ਕੁਦਰਤ, ਮਨੁੱਖ ਅਤੇ ਰੱਬੀ ਹੋਂਦ

ਗੁਰਬਚਨ ਸਿੰਘ,
ਫੋਨ: 98156-98451
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨਵੇਂ ਸਾਲ 2022 ਦੇ ਆਗਮਨ ਮੌਕੇ ਸੰਸਾਰ ਭਰ ਦੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ‘ਜੇ ਅਸੀਂ ਕੁਦਰਤ ਨਾਲ ਖਿਲਵਾੜ ਨਾ ਕਰੀਏ ਤਾਂ ਕੁਦਰਤ ਸਾਨੂੰ ਕਦੇ ਧੋਖਾ ਨਹੀਂ ਦੇਵੇਗੀ।’

ਗੁਰੂ ਨਾਨਕ ਸਾਹਿਬ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਮਨੁੱਖਤਾ ਨੂੰ ਇਹੀ ਚੇਤਨਾ ਦਿੱਤੀ ਹੈ:
ਨਾਨਕ ਸਚੁ ਦਾਤਾਰੁ ਸਿਨਾਖਤ ਕੁਦਰਤੀ॥ (ਗੁਰੂ ਗ੍ਰੰਥ ਸਾਹਿਬ, ਪੰਨਾ 141)
ਭਾਵ ਮਨੁੱਖਤਾ ਨੂੰ ਸਾਰੀਆਂ ਦਾਤਾਂ ਦੇਣ ਵਾਲੇ ਦਾਤਾਰ (ਭਾਵ ਰੱਬੀ ਹੋਂਦ) ਦੀ ਸ਼ਨਾਖਤ ਕੁਦਰਤ ਵਿਚੋਂ ਹੁੰਦੀ ਹੈ।
ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ (ਭਾਈ ਗੁਰਦਾਸ)
ਇਹ ਜਾਣਿਆ ਜਾਂਦਾ ਹੈ ਕਿ ਹੁਣ ਤੋਂ ਪਹਿਲਾਂ ਹਰੇਕ ਬਾਦਸ਼ਾਹ ਦੇ ਨਾਂ ਉਤੇ ਸਿੱਕਾ ਚੱਲਦਾ ਰਿਹਾ ਹੈ ਪਰ ਭਾਈ ਗੁਰਦਾਸ ਜੀ ਦੇ ਬਚਨ ਹਨ ਕਿ ਗੁਰੂ ਨਾਨਕ ਸਾਹਿਬ ਨੇ ਜਗਤ ਭਾਵ ਸੰਸਾਰ ਵਿਚ ਆਪਣਾ ਸਿੱਕਾ ‘ਨਿਰਮਲ ਪੰਥ’ ਦੇ ਰੂਪ ਵਿਚ ਜਾਰੀ ਕੀਤਾ, ਜਿਸ ਦਾ ਭਾਵ ਹੈ ਕਿ ਗੁਰੂ ਸਾਹਿਬ ਨੇ ਨਵੀਂ ਪਿਰਤ ਪਾਈ। ਉਨ੍ਹਾਂ ਨੇ ਪੈਸੇ (ਕਿਸੇ ਮੁੱਲ) ਦਾ ਸਿਕਾ ਮਾਰਨ ਦੀ ਥਾਂ ‘ਪੰਥ’ ਭਾਵ ਰਾਹ (ਮਾਰਗ) ਵਿਖਾਇਆ। ਮਾਰਗ ਭਾਵ ਮਨੁੱਖੀ ਜੀਵਨ ਜਿਊਣ ਦਾ ਨਵਾਂ ਢੰਗ ਦੱਸਿਆ। ਇਉਂ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਦੇ ਇਤਿਹਾਸ ਵਿਚ ਨਵੇਂ ਯੁੱਗ ਦਾ ਆਰੰਭ ਕੀਤਾ। ਉਨ੍ਹਾਂ ਨੇ ਮਨੁੱਖਤਾ ਦੇ ਅਨੁਭਵੀ ਗਿਆਨ ਨੂੰ ਨਵੀਂ ਦਿਸ਼ਾ ਦਿੱਤੀ। ਕੁਦਰਤ ਦੇ ਭਾਣੇ ਅਤੇ ਹੁਕਮ ਵਿਚ ਰਹਿੰਦਿਆਂ ਹੋਇਆਂ ਕੁਦਰਤ ਦੀ ਅਨਮੋਲ ਦਾਤ ਆਪਣੇ ਮਨ ਨੂੰ ਵਿਕਸਿਤ ਕਰ ਕੇ ਸਰਲ, ਸਾਦੀ, ਸਹਿਜ ਅਤੇ ਸੰਤੁਸ਼ਟ ਜਿੰ਼ਦਗੀ ਜਿਊਣ ਦੀ ਚੇਤਨਾ ਦਿੱਤੀ। ਇਸ ਚੇਤਨਾ ਦਾ ਆਰੰਭ ਹੇਠ ਲਿਖੀ ਧਾਰਨਾ ਤੋਂ ਹੁੰਦਾ ਹੈ:
ਨਾਨਕ ਏਕੋ ਪਸਰਿਆ ਦੂਜਾ ਕਹ ਦਿ੍ਰਸਟਾਰ॥ (ਪੰਨਾ 292)
ਭਾਵ ਸਾਡੇ ਆਲੇ-ਦੁਆਲੇ ਚਾਰ-ਚੁਫੇਰੇ ਪਸਰਿਆ ਪਸਾਰਾ ਇਕ (ਏਕੋ) ਹੈ। ਹੋਰ ਦੂਜਾ ਕਿਤੇ ਕੋਈ ਨਜ਼ਰ ਨਹੀਂ ਆਉਂਦਾ।
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ 350)
ਇਹ ਏਕੋ ਹੀ ਮੇਰਾ ਮਾਲਕ ਹੈ। ਇਸ ਦੀ ਪੁਸ਼ਟੀ ਕਰਨ ਲਈ ਇਕ ਵਾਰ ਫਿਰ ਦੁਹਰਾਇਆ ਗਿਆ ਹੈ ਕਿ ਇਹ ਏਕੋ ਹੀ ਮੇਰਾ ਮਾਲਕ ਹੈ। ਮੇਰੇ ਇਸ ਮਾਲਕ ਤੋਂ ਬਿਨਾਂ ਹੋਰ ਕਿਸੇ ਦੂਜੇ ‘ਰੱਬ’ ਦੀ ਕੋਈ ਹੋਂਦ ਨਹੀਂ ਤੇ ਮੇਰੇ ਇਸ ਮਾਲਕ ਦਾਤਾਰ ਭਾਵ ਮੈਨੂੰ ਸਾਰੀਆਂ ਦਾਤਾਂ ਦੇਣ ਵਾਲੇ ‘ਰੱਬ’ ਦੀ ਪਛਾਣ ਕੁਦਰਤ ਵਿਚੋਂ ਹੁੰਦੀ ਹੈ।
ਯਥਾ ਇਹ ਦਿ੍ਰਸ਼ਟਮਾਨ ਕੁਦਰਤ ਹੀ ਦਾਤਾਰ ਭਾਵ ਸਾਰੀਆਂ ਦਾਤਾਂ ਦੇਣ ਵਾਲੀ ‘ਰਬੀ’ ਹੋਂਦ ਹੈ। ਇਸ ਤੋਂ ਬਗੈਰ ਹੋਰ ਕੋਈ ਦੂਜੀ ਰੱਬੀ ਹੋਂਦ ਨਹੀਂ। ਮਨੁੱਖੀ ਆਤਮਿਕ ਗਿਆਨ ਦੇ ਖੇਤਰ ਵਿਚ ਆਇਆ ਇਹ ਇਕ ਨਵਾਂ ਇਨਕਲਾਬ ਹੈ। ਇਸ ਆਤਮਿਕ ਗਿਆਨ ਨੇ ਮਨੁੱਖ ਨੂੰ ਨਵੀਂ ਚੇਤਨਾ ਦਿੱਤੀ ਹੈ। ਇਸ ਨੇ ਸ੍ਰਿਸ਼ਟੀ ਅਤੇ ਸ੍ਰਿਸ਼ਟੀ ਰਚਨਾ ਬਾਰੇ ਆਪਣੇ ਤੋਂ ਪਹਿਲੀਆਂ ਚਲਦੀਆ ਆ ਰਹੀਆਂ ਸਾਰੀਆਂ ਧਾਰਨਾਵਾਂ ਦਾ ਪੂਰਨ ਰੂਪ ਵਿਚ ਖੰਡਨ ਕਰ ਕੇ ਮਨੁੱਖਤਾ ਨੂੰ ਨਵੀਂ ਜਾਣਕਾਰੀ ਦਿੱਤੀ ਹੈ।
ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸ੍ਰਿਸ਼ਟੀ ਅਤੇ ਸ੍ਰਿਸ਼ਟੀ ਰਚਨਾ ਬਾਰੇ ਮਨੂੰਵਾਦੀ ਸ਼ੰਕਰਾਚਾਰੀਆ ਦੀ ਇਹ ਮਾਨਤਾ ਭਾਰੂ ਸੀ ਕਿ ਅਦ੍ਰਿਸ਼ਟ ‘ਬ੍ਰਹਮ’ ਸੱਚ ਹੈ ਪਰ ਦ੍ਰਿਸ਼ਟਮਾਨ ਸੰਸਾਰ ਮਿਥਿਆ ਹੈ। ਆਪਣੀ ਸੀਮਤ ਉਮਰ ਭੋਗ ਕੇ ਜਦੋਂ ਮਨੁੱਖ ਦੀ ਮੌਤ ਅਟਲ ਹੈ, ਤਾਂ ਫਿਰ ਇਹ ਦ੍ਰਿਸ਼ਟਮਾਨ ਸੰਸਾਰ ਮਾਇਆ ਭਾਵ ਇਕ ਛਲਾਵਾ ਹੈ। ਮਨੁੱਖੀ ਮਨ ਦੀ ਕੋਰੀ ਕਲਪਨਾ ਹੈ ਅਤੇ ਸ੍ਰਿਸ਼ਟੀ ਦੀ ਰਚਨਾ ਮਨੂੰ ਮਨ-ਕਲਪਿਤ ਬ੍ਰਹਮਾ ਨੇ ਕੀਤੀ ਹੈ, ਜਿਸ ਨੇ ਮਨੁੱਖਤਾ ਨੂੰ ਚਾਰ ਵਰਨਾਂ ਵਿਚ ਵੰਡਿਆ ਹੈ।
ਗੁਰੂ ਸਾਹਿਬ ਨੇ ਸ਼ੰਕਰਾਚਾਰੀਆ ਦੀ ਇਸ ਧਾਰਨਾ ਦਾ ਪੂਰਨ ਰੂਪ ਵਿਚ ਖੰਡਨ ਕੀਤਾ ਹੈ। ਗੁਰੂ ਸਾਹਿਬ ਨੇ ਬੁਲੰਦ ਐਲਾਨ ਕੀਤਾ ਕਿ ਇਹ ਦ੍ਰਿਸ਼ਟਗੋਚਰ ਹੁੰਦਾ ‘ਸੰਸਾਰ’ ਅਤੇ ਅੰਤਹੀਣ ਅਦ੍ਰਿਸ਼ਟ ‘ਬ੍ਰਹਮ’ ਭਾਵ ਇਹ ਅਸੀਮ ਬ੍ਰਹਿਮੰਡੀ ਵਿਸਥਾਰ ਇਕ ਹੈ। ਇਹ ਮਨੁੱਖੀ ਮਨ ਦੀ ਕੋਰੀ ਕਲਪਨਾ ਨਹੀਂ ਬਲਕਿ ਹਕੀਕਤ ਹੈ:
ਕੁਦਰਤਿ ਕਰਨੈਹਾਰ ਅਪਾਰਾ॥ ਕੀਤੇ ਕਾ ਨਾਹੀ ਕਿਹੁ ਚਾਰਾ॥
ਜੀਅ ਉਪਾਇ ਰਿਜਕ ਦੇ ਆਪੇ ਸਿਰਿ ਸਿਰਿ ਹੁਕਮ ਚਲਾਇਆ॥ (ਪੰਨਾ 1042)
ਯਥਾ ਇਹ ਅਸੀਮ ਕੁਦਰਤ ਹੀ ਕਰਨ ਕਰਾਵਣਹਾਰ ਹੈ। ਇਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਤਥਾ ਇਸ ਬ੍ਰਹਿਮੰਡੀ ਕੁਦਰਤ ਦੇ ਉਰਵਾਰ-ਪਾਰ ਮਨੁੱਖੀ ਮਨ ਦੀ ਪਕੜ ਵਿਚ ਨਹੀਂ ਆ ਸਕਦੇ। ਕੁਦਰਤ ਦੇ ਕੀਤੇ ਦਾ ਕੋਈ ਚਾਰਾ ਨਹੀਂ। ਕੁਦਰਤ ਦੇ ਕੰਮਾਂ ਵਿਚ ਕੋਈ ਮਨੁੱਖ ਦਖਲ ਨਹੀਂ ਦੇ ਸਕਦਾ। ਕੁਦਰਤ ਆਪ ਹੀ ਜੀਆ ਜੰਤ ਪੈਦਾ ਕਰਦੀ ਹੈ ਅਤੇ ਆਪ ਹੀ ਸਾਰਿਆਂ ਨੂੰ ਰਿਜਕ ਦੇਂਦੀ ਹੈ। ਇਹ ਅਸੀਮ ਬ੍ਰਹਿਮੰਡੀ ਹੋਂਦ ਆਪਣੇ ਆਪ ਹੀ ਹੁਕਮ ਭਾਵ ਕੁਦਰਤੀ ਨੇਮਾਂ ਅਨੁਸਾਰ ਚਲਦੀ ਆ ਰਹੀ ਹੈ:
ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭੁ ਬ੍ਰਹਮੁ ਦ੍ਰਿਸਟੀ ਆਇਆ॥ (ਪੰਨਾ 792)
ਯਥਾ ਸਾਡੇ ਚਾਰ ਚੁਫੇਰੇ ਫੈਲਿਆ ਇਹ ਸਾਰਾ ਪਸਾਰਾ ਬ੍ਰਹਮ ਹੈ। ਸਭ ਥਾਂ ਬ੍ਰਹਮ ਹੀ ਪਸਰਿਆ ਹੋਇਆ ਹੈ। ਬ੍ਰਹਮ ਹੀ ਸਗਲ ਦਿ੍ਰਸ਼ਟੀ ਵਿਚ ਆਉਂਦਾ ਹੈ ਅਤੇ ਇਸ ਇਕ ਤੋਂ ਬਿਨਾਂ ਬ੍ਰਹਮਾ ਬਿਸਨੁ ਮਹੇਸ ਦੀ ਕੋਈ ਹੋਂਦ ਨਹੀਂ।
ਬ੍ਰਹਮਾ ਬਿਸਨੁ ਮਹੇਸ ਨ ਕੋਈ॥ ਅਵਰ ਨ ਦੀਸੈ ਏਕੋ ਸੋਈ॥ (ਪੰਨਾ 1035)
ਗੁਰੂ ਨਾਨਕ ਸਾਹਿਬ ਦੇ ਆਗਮਨ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਨਮਸਕਾਰੁ ਗੁਰਦੇਵ ਕੋ ਸਤਿ ਨਾਮੁ ਜਿਸ ਮੰਤ੍ਰ ਸੁਣਾਇਆ।
ਭਵਜਲ ਵਿਚੋਂ ਕਢਿ ਕੇ ਮੁਕਤਿ ਪਦਾਰਥਿ ਮਾਹਿ ਸਮਾਇਆ। (ਵਾਰ 1, ਪਉੜੀ 1)
ਭਾਈ ਗੁਰਦਾਸ ਜੀ ਦੇ ਬਚਨ ਹਨ ਕਿ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸਤਿ ਨਾਮੁ ਦਾ ਆਤਮਿਕ ਗਿਆਨ ਦੇ ਕੇ ਹਰੇਕ ਤਰ੍ਹਾਂ ਦੇ ਪੂਰਬਲੇ ਭਰਮ ਜਾਲ ਤੋਂ ਮੁਕਤ ਕਰ ਦਿੱਤਾ ਹੈ ਤਥਾ ਸਮੁੱਚੀ ਮਾਨਵਤਾ ਨੂੰ ਮੁਕਤ ਪਦਾਰਥ ਭਾਵ ਇਸ ਦ੍ਰਿਸਟਮਾਨ ਸੰਸਾਰ ਵਿਚ ਨਿਰਭੈ ਹੋ ਕੇ ਵਿਚਰਨ ਦੀ ਜੁਗਤ ਦੱਸੀ ਹੈ।
ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਕਿਹੜੇ ਪੂਰਬਲੇ ਭਰਮਜਾਲ ਤੋਂ ਮੁਕਤ ਕਰਵਾਇਆ?
ਜਨਮ ਮਰਣ ਭਉ ਕਟਿਆ ਸੰਸਾ ਰੋਗੁ ਵਿਯੋਗੁ ਮਿਟਾਇਆ।
ਸੰਸਾ ਇਹੁ ਸੰਸਾਰੁ ਹੈ ਜਨਮ ਮਰਨ ਵਿਚਿ ਦੁਖੁ ਸਵਾਇਆ।
ਜਮ ਦੰਡੁ ਸਿਰੌਂ ਨ ਉਤਰੇ ਸਾਕਤਿ ਦੁਰਜਨ ਜਨਮੁ ਗਵਾਇਆ।
ਚਰਨ ਗਹੇ ਗੁਰਦੇਵ ਦੇ ਸਤਿ ਸਬਦੁ ਦੇ ਮੁਕਤਿ ਕਰਾਇਆ। (ਵਾਰ 1, ਪਉੜੀ1)
ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀ ਸੋਚ ਅਤੇ ਉਸ ਦੇ ਮਨ ਵਿਚੋਂ ਵਾਰ-ਵਾਰ ਜੰਮਣ ਮਰਨ ਦਾ ਡਰ ਹਮੇਸ਼ਾਂ ਲਈ ਖਤਮ ਕਰ ਦਿੱਤਾ। ਮਰਨ ਤੋਂ ਬਾਅਦ ਪੈਦਾ ਹੋਣ ਵਾਲੇ ਵਿਛੋੜੇ ਦੇ ਸ਼ੰਕੇ (ਨਰਕ-ਸਵਰਗ ਤੇ ਪੁਨਰ ਜਨਮ ਦੇ ਭਰਮਜਾਲ) ਤੇ ਇਨ੍ਹਾਂ ਸ਼ੰਕਿਆਂ ਨਾਲ ਪੈਦਾ ਹੋਣ ਵਾਲੇ ਸਾਰੇ ਮਾਨਸਿਕ ਰੋਗ (ਡਰ) ਵੀ ਸਦਾ ਲਈ ਨਵਿਰਤ ਕਰ ਦਿੱਤੇ। ਇਹ ਸ਼ੰਕਾ ਵੀ ਸਦਾ ਲਈ ਖਤਮ ਕਰ ਦਿੱਤੀ ਕਿ ਇਹ ਸੰਸਾਰ ਇਕ ਭਰਮ (ਮਾਇਆ ਜਾਂ ਛਲਾਵਾ) ਹੈ ਅਤੇ ਜੰਮਣ ਮਰਨ ਵਿਚ ਸਵਾਏ ਦੁਖ ਭਾਵ ਦੁਖ ਹੀ ਦੁਖ ਹਨ। ਸਾਕਤ ਭਾਵ ਸ਼ਕਤੀ ਦੇ ਪੁਜਾਰੀ ਮਨੁੱਖ ਦੇ ਦਿਮਾਗ ਵਿਚ ਹਮੇਸ਼ਾਂ ਮਰਨ ਤੋਂ ਬਾਅਦ ਮਨ ਕਲਪਿਤ ਯਮਾਂ ਦੇ ਦੰਡ ਦੇਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਉਹ ਆਪਣੀ ਸਾਰੀ ਜਿੰ਼ਦਗੀ ਇਸ ਡਰ ਨਾਲ ਹੀ ਲੰਘਾ ਦੇਂਦਾ ਹੈ। ਭਾਈ ਗੁਰਦਾਸ ਜੀ ਉਸ ਗੁਰੂ ਨੂੰ ਚਰਨ ਬੰਦਨਾ ਕਰਦੇ ਹਨ, ਜਿਸ ਨੇ ਸਤਿ ਸਬਦੁ ਦਾ ਗਿਆਨ ਦੇ ਕੇ ਮਨੁਖ ਨੂੰ ਸਦਾ ਲਈ ਯਮਾਂ ਦੇ ਇਸ ਡਰ ਤੋਂ ਵੀ ਮੁਕਤ ਕਰ ਦਿੱਤਾ।
ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ।। ਪੰਨਾ 383)
ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ।। (ਪੰਨਾ 433)
ਗੁਰੂ ਸਾਹਿਬ ਨੇ ਸਾਡੀ ਅਕਲ ਦੇ ਦਰਵਾਜ਼ੇ ਖੋਲ੍ਹ ਕੇ ਇਹ ਅਨੁਭਵੀ ਸੋਝੀ ਦਿੱਤੀ ਹੈ ਕਿ ਪੁਨਰ ਜਨਮ ਦੀ ਕੋਈ ਹੋਂਦ ਨਹੀਂ। ਸਿਰਜਣਹਾਰ ਕਰਤਾ ਆਪ ਹੀ ਆਪਣੇ ਨਾਲ ਮੇਲ ਕਰਵਾ ਲੈਂਦਾ ਹੈ ਅਤੇ ਪੁਨਰ ਜਨਮ ਨਿਰੋਲ ਭਰਮ ਹੈ। ਕਰਤਾ (ਸਿਰਜਣਹਾਰ) ਦੇ ਹੁਕਮ ਅਨੁਸਾਰ ਹੀ ਸੰਸਾਰ ਵਿਚ ਆਉਣ-ਜਾਣ ਭਾਵ ਜੰਮਣ-ਮਰਨ ਬਣਿਆ ਹੋਇਆ ਹੈ।
ਪ੍ਰੋ. ਪੂਰਨ ਸਿੰਘ ਦੇ ਕਥਨ ਅਨੁਸਾਰ, ‘‘ਸਿਖ ਮਤਿ ਬੁਧ ਮਤਿ ਦੀ ਨਿਆਈਂ ਦ੍ਰਿਸਟਮਾਨ ਤੋਂ ਆਰੰਭ ਕਰ ਕੇ ਇਸ ਦਾ ਅੱਗੇ ਵਿਸਥਾਰ ਕਰਦਾ ਹੈ ਪਰ ਬ੍ਰਾਹਮਣ ਮਤਿ ਅਦ੍ਰਿਸ਼ਟ ਤੋਂ ਆਰੰਭ ਕਰ ਕੇ ਮਾਨਸਿਕ ਕਲਪਨਾ ਵਿਚ ਹੀ ਇਸ ਦੀ ਵਿਆਖਿਆ ਕਰਦਾ ਹੈ।’’… ‘‘ਬਾਵਨ-ਅਖਰੀ ਵਿਚ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ‘ਸ੍ਰਿਸ਼ਟੀ ਦਾ ਇਹ ਜੋ ਵਿਸ਼ਾਲ ਅਖਰ ਅਸੀਂ ਵੇਖ ਰਹੇ ਹਾਂ, ਇਹੋ ਹੀ ਸ਼ੁੱਧ ਪਾਰਬ੍ਰਹਮ ਹੈ’।’’
ਗੁਰੂ ਨਾਨਕ ਸਾਹਿਬ ਨੇ ਮਨੂੰਵਾਦ (ਬ੍ਰਾਹਮਣ ਮਤਿ) ਨਾਲੋਂ ਇਹੀ ਬੁਨਿਆਦੀ ਨਿਖੇੜਾ ਕੀਤਾ ਹੈ। ਮੂਲ ਮੰਤਰ ਇਸ ਸਚ ਦੀ ਪੁਸ਼ਟੀ ਕਰਦਾ ਹੈ। ਗੁਰੂ ਸਾਹਿਬ ਨੇ ਹਰੇਕ ਕਿਸਮ ਦੇ ਭੇਖੀ ਪਾਖੰਡ ਅਤੇ ਕਰਮਕਾਂਡ ਦਾ ਖੰਡਨ ਕੀਤਾ ਹੈ।
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ।।
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ।।
….. ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।।
ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥ (ਪੰਨਾ 747-48)
ਭਾਵ ਧਰਮ ਦੇ ਨਾਂ ਉਤੇ ਕੀਤਾ ਜਾ ਰਿਹਾ ਇਹ ਸਾਰਾ ਪਾਖੰਡ ਤੇ ਕਰਮਕਾਂਡ ਯਮਾਂ ਦੇ ਡਰ ਦੀ ਨਿਆਈਂ ਸਾਰੇ ਸੰਸਾਰ ਨੂੰ ਲੁੱਟ ਰਿਹਾ ਹੈ। ਭਾਵ ਜਿਵੇਂ ਕਲਪਿਤ ਯਮਾਂ ਦਾ ਡਰ ਫਜ਼ੂਲ ਹੈ, ਇਸੇ ਤਰ੍ਹਾਂ ਧਰਮ ਦੇ ਨਾਂ ਉਤੇ ਕੀਤਾ ਜਾ ਰਿਹਾ ਇਹ ਸਾਰਾ ਕਰਮਕਾਂਡ ਨਿਰੋਲ ਪਾਖੰਡ ਹੈ ਤੇ ਸਮੇਂ ਦੀ ਬਰਬਾਦੀ ਹੈ। ਅਜਿਹੇ ਸਾਰੇ ਭਰਮਜਾਲ ਤੋਂ ਮੁਕਤ ਹੋ ਕੇ ਉਸ ਕਰਤੇ ਦਾ ਨਿਰਬਾਣ ਭਾਵ ਸੁਆਰਥ ਰਹਿਤ ਹੋ ਕੇ ਕੀਰਤਨ ਕਰੋ। ਕੁਦਰਤ ਦੇ ਕਣ-ਕਣ ਵਿਚ ਰਮੇ ਹੋਏ ਸਿਰਜਣਹਾਰ ਕਰਤਾ ਦੇ ਗੁਣ ਗਾਓ, ਜਿਸ ਨੂੰ ਇਕ ਪਲ ਸਿਮਰਨ ਨਾਲ ਇਸ ਸਾਰੇ ਜੰਜਾਲ ਭਾਵ ਭਰਮਜਾਲ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਭਰਮਜਾਲ ਤੋਂ ਮਨੁੱਖੀ ਮਨ ਨੂੰ ਮੁਕਤੀ ਮਿਲ ਜਾਂਦੀ ਹੈ।
ਹੇ ਸੰਤਹੁ! ਭਾਵ ਸਚ ਦਾ ਅੰਤ ਪਾ ਲੈਣ ਵਾਲੇ ਮਹਾਂਪੁਰਖੋ! ਇਉਂ ਕਰਨ ਨਾਲ ਇਸ ਸੰਸਾਰ ਸਾਗਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ। ਜੇ ਕੋਈ ਅਜਿਹੇ ਸੰਤਾਂ ਦਾ ਬਚਨ ਆਪਣੇ ਮਨ ਵਿਚ ਵਸਾ ਕੇ ਉਸ ਨੂੰ ਕਮਾਉਂਦਾ ਹੈ, ਉਸ ਉਤੇ ਅਮਲ ਕਰਦਾ ਹੈ, ਤਾਂ ਉਹ ਗੁਰੂ ਦੀ ਹੋਈ ਮਿਹਰ ਨਾਲ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਭਾਵ ਆਪਣੀ ਜ਼ਿੰਦਗੀ ਸਹਿਜ ਨਾਲ ਕਟ ਜਾਂਦਾ ਹੈ। ਕਰੋੜਾਂ ਤੀਰਥਾਂ ਉਤੇ ਜਾ ਕੇ ਪੁਰਬਾਂ ਦਾ ਕੀਤਾ ਇਸ਼ਨਾਨ ਇਸ ਕਲਯੁਗ ਵਿਚ ਮਨ ਅੰਦਰ ਮੈਲ ਭਰਨ ਦਾ ਕਾਰਨ ਹੀ ਬਣਦਾ ਹੈ ਅਤੇ ਮਨੁੱਖੀ ਮਨ ਨੂੰ ਗੁੰਮਰਾਹ ਕਰਦਾ ਹੈ। ਮਨ ਵਿਚ ਹੰਕਾਰ ਦਾ ਕਾਰਨ ਬਣਦਾ ਹੈ। ਸੱਜਣ ਪੁਰਖ ਸਾਧ ਸੰਗਤ ਵਿਚ ਬੈਠ ਕੇ ਆਪਣੇ ਚਾਰ-ਚੁਫੇਰੇ ਪਸਰੇੇ ਹਰਿ ਦੇ ਗੁਣ ਗਾਉਂਦੇ ਹਨ। ਉਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਨਾਸਵੰਤ ਸਰੀਰੀ ਹੋਂਦ ਦਾ ਅਹਿਸਾਸ ਹੋ ਜਾਂਦਾ ਹੈ। ਵੇਦ ਕਤੇਬ ਸਿਮਰਤੀਆਂ ਅਤੇ ਸਾਰੇ ਸ਼ਾਸਤਰ ਪੜ੍ਹ ਕੇ ਵੀ ਇਨ੍ਹਾਂ ਨਾਲ ਮਨ ਦੀ ਮੁਕਤੀ ਨਹੀਂ ਮਿਲਦੀ ਭਾਵ ਇਹ ਸਾਰੇ ਮਨ ਨੂੰ ਹਉਮੈ ਅਤੇ ਤਿ੍ਰਸ਼ਨਾ ਤੋਂ ਮੁਕਤ ਨਹੀਂ ਕਰਦੇ। ਕੁਦਰਤ ਦੇ ਕਣ-ਕਣ ਵਿਚੋਂ ਪ੍ਰਗਟ ਹੁੰਦੇ ਹਰਿ ਦੇ ਅਨੁਭਵ ਨੂੰ ਜਦੋਂ ਤਕ ਮਨੁੱਖ ਆਪਣੇ ਮਨ ਵਿਚ ਨਹੀਂ ਵਸਾਉਂਦਾ, ਉਹ ਹਉਮੈ ਅਤੇ ਤਿ੍ਰਸ਼ਨਾ ਤੋਂ ਛੁਟਕਾਰਾ ਨਹੀਂ ਪਾ ਸਕਦਾ। ਜਿਸ ਮਨੁੱਖ ਨੂੰ ਏਕੁ ਭਾਵ ਏਕੋ ਅਖਰ ਦੇ ਅਨੁਭਵ ਨਾਲ ਗੁਰਮੁਖਤਾਈ ਦਾ ਅਹਿਸਾਸ ਹੋ ਜਾਏ, ਉਸ ਦਾ ਮਨ ਨਿਰਮਲ ਹੋ ਜਾਂਦਾ ਹੈ। ਉਸ ਨੂੰ ਕਰਮ ਕਾਂਡ ਅਤੇ ਧਰਮ ਦੇ ਨਾਂ ਉਤੇ ਕੀਤੇ ਜਾ ਰਹੇ ਸਾਰੇ ਪਾਖੰਡ ਦੇ ਭਰਮਜਾਲ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਹ ਉਪਦੇਸ਼ ਚਾਰੇ ਵਰਨਾਂ ਭਾਵ ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼ ਸਾਰਿਆਂ ਲਈ ਸਾਂਝਾ ਹੈ। (ਗੁਰੂ) ਨਾਨਕ (ਸਾਹਿਬ) ਦੇ ਬਚਨ ਹਨ ਕਿ ਕਲਯੁਗ ਅੰਦਰ ਇਸ ਏਕੋ ਦੇ ਨਾਮ ਜਪਣ ਭਾਵ ਮੰਨਣ ਵਾਲੇ ਗੁਰਮੁਖ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਕੁਦਰਤ ਅਤੇ ਮਨੁੱਖੀ ਰਿਸ਼ਤਿਆਂ ਬਾਰੇ ਪ੍ਰਾਪਤ ਕੀਤੇ ਨਵੇਂ ਗਿਆਨ (ਸੱਚ) ਦੇ ਆਧਾਰ ਉਤੇ ਮਨੁੱਖੀ ਸਮਾਜ ਨੂੰ ਨਵੇਂ ਸਿਰਿਓਂ ਵਿਉਂਤਣ ਦੀ ਜੁਗਤ ਦੱਸੀ। ਗੁਰੂ ਗੋਬਿੰਦ ਸਿੰਘ ਜੀ ਨੇ ਅਜੋਕੇ ਯੁੱਗ ਦੇ ਪੂਰਨ ਮਨੁੱਖ ਵਜੋਂ ਖਾਲਸਾ ਪੰਥ ਦੀ ਸਿਰਜਣਾ ਕਰ ਕੇ ਇਸ ਨਿਰਮਲ ਪੰਥ ਦੀ ਅਗਵਾਈ ਪੰਜ ਪਿਆਰਿਆਂ (ਪੰਚਾਇਤ) ਨੂੰ ਸੌਂਪੀ। ਸਿਰਦਾਰ ਕਪੂਰ ਸਿੰਘ ਨੇ ਲਿਖਿਆ ਹੈ, ‘‘ਗੁਰੂ ਨਾਨਕ ਜੀ ਦੇ ਵਿਚਾਰ ਹੀ ਸੰਸਾਰ ਵਿਚਾਰਧਾਰਾ ਵਿਚ ਇਸ ਆਧੁਨਿਕ ਯੁਗ ਦੀਆਂ ਜੜ੍ਹਾਂ ਹਨ। … ਉਨ੍ਹਾਂ ਜੋ ਵਿਚਾਰਾਂ ਸੰਸਾਰ ਨੂੰ ਦਿੱਤੀਆਂ, ਉਹ ਬੜੀਆਂ ਨਰੋਈਆਂ, ਇੰਨੀਆਂ ਮਜ਼ਬੂਤ ਅਤੇ ਮੌਲਿਕ ਹਨ ਕਿ ਪਿਛਲੇ ਪੰਜ ਸੌ ਸਾਲਾਂ ਵਿਚ ਜਿੰਨੇ ਵੀ ਸੰਸਾਰ ਵਿਚ ਇਨਕਲਾਬ ਆਏ, ਪਰਿਵਰਤਨ ਹੋਏ, ਉਨ੍ਹਾਂ ਦੀਆਂ ਜੇ ਜੜ੍ਹਾਂ ਫਰੋਲੀਆ ਜਾਣ ਤਾਂ ਤੁਸੀਂ ਦੇਖੋਗੇ ਕਿ ਇਹ ਵਿਚਾਰ-ਕਰੂੰਬਲਾਂ ਕਿੱਥੋਂ ਤੇ ਕਿਵੇਂ ਫੁੱਟੀਆਂ ਤਾਂ ਇਸ ਦਾ ਸਿਹਰਾ ਭਾਰਤ ਤੇ ਇਸ ਦੇ ਪੰਜਾਬ ਪ੍ਰਾਂਤ ਦੇ ਮਹਾਨ ਗੁਰੂ ਨਾਨਕ ਸਾਹਿਬ ਦੇ ਸਿਰ ਉਤੇ ਹੀ ਬਝਦਾ ਹੈ।’’