ਪ੍ਰਧਾਨ ਮੰਤਰੀ ਦੀ ਸੁਰੱਖਿਆ ਬਾਰੇ ਸੁਪਰੀਮ ਕੋਰਟ ਦੀ ਪਹਿਲਕਦਮੀ

ਗੁਲਜ਼ਾਰ ਸਿੰਘ ਸੰਧੂ
ਸੁਪਰੀਮ ਕੋਰਟ ਦੇ ਵਕੀਲਾਂ ਦੀ ਆਵਾਜ਼ (ਲਾਇਰਜ਼ ਵੋਆਇਸ) ਉੱਤੇ ਪਹਿਰਾ ਦਿੰਦਿਆਂ ਉੱਚਤਮ ਅਦਾਲਤ ਨੇ ਪਹਿਲਾਂ 7 ਜਨਵਰੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨਾਲ ਸਬੰਧਤ ਸਾਰੇ ਦਸਤਾਵੇਜ਼ ਹੱਥ ਵਿਚ ਲੈ ਕੇ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ ਤੇ ਫੇਰ 9 ਜਨਵਰੀ ਨੂੰ ਇਸ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਕਮਾਲ ਦੀ ਪਹਿਲਕਦਮੀ ਕੀਤੀ ਹੈ।

ਚੇਤੇ ਰਹੇ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਆਈ ਉਕਾਈ ਤੋਂ ਚੌਕੰਨੇ ਹੋ ਕੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਵੀ ਆਪੋ-ਆਪਣੀ ਪੱਧਰ `ਤੇ ਜਾਂਚ ਕਮੇਟੀਆਂ ਦਾ ਐਲਾਨ ਕਰ ਚੁੱਕੀਆਂ ਸਨ। ਸੁਪਰੀਮ ਕੋਰਟ ਨੂੰ ਪਹਿਲਕਦਮੀ ਏਸ ਲਈ ਕਰਨੀ ਪਈ ਕਿ ਪ੍ਰਧਾਨ ਮੰਤਰੀ ਦੀ ਆਪਣੀ ਸਰਕਾਰ ਨੇ ਹਫੜਾ-ਤਫੜੀ ਵਿਚ ਪੰਜਾਬ ਸਰਕਾਰ ਨੂੰ ਕਟਹਿਰੇ ਵਿਚ ਖੜ੍ਹੀ ਕਰ ਕੇ ਇਹ ਸਾਬਤ ਕਰਨ ਦਾ ਮਨ ਬਣਾ ਲਿਆ ਜਾਪਦਾ ਸੀ ਕਿ ਸਾਰਾ ਦੋਸ਼ ਪੰਜਾਬ ਦੇ ਸਿਰ ਥੋਪਿਆ ਜਾਵੇ। ਨਿਸ਼ਚੇ ਹੀ ਕੇਂਦਰੀ ਤੇ ਰਾਜਕੀ ਜਾਂਚ ਏਜੰਸੀਆਂ ਉੱਤੇ ਵਿਸ਼ਵਾਸ ਘਟਣਾ ਚਿੰਤਾ ਦਾ ਵਿਸ਼ਾ ਹੈ। ਥੋੜ੍ਹਾ ਪਹਿਲਾਂ ਉੱਚਤਮ ਅਦਾਲਤ ਅਜਿਹੀ ਪਹਿਲਕਦਮੀ ਲਖੀਮਪੁਰ ਖੇੜੀ (ਯੂਪੀ) ਦੇ ਕੇਸ ਵਿਚ ਵੀ ਕਰ ਚੁੱਕੀ ਹੈ, ਜਿਸ ਦੇ ਨਤੀਜੇ ਜੱਗ-ਜ਼ਾਹਰ ਹਨ। ਨਵੀਂ ਪਹਿਲਕਦਮੀ ਦਾ ਸਵਾਗਤ ਕਰਨਾ ਬਣਦਾ ਹੈ।
ਸਾਡੇ ਵਿਹੜੇ ਆਈ ਸਿਆਸਤ
ਕੁੱਲ ਹਿੰਦ ਕਾਂਗਰਸ ਕਮੇਟੀ ਵਲੋਂ ਪੰਜਾਬ ਵਿਧਾਨ ਸਭਾ ਚੋਣ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਸਾਡੇ ਵਿਹੜੇ ਖੁਸ਼ਖਬਰੀ ਬਣ ਕੇ ਆਇਆ ਹੈ। ਇਸ ਕਮੇਟੀ ਵਿਚ ਮੇਰਾ ਭਾਣਜਾ ਅਮਰਪ੍ਰੀਤ ਸਿੰਘ ਲਾਲੀ ਹੀ ਨਹੀਂ ਮੇਰੀ ਪਤਨੀ ਦੀ ਭੈਣ ਦਾ ਜਵਾਈ ਸੰਦੀਪ ਸੰਧੂ ਵੀ ਸ਼ਾਮਲ ਹਨ। ਲਾਲੀ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨਾਲ ਕੋ-ਚੇਅਰਮੈਨ ਹੈ ਤੇ ਸੰਦੀਪ 22 ਮੈਂਬਰੀ ਕਮੇਟੀ ਦਾ ਜਾਣਿਆ ਪਛਾਣਿਆ ਮੈਂਬਰ। ਉਹ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਆਫੀਸਰ ਆਨ ਸਪੈਸ਼ਲ ਡੀਊਟੀ ਵੀ ਰਹਿ ਚੁੱਕਿਆ ਹੈ।
ਅਮਰਪ੍ਰੀਤ ਲਾਲੀ ਪਹਿਲਾ ਵਿਅਕਤੀ ਹੈ, ਜਿਹੜਾ ਸਾਡੇ ਵਿਹੜੇ ਰਾਜਨੀਤੀ ਲੈ ਕੇ ਆਇਆ ਹੈ। ਉਹ ਹੁਸ਼ਿਆਰਪੁਰ ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਰਹਿ ਕੇ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਵੀ ਰਹਿ ਚੁੱਕਿਆ ਹੈ। ਅੱਜ-ਕੱਲ੍ਹ ਉਹ ਕੁਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰਾਂ ਵਿਚੋਂ ਇਕ ਹੈ। ਏਥੇ ਉਸ ਨੇ ਹਿਮਾਚਲ ਪ੍ਰਦੇਸ਼ ਦੀਆਂ ਸਿਆਸੀ ਗਤੀਵਿਧੀਆਂ ਵੇਖਣੀਆਂ ਹਨ। ਇਸ ਅਰਸੇ ਵਿਚ ਹਿਮਾਚਲ ਵਿਚ ਵਿਧਾਨ ਸਭਾ ਦੇ ਸੰਸਦ ਦੀਆਂ ਚਾਰ ਸੀਟਾਂ ਉੱਤੇ ਉਪ ਚੋਣਾਂ ਹੋਈਆਂ, ਜਿਨ੍ਹਾਂ ਵਿਚੋਂ ਚਾਰੇ ਹੀ ਸੀਟਾਂ ਕਾਂਗਰਸ ਦੀ ਝੋਲੀ ਪਈਆਂ। ਲਾਲੀ ਵੀ ਮੇਰੇ ਵਾਂਗ ਖਾਲਸਾ ਕਾਲਜ ਮਾਹਿਲਪੁਰ ਦਾ ਪੜ੍ਹਿਆ ਹੋਇਆ ਹੈ।
ਅਮਰਪ੍ਰੀਤ ਤੇ ਸੰਦੀਪ ਆਪੋ-ਆਪਣੀ ਥਾਂ ’ਤੇ ਰਾਜਨੀਤੀ ਵਿਚ ਸਰਗਰਮ ਹਨ। ਸੰਦੀਪ ਲੁਧਿਆਣਾ ਦੀ ਦਾਖਾ ਸੀਟ ਤੋਂ ਚੋਣ ਲੜਨ ਦਾ ਚਾਹਵਾਨ ਹੈ ਤੇ ਅਮਰਪ੍ਰੀਤ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਸੀਟ ਤੋਂ। ਦਾਖਾ ਨਾਲ ਮੇਰਾ ਸਬੰਧ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਨਾਲ ਭਿਆਲੀ ਰਹਿਣ ਸਦਕਾ ਹੈ। ਹੁਣ ਇਸ ਨੂੰ ਪੰਜਾਬ ਦੀ ਮੰਤਰੀ ਰਜ਼ੀਆ ਸੁਲਤਾਨਾ ਦੇ ਓ.ਐਸ.ਡੀ. ਦਲਜੀਤ ਸਿੰਘ ਭੰਗੂ ਨੇ ਮੁੜ ਸੁਰਜੀਤ ਕਰ ਦਿੱਤਾ ਹੈ। ਦਲਜੀਤ ਨੇ ਪਿਛਲੇ ਦਿਨੀਂ ਆਪਣੇ ਨਾਨੇ ਵਰਿਆਮ ਸਿੰਘ ਸੇਖੋਂ ਦੀਆਂ ਪੁਸ਼ਤਾਂ ਤੇ ਪਤਵੰਤਿਆਂ ਬਾਰੇ ਲਿਖੀ ਪੁਸਤਕ ਦੇ ਉਦਘਾਟਨ ਸਮੇਂ ਮੈਨੂੰ ਮੁੱਲਾਂਪਰ ਦਾਖਾ ਨਾਲ ਲਿਜਾ ਕੇ ਸੰਤ ਸਿੰਘ ਸੇਖੋਂ ਦੀ ਕਾਰਜਭੂਮੀ ਦੇ ਮੁੜ ਦਰਸ਼ਨ ਕਰਵਾਏ ਹਨ। ਮੇਰੀ ਮਾਹਿਲਪੁਰ ਤੇ ਗੜ੍ਹਸ਼ੰਕਰ ਨਾਲ ਸਾਂਝ ਤਾਂ ਹਰ ਕੋਈ ਜਾਣਦਾ ਹੈ। ਵੇਖੋ ਕੀ ਬਣਦਾ ਹੈ। ਸਾਡੀਆਂ ਸ਼ੁਭ ਇੱਛਾਵਾ ਦਾ ਤਾਂ ਰੌਲਾ ਹੀ ਨਹੀਂ।
ਮਨ ਕੀ ਬਾਤ ਦੇ ਔਝੜ ਪੈਂਡੇ
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਮਨ ਕੀ ਬਾਤ’ ਦੇ ਕਿੱਸਿਆਂ ਤੋਂ ਸਾਰੇ ਦੇਸ਼ ਵਾਸੀ ਜਾਣੂ ਹਨ। ਇਸ ਤੋਂ ਵੀ ਕਿ ਇਹ ਕਿੱਸੇ ਉਸ ਨੂੰ ਪਿੱਛਲ ਪੈਰੀਂ ਤੁਰਨ ਲਈ ਵੀ ਮਜਬੂਰ ਕਰਦੇ ਰਹੇ ਹਨ। ਕਾਰਪੋਰੇਟਾਂ ਨੂੰ ਖ਼ੁਸ਼ ਕਰਨ ਲਈ ਰਚੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਤਾਂ ਕਿਸੇ ਨੂੰ ਵੀ ਭੁੱਲਿਆ ਨਹੀਂ। ਹੁਣ ਉਸ ਨੇ ਅਗਾਂਹਵਧੂ ਪੰਜਾਬੀਆਂ, ਜਿਨ੍ਹਾਂ ਵਿਚ ਸਿੱਖ ਪ੍ਰਮੁੱਖ ਹਨ, ਨੂੰ ਜਿੱਤਣ ਲਈ ਦੋ ਧਾਰਾ ਖੰਡਾ ਫੜ ਲਿਆ ਹੈ। ਜਿੱਥੇ ਇਕ ਪਾਸੇ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤਦਾ ਹੈ, ਦੂਜੇ ਪਾਸੇ ਉਨ੍ਹਾਂ ਨੂੰ ਬਦਨਾਮ ਕਰਨ `ਚ ਵੀ ਕੋਈ ਕਸਰ ਨਹੀਂ ਛੱਡਦਾ। ਪਿਛਲੇ ਦਿਨੀਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ‘ਵੀਰ ਬਾਲ ਦਿਵਸ’ ਦਾ ਐਲਾਨ ਕਰਨਾ ਅਤੇ ਭਾਰਤ-ਪਾਕਿ ਸੀਮਾ ਦੇ ਪੰਜਾਬ ਤੋਂ ਆਪਣੇ ਆਪ ਨੂੰ ਸੁਰੱਖਿਅਤ ਵਾਪਸ ਲਿਜਾਣ ਦਾ ਨਾਟਕ ਰਚਣਾ ਸਭ ਦੇ ਸਾਹਮਣੇ ਹਨ। ਘੁੱਗ ਵਸਦੇ ਪੰਜਾਬ ਵਿਚ ਅਜਿਹੀਆਂ ਵੰਡੀਆਂ ਪਾ ਸਕਦਾ ਹੈ, ਜਿਸ ਦੇ ਨਤੀਜੇ ਪੂਰੇ ਦੇਸ਼ ਲਈ ਭਿਅੰਕਰ ਹੋ ਸਕਦੇ ਹਨ। ਇਹੀ ਕਾਰਨ ਹੈ ਕਿ ਹੁਣ ਇਸ ਵਿਚ ਦੇਸ਼ ਦੀ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈ ਗਿਆ ਹੈ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵਰਤੀ ਗਈ ਸ਼ਬਦਾਵਲੀ ਵਿਚ ‘ਵੀਰ’ ਸ਼ਬਦ ਦੀ ਜਨਸੰਘੀ ਧਾਰਨਾ ਤੋਂ ਸਿੱਖੀ ਸੋਚ ਨੂੰ ਲਾਂਭੇ ਲਿਜਾਣਾ ਸੰਭਵ ਨਹੀਂ। ਸਿੱਖੀ ਦੇ ਪ੍ਰਚਾਰਕਾਂ ਤੇ ਸਿੱਖ ਇਤਿਹਾਸਕਾਰਾਂ ਨੂੰ ਤਾਂ ਕੀ ਉਸ ਨੇ ਆਪਣੇ ਮੰਤਰੀ ਮੰਡਲ ਦੇ ਹਰਦੀਪ ਸਿੰਘ ਪੁਰੀ ਨੂੰ ਵੀ ਪੁੱਛਿਆ ਹੰੁਦਾ ਤਾਂ ਉਸ ਨੇ ਦੱਸ ਦੇਣਾ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤਾਂ ਸਿੱਖ ਭਾਈਚਾਰਾ ਏਨੀ ਮਹਾਨਤਾ ਦਿੰਦਾ ਹੈ ਕਿ ਉਨ੍ਹਾਂ ਲਈ ਬਾਬਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਛੋਟੇ ਸਾਹਿਬਜ਼ਾਦੇ ਨੂੰ ਵੀ ਬਾਬਾ ਜ਼ੋਰਾਵਰ ਸਿੰਘ ਕਿਹਾ ਜਾਂਦਾ ਹੈ। ਮੋਦੀ ਦੇ ਮਨ ਵਿਚ ਵਸੇ ਵੀਰ ਸਾਵਰਕਰ ਦੀ ਧਾਰਨਾ ਉਸ ਨੂੰ ਵੀਰ ਸ਼ਬਦ ਵਲ ਖਿੱਚ ਕੇ ਲੈ ਗਈ। ਨਹੀਂ ਤਾਂ ਬਾਲ ਬਲੀਦਾਨ ਦਿਵਸ ਜਾਂ ਬਾਲ ਵੀਰਤਾ ਦਿਵਸ ਵਰਗੇ ਨਾਂ ਰੱਖੇ ਜਾ ਸਕਦੇ ਸਨ, ਜਿਹੜੇ ਹਰ ਕਿਸੇ ਨੂੰ ਪ੍ਰਵਾਨ ਹੋਣੇ ਸਨ।
ਸੀਮਾ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੇ ਸੰਦੇਸ਼ ਵਿਚ ਤਾਂ ਉਸ ਦਾ ਆਪਣੇ ਆਪ ਲਈ ਸੁਰੱਖਿਅਤ ਵਾਪਸੀ ਦਾ ਜੁਮਲਾ ਵਰਤਣਾ ਇਹ ਸੰਦੇਸ਼ ਦਿੰਦਾ ਹੈ ਕਿ ਪੰਜਾਬੀ ਤਾਂ ਉਸ ਦੀ ਹੱਤਿਆ ਲਈ ਕਮਰਕੱਸੀ ਫਿਰਦੇ ਸਨ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਪੰਜਾਬ ਨੂੰ ਤੁਰਨ ਤੋਂ ਪਹਿਲਾਂ ਜਿਹੜੇ ਕਰੋੜਾਂ ਰੁਪਏ ਦੇਣ ਦਾ ਰੌਲਾ ਪਾਇਆ ਗਿਆ ਸੀ, ਉਹ ਵੀ ਨਾਟਕ ਤੋਂ ਘੱਟ ਨਹੀਂ ਸੀ। ਪੰਜਾਬੀਆਂ ਨੂੰ ਬਦਨਾਮ ਕਰ ਕੇ ਵਾਪਸ ਪਰਤਣ ਪਿੱਛੇ ਕੇਂਦਰੀ ਖਜ਼ਾਨੇ ਦੀ ਇਸ ਮਾਇਆ ਨੂੰ ਸੁਰੱਖਿਅਤ ਰੱਖਣਾ ਵੀ ਇਕ ਚਾਲ ਸੀ, ਜਿਸ ਨੂੰ ਹੁਣ ਆਗਾਮੀ ਚੋਣਾਂ ਲਈ ਵਰਤਿਆ ਜਾ ਸਕਦਾ ਹੈ। ਦੇਖੋ ਸੁਪਰੀਮ ਕੋਰਟ ਕੀ ਕਹਿੰਦੀ ਹੈ।

ਅੰਤਿਕਾ
ਕਰਮਜੀਤ ਕੌਰ ਜਲਾਲ
ਮਨ ਦੀਆਂ ਬਾਤਾਂ ਬਹਾਨੇ ਤੰੂ ਕਰੇਂਗੀ ਮਨ ਦੀਆਂ
ਰਹਿਣ ਦੇ, ਨੀ ਕੁਰਸੀਏ, ਵੱਡੀਏ ਰਕਾਨੇ, ਜਾਹ ਪਰਾਂ।