਸਰੋਤੇ ਲੜ ਸਕਦੇ ਨੇ। ਜਿਵੇਂ ਕਿਸੇ ਡੇਰੇ ਵਾਲੇ ਬਾਬੇ ਨੂੰ ਮਾੜਾ ਕਹਿਣ ‘ਤੇ ਕਈ ਸ਼ਰਧਾਵਾਨ ਅੱਖਾਂ ਕੱਢਣ ਲੱਗਦੇ ਨੇ, ਉਵੇਂ ਗੁਰਦਾਸ ਦੀ ਗਾਇਕੀ ਜਾਂ ਸ਼ਖਸੀਅਤ ਵਿਚ ਨੁਕਸ ਕੱਢਿਆ ਜਾਵੇ ਤਾਂ ਕਈਆਂ ਨੂੰ ਚੰਗਾ ਨਹੀਂ ਲੱਗਦਾ।
ਸੱਚੀ ਗੱਲ ਹੈ ਕਿ ਗੁਰਦਾਸ ਨੇ ਪੰਜਾਬੀ ਗਾਇਕੀ ਨੂੰ ਗਿੱਦੜਬਾਹਾ ਤੋਂ ਉਠ ਉਥੋਂ ਤੱਕ ਪੁਚਾਇਆ, ਜਿੱਥੋਂ ਤੱਕ ਦਾ ਸੁਪਨਾ ਕੋਈ ਨਹੀਂ ਲੈ ਸਕਦਾ। ਸ਼ਾਇਦ ਉਹ ਪੰਜਾਬ ਦਾ ਪਹਿਲਾ ਫ਼ਨਕਾਰ ਹੋਏਗਾ, ਜਿਸ ਦੀ ਮਾਇਆ ਨਗਰੀ ਵਿਚ ਵੀ ਚੋਖੀ ਪਛਾਣ ਹੈ। ਬਾਲੀਵੁੱਡ ਦੇ ਵੱਡੇ ਅਦਾਕਾਰ ਗੁਰਦਾਸ ਦਾ ਨਾਂ ਸਤਿਕਾਰ ਨਾਲ ਲੈਂਦੇ ਹਨ। ਭਾਵ ਉਸ ਨੇ ਆਪਣੀ ਅੱਡਰੀ ਪਛਾਣ ਬਣਾਈ ਤੇ ਬਣੀ ਹੋਈ ਪਛਾਣ ਕਈ ਤਰ੍ਹਾਂ ਦੇ ਯਤਨ ਕਰਕੇ ਖੂਬ ਸੰਭਾਲੀ ਹੈ। ਇਕ ਵੇਲ਼ਾ ਸੀ ਜਦੋਂ ਗੁਰਦਾਸ ‘ਤੇ ਵਕਤ ਦਾ ਰੰਗ ਚੜ੍ਹਦਾ ਜਾਪਣ ਲੱਗਾ ਸੀ ਤੇ ਉਹ ‘ਪੰਜ ਉਂਗਲਾਂ ਵਿਚ ਪੰਜ ਪੰਜ ਛੱਲੇ’ ਗਾਉਂਦਾ ਦਿਸਿਆ ਸੀ, ਪਰ ਬਾਅਦ ਵਿਚ ਉਸ ਨੇ ਧਾਰ ਲਿਆ ਕਿ ਗਾਇਕੀ ਜਿਹੜਾ ਮੋੜ ਮਰਜ਼ੀ ਕੱਟੇ, ਮੇਰੇ ਗਾਣਿਆਂ ਦੇ ਵਿਸ਼ੇ ਗਿੱਦੜਬਾਹੇ ਦੀ ਮਿੱਟੀ ਵਰਗੇ ਹੀ ਰਹਿਣਗੇ ਤੇ ਇਹ ਫਾਰਮੂਲਾ ਉਸ ਨੂੰ ਏਨਾ ਰਾਸ ਆਇਆ ਕਿ ਅੱਜ ਤੱਕ ਉਸ ਬਰਾਬਰ ਖੜ੍ਹਨ ਵਾਲਾ ਕੋਈ ਨਹੀਂ।
ਪੰਜਾਬੀ ਗਾਇਕੀ ‘ਚ ਚਾਰ-ਚਾਰ ਸਾਲ ਬੜਿਆਂ ਦੀ ਚੜ੍ਹਤ ਰਹੀ, ਕਦੇ ਮਿਸ ਪੂਜਾ ਦਾ ਦੌਰ, ਕਦੇ ਬਿਹੂਮੀਆ ਦਾ ਤੇ ਕਦੇ ਹਨੀ ਸਿੰਘ ਦਾ, ਪਰ ਥੋੜ੍ਹੇ ਸਮੇਂ ਬਾਅਦ ਇਨ੍ਹਾਂ ਦੀ ਪਛਾਣ ਮੱਠੀ ਪੈ ਜਾਂਦੀ ਹੈ, ਜਦਕਿ ਗੁਰਦਾਸ ਅਡਿੱਗ ਹੈ, ਅਡੋਲ ਹੈ। ਵਕਤੀ ਕਲਾਕਾਰ ਇਕ ਦਮ ਆਤਿਸ਼ਬਾਜ਼ੀ ਵਾਂਗ ਛੂੰ ਕਰਕੇ ਉਤਾਂਹ ਜਾਂਦੇ ਨੇ, ਪਰ ਅਗਲੇ ਪਲ਼ ਪਤਾ ਨਹੀਂ ਲੱਗਦਾ ਕਿ ਉਹ ਆਤਿਸ਼ਬਾਜ਼ੀ ਕਿਨ੍ਹਾਂ ਦੇ ਕੋਠੇ ‘ਤੇ ਡਿੱਗੀ ਹੈ।
ਇਨ੍ਹੀਂ ਦਿਨੀਂ ਗੁਰਦਾਸ ਮਾਨ ਦੀ ਨਵੀਂ ਐਲਬਮ ‘ਰੋਟੀ’ ਦੀ ਚਰਚਾ ਚੱਲ ਰਹੀ ਹੈ। ਇਹ ਚਰਚਾ ਹੋਣੀ ਵੀ ਸੀ, ਕਿਉਂਕਿ ਇਕ ਪਾਸੇ ਜਦੋਂ ਪੰਜਾਬ ਦੇ ਕਲਾਕਾਰ ‘ਹਮਰ’, ‘ਓਡੀ’, ‘ਫਰਾਰੀ’ ਗੱਡੀਆਂ, ‘ਐਪਲ’ ਦੇ ਫੋਨਾਂ, ‘ਗੂਚੀ’ ਦੀਆਂ ਐਨਕਾਂ, ਬਰੈਂਡਿਡ ਕੱਪੜਿਆਂ, ਮਹਿੰਗੇ ਪੀæਜੀ ਅਤੇ ਫਾਈਵ ਸਟਾਰ ਹੋਟਲਾਂ ‘ਚ ਮਸਤੀਆਂ ਦੀਆਂ ਗੱਲਾਂ ਗਾਣਿਆਂ ਜ਼ਰੀਏ ਕਰਦੇ ਨੇ ਤਾਂ ਗੁਰਦਾਸ ਮਜ਼ਦੂਰਾਂ, ਮੋਚੀਆਂ, ਵਿਦੇਸ਼ਾਂ ‘ਚ ਰੋਜ਼ੀ ਲਈ ਰੁਲਦਿਆਂ ਅਤੇ ਹੋਰ ਲੋੜਵੰਦਾਂ ਦੀਆਂ ਗੱਲਾਂ ਕਰਦਾ ਹੈ। ਉਹ ਇਸ ਗੱਲ ਦਾ ਅਰਥ ਚੰਗੀ ਤਰ੍ਹਾਂ ਸਮਝਾਉਂਦਾ ਹੈ ਕਿ ਉਸ ਰੋਟੀ ਦਾ ਵੀ ਕੀ ਖਾਣਾ, ਜਿਹੜੀ ਖਾ ਕੇ ਹਜ਼ਮ ਨਾ ਹੋਵੇ।
ਕਹਿਣ ਦਾ ਭਾਵ ਹੈ ਕਿ ਉਹ ਜ਼ਮੀਨੀ ਹਕੀਕਤ ਦੀ ਗੱਲ ਕਰਦਾ ਹੈ ਕਿ ਚੋਰ ‘ਚੋਰੀ’ ਰੋਟੀ ਲਈ ਕਰਦਾ ਹੈ, ਪਾਠੀ ‘ਪਾਠ’ ਰੋਟੀ ਲਈ ਕਰਦਾ ਹੈ, ਗਾਉਣ ਵਾਲਾ ਗਾਉਂਦਾ ਰੋਟੀ ਲਈ ਹੈ, ਡਾਕਟਰ ਡਾਕਟਰੀ ਰੋਟੀ ਲਈ ਕਰਦਾ ਹੈ, ਭਿਖਾਰੀ ਮੰਗਦਾ ਰੋਟੀ ਲਈ ਹੈ, ਵਗੈਰਾ-ਵਗੈਰਾ।
ਅਸੀਂ ‘ਰੋਟੀ’ ਨੂੰ ਕਈ ਵਾਰ ਸੁਣਿਆ ਹੈ ਤੇ ਗੁਰਦਾਸ ਦੀਆਂ ਕਈ ਗੱਲਾਂ ਤੋਂ ਬਲਿਹਾਰੇ ਜਾਣ ਨੂੰ ਮਨ ਕਰਦਾ ਹੈ। ਪਰ ਕਦੇ-ਕਦੇ ਗੁਰਦਾਸ ਦੇ ਦੋਹਰੇ ਮਾਪਦੰਡ ਦੁਖੀ ਵੀ ਕਰ ਛੱਡਦੇ ਨੇ। ‘ਰੋਟੀ’ ਗਾਣੇ ‘ਚ ਸਮੇਂ ਦਾ ਸੱਚ ਬਿਆਨਦਿਆਂ ਉਸ ਨੇ ‘ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ, ਸੁਬ੍ਹਾ, ਸ਼ਾਮ ਦੁਪਹਿਰ ਨੂੰ ਖਾਈ ਰੋਟੀ’, ਆਖਿਆ ਹੈ ਤੇ ਰੋਟੀ ਬਾਰੇ ਉਸ ਨੇ ਕਈ ਤਰ੍ਹਾਂ ਦੇ ਤਰਕ ਪੇਸ਼ ਕੀਤੇ ਨੇ। ਪਰ ਬਹੁਤ ਘੱਟ ਗਿਣਤੀ ਲੋਕਾਂ ਨੁੰ ਪਤਾ ਹੋਏਗਾ ਕਿ ਗੁਰਦਾਸ ਦੀ ‘ਰੋਟੀ’ ਚੰਡੀਗੜ੍ਹ ਦੇ ਇਕ ਪੰਜ ਤਾਰਾ ਹੋਟਲ ਵਿਚ ਰਿਲੀਜ਼ ਕੀਤੀ ਗਈ ਹੈ, ਜਿੱਥੇ ਇਕ ਬੰਦੇ ਦੀ ‘ਰੋਟੀ’ ਦਾ ਖਰਚ ਤਿੰਨ ਹਜ਼ਾਰ ਦੇ ਨੇੜੇ-ਤੇੜੇ ਹੋਏਗਾ। ਸਾਡੀ ਜਾਚੇ ਜੇ ਗੁਰਦਾਸ ਸੱਚੀਂਮੁੱਚੀਂ ਗੱਲ ਨੂੰ ਹਕੀਕੀ ਰੂਪ ਦੇਣਾ ਚਾਹੁੰਦਾ ਸੀ ਤਾਂ ਇਹ ਐਲਬਮ ਉਸ ਨੂੰ ਮਜ਼ਦੂਰਾਂ ਕੋਲੋਂ, ਮੋਚੀਆਂ ਕੋਲੋਂ, ਭਿਖਾਰੀਆਂ ਕੋਲੋਂ ਜਾਂ ਏਹੋ ਜਹੇ ਥੁੜ੍ਹਾ ਮਾਰੇ ਹੋਰ ਲੋਕਾਂ ਵਿਚ ਖੜ੍ਹ ਕੇ ਰਿਲੀਜ਼ ਕਰਨੀ ਚਾਹੀਦੀ ਸੀ ਤਾਂ ਜੋ ਲੋਕਾਂ ਵਿਚ ਸੁਨੇਹਾ ਜਾਂਦਾ ਕਿ ‘ਬਾਬਾ ਗਾਇਕ’ ਜੋ ਕਹਿੰਦੈ, ਕਰਦਾ ਵੀ ਉਹੀ ਹੈ।
ਦੂਜੀ ਗੱਲ ਗੁਰਦਾਸ ਨੇ ਗਾਣੇ ਵਿਚ ਕਿਹਾ ਹੈ ਕਿ ‘ਓਨੀ ਖਾਈਂ ਮਾਨਾ ਜਿੰਨੀ ਹਜ਼ਮ ਹੋ ਜੇ’, ਪਰ ਆਪ ‘ਬਾਬਾ ਜੀ’ ਸੱਤ-ਅੱਠ ਲੱਖ ਰੁਪਿਆ ਪ੍ਰਤੀ ਪ੍ਰੋਗਰਾਮ ਲੈਂਦੇ ਨੇ, ਜਦਕਿ ਏਨੀ ਮਹਿੰਗੀ ਰੋਟੀ ਖਾਧੇ ਬਿਨਾਂ ਵੀ ਗੁਜ਼ਾਰਾ ਹੋ ਸਕਦਾ ਏ ਤੇ ‘ਮਹਾਨ ਭਾਰਤ’ ਵਿਚ ਅਜਿਹੇ ਲੋਕਾਂ ਦੀ ਗਿਣਤੀ ਘੱਟ ਨਹੀਂ ਜੋ ਭੁੱਖੇ ਢਿੱਡ ਸੌਣ ਲਈ ਮਜਬੂਰ ਨੇ।
ਤੀਜੀ ਗੱਲ, ਜਿਸ ਤਰ੍ਹਾਂ ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ’ ਗੀਤ ਦੀ ਰਫ਼ਤਾਰ ਮੱਠੀ-ਮੱਠੀ ਸੀ ਤੇ ਉਹ ਗੀਤ ਗਾਉਣ ਨਾਲੋਂ ਵੱਧ ਸਮਝਾਉਣ ਕਰਕੇ ਚਰਚਾ ਵਿਚ ਆਇਆ, ‘ਰੋਟੀ’ ਵੀ ਉਸੇ ਅੰਦਾਜ਼ ਵਾਲਾ ਗੀਤ ਸੀ, ਜਿਸ ਨੂੰ ਸਾਡੇ ਖਿਆਲ ਮੁਤਾਬਕ ਏਨੀ ਤੇਜ਼ ਬੀਟ ‘ਤੇ ਨਾ ਗਾਇਆ ਜਾਂਦਾ ਤਾਂ ਵੀ ਵਧੀਆ ਰਹਿੰਦਾ। ਜੇ ਵੀਡੀਓ ਵਿਚ ਏਨੇ ਢੋਲ-ਢਮੱਕੇ ਨਾ ਹੁੰਦੇ ਤਾਂ ਗੀਤ ਦੀ ਸਾਰਥਿਕਤਾ ਜ਼ਿਆਦਾ ਉਭਰਨੀ ਸੀ, ਇਹ ਵੱਖਰੀ ਗੱਲ ਹੈ ਕਿ ‘ਬਾਬੇ ਦੇ ਭਗਤਾਂ’ ਨੂੰ ਇਹ ਹਾਲੇ ਵੀ ਠੀਕ ਲੱਗਦਾ ਹੈ। ਕਈ ਵੀਡੀਓ ਡਾਇਰੈਕਟਰਾਂ ਦਾ ਕਹਿਣਾ ਹੈ ਕਿ ਇਸ ਗੀਤ ਦਾ ਫ਼ਿਲਮਾਂਕਣ ਵੀ ਸੱਚਾਈ ਅਧਾਰਤ ਹੀ ਹੋਣਾ ਚਾਹੀਦਾ ਸੀ ਕਿ ਕਿਵੇਂ ਮਜ਼ਦੂਰ ਰੋਟੀ ਲਈ ਮਜ਼ਦੂਰੀ ਕਰ ਰਿਹਾ ਹੈ, ਕੋਈ ਰੋਟੀ ਲਈ ਕੀ ਪਾਪੜ ਵੇਲ ਰਿਹੈ ਤੇ ਕੋਈ ਕੀ।
ਕੋਈ ਹੋਰ ਕਲਾਕਾਰ ‘ਰੋਟੀ’ ਵਾਲਾ ਗੀਤ ਰੈਪ ਪਾ-ਪਾ ਗਾਈ ਜਾਂਦਾ ਜਾਂ ਇਸ ਨੂੰ ਬੀਚ ‘ਤੇ ਫ਼ਿਲਮਾਈ ਜਾਂਦਾ ਤਾਂ ਨਾ ਸਾਨੂੰ ਇਸ ਗੱਲ ‘ਤੇ ਕੋਈ ਬਹੁਤੀ ਹੈਰਾਨੀ ਹੋਣੀ ਸੀ ਤੇ ਨਾ ਹੀ ਹੋਰਾਂ ਨੂੰ, ਕਿਉਂਕਿ ਕਲਾਕਾਰਾਂ ਤੋਂ ਇਨ੍ਹਾਂ ਯਭਲੀਆਂ ਦੀ ਹੀ ਆਸ ਹੁੰਦੀ ਹੈ। ਪਰ ਗੁਰਦਾਸ ਕਿਉਂਕਿ ‘ਗੁਰੂ ਦਾ ਦਾਸ’ ਹੈ, ਇਸ ਕਰਕੇ ਉਸ ਕੋਲੋਂ ਹੋਰਾਂ ਤੋਂ ਜ਼ਿਆਦਾ ਉਮੀਦਾਂ ਹੋ ਜਾਂਦੀਆਂ ਨੇ।
ਓਦਾਂ ਇਕ ਗੱਲ ਚੰਗੀ ਵੀ ਹੈ ਕਿ ‘ਰੋਟੀ’ ਵਪਾਰਕ ਨਾਲੋਂ ਰੂਹਦਾਰੀ ਵਾਲੀ ਐਲਬਮ ਜ਼ਿਆਦਾ ਹੈ ਤੇ ਇਸ ਦਾ ਹਰ ਗੀਤ ਗੁਰਦਾਸ ਦੇ ਪੁਰਾਣੇ ਸਟਾਈਲ ਦਾ ਗਵਾਹ ਹੈ। ਜਿਸ ਦਿਨ ਇਹ ਐਲਬਮ ਜਲੰਧਰ ਰਿਲੀਜ਼ ਕੀਤੀ ਗਈ ਸੀ ਤਾਂ ਉਥੇ ਹੰਸ ਰਾਜ ਹੰਸ, ਇੰਦਰਜੀਤ ਨਿੱਕੂ, ਮੰਗੀ ਮਾਹਲ, ਸ਼ੀਰਾ ਜਸਵੀਰ, ਸਤਵਿੰਦਰ ਬੁੱਗਾ ਤੇ ਕਈ ਹੋਰਾਂ ਨੇ ਗੁਰਦਾਸ ਦੀ ਗਾਇਕੀ ਤੇ ਸ਼ਖਸੀਅਤ ਦਾ ਸੋਹਣਾ ਮੁਲਾਂਕਣ ਕੀਤਾ ਤੇ ਹਾਜ਼ਰੀਨ ਨੇ ਵੀ ਗੁਰਦਾਸ ਤੇ ਮਨਜੀਤ ਮਾਨ ਦੇ ਉਪਰਾਲਿਆਂ ਨੂੰ ਦਾਦ ਦਿੱਤੀ, ਪਰ ਹਰ ਤਸਵੀਰ ਦਾ ਦੂਜਾ ਪਾਸਾ ਵੀ ਹੁੰਦਾ ਹੈ, ਜਿਸ ਵੱਲ ਸਾਨੂੰ ਇਕ ਵਾਰ ਨਜ਼ਰ ਜ਼ਰੂਰ ਮਾਰਨੀ ਚਾਹੀਦੀ ਹੈ।
ਗੁਰਦਾਸ ‘ਤੇ ਕਈ ਲੋਕ ਡੇਰਾਵਾਦ ਦੀ ਪੈਰਵੀ ਕਰਨ ਵਾਲੇ ਗੀਤ ਗਾਉਣ ਦਾ ਦੋਸ਼ ਵੀ ਲਾਉਂਦੇ ਨੇ। ਸਭ ਜਾਣਦੇ ਨੇ ਕਿ ਨਕੋਦਰ ਵਿਚ ਦੋ ਡੇਰੇ ਮਸ਼ਹੂਰ ਨੇ ਤੇ ਦੋਹਾਂ ਦੇ ਸੇਵਾਦਾਰ ਪੰਜਾਬ ਦੇ ਦੋ ਪ੍ਰਸਿੱਧ ਗਾਇਕ ਹਨ। ਪਰ ਗੁਰਦਾਸ ਦੀ ਸੋਚ ਥੋੜ੍ਹੀ ਵੱਖਰੀ ਹੈ, ਸ਼ਾਇਦ ਇਸੇ ਕਰਕੇ ਉਹ ਆਪਣੀ ਲਗਭਗ ਹਰ ਐਲਬਮ ਵਿਚ ਡੇਰੇ ਨਾਲ ਸਬੰਧਤ ਇਕ-ਅੱਧ ਗੀਤ ਪੇਸ਼ ਕਰਦਾ ਹੈ। ਉਹ ਗੀਤ ਉਸ ਡੇਰੇ ‘ਚ ਆਸਥਾ ਰੱਖਣ ਵਾਲਿਆਂ ਨੂੰ ਤਾਂ ਬਹੁਤ ਪਸੰਦ ਆਉਂਦਾ ਹੈ, ਪਰ ਡੇਰਾਵਾਦ ਦੀ ਮੁਖਾਲਫ਼ਤ ਕਰਨ ਵਾਲਿਆਂ ਨੂੰ ਨਹੀਂ ਭਾਉਂਦਾ।
ਇਕ ਗੱਲ ਹੋਰ, ਜੋ ਅਸੀਂ ਕੁਝ ਸਾਲ ਪਹਿਲਾਂ ਲਿਖੀ ਸੀ, ਜਦੋਂ ਗੁਰਦਾਸ ਨੇ ‘ਕੋਕਾ ਕੋਲਾ’ ਦੀ ਇਸ਼ਤਿਹਾਰਬਾਜ਼ੀ ਕੀਤੀ ਸੀ। ਉਦੋਂ ‘ਬਾਬਾ ਜੀ’ ਬਾਰੇ ਲਿਖਣ ‘ਤੇ ਕਈਆਂ ਸਾਨੂੰ ਵਧਾਈ ਵਾਲੇ ਫੋਨ ਕੀਤੇ ਸਨ ਤੇ ਕਈਆਂ ਤਾਅਨਿਆਂ ਵਾਲੇ। ਉਸ ਗੱਲ ਦਾ ਜ਼ਿਕਰ ਫੇਰ ਕਰਨਾ ਬਣਦੈ ਕਿ ਬਾਬਾ ਜੀ ਨੇ ਇਕ ਵਾਰ ਗਾਇਆ ਸੀ, ‘ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦੇਂਦੀ, ਜਦ ਅੱਧ ਰਿੜਕੇ ਦਾ ਛੰਨਾ ਮੂੰਹ ਨੂੰ ਲਾ ਦੇਂਦੀ’ ਤੇ ਜਦੋਂ ਬਾਬਾ ਜੀ ਦਾ ਸਮਝੌਤਾ ‘ਕੋਕ’ ਨਾਲ ਹੋਇਆ ਤਾਂ ਉਨ੍ਹਾਂ ਆਖਿਆ ਸੀ, ‘ਕੋਕ ਨਾਲ ਮੇਰਾ ਰਿਸ਼ਤਾ ਗੀਤਾਂ ਵਰਗਾ’ ਤੇ ਪੂਰੀ ਸਤਰ ਸੀ, ‘ਘੁੰਮ ਘੁਮਾ ਕੇ ਦੇਖੀ ਦੁਨੀਆਂ, ਦੇਖੇ ਸਾਰੇ ਲੋਕæææਪਰ ਸਭ ਦੀ ਇਕ ਗੱਲ ਸਾਂਝੀ ਜਾਪੇ, ਸਭ ਦਾ ਪਿਆਰਾ ਕੋਕ, ਕੋਕ ਦੀ ਬੱਲੇ ਬੱਲੇæææ।’
ਕਈਆਂ ਨੇ ਉਦੋਂ ਇਸ ‘ਤੇ ਇਤਰਾਜ਼ ਕੀਤਾ ਸੀ ਤੇ ਕਈਆਂ ਆਖਿਆ ਸੀ ਕਿ ਕਲਾਕਾਰ ਕਿਸੇ ਇਕ ਚੀਜ਼ ਨਾਲ ਬੱਝਾ ਨਹੀਂ ਹੁੰਦਾ, ਉਸ ਨੇ ਸੱਭੇ ਚੀਜ਼ਾਂ ਦੀ ਮਸ਼ਹੂਰੀ ਕਰਨੀ ਹੁੰਦੀ ਏ। ਪਰ ਬਹੁਤਿਆਂ ਦਾ ਕਹਿਣਾ ਸੀ, ‘ਫੱਕਰ ਤਬੀਅਤ’ ਦਾ ਕਹਾਉਣ ਵਾਲੇ ਨੂੰ ਏਦਾਂ ਹਰ ਗੱਲ ਵਪਾਰਕ ਲਹਿਜ਼ੇ ਵਿਚ ਕਰਨੀ ਸ਼ੋਭਦੀ ਨਹੀਂ।
ਸਾਡੀਆਂ ਸ਼ੁਭ ਕਾਮਨਾਵਾਂ ‘ਬਾਬਾ ਜੀ’ ਦੇ ਨਾਲ ਹਨ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਉਮਰ ਲੰਮੀ ਹੋਵੇ, ਤੰਦਰੁਸਤੀਆਂ ਮਾਨਣ, ਇਸੇ ਤਰ੍ਹਾਂ ਗਾਈ ਜਾਣ, ਪਰ ਜਿਹੜੀ ਗੱਲ ‘ਤੇ ਇਤਰਾਜ਼ ਉਠਦਾ ਹੋਵੇ, ਉਸ ਵੱਲ ਧਿਆਨ ਵੀ ਦੇਣ। ਨਾਲ ਹੀ ਉਨ੍ਹਾਂ ਦੇ ਚਾਹਵਾਨਾਂ ਨੂੰ ਕਹਿਣਾ ਚਾਹਾਂਗੇ ਕਿ ਕਲਾਕਾਰ ਨੂੰ ਸਿਰਫ਼ ਕਲਾਕਾਰ ਦੇ ਰੂਪ ਵਿਚ ਹੀ ਜਾਨਣ, ਨਾ ਕਿ ‘ਬਾਬਾ ਜੀ’ ਦਾ ਰੁਤਬਾ ਦੇਣ, ਕਿਉਂਕਿ ਸਾਡੇ ਵੱਲੋਂ ਦਿੱਤੀਆਂ ਇਹ ਉਪਾਧੀਆਂ ਹੀ ਸਬੰਧਤ ਸ਼ਖਸ ਤੋਂ ਜ਼ਿਆਦਾ ਉਮੀਦਾਂ ਲਵਾ ਛੱਡਦੀਆਂ ਨੇ।
ਪੰਜਾਬੀ ਫ਼ਿਲਮਾਂ ‘ਤੇ ਕਬਜ਼ਾ
ਕਈ ਹੋਰ ਦੋਸ਼ਾਂ ਦੇ ਨਾਲ-ਨਾਲ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਸਰਕਾਰ ‘ਤੇ ਇਕ ਨਵਾਂ ਦੋਸ਼ ਲੱਗ ਰਿਹਾ ਹੈ ਕਿ ਇਸ ਨੇ ਪੰਜਾਬੀ ਫ਼ਿਲਮਾਂ ‘ਤੇ ਵੀ ਕਬਜ਼ਾ ਕਰਨ ਦੀ ਧਾਰ ਲਈ ਹੈ। ਇਸੇ ਕਰਕੇ ਕੁਝ ਹਫ਼ਤੇ ਪਹਿਲਾਂ ਪੰਜਾਬ ਦੇ ਇਕ ਚੈਨਲ ਵੱਲੋਂ ਰਿਲੀਜ਼ ਕੀਤੀ ਗਈ ਪੰਜਾਬੀ ਫ਼ਿਲਮ ਨੂੰ ਕਾਮਯਾਬ ਬਣਾਉਣ ਲਈ ਸਰਕਾਰੀ ਅਧਿਕਾਰੀ ਪੱਬਾਂ ਭਾਰ ਹੋਏ ਫਿਰਦੇ ਰਹੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਰੇਤ, ਬੱਜਰੀ, ਕੇਬਲ, ਟਰਾਂਸਪੋਰਟ ਅਤੇ ਜ਼ਮੀਨਾਂ ‘ਤੇ ਕਬਜ਼ਿਆਂ ਤੋਂ ਬਾਅਦ ਹੁਣ ਸਰਕਾਰ ਮਨੋਰੰਜਨ ਖੇਤਰ ‘ਤੇ ਕਾਬਜ਼ ਹੋਣ ਜਾ ਰਹੀ ਹੈ। ਉਨ੍ਹਾਂ ਦੇ ਬਿਆਨ ਦਾ ਭਾਵੇਂ ਕੋਈ ਅਰਥ ਨਿਕਲੇ ਜਾਂ ਨਾ, ਪਰ ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮਾਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਵਿਚ ਇਕ ਚਰਚਾ ਜ਼ਰੂਰ ਛਿੜੀ ਹੋਈ ਹੈ ਕਿ ਜੇ ਸਰਕਾਰ ਦਾ ਪ੍ਰਭਾਵ ਇਸ ਖੇਤਰ ਵਿਚ ਇਸੇ ਤਰ੍ਹਾਂ ਵਧਦਾ ਗਿਆ ਤਾਂ ਸਿਰਫ਼ ਸਰਕਾਰ ਦੇ ਥਾਪੜੇ ਵਾਲੇ ਲੋਕਾਂ ਦੀਆਂ ਫ਼ਿਲਮਾਂ ਰਿਲੀਜ਼ ਹੋਇਆ ਕਰਨਗੀਆਂ, ਬਾਕੀਆਂ ਨੂੰ ਕਿਸੇ ਨਹੀਂ ਪੁੱਛਣਾ।
ਇਹ ਵੀ ਪਤਾ ਲੱਗਾ ਹੈ ਕਿ ਕਈ ਲੋਕ ਪੰਜਾਬੀ ਫ਼ਿਲਮਾਂ ਨਾਲੋਂ ਪਾਸਾ ਵੱਟਣਾ ਠੀਕ ਸਮਝ ਰਹੇ ਨੇ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਦੀ ਅਗਵਾਈ ਵਾਲੇ ਚੈਨਲ ਨੂੰ ਜਾਪਿਆ ਕਰੇਗਾ ਕਿ ਸਾਡੀ ਫ਼ਿਲਮ ਨੂੰ ਦੂਜੇ ਦੀ ਫ਼ਿਲਮ ਤੋਂ ਖਤਰਾ ਪੈਦਾ ਹੋ ਸਕਦੈ ਤਾਂ ਉਨ੍ਹਾਂ ਵੱਲੋਂ ਸਰਕਾਰ ਨੂੰ ਕਹਿ ਕੇ ਫ਼ਿਲਮ ਵਿਚ ਕਈ ਤਰ੍ਹਾਂ ਦੇ ਅੜਿੱਕੇ ਪਵਾਏ ਜਾਇਆ ਕਰਨਗੇ, ਸੋ ਫ਼ਿਲਮਕਾਰ ‘ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਖਾਵੇ’ ਵਾਲੀ ਗੱਲ ‘ਤੇ ਅਮਲ ਕਰਦੇ ਜਾਪ ਰਹੇ ਹਨ।
ਸਰਕਾਰ ਤੋਂ ਉਮੀਦ ਤਾਂ ਇਸ ਗੱਲ ਦੀ ਕੀਤੀ ਜਾਂਦੀ ਹੈ ਕਿ ਉਹ ਪੰਜਾਬੀ ਫ਼ਿਲਮਾਂ ਨੂੰ ਮਨੋਰੰਜਨ ਟੈਕਸ ਤੋਂ ਛੋਟ ਦੇਵੇਗੀ ਤਾਂ ਜੋ ਇਹ ਕਾਰੋਬਾਰ ਹੋਰ ਅੱਗੇ ਆ ਸਕੇ, ਪਰ ਜੇ ਸਰਕਾਰੀ ਦਬਕਿਆਂ ਦੀਆਂ ਖ਼ਬਰਾਂ ਇੰਜ ਹੀ ਆਉਂਦੀਆਂ ਰਹੀਆਂ ਤਾਂ ਇਸ ਖੇਤਰ ਵਿਚ ਆਵੇਗਾ ਕੌਣ, ਇਹ ਸਵਾਲ ਮੂੰਹ ਅੱਡੀ ਖੜ੍ਹਾ ਹੈ।

Be the first to comment

Leave a Reply

Your email address will not be published.