ਵਰਤੋਂ ਕੰਪਿਊਟਰ ਦੀ: ਮਾਨੀਟਰ ਦੀ ਜਾਣ-ਪਛਾਣ 3

ਕਿਰਪਾਲ ਸਿੰਘ ਪੰਨੂੰ
ਫੋਨ: 365-994-8850,
ਡਾ. ਰਾਜਵਿੰਦਰ ਸਿੰਘ
ਫੋਨ: 94633-27683
ਟੈਬ ਕਮਾਂਡ ਪੱਟੀ ਵਿੱਚ ਵਰਤੋਂਕਾਰ ਦੀ ਹੈਲਪ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਵਰਤੋਂਕਾਰ ਨੂੰ ਇਸ ਦੀ ਕਿਸੇ ਸਮੇਂ ਵੀ ਲੋੜ ਪੈ ਸਕਦੀ ਹੈ। ਇਸ ਦਾ ਕੋਈ ਕਮਾਂਡ ਸੈੱਟ ਨਹੀਂ ਹੈ। ਮੰਗ ਕਰਨ ਉੱਤੇ ਧੁਰ ਸੱਜੇ ਪਾਸੇ ਸਹਾਇਤਾ ਦਾ ਵਨਣਨ ਖੁੱਲ੍ਹ ਜਾਂਦਾ ਹੈ।

ਟੈੱਲ ਮੀ ਵੱ੍ਹਟ…: ਟੈਬ ਕਮਾਂਡਾਂ ਦੀ ਲਾਈਨ ਵਿਚ ਬਲਬ ਤੋਂ ਪਿੱਛੋਂ ਇੱਕ ਕਮਾਂਡ ਆਉਂਦੀ ਹੈ ‘ਟੈੱਲ ਮੀ ਵੱ੍ਹਟ ਯੂ ਵਾਂਟ ਟੂ ਡੂ’। ਇਹ ਇੱਕ ਵਿਲੱਖਣ ਪਰ ਵਿਸ਼ੇਸ਼ ਪ੍ਰਬੰਧ ਹੈ। ਜੋ ਵੀ ਕਮਾਂਡ ਤੁਹਾਨੂੰ ਨਾ ਲੱਭੇ ਜਾਂ ਕੋਈ ਹੋਰ ਔਕੜ ਆ ਜਾਵੇ ਤਾਂ ਇਸ ਨੂੰ ਸਵਾਲ ਪਾ ਦੇਖੋ। ਇਹ ਤੁਹਾਨੂੰ ਸਹੀ ਰਾਸਤੇ ਤੋਰ ਦੇਵੇਗਾ। ਜੇ ਤੁਹਾਡੀ ਇੱਛਾ ਦਾ ਉੱਤਰ ਨਾ ਮਿਲ਼ੇ ਫਿਰ ਆਪਣੇ ਸਵਾਲ ਨੂੰ ਕਿਸੇ ਹੋਰ ਢੁਕਵੇਂ ਤਰੀਕੇ ਨਾਲ਼ ਪੁੱਛੋ। ਇਹ ਤੁਹਾਡਾ ਸੱਚਾ ਤੇ ਸਹਾਈ ਮਿੱਤਰ ਹੈ। ਜਿਸ ਨੇ ਇਸ ਦੀ ਸਹਾਇਤਾ ਲੈਣੀ ਸਿੱਖ ਲਈ ਫਿਰ ਸਮਝੋ ‘ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥’ ਭਾਵ ਜੇ ਤੂੰ ਮੇਰੇ ਵੱਲ ਹੈਂ ਤਾਂ ਮੈਨੂੰ ਹੋਰ ਫਿਕਰ ਕੇਹਾ। ਵਾਲ਼ਾ ਸੱਚ ਸਾਹਮਣੇ ਆ ਜਾਏਗਾ।
ਟੈਬ ਕਮਾਂਡ ਪੱਟੀ ਵਿਚ ਜਮਘਟੇ ਤੋਂ ਬਚਣ ਲਈ ਕੇਵਲ ਲੋੜੀਂਦੀਆਂ ਘੱਟ ਤੋਂ ਘੱਟ ਟੈਬਾਂ ਹੀ ਪਾਈਆਂ ਗਈਆਂ ਹਨ। ਆਪਣੀ ਇੱਛਾ ਅਨੁਸਾਰ ਇਹ ਵੀ ਘੱਟ-ਵੱਧ ਕੀਤੀਆਂ ਜਾ ਸਕਦੀਆਂ ਹਨ। ਕਦੀ-ਕਦੀ ਲੋੜ ਪੈਣ ਵਾਲ਼ੀਆਂ, ਕੁੱਝ ਹੋਰ ਟੈਬਾਂ ਵੀ ਹਨ।
ਕੰਟੈਕਸਚੂਅਲ ਟੈਬਜ਼: ਇਨ੍ਹਾਂ ਨੂੰ ਕੰਟੈਕਸਚੂਅਲ (ਸਬੰਧਤ) ਟੈਬਜ਼ ਕਿਹਾ ਜਾਂਦਾ ਹੈ। ਸਬੰਧਤ ਕਾਰਜ ਕਰਨ ਵੇਲ਼ੇ ਹੀ ਇਹ ਟੈਬਾਂ ਉਜਾਗਰ ਹੁੰਦੀਆਂ ਹਨ। ਜਦੋਂ ਕਰਸਰ ਉਸ ਕਾਰਜ ਤੋਂ ਅਲੱਗ ਹੁੰਦਾ ਹੈ ਤਾਂ ਇਹ ਅਲੋਪ ਹੋ ਜਾਂਦੀਆਂ ਹਨ। ਜਦੋਂ ਹੀ ਕਰਸਰ ਮੁੜ ਇਨ੍ਹਾਂ ਕਾਰਜਾਂ ਵਿਚ ਪਰਵੇਸ਼ ਕਰਦਾ ਹੈ ਤਾਂ ਇਹ ਟੈਬਾਂ ਫਿਰ ਉਜਾਗਰ ਹੋ ਜਾਂਦੀਆਂ ਹਨ। ਇਹ ਹਨ: ਟੇਬਲ ਟੂਲਜ਼ ਵਿਚ ਟੇਬਲ ਡੀਜਾਈਨ ਤੇ ਲੇਅ-ਆਊਟ ਟੈਬਾਂ, ਡਰਾਇੰਗ ਟੂਲਜ਼ ਵਿਚ ਸ਼ੇਪ ਫਾਰਮੈਟ ਟੈਬ, ਪਿਕਚਰ ਟੂਲਜ਼ ਵਿਚ ਪਿਕਚਰ ਫਾਰਮਟ ਟੈਬ ਆਦਿ। ਕੰਟੈਕਸਚੂਅਲ ਟੈਬਜ਼ ਕਈ ਹਨ। ਇੱਥੇ ਕੇਵਲ ਟੇਬਲ ਟੂਲਜ਼ ਦੀਆਂ ਟੈਬਾਂ ਦਾ ਹੀ ਵਰਣਨ ਕੀਤਾ ਜਾਏਗਾ। ਇਹ ਦੋ ਹਨ; 1. ਟੇਬਲ ਡੀਜਾਈਨ, 2. ਲੇਅ-ਆਊਟ। ਇਨ੍ਹਾਂ ਵਿਚੋਂ ਵੀ ਬਹੁਤੀ ਲੋੜ ਲੇਅ-ਆਊਟ ਦੀ ਹੀ ਪੈਂਦੀ ਹੈ। ਇਸ ਹਾਲਤ ਵਿਚ ਰਿਬਨ ਅੰਦਰ ਦੋ ਲੇਅ-ਆਊਟ ਟੈਬਾਂ ਖੁੱਲ੍ਹ ਜਾਂਦੀਆਂ ਹਨ ਪਰ ਟੇਬਲ ਵਾਲ਼ੀ ਲੇਅ-ਆਊਟ ਟੈਬ ਦੀ ਬੈਕ ਗਰਾਊਂਡ ਥੋੜ੍ਹੀ ਕਾਲ਼ੇ ਰੰਗ ਵਿਚ ਸੱਜੇ ਪਾਸੇ ਹੋਵੇਗੀ। ਇਸ ਨੂੰ ਕਲਿੱਕ ਕਰਨ ਨਾਲ਼ ਟੇਬਲ ਟੂਲ ਦੇ ਬਹੁਤ ਸਾਰੇ ਕਮਾਂਡ ਸੈੱਟ ਖੁੱਲ੍ਹ ਜਾਂਦੇ ਹਨ, ਜਿਨ੍ਹਾਂ ਦੀ ਵਰਤੋਂ ਪਹਿਲਾਂ ਦੱਸੀ ਗਈ ਵਿਧੀ ਅਨੁਸਾਰ ਵਰਤੋਂਕਾਰ ਕਰ ਸਕਦਾ ਹੈ। ਇਨ੍ਹਾਂ ਦਾ ਵਿਸਥਾਰ ਬਹੁਤ ਲੰਮਾ ਹੋ ਜਾਏਗਾ। ਲੋੜੀਂਦੀ ਕਮਾਂਡ ਦੇ ਬਟਨ ਉੱਤੇ ਮਾਊਸ ਦਾ ਤੀਰ ਲੈ ਜਾਣ ਨਾਲ਼ ਉਸ ਦਾ ਨਾਂ, ਜੇ ਹੋਵੇ ਤਾਂ ਉਸ ਦੀ ਨਿਰਧਾਰਤ ਸ਼ਾਰਟਕੱਟ ਕੀਅ ਅਤੇ ਉਸ ਵੱਲੋਂ ਕੀਤੇ ਜਾਣ ਵਾਲ਼ੇ ਕੰਮ ਦਾ ਵਰਣਨ ਮਿਲ਼ ਜਾਏਗਾ। ਇਸ ਵਿੰਡੋ ਨੂੰ ਸੁਪਰ ਟੂਲ ਟਿੱਪਸ ਕਹਿੰਦੇ ਹਨ। ਜਿਵੇਂ ਟੇਬਲ ਵਿਚ ਕਰਸਰ ਲੈ ਜਾਣ ਨਾਲ਼ ‘ਟੇਬਲ ਟੂਲਜ਼’ ਦੇ ਸਿਰਲੇਖ ਥੱਲੇ ਲੇਅ-ਆਊਟ ਕਮਾਂਡ ਟੈਬ ਖੁੱਲ੍ਹ ਜਾਏਗੀ।

ਉਸ ਨੂੰ ਕਲਿੱਕ ਕਰਨ ਨਾਲ਼ ਉਸ ਦੇ ਸਾਰੇ ਕਮਾਂਡ ਸੈੱਟ ਉਜਾਗਰ ਹੋ ਜਾਣਗੇ। ‘ਰੋਅਜ਼ ਐਂਡ ਕੌਲਮਜ਼’ ਦੇ ਕਮਾਂਡ ਸੈੱਟ ਵਿਚ ਸੱਜੇ ਪਾਸੇ ਦੇ ਇਨਸਰਟ ਰਾਈਟ ਉੱਤੇ ਮਾਊਸ ਐਰੋ ਲੈ ਜਾਣ ਨਾਲ਼ ਅੱਗੇ ਦਿੱਤੀ ਮੂੰਹੋਂ ਬੋਲਦੀ ਤਸਵੀਰ ਸਾਹਮਣੇ ਆ ਜਾਏਗੀ। ਇਸ ਵਿਚ ‘ਇਨਸਰਟ ਕਾਲਮਜ਼ ਟੂ ਦ ਰਾਈਟ ਕਮਾਂਡ ਦਾ ਨਾਂ ਹੈ ਅਤੇ ਹੇਠਾਂ ਉਸ ਦਾ ਵਿਸਥਾਰ ਹੈ।
ਫਾਈਲ: ਕੁੱਝ ਪ੍ਰੋਗਰਾਮਾਂ ਵਿਚ ਇਸ ਦਾ ਬਦਲ ‘ਆਫਸ ਬਟਨ’ ਦੇ ਨਾਂ ਵਿਚ ਵੀ ਮਿਲ਼ਦਾ ਹੈ। ਇਹ ਬਹੁਤ ਹੀ ਮਹੱਤਵਪੂਰਨ ਬਟਨ ਹੈ। ਇਸ ਅੰਦਰ ਕੰਪਿਊਟਰ ਦੇ ਕਰਨ ਵਾਲ਼ੇ ਅਣਗਿਣਤ ਜ਼ਰੂਰੀ ਕਾਰਜ ਹਨ। ਜਿਵੇਂ; ਓਪਨ, ਨਿਊ, ਸੇਵ, ਸੇਵ ਐਜ, ਪ੍ਰਿੰਟ, ਕਲੋਜ ਆਦਿ। ਇਸ ਦੀ ਮੋਰ ਜਾਂ ਆਪਸ਼ਨ ਕਮਾਂਡ ਤਾਂ ਇੱਛਾ ਪੂਰਨ (ਕਸਟੋਮਾਈਜ਼) ਦਾ ਹੈ ਹੀ ਖ਼ਜ਼ਾਨਾ। ਲੋੜ ਅਨੁਸਾਰ ਇਨ੍ਹਾਂ ਦਾ ਵਰਣਨ ਅੱਗੇ ਚੱਲ ਕੇ ਕੀਤਾ ਜਾਏਗਾ। ਇੱਥੇ ਰਿਬਨ ਦਾ ਵਿਸਥਾਰ ਖਤਮ ਹੁੰਦਾ ਹੈ।
3. ਹੇਠਲਾ ਭਾਗ: ਮਾਨੀਟਰ ਦੇ ਇਸ ਭਾਗ ਵਿਚ ਤਿੰਨ ਪੱਟੀਆਂ ਹਨ। 1. ਉੱਪਰਲੀ, ਲੇਟਵੀਂ ਸਕਰੌਲ ਬਾਰ। ਇਸ ਦੀ ਵਰਤੋਂ ਨਾਲ਼ ਅਸੀਂ ਮਾਨੀਟਰ ਉੱਤੇ ਆਪਣੇ ਪੇਪਰ ਨੂੰ ਸੱਜੇ ਖੱਬੇ ਕਰ ਸਕਦੇ ਹਾਂ।
2. ਵਿਚਕਾਰਲੀ ਸਟੇਟਸ ਬਾਰ। ਖੱਬੇ ਪਾਸੇ ਜਾਣਕਾਰੀ ਰਾਹੀਂ ਦਰਸਾਇਆ ਜਾਂਦਾ ਹੈ ਕਿ ਸਾਡਾ ਕਰਸਰ ਕਿਸ ਸੈਕਸ਼ਨ, ਕਿੰਨਿਆਂ ਪੇਜਾਂ ਵਿੱਚੋਂ ਕਿਸ ਪੇਜ ਉੱਤੇ ਹੈ। ਅਸੀਂ ਕਿੰਨੇ ਸ਼ਬਦ ਟਾਈਪ ਕਰ ਲਏ ਹਨ ਅਤੇ ਕਿਹੜੀ ਭਾਸ਼ਾ ਵਿਚ ਅਸੀਂ ਟਾਈਪ ਕਰ ਰਹੇ ਹਾਂ।
ਇਸਦੇ ਸੱਜੇ ਪਾਸੇ ਜ਼ੂਮ ਕੰਟਰੋਲ ਬਟਨ ਹਨ, ਜਿਨ੍ਹਾਂ ਦੀ ਸਹਾਇਤਾ ਨਾਲ਼ ਅਸੀਂ ਆਪਣੀ ਰਚਨਾ ਦੀ ਦਿੱਖ ਨੂੰ ਲੋੜ ਅਨੁਸਾਰ ਵੱਡੀ ਜਾਂ ਛੋਟੀ ਕਰ ਸਕਦੇ ਹਾਂ। ਯਾਦ ਰਹੇ ਇਸ ਨਾਲ਼ ਕੇਵਲ ਦਿੱਖ ਹੀ ਵੱਡੀ-ਛੋਟੀ ਹੁੰਦੀ ਹੈ, ਫੌਂਟ ਸਾਈਜ਼ ਨਹੀਂ ਬਦਲਦਾ। ਜੇ ਇਸ ਨੂੰ ਪ੍ਰਿੰਟ ਕਰਾਂਗੇ ਤਾਂ ਉਹ ਫੌਂਟ ਸਾਈਜ਼ ਮੁਤਾਬਕ ਹੋਵੇਗਾ, ਦਿੱਖ ਅਨੁਸਾਰ ਨਹੀਂ।
3. ਹੇਠਲੀ, ਟਾਸਕ ਬਾਰ। ਇਸ ਵਿਚ ਜੋ ਕਾਰਜ ਅਸੀਂ ਕਰ ਰਹੇ ਹਾਂ ਉਸ ਦੇ ਬਟਨ ਹੁੰਦੇ ਹਨ। ਆਪਣੇ ਸੌਖ ਲਈ ਆਮ ਹੀ ਵਰਤੋਂ ਵਾਲ਼ੇ ਟਾਸਕ ਬਟਨ ਵੀ ਅਸੀਂ ਇਸ ਵਿਚ ਰੱਖ ਲੈਂਦੇ ਹਾਂ। ਇਸ ਦੇ ਧੁਰ ਖੱਬੇ ਹੱਥ ਸਟਾਰਟ ਅਤੇ ਸਰਚ ਬਟਨ ਹਨ। ਧੁਰ ਸੱਜੇ ਸਮਾਂ, ਮਿਤੀ, ਬੈਟਰੀ ਸੰਕੇਤਕ, ਕੀਅ ਬੋਰਡ ਆਦਿ ਦੀ ਜਾਣਕਾਰੀ ਦਰਸਾਈ ਗਈ ਹੈ।
4. ਸੱਜਾ ਭਾਗ: ਇਸ ਵਿਚ ਖੜ੍ਹੀ ਸਕਰੌਲ ਹੈ। ਜਿਸ ਨਾਲ਼ ਅਸੀਂ ਪੇਪਰ ਨੂੰ ਉੱਪਰ ਥੱਲੇ ਕਰ ਸਕਦੇ ਹਾਂ।
5. ਖੱਬਾ ਭਾਗ: ਇਸ ਵਿਚ ਖੜ੍ਹਾ ਰੂਲਰ ਹੈ ਜੋ ਤਸਵੀਰ ਜਾਂ ਪੇਪਰ ਦੀ ਲੰਬਾਈ ਆਦਿ ਦੇਖਣ ਵਿਚ ਸਹਾਈ ਹੁੰਦਾ ਹੈ। ਇਹ ਉੱਪਰਲੇ ਭਾਗ ਵਿਚ ਰਿਬਨ ਦੇ ਹੇਠਾਂ ਵਾਲ਼ੇ ਰੂਲਰ ਨਾਲ਼ ‘ਗੱਡੇ ਨਾਲ਼ ਕੱਟੇ ਵਾਂਗ’ ਬੰਨ੍ਹਿਆ ਹੁੰਦਾ ਹੈ। ਉਸ ਦੇ ਨਾਲ਼ ਹੀ ਉਜਾਗਰ ਅਤੇ ਅਲੋਪ ਹੋ ਜਾਂਦਾ ਹੈ।
ਇਸ ਨਾਲ਼ ਪੰਜਾਂ ਭਾਗਾਂ ਦੀ ਜਾਣ-ਪਛਾਣ ਲਗਭਗ ਪੂਰੀ ਹੋ ਜਾਂਦੀ ਹੈ ਪਰ ਅਜੇ ਵੀ ਵਿਚਾਰਨ ਯੋਗ ਕੁੱਝ ਹੋਰ ਨੁਕਤੇ ਹਨ।
ਕੀਅ ਟਿੱਪਸ: ਸੁਨਹਿਰੀ ਰੂਲ ਇਹੋ ਹੈ ਕਿ ਜਿੱਥੇ ਸਰਦਾ ਹੀ ਨਾ ਹੋਵੇ, ਓਥੇ ਹੀ ਮਾਊਸ ਦੀ ਵਰਤੋਂ ਕੀਤੀ ਜਾਵੇ। ਨਹੀਂ ਤਾਂ ਕੀਅ ਬੋਰਡ ਨਾਲ਼ ਹੀ ਆਪਣਾ ਕੰਮ ਕੀਤਾ ਜਾਵੇ। ਟਾਈਪ ਕਰਦੇ-ਕਰਦੇ ਜਦੋਂ ਅਸੀਂ ਮਾਊਸ ਨੂੰ ਹੱਥ ਪਾਉਂਦੇ ਹਾਂ ਤਾਂ ਬੇਲੋੜੀ ਸਰੀਰਕ ਸ਼ਕਤੀ ਬਰਬਾਦ ਹੁੰਦੀ ਹੈ ਅਤੇ ਅਸੀਂ ਕੀਅ ਬੋਰਡ ਨਾਲ਼ੋਂ ਹੱਥ ਦੀ ਪਛਾਣ ਦਾ ਰਿਸ਼ਤਾ ਤੋੜ ਲੈਂਦੇ ਹਾਂ ਜੋ ਮੁੜ ਕੇ ਫਿਰ ਸਥਾਪਤ ਕਰਨਾ ਪੈਂਦਾ ਹੈ। ਆਮ ਇਹੋ ਹੀ ਲੱਗਦਾ ਹੈ ਕਿ ਰਿਬਨ ਵਿਚ ਅਸੀਂ ਮਾਊਸ ਤੋਂ ਬਿਨਾਂ ਕਮਾਂਡ ਨਹੀਂ ਦੇ ਸਕਦੇ। ਇਹ ਸਹੀ ਨਹੀਂ ਹੈ। ਇੱਕ ਬਾਰ ਆਲਟ ਕੀ ਦਬਾਓ। ਰਿਬਨ ਆਦਿ ਵਿਚ ਸੰਕੇਤਕ ਨੰਬਰ ਉਜਾਗਰ ਹੋ ਜਾਣਗੇ। ਕੀਅ ਬੋਰਡ ਤੋਂ ਲੋੜੀਂਦੀ ਟੈਬ ਜਾਂ ਕਮਾਂਡ ਦਾ ਅੱਖਰ ਜਾਂ ਅੰਕ ਦਬਾਓ ਉਹ ਸਤਰਕ ਹੋ ਜਾਏਗੀ ਅਤੇ ਉਸ ਨਾਲ਼ ਸਬੰਧਤ ਕਮਾਂਡ ਸੈਟਾਂ ਦੀਆਂ ਕੀਅ ਟਿੱਪਸ ਸਾਹਮਣੇ ਆ ਜਾਣਗੀਆਂ ਅਤੇ ਇੱਕ-ਇੱਕ ਕੀਅ-ਟਿੱਪ ਦਬਾਉਂਦੇ ਤੁਸੀਂ ਲੋੜੀਂਦੀ ਕਮਾਂਡ ਉੱਤੇ ਪਹੁੰਚ ਜਾਓਗੇ। ਲੋੜ ਪੈਣ ਉੱਤੇ ਚਾਰ ਤੀਰਾਂ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ।
ਜਦੋਂ ਛੋਟੇ ਤੋਂ ਛੋਟਾ ਜਾਂ ਵੱਡਾ ਟੈਕਸਟ ਭਾਗ ਮਾਊਸ ਨਾਲ਼ ਸਿਲੈਕਟ ਕੀਤਾ ਜਾਂਦਾ ਹੈ ਤਾਂ ਉਸ ਦੇ ਨਾਲ਼ ਹੀ ‘ਮਿਨੀ ਟੂਲਬਾਰ’ ਉਜਾਗਰ ਹੋ ਜਾਂਦੀ ਹੈ। ਕਮਾਂਡ ਦੇਣ ਲਈ ਕਿਤੇ ਦੂਰ ਨਹੀਂ ਜਾਣਾ ਪੈਂਦਾ। ਜਿਸ ਵਿਚ ਉਸ ਟੈਕਸਟ ਨਾਲ਼ ਸਬੰਧਤ ਖਾਸ ਫਾਰਮੈੱਟ ਕਮਾਂਡਾ ਹੁੰਦੀਆਂ ਹਨ।
ਲਾਈਵ ਪ੍ਰੀਵਿਊ: ਜਦੋਂ ਅਸੀਂ ਕੋਈ ਅਜਿਹੀ ਕਮਾਂਡ ਦੇਣ ਦਾ ਯਤਨ ਕਰਦੇ ਹਾਂ ਜਿਸ ਵਿਚ ਲਾਈਵ ਪ੍ਰੀਵਿਊ ਸੰਭਵ ਹੁੰਦਾ ਹੈ ਤਾਂ ਟੈਕਸਟ ਉੱਤੇ ਉਸ ਕਮਾਂਡ ਦਾ ਪ੍ਰਭਾਵ ਆ ਜਾਂਦਾ ਹੈ, ਜਿਸ ਨੂੰ ਲਾਈਵ ਪ੍ਰੀਵਿਊ ਕਹਿੰਦੇ ਹਨ। ਇਸ ਨਾਲ਼ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਟੈਕਸਟ ਨਾਲ਼ ਕੀ ਵਾਪਰਨ ਵਾਲ਼ਾ ਹੈ।
ਇਸ ਜਾਣਕਾਰੀ ਨਾਲ਼ ਮਾਨੀਟਰ ਦੀ ਮੋਟੀ-ਮੋਟੀ ਜਾਣਕਾਰੀ ਪੂਰੀ ਹੁੰਦੀ ਹੈ। ਅੱਗੇ ਕੀਅ ਬੋਰਡ ਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ। (ਚੱਲਦਾ)