ਅਹੁਦੇਦਾਰੀ ਦੀ ਸਿਆਸਤ

ਆਮ ਆਦਮੀ ਪਾਰਟੀ ਨੇ ਆਖਰਕਾਰ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਵਿਚ ਬਾਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਇਕਾਈ ਦੇ ਮੁਖੀ ਭਗਵੰਤ ਮਾਨ ਨੂੰ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ।

ਪਿਛਲੇ ਕਾਫੀ ਸਮੇਂ ਤੋਂ ਪਾਰਟੀ ਉਤੇ ਇਸ ਐਲਾਨ ਬਾਰੇ ਦਬਾਅ ਸੀ ਅਤੇ ਖੁਦ ਅਰਵਿੰਦ ਕੇਜਰੀਵਾਲ ਵਾਰ-ਵਾਰ ਐਲਾਨ ਕਰਦੇ ਰਹੇ ਹਨ ਕਿ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਅਜਿਹੇ ਨਾਂ ਦਾ ਐਲਾਨ ਕੀਤਾ ਜਾਵੇਗਾ ਜੋ ਸੂਬੇ ਦੇ ਹਰ ਸੰਕਟ ਨੂੰ ਹੱਲ ਕਰ ਦੇਵੇਗਾ। ਹੁਣ ਇਸ ਐਲਾਨ ਨਾਲ ਸੂਬੇ ਦੀ ਚੋਣ ਸਿਆਸਤ ਵਿਚ ਨਵੇਂ ਸਿਰਿਓਂ ਹਲਚਲ ਹੋਈ ਹੈ। ਇਸ ਨਾਲ ਕਾਂਗਰਸ ਉਤੇ ਵੀ ਅਜਿਹਾ ਕਰਨ ਲਈ ਦਬਾਅ ਵਧੇਗਾ ਜੋ ਧੜੇਬੰਦੀ ਕਾਰਨ ਬਹੁਤ ਮਾੜੇ ਦੌਰ ਵਿਚੋਂ ਲੰਘ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੀ ਬਹੁਤ ਮਾੜੀ ਕਾਰਗੁਜ਼ਾਰੀ ਅਤੇ ਉਨ੍ਹਾਂ ਖਿਲਾਫ ਉਠੀ ਬਗਾਵਤ ਕਾਰਨ ਕਾਂਗਰਸ ਹਾਈ ਕਮਾਨ ਨੇ ਅਮਰਿੰਦਰ ਸਿੰਘ ਨੂੰ ਲਾਂਭੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ ਹਾਲਾਂਕਿ ਇਸ ਅਹੁਦੇ ਲਈ ਨਵਜੋਤ ਸਿੰਘ ਸਿੱਧੂ ਵੀ ਘਾਤ ਲਾਈ ਬੈਠੇ ਸਨ ਪਰ ਨਵਜੋਤ ਸਿੱਧੂ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾ ਕੇ ਮਾਮਲੇ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਗਿਆ। ਉਂਝ, ਇਸ ਸਾਰੀ ਕਵਾਇਦ ਦੇ ਬਾਵਜੂਦ ਕਾਂਗਰਸ ਦਾ ਅੰਦਰੂਨੀ ਮਸਲਾ ਅਜੇ ਤੱਕ ਵੀ ਸੁਲਝਿਆ ਨਹੀਂ ਹੈ। ਇਸ ਦਾ ਵੱਡਾ ਕਾਰਨ ਸ਼ਾਇਦ ਵੱਖ-ਵੱਖ ਲੀਡਰਾਂ ਦੀ ਆਪੋ-ਧਾਪੀ ਹੀ ਹੈ ਅਤੇ ਕਮਜ਼ੋਰ ਹਾਈ ਕਮਾਨ ਹੋਣ ਕਾਰਨ ਇਹ ਮਸਲਾ ਲਟਕ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਬਾਰੇ ਤਾਂ ਸਪਸ਼ਟ ਹੀ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਫਿਲਹਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਹੋਰ ਲੀਡਰ ਹੈ ਹੀ ਨਹੀਂ। ਪਹਿਲਾਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਰੂਪ ਵਿਚ ਅਕਾਲੀ ਦਲ ਵਿਚ ਜਿਹੜੀਆਂ ਬਗਾਵਤਾਂ ਹੋਈਆਂ, ਉਸ ਦਾ ਅਸਲ ਕਾਰਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਹੀ ਸੀ ਪਰ ਹੁਣ ਹਾਲ ਇਹ ਹੈ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਬਣਾਉਣ ਕਰਕੇ ਉਨ੍ਹਾਂ ਨੂੰ ਲੋਕ ਮੂੰਹ ਨਹੀਂ ਲਾ ਰਹੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਸਾਥੀਆਂ ਨਾਲ ਦੁਬਾਰਾ ਅਕਾਲੀ ਦਲ ਵਿਚ ਸ਼ਮਿਲ ਹੋ ਗਏ ਹਨ। ਉਨ੍ਹਾਂ ਦੀ ਇਸ ਘਰ ਵਾਪਸੀ ਦਾ ਕਾਰਨ ਵੀ ਸੁਖਦੇਵ ਸਿੰਘ ਢੀਂਡਸਾ ਦੀ ਭਾਰਤੀ ਜਨਤਾ ਪਾਰਟੀ ਨਾਲ ਚੋਣ-ਸਾਂਝ ਹੀ ਬਣੀ ਹੈ। ਲੋਕ ਭਾਵੇਂ ਅਜੇ ਵੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਨੂੰ ਬਹੁਤਾ ਮੂੰਹ ਨਹੀਂ ਲਾ ਰਹੇ ਪਰ ਇਕ ਤੱਥ ਇਹ ਵੀ ਹੈ ਕਿ ਸਿਆਸੀ ਪਿੜ ਵਿਚ ਪਛਾੜਾਂ ਦੇ ਬਾਵਜੂਦ, ਅਕਾਲੀ ਦਲ ਦਾ ਜਥੇਬੰਦਕ ਢਾਂਚਾ ਜਿਉਂ ਦਾ ਤਿਉਂ ਕਾਇਮ ਰਿਹਾ ਹੈ ਅਤੇ ਵੋਟ ਫੀਸਦ ਹਾਸਲ ਕਰਨ ਵਿਚ ਵੀ ਇਸ ਪਾਰਟੀ ਨੂੰ ਬਹੁਤੀ ਮਾਰ ਨਹੀਂ ਪਈ ਹੈ।
ਦਰਅਸਲ, ਪੰਜਾਬ ਦੇ ਲੋਕ ਚਿਰਾਂ ਤੋਂ ਸਿਆਸੀ ਬਦਲ ਦੀ ਤਲਾਸ਼ ਵਿਚ ਹਨ। 2014 ਦੀਆਂ ਚੋਣਾਂ ਵੇਲੇ ਜਦੋਂ ਆਮ ਆਦਮੀ ਪਾਰਟੀ ਨੇ ਪਹਿਲੀ ਸੱਟੇ ਹੀ ਕੁੱਲ 13 ਵਿਚੋਂ 4 ਲੋਕ ਸਭਾ ਸੀਟਾਂ ਜਿੱਤ ਲਈਆਂ ਤਾਂ ਕਿਸੇ ਦੇ ਚਿਤ-ਚੇਤੇ ਵੀ ਨਹੀਂ ਸੀ ਕਿ ਇਹ ਨਵੀਂ ਬਣੀ ਪਾਰਟੀ ਪੰਜਾਬ ਦੇ ਚੋਣ ਪਿੜ ਵਿਚ ਇੰਨੀ ਵੱਡੀ ਮੱਲ ਮਾਰ ਲਵੇਗੀ। ਉਸ ਵਕਤ ਸਿਰਫ ਭਗਵੰਤ ਮਾਨ ਦੀ ਜਿੱਤ ਬਾਰੇ ਹੀ ਕਿਆਸ-ਆਰਾਈਆਂ ਸਨ। ਉਦੋਂ ਉਸ ਨੇ ਮਨਪ੍ਰੀਤ ਸਿੰਘ ਬਾਦਲ ਦੀ ਪੀ.ਪੀ.ਪੀ. ਨਾਲੋਂ ਤੋੜ-ਵਿਛੋੜਾ ਕਰਕੇ ਆਮ ਆਦਮੀ ਪਾਰਟੀ ਵਿਚ ਥੋੜ੍ਹੇ ਸਮੇਂ ਵਿਚ ਹੀ ਆਪਣੀ ਥਾਂ ਬਣਾ ਲਈ ਸੀ। ਪਹਿਲਾਂ-ਪਹਿਲ ਉਹ ਆਪਣੀ ਕਲਾਕਾਰੀ ਦੇ ਸਿਰ ਉਤੇ ਚਮਕਿਆ ਪਰ ਮਗਰੋਂ ਕੁਝ ਖਾਸ ਸਿਆਸੀ ਮਸਲੇ ਉਠਾਉਣ ਕਾਰਨ ਚਰਚਾ ਦਾ ਵਿਸ਼ਾ ਬਣਿਆ। ਉਂਝ, ਇਹ ਵੀ ਕੌੜਾ ਸੱਚ ਹੈ ਕਿ ਹੁਣ ਵਾਲੇ ਮੁਕਾਮ ਤੱਕ ਪੁੱਜਣ ਲਈ ਉਸ ਨੇ ਆਪਣੇ ਸਾਥੀਆਂ ਨਾਲ ਸ਼ਰੀਕੇਬਾਜ਼ੀ ਵੀ ਪੂਰੀ ਨਿਭਾਈ। ਉਸ ਦੀ ਇਹ ਪਹੁੰਚ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਬਹੁਤ ਸੂਤ ਬੈਠਦੀ ਸੀ। ਅਸਲ ਵਿਚ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਚਾਹੁੰਦੀ ਹੀ ਨਹੀਂ ਸੀ ਕਿ ਪੰਜਾਬ ਦੇ ਲੀਡਰਾਂ ਨੂੰ ਸਿਰ ਕੱਢਣ ਦਿੱਤਾ ਜਾਵੇ। ਇਉਂ ਭਗਵੰਤ ਮਾਨ ਉਤੇ ਲਗਾਤਾਰ ਦੋਸ਼ ਲਗਦੇ ਰਹੇ ਕਿ ਉਹ ਆਪਣੀ ਸਿਆਸਤ ਚੱਲਦੀ ਰੱਖਣ ਲਈ ਹੋਰ ਲੀਡਰਾਂ ਖਿਲਾਫ ਕੇਂਦਰੀ ਲੀਡਰਸ਼ਿਪ ਨਾਲ ਮਿਲਿਆ ਹੋਇਆ ਹੈ। ਪਾਰਟੀ ਨਾਲ ਜੁੜੇ ਵੱਖ-ਵੱਖ ਲੀਡਰ ਪੰਜਾਬ ਦੀ ਵੁੱਕਤ ਲਈ ਅਹੁਲਦੇ ਰਹੇ ਪਰ ਕੇਂਦਰੀ ਲੀਡਰਸ਼ਿਪ ਉਨ੍ਹਾਂ ਨੂੰ ਦਰਨਿਕਾਰ ਕਰਦੀ ਰਹੀ।
ਹੁਣ ਆਮ ਆਦਮੀ ਪਾਰਟੀ ਨੇ ਭਾਵੇਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਪਰ ਅਜੇ ਵੀ ਪੰਜਾਬ ਬਾਰੇ ਸਾਰੇ ਦੇ ਸਾਰੇ ਫੈਸਲੇ ਕੇਂਦਰੀ ਲੀਡਰਸ਼ਿਪ ਹੀ ਕਰ ਰਹੀ ਹੈ। ਸਿੱਟੇ ਵਜੋਂ ਪਰਨਾਲਾ ਅਜੇ ਵੀ ਉਥੇ ਦਾ ਉਥੇ ਹੀ ਹੈ। ਇਸੇ ਨੁਕਤਾ-ਨਿਗ੍ਹਾ ਤੋਂ ਕੁਝ ਚੋਣ ਵਿਸ਼ਲੇਸ਼ਕ ਹੁਣ ਆਮ ਆਦਮੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੀ ਬੀ. ਟੀਮ ਵੀ ਆਖਣ ਲੱਗ ਪਏ ਹਨ। ਇਸ ਸਬੰਧ ਵਿਚ ਪਾਰਟੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਫੈਸਲਿਆਂ ਦੀਆਂ ਮਿਸਾਲਾਂ ਵੀ ਦਿੱਤੀਆਂ ਜਾਂਦੀਆਂ ਹਨ। ਉਂਝ ਵੀ, ਜੇ ਇਸ ਪਾਰਟੀ ਦੀ ਹੁਣ ਤੱਕ ਦੀ ਪੰਜਾਬ ਚੋਣ ਮੁਹਿੰਮ ਦੀ ਪੁਣਛਾਣ ਕੀਤੀ ਜਾਵੇ ਤਾਂ ਇਹੀ ਤੱਥ ਸਾਹਮਣੇ ਆਉਂਦਾ ਹੈ ਕਿ ਇਸ ਦੀ ਕਮਾਨ ਸਿਰਫ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਹੱਥ ਹੀ ਰਹੀ ਹੈ। ਅਜਿਹੀ ਸੂਰਤ ਵਿਚ ਭਗਵੰਤ ਮਾਨ ਪੰਜਾਬ ਦੀ ਸਿਆਸਤ ਵਿਚ ਕਿੰਨਾ ਕੁ ਯੋਗਦਾਨ ਪਾ ਸਕਦਾ ਹੈ, ਸਪਸ਼ਟ ਹੀ ਹੈ। ਉਂਝ, ਵਿਸ਼ਲੇਸ਼ਕ ਇਹ ਜ਼ਰੂਰ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਨਾਲ ਲੋਕਾਂ ਦਾ ਕਾਂਗਰਸ ਅਤੇ ਅਕਾਲੀ ਦਲ ਦੀ ਰਵਾਇਤੀ ਸਿਆਸਤ ਤੋਂ ਇਕ ਵਾਰ ਖਹਿੜਾ ਜ਼ਰੂਰ ਛੁੱਟ ਜਾਵੇਗਾ ਅਤੇ ਸੂਬੇ ਵਿਚ ਨਵੀਂ ਸਿਆਸਤ ਦੀ ਆਮਦ ਲਈ ਰਾਹ ਖੁੱਲ੍ਹ ਜਾਵੇਗਾ।