ਜਿੱਤ ਦੇ ਅਰਥ ਪੁੱਛਦੇ ਹੋ?

ਡਾ. ਗੁਰਬਖ਼ਸ਼ ਸਿੰਘ ਭੰਡਾਲ
ਤੁਸੀਂ ਇਸ ਜਿੱਤ ਦੇ ਅਰਥ ਪੁੱਛਦੇ ਹੋ, ਜਿੱਤ ਜੋ ਸਾਡੇ ਸਮਿਆਂ ਦਾ ਹਾਸਲ ਏ ਅਤੇ ਜ਼ਮੀਂ ਦੇ ਜਾਇਆਂ ਨੇ ਆਪਣੇ ਨਾਮ ਕੀਤੀ। ਜਿੱਤ ਜਿਸ ਬਾਰੇ ਵਕਤ ਦੇ ਹਾਕਮਾਂ ਦੀਆਂ ਫੋਕੀਆਂ ਧਾਰਨਾਵਾਂ ਟੁੱਟੀਆਂ। ਉਨ੍ਹਾਂ ਦੀ ਭਰਮਾਈ ਹੈਂਕੜ ਨੂੰ ਖ਼ੁਦ ਦੇ ਰੂਬਰੂ ਹੋਣਾ ਹੀ ਪਿਆ।

ਜਿੱਤ ਦੇ ਅਰਥ ਸਮਝਣ ਲਈ ਸਿਦਕ, ਸਬਰ, ਸਿਰੜ, ਸਾਧਨਾ, ਸਹਿਜ, ਸਹਿਯੋਗ, ਸਾਂਝੀਵਾਲਤਾ, ਸੂਹੀ ਸੋਚ, ਸਿਆਣਪ, ਸਾਂਝੀਵਾਲਤਾ, ਸਦਭਾਵਨਾ ਅਤੇ ਸੱਚ ਦਾ ਸਾਥ ਮਾਨਣਾ ਬਹੁਤ ਜ਼ਰੂਰੀ ਹੈ, ਜੋ ਇਨ੍ਹਾਂ ਜਿੱਤਾਂ ਵਾਲਿਆਂ ਦੇ ਸਿਰ ਦਾ ਤਾਜ ਆ। ਇਹ ਜਿੱਤ ਹੀ ਹੈ ਜੋ ਚਿਰਾਂ ਬਾਅਦ ਆਪਣੇ ਘਰਾਂ ਨੂੰ ਪਰਤਦਿਆਂ ਦੇ ਮੁਖੜਿਆਂ ਦਾ ਨੂਰ, ਬਿਆਈਆਂ ਵਾਲੇ ਪੈਰਾਂ ਦਾ ਸਰੂਰ, ਰੱਟਨਾਂ ਵਾਲੇ ਹੱਥਾਂ ਦਾ ਗਰੂਰ ਅਤੇ ਖੇਤਾਂ ਵਿਚ ਉਗੀਆਂ ਖੁਸ਼ੀਆਂ ਦਾ ਪੁਰਨੂਰ ਏ।
ਜਿੱਤ, ਜਿਸ ਨੇ ਆਮ ਲੋਕਾਂ ਨੂੰ ਉਨ੍ਹਾਂ ਦੀ ਹਿੰਮਤ, ਹੱਕ, ਹੱਠ ਅਤੇ ਦਲੇਰੀ ਦੇ ਦਰਸ਼ ਕਰਵਾਏ। ਜੇ ਤੁਸੀਂ ਫਿਰ ਵੀ ਇਸ ਜਿੱਤ ਦੇ ਮਾਅਨੇ ਪੁੱਛਦੇ ਹੋ? ਇਸ ਨੂੰ ਜਾਨਣਾ ਚਾਹੁੰਦੇ ਹੋ ਤਾਂ ਇਸ ਜਿੱਤ ਨੂੰ ਸਮਝਣ ਅਤੇ ਇਸ ਦੀਆਂ ਤਹਿਆਂ ਫਰੋਲਣ ਲਈ ਖੁ਼ਦ ਨੂੰ ਇਸ ਦਾ ਹਾਣੀ ਬਣਾਉਣਾ ਪਵੇਗਾ। ਇਸ ਦੀਆਂ ਪੈੜਾਂ ਨੂੰ ਫਰੋਲਣ ਲਈ ਖ਼ੁਦ ਨੂੰ ਉਨ੍ਹਾਂ ਹਾਲਤਾਂ ਬਾਰੇ ਕਿਆਸਣਾ ਹੋਵੇਗਾ ਤੇ ਪਿੱਛਲਪੁਰੀ ਵਿਚਾਰਨਾ ਪਵੇਗਾ। ਇਸ ਜਿੱਤ ਦੇ ਅਰਥ ਰਾਹਾਂ ਵਿਚ ਉਗੀਆਂ ਕੰਡਿਆਲੀਆਂ ਵਾੜਾਂ, ਠੋਕੇ ਹੋਏ ਕਿੱਲਾਂ ਅਤੇ ਰੋਕਾਂ ਦੀ ਹਿੱਕ `ਤੇ ਉਗੇ ਹੋਏ ਸਫ਼ਰ ਨੂੰ ਪੁੱਛਣਾ ਜਿਨ੍ਹਾਂ ਨੂੰ ਆਪਣੀ ਹੋਛੀ ਹਰਕਤ `ਤੇ ਸ਼ਾਇਦ ਹੁਣ ਨਮੋਸ਼ੀ ਜ਼ਰੂਰ ਆਉਂਦੀ ਹੋਵੇਗੀ।
ਜਿੱਤ ਦੇ ਮਾਅਨੇ ਜਾਣਨ ਲਈ ਪਾਣੀਆਂ ਦੀਆਂ ਬੁਛਾਰਾਂ ਵਿਚ ਪੰਜ ਇਸ਼ਨਾਨ ਕਰ ਕੇ ਸੋਚ ਨੂੰ ਸੁੱਚਾ ਕਰਦੇ ਅਤੇ ਵਰ੍ਹਦੀਆਂ ਡਾਗਾਂ ਤੇ ਅੱਥਰੂ ਗੈਸ ਦੇ ਗੋਲਿਆਂ ਵਿਚੋਂ ਆਪਣੀ ਜਿੱਤ ਦੀ ਨਿਸ਼ਾਨਦੇਹੀ ਕਰਦੀਆਂ ਉਨ੍ਹਾਂ ਅੱਖਾਂ ਵਿਚੋਂ ਦੇਖਣਾ ਜਿਨ੍ਹਾਂ ਲਈ ਆਪਣੀ ਤੋਰ ਵਿਚ ਪਕਿਆਈ ਅਤੇ ਤਕੜਾਈ ਉਨ੍ਹਾਂ ਦਾ ਹਾਸਲ ਬਣਨ ਲਈ ਉਤਾਵਲੀ ਸੀ। ਜਿੱਤ ਨੂੰ ਸਮਝਣ ਲਈ ਗਿੱਟਿਆਂ `ਤੇ ਸੋਟੀਆਂ ਨਾਲ ਉਗੀ ਹੋਈ ਚੀਸ, ਪਾਟੇ ਹੋਏ ਸਿਰ ਅਤੇ ਵਾਲਾਂ ‘ਚੋਂ ਵਗਦੀਆਂ ਲਹੂ ਦੀਆਂ ਤਤੀਰੀਆਂ ਦੇ ਰੰਗ ਨੂੰ ਸਮਝਣਾ। ਪੀੜ ਨੂੰ ਅੰਤਰੀਵ ਵਿਚ ਜ਼ੀਰ ਕੇ ਆਪਣੇ ‘ਤੇ ਤਸ਼ੱਦਦ ਢਾਹੁਣ ਵਾਲਿਆਂ ਨੂੰ ਲੰਗਰ ਛਕਾਉਣ ਦੀ ਸ਼ੁਭ ਕਰਮਨ ਵਾਲੀ ਧਾਰਨਾ ਨੂੰ ਸਮਝਣ ਦੀ ਲੋੜ ਹੈ। ਤਾਂ ਹੀ ਪਤਾ ਲੱਗੇਗਾ ਕਿ ਜੁ਼ਲਮ ਢਾਹੁਣ ਵਾਲਿਆਂ ਦੇ ਹੱਥਾਂ `ਤੇ ਰੱਖੇ ਲੰਗਰ ਦੇ ਫੁਲਕੇ ‘ਤੇ ਤਾਂ ਪਹਿਲੇ ਦਿਨ ਹੀ ਜਿੱਤ ਦੇ ਸ਼ਿਲ਼ਾਲੇਖ ਉਕਰੇ ਗਏ ਸਨ। ਸਿਰਫ਼ ਹਾਕਮਾਂ ਕੋਲ ਇਨ੍ਹਾਂ ਨੂੰ ਪੜ੍ਹਨ ਦੀ ਹੀ ਵਿਹਲ ਨਹੀਂ ਸੀ ਅਤੇ ਨਾ ਹੀ ਉਹ ਇਸ ਲਿਖਤ ਨੂੰ ਸਮਝ ਕੇ ਇਸ ਦੀ ਸੁੱਚਮਤਾ ਨੂੰ ਨਤਮਸਕਤ ਹੋਣ ਲਈ ਤਿਆਰ ਸਨ।
ਜਿੱਤ ਤਾਂ ਦੀਦਿਆਂ ਵਿਚ ਤਰਲ ਹੋਏ ਸੁਪਨਿਆਂ `ਚੋਂ ਉਸ ਦਿਨ ਹੀ ਵਹਿ ਤੁਰੀ ਸੀ, ਜਿਸ ਦਿਨ ਖ਼ੇਤਾਂ ਦੇ ਜਾਇਆਂ ਨੇ ਧਰਤ ਮਾਂ ਦੇ ਹੱਕਾਂ ਲਈ ਚਾਲੇ ਪਾਏ ਸਨ। ਉਨ੍ਹਾਂ ਨੂੰ ਪਤਾ ਸੀ ਕਿ ਨੈਣਾਂ ਵਿਚ ਤਰਲ ਹੋਏ ਸੁਪਨਿਆਂ ਨੇ ਉਨਾ ਚਿਰ ਚੈਨ ਨਾਲ ਟਿਕਣ ਨਹੀਂ ਦੇਣਾ, ਜਿੰਨਾ ਚਿਰ ਉਹ ਆਪਣੀ ਵਿਰਾਸਤ ਅਤੇ ਮਿੱਟੀ ਦੀ ਮਹਿਕ ਨੂੰ ਪਿੰਡੇ ‘ਤੇ ਮਹਿਕਾਉਂਦੇ ਰਹਿਣਗੇ।
ਇਸ ਜਿੱਤ ਦੇ ਅਰਥ ਤਾਂ ਤੁਹਾਨੂੰ ਵਿਰਸੇ ਵਿਚ ਬੜੀ ਜਲਦੀ ਹੀ ਲੱਭ ਜਾਣਗੇ। ਜਦ ਕੋਈ ਕੌਮ ਆਪਣੇ ਹੱਕਾਂ ਲਈ ਜਾਨ ਦੀ ਬਾਜ਼ੀ ਲਾਉਣ ਅਤੇ ਸ਼ਾਂਤ ਰਹਿ ਕੇ ਜਾਬਰਾਂ ਨੂੰ ਝੁਕਾਉਣਾ ਜਾਣਦੀ ਹੋਵੇ ਤਾਂ ਉਨ੍ਹਾਂ ਦੇ ਮੱਥਿਆਂ ‘ਤੇ ਜਿੱਤਾਂ ਦੇ ਨਕਸ਼ ਜ਼ਰੂਰ ਉਘੜਨਗੇ।
ਇਸ ਜਿੱਤ ਨੇ ਦੁਨੀਆ ਨੂੰ ਦਰਸਾ ਦਿੱਤਾ ਕਿ ਜਦ ਆਮ ਵਿਅਕਤੀ ਜਾਗਰੂਕ ਹੋ ਕੇ ਤਰਕ ਅਤੇ ਸਮਝ ਨਾਲ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਦਾ ਨਿਰਣਾ ਕਰ ਲਵੇ ਤਾਂ ਕੋਈ ਵੀ ਹਾਕਮ ਉਨ੍ਹਾਂ ਨੂੰ ਆਪਣੇ ਅਡੋਲ ਪ੍ਰਣ ਤੋਂ ਨਹੀਂ ਡੁਲਾ ਸਕਦਾ। ਉਹ ਦੁਨੀਆ ਦੀ ਤਵਾਰੀਖ਼ ਵਿਚ ਇਕ ਅਜਿਹਾ ਵਰਕਾ ਜੋੜ ਦਿੰਦੇ ਨੇ, ਜਿਸ `ਤੇ ਆਉਣ ਵਾਲੀਆਂ ਨਸਲਾਂ ਮਾਣ ਵੀ ਕਰਨਗੀਆਂ ਅਤੇ ਆਪਣੇ ਪੁਰਖ਼ਿਆਂ ਦੇ ਮਾਰਗ `ਤੇ ਚੱਲਣ ਦਾ ਤਹੱਈਆ ਵੀ ਕਰਨਗੀਆਂ।
ਇਸ ਜਿੱਤ ਦੀ ਤਹਿ ਫਰੋਲਣੀ ਹੈ ਤਾਂ ਧਰਨਿਆਂ ਦੇ ਆਲ਼ੇ-ਦੁਆਲੇ ਵਸਦੇ ਰੇਹੜੀ ਤੇ ਖੋਖੇ ਵਾਲਿਆਂ ਤੋਂ ਲੈ ਕੇ ਵੱਡੇ ਅਦਾਰਿਆਂ ਵਾਲਿਆਂ ਤੋਂ ਪੁੱਛੀਂ ਕਿ ਕਿਵੇਂ ਇਨ੍ਹਾਂ ਬਾਰੇ ਮੀਡੀਆ ਵਲੋਂ ਬਣਾਈ ਧਾਰਨਾ ਟੁੱਟਦੀ ਹੈ? ਕਿਵੇਂ ਹਰ ਵਿਅਕਤੀ ਇਸ ਨੂੰ ਆਪਣੀ ਜੱਦੋ-ਜਹਿਦ ਸਮਝ ਕੇ ਇਸ ਦਾ ਹਿੱਸਾ ਬਣ ਕੇ ਮਾਣਮੱਤਾ ਮਹਿਸੂਸ ਕਰਦਾ ਹੈ ਪਰ ਵਿਕਾਊ ਮੀਡੀਆ ਨੂੰ ਆਪਣੀ ਬੇਸ਼ਰਮੀ `ਤੇ ਵੀ ਰਤਾ ਸ਼ਰਮ ਨਹੀਂ ਆਉਂਦੀ।
ਜਿੱਤ ਦੀ ਤਫ਼ਸੀਲ ਲਈ ਨੱਕ `ਤੇ ਟਿਕਾਈਆਂ ਐਨਕਾਂ ਹੇਠ ਮਘਦੇ ਦੀਦਿਆਂ, ਹਿੱਕ ਵਿਚ ਉਜਵਲ ਹੋਈ ਜਜ਼ਬੇ ਦੀ ਜਵਾਲਾ, ਸੋਚ ਵਿਚ ਸ਼ਾਂਤੀ ਤੇ ਸਹਿਜ ਦਾ ਸੁਖ਼ਨ ਅਤੇ ਕਰਮ ਵਿਚਲੀ ਧਰਮ-ਕੀਰਤੀ ਵਿਚ ਉਤਰਨ ਦੀ ਜ਼ਰਾ ਕੁ ਕੋਸ਼ਿਸ਼ ਕਰੀਂ, ਸਭ ਕੁਝ ਆਪਣੇ ਆਪ ਹੀ ਸਮਝ ਆ ਜਾਵੇਗਾ। ਜਿੱਤ ਦੇ ਅਰਥ ਤਾਂ ਉਸ ਸਮੇਂ ਸਪੱਸ਼ਟ ਹੀ ਹੋ ਗਏ ਸਨ ਜਦ ਤਰਕ ਸਾਹਵੇਂ ਕਿਰ ਗਈਆਂ ਸਨ ਥੋਥੀਆਂ ਦਲੀਲਾਂ, ਪਾਖੰਡਬਾਜ਼ੀ ਦੀਆਂ ਦੁਰਕਾਰੀਆਂ ਗਈਆਂ ਸਨ ਅਪੀਲਾਂ। ਸਾਬਤ ਕਦਮਾਂ ਵਾਲੀ ਤੋਰ ਦੀ ਸੰਜੀਦਗੀ, ਸਿਆਣਪ, ਸਮਝ ਅਤੇ ਸਮਰੱਥਾ ਨੇ ਆਪਣੇ ਸਿਰੜ ਵਿਚੋਂ ਨਵੇਂ ਸਿਰਨਾਵਿਆਂ ਵਾਲੀ ਪੈੜ ਨੂੰ ਰੁਸ਼ਨਾਇਆ ਸੀ। ਸੁਪਨਿਆਂ ਦਾ ਸੱਚ ਹਾਸਲ ਕਰਨ ਲਈ ਖ਼ੁਦ ਨੂੰ ਸੁਪਨਿਆਂ ਦੇ ਹਾਣ ਦਾ ਕਰਨਾ ਪੈਂਦਾ ਅਤੇ ਸੁਪਨਿਆਂ ਦੀ ਸਰਦਲ `ਤੇ ਖ਼ੁਦ ਨੂੰ ਅਰਪਿਤ ਕਰਨਾ ਪੈਂਦਾ ਹੈ।
ਜਿੱਤ ਦੇ ਅਰਥਾਂ ਲਈ ਮਿੱਟੀ ਦੇ ਜਾਇਆਂ ਦੀ ਤਹਿਰੀਕ ਦੀਆਂ ਤਹਿਆਂ ਫਰੋਲੀਂ। ਇਨ੍ਹਾਂ ਦੀ ਪੁਰਖ਼ੀ ਵਿਰਾਸਤ ਵਿਚਾਰੀਂ। ਇਨ੍ਹਾਂ ਦੀ ਜੀਵਨ-ਸ਼ੈਲੀ ਨੂੰ ਵਿਚਾਰੀਂ, ਜੋ ਦਿਨ-ਰਾਤ ਆਪਣੇ ਜੀਵਨ ਨੂੰ ਖੇਤਾਂ ਦੇ ਨਾਮ ਲਾਉਂਦੇ। ਸਾਹਾਂ ਵਰਗੀਆਂ ਫਸਲਾਂ ਨੂੰ ਬੱਚਿਆਂ ਵਾਂਗ ਪਾਲਦੇ ਅਤੇ ਇਨ੍ਹਾਂ ਦੀਆਂ ਸੁੱਖਣਾਂ ਸੁੱਖਦਿਆਂ, ਸਰਬੱਤ ਲਈ ਸਕੂਨ ਅਤੇ ਸਬਰ ਦਾ ਸਬਕ ਪੜ੍ਹਾਉਂਦੇ।
ਜਿੱਤ ਦੇ ਅਰਥ ਮਾਵਾਂ, ਦਾਦੀਆਂ, ਚਾਚੀਆਂ, ਤਾਈਆਂ, ਭੈਣਾਂ ਅਤੇ ਧੀਆਂ ਨੂੰ ਪੁੱਛਣਾ, ਜਿਨ੍ਹਾਂ ਨੇ ਖੇਤਾਂ ਦੇ ਵਾਰਸਾਂ ਨੂੰ ਮੋਰਚੇ `ਤੇ ਤੋਰ ਖੁ਼ਦ ਖੇਤ ਸੰਭਾਲੇ। ਜਿਨ੍ਹਾਂ ਦੀਆਂ ਝੁਰੜੀਆਂ ਵਿਚ ਜਿੱਤ ਦੇ ਨਕਸ਼ ਸਨ, ਜਿਨ੍ਹਾਂ ਨੇ ਮੋਰਚਿਆਂ `ਤੇ ਡਟਿਆਂ ਲਈ ਹੀ ਰੋਟੀ ਨਹੀਂ ਸੀ ਪਕਾਈ ਸਗੋਂ ਆਸ-ਪਾਸ ਵੱਸਦੀ ਲੋਕਾਈ ਨੂੰ ਵੀ ਆਪਣੇ ਨਾਲ ਜੋੜ ਲਿਆ ਸੀ। ਜਿਨ੍ਹਾਂ ਨੇ ਲੋਕ-ਸੰਸਦ ਵੀ ਚਲਾਈ। ਜਿਨ੍ਹਾਂ ਨੇ ਦਿਹਾੜੀਦਾਰ ਹੋਣ ਦੀਆਂ ਤੁਹਮਤਾਂ ਨੂੰ ਪਿੰਡੇ ਤੋਂ ਪੂੰਝ, ਚਿਕਨੇ ਚਿਹਰਿਆਂ ਨੂੰ ਦੱਸ ਦਿਤਾ ਕਿ ਖੇਤਾਂ ਦੇ ਜਾਇਆਂ ਜਿੰਨੀਆਂ ਹੀ ਜ਼ੋਰਾਵਰ ਅਤੇ ਜ਼ਿੰਦਾਦਿਲ ਨੇ ਘਰ ਵਿਚ ਰਹਿਣ ਵਾਲੀਆਂ ਸਾਡੀਆਂ ਮਾਵਾਂ। ਜਿਹੜੀਆਂ ਮੌਕਾ ਪੈਣ `ਤੇ ਸਿਰ `ਤੇ ਮੜ੍ਹਾਸਾ ਬੰਨ੍ਹ, ਮੁਹਰੈਲ ਬਣ, ਦੁਸ਼ਮਣ ਦੀ ਅੱਖ ਵਿਚ ਅੱਖ ਪਾ ਕੇ ਉਸ ਨੂੰ ਉਸ ਦੀ ਔਕਾਤ ਦੇ ਰੁਬਰੂ ਵੀ ਕਰ ਸਕਦੀਆਂ ਨੇ। ਇਨ੍ਹਾਂ ਦੀ ਲਲਕਾਰ ਛੇੜਦੀ ਸੀ ਹਾਕਮਾਂ ਨੂੰ ਕੰਬਣੀ ਅਤੇ ਘੁਰਨਿਆਂ ਵਿਚ ਲੱਭਦੇ ਸਨ ਆਪਣੀ ਠਾਹਰ।
ਇਸ ਜਿੱਤ ਨੂੰ ਸਮਝਣ ਲਈ ਤੁਹਾਨੂੰ ਸੜਕਾਂ ਦੇ ਕੰਢਿਆਂ `ਤੇ ਉਗੇ ਹੋਏ ਸ਼ਹਿਰ, ਟਰਾਲੀਆਂ ਵਿਚ ਬਣੇ ਹੋਏ ਘਰ ਅਤੇ ਪਾਣੀ ‘ਚ ਡੁੱਬੇ ਤੰਬੂਆਂ ਵਿਚ ਔਕੜਾਂ ਨੂੰ ਮਖ਼ੌਲਾਂ ਕਰਨ ਵਾਲਿਆਂ ਨੂੰ ਮਿਲਣਾ ਪਵੇਗਾ। ਨਿੱਕੇ-ਨਿੱਕੇ ਖ਼ਾਨਿਆਂ ਵਿਚ ਜਾਗਦੀਆਂ ਕਿਤਾਬਾਂ ਨੂੰ ਘੋਖ਼ਦੀਆਂ ਅੱਖਾਂ ਦੇਖੀਂ। ਪੋਹ ਦੀ ਰਾਤੇ ਮਾਛੀਵਾੜੇ ਨੂੰ ਧਿਆਉਂਦੇ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਦੀਦਿਆਂ ਵਿਚ ਸਾਹਿਬਜ਼ਾਦਿਆਂ ਦੀ ਦੀਦਾ-ਦਲੇਰੀ ਨੂੰ ਚਿਤਵਣਾ ਬਹੁਤ ਜ਼ਰੂਰੀ। ਤਾਂ ਹੀ ਇਸ ਜਿੱਤ ਨੂੰ ਉਸ ਦੇ ਸਹੀ ਤੇ ਸੱਚੇ ਸੰਦਰਭ ਵਿਚ ਸਮਝਣ ਵਿਚ ਸੋਖ ਹੋਵੇਗੀ।
ਜਿੱਤ ਦੇ ਪਾਸਾਰ ਜਾਨਣੇ ਨੇ ਤਾਂ ਝੰਡਿਆਂ ਦੀ ਛਾਂ ਹੇਠ ਮਾਵਾਂ ਦਾ ਕਾਫ਼ਲਾ, ਸਵਾਣੀਆਂ ਵਲੋਂ ਮੁੱਠੀ ਬੰਦ ਕਰ ਕੇ ਲਾਏ ਜੈਕਾਰਿਆਂ ਦੀ ਗੂੰਜ, ਚੌਂਕੇ ਤੋਂ ਚੌਕ ਤੀਕ ਦੀ ਯਾਤਰਾ ਅਤੇ ਬਾਪੂਆਂ ਦੇ ਬਰੋਬਰ ਤੁਰਦੀਆਂ ਧੀਆਂ ਦੀਆਂ ਤਸਵੀਰਾਂ ਨੂੰ ਚੰਗੀ ਤਰ੍ਹਾਂ ਨਿਹਾਰਨਾ, ਤੁਹਾਨੂੰ ਉਨ੍ਹਾਂ ਦੀ ਤੋਰ ਵਿਚਲੀ ਮੜਕ ਤੇ ਨਿਰਭੈਤਾ, ਬੋਲਾਂ ਵਿਚਲੀ ਬੇਲਿਹਾਜ਼ਤਾ ਅਤੇ ਅੱਖਾਂ ਵਿਚ ਦਗਦੇ ਚੰਗਿਆੜੇ ਵਿਚੋਂ ਆਪਣੇ ਟੀਚੇ ਨੂੰ ਪੂਰਾ ਕਰਨ ਦਾ ਪ੍ਰਤੱਖ ਪ੍ਰਮਾਣ ਨਜ਼ਰੀਂ ਪਵੇਗਾ।
ਜਿੱਤ ਦੇ ਅਰਥ ਪੁੱਛਣੇ ਤਾਂ ਉਨ੍ਹਾਂ ਨੂੰ ਜ਼ਰੂਰ ਪੁੱਛੀਂ ਜਿਨ੍ਹਾਂ ਨੇ ਘਰ-ਪਰਿਵਾਰ ਨੂੰ ਬੇਦਾਵਾ ਦਿੱਤਾ, ਜਿਨ੍ਹਾਂ ਆਪਣਾ ਸਭ ਕੁਝ ਵੇਚ ਵੱਟ ਕੇ ਲੋਕ-ਲਹਿਰ ਦੇ ਲੇਖੇ ਲਾਇਆ, ਜਿਨ੍ਹਾਂ ਭਰਮ-ਭੁਲੇਖਿਆਂ ਨੂੰ ਤਿਆਗ ਕੇ ਹੱਕ-ਸੱਚ ਦੀ ਲਹਿਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਅਤੇ ਲੋਕਾਂ ਦਾ ਪਿਆਰ ਕਮਾਇਆ। ਇਹ ਲੋਕ ਹੀ ਨੇ ਜਿਨ੍ਹਾਂ ਨੇ ਤਵਾਰੀਖ਼ ਦਾ ਇਕ ਵਰਕਾ ਆਪਣੇ ਨਾਮ ਦਾ ਲਿਖਵਾਇਆ ਅਤੇ ਨਵੀਂ ਤਹਿਜ਼ੀਬ ਨੂੰ ਲੋਕ-ਮਨਾਂ ਵਿਚ ਸਮਾਇਆ ਕਿ ਲੋਕਾਂ ਦੀਆਂ ਵੰਡੀਆਂ ਸਿਰਫ਼ ਹਾਕਮਾਂ ਦੀ ਚਾਲ ਹੁੰਦੀ ਹੈ। ਜਦ ਲੋਕ ਇਕੱਠੇ ਹੋ ਕੇ ਲੋਕ-ਲਹਿਰ ਬਣਦੇ ਨੇ ਤਾਂ ਇਹ ਚਾਲਾਂ ਰੇਤ ਦੀਆਂ ਦੀਵਾਰਾਂ ਵਾਂਗ ਪਲ ਭਰ ਵਿਚ ਢਹਿ-ਢੇਰੀ ਹੋ ਜਾਂਦੀਆਂ ਨੇ।
ਜਿੱਤ ਦੇ ਅਰਥ ਪੁੱਛਣੇ ਨੇ ਤਾਂ ਕਾਰਪੋਰੇਟਾਂ ਦੇੇ ਚਿਹਰਿਆਂ `ਤੇ ਚਿਪਕੀ ਉਦਾਸੀ, ਜ਼ਮੀਨਾਂ ਹਥਿਆਉਣ ਦੀ ਲੋਚਾ ਪਾਲਣ ਵਾਲਿਆਂ ਦੀ ਨਮੋਸ਼ੀ, ਵੱਡੇ ਮਹਿਲਾਂ ਵਿਚ ਖਾਮੋਸ਼ ਹੋ ਗਈਆਂ ਮਹਿਫ਼ਲਾਂ ਅਤੇ ਉਨ੍ਹਾਂ ਦੀਆਂ ਕੂੜ-ਕਮਾਈਆਂ, ਕੁਰਹਿਤਾਂ ਅਤੇ ਕਮੀਨਗੀਆਂ ਨੂੰ ਮਿਲੀ ਕਰੁਣਾ ਦਾ ਅੰਦਾਜ਼ਾ ਜ਼ਰੂਰ ਲਾ ਲੈਣਾ।
ਜਿੱਤ ਦੇ ਅਰਥ ਤਾਂ ਸਪੱਸ਼ਟ ਹੀ ਹੋ ਜਾਣਗੇ ਜਦ ਗੀਤਾਂ ਦੇ ਬਦਲੇ ਮੁੱਖੜੇ ਅਤੇ ਲੋਕ-ਸੰਗੀਤ ਦੇ ਨਵੇਂ ਸਿਰਨਾਵੇਂ ਨੂੰ ਦੇਖਣਾ। ਕਲਮਾਂ ਵਲੋਂ ਕੋਰੇ ਵਰਕਿਆਂ `ਤੇ ਉਕਰੀ ਉਸ ਇਬਾਰਤ ਨੂੰ ਪੜ੍ਹਨਾ, ਜਿਸ ਨੇ ਇਬਾਦਤ ਵਾਂਗ ਨਵੀਂ ਪੀੜ੍ਹੀ ਦਾ ਮਾਰਗ-ਦਰਸ਼ਨ ਕਰਨਾ ਹੈ। ਨੌਜਵਾਨਾਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਪਰਵਾਜ਼, ਜਿਊਣ ਤੋਂ ਆਕੀ ਹੋ ਚੁੱਕਿਆਂ ਨੂੰ ਮਿਲਿਆ ਨਵਾਂ ਜਿਊਣ ਅੰਦਾਜ਼ ਅਤੇ ਉਨ੍ਹਾਂ ਦੇ ਸਾਹਸੱਤ ਹੀਣ ਸਾਹਾਂ ਵਿਚ ਉਗਿਆ ਸਾਹਾਂ ਦਾ ਰਿਆਜ਼ ਦੇਖਣਾ। ਪਤਾ ਲੱਗੇਗਾ ਕਿ ਜਿੱਤ ਵਿਚੋਂ ਜ਼ਿੰਦਗੀ ਦੀ ਕਿਵੇਂ ਨਿਸ਼ਾਨਦੇ