ਊੜੇ-ਐੜੇ ਵਾਲਾ ਕਾਇਦਾ

ਇੰਦਰਜੀਤ ਚੁਗਾਵਾਂ
ਗੱਲ ਤਾਂ ਕੁਝ ਵੀ ਨਹੀਂ ਸੀ, ਘੱਟੋ-ਘੱਟ ਮੇਰੇ ਵਾਸਤੇ ਤਾਂ ਕੋਈ ਖਾਸ ਗੱਲ ਨਹੀਂ ਸੀ ਪਰ ਇਸ ਘਟਨਾ ਨੇ ਆਪਣਿਆਂ ਦੀ ਜ਼ਹਿਨੀਅਤ ਬਾਰੇ ਸੋਚਣ ਲਈ ਮਜਬੂਰ ਜ਼ਰੂਰ ਕਰ ਦਿੱਤਾ ਸੀ ਤੇ ਮੈਂ ਕਾਫ਼ੀ ਦੇਰ ਨਾਪ-ਤੋਲ `ਚ ਜੁਟਿਆ ਰਿਹਾ ਕਿ ਸਭ ਤੋਂ ਪੁਰਾਣੀ ਸੱਭਿਅਤਾ ਦਾ ਦਮ ਭਰਨ ਵਾਲੇ ਅਸੀਂ ਲੋਕ ਕਿੱਥੇ ਖੜ੍ਹੇ ਹਾਂ।

ਇਨਸਾਨ ਦੀ ਜ਼ਹਿਨੀਅਤ ਉਸ ਦਾ ਆਲਾ-ਦੁਆਲਾ ਤੈਅ ਕਰਦਾ ਹੈ। ਜਦ ਉਹ ਫੁੱਲਾਂ ਸੰਗ ਰਹੇਗਾ, ਉਸ ਦਾ ਮਿਜ਼ਾਜ ਕੋਮਲ ਹੋਣਾ ਤੈਅ ਹੈ। ਪੱਥਰ-ਲੋਹੇ ਨਾਲ ਰੋਜ਼ਾਨਾ ਘੁਲਣ ਵਾਲਾ ਮਨੁੱਖ ਸਖ਼ਤ ਜਾਨ ਹੋ ਜਾਂਦਾ ਹੈ। ਹਸਪਤਾਲ `ਚ ਕੰਮ ਕਰਦੇ ਮੁਲਾਜ਼ਮ ਲਈ ਕਿਸੇ ਇਨਸਾਨ ਦੀ ਮੌਤ ਆਮ ਗੱਲ ਹੋ ਜਾਂਦੀ ਹੈ। ਜਦ ਤੁਹਾਡੇ ਦੁਆਲੇ ਨਿੱਤ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਤਾਂ ਤੁਸੀਂ ਥੱਕ ਹਾਰ ਕੇ ‘ਹਊ ਪਰੇ’ ਕਰਨ ਲੱਗ ਜਾਂਦੇ ਓ! ਐਪਰ ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਤੁਹਾਡੇ ਅੰਦਰਲਾ ਇਨਸਾਨ ਮਰ-ਮੁੱਕ ਗਿਆ ਹੈ। ਉਹ ਜਿਊਂਦਾ ਹੁੰਦੈ, ਲੋੜ ਉਸ ਨੂੰ ਜਗਾਉਣ ਦੀ ਹੁੰਦੀ ਹੈ। ਲੋੜ ਉਸ ਨੂੰ ਬਚਾ ਕੇ ਰੱਖਣ ਦੀ ਹੁੰਦੀ ਹੈ ਤੇ ਇਹ ਕੋਈ ਸੌਖਾ ਕੰਮ ਨਹੀਂ, ਬਹੁਤ ਟੇਢਾ ਕਾਰਜ ਹੈ। ਤੁਹਾਡੇ ਆਲੇ-ਦੁਆਲੇ ਸਿਰਜਿਆ ਮਾਹੌਲ ਤੁਹਾਡੀਆਂ ਸੰਵੇਦਨਾਵਾਂ ਨੂੰ ਖਤਮ ਕਰਨ `ਤੇ ਤੁਲਿਆ ਹੁੰਦੈ। ਤੁਸੀਂ ਇਸ ਗੁੱਝੇ ਹਮਲੇ ਤੋਂ ਕਿਵੇਂ ਬਚਣਾ ਹੈ, ਇਸ ਦੇ ਢੰਗ-ਤਰੀਕੇ ਤੁਹਾਨੂੰ ਖ਼ੁਦ ਲੱਭਣੇ ਪੈਂਦੇ ਹਨ।
ਗੱਲ ਪਿਛਲੇ ਦਿਨਾਂ ਦੀ ਹੈ। ਮੈਂ ਮਨਟਿਕਾ (ਕੈਲੀਫੋਰਨੀਆ ਦਾ ਇਕ ਸ਼ਹਿਰ) ਗਿਆ ਹੋਇਆ ਸਾਂ ਲੋਡ ਲੈ ਕੇ। ਕੰਪਲੈਕਸ ਬਹੁਤ ਵੱਡਾ ਸੀ। ਟਰੱਕ ਪਾਰਕਿੰਗ ਪੂਰਬ-ਪੱਛਮ ਵਾਲੇ ਪਾਸੇ ਸੀ। ਓਥੇ ਟਰੱਕ ਪਾਰਕ ਕਰ ਕੇ ਚੈੱਕ-ਇਨ ਵਾਸਤੇ ਕਾਫ਼ੀ ਦੂਰ ਸਥਿਤ ਦਫਤਰ ਤੁਰ ਕੇ ਜਾਣਾ ਪੈਣਾ ਸੀ। ਸਮੇਂ ਦੀ ਬੱਚਤ ਲਈ ਮੂੰਹ `ਤੇ ਮਾਸਕ ਪਾ ਕੇ, ਛੋਹਲੇ ਕਦਮੀਂ ਪੈਦਲ ਚੱਲਣ ਲਈ ਬਣੀ ਪੱਟੀ ਦੀ ਵਰਤੋਂ ਕਰਦਿਆਂ ਆਪਣੇ ਧਿਆਨ ਜਾ ਰਿਹਾ ਸਾਂ ਕਿ ਅਚਾਨਕ ਇਕ ਕਾਰ ਮੇਰੇ ਬਿਲਕੁਲ ਨਾਲ ਦੀ ਹੋ ਕੇ ਲੰਘੀ। ਮੈਂ ਸੋਚਿਆ ਕਿ ਗਲਤੀ ਮੇਰੀ ਸੀ, ਮੈਨੂੰ ਦੇਖ ਕੇ ਤੁਰਨਾ ਚਾਹੀਦਾ ਸੀ। ਏਨੇ ਨੂੰ ਕਾਰ ਚਾਲਕ ਨੇ ਬ੍ਰੇਕ ਮਾਰੀ। ਵਿਚੋਂ ਉਤਰ ਕੇ ਉਹ ਮੇਰੇ ਵੱਲ ਆਉਣ ਲੱਗਾ। ਮੈਂ ਸੋਚਿਆ ਕਿ ਮੇਰੇ ਗਲ਼ ਪਵੇਗਾ ਕਿ ਕਿੱਧਰ ਮੂੰਹ ਚੁੱਕਿਆ ਤੇਰਾ, ਦੇਖ ਕੇ ਨਹੀਂ ਤੁਰ ਹੁੰਦਾ। ਅਜਿਹੇ ਮੌਕੇ ਆਪਾਂ ਸਭ ਅਜਿਹੇ ਦ੍ਰਿਸ਼ ਦੀ ਆਸ ਹੀ ਕਰ ਸਕਦੇ ਹਾਂ। ਕਾਰ ਵਾਲਾ ਸਾਈਕਲ ਸਵਾਰ ਦੇ ਗਲ਼ ਹੀ ਪਵੇਗਾ, ਗਲਤੀ ਭਾਵੇਂ ਖ਼ੁਦ ਉਸੇ ਦੀ ਹੋਵੇ। ਗੱਲ ਔਕਾਤ ਦੀ ਹੁੰਦੀ ਹੈ, ਕਾਰ ਸਵਾਰ ਅੱਗੇ ਆਮ ਬੰਦੇ ਦੀ ਕੀ ਔਕਾਤ! ਮੈਂ ਆਪਣੇ ਆਪ ਨੂੰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਕਰ ਰਿਹਾ ਸੀ। ਸੋਚਿਆ, ਗੁਜ਼ਾਰੇ ਯੋਗ ਅੰਗਰੇਜ਼ੀ ਆਉਂਦੀ ਐ, ਡਰਨ ਦੀ ਕੀ ਲੋੜ ਐ! ਪਰ ਇਹ ਕੀ! ਤਸਵੀਰ ਅਸਲੋਂ ਵੱਖਰੀ ਸੀ।
ਕੋਟ-ਪੈਂਟ ਵਾਲਾ ਇਕ ਬਣਦਾ-ਫੱਬਦਾ ਮਨੁੱਖ ਮੇਰੇ ਅੱਗੇ ਇਕ ਹੱਥ ਛਾਤੀ `ਤੇ ਰੱਖ ਕੇ ਲਿਫਿਆ ਖੜ੍ਹਾ ਸੀ। ਕਾਰ `ਚੋਂ ਉੱਤਰ ਕੇ ਇਕ ਸੋਹਣੀ ਸੁਨੱਖੀ ਬੀਬੀ ਵੀ ਉਸ ਨਾਲ ਉਸੇ ਮੁਦਰਾ `ਚ ਆ ਖੜੋਈ ਸੀ। ਮੈਂ ਸਗੋਂ ਉਨ੍ਹਾਂ ਨੂੰ ਕਹਿ ਰਿਹਾ ਸਾਂ, `ਨੋ ਨੋ ਸਰ, ਇਟ ਵਾਜ਼ ਮਾਈ ਫ਼ਾਲਟ … ਕੁੱਡ ਨਾਟ ਨੋਟਿਸ ਯੂਅਰ ਕਾਰ!” ਪਰ ਉਹ ਦੋਵੇਂ ਫੇਰ ਵੀ ਵਾਰ-ਵਾਰ ਮੈਥੋਂ ਮੁਆਫ਼ੀ ਮੰਗ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਾਰ `ਚ ਸਨ ਤੇ ਇਕ ਪੈਦਲ ਵਿਅਕਤੀ ਦੀ ਸੁਰੱਖਿਆ ਉਨ੍ਹਾਂ ਦੀ ਜਿ਼ੰਮੇਵਾਰੀ ਸੀ! ਮੈਂ ਉਨ੍ਹਾਂ ਨੂੰ ਇਹ ਕਹਿ ਕੇ ਸ਼ਾਂਤ ਕੀਤਾ ਕਿ ਇਹ ਕੋਈ ਵੱਡਾ ਮਸਲਾ ਨਹੀਂ, ਉਹ ਆਰਾਮ ਨਾਲ ਜਾ ਸਕਦੇ ਹਨ। ਮੇਰਾ ਸਾਰਾ ਧਿਆਨ ਜਲਦੀ ਤੋਂ ਜਲਦੀ ਚੈੱਕ-ਇਨ ਕਰਵਾ ਕੇ ਸਮਾਂ ਬਚਾਉਣ ਵੱਲ ਸੀ। ਉਹ ਖੁਸ਼ ਸਨ ਕਿ ਮੈਂ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਹੈ।
ਜਦ ਮੈਂ ਚੈੱਕ-ਇਨ ਕਰਵਾ ਕੇ ਦਫਤਰ `ਚੋਂ ਵਾਪਸ ਪੌੜੀਆਂ ਉੱਤਰਿਆ ਤਾਂ ਉੱਥੇ ਬੈਠਾ ਕੰਪਨੀ ਮੁਲਾਜ਼ਮ ਮੈਨੂੰ ਕਹਿਣ ਲੱਗਾ ਕਿ ਤੂੰ ਖੁਸ਼ਕਿਸਮਤ ਰਿਹਾ ਕਿ ਬਚ ਗਿਆ। ਮੈਂ ਫੇਰ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ। ਉਸ ਕੋਲ਼ੋਂ ਮੈਨੂੰ ਪਤਾ ਲੱਗਾ ਕਿ ਕਾਰ ਸਵਾਰ ਉਸ ਕੰਪਨੀ ਦਾ ਕੋਈ ਸੀਨੀਅਰ ਅਫਸਰ ਸੀ। ਅਹੁਦਾ ਉਸ ਨੇ ਦੱਸਿਆ ਸੀ ਪਰ ਮੈਨੂੰ ਯਾਦ ਨਹੀਂ ਰਿਹਾ।
ਮੈਂ ਆਪਣੇ ਟਰੱਕ `ਚ ਆ ਕੇ ਲੰਮਾ ਪੈ ਗਿਆ ਤੇ ਵਾਪਰੀ ਇਸ ਘਟਨਾ ਬਾਰੇ ਸੋਚਣ ਲੱਗਾ। ਸੋਚਾਂ ਦੀ ਤੰਦ ਗੁਰੂ ਨਾਨਕ ਚੌਕ ਜਲੰਧਰ ਤਕ ਚਲੇ ਗਈ। ਤਕੜਾ ਜਾਮ ਲੱਗਾ ਹੋਇਆ ਸੀ। ਦੂਸਰੇ ਨੂੰ ਮਿੱਧ ਕੇ ਆਪਣਾ ਰਾਹ ਪੱਧਰਾ ਕਰਨ ਦੀ ਭਾਵਨਾ ਹਾਲਾਤ ਨੂੰ ਹੋਰ ਵੀ ਪੇਚੀਦਾ ਬਣਾ ਰਹੀ ਸੀ। ਆਪਣੇ ਮੋਟਰ ਸਾਈਕਲ `ਤੇ ਇਕ ਪਾਸੇ ਖੜ੍ਹੇ ਹੋਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਅਚਾਨਕ ਇੱਕ ਐੱਸ.ਯੂ.ਵੀ. ਨੇ ਮੈਨੂੰ ਟੱਕਰ ਮਾਰ ਦਿੱਤੀ ਤੇ ਮੋਟਰ ਸਾਈਕਲ ਡਿੱਗ ਪਿਆ। ਮੈਂ ਕਿਉਂਕਿ ਖੜ੍ਹਾ ਸੀ, ਇਸ ਲਈ ਸੱਟ ਲੱਗਣ ਦਾ ਤਾਂ ਸੁਆਲ ਈ ਨਹੀਂ ਸੀ। ਮੈਂ ਦੇਖਿਆ ਕਿ ਇਕ ਅਮੀਰਜ਼ਾਦਾ ਆਪਣੀ ਨਵ-ਵਿਆਹੀ ਨਾਲ ਬੈਠਾ ਮੇਰੇ ਵੱਲ ਹਿਕਾਰਤ ਭਰੀ ਨਜ਼ਰ ਨਾਲ ਦੇਖ ਰਿਹਾ ਸੀ। ਏਥੇ ਈ ਬਸ ਨਹੀਂ, ਉਹ ਹੌਲੀ-ਹੌਲੀ ਆਪਣੀ ਗੱਡੀ ਦਾ ਦਬਾਅ ਮੇਰੇ ਮੋਟਰਸਾਈਕਲ `ਤੇ ਵਧਾਈ ਜਾ ਰਿਹਾ ਸੀ।
ਗੱਲ ਜਲਦੀ ਮੇਰੀ ਸਮਝ `ਚ ਆ ਗਈ। ਉਸ ਦੀ ਨਜ਼ਰ `ਚ ਮੈਂ ਇਕ ਪੇਂਡੂ ਅਨਪੜ੍ਹ ਸੀ, ਜੋ ਸ਼ਹਿਰ ਦੁੱਧ ਵੇਚਣ ਆਇਆ ਹੋਇਐ। ਮੇਰੇ ਮੋਟਰ ਸਾਈਕਲ ਨਾਲ ਟੰਗੀ ਦੁੱਧ ਵਾਲੀ ਕੇਨੀ ਉਲਟ ਗਈ ਸੀ ਤੇ ਸਾਰਾ ਦੁੱਧ ਵਾਹਨਾਂ ਨਾਲ ਹਫੀ ਪਈ ਸੜਕ ਦਾ ਮੂੰਹ ਥੰਦਾ-ਤਰ ਕਰ ਰਿਹਾ ਸੀ। ਮੇਰੇ ਲਈ ਇਹ ਕੇਵਲ ਦੁੱਧ ਨਹੀਂ ਸੀ! ਇਹ ਮੇਰੀ ਹਮਸਫ਼ਰ ਪੰਮ ਦੇ ਪਸੀਨੇ ਦੀ ਪੈਦਾਵਾਰ ਸੀ! ਪਰਛਾਵੇਂ ਵਾਂਗ ਮੱਝਾਂ-ਗਾਂਵਾਂ ਦੇ ਨਾਲ ਰਹਿ ਕੇ, ਉਨ੍ਹਾਂ ਦੀ ਦੇਖਭਾਲ ਕਰ ਕੇ ਬਾਲ਼ਟੀ ਦਾ ਸਿ਼ੰਗਾਰ ਬਣੇ ਦੁੱਧ ਦੀ ਕੀਮਤ ਇੱਕ ਪਸ਼ੂ-ਪਾਲਕ ਈ ਜਾਣਦੈ। ਦੂਸਰੇ ਲੋਕ ਸਿਰਫ ਦੁੱਧ ਦੀ ਕੁਆਲਟੀ ਤੇ ਕੀਮਤ ਈ ਜਾਣ ਸਕਦੇ ਹਨ।
ਮੇਰੀ ਮਦਦ ਲਈ ਬਹੁੜੇ ਆਸ-ਪਾਸ ਖੜ੍ਹੇ ਦੋ-ਚਾਰ ਨੌਜਵਾਨਾਂ ਨੇ ਮੈਨੂੰ ਕਿਹਾ, `ਅੰਕਲ, ਤੂੰ ਇਛਾਰਾ ਤਾਂ ਕਰ..!” ਪਰ ਨਹੀਂ, ਮੈਂ ਹੰਗਾਮਾ ਨਹੀਂ ਸੀ ਚਾਹੁੰਦਾ। ਲੋਕ ਪਹਿਲਾਂ ਈ ਜਾਮ ਨੇ ਪ੍ਰੇਸ਼ਾਨ ਕਰ ਰੱਖੇ ਸਨ ਪਰ ਇਹ ਹੈਂਕੜਬਾਜ਼ ਸੁੱਕਾ ਚਲੇ ਜਾਵੇ, ਇਹ ਵੀ ਨਹੀਂ ਸੀ ਚਾਹੁੰਦਾ। ਮੋਟਰ ਸਾਈਕਲ ਉਨ੍ਹਾਂ ਨੌਜਵਾਨਾਂ ਨੇ ਸਾਂਭ ਲਿਆ। ਮੈਂ ਬਿਨ ਭੜਕਾਹਟ ਉਸ ਅਮੀਰਜ਼ਾਦੇ ਕੋਲ ਗਿਆ ਤੇ ਜੇਬ `ਚੋਂ ਆਪਣਾ ਸ਼ਨਾਖ਼ਤੀ ਕਾਰਡ ਕੱਢ ਕੇ ਉਸ ਦੀ ਨਵ-ਵਿਆਹੀ ਦੇ ਹੱਥ ਦੇ ਕੇ ਪਿੱਛੇ ਹੋ ਗਿਆ। ਉਸ ਨੇ ਸ਼ਨਾਖ਼ਤੀ ਕਾਰਡ ਆਪਣੇ ਪਤੀ ਸਾਹਿਬ ਅੱਗੇ ਕਰ ਦਿੱਤਾ ਤੇ ਕੰਨ ਫੜ ਕੇ ਬੈਠ ਗਈ। ਕੋਈ ਕੁੜਤਾ-ਪਜਾਮਾ ਧਾਰੀ, ਇਕ ਪੇਂਡੂ ਜਿਹਾ ਕਿਸੇ ਅਖਬਾਰ ਦਾ ਸਮਾਚਾਰ ਸੰਪਾਦਕ ਵੀ ਹੋ ਸਕਦੈ, ਇਹ ਗੱਲ ਉਸ ਦੇ ਸੁਪਨੇ `ਚ ਵੀ ਨਹੀਂ ਆਈ ਹੋਣੀ।
ਪੈਂਟ-ਕਮੀਜ਼ ਮੇਰੀ ਪਹਿਲੀ ਪਸੰਦ ਨਹੀਂ। ਮੈਂ ਕੁੜਤੇ-ਪਜਾਮੇ `ਚ ਵਧੇਰੇ ਸਹਿਜ ਮਹਿਸੂਸ ਕਰਦਾ ਹਾਂ। ਪੈਂਟ-ਕਮੀਜ਼ ਸਰਦੀਆਂ ਦੇ ਮੌਸਮ `ਚ ਈ ਪਹਿਨੀ ਦੀ ਸੀ। ‘ਨਵਾਂ ਜ਼ਮਾਨਾ’ ਆਉਣ ਲੱਗੇ ਆਪਣੇ ਦੋਸਤ ਲਾਭ ਸਿੰਘ ਵਾਸਤੇ ਪਿੰਡੋਂ ਦੁੱਧ ਲੈ ਆਉਣਾ ਕਿਉਂਕਿ ਖ਼ਾਲਸ ਦੁੱਧ ਸ਼ਹਿਰ ‘ਚ ਭਾਲਿਆਂ ਨਹੀਂ ਮਿਲਦਾ। ਜਦ ਸੁਸ਼ੀਲ-ਕਮਲ ਦੁਸਾਂਝ ਜਲੰਧਰ ਰਹਿੰਦੇ ਸਨ, ਉਨ੍ਹਾਂ ਨੂੰ ਵੀ ਮੈਂ ਦੁੱਧ ਲਿਆ ਕੇ ਦਿੰਦਾ ਸੀ। ਲਾਭ ਸਿੰਘ ਦੇ ਨਾਲ ਦੇ ਘਰ `ਚ ਜਾਗਰਣ ਵਾਲਾ ਰਿਸ਼ੀ ਨਾਗਰ ਰਹਿੰਦਾ ਸੀ। ਉਸ ਨੇ ਮਜ਼ਾਕ `ਚ ਮੈਨੂੰ ਦੇਖ ਕੇ ਉੱਚੀ ਆਵਾਜ਼ `ਚ ਕਹਿਣਾ, `ਦੋਧੀ ਆ ਗਿਆ ਬਈ ਓਏ..!” ਇਹ ਕੰਮ ਕੋਈ ਮਾੜਾ ਨਹੀਂ ਪਰ ਮੈਂ ਸਿਰਫ ਆਪਣੇ ਦੋਸਤਾਂ ਖ਼ਾਤਰ ਇਹ ਸੇਵਾ ਨਿਭਾਉਂਦਾ ਸੀ। ਜੋ ਲੋਕ ਮੈਨੂੰ ਨਹੀਂ ਸੀ ਜਾਣਦੇ, ਉਨ੍ਹਾਂ ਵਾਸਤੇ ਤਾਂ ਮੈਂ ਇਕ ਦੋਧੀ ਹੀ ਸੀ ਤੇ ਇਸ ਅਮੀਰਜ਼ਾਦੇ ਨੇ ਵੀ ਮੈਨੂੰ ਦੋਧੀ ਹੀ ਸਮਝਿਆ ਹੋਣੈਂ! ਦੋਧੀ ਦਾ ਕੀ ਐ, ਜਿਹੜਾ ਚਾਹੇ ਬੇਇੱਜ਼ਤ ਕਰ ਕੇ ਤੁਰਦਾ ਬਣੇ…ਕੌਣ ਐ ਰੋਕਣ ਵਾਲਾ।
ਇਸ ਨਵ-ਵਿਆਹੇ ਜੋੜੇ ਵੱਲ ਕੌੜ ਨਾਲ ਦੇਖਦਿਆਂ ਮੈਂ ਕਿਹਾ, `ਬੁਲਾਵਾਂ ਮੀਡੀਆ..?` ਦੇਖਿਆ ਭਾਵੇਂ ਮੈਂ ਕੌੜ ਨਾਲ ਸੀ ਪਰ ਆਪਾ ਬੇਕਾਬੂ ਨਹੀਂ ਹੋਣ ਦਿਤਾ। ਨਵ-ਵਿਆਹੀ ਤਰਲੇ ਕਰਨ ਲੱਗੀ, ਉਹ ਖ਼ੁਦ ਜਿਵੇਂ ਮਿੱਟੀ ਹੋ ਗਿਆ ਹੋਵੇ। ਕੋਈ ਬੋਲ ਨਹੀਂ, ਨੀਵੀਂ ਪਾਈ ਸਟੀਅਰਿੰਗ ਫੜੀ ਬੈਠਾ ਰਿਹਾ। ਉਸ ਨਵ-ਵਿਆਹੀ ਨੇ ਇਹ ਕਹਿ ਕੇ ਮੈਨੂੰ ਗੁੱਸਾ ਚੜ੍ਹਾ ਦਿੱਤਾ, `ਅੰਕਲ, ਜੇ ਸਾਨੂੰ ਪਤਾ ਹੁੰਦਾ ਕਿ ਤੁਸੀਂ ਪੱਤਰਕਾਰ ਓ, ਅਸੀਂ ਭਲਾ ਇਸ ਤਰ੍ਹਾਂ ਕਰ ਸਕਦੇ ਸੀ!” ਕਮਾਲ ਦੀ ਗੱਲ ਨਹੀਂ …ਉਹ ਮੁਆਫ਼ੀ ਇਸ ਕਰਕੇ ਨਹੀਂ ਸੀ ਮੰਗ ਰਹੀ ਕਿ ਉਨ੍ਹਾਂ ਨੇ ਇਕ ਮਨੁੱਖ ਨੂੰ ਗੱਡੀ ਹੇਠ ਦੇਣ ਦੀ ਭੁੱਲ ਕੀਤੀ ਹੈ, ਮੁਆਫ਼ੀ ਇਸ ਕਰ ਕੇ ਮੰਗੀ ਜਾ ਰਹੀ ਸੀ ਕਿ ਉਨ੍ਹਾਂ ਇਕ ਰਸੂਖਦਾਰ ਸਮਝੇ ਜਾਂਦੇ ਭਾਈਚਾਰੇ ਦੇ ਇਕ ਮੈਂਬਰ ਨਾਲ ਆਢਾ ਲੈ ਲਿਆ ਹੈ।
ਖਿਝ ਤਾਂ ਬਹੁਤ ਆਈ ਪਰ ਹਾਲਾਤ ਜ਼ਬਤ `ਚ ਰਹਿਣ ਦੀ ਮੰਗ ਕਰ ਰਹੇ ਸਨ। ਆਪਣਾ ਗ਼ੁੱਸਾ ਕੱਢਣ ਲਈ ਮੈਂ ਉਨ੍ਹਾਂ ਦੋਹਾਂ ਨੂੰ ਸੁਆਲ ਕੀਤਾ, `ਸਕੂਲੇ ਵੀ ਗਏਂ ਓਂ ਕਦੇ?` ਉਹ ਤਾਂ ਘੁੱਗੂ-ਬਾਟਾ ਬਣਿਆ ਬੈਠਾ ਸੀ, ਨਵ-ਵਿਆਹੀ ਨੇ ਈ ਜੁਆਬ ਦਿੱਤਾ, `ਅੰਕਲ, ਮੈਂ ਐਮ ਐੱਸ ਸੀ ਹਾਂ ਤੇ ਇਹ ਵੀ ਪੋਸਟ ਗ੍ਰੈਜੂਏਟ ਹਨ।` ਮੈਂ ਇਹ ਕਹਿ ਕੇ ਆਪਣਾ ਮੋਟਰ ਸਾਈਕਲ ਸਾਂਭਿਆ, `ਪੋਸਟ ਗ੍ਰੈਜੂਏਟ ਭਾਵੇਂ ਤੁਸੀ ਦੋਵੇਂ ਈ ਓ ਪਰ ਸਕੂਲੇ ਤੁਸੀਂ ਇਕ ਦਿਨ ਵੀ ਨਹੀਂ ਗਏ। ਬਾਜ਼ਾਰੋਂ ਕਾਇਦਾ ਲੈ ਕੇ ਊੜਾ-ਐੜਾ ਮੁੜ ਤੋਂ ਪੜ੍ਹਿਓ…!` ਉਹ ਮੇਰੇ ਵੱਲ ਸਵਾਲੀਆ ਨਜ਼ਰ ਨਾਲ ਤੱਕ ਰਹੀ ਸੀ। ਉਹ ਨੂੰ ਸ਼ਾਇਦ ਕੈਦੇ ਦਾ ਮਤਲਬ ਈ ਨਹੀਂ ਸੀ ਸਮਝ ਆਇਆ, ਊੜਾ ਐੜਾ ਤਾਂ ਦੂਰ ਦੀ ਗੱਲ ਸੀ।
ਇਹ ਸਭ ਕਾਫ਼ੀ ਦੇਰ ਫਿਲਮ ਵਾਂਗ ਜਿ਼ਹਨ `ਚ ਚੱਲਦਾ ਰਿਹਾ। ਮੈਂ ਸੋਚ ਰਿਹਾ ਹਾਂ ਕਿ ਚੱਜ-ਆਚਾਰ, ਸਿ਼ਸ਼ਟਾਚਾਰ ਸਾਡੇ ਸੱਭਿਆਚਾਰ `ਚੋਂ ਖੰਭ ਲਾ ਕੇ ਕਿੱਥੇ ਉਡ ਗਏ ਹਨ। ਕੋਠੀਆਂ, ਕਾਰਾਂ ਤਾਂ ਖ਼ੂਬ ਨਜ਼ਰੀਂ ਪੈਂਦੀਆਂ ਹਨ ਪਰ ਘਰ ਨਹੀਂ ਨਜ਼ਰ ਆ ਰਹੇ, ਜਿਸ ਦੀ ਛੱਤ ਹੇਠ ਮਨੁੱਖ ਦਾ ਵਾਸਾ ਹੁੰਦਾ ਸੀ ..! ਇਹ ਸਵਾਲ ਵਾਰ-ਵਾਰ ਸਿਰ ਚੁੱਕ ਰਿਹੈ ਕਿ ਸਾਨੂੰ ਊੜੇ-ਐੜੇ ਵਾਲੇ ਕੈਦੇ ਵੱਲ ਫੇਰ ਤੋਂ ਮੁੜਨ ਦੀ ਲੋੜ ਤਾਂ ਨਹੀਂ ਹੈ?