ਪੰਜਾਬੀ ਭਾਸ਼ਾ ਦਾ ਦੀਵਾਨਾ ਆਸ਼ਕ ਜੋਗਿੰਦਰ ਸਿੰਘ ਪੁਆਰ-3

ਵਰਿਆਮ ਸਿੰਘ ਸੰਧੂ
ਫੋਨ (ਵ੍ਹੱਟਸਐਪ): +91-98726-02296
ਪੰਜਾਬ ਦੇ ਸਾਹਿਤਕ ਅਤੇ ਬੌਧਿਕ ਹਲਕਿਆਂ ਅੰਦਰ ਡਾ. ਜੋਗਿੰਦਰ ਸਿੰਘ ਪੁਆਰ ਦਾ ਆਪਣਾ ਸਥਾਨ ਹੈ। ਮੁੱਖ ਰੂਪ ਵਿਚ ਭਾਸ਼ਾ ਉਨ੍ਹਾਂ ਦਾ ਕਾਰਜ ਖੇਤਰ ਸੀ। ਕੋਈ ਉਨ੍ਹਾਂ ਦੀ ਰਾਇ ਨਾਲ ਸਹਿਮਤ ਹੁੰਦਾ ਜਾਂ ਨਾ ਪਰ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਵੱਲ ਸੀ ਅਤੇ ਇਸ ਵੱਲ ਵਿਚ ਉਨ੍ਹਾਂ ਨੇ ਜ਼ਿੱਦ ਵੀ ਜੋੜੀ ਹੋਈ ਸੀ। ਉਘੇ ਲਿਖਾਰੀ ਵਰਿਆਮ ਸਿੰਘ ਸੰਧੂ ਨੇ ਉਨ੍ਹਾਂ ਬਾਰੇ ਲਿਖੀ ਲੰਮੀ ਰਚਨਾ ‘ਪੰਜਾਬ ਟਾਈਮਜ਼’ ਲਈ ਭੇਜੀ ਹੈ। ਇਸ ਵਿਚ ਡਾ. ਪੁਆਰ ਦੇ ਸੱਭੇ ਰੰਗ ਨਸ਼ਰ ਹੋਏ ਹਨ। ਇਸ ਲੰਮੇ, ਬੇਲਿਹਾਜ਼ ਲੇਖ ਦੀ ਤੀਜੀ ਅਤੇ ਆਖਰੀ ਕਿਸ਼ਤ ਹਾਜ਼ਰ ਹੈ।

ਡਾ. ਜੋਗਿੰਦਰ ਸਿੰਘ ਪੁਆਰ ਦੇ ਮੁਹੱਬਤੀ ਸੁਭਾਅ ਦੀਆਂ ਕੁਝ ਹੋਰ ਗੱਲਾਂ ਯਾਦ ਆ ਰਹੀਆਂ ਹਨ।
ਪੁਆਰ 1992 ਵਿਚ ਪ੍ਰੋ-ਵਾਈਸ ਚਾਂਸਲਰ ਲੱਗਾ ਸੀ ਤੇ ਅਗਲੇ ਸਾਲ 1993 ਵਿਚ ‘ਮੁਕੰਮਲ’ ਵਾਈਸ ਚਾਂਸਲਰ ਬਣਿਆ। ਪੁਆਰ ਦੇ ਵਾਈਸ ਚਾਂਸਲਰ ਬਣਨ ਦੀ ਖੁਸ਼ੀ ਸਾਂਝੀ ਕਰਨ ਲਈ ਉਸ ਦੇ ਕੁਝ ਨਜ਼ਦੀਕੀ ਦੋਸਤ ਸ਼ਾਮ ਨੂੰ ਉਹਦੇ ਯੂਨੀਵਰਸਿਟੀ ਵਾਲੇ ਘਰ ਬੈਠੇ ਹੋਏ ਸਾਂ। ਪੁਆਰ ਨੇ ਵਿਸਕੀ ਦੀ ਬੋਤਲ ਆਪਣੇ ਹੱਥ ਵਿਚ ਫੜੀ ਤੇ ਖੱਬੇ ਹੱਥ ਨਾਲ ਹਰ ਇਕ ਦੇ ਗਿਲਾਸ ਵਿਚ ਪੈਗ ਪਾਉਣ ਲੱਗਾ। ਮੇਰੇ ਕੋਲ ਆਇਆ ਤਾਂ ਮੈਨੂੰ ਕਹਿੰਦਾ, “ਆਪਣਾ ਗਲਾਸ ਅੱਗੇ ਕਰ।”
“ਪਾਓ, ਪਾਓ ਇਹਨੂੰ।” ਹੱਸਦਿਆਂ ਹੋਇਆਂ ਸਭ ਨੇ ਸ਼ੋਰ ਚੁੱਕ ਦਿੱਤਾ।
ਪੁਆਰ ਸਮੇਤ ਸਾਰੇ ਜਾਣਦੇ ਸਨ ਕਿ ਮੈਂ ਪੀਂਦਾ ਨਹੀਂ। ਬੋਤਲ ਵਾਲੀ ਖੱਬੀ ਬਾਂਹ ਉਹਨੇ ਇੰਝ ਉਤਾਂਹ ਕੀਤੀ ਹੋਈ ਸੀ, ਜਿਵੇਂ ਵਾਰ ਕਰਨ ਲਈ ਤਲਵਾਰ ਉਠਾਈ ਹੋਵੇ ਤੇ ਮੈਂ ਜਾਨ ਬਚਾਉਣ ਲਈ ਤਰਲਾ ਲੈਣ ਵਾਲਿਆਂ ਵਾਂਗ ਕਿਹਾ, “ਡਾਕਟਰ ਸਾਬ੍ਹ! ਤੁਸੀਂ ਜਾਣਦੇ ਤਾਂ ਹੋ, ਮੈਂ ਨਹੀਂ ਪੀਂਦਾ।”
ਆਵਾਜ਼ਾਂ ਉਠੀਆਂ, “ਪੀ ਲੈਂਦਾ, ਪੀ ਲੈਂਦਾ ਇਹ। ਐਵੇਂ ਨਖਰੇ ਕਰਦਾ। ਪਾਓ ਪੈਗ ਪੁਆਰ ਸਾਹਿਬ ਤੁਸੀਂ।”
ਮਰਦਾ ਕੀ ਨਾ ਕਰਦਾ! ਮੈਂ ਹੱਥ ਜੋੜ ਦਿੱਤੇ।
“ਇਸ ਵਾਰ ਰਹਿਣ ਦਿਓ, ਜਦ ਅਗਲੀ ਵਾਰ ਤੁਹਾਨੂੰ ਐਕਸਟੈਨਸ਼ਨ ਮਿਲੀ, ਉਸ ਦਿਨ ਮੈਂ ਕੁਝ ਵੀ ਹੋਵੇ, ਭਾਵੇਂ ਢੱਕਣ ਵਿਚ ਪਾ ਕੇ ਹੀ ਇੱਕ ਪੈਗ ਲਵਾਂ, ਲੈ ਲਵਾਂਗਾ।”
“ਲੈ, ਕਦੋਂ ਤਿੰਨ ਸਾਲ ਹੋਏ, ਕਦੋਂ ਐਕਸਟੈਨਸ਼ਨ ਮਿਲੀ ਤੇ ਕਦੋਂ ਤੂੰ ਪੀਤੀ?”
ਟਲਣ ਵਾਲੇ ਨਹੀਂ ਸਨ ਟਲ ਰਹੇ, “ਖੁਸ਼ੀ ਦਾ ਦਿਨ ਤਾਂ ਅੱਜ ਏ।”
ਪਰ ਪੁਆਰ ਨੇ ਆਪਣੀ ਬੋਤਲ ਅਗਲੇ ਸਾਥੀ ਦੇ ਗਲਾਸ ਵੱਲ ਵਧਾਉਂਦਿਆਂ ਟੇਢੀ ਅੱਖ ਮੇਰੇ ਵੱਲ ਕੀਤੀ ਤੇ ਕਿਹਾ, “ਲੈ ਹੁਣ ਯਾਦ ਰੱਖੀਂ ਫੇਰ।”
“ਯਾਦ ਰੱਖੂੰਗਾ ਜੀ, ਬਰ ਜ਼ਰੂਰ ਯਾਦ ਰਖੂੰਗਾ।” ‘ਜਾਨ-ਬਖਸ਼ੀ’ ਸਮਝ ਕੇ ਮੈਂ ਹੱਥ ਜੋੜੇ।
ਅਗਲੇ ਤਿੰਨ ਸਾਲ ਗੁਜ਼ਰਨ ਤੋਂ ਪਹਿਲਾਂ ਹੀ 1995 ਵਿਚ ਉਹਦੀ ਸਭ ਤੋਂ ਵੱਡੀ ਧਿਰ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਹੋ ਗਿਆ। ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਯੂਨੀਵਰਸਿਟੀ ਵਿਚ ਉਸ ਤੋਂ ‘ਔਖੀ ਧਿਰ’ ਮੁੜ ਤੋਂ ‘ਸ਼ੇਰ’ ਹੋ ਗਈ। ਉਹਦੇ ਖਿਲਾਫ ਸ਼ੋਰ ਚੁੱਕ ਦਿੱਤਾ। ਇਸ ਤਿੱਖੇ ਵਿਰੋਧ ਨੂੰ ਦੇਖ ਕੇ ਲੱਗਣ ਲੱਗਾ ਸੀ ਕਿ ਉਹਨੂੰ ਐਕਸਟੈਨਸ਼ਨ ਨਹੀਂ ਮਿਲਣ ਲੱਗੀ। ਉਹਦੇ ਦੁਆਲੇ ਹਰ ਵੇਲੇ ਚੱਕਰ ਕੱਟਦੇ ਰਹਿਣ ਵਾਲੇ ਚਾਪੂਲੂਸ ‘ਭਮੱਕੜਾਂ’ ਨੇ ਵੀ ਉਹਦੇ ਦੁਆਲੇ ‘ਭਿਣ-ਭਿਨਾਉਣਾ’ ਬੰਦ ਕਰ ਦਿੱਤਾ ਸੀ। ਇਨ੍ਹਾਂ ਦਿਨਾਂ ਵਿਚ ਉਹ ਇਕੱਲਾ ਮਹਿਸੂਸ ਕਰਨ ਲੱਗਾ ਪਰ ਉਹਨੇ ਦਿਲ ਨਹੀਂ ਸੀ ਛੱਡਿਆ। ਉਹਦੀ ਦੂਜੀ ਵੱਡੀ ਧਿਰ, ਉਹਦੇ ‘ਸਾਈਂ’ ਹਰਕਿਸ਼ਨ ਸਿੰਘ ਸੁਰਜੀਤ ਦਾ ਅਜੇ ਭਾਰਤ ਦੀ ਸਿਆਸਤ ਵਿਚ ਸਿੱਕਾ ਚੱਲਦਾ ਸੀ। ‘ਸੁਰਜੀਤ’ ਨਾਲ ਵੀ ਉਹਦੀ ਵਰ੍ਹਿਆਂ ਲੰਮੀ ਨੇੜਲੀ ਸਾਂਝ ਸੀ। ਜਦੋਂ ਉਹ ਲੰਡਨ ਪੜ੍ਹਦਾ ਸੀ ਤਾਂ ਪਾਰਟੀ ਸਾਥੀਆਂ ਨਾਲ ਮਿਲ ਕੇ ਪਾਰਟੀ ਫੰਡ ਇਕੱਠਾ ਕਰ ਕੇ ‘ਸੁਰਜੀਤ’ ਨੂੰ ਦਿੰਦਾ ਰਿਹਾ ਸੀ। ਪਾਰਟੀ ਪ੍ਰਤੀਬੱਧਤਾ ਕਾਰਨ ਉਹ ਉਦੋਂ ਤੋਂ ਹੀ ਸੁਰਜੀਤ ਦੇ ਦਿਲ ਦੇ ਨੇੜੇ ਹੋ ਗਿਆ ਸੀ। ਤੇ ‘ਜਾ ਕੋ ਰਾਖੇ ‘ਸਾਈਆਂ’, ਮਾਰ ਸਕੇ ਨਾ ਕੋਇ!’ ਭਖਵੇਂ ਵਿਰੋਧ ਦੇ ਬਾਵਜੂਦ ਉਹਦੇ ਕਾਰਜਕਾਲ ਵਿਚ ਤਿੰਨ ਸਾਲ ਦਾ ਵਾਧਾ ਹੋ ਗਿਆ।
ਯਾਰਾਂ ਨੇ ਤਾਂ ਖੁਸ਼ ਹੋਣਾ ਹੀ ਸੀ। ਤਿੰਨ ਸਾਲ ਪਹਿਲਾਂ ਵਾਂਗ ਹੀ ਸ਼ਾਮ ਨੂੰ ਦੋਸਤਾਂ ਦਾ ਇਕੱਠ ਸੀ। ਉਹੋ ਘਰ, ਉਹੋ ਥਾਂ। ਦੋ-ਚਹੁੰ ਨੂੰ ਛੱਡ ਕੇ ਯਾਰ ਦੋਸਤ ਵੀ ਲਗਭਗ ਉਹੋ ਹੀ।
ਡਾ. ਪੁਆਰ ਨੇ ਉਸ ਸ਼ਾਮ ਵਾਂਗ ਹੀ ਆਪਣੇ ਖਾਸ ਅੰਦਾਜ਼ ਵਿਚ ਖੱਬੇ ਹੱਥ ਵਿਚ ਬੋਤਲ ਚੁੱਕੀ ਤੇ ਦਾਰੂ ਵਰਤਾਉਣ ਲੱਗਾ। ਮੇਰੇ ਕੋਲ ਆਇਆ ਤਾਂ ਮੈਂ ਸਦਾ ਵਾਂਗ ਕਿਹਾ, “ਡਾ ਸਾਬ੍ਹ, ਤੁਹਾਨੂੰ ਤਾਂ ਪਤੈ ਕਿ ਮੈਂ ਨਹੀਂ ਪੀਂਦਾ।”
ਇਸ ਤੋਂ ਪਹਿਲਾਂ ਕਿ ਕੋਈ ਹੋਰ ਕੁਝ ਕਹਿੰਦਾ, ਪੁਆਰ ਬੋਲਿਆ, “ਤਿੰਨ ਸਾਲ ਪਹਿਲਾਂ ਏਸੇ ਥਾਂ ’ਤੇ ਕੀਤਾ ਆਪਣਾ ਵਾਅਦਾ ਯਾਦ ਕਰ ਤੇ ਬੰਦਾ ਬਣ ਕੇ ਬੋਤਲ ਦਾ ਢੱਕਣ ਚੁੱਕ ਲੈ। ਢੱਕਣ ਤੋਂ ਵੱਧ ਮੈਂ ਤੈਨੂੰ ਪਾਉਂਦਾ ਨਹੀਂ।”
ਉਹਨੂੰ ਮੇਰਾ ‘ਢੱਕਣ ਜਿੰਨੀ ਪੀਣ ਦਾ ਵਾਅਦਾ’ ਯਾਦ ਸੀ। ਸਾਰੇ ਉਹਦੀ ਯਾਦ-ਦਾਸ਼ਤ ’ਤੇ ਹੈਰਾਨ ਸਨ।
“ਬੜਾ ਯਾਦ ਰੱਖਿਆ ਜੇ ਪੁਆਰ ਸਾਬ੍ਹ!”
ਮੈਂ ਢੱਕਣ ਵਿਚ ਸ਼ਰਾਬ ਪੁਆਈ ਤੇ ਪਾਣੀ ਨਾਲ ਭਰੇ ਗਲਾਸ ਵਿਚ ਉਲੱਦ ਲਈ। ਸਾਰਿਆਂ ਰੌਲਾ ਚੁੱਕ ਲਿਆ, “ਲਓ, ਏਨੇ ਨਾਲ ਕੀ ਬਣਦਾ ਜੀ। ਪੂਰਾ ਪੈਗ ਪਾਓ ਉਹਨੂੰ।”
“ਨਹੀਂ ਭਈ! ਇਹਦਾ ਢੱਕਣ ਜਿੰਨੀ ਪੀਣ ਦਾ ਵਾਅਦਾ ਹੀ ਸੀ, ਉਹ ਇਹਨੇ ਨਿਭਾਅ ਦਿੱਤਾ। ਹੁਣ ਇਹਦੇ ਨਾਲ ਧੱਕਾ ਨਹੀਂ ਕਰਨਾ!”

ਪੁਆਰ ਦੇ ਕਾਰਜਕਾਲ ਦੇ ਅਗਲੇ ਸਾਲ ਸੌਖੇ ਨਹੀਂ ਸਨ ਪਰ ਉਹ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਤਰੱਕੀ ਲਈ ਵਚਨਬੱਧ ਸੀ। ਉਹਨੇ ਇਨ੍ਹਾਂ ਸਾਲਾਂ ਵਿਚ ਕਈ ਕਾਨਫਰੰਸਾਂ ਤੇ ਸੈਮੀਨਾਰ ਕਰਵਾਏ। ਦੋ ਭਾਰਤ ਪੱਧਰੀ ਹਿਸਟਰੀ ਕਾਂਗਰਸਾਂ ਵੀ ਕਰਵਾਈਆਂ। 1996 ਵਿਚ ਉਹਨੇ ਭਾਰਤੀ ਸਾਇੰਸ ਕਾਂਗਰਸ ਕਰਵਾਈ। 1997 ਵਿਚ ਅਕਾਲੀ ਸਰਕਾਰ ਬਣਨ ’ਤੇ ਉਸ ਉਤੇ ਅਜਿਹਾ ਦਬਾਓ ਬਣਾਇਆ ਜਾਣ ਲੱਗਾ ਕਿ ਉਹ ਅਸਤੀਫਾ ਦੇਣ ਲਈ ਮਜਬੂਰ ਹੋ ਜਾਵੇ ਪਰ ਉਹ ਡਟਿਆ ਰਿਹਾ। ਬਾਦਲ ਸਰਕਾਰ ਨੇ ਉਸ ਨੂੰ ਸਾਇੰਸ ਕਾਂਗਰਸ ’ਤੇ ਕੀਤੇ ਖਰਚਿਆਂ ਵਿਚ ਬੁਰੀ ਤਰ੍ਹਾਂ ਉਲਝਾ-ਫਸਾ ਕੇ ਅਦਾਲਤਾਂ ਦੇ ਚੱਕਰ ਕੱਟਣ ਲਈ ਮਜਬੂਰ ਕਰ ਦਿੱਤਾ। ਇਹ ਉਹਦੀ ਕਿਰਦਾਰ-ਕੁਸ਼ੀ ਕਰਨ ਦਾ ਯਤਨ ਸੀ। ਇਹਦਾ ਅਸਰ ਵੀ ਪਿਆ। ਜੇ ਕੇਸ ਚੱਲਿਆ ਏ ਤਾਂ ਇਸ ਵਿਚ ‘ਕੁਝ ਤਾਂ ਹੋਊ!’ ਆਖਣ ਵਾਲੇ ਵੀ ਬਥੇਰੇ ਸਨ।
ਜਲੰਧਰ ਦੀ ਦੇਸ਼ ਭਗਤ ਯਾਦਗਾਰ ਕਮੇਟੀ ਵਿਚ ਮੂਲ ਤੌਰ ’ਤੇ ਵੱਖ-ਵੱਖ ਕਮਿਊਨਿਸਟ ਧਿਰਾਂ ਦਾ ਹੀ ਬੋਲਬਾਲਾ ਹੈ। ਇਸ ਵਿਚ ਪੁਆਰ ਦੀ ਪਾਰਟੀ ਦੀ ਧਿਰ ਵੀ ਸੀ। ਉਹ ‘ਧਿਰ’ ਤਾਂ ਚਾਹੁੰਦੀ ਹੀ ਸੀ, ਕਮੇਟੀ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਅਤੇ ਜਨਰਲ ਸਕੱਤਰ ਗੰਧਰਵ ਸੈਨ ਦੀ ਵੀ ਇੱਛਾ ਸੀ ਕਿ ਵਾਈਸ ਚਾਂਸਲਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਣ ਬਾਅਦ ਉਹਨੂੰ ਪ੍ਰਬੰਧਕ ਕਮੇਟੀ ਵਿਚ ਸ਼ਾਮਲ ਕਰ ਲਿਆ ਜਾਵੇ। ਬਾਬਾ ਬਿਲਗਾ ਨੇ ਪੁਆਰ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਮੇਟੀ ਵਿਚ ਉਹਦੀ ਸ਼ਮੂਲੀਅਤ ਦਾ ਜ਼ਿਕਰ ਮੇਰੇ ਨਾਲ ਇੱਕ ਤੋਂ ਵੱਧ ਵਾਰ ਕੀਤਾ ਸੀ ਪਰ ਸਾਇੰਸ ਕਾਂਗਰਸ ਵਾਲੇ ਕੇਸ ਤੋਂ ਬਾਅਦ ਦੋਵੇਂ ਆਗੂ ਚੁੱਪ ਵੱਟ ਗਏ ਕਿਉਂਕਿ ਕਮੇਟੀ ਵਿਚ ਬੈਠੀ ਇੱਕ ਹੋਰ ਕਮਿਊਨਿਸਟ ਧਿਰ ਦਾ ਇੱਕ ਸਿਰਕਰਦਾ ਮੈਂਬਰ ਪੁਆਰ ਨੂੰ ‘ਦਾਗੀ’ ਗਰਦਾਨ ਕੇ ਕਮੇਟੀ ਵਿਚ ਉਹਦੀ ਸ਼ਮੂਲੀਅਤ ਦਾ ਵਿਰੋਧੀ ਸੀ। ਅਗਲੇ ਸਾਲਾਂ ਵਿਚ ਕਮੇਟੀ ਦੀ ਵਾਗਡੋਰ ਉਸੇ ਸਿਰਕਰਦਾ ਮੈਂਬਰ ਦੇ ਹੱਥਾਂ ਵਿਚ ਹੀ ਆ ਗਈ ਤਾਂ ਡਾ. ਪੁਆਰ ਦੇ ਕਮੇਟੀ ਮੈਂਬਰ ਬਣਨ ਦੀ ਕਹਾਣੀ ਅੱਗੇ ਪੂਰਨ ਵਿਰਾਮ ਲੱਗ ਗਿਆ।
ਪਰ ਪੁਆਰ ਨੂੰ ਇਹਦੀ ਕੋਈ ਪ੍ਰਵਾਹ ਨਹੀਂ ਸੀ। ਉਹ ਵੀ ਮੂੰਹ ਉਤੇ ‘ਬਾਈ! ਬਾਈ!’ ਕਹਿਣ ਵਾਲੀਆਂ ਤੇ ਅੰਦਰੋਂ ਮਿੱਠੀਆਂ ਛੁਰੀਆਂ ਦਾ ਭਲੀ-ਭਾਂਤ ਜਾਣੂ ਸੀ। ਉਹਦਾ ਕਹਿਣਾ ਸੀ ਕਿ ਅਜਿਹੇ ‘ਮੀਸਣੇ’ ਤੇ ‘ਯਾਰ-ਮਾਰ’ ਲੋਕਾਂ ਦੀ ਸਰਦਾਰੀ ਵਿਚ ਉਹਨੂੰ ਮੈਂਬਰ ਬਣਨ ਦਾ ਕੋਈ ਸ਼ੌਕ ਵੀ ਨਹੀਂ ਸੀ!
ਉਹ ਤਾਂ ਆਪ ਦੋ ਕਾਰਜਸ਼ੀਲ ਅਕਾਦਮੀਆਂ ਦਾ ਪ੍ਰਧਾਨ ਸੀ। ਉਹਦੀ ਅਗਵਾਈ ਵਿਚ ਤਿੰਨਾਂ-ਚਹੁੰ ਮਹੀਨਿਆਂ ਬਾਅਦ ਹੀ ਦੇਸ਼ ਭਗਤ ਯਾਦਗਾਰ ਹਾਲ ਵਿਚ ਕਿਸੇ ਨਾ ਕਿਸੇ ਕਾਨਫਰੰਸ/ਸੈਮੀਨਾਰ ਦੀ ਰੌਣਕ ਲੱਗੀ ਹੁੰਦੀ। ਪੰਜਾਬ ਦੇ ਨਾਮਵਰ ਬੁੱਧੀਜੀਵੀ ‘ਅੱਧੀ ਜ਼ਬਾਨ’ ਨਾਲ ਦਿੱਤੇ ਉਹਦੇ ਸੱਦੇ ’ਤੇ ਭੱਜੇ ਆਉਂਦੇ।
ਪਰ ਇਹ ਵੀ ਸੱਚ ਹੈ ਕਿ ‘ਚੱਲਦੀ’ ਦਾ ਨਾਂ ਹੀ ‘ਗੱਡੀ’ ਹੁੰਦਾ ਹੈ! ਸੱਤ ਸਾਲ ਉਹਨੇ ਪੰਜਾਬੀ ਯੂਨੀਵਰਸਿਟੀ ਵਿਚ ‘ਸਰਦਾਰੀ’ ਕੀਤੀ। ਬਾਅਦ ਵਿਚ ਹਰਕਿਸ਼ਨ ਸਿੰਘ ਸੁਰਜੀਤ ਨੇ ਉਹਨੂੰ ਪਾਰਟੀ ਦੇ ਅਖਬਾਰ ‘ਰੋਜ਼ਾਨਾ ਦੇਸ਼ ਸੇਵਕ’ ਦਾ ਸੰਪਾਦਕ ਲਾ ਦਿੱਤਾ। ਅਖਬਾਰ ਭਾਵੇਂ ਛੋਟਾ ਹੀ ਹੋਵੇ ਪਰ ਰਾਜਨੀਤਕ ਹਲਕਿਆਂ ਵਿਚ ਉਹਦੇ ਸੰਪਾਦਕ ਨੂੰ ‘ਮੰਨਿਆ’ ਜਾਂਦਾ ਹੈ। ਪੁਆਰ ਤਾਂ ਉਂਝ ਵੀ ‘ਸੁਰਜੀਤ’ ਦਾ ਖਾਸ ਬੰਦਾ ਸੀ। ਜ਼ਾਹਿਰ ਹੈ; ਪੁਆਰ ਅਜੇ ਬਹੁਤ ਸਾਰਿਆਂ ਲਈ ‘ਕੰਮ ਦਾ ਬੰਦਾ’ ਸੀ। ਅਜੇ ਵੀ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਬੁੱਧੀਜੀਵੀ ਉਹਦੇ ਸੱਦੇ ’ਤੇ ਅਕਾਦਮੀਆਂ ਵੱਲੋਂ ਕੀਤੇ ਸਮਾਗਮਾਂ ’ਤੇ ਹੁੱਬ ਕੇ ਪਹੁੰਚਦੇ। ਪੁਆਰ ਦੇ ਸਮਾਗਮ ਸਥਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਉਹ ਕਤਾਰ ਬੰਨ੍ਹ ਕੇ ਉਹਦੇ ‘ਸਵਾਗਤ’ ਲਈ ਖੜ੍ਹੇ ਹੁੰਦੇ।
2007 ਵਿਚ ਮੈਨੂੰ ਬੜੀ ਹਰਫਲੀ ਕਾਹਲੀ ਵਿਚ ਕੈਨੇਡਾ ਜਾਣਾ ਪਿਆ। ਮੇਰਾ ਪੁੱਤਰ ਸਾਡੇ ਪਰਿਵਾਰ ਦੇ ਵੀਜ਼ੇ ਲੱਗਣ ਤੋਂ ਬਾਅਦ ‘ਤੁਰਤ’ ਟਿਕਟ ਕਟਾ ਕੇ ਕੈਨੇਡਾ ਪਹੁੰਚਣ ਲਈ ਹਰ ਰੋਜ਼ ਜ਼ੋਰ ਪਾ ਰਿਹਾ ਸੀ। ਉਹਨੇ ਮੇਰੀ ਸੁਰਤ ਮਾਰੀ ਹੋਈ ਸੀ ਪਰ ਮੇਰੇ ਲਈ ਇੱਕ ਤਰ੍ਹਾਂ ‘ਪੱਕੇ ਤੌਰ’ ’ਤੇ ਘਰ ਛੱਡਣ ਤੋਂ ਪਹਿਲਾਂ ਕਈ ਜ਼ਰੂਰੀ ਕੰਮ ਕਰਨ ਵਾਲੇ ਰਹਿੰਦੇ ਸਨ। ਜ਼ਮੀਨ ਅਤੇ ਘਰ ਦੀ ਸਾਂਭ-ਸੰਭਾਲ ਤੋਂ ਇਲਾਵਾ ਹੋਰ ਕਈ ਘਰੇਲੂ ਮਸਲੇ ਨਿਜੱਠਣ ਵਾਲੇ ਸਨ। ਮੈਂ ਡਾਢੇ ਮਾਨਸਿਕ ਦਬਾਅ ਵਿਚੋਂ ਲੰਘ ਰਿਹਾ ਸਾਂ। ਮੇਰੇ ਕੋਲ ਯਾਰਾਂ-ਦੋਸਤਾਂ ਨਾਲ ਆਪਣੇ ਕੈਨੇਡਾ ਜਾਣ ਬਾਰੇ ਸਲਾਹ-ਮਸ਼ਵਰੇ ਕਰਨ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕਣ ਦੀ ਫੁਰਸਤ ਨਹੀਂ ਸੀ।
ਕੈਨੇਡਾ ਪਹੁੰਚਣ ਤੋਂ ਬਾਅਦ ਮੈਂ ਪੁਆਰ ਨੂੰ ਚਿੱਠੀ ਲਿਖ ਕੇ ਕਾਹਲੀ ਨਾਲ, ਉਹਨੂੰ ਬਿਨਾ ਮਿਲੇ-ਦੱਸੇ ਕੈਨੇਡਾ ਆਉਣ ਦੀ ਮੁਆਫੀ ਮੰਗੀ ਤੇ ‘ਪੰਜਾਬ ਅਕਾਦਮੀ ਆਫ ਸੋਸ਼ਲ ਸਾਇੰਸਜ਼, ਲਿਟਰੇਚਰ ਐਂਡ ਕਲਚਰ’ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਭੇਜ ਦਿੱਤਾ।
ਅਗਲੇ ਸਾਲ ਜਦੋਂ ਮੈਂ ਪੰਜਾਬ ਗਿਆ ਤਾਂ ਪਤਾ ਲੱਗਾ ਕਿ ਅਕਾਦਮੀ ਦੇਸ਼ ਭਗਤ ਯਾਦਗਾਰ ਹਾਲ ਵਿਚ ਕੋਈ ਸਮਾਗਮ ਕਰਵਾ ਰਹੀ ਸੀ। ਮੈਨੂੰ ਖੁਸ਼ੀ ਹੋਈ ਕਿ ਸਭ ਯਾਰਾਂ-ਦੋਸਤਾਂ ਨੂੰ ਮਿਲ ਸਕਾਂਗਾ। ਮੈਂ ਹੁਣ ਕਿਹੜਾ ਅਕਾਦਮੀ ਦਾ ਅਹੁਦੇਦਾਰ ਸਾਂ ਜਿਸ ਨੇ ਸਵੇਰੇ ਵੇਲੇ ਸਿਰ ਜਾ ਕੇ ਸਾਥੀਆਂ ਨਾਲ ਮਿਲ ਕੇ, ਸਟੇਜ ਦੇ ਪ੍ਰਬੰਧ ਦੇਖਣ ਅਤੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਣ ਦੀ ਜ਼ਿੰਮੇਵਾਰੀ ਨਿਭਾਉਣੀ ਸੀ! ਮੈਂ ਸਹਿਜ-ਭਾਅ ਨਾਲ ਯਾਰਾਂ ਵਜੇ ਦੇ ਕਰੀਬ ਦੇਸ਼ ਭਗਤ ਹਾਲ ਵਿਚ ਪਹੁੰਚਿਆ। ਮੇਰੇ ਮਨ ਵਿਚ ਸੀ ਕਿ ਹੁਣ ਤੱਕ ਸਮਾਗਮ ਸ਼ੁਰੂ ਹੋ ਚੁੱਕਾ ਹੋਵੇਗਾ ਪਰ ਪਤਾ ਲੱਗਾ ਕਿ ਅਜੇ ਤਾਂ ਮਹਿਮਾਨ ਦੂਜੇ ਵੱਡੇ ਹਾਲ ਵਿਚ ਨਾਸ਼ਤਾ ਕਰ ਰਹੇ ਹਨ। ਮੈਂ ਉਸ ਹਾਲ ਵਿਚ ਪਹੁੰਚਿਆ ਤਾਂ ਜਲੰਧਰ ਵਾਲੇ ਸਾਥੀਆਂ ਤੋਂ ਇਲਾਵਾ ਪੰਜਾਬੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੁਆਰ ਦੇ ‘ਪੱਕੇ’ ਪੰਜ-ਸੱਤ ਬੰਦੇ ਹੀ ਉਥੇ ਹਾਜ਼ਰ ਸਨ। ਸਾਰੇ ਬੜੇ ਉਤਸ਼ਾਹ ਨਾਲ ਮਿਲੇ। ਪੁਆਰ ਵੀ ਮਿਲਿਆ। ਮੈਂ ਹਾਸੇ ਨਾਲ ਆਖਿਆ, “ਡਾਕਟਰ ਸਾਹਿਬ! ਮੇਰੇ ਵੇਲੇ ਤਾਂ ਇਸ ਵੇਲੇ ਏਥੇ ਰੌਣਕਾਂ ਲੱਗੀਆਂ ਹੁੰਦੀਆਂ ਸਨ…।”
ਗੱਲ ਅਜੇ ਮੇਰੇ ਮੂੰਹ ਵਿਚ ਹੀ ਸੀ ਕਿ ਪੁਆਰ ਬੜੇ ਰੁੱਖੇ ਅੰਦਾਜ਼ ਵਿਚ ਬੋਲਿਆ, “ਸਾਨੂੰ ਤੇਰੇ ਵਾਂਗ ’ਕੱਠੇ ਕੀਤੇ ਬੰਦਿਆਂ ਦੀ ਲੋੜ ਵੀ ਨਹੀਂ!”
ਉਹਦਾ ਅਜਿਹਾ ਰੁੱਖਾ ਜਵਾਬ ਸੁਣ ਕੇ ਮੈਂ ਹੈਰਾਨ ਰਹਿ ਗਿਆ। ਸਾਡੀ ਗੱਲਬਾਤ ਅੱਗੇ ਵਧਣ ਤੋਂ ਇਸ ਕਰ ਕੇ ਬਚਾਅ ਹੋ ਗਿਆ ਕਿਉਂਕਿ ਏਨੇ ਚਿਰ ਵਿਚ ਮੈਨੂੰ ਹੱਥ ਮਿਲਾਉਣ ਲਈ ਕੋਈ ਨਵਾਂ ਮਹਿਮਾਨ ਅੱਗੇ ਵਧ ਆਇਆ ਸੀ।
ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਪੁਆਰ ਮੇਰੇ ’ਤੇ ਇਸ ਗੱਲੋਂ ਬਹੁਤ ਹੀ ਨਾਰਾਜ਼ ਸੀ ਕਿ ਮੈਂ ਕੈਨੇਡਾ ਜਾਣ ਤੋਂ ਪਹਿਲਾਂ ਉਹਦੇ ਨਾਲ ਗੱਲ ਜਾਂ ਸਲਾਹ ਕਿਉਂ ਨਹੀਂ ਸੀ ਕੀਤੀ। ਉਹਦੀ ਨਾਰਾਜ਼ਗੀ ਸੱਚੀ ਸੀ। ਮੈਂ ‘ਉਹਦੀ ਅਕਾਦਮੀ’ ਦਾ ਉਹਦੀ ‘ਬਖਸ਼ਿਸ਼’ ਨਾਲ ਬਣਾਇਆ ਜਨਰਲ ਸਕੱਤਰ ਤਾਂ ਸਾਂ ਹੀ, ਇਸ ਤੋਂ ਵੱਧ ਉਹਨੂੰ ਆਪਣੇ ਨਾਲ ਨੇੜਲੀ ਦੋਸਤੀ ਦਾ ਵੀ ਮੇਰੇ ’ਤੇ ਮਾਣ ਸੀ। ਮੈਂ ਉਹਦਾ ਇਹ ਮਾਣ ਤੋੜ ਦਿੱਤਾ ਸੀ! ਉਹ ਕਈ ਚਿਰ ਮੇਰੇ ਨਾਲ ਵੱਟਿਆ ਰਿਹਾ।
ਪਰ ਸਮਾਗਮ ਵਿਚ ਏਨੀ ਘੱਟ ਹਾਜ਼ਰੀ ਦਾ ਕਾਰਨ ਸ਼ਾਇਦ ਇਹ ਸੀ ਕਿ ਹੁਣ ਉਹ ਨਾ ਵਾਈਸ ਚਾਂਸਲਰ ਸੀ, ਨਾ ਅਖਬਾਰ ਦਾ ਸੰਪਾਦਕ ਸੀ ਤੇ ਨਾ ਹੀ ਹਰਕਿਸ਼ਨ ਸਿੰਘ ਸੁਰਜੀਤ ਦਾ ਉਹਦੇ ਸਿਰ ’ਤੇ ਸਾਇਆ ਰਹਿ ਗਿਆ ਸੀ। ‘ਸੁਰਜੀਤ’ ਪਿਛਲੇ ਮਹੀਨੇ ਸੰਸਾਰ ਨੂੰ ਸਦੀਵੀ ਅਲਵਿਦਾ ਕਹਿ ਗਿਆ ਸੀ! ਸਮਾਗਮ ਤੋਂ ਪਹਿਲਾਂ ਹੀ ਪਟਿਆਲਿਓਂ, ਚੰਡੀਗੜ੍ਹੋਂ ਤੇ ਅੰਬਰਸਰੋਂ ਕਤਾਰ ਬਣਾ ਕੇ ਖਲੋਣ ਵਾਲੇ ‘ਲੋੜਵੰਦ’ ਵਿਦਵਾਨਾਂ ਲਈ ਪੁਆਰ ਹੁਣ ਸ਼ਾਇਦ ਬਹੁਤੇ ‘ਕੰਮ ਦੀ ਸ਼ੈਅ’ ਨਹੀਂ ਸੀ ਰਹਿ ਗਿਆ!

1991 ਵਿਚ ਜਦੋਂ ਅਜੇ ਪੰਜਾਬ ਕਾਲੇ ਦੌਰ ਦੇ ਪ੍ਰਛਾਵੇਂ ਹੇਠ ਸੀ। ਮੈਂ ਜਲੰਧਰ ਦੀ ਲੇਖਕ ਸਭਾ ਦੇ ਪ੍ਰਧਾਨ ਜਗਦੀਸ਼ ਸਿੰਘ ਵਰਿਆਮ ਅਤੇ ਜਨਰਲ ਸਕੱਤਰ ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਦੇ ਸਹਿਯੋਗ ਨਾਲ ਦੋ-ਦਿਨਾ ਕਹਾਣੀ ਗੋਸ਼ਟੀ ਕਰਵਾਈ। ਅਤਿਵਾਦ ਦਾ ਜ਼ੋਰ ਹੋਣ ਅਤੇ ‘ਖਾੜਕੂਆਂ’ ਵੱਲੋਂ ‘ਪੰਜਾਬ ਬੰਦ’ ਦੇ ਸੱਦੇ ਦੇ ਬਾਵਜੂਦ ਪੰਜਾਬ ਅਤੇ ਪੰਜਾਬੋਂ ਬਾਹਰਲੇ ਚਾਰ ਸੌ ਦੇ ਲਗਭਗ ਕਹਾਣੀਕਾਰ, ਆਲੋਚਕ ਤੇ ਵਿਦਵਾਨ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ ਪਹੁੰਚ ਗਏ। ਇਹ ਕਹਾਣੀਕਾਰਾਂ ਦਾ ਅਨੂਠਾ ਇਤਿਹਾਸਕ ਇਕੱਠ ਸੀ। ਯਾਰ-ਦੋਸਤ ਮਿਲ ਰਹੇ ਸਨ। ਹਾਲ ਦੇ ਅੰਦਰ-ਬਾਹਰ ਰੌਣਕਾਂ ਲੱਗੀਆਂ ਹੋਈਆਂ ਸਨ। ਕਹਾਣੀਕਾਰਾਂ ਵੱਲੋਂ ਆਪਣੀਆਂ ਬਿਹਤਰੀਨ ਕਹਾਣੀਆਂ ਪੜ੍ਹੀਆਂ ਜਾ ਰਹੀਆਂ ਸਨ। ਉਨ੍ਹਾਂ ’ਤੇ ਬਹਿਸ-ਮੁਬਾਹਿਸਾ ਹੋ ਰਿਹਾ ਸੀ। ਦੋ-ਦਿਨਾ ਗੋਸ਼ਟੀ ਦੀ ਅਪਾਰ ਸਫਲਤਾ ਤੋਂ ਬਾਅਦ ਲੇਖਕ ਜੱਫੀਆਂ ਪਾਉਂਦੇ, ਮਿੱਠੀਆਂ ਯਾਦਾਂ ਲੈ ਕੇ, ਇੱਕ-ਦੂਜੇ ਤੋਂ ਵਿਛੜੇ।
ਉਸੇ ਹਫਤੇ ਜੋਗਿੰਦਰ ਸਿੰਘ ਪੁਆਰ ਦਾ ਰੋਜ਼ਾਨਾ ‘ਅਜੀਤ’ ਦੇ ਸੰਪਾਦਕੀ ਸਫੇ ’ਤੇ ਇਸ ਕਹਾਣੀ ਸਮਾਗਮ ਬਾਰੇ ਲੰਮਾ ਲੇਖ ਛਪਿਆ। ਉਹ ਦੋਵੇਂ ਦਿਨ ਸਮਾਗਮ ਵਿਚ ਹਾਜ਼ਰ ਰਿਹਾ ਸੀ। ਲੇਖ ਵਿਚ ਉਹਨੇ ਇਸ ਸਮਾਗਮ ਵਿਚ ‘ਸੈਮੀਨਾਰ ਕਲਚਰ’ ਦੀ ਅਣਹੋਂਦ ਵੱਲ ਦਾ ਵਿਸ਼ੇਸ਼ ਇਸ਼ਾਰਾ ਕਰਦਿਆਂ ਇਸ ਨੂੰ ਨਿਰੋਲ ‘ਲੇਖਕਾਂ ਦਾ ਮੇਲਾ’ ਆਖ ਕੇ ਛੁਟਿਆਉਣ ਦੀ ਕੋਸ਼ਿਸ਼ ਕੀਤੀ ਸੀ। ਉਹਦੀ ਗੱਲ ਕੁਝ ਹੱਦ ਤੱਕ ਤਾਂ ਠੀਕ ਹੀ ਕਿ ਜਦੋਂ ਹਾਲ ਅੰਦਰ ਗੰਭੀਰ ਚਰਚਾ ਹੋ ਰਹੀ ਹੋਵੇ ਤਾਂ ਲੇਖਕਾਂ ਦੀ ਵੱਡੀ ਗਿਣਤੀ ਹਾਲ ਤੋਂ ਬਾਹਰ ਟੋਲੀਆਂ ਬਣਾ ਕੇ ਗੱਪਾਂ ਮਾਰਨ ਵਿਚ ਨਹੀਂ ਲੱਗੀ ਹੋਣੀ ਚਾਹੀਦੀ। ਮੇਰਾ ਖੁਦ ਵੀ ਇਸ ਗੱਲ ਵੱਲ ਧਿਆਨ ਸੀ। ਅਗਲੇ ਦਿਨ ਮੈਂ ਲੇਖਕਾਂ ਨੂੰ ਕਿਹਾ ਕਿ ਉਹ ਹਾਲ ਵਿਚੋਂ ਉਠ ਕੇ ਬਾਹਰ ਨਾ ਜਾਣ ਸਗੋਂ ਹਾਲ ਵਿਚ ਬਹਿ ਕੇ ਹੋਰਨਾਂ ਦੇ ਵਿਚਾਰ ਸੁਣਨ ਤੇ ਆਪਣੇ ਵਿਚਾਰ ਸਾਂਝੇ ਕਰਨ। ਜੇ ਕੋਈ ਲੇਖਕ ਬਾਹਰ ਜਾਂਦੇ ਵੀ ਤਾਂ ਮੈਂ ਜਾ ਕੇ ਉਨ੍ਹਾਂ ਨੂੰ ਅੰਦਰ ਲੈ ਆਉਂਦਾ। ਅਗਲੇ ਦਿਨ ਪਿਛਲੇ ਦਿਨ ਵਾਲੀ ਸ਼ਿਕਾਇਤ ਨਾ ਰਹੀ।
ਡਾ. ਪੁਆਰ ਦਾ ਲੇਖ ਪੜ੍ਹ ਕੇ ਮੈਨੂੰ ਖੁੰਧਕ ਆਈ। ਉਹ ਏਨੇ ਵੱਡੇ ਸਮਾਗਮ ਦੀ ਸਫਲਤਾ ਨੂੰ ਮੂਲੋਂ ਹੀ ਘਟਾ ਕੇ ਦੇਖ ਰਿਹਾ ਸੀ। 1991 ਵਿਚ ਹੋਏ ਕਹਾਣੀ ਸਮਾਗਮ ਦੀ ਸਫਲਤਾ ਤੋਂ ਬਾਅਦ ਲੇਖਕਾਂ ਦੀ ਪੁਰਜ਼ੋਰ ਮੰਗ ’ਤੇ ਮੈਂ 1993 ਤੇ 1995 ਵਿਚ ਵੀ ਕਹਾਣੀ ਦੇ ਦੋ ਹੋਰ ਮਹਾ-ਸਮਾਗਮ ਕਰਵਾਏ। ਬੇਹੱਦ ਸਫਲ ਤੇ ਯਾਦਗਾਰੀ। ਮੈਂ ਜਾਣ-ਬੁੱਝ ਕੇ ਇਨ੍ਹਾਂ ਕਹਾਣੀ ਸਮਾਗਮਾਂ ਨੂੰ ‘ਕਹਾਣੀ ਉਤਸਵ’ ਦਾ ਨਾਂ ਦਿੱਤਾ। ਜੇ ਪੁਆਰ ਕਹਿੰਦਾ ਹੈ ਕਿ ਇਹ ਸਮਾਗਮ ‘ਮੇਲਾ’ ਜਾਂ ‘ਉਤਸਵ’ ਨੇ ਤਾਂ ਇੰਝ ਹੀ ਸਹੀ! ਪਰ ਇਹ ਵੀ ਸਚਾਈ ਸੀ ਕਿ ਪੁਆਰ ਦੇ ਲੇਖ ਵਿਚ ਪੇਸ਼ ਵਿਚਾਰਾਂ ਦੇ ਅਸਰ ਹੇਠ ਮੈਂ ਅਗਲੇ ਦੋਵਾਂ ਸਮਾਗਮ ਨੂੰ ਸਹੀ ਅਰਥਾਂ ਵਿਚ ‘ਸੈਮੀਨਾਰ ਕਲਚਰ’ ਦੀਆਂ ਬੁਨਿਆਦੀ ਲੋੜਾਂ ਨੂੰ ਮੁੱਖ ਰੱਖ ਕੇ ਹੀ ਚਲਾਇਆ ਸੀ।
ਪਰ ਜਦੋਂ ਪੁਆਰ ਨੇ ਮੈਨੂੰ ‘ਪੰਜਾਬ ਅਕਾਦਮੀ ਆਫ ਸੋਸ਼ਲ ਸਾਇੰਸਜ਼’ ਦਾ ਜਨਰਲ ਸਕੱਤਰ ਬਣਾਇਆ ਤਾਂ ਉਦੋਂ ਉਹਦੇ ਮਨ ’ਤੇ ਕਹਾਣੀ ਬਾਰੇ ਤਿੰਨ ਮਹਾ-ਸਮਾਗਮ ਕਰਾ ਲੈਣ ਵਾਲੀ ਮੇਰੀ ‘ਮੇਲੇ ਕਰਾ ਲੈਣ ਵਾਲੀ ਸਮਰੱਥਾ’ ਦਾ ਹੀ ਪ੍ਰਭਾਵ ਸੀ; ਤੇ ਉਹਨੂੰ ਲੱਗਦਾ ਸੀ ਕਿ ਮੈਂ ਅਕਾਦਮੀ ਦਾ ਜਨਰਲ ਸਕੱਤਰ ਬਣ ਕੇ ਆਪਣੀ ਇਸ ਸਮਰੱਥਾ ਦਾ ਸਹੀ ਪ੍ਰਯੋਗ ਕਰ ਸਕਾਂਗਾ; ਤੇ ਸ਼ਾਇਦ ਮੈਂ ਕੀਤਾ ਵੀ!
ਇਸ ਮੁੱਦੇ ’ਤੇ ‘ਵੱਖਰੇ’ ਵਿਚਾਰ ਰੱਖਦੇ ਹੋਏ ਵੀ ਅਸੀਂ ਇੱਕ ਦੂਜੇ ਦੇ ਕਿੰਨੇ ਕਰੀਬ ਸਾਂ! ਵੱਖਰੇ ਵੀ ਕਾਹਦੇ! ਐਵੇਂ ਈਗੋ ਦਾ ਅੜਿੱਕਾ ਜਿਹਾ ਸੀ। ਸੱਚਾਈ ਤਾਂ ਇਹ ਹੈ ਕਿ ਅਜਿਹੇ ਸਮਾਗਮ ਵਿਚਾਰ ਚਰਚਾ ਦਾ ਮਾਧਿਅਮ ਵੀ ਬਣਦੇ ਨੇ ਤੇ ਮੇਲ-ਗੇਲ ਦਾ ਵੀ। ਵਿਛੜੇ ਯਾਰ-ਬੇਲੀ ਚਿਰਾਂ ਬਾਅਦ ਮਿਲਦੇ ਨੇ। ਸੈਮੀਨਾਰ ਕਲਚਰ ਦੀਆਂ ਬੁਨਿਆਦੀ ਧਾਰਨਾਵਾਂ ਦੀ ਪੂਰਤੀ ਕਰਦੇ ਹੋਏ ਵੀ ਇਸ ਵਿਚੋਂ ‘ਮੇਲੇ’ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ! ਅਗਲੇ ਸਾਲਾਂ ਵਿਚ ਜਦੋਂ ਅਸੀਂ ਆਪਣੀਆਂ ਅਕਾਦਮੀਆਂ ਵੱਲੋਂ ਕਾਨਫਰੰਸਾਂ ਤੇ ਸੈਮੀਨਾਰ ਕਰਦੇ ਰਹੇ ਤਾਂ ਦਿਨੇ ‘ਸੈਮੀਨਾਰ ਕਲਚਰ’ ਦੀ ਪਾਲਣਾ ਕਰਦੇ ਤੇ ਸ਼ਾਮ ਨੂੰ ‘ਯਾਰਾਂ ਦਾ ਮੇਲਾ’ ਵੀ ਲੱਗਦਾ। ਬਾਹਰੋਂ ਆਏ ਤੇ ਸਥਾਨਕ ਵਿਦਵਾਨਾਂ ਵਾਸਤੇ ‘ਖਾਣ-ਪਾਣ’ ਚੱਲਦਾ। ਪੁਆਰ ਦੇ ਖੱਬੇ ਹੱਥ ਵਿਚ ਬੋਤਲ ਹੁੰਦੀ ਤੇ ਅੱਗੇ ਯਾਰਾਂ ਦੇ ਗਿਲਾਸ। ਅੱਧੀ-ਅੱਧੀ ਰਾਤ ਤੱਕ ਗੱਪ-ਗੋਸ਼ਟੀਆਂ ਚੱਲਦੀਆਂ। ਪੁਆਰ ਦੇ ਸੁਭਾਅ ਦੀ ਇਕ ਹੋਰ ਖੂਬਸੂਰਤ ਗੱਲ ਇਹ ਸੀ ਕਿ ਉਹ ਆਪਣੇ ਸਹਾਇਕਾਂ (ਸੁਖਵਿੰਦਰ ਸੰਘਾ, ਬਲਦੇਵ ਚੀਮਾ, ਵੇਦ ਅਗਨੀਹੋਤਰੀ ਤੇ ਮੇਰੇ ਸਮੇਤ) ਨੂੰ ਰਾਤ ਦੀ ‘ਪਾਰਟੀ’ ਵਾਸਤੇ ਖਰਚ ਕਰਨ ਦਾ ਪੂਰਾ ਅਧਿਕਾਰ ਦਿੰਦਾ। ਸੈਮੀਨਾਰ ਤੋਂ ਬਾਅਦ ਵੀ ਉਹ ਕਦੀ ਨਿਨਵਾਂ ਨਾ ਲੈਂਦਾ ਕਿ ਏਨਾ ਖਰਚ ਕਿੱਥੇ ਤੇ ਕਿਉਂ ਕੀਤਾ ਗਿਆ! ਪਾਰਟੀ ਤੋਂ ‘ਵਧ ਗਿਆ ਮਾਲ’ ਬੇਲੀਆਂ ਦੇ ਅਗਲੇ ਦਿਨਾਂ ਵਿਚ ਵੀ ਕੰਮ ਆਉਂਦਾ ਰਹਿੰਦਾ!
ਦੇਖਿਆ ਜਾ ਸਕਦਾ ਹੈ ਕਿ ਜਿਹੜਾ ਪੁਆਰ ‘ਸਾਹਿਤਕ ਮੇਲਿਆਂ’ ਦੇ ਉਤੋਂ-ਉਤੋਂ ਹੀ ਖਿਲਾਫ ਸੀ; ਉਹਦੀ ਹਾਜ਼ਰੀ ਵਿਚ ਵੀ ‘ਮੇਲੇ’ ਲੱਗਦੇ ਰਹੇ।
ਉਤੋਂ-ਉਤੋਂ ਤਾਂ ਉਹ ਸਾਹਿਤਕਾਰਾਂ ਅਤੇ ਸਾਹਿਤ ਦੇ ਮਹੱਤਵ ਤੋਂ ਵੀ ਇਨਕਾਰੀ ਸੀ। ਉਹਦਾ ਮੱਤ ਸੀ ਕਿ ਭਾਸ਼ਾ ਦੀ ਤਰੱਕੀ ਵਿਚ ਸਾਹਿਤਕਾਰਾਂ ਨਾਲੋਂ ਵੱਧ ਯੋਗਦਾਨ ਭਾਸ਼ਾ ਵਿਗਿਆਨੀਆਂ ਦਾ ਹੁੰਦਾ ਹੈ। ਉਹ ਕਹਿੰਦਾ ਸੀ ਕਿ ਯੂਨੀਵਰਸਿਟੀ ਵਿਚ ਕੇਵਲ ਸਾਹਿਤ ਪੜ੍ਹਾਏ ਜਾਣ ਨਾਲ ਭਾਸ਼ਾ ਦਾ ਕੁਝ ਨਹੀਂ ਸੌਰਨ ਲੱਗਾ! ਇਸ ਲਈ ਭਾਸ਼ਾ ਵਿਗਿਆਨ ਦੀ ਪੜ੍ਹਾਈ ਲਾਜ਼ਮੀ ਹੈ; ਤੇ ਉਹਨੇ ਬੀ.ਏ. ਦੇ ਸਿਲੇਬਸਾਂ ਵਿਚ ਭਾਸ਼ਾ ਵਿਗਿਆਨ ਦਾ ਵਿਸ਼ਾ ਸ਼ਾਮਲ ਕਰਵਾ ਕੇ ਹੀ ਦਮ ਲਿਆ! ਪਰ ਜੇ ਹਕੀਕਤ ਵਿਚ ਸਾਹਿਤਕਾਰਾਂ ਪ੍ਰਤੀ ਉਹਦੇ ਨਜ਼ਰੀਏ ਨੂੰ ਦੇਖੀਏ ਤਾਂ ਇਹ ਪੁਆਰ ਹੀ ਸੀ ਜਿਸ ਨੇ ਆਪਣੇ ਕਾਰਜਕਾਲ ਵਿਚ ਸੰਤ ਸਿੰਘ ਸੇਖੋਂ ਅਤੇ ਡਾ. ਅਤਰ ਸਿੰਘ ਵਰਗੇ ਵਿਦਵਾਨਾਂ/ਸਾਹਿਤਕਾਰਾਂ ਨੂੰ ਪ੍ਰੋਫੈਸਰ ਐਮਿਰਿਟਸ ਵਰਗੇ ਅਹੁਦੇ ਦੇ ਕੇ ਸਨਮਾਨਿਤ ਕੀਤਾ। ਕਈ ਪ੍ਰਸਿੱਧ ਲੇਖਕਾਂ ਸੰਤੋਖ ਸਿੰਘ ਧੀਰ, ਹਰਨਾਮ ਦਾਸ ਸਹਿਰਾਈ, ਜਗਤਾਰ ਅਤੇ ਹੋਰ ਕਈਆਂ ਦੇ ਜੀਵਨ ਭਰ ਲਈ ਵਜ਼ੀਫੇ ਲਾ ਦਿੱਤੇ। ਸੰਤ ਸਿੰਘ ਸੇਖੋਂ ਤੋਂ ਬਾਅਦ ਜਦੋਂ ਡਾ. ਅਤਰ ਸਿੰਘ ਨੂੰ ਪ੍ਰੋਫੈਸਰ ਐਮਿਰਿਟਸ ਦੇ ਅਹੁਦੇ ਨਾਲ ਸਨਮਾਨਿਤ ਕਰਨਾ ਸੀ ਤਾਂ ਉਨ੍ਹੀਂ ਦਿਨੀਂ ਡਾ. ਅਤਰ ਸਿੰਘ ਪਾਰਕਿਨਸਨ ਦੀ ਬਿਮਾਰੀ ਨਾਲ ਬੁਰੀ ਤਰ੍ਹਾਂ ਪੀੜਤ ਸੀ। ਪੁਆਰ ਆਪ ਚੱਲ ਕੇ ਚੰਡੀਗੜ੍ਹ ਉਹਦੇ ਘਰ ਪੁੱਜਾ ਤੇ ਇਹ ਸਨਮਾਨ ਪ੍ਰਾਪਤ ਕਰਨ ਦੀ ਗੁਜ਼ਾਰਿਸ਼ ਕੀਤੀ।
ਇਹ ਸੀ ਸਾਹਿਤਕਾਰਾਂ ਪ੍ਰਤੀ ਉਹਦੀ ਹਕੀਕੀ ਆਦਰ-ਭਾਵਨਾ!
ਸਾਹਿਤਕਾਰਾਂ ਦੀ ਤਾਂ ਗੱਲ ਛੱਡੋ, ਉਹ ਤਾਂ ਸਵੇਰੇ ਉਠ ਕੇ ਰੋਜ਼ ਪਤਨੀ ਲਈ ਹੀ ਚਾਹ ਨਹੀਂ ਸੀ ਬਣਾਉਂਦਾ ਸਗੋਂ ਯੂਨੀਵਰਸਿਟੀ ਵਿਚ ਆਪਣੇ ਕਾਰਜਕਾਲ ਦੌਰਾਨ ਉਹ ਆਪਣੇ ਸੁਰੱਖਿਆ ਕਰਮੀਆਂ ਨੂੰ ਵੀ ਆਪਣੇ ਹੱਥੀਂ ਚਾਹ ਬਣਾ ਕੇ ਪਿਆਉਂਦਾ। ਅਤਿ ਦੇ ਖਰ੍ਹਵੇ ਤੇ ਕੌੜੇ ਸਮਝੇ ਜਾਣ ਵਾਲੇ ਬੰਦੇ ਅੰਦਰ ਸੰਵੇਦਨਸ਼ੀਲਤਾ ਦੀ ਅਜਿਹੀ ਨੁੱਕਰ ਵੀ ਸੀ।
ਸਾਹਿਤ ਤੇ ਸਾਹਿਤਕ ‘ਮੇਲਿਆਂ’ ਦੀ ਓਪਰੀ ਮੁਖਾਲਫਤ ਕਰਨ ਵਾਲਾ ਪੁਆਰ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਭਾਰਤ ਪੱਧਰੀ ‘ਭਾਸ਼ਾ ਉਤਸਵ’ ਕਰਵਾਉਣ ਦੇ ਸੁਪਨੇ ਲੈ ਰਿਹਾ ਸੀ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਕੀਤੀ ਮੀਟਿੰਗ ਦਾ ਜ਼ਿਕਰ ਸ਼ੁਰੂ ਵਿਚ ਆ ਚੁੱਕਾ ਹੈ; ਤੇ ਇਸ ਉਤਸਵ ਨੂੰ ਕਰਾਵਾਉਣ ਦੀ ਲੋਚਾ ਪਿੱਛੇ ਜੈਪੁਰ ਦਾ ‘ਸਾਹਿਤ ਉਤਸਵ’ ਹੀ ਪ੍ਰੇਰਕ ਸੀ!

ਡਾ. ਪੁਆਰ ਦੇ ਮਿਲਣਸਾਰ ਸੁਭਾਅ ਬਾਰੇ ਗੱਲ ਕਰਦਿਆਂ ਮੈਂ ਸ਼ੁਰੂ ਵਿਚ ਕਹਿ ਚੁੱਕਾ ਹਾਂ ਕਿ ਉਹ ‘ਯਾਰਾਂ ਦਾ ਯਾਰ’ ਵੀ ਸੀ! ਪਰ ਕਈ ਵਾਰ ਉਹਦੇ ਸੁਭਾਅ ਦੀਆਂ ਕਈ ਗੱਲਾਂ ਮੇਰੇ ਗੇੜ ’ਚ ਨਾ ਆਉਂਦੀਆਂ। ਉਹ ਜਿਸ ਨਾਲ ਇੱਕ ਵਾਰ ਨਾਰਾਜ਼ ਹੋ ਜਾਂਦਾ, ਉਸ ਬਾਰੇ ਅੰਦਰੋਂ ਰੋਸਾ ਨਾ ਗਵਾਉਂਦਾ। ਬਲਦੇਵ ਦੇ ਹਵਾਲੇ ਨਾਲ ਮੈਂ ਗੱਲ ਕਰ ਚੁੱਕਾ ਹਾਂ। ਰਘਬੀਰ ਸਿੰਘ ਸਿਰਜਣਾ ਨੂੰ ਉਹ ‘ਸਿਰ ’ਤੇ ਚੁੱਕ ਕੇ’ ਪੰਜਾਬੀ ਯੂਨੀਵਰਸਿਟੀ ਵਿਚ ਲੈ ਕੇ ਗਿਆ ਤੇ ਪ੍ਰੋਫੈਸਰ ਬਣਾ ਕੇ ‘ਰਵਿੰਦਰ ਸਿੰਘ ਰਵੀ ਚੇਅਰ’ ਦਾ ਮੁਖੀ ਬਣਾਇਆ ਪਰ ਪਤਾ ਨਹੀਂ ਬਾਅਦ ਵਿਚ ਉਹਦੇ ਨਾਲ ਕਿਸ ਗੱਲੋਂ ਨਾਰਾਜ਼ ਹੋ ਗਿਆ! ਜਦ ਕਦੀ ਰਘਬੀਰ ਸਿੰਘ ਦਾ ਜ਼ਿਕਰ ਚੱਲਦਾ ਤਾਂ ਮੇਰੇ ਵੱਲ ਇਸ਼ਾਰਾ ਕਰ ਕੇ ਵਿਅੰਗ ਨਾਲ ਕਹਿੰਦਾ, “ਇਹਨੂੰ ਪਤਾ ਹੋਊ, ਇਹਦਾ ਯਾਰ ਏ!”
ਵੇਦ ਅਗਨੀਹੋਤਰੀ ਡਾ. ਪੁਆਰ ਦਾ ਸ਼ਰਧਾਲੂ ਮਿੱਤਰ ਸੀ। ਪੰਜਾਬੀ ਭਾਸ਼ਾ ਅਕਾਦਮੀ ਨਾਲ ਸ਼ੁਰੂ ਤੋਂ ਜੁੜਿਆ ਰਹਿਣ ਵਾਲਾ। ਉਹਦਾ ਪੂਰਾ ਫਰਮਾ-ਬਰਦਾਰ! ਅਕਾਦਮੀ ਦਾ ਅਹੁਦੇਦਾਰ ਵੀ ਰਿਹਾ, ‘ਲਾਲ ਕਿਤਾਬਾਂ’ ਦਾ ਸਹਿ-ਲੇਖਕ ਵੀ ਰਿਹਾ ਪਰ ਉਹਦੀ ਮੌਤ ’ਤੇ ਹੋਏ ਸ਼ਰਧਾਂਜਲੀ ਸਮਾਗਮ ਵਿਚ ਜਦ ਪੁਆਰ ਨੂੰ ਅਗਨੀਹੋਤਰੀ ਬਾਰੇ ਕੁਝ ਸ਼ਬਦ ਬੋਲਣ ਲਈ ਕਿਹਾ ਤਾਂ ਉਹਨੇ ਬੋਲਣੋਂ ਇਨਕਾਰ ਕਰ ਦਿੱਤਾ! ਇਹ ਉਹੋ ਪੁਆਰ ਸੀ ਜਿਹੜਾ ਬੜੇ ਉਚੇਚ ਨਾਲ ਹਰ ਇਕ ਦੇ ਦੁੱਖ-ਸੁਖ ਵਿਚ ਸ਼ਾਮਲ ਹੁੰਦਾ ਸੀ!
ਮੇਰੀਆਂ ਦੋਵਾਂ ਧੀਆਂ ਦੇ ਵਿਆਹ ’ਤੇ ਉਹਨੇ ਹਾਜ਼ਰੀ ਭਰੀ। ਮੇਰੀ ਮਾਂ ਦੇ ਭੋਗ ’ਤੇ ਮੇਰੇ ਪਿੰਡ ਸੁਰ ਸਿੰਘ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਪਰ ਜਦ ਉਹ ਇੱਕ ਵਾਰ ਮੇਰੇ ਨਾਲ ‘ਅੰਦਰੋਂ’ ਨਾਰਾਜ਼ ਹੋ ਗਿਆ ਤਾਂ ਉਹਨੇ ਨਾਰਾਜ਼ਗੀ ਨਹੀਂ ਗਵਾਈ। ਪੁਆਰ ਦੀ ਧੀ ਦਾ ਵਿਆਹ ਸੀ। ਮੈਂ ਇਹ ਗੱਲ ਚਿਤਵ ਹੀ ਨਹੀਂ ਸਾਂ ਸਕਦਾ ਕਿ ਪੁਆਰ ਦੀ ਧੀ ਦਾ ਵਿਆਹ ਹੋਵੇ ਤੇ ਉਹ ਮੈਨੂੰ ਬੁਲਾਵੇ ਨਾ! ਪਰ ਇਹ ਜਾਣਦਿਆਂ ਹੋਇਆਂ ਵੀ ਕਿ ਮੈਂ ਉਨ੍ਹੀਂ ਦਿਨੀਂ ਜਲੰਧਰ ਹੀ ਹਾਂ, ਉਹਨੇ ਮੈਨੂੰ ਵਿਆਹ ’ਤੇ ਨਹੀਂ ਸੀ ਬੁਲਾਇਆ।
ਮੈਨੂੰ ਇਸ ਗੱਲ ਦੀ ਅੱਜ ਤੱਕ ਸਮਝ ਨਹੀਂ ਆਈ ਕਿ ਕੀ ਮੇਰੇ ਨਾਲ ਨਾਰਾਜ਼ਗੀ ਦਾ ਕਾਰਨ ਕੇਵਲ ਏਨਾ ਹੀ ਸੀ ਕਿ ਮੈਂ ਕੈਨੇਡਾ ਜਾਣ ਲੱਗਿਆਂ ਉਹਦੇ ਨਾਲ ‘ਜਾਣ ਵਾਲੀ ਗੱਲ’ ਸਾਂਝੀ ਨਹੀਂ ਸੀ ਕੀਤੀ ਜਾਂ ਕੋਈ ਹੋਰ ਕਾਰਨ ਵੀ ਸੀ! ਸੋਚਿਆ ਜਾਵੇ ਤਾਂ ਕਾਰਨ ਤਾਂ ਇਹ ਵੀ ਬੜਾ ਵਾਜਬ ਬਣਦਾ ਸੀ ਕਿ ਜਿਹੜਾ ਬੰਦਾ ਤੁਹਾਨੂੰ ਆਪਣੇ ‘ਏਨਾ ਨੇੜੇ’ ਸਮਝਦਾ ਹੋਵੇ, ਤੁਸੀਂ ਉਹਦੇ ਨਾਲ ਅਜਿਹਾ ‘ਗੈਰਾਂ ਵਾਲਾ ਸਲੂਕ’ ਕਰ ਕੇ ਉਹਦੇ ਮਾਣ ਨੂੰ ਸੱਟ ਮਾਰ ਦਿਓ!
ਇੱਕ ਹੋਰ ਗੱਲ ਯਾਦ ਆ ਗਈ। ਇੱਕ ਦਿਨ ਅਕਾਦਮੀ ਦੇ ਦਫਤਰ ਵਿਚ ਬੈਠੇ ਸਾਂ। ਪੁਆਰ ਕਹਿੰਦਾ, “ਫਲਾਣਾ ਮੈਨੂੰ ਕਹਿੰਦਾ ਕਿ ‘ਅਮਕੇ’ ਦੀ ਮਾਂ ਮਰ ਗਈ ਹੈ, ਉਹਦੇ ਭੋਗ ’ਤੇ ਨਹੀਂ ਜਾਣਾ?” ਮੈਂ ਕਿਹਾ, “ਕਿਉਂ? ਮਾਂ ਤਾਂ ਮੇਰੀ ਵੀ ਮਰੀ ਸੀ!”
ਕਹਿ ਨਹੀਂ ਸਕਦਾ ਕਿ ਉਤਲੇ ਪੈਰੇ ਵਿਚ ਕੀਤੀ ਗੱਲ ਦਾ ਉਸ ਤੋਂ ਉਤਲੇ ਪੈਰੇ ਵਿਚ ਕੀਤੀ ਗੱਲ ਨਾਲ ਕੋਈ ਤਾਲ-ਮੇਲ ਬੈਠਦਾ ਵੀ ਹੈ ਜਾਂ ਨਹੀਂ? ਹਾਂ, ਏਨਾ ਤਾਂ ਜ਼ਰੂਰ ਹੈ ਕਿ ਦੋਵਾਂ ਸੂਰਤਾਂ ਵਿਚ ਪੁਆਰ ਦੇ ‘ਹੰਮੇ’ ਨੂੰ ਠੇਸ ਪਹੁੰਚੀ ਸੀ।
ਇਸ ਨਾਰਾਜ਼ਗੀ ਤੋਂ ਬਾਅਦ ਜਿਵੇਂ ਪਿੱਛੇ ਜ਼ਿਕਰ ਆਇਆ ਹੈ, ਅਸੀਂ ਮਿਲਦੇ ਵੀ ਰਹੇ। ਇਕੱਠੇ ਵੀ ਹੁੰਦੇ ਰਹੇ। ਵਿਚਾਰ ਚਰਚਾ ਵੀ ਹੁੰਦੀ ਰਹੀ। ਕੋਈ ਖਾਸ ਕੰਮ ਹੁੰਦਾ ਤਾਂ ਕਦੀ-ਕਦੀ ਉਹ ਫੋਨ ਕਰ ਕੇ ਵੀ ਬੁਲਾ ਲੈਂਦਾ ਪਰ ਸਾਡਾ ਮਿਲਣ ਸਥਾਨ ਦੇਸ਼ ਭਗਤ ਯਾਦਗਾਰ ਹਾਲ ਹੀ ਹੁੰਦਾ! ਨਾ ਕਦੀ ਉਹ ਮੇਰੇ ਘਰ ਆਇਆ, ਨਾ ਮੈਂ ਉਹਦੇ ਵੱਲ ਗਿਆ।
‘ਦੋਸਤੀ’ ਤਾਂ ਬਣੀ ਰਹੀ ਪਰ ਸੁਰਜੀਤ ਪਾਤਰ ਦੇ ਕਹਿਣ ਵਾਂਗ, ਸਦਾ ਇਹ ਲੱਗਦਾ ਰਿਹਾ- “ਨਿੱਘ ਹੈ ਨਾ ਰੌਸ਼ਨੀ ਹੈ! ਇਹ ਕੇਹੀ ਦੋਸਤੀ ਹੈ!”
ਕੁਝ ਵੀ ਸੀ। ਪੁਆਰ ਦੀ ਦੋਸਤੀ ਦੀਆਂ ਵਰ੍ਹਿਆਂ ’ਤੇ ਫੈਲੀਆਂ ਉਹ ਚੰਗੀਆਂ ਤੇ ਚਾਨਣੀਆਂ ਯਾਦਾਂ ਵੀ ਮੇਰੇ ਚੇਤੇ ਵਿਚ ਅਕਸ ਨੇ ਜਦੋਂ ਸਾਡੀ ਦੋਸਤੀ ਵਿਚ ਨਿੱਘ ਵੀ ਸੀ ਤੇ ਰੌਸ਼ਨੀ ਵੀ। ਦੋਸਤੀ ਦਾ ਉਹ ਕੋਸਾ-ਕੋਸਾ ਨਿੱਘ ਤੇ ਨਿੰਮ੍ਹਾ-ਨਿੰਮਾ ਚਾਨਣ ਅੱਜ ਵੀ ਮੇਰੇ ਅੰਗ-ਸੰਗ ਹੈ!

‘ਭਾਸ਼ਾ ਉਤਸਵ’ ਕਰਵਾਉਣ ਵਾਲੀ ਮੀਟਿੰਗ ਤੋਂ ਅਗਲੇ ਅਗਲੇਰੇ ਦਿਨ ਜਨਵਰੀ ਦੀ ਨਿੱਘੀ ਧੁੱਪ ਵਿਚ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿਚ ਧੁੱਪੇ ਕੁਰਸੀਆਂ ’ਤੇ ਬੈਠੇ ਸਾਂ। ਸ਼ਾਇਦ ਇਕ-ਦੋ ਜਣੇ ਹੋਰ ਵੀ ਸਨ। ਗੱਲ ਪੁਆਰ ਦੇ ਮੁਢਲੇ ਜੀਵਨ ਤੋਂ ਸ਼ੁਰੂ ਹੋਈ। ਉਹ ਰਓਂ ਵਿਚ ਸੀ। ਉਹ ਦੱਸ ਰਿਹਾ ਸੀ ਕਿ ਗਿਆਰਾਂ ਸਾਲਾਂ ਦਾ ਸੀ ਉਹ, ਜਦੋਂ ਦੇਸ਼ ਦੀ ਵੰਡ ਹੋਈ ਤੇ ਉਨ੍ਹਾਂ ਨੂੰ ਮਿੰਟਗੁਮਰੀ ਜ਼ਿਲ੍ਹੇ ਦੀ ਉਕਾੜਾ ਤਹਿਸੀਲ ਵਿਚ ਪੈਂਦੇ ਆਪਣੇ ਪਿੰਡ ਨੂੰ ਸਦੀਵੀ ਅਲਵਿਦਾ ਆਖ ਕੇ ਵੱਸਦੇ-ਰੱਸਦੇ ਘਰ-ਬਾਰ ਛੱਡ ਕੇ ਤੁਰਨਾ ਪਿਆ। ਕਿਵੇਂ ਉਨ੍ਹਾਂ ਦਾ ਲੰਮਾ ਕਾਫਲਾ ਹੌਲੀ-ਹੌਲੀ ਸਰਕਦਾ, ਜਾਨ ਬਚਾਉਂਦਾ ਭਾਰਤ ਪਹੁੰਚਿਆ। ਜਿਵੇਂ ਪਹਿਲਾਂ ਜ਼ਿਕਰ ਆ ਚੁੱਕਾ ਹੈ, ਕਿਵੇਂ ਘੋੜੀ ’ਤੇ ਸਵਾਰ (ਭਵਿੱਖ ਦਾ ਮੁੱਖ ਮੰਤਰੀ) ਬੇਅੰਤ ਸਿੰਘ ਹੱਥ ਵਿਚ ਬੰਦੂਕ ਲੈ ਕੇ ਕਾਫਲੇ ਦੀ ਰਾਖੀ ਲਈ ਕਾਫਲੇ ਦੇ ਅੰਗ-ਸੰਗ ਰਿਹਾ। ਕਿਵੇਂ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪਹਿਲਾਂ ਅਲਾਵਲਪੁਰ ਤੇ ਫਿਰ ਪੱਕੇ ਤੌਰ ‘ਤੇ ਲੱਧੇਵਾਲੀ ਆਣ ਕੇ ਵੱਸਿਆ।
ਗੱਲਾਂ ਲੰਮੀਆਂ ਚੱਲੀਆਂ। ਅਲਾਵਲਪੁਰ ਤੋਂ ਦਸਵੀਂ ਪਾਸ ਕਰ ਕੇ ਲਾਇਲਪੁਰ ਖਾਲਸਾ ਕਾਲਜ ਤੋਂ ਪੰਜਾਬੀ ਤੇ ਅੰਗਰੇਜ਼ੀ ਦੀ ਐਮ.ਏ. ਕਰਨ ਤੋਂ ਲੈ ਕੇ ਕੰਨਿਆ ਮਹਾਵਿਦਿਆਲਾ ਵਿਚ ਪਹਿਲੀ ਨਿਯੁਕਤੀ ਤੱਕ ਦਾ ਸਫਰ ਤੇ ਫੇਰ ਲਾਇਲਪੁਰ ਖਾਲਸਾ ਕਾਲਜ ਵਿਚ ਅਧਿਆਪਨ ਤੋਂ ਤੁਰਦੀ ਗੱਲ ਲੰਡਨ ਯੂਨੀਵਰਸਿਟੀ ਤੋਂ ਭਾਸ਼ਾ ਵਿਗਿਆਨ ਵਿਚ ਐਮ.ਲਿਟ. ਕਰਨ ਪਿੱਛੋਂ ਪੰਜਾਬੀ ਯੂਨੀਵਰਸਿਟੀ ਵਿਚ ਪ੍ਰਾ-ਅਧਿਆਪਕ ਲੱਗਣ ਤੱਕ ਚੱਲਦੀ ਹੋਈ, ਵਾਈਸ ਚਾਂਸਲਰ ਲੱਗਣ ਤੱਕ ਪਹੁੰਚੀ। ਵਿਚ-ਵਿਚ ਨਿੱਕੇ ਨਿੱਕੇ ਦਿਲਚਸਪ ਵੇਰਵੇ। ਕੁਝ ਅਣਸੁਣੀਆਂ ਗੱਲਾਂ।
ਮੈਂ ਕਿਹਾ, “ਡਾ. ਸਾਹਿਬ! ਆਪਣੀ ਸਵੈ-ਜੀਵਨੀ ਲਿਖੋ। ਤੁਹਾਡੇ ਸੰਘਰਸ਼ ਦੀ ਲੰਮੀ ਤੇ ਦਿਲਚਸਪ ਦਾਸਤਾਨ ਹੈ। ਜਿਵੇਂ ਡਾ. ਸਰਦਾਰਾ ਸਿੰਘ ਜੌਹਲ ਨੇ ਕਮਾਲ ਦੇ ਅਨੁਭਵ ਲਿਖੇ ਨੇ, ਤੁਹਾਡੀ ਜੀਵਨੀ ਵਿਚ ਵੀ ਬਹੁਤ ਕੁਝ ਅਜਿਹਾ ਹੋਵੇਗਾ ਜੋ ਨਵੀਂ ਪੀੜ੍ਹੀ ਦੇ ਬੱਚਿਆਂ ਲਈ ਪ੍ਰੇਰਨਾ ਦੇਣ ਵਾਲਾ ਹੋਵੇਗਾ।”
ਉਹ ਪੋਲਾ ਜਿਹਾ ਮੁਸਕਰਾਇਆ। ਕਿਸੇ ਹੋਰ ਨੇ ਵੀ ਮੇਰੀ ਹਾਮੀ ਭਰੀ।
ਉਹਦੀ ਚੁੱਪ ਨੂੰ ਰਜ਼ਾਮੰਦੀ ਸਮਝਦਿਆਂ ਮੈਂ ਕਿਹਾ, “ਬੱਸ ਅੱਜ ਤੋਂ ਸੋਚਣਾ ਤੇ ਮਨ ਵਿਚ ਤਰਤੀਬ ਦੇਣੀ ਸ਼ੁਰੂ ਕਰ ਦਿਓ, ਤੇ ਫਿਰ ਲਿਖਣਾ ਵੀ। ਮੈਂ ਅਗਲੇ ਹਫਤੇ ਤੁਹਾਨੂੰ ਪੁੱਛਣਾ ਹੈ ਕਿ ਤੁਸੀਂ ਪਹਿਲਾ ਚੈਪਟਰ ਲਿਖ ਲਿਆ ਹੈ ਕਿ ਨਹੀਂ।”
ਉਹ ਹੱਸ ਪਿਆ। ਲਗਭਗ ਸਵੈ-ਜੀਵਨੀ ਲਿਖਣਾ ਮੰਨ ਕੇ ਉਹ ਇਹ ਕਹਿੰਦਾ ਉਠਿਆ, “ਉਂਝ ਕੰਮ ਹੈ ਤਾਂ ਔਖਾ ਪਰ ਚਲੋ ਦੇਖਦੇ ਹਾਂ!”
ਪਰ ਅਗਲੇ ਹਫਤੇ ਨਾ ਮੈਂ ਪੁੱਛਿਆ ਤੇ ਨਾ ਉਹਨੇ ਦੱਸਿਆ ਕਿ ਉਹਨੇ ਪਹਿਲਾ ਚੈਪਟਰ ਲਿਖ ਲਿਆ ਹੈ!
ਤੇ ਫਿਰ ਕੋਵਿਡ-19 ਦਾ ਕਹਿਰ ਟੁੱਟ ਪਿਆ। ਮੇਲ-ਮੁਲਾਕਾਤਾਂ ਬੰਦ ਹੋ ਗਈਆਂ!
ਨਾ ਭਾਸ਼ਾ-ਉਤਸਵ ਹੋ ਸਕਿਆ ਤੇ ਨਾ ਹੀ ਸਵੈ-ਜੀਵਨੀ ਲਿਖੀ ਜਾ ਸਕੀ।
ਅਗਸਤ ਦੇ ਅੰਤ ਵਿਚ ਮੈਂ ਕੈਨੇਡਾ ਆ ਗਿਆ ਤੇ 15 ਅਕਤੂਬਰ (2020) ਨੂੰ ਉਹਦੇ ਸਦੀਵੀ ਵਿਛੋੜੇ ਦੀ ਖਬਰ ਆ ਗਈ। ਪੰਜਾਬੀ ਭਾਸ਼ਾ ਬਾਰੇ ਬਣਾਈਆਂ ਅਗਲੇਰੀਆਂ ਯੋਜਨਾਵਾਂ ਅਤੇ ਉਹਦੇ ਹੋਰ ਸੁਪਨੇ ਵੀ ਉਹਦੇ ਨਾਲ ਹੀ ਸੌਂ ਗਏ ਪਰ ਪੰਜਾਬੀ ਭਾਸ਼ਾ ਲਈ ਜੂਝਦਾ ਉਹ ਆਖਰੀ ਸਾਹਾਂ ਤੱਕ ਰਿਹਾ। 10 ਅਕਤੂਬਰ ਨੂੰ ਕੁੜੀਆਂ ਦੇ ਲਾਇਲਪੁਰ ਖਾਲਸਾ ਕਾਲਜ ਵਿਚ ‘ਨਵੀਂ ਸਿੱਖਿਆ ਨੀਤੀ’ ਬਾਰੇ ਹੋਏ ਸੈਮੀਨਾਰ ਦੀ ਉਹਨੇ ਪ੍ਰਧਾਨਗੀ ਕੀਤੀ। ਉਸ ਨੇ ਉਸ ਕੁ-ਨੀਤੀ ਦੀ ਨਿਖੇਧੀ ਕੀਤੀ ਜਿਸ ਵਿਚ ਸਿੱਖਿਆ ਦੀਆਂ ਪ੍ਰਾਈਵੇਟ ਦੁਕਾਨਾਂ ਦੇ ਖੁੱਲ੍ਹਣ, ਗਰੀਬਾਂ ਨੂੰ ਵਿਦਿਆ ਤੋਂ ਵਾਂਝੇ ਰੱਖਣ, ਸਰਕਾਰੀ ਸਰਪ੍ਰਸਤੀ ਵਾਲੀਆਂ ਸੰਸਥਾਵਾਂ ਵਿਚ ਨਵੀਂ ਭਰਤੀ ਕਰਨ ਦੀ ਥਾਂ ਅਧਿਆਪਕਾਂ ਨੂੰ ਠੇਕੇ ’ਤੇ ਰੱਖਣ ਦਾ ਚਲਨ ਭਾਰੂ ਹੋ ਜਾਣਾ ਸੀ!
ਪਿਛਲੇ ਦੋ-ਤਿੰਨ ਸਾਲ ਤੋਂ ਮੈਂ ਜਦ ਪੰਜਾਬ ਜਾਂਦਾ ਤਾਂ ਦੇਖਦਾ ਕਿ ਡਾ. ਪੁਆਰ ਦੇ ਜਿਸਮ ਵਿਚ ਪਹਿਲਾਂ ਵਾਲੀ ਫੁਰਤੀ ਨਜ਼ਰ ਨਾ ਆਉਂਦੀ। ਉਹ ਬੋਚ-ਬੋਚ ਕੇ ਕਦਮ ਧਰਦਾ ਲੱਗਦਾ। ਚਿਹਰੇ ’ਤੇ ਵੀ ਭਲ ਜਿਹੀ ਪਈ ਦਿਸਦੀ ਪਰ ਉਹਦਾ ਉਤਸ਼ਾਹ ਪਹਿਲਾਂ ਵਾਂਗ ਹੀ ਮਘਦਾ ਹੁੰਦਾ ਸੀ।
ਪਰ ਆਪਣੇ ਹਰ ਸਾਹ ਵਿਚ ਮਘਦਾ ਇਹ ਸੇਕ ਉਹ ਆਪਣੀ ਹਿੱਕ ਵਿਚ ਲੈ ਕੇ ਸਾਹ ਮੁੱਕ ਜਾਣ ’ਤੇ ਸਵਾਹ ਹੋ ਗਿਆ।
ਕੀ ਉਹਦੇ ‘ਵਾਰਿਸ’ ਇਸ ਸਵਾਹ ਵਿਚ ਪਈ ਕੋਈ ਚੰਗਿਆੜੀ ਲੱਭ ਕੇ ਉਹਨੂੰ ਉਸ ਵਾਂਗ ਮੁੜ ਮਘਾ ਸਕਣਗੇ!
ਮਘਾਉਣੀ ਤਾਂ ਚਾਹੀਦੀ ਹੈ! (ਸਮਾਪਤ)