ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਕਾਸ ਲਈ ਅਰੰਭੀਆਂ ਕਾਨਫਰੰਸਾਂ ਦੇ ਚੰਗੇ ਨਤੀਜੇ ਨਿਕਲ ਰਹੇ ਹਨ। ਪਿਛਲੇ ਹਫਤੇ ਵਾਲੀ ਏਸ਼ੀਆ ਆਧਾਰਤ ਕਾਨਫਰੰਸ ਦਾ ਪ੍ਰਭਾਵ ਤਿੱਖਾ ਤੇ ਧੁਰ ਅੰਦਰ ਤੱਕ ਅਸਰ ਕਰਨ ਵਾਲਾ ਸੀ। ਇਸ ਵਿਚ ਇਸਲਾਮਾਬਾਦ ਦੇ ਹਾਰਿਸ ਖਲੀਕ ਤੋਂ ਜਾਫਨਾ (ਸ੍ਰੀਲੰਕਾ) ਦੇ ਅਸ਼ੋਕ ਕੈਂਥ ਨੇ ਹੀ ਨਹੀਂ, ਕਾਬੁਲ (ਅਫਗਾਨਿਸਤਾਨ) ਦੀ ਡਾæ ਅਨਾਰਕਲੀ ਹੋਨਰਯਾਰ ਤੋਂ ਟੋਕੀਓ (ਜਪਾਨ) ਦੀ ਮੈਡਮ ਟਾਈਕੋ ਤਕ ਦੀ ਸ਼ਿਰਕਤ ਦੱਸਦੀ ਹੈ ਕਿ ਹੁਣ ਇਹ ਮਿਥੀਆਂ ਸੀਮਾਵਾਂ ਨੂੰ ਟੱਪ ਕੇ ਸਭ ਦੇ ਸਭ ਪੰਜਾਬੀ ਮੋਹ ਰਖਣ ਵਾਲਿਆਂ ਨੂੰ ਆਪਣੇ ਵਲ ਖਿੱਚ ਰਹੀ ਹੈ। ਇਥੇ ਪਹੁੰਚੇ ਸਾਰੇ ਪ੍ਰਤੀਨਿਧਾਂ ਨੇ ਆਪੋ-ਆਪਣੇ ਦੇਸ਼ ਵਿਚ ਪੰਜਾਬੀ ਰਹਿਤਲ ਤੇ ਪਹਿਚਾਣ ਨੂੰ ਬਣਾਈ ਰੱਖਣ ਦੇ ਯਤਨਾਂ ਦਾ ਖੁਲਾਸਾ ਦੇ ਕੇ ਬਾਕੀ ਮੈਂਬਰਾਂ ਨੂੰ ਨਵੇਂ ਕਦਮ ਚੁੱਕਣ ਲਈ ਪ੍ਰੇਰਿਆ। ਜੇ ਹਾਮਿਦ ਕਰਜ਼ਾਈ ਦੀ ਸਰਕਾਰ ਅਫਗਾਨਿਸਤਾਨ ਵਿਚ ਉਚੇਚੇ ਸਿੱਖ ਸਕੂਲ ਖੋਲ੍ਹ ਕੇ ਅਤੇ ਹਿੰਦੂ-ਸਿੱਖ ਪੰਜਾਬੀਆਂ ਲਈ ਇੱਕ ਵਿਸ਼ੇਸ਼ ਮਿੰਨੀ ਸਿਟੀ ਸਥਾਪਤ ਕਰਕੇ ਖਾਨਾਜੰਗੀ ਵੇਲੇ ਛੱਡ ਗਏ ਪੰਜਾਬੀਆਂ ਨੂੰ ਵਾਪਸ ਲਿਆਉਣ ਦੇ ਯਤਨ ਕਰ ਰਹੀ ਹੈ ਤਾਂ ਪਾਕਿਸਤਾਨ ਦਾ ਪੰਜਾਬੀ ਭਾਈਚਾਰਾ ਆਪਣੇ ਆਪ ਨੂੰ ਭਾਸ਼ਾ ਲਈ ਯੋਗ ਲਿਪੀ ਦੇ ਮਸਲੇ ਤੋਂ ਉਤਾਂਹ ਉਠ ਕੇ ਘਰ ਘਰ ਵਿਚ ਪੰਜਾਬੀ ਬੋਲਣ ਤੇ ਪੰਜਾਬੀ ਕਦਰਾਂ ਕੀਮਤਾਂ ਉਤੇ ਪਹਿਰਾ ਦੇਣ ਵਲ ਵਧੇਰੇ ਧਿਆਨ ਦੇ ਰਿਹਾ ਹੈ। ਜੇ ਜਪਾਨ ਦੇ ਯੁਵਕ ਯੁਵਤੀਆਂ ਪੰਜਾਬੀਆਂ ਦੇ ਭੰਗੜੇ ਤੇ ਗਿੱਧੇ ਵਲ ਪ੍ਰੇਰੇ ਜਾ ਰਹੇ ਹਨ ਤਾਂ ਸ੍ਰੀ ਲੰਕਾ ਵਿਚ ਸੀਤਾ ਵਾਟਿਕਾ ਤੇ ਰਾਮ ਸੇਤੂ ਪੁਲ ਦੀ ਪਹਿਚਾਣ ਕਰਨ ਵਾਲੇ ਗੁਰੂ ਨਾਨਕ ਦੀ ਉਸ ਦੇਸ਼ ਵਿਚ ਯਾਤਰਾ ਦੇ ਪੈਰ ਚਿੰਨ੍ਹ ਪਛਾਨਣ ਵਿਚ ਲੱਗੇ ਹੋਏ ਹਨ।
ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਨੇ ਇਨ੍ਹਾਂ ਕਾਨਫਰੰਸਾਂ ਦਾ ਸਾਰ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਦੀਆਂ ਖੇਤਰੀ ਕਾਨਫਰੰਸਾਂ ਦੇ ਪ੍ਰਭਾਵ ਅਧੀਨ ਪੱਛਮੀ ਬੰਗਾਲ ਤੇ ਉਤਰਾਖੰਡ ਦੀਆਂ ਸਰਕਾਰਾਂ ਨੇ ਕਲਕੱਤਾ ਅਤੇ ਦੇਹਰਾਦੂਨ ਵਿਚ ਪੰਜਾਬੀ ਅਕਾਡਮੀਆਂ ਸਥਾਪਤ ਕਰਨ ਦਾ ਨਿਰਣਾ ਲਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋੜੀਂਦਾ ਪਲਾਟ ਦੇਣ ਤੋਂ ਇਲਾਵਾ ਪੰਜ ਕਰੋੜ ਖਰਚ ਕਰਕੇ ਕੋਲਕਤਾ ਵਿਚ ਗੁਰੂ ਨਾਨਕ ਪੰਜਾਬੀ ਅਕਾਡਮੀ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਹਰ ਕਿਸੇ ਨੇ ਭਾਰਤ ਦੀ ਵੰਨ ਸੁਵੰਨਤਾ ਦੀ ਵਡਿਆਈ ਕਰਦਿਆਂ ਪੰਜਾਬੀ ਸੁਭਾਅ ਦੀ ਦਰਿਆ ਦਿਲੀ ਨੂੰ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦਾ ਵਚਨ ਲਿਆ।
ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਨਾਲ ਰਚਾਈ ਗਈ ਇਸ ਕਾਨਫਰੰਸ ਵਿਚ ਦਿੱਲੀ ਦੀ ਪੰਜਾਬੀ ਅਕਾਡਮੀ ਤੇ ਉਥੋਂ ਦੀ ਉਘੀ ਪੰਜਾਬੀ ਹਸਤੀ ਤਰਲੋਚਨ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਇਸ ਵਿਚ ਕਾਬਲ ਵਿਚ ਕਾਊਂਸਲਰ ਰਹਿ ਚੁੱਕੇ ਡਾæ ਮਨਮੋਹਨ ਨੇ ਵਿਸ਼ੇਸ਼ ਯੋਗਦਾਨ ਪਾਇਆ।
ਕਾਨਫਰੰਸ ਦੀ ਸਫਲਤਾ ਤੋਂ ਪ੍ਰਭਾਵਤ ਹੋ ਕੇ ਨਵੀਂ ਚੁਣੀ ਗਈ ਮਿਸ ਇੰਡੀਆ 2013 ਬੀਬੀ ਨਵਰੀਤ ਕੌਰ ਢਿੱਲੋਂ ਨੇ 50,000 ਰੁਪਏ ਦੀ ਰਾਸ਼ੀ ਯੂਨੀਵਰਸਿਟੀ ਨੂੰ ਮਹਿਲਾ ਸਸ਼ਕਤੀਕਰਨ ਲਈ ਦਾਨ ਕੀਤੀ। ਇਸ ਰਾਸ਼ੀ ਨੂੰ ਉਸ ਨੇ ਯੂਨੀਵਰਸਿਟੀ ਤੋਂ ਪ੍ਰਪਤ ਕੀਤੀ ਵਿਦਿਆ ਦਾ ਤਿਲ ਫੁੱਲ ਸ਼ੁਕਰਾਨਾ ਕਿਹਾ। ਦਰਸ਼ਕਾਂ ਤੇ ਸਰੋਤਿਆਂ ਨੇ ਉਸ ਦੇ ਇਸ ਅਮਲ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ। ਕਾਨਫਰੰਸ ਦਾ ਸਮੁੱਚਾ ਪ੍ਰਭਾਵ ਵਿਲੱਖਣ ਤੇ ਨਿਆਰਾ ਸੀ।
ਨਵੇਂ ਰਾਜਾਂ ਦੀ ਰਾਜਧਾਨੀ ਦਾ ਮਸਲਾ
ਭਾਰਤ ਦੇ ਨਵ-ਨਿਰਧਾਰਤ ਰਾਜ ਤਿਲੰਗਾਨਾ ਵਿਚ ਹੈਦਰਾਬਾਦ ਦੇ ਸ਼ਹਿਰ ਨੂੰ ਆਉਣ ਵਾਲੇ ਦਸ ਸਾਲਾਂ ਲਈ ਦੋਵਾਂ ਤੈਲਗੂ ਭਾਸ਼ੀ ਰਾਜਾਂ ਦੀ ਰਾਜਧਾਨੀ ਬਣਾਈ ਰੱਖਣ ਦਾ ਸੁਝਾਓ ਠੀਕ ਨਹੀਂ ਹੈ। ਰਿਆਲ ਸੀਮਾ ਵਜੋਂ ਜਾਣੇ ਜਾਂਦੇ ਤਟਵਰਤੀ ਸਿਆਸਤਦਾਨਾਂ ਲਈ ਵੀ ਹੈਦਰਾਬਾਦ ਨੂੰ ਜੱਫਾ ਪਾਈ ਰੱਖਣਾ ਹਾਨੀਕਾਰਕ ਹੋਵੇਗਾ। ਉਨ੍ਹਾਂ ਨੂੰ ਚਾਹੀਦਾ ਹੈ ਕਿ ਤੁਰੰਤ ਪੂਰਬੀ ਤੱਟ ਦੇ ਸ਼ਹਿਰ ਓਂਗੋਲ ਜਾਂ ਵਿਜੇਵਾੜਾ ਨੂੰ ਅਪਨਾ ਕੇ ਇਸ ਨੂੰ ਭੁਵਨੇਸ਼ਵਰ, ਚੇਨਈ ਤੇ ਪੁਡੂਚੇਰੀ ਵਾਂਗ ਉਸਾਰਨ ਤੇ ਪਿਆਰਨ ਅਤੇ ਸਜਾਉਣ। ਚੁਣੀ ਗਈ ਥਾਂ ਸਮੁੰਦਰੀ ਜਹਾਜ਼ਾਂ ਦਾ ਮੋਖ ਦੁਆਰ ਵੀ ਬਣ ਸਕਦੀ ਹੈ ਤੇ ਵਣਜ ਵਪਾਰ ਦਾ ਵੱਡਾ ਕੇਂਦਰ ਵੀ। ਇਨ੍ਹਾਂ ਦੋਨੋਂ ਸ਼ਹਿਰਾਂ ਦੇ ਤਿਰੂਪੱਟੀ ਦਾ ਜਗਤ ਪ੍ਰਸਿੱਧ ਮੰਦਰ ਤੇ ਕੁਰਨੂਲ ਦਾ ਉਹ ਸ਼ਹਿਰ ਬਹੁਤ ਨੇੜੇ ਹੋਣਾ ਜਿਹੜਾ ਪਹਿਲਾਂ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਰਹਿ ਚੁੱਕਾ ਹੈ, ਉਨ੍ਹਾਂ ਦੇ ਵਿਕਾਸ ਲਈ ਸਹਾਈ ਹੋਵੇਗਾ। ਅਖੰਡ ਆਂਧਰਾ ਪ੍ਰਦੇਸ਼ ਲਈ ਹੈਦਰਾਬਾਦ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਕਲ੍ਹ ਨੂੰ ਓਂਗਲ ਤੇ ਵਿਜੇਵਾੜਾ ਤਟਵਰਤੀ ਰਿਆਲ ਸੀਮਾ ਹੋਰ ਵੀ ਮਕਬੂਲ ਹੋ ਸਕਦੇ ਹਨ। ਸਮੇਂ ਨਾਲ ਰਾਜਧਾਨੀਆਂ ਕਿਵੇਂ ਵਿਕਾਸ ਕਰਦੀਆਂ ਹਨ, ਇਹ ਵੇਖਣ ਲਈ ਪਾਕਿਸਤਾਨ ਜਾ ਕੇ ਇਸਲਾਮਾਬਾਦ ਵੇਖਣ ਦੀ ਲੋੜ ਨਹੀਂ ਗੁਜਰਾਤ ਰਾਜ ਦਾ ਗਾਂਧੀਨਗਰ ਜਾਂ ਪੰਜਾਬ ਤੇ ਹਰਿਆਣਾ ਦਾ ਚੰਡੀਗੜ੍ਹ ਦੇਖ ਲੈਣਾ ਹੀ ਕਾਫੀ ਹੈ। ਹੈਦਰਾਬਾਦ ਨੂੰ ਜੱਫਾ ਮਾਰੀ ਰੱਖਣ ਜਾਂ ਇਸ ਨੂੰ ਦਸ ਸਾਲ ਵਾਸਤੇ ਸਾਂਝੀ ਰਾਜਧਾਨੀ ਬਣਾਈ ਰੱਖਣ ਦਾ ਨਤੀਜਾ ਸਮਾਂ ਪਾ ਕੇ ਇਸ ਦੇ ਕੇਂਦਰ ਸ਼ਾਸਤ ਖੇਤਰ ਐਲਾਨੇ ਜਾਣ ਦਾ ਸਬੱਬ ਬਣ ਸਕਦਾ ਹੈ ਜਿਸ ਦਾ ਤੇਲਗੂ ਭਾਸ਼ੀ ਕਿਸੇ ਵੀ ਧਿਰ ਨੂੰ ਕੋਈ ਲਾਭ ਨਹੀਂ ਹੋਣ ਲੱਗਿਆ। ਉਨ੍ਹਾਂ ਨੂੰ ਚੰਡੀਗੜ੍ਹ ਤੋਂ ਸਬਕ ਸਿਖਣਾ ਚਾਹੀਦਾ ਹੈ ਜਿੱਥੇ ਅਸਲੀ ਚੰਡੀਗੜ੍ਹ ਨੂੰ ਨਕਲੀ ਤੇ ਨਕਲੀ ਨੂੰ ਅਸਲੀ ਕਰਨ ਦੀਆਂ ਤਦਬੀਰਾਂ ਵੀ ਸਾਹ ਲੈ ਰਹੀਆਂ ਹਨ। ਭਾਵੇਂ ਅਜ ਦੇ ਦਿਨ ਤੇਲੰਗਾਨਾ ਰਾਜ ਦਾ ਜਨਮ ਅਖੰਡ ਆਂਧਰਾ ਪ੍ਰਦੇਸ਼ ਦੀ ਮੌਤ ਵਾਂਗ ਜਾਪਦਾ ਹੈ ਪਰ ਲੰਗਾਨਾ ਤੋਂ ਬਾਹਰ ਦੇ ਖੇਤਰ ਦਾ ਨਾਂ ਰਿਆਲ ਸੀਮਾ ਹੋਣ ਉਪਰੰਤ ਇੱਕ ਰਾਜ ਦੀ ਮ੍ਰਿਤੂ ਦੋ ਰਾਜਾਂ ਨੂੰ ਜਨਮ ਦੇਵੇਗੀ। ਇਕ ਅਕੇਲਾ ਦੇ ਗਿਆਰਾਂ, ਦੇ ਸੱਚ ਨੂੰ ਪ੍ਰਵਾਨ ਕਰਕੇ ਇਸ ਘਟਨਾਕ੍ਰਮ ਦਾ ਸੁਆਗਤ ਕਰਨਾ ਚਾਹੀਦਾ ਹੈ। ਪਰ ਦੋਹਾਂ ਰਾਜਾਂ ਦਾ ਭਲਾ ਇਸ ਵਿਚ ਹੈ ਕਿ ਸਾਂਝੇ ਸੁਪਨੇ ਲਏ ਬਿਨਾ ਸੁਤੰਤਰ ਹੋਣਾ ਸਿਖਣ ਤੇ ਇਸ ਦੇ ਮਜ਼ੇ ਮਾਨਣ। ਤੇਲੰਗਾਨਾ ਤੋਂ ਬਾਹਰ ਵਾਲੇ ਆਪਣੇ ਰਾਜ ਦਾ ਨਾਂ ਸੀਮਾਸਰਾ ਰਖ ਕੇ ਰਾਜਧਾਨੀ ਓਂਗੋਲ ਬਣਾ ਲੈਣ ਤਾਂ ਹੋਰ ਵੀ ਚੰਗੀ ਗੱਲ ਹੈ।
ਅੰਤਿਕਾ: (ਸਾਹਿਰ ਲੁਧਿਆਣਵੀ)
ਮਾਯੂਸ ਤੋ ਹੂੰ ਵਾਅਦੇ ਸੇ ਤਿਰੇ
ਕੁੱਛ ਆਸ ਨਹੀਂ ਕੁੱਛ ਆਸ ਭੀ ਹੈ,
ਮੈਂ ਅਪਨੇ ਖਿਆਲੋਂ ਕੇ ਸਦਕੇ
ਤੂ ਪਾਸ ਨਹੀਂ ਔਰ ਪਾਸ ਭੀ ਹੈ।
ਦਿਲ ਨੇ ਖੁਸ਼ੀ ਮਾਂਗੀ ਥੀ ਮਗਰ
ਜੋ ਤੂ ਨੇ ਦੀਆ ਅੱਛਾ ਹੀ ਦੀਆ,
ਜਿਸ ਗ਼ਮ ਕਾ ਤੁਆਲਕ ਹੋ ਤੁੱਝ ਸੇ
ਵੋਹ ਰਾਸ ਨਹੀਂ ਔਰ ਰਾਸ ਭੀ ਹੈ।
Leave a Reply