ਤੰਦਰੁਸਤੀ ਦਾ ਭੇਤ ਮੋਟਾਪੇ ਤੋਂ ਮੁਕਤੀ

ਪ੍ਰਿੰ. ਸਰਵਣ ਸਿੰਘ
ਡਾ. ਨਵਦੀਪ ਸਿੰਘ ਦੀ ਪੁਸਤਕ ‘ਮੋਟਾਪੇ ਤੋਂ ਮੁਕਤੀ’ ਤੰਦਰੁਸਤੀ ਦਾ ਹੋਕਾ ਹੈ। ਇਸ ਦੇ ਟਾਈਟਲ `ਤੇ ਛਪਿਆ ਹੈ: ਪਤਲਾ, ਮਜ਼ਬੂਤ ਅਤੇ ਤੰਦਰੁਸਤ ਸਰੀਰ ਪਾਉਣ ਦੇ ਵਿਗਿਆਨਕ ਤਰੀਕੇ। ਇਹ ਸਿਹਤ ਸਾਹਿਤ ਦੀ ਐਸੀ ਪੋਥੀ ਹੈ, ਜਿਸ ਦਾ ਪਾਠ ਨਿੱਤਨੇਮ ਨਾਲ ਕਰਨਾ ਚਾਹੀਦੈ ਤੇ ਉਸ `ਤੇ ਅਮਲ ਕੀਤਾ ਜਾਣਾ ਚਾਹੀਦੈ। ਮੈਂ ਖੇਡਾਂ ਤੇ ਸਿਹਤ ਸੁਧਾਰ ਬਾਰੇ ਅੰਗਰੇਜ਼ੀ ਦੀਆਂ ਅਨੇਕਾਂ ਪੁਸਤਕਾਂ ਪੜ੍ਹੀਆਂ ਹਨ।

ਇਹ ਪੁਸਤਕ ਪੜ੍ਹਨ ਪਿੱਛੋਂ ਦਾਅਵੇ ਨਾਲ ਕਹਿ ਸਕਦਾਂ ਕਿ ਸਰਲ ਪੰਜਾਬੀ ਵਿਚ ਲਿਖੀ ਇਹ ਪੁਸਤਕ, ਸਿਹਤ ਵਿਸ਼ੇ `ਤੇ ਲਿਖੀਆਂ ਅੰਗਰੇਜ਼ੀ ਦੀਆਂ ਪੁਸਤਕਾਂ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ। ਇਸ ਨੂੰ ਘੱਟ ਪੜ੍ਹੇ ਲਿਖੇ ਪਾਠਕ ਵੀ ਸਮਝ ਸਕਦੇ ਹਨ। ਅਜਿਹੀਆਂ ਕਿਤਾਬਾਂ ਪੰਜਾਬੀ ਖੇਡ ਤੇ ਸਿਹਤ ਸਾਹਿਤ ਦਾ ਮਾਣ ਵਧਾਉਣ ਵਾਲੀਆਂ ਹਨ। ਨਿੱਤ ਨਵੀਆਂ ਬਿਮਾਰੀਆਂ ਸਹੇੜੀ ਜਾਂਦੀ ਅਜੋਕੀ ਜੀਵਨ ਸ਼ੈਲੀ ਲਈ ਅਜਿਹੀਆਂ ਪੁਸਤਕਾਂ ਦੀ ਪਹਿਲਾਂ ਨਾਲੋਂ ਕਿਤੇ ਵੱਧ ਲੋੜ ਹੈ।
ਨਵਦੀਪ ਨੇ ਮੈਡੀਕਲ ਸਾਇੰਸ ਦੀ ਮਾਸਟਰ ਡਿਗਰੀ ਕਰਨ ਪਿੱਛੋਂ ਸਿਹਤ ਸਾਇੰਸ ਦੇ ਮਾਹਿਰ ਟਾਮ ਵੈਨੂਟੋ, ਲਾਇਲ ਮੈਕਡੌਨਲਡ, ਡਾ. ਏਰਿਕ ਹੈਲਮਜ਼, ਗਰੇਗ ਓ ਗਲੈਂਡਰ, ਬਰੈੱਡ ਸ਼ੌਨਫੀਲਡ, ਐਲਨ ਆਰਗਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਹੈਦਰਾਬਾਦ ਆਦਿ ਸੰਸਥਾਵਾਂ ਦੀਆਂ ਲਿਖਤਾਂ ਪੜ੍ਹਨ ਪਿੱਛੋਂ ਖੋਜ ਭਰਪੂਰ ਪੁਸਤਕ ਲਿਖ ਕੇ ਪੰਜਾਬੀ ਪਾਠਕਾਂ ਨੂੰ ਅਨਮੋਲ ਤੋਹਫ਼ਾ ਭੇਟ ਕੀਤਾ ਹੈ। ਜਿਵੇਂ ਕਿਹਾ ਜਾਂਦੈ, ਲਾਲਚ ਬੁਰੀ ਬਲਾਅ ਹੈ, ਉਵੇਂ ਮੋਟਾਪਾ ਉਸ ਤੋਂ ਵੀ ਵੱਧ ਬੁਰੀ ਬਲਾਅ ਹੈ! ਕੁਝ ਸਾਲ ਪਹਿਲਾਂ ਮੈਂ ‘ਮੋਟਾਪੇ ਦੀ ਮਹਾਂਮਾਰੀ’ ਲੇਖ ਲਿਖਿਆ ਸੀ:
ਇੱਕੀਵੀਂ ਸਦੀ `ਚ ਮਨੁੱਖ ਨੂੰ ਸਭ ਤੋਂ ਵੱਡਾ ਖ਼ਤਰਾ ਕਿੱਥੋਂ ਹੈ? ਦਹਿਸ਼ਤਵਾਦ ਤੋਂ, ਏਡਜ਼ ਤੋਂ ਜਾਂ ਵਿਸ਼ਵ ਦੀ ਤੀਜੀ ਵੱਡੀ ਜੰਗ ਤੋਂ? ਉਹ ਕਿਹੜੀ ਵਬਾਅ ਹੋਵੇਗੀ, ਜੋ ਮਨੁੱਖਾਂ ਦੀ ਮਹਾਂਮਾਰੀ ਬਣੇਗੀ?
ਸਿਹਤ ਮਾਹਿਰਾਂ ਦਾ ਕਹਿਣਾ ਸੀ ਕਿ ਉਹ ਵਬਾਅ ਹੋਵੇਗੀ ਲੋੜੋਂ ਵੱਧ ਖਾਣਾ ਤੇ ਮੋਟਾਪਾ ਸਹੇੜਨਾ। ਅੰਕੜੇ ਮਿਲੇ ਸਨ ਕਿ `ਕੱਲੇ ਅਮਰੀਕਾ ਵਿਚ ਮੋਟਾਪੇ ਕਾਰਨ ਹਰ ਸਾਲ ਚਾਰ ਲੱਖ ਮਨੁੱਖ ਮਰਨੇ ਸ਼ੁਰੂ ਹੋ ਗਏ ਹਨ। ਕੁਲ ਦੁਨੀਆਂ `ਚ ਤਾਂ ਕਰੋੜ ਦੇ ਕਰੀਬ ਹੋ ਗਏ ਹੋਣਗੇ। ‘ਮੈੱਨਜ਼ ਫਿਟਨੈੱਸ’ ਮੈਗਜ਼ੀਨ ਦੀ ਵਿਸ਼ੇਸ਼ ਰਿਪੋਰਟ ਵਿਚ ਤੱਤ ਕੱਢਿਆ ਗਿਆ ਸੀ ਕਿ ਪਿਛਲੇ ਦਸਾਂ ਸਾਲਾਂ ਵਿਚ ਹੀ ਮੋਟੇ ਬੰਦਿਆਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਹੈ। ਅਮਰੀਕਾ `ਚ ਇਸ ਸਮੇਂ ਬਾਰਾਂ ਕਰੋੜ ਸੱਤਰ ਲੱਖ ਲੋਕ ਮੋਟਾਪੇ ਦਾ ਸਿ਼ਕਾਰ ਹਨ!
20 ਤੋਂ 34 ਸਾਲ ਦੀ ਉਮਰ ਦੇ ਵਿਅਕਤੀ ਭਰ ਜੁਆਨੀ `ਚ ਹੁੰਦੇ ਹਨ। ਕੰਮਾਂ-ਕਾਰਾਂ `ਚ ਪੂਰੇ ਸਰਗਰਮ। ਮੋਟਾਪਾ ਇਨ੍ਹਾਂ ਦੇ ਨੇੜੇ ਨਹੀਂ ਢੁੱਕਣਾ ਚਾਹੀਦਾ। 1987-88 ਵਿਚ ਇਸ ਉਮਰੇ 14% ਅਮਰੀਕੀ ਜੁਆਨ ਡਾਕਟਰੀ ਨੁਕਤੇ ਤੋਂ ਮੁਟਾਪੇ ਦੀ ਬਿਮਾਰੀ ਨਾਲ ਗ੍ਰਸੇ ਗਏ ਸਨ। 2000 ਵਿਚ ਅਜਿਹੇ ਅਮਰੀਕਨਾਂ ਦੀ ਗਿਣਤੀ 24% ਹੋ ਗਈ ਤੇ ਇਹ ਲਗਾਤਾਰ ਵਧ ਰਹੀ ਹੈ। ਜਿੱਥੇ ਜੁਆਨ ਹੀ ਏਡੀ ਤਦਾਦ `ਚ ਮੋਟਾਪੇ ਦੇ ਸਿ਼ਕਾਰ ਹੋ ਜਾਣ ਉਥੇ ਅੱਧਖੜਾਂ ਤੇ ਬੁੱਢਿਆਂ ਦਾ ਕੀ ਹਾਲ ਹੋਵੇਗਾ?
2017-18 ਤਕ ਕੁਲ ਦੁਨੀਆਂ ਦੀ ਆਬਾਦੀ ਦਾ ਲਗਰਗ ਪੰਜਵਾਂ ਹਿੱਸਾ ਮੋਟਾਪੇ ਦੇ ਜਾਲ ਵਿਚ ਫਸ ਗਿਆ ਹੈ। ਘੱਟੋ-ਘੱਟ ਸਵਾ ਅਰਬ ਲੋਕ! ਇਸ ਹਿਸਾਬ ਨਾਲ ਇੱਕੀਵੀਂ ਸਦੀ ਦੀ ਸਭ ਤੋਂ ਵੱਡੀ ਜੰਗ ਦਹਿਸ਼ਤਵਾਦ ਦੀ ਥਾਂ ਮੋਟਾਪੇ ਦੇ ਖਿ਼ਲਾਫ਼ ਲੜਨੀ ਲਾਜ਼ਮੀ ਹੋ ਗਈ ਹੈ। ਮੋਟਾਪੇ ਦੇ ਮੁੱਖ ਕਾਰਨ ਖੁਰਾਕ ਦੀ ਬਹੁਤਾਤ, ਗ਼ਲਤ ਖਾਣ ਪੀਣ ਤੇ ਸਰੀਰਕ ਮੁਸ਼ੱਕਤ ਦੀ ਘਾਟ ਹੈ। ਕਦੇ ਛੱਤੀ ਪ੍ਰਕਾਰ ਦੇ ਭੋਜਨ ਸੁਣ ਕੇ ਹੈਰਾਨ ਹੁੰਦੇ ਸਾਂ। ਹੁਣ `ਕੱਲੇ ਅਮਰੀਕਾ `ਚ ਹਰ ਸਾਲ 3000 ਤਰ੍ਹਾਂ ਦੇ ਨਵੇਂ ਲੇਬਲਾਂ ਵਾਲੇ ਭੋਜਨ ਮਾਰਕਿਟ ਵਿਚ ਆ ਰਹੇ ਹਨ। ਮੀਡੀਆ ਉਨ੍ਹਾਂ ਦੀ ਮਸ਼ਹੂਰੀ ਕਰ ਰਿਹੈ। ਟੀਵੀ ਤੇ ਹੋਰ ਸੰਚਾਰ ਸਾਧਨਾਂ ਤੋਂ ਨਵੇਂ ਖਾਣੇ-ਪੀਣੇ ਵਿਖਾ ਕੇ ਬੱਚਿਆਂ ਦੀਆਂ ਲਾਲ਼ਾਂ ਵਗਾਈਆਂ ਜਾ ਰਹੀਆਂ ਹਨ। ਖਾਣਿਆਂ ਦੀ ਏਡੀ ਵੱਡੀ ਮਾਰਕਿਟ ਹੈ ਕਿ ਰੋਜ਼ਾਨਾ ਅਰਬਾਂ-ਖਰਬਾਂ ਦਾ ਵਣਜ ਵਪਾਰ ਹੋ ਰਿਹੈ!
ਭੋਜਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੁਨਾਫ਼ੇ ਲਈ ਮਨੁੱਖ ਦੇ ਸੁਆਦ ਦਾ ਫਿਕਰ ਹੈ ਨਾ ਕਿ ਸਿਹਤ ਦਾ। ਸੁਆਦ ਬੜੀ ਲੁਭਾਉਣੀ ਸ਼ੈਅ ਹੈ। ਖਾਣ-ਪੀਣ ਦੇ ਸੁਆਦ ਦੀ ਮਨੁੱਖੀ ਕਮਜ਼ੋਰੀ ਦਾ ਫ਼ਾਇਦਾ ਉਠਾਉਂਦਿਆਂ ਖਾਣੇ ਤਿਆਰ ਕਰਨ ਵਾਲੀਆਂ ਕੰਪਨੀਆਂ ਉਹਦੀ ਬਲੈਕਮੇਲ ਕਰ ਰਹੀਆਂ ਹਨ। ਦੂਜੇ ਪਾਸੇ ਮਨੁੱਖ ਦੀਆਂ ਆਪ ਸਹੇੜੀਆਂ ਬਿਮਾਰੀਆਂ ਦਾ ਫ਼ਾਇਦਾ ਉਠਾਉਂਦਿਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਮਾਲਾਮਾਲ ਹੋ ਰਹੀਆਂ ਹਨ। ਇਹ ਸਮਝ ਲਓ ਕਿ ਮਨੁੱਖ ਦੇ ਪੇਟ ਵਿਚ ਬੇਲੋੜੀ ਖਾਧ ਸਮੱਗਰੀ ਪਾਉਣ ਵਾਲਿਆਂ ਦੀਆਂ ਵੀ ਪੰਜੇ ਉਂਗਲਾਂ ਘਿਓ `ਚ ਹਨ ਤੇ ਪਿੱਛੋਂ ਦਵਾਈਆਂ ਦੇਣ ਵਾਲਿਆਂ ਦੇ ਵੀ ਦੋਹੀਂ ਹੱਥੀਂ ਲੱਡੂ ਹਨ! ਹੋਰ ਤਾਂ ਹੋਰ ਮੋਟਾਪਾ ਘਟਾਉਣ ਦੀਆਂ ਤਰਕੀਬਾਂ, ਕਸਰਤਾਂ, ਜਿਮ, ਨੁਸਖ਼ੇ, ਗੁਰ, ਸਰਜਰੀਆਂ, ਮੰਨਤਾਂ, ਮਨੌਤਾਂ, ਹਥੌਲ਼ੇ ਤੇ ਹੋਰ ਪਤਾ ਨਹੀਂ ਕੀ ਕੁਝ ਵਿਕ ਰਿਹੈ?
ਮੋਟਾਪੇ ਤੋਂ ਮੁਕਤੀ
ਇਸ ਸਥਿਤੀ ਵਿਚ ਪੁਸਤਕ ‘ਮੋਟਾਪੇ ਤੋਂ ਮੁਕਤੀ’ ਪਾਠਕਾਂ ਲਈ ਅਕਸੀਰ ਸਾਬਤ ਹੋ ਸਕਦੀ ਹੈ। ਇਸ ਦੇ ਪਹਿਲੇ ਪੰਨੇ `ਤੇ ਦਾਨਿਸ਼ਵਰ ਸੁਕਰਾਤ ਦਾ ਕਥਨ ਹੈ: `ਕਿਸੇ ਇਨਸਾਨ ਲਈ ਇਸ ਤੋਂ ਵੱਧ ਕੋਈ ਅਪਮਾਨਜਨਕ ਗੱਲ ਨਹੀਂ ਹੋ ਸਕਦੀ ਕਿ ਉਹ ਆਪਣੇ ਸਰੀਰ ਦੀ ਤਾਕਤ ਤੇ ਖ਼ੂਬਸੂਰਤੀ ਨੂੰ ਪਰਖੇ ਬਿਨਾਂ ਹੀ ਬੁੱਢਾ ਹੋ ਜਾਵੇ!` ਲੇਖਕ ਨੇ ਇਹ ਪੁਸਤਕ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤੀ ਹੈ ਜੋ ਮੋਟਾਪੇ ਕਰਕੇ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀਆਂ ਝੱਲ ਰਹੇ ਹਨ ਤੇ ਮੁੜ ਤੰਦਰੁਸਤ ਹੋਣ ਦੀ ਉਮੀਦ ਛੱਡ ਚੁੱਕੇ ਹਨ।
ਡਾ. ਸਿ਼ਆਮ ਸੁੰਦਰ ਦੀਪਤੀ ਨੇ ਇਸ ਦੇ ਮੁਖਬੰਦ ਵਿਚ ਲਿਖਿਆ ਹੈ: ਡਾ. ਨਵਦੀਪ ਵੱਲੋਂ ਲਿਖੀ ਇਹ ਪੁਸਤਕ ‘ਮੋਟਾਪੇ ਤੋਂ ਮੁਕਤੀ’ ਉਸ ਦੀ ਪਹਿਲੀ ਕੋਸਿ਼ਸ਼ ਹੈ। ਖ਼ੁਸ਼ੀ ਦੀ ਗੱਲ ਇਹ ਹੈ ਕਿ ਉਸ ਨੇ ਐਮ.ਬੀ.ਬੀ.ਐੱਸ. ਤੇ ਐਮਡੀ ਦੀ ਪੜ੍ਹਾਈ ਕਰਨ ਮਗਰੋਂ, ਸਿਹਤ ਦੇ ਖੇਤਰ ਵਿਚ ਪਾਏ ਜਾਂਦੇ ਭਰਮ-ਭੁਲੇਖੇ ਅਤੇ ਅੰਧ ਵਿਸ਼ਵਾਸਾਂ `ਤੇ ਆਪਣੀ ਖੋਜ ਕਰਨ ਬਾਅਦ, ਅੰਗਰੇਜ਼ੀ ਭਾਸ਼ਾ ਵਿਚ ਸਾਰਾ ਅਧਿਐਨ ਕਰਨ ਮਗਰੋਂ, ਆਪਣੀ ਗੱਲ ਪੰਜਾਬੀ ਵਿਚ ਲਿਖਣ ਦਾ ਮਨ ਬਣਾਇਆ। ਇਸ ਪਿੱਛੇ ਉਸ ਦੀ ਇਹ ਭਾਵਨਾ ਸੀ ਕਿ ਉਹਦੀ ਲਿਖੀ ਹੋਈ ਪੁਸਤਕ ਆਪਣੀ ਮਾਂ-ਬੋਲੀ ਸਮਝਣ ਵਾਲੇ ਪਾਠਕ ਜ਼ਰੂਰ ਪੜ੍ਹ ਸਕਣ।
ਡਾ. ਨਵਦੀਪ ਦਾ ਜਨਮ ਜਿ਼ਲ੍ਹਾ ਬਠਿੰਡਾ ਦੇ ਪਿੰਡ ਖੇਮੂਆਣੇ ਵਿਚ ਸ. ਗੁਰਚਰਨ ਸਿੰਘ ਤੇ ਮਾਤਾ ਹਰਦੇਵ ਕੌਰ ਦੇ ਘਰ 1987 ਵਿਚ ਹੋਇਆ ਸੀ। ਉਸੇ ਸਾਲ ਉਸ ਦੇ ਪਿਤਾ ‘ਤਰਕਸ਼ੀਲ ਸੁਸਾਇਟੀ ਪੰਜਾਬ’ ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਆਪਣੀ ਰਿਹਾਇਸ਼ ਬਠਿੰਡੇ ਕਰ ਲਈ, ਜਿੱਥੇ ਨਵਦੀਪ ਨੇ ਸਕੂਲੀ ਪੜ੍ਹਾਈ ਕੀਤੀ। ਉਸ ਨੂੰ ਘਰ ਵਿਚ ਨੈਤਿਕ ਤੇ ਵਿਗਿਆਨਕ ਸਿੱਖਿਆ ਮਿਲਦੀ ਰਹੀ। ਤਰਕਸ਼ੀਲ ਪਿਤਾ ਨੇ ਮਨਘੜਤ ਵਹਿਮਾਂ-ਭਰਮਾਂ, ਭੂਤਾਂ-ਪ੍ਰੇਤਾਂ, ਰਾਸ਼ੀ ਫਲਾਂ ਤੇ ਅੰਧ ਵਿਸ਼ਵਾਸਾਂ ਦੇ ਪਾਏ ਭੁਲੇਖੇ ਬਚਪਨ ਵਿਚ ਹੀ ਉਸ ਦੇ ਮਨੋਂ ਕੱਢ ਦਿੱਤੇ। ਟੀਵੀ `ਤੇ ਰੁਮਾਂਚਿਕ ਫਿਲਮਾਂ ਜਾਂ ਨੂੰਹ-ਸੱਸ ਦੇ ਸੀਰੀਅਲ ਵੇਖਣ ਦੀ ਥਾਂ ‘ਡਿਸਕਵਰੀ’ ਚੈਨਲ ਵੇਖਣ ਲਾ ਦਿੱਤਾ। ਇਸ ਨਾਲ ਨਵਦੀਪ ਨੂੰ ਛੇਵੀਂ `ਚ ਪੜ੍ਹਦਿਆਂ ਹੀ ਡੀਐਨਏ ਦੀ ਬਣਤਰ ਦਾ ਗਿਆਨ ਹੋ ਗਿਆ, ਜਿਸ ਤੋਂ ਉਹਦਾ ਸਾਇੰਸ ਮਾਸਟਰ ਵੀ ਹੈਰਾਨ ਰਹਿ ਗਿਆ!
2006`ਚ ਉਹ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ, ਐਮ.ਬੀ.ਬੀ.ਐਸ. ਕਰਨ ਲੱਗਾ। ਪਹਿਲਾ ਸਾਲ ਅੰਗ-ਵਿਗਿਆਨ ਦੇ ਪ੍ਰੈਕਟੀਕਲਾਂ ਦੌਰਾਨ ਕੁਦਰਤ ਦੀ ਵਿਲੱਖਣ ਰਚਨਾ ਤੇ ਇਨਸਾਨੀ ਸਰੀਰ ਦੀ ਬਣਤਰ ਨੂੰ ਸਮਝਦਿਆਂ ਬੀਤ ਗਿਆ। ਦੂਜੇ ਸਾਲ ਹੋਰ ਪਤਾ ਲੱਗਾ। ਤੀਸਰੇ ਸਾਲ ਜਦੋਂ ਕਲੀਨੀਕਲ ਡਿਊਟੀ ਦੌਰਾਨ ਹਸਪਤਾਲਾਂ ਵਿਚ ਜਾ ਕੇ ਮਰੀਜ਼ ਵੇਖਣ ਲੱਗਾ ਤਾਂ ਮਰੀਜ਼ਾਂ ਦੀ ਜੀਵਨ ਹਿਸਟਰੀ ਲੈਣਾ, ਫਿਰ ਨਿਰੀਖਣ ਕਰ ਕੇ ਲੱਛਣਾਂ ਤੋਂ ਬਿਮਾਰੀ ਦੀ ਪਛਾਣ ਕਰਨਾ ਇੰਜ ਲੱਗਾ ਜਿਵੇਂ ਜਾਸੂਸ ਬਣ ਕੇ ਉਸ ਚੋਰ ਦਾ ਸੁਰਾਗ ਲੱਭ ਰਿਹਾ ਹੋਵੇ, ਜੋ ਮਰੀਜ਼ ਦੀ ਸਿਹਤ ਚੋਰੀ ਕਰ ਕੇ ਲੈ ਗਿਆ ਹੋਵੇ। ਚੌਥੇ ਸਾਲ ਮਰੀਜ਼ ਵੇਖਣ ਦਾ ਖ਼ੁਮਾਰ ਹੋਰ ਵਧ ਗਿਆ। ਫਿਰ ਆਇਆ ਪੰਜਵਾਂ ਸਾਲ ਭਾਵ ਇੰਟਰਨਰਸ਼ਿਪ, ਜਿਸ ਵਿਚ ਕਿਤਾਬੀ ਪੜ੍ਹਾਈ ਲਗਭਗ ਮਨਫੀ ਹੋ ਜਾਂਦੀ ਹੈ ਤੇ ਪੂਰਾ ਸਾਲ ਵਿਦਿਆਰਥੀ ਹਸਪਤਾਲ ਵਿਚ ਡਿਊਟੀ ਦਿੰਦੇ ਹਨ।
2011 ਵਿਚ ਐਮ.ਬੀ.ਬੀ.ਐਸ. ਪਾਸ ਕਰਨ ਨਾਲ ਉਹਦੇ ਨਾਂ ਅੱਗੇ ਡਾਕਟਰ ਲੱਗ ਗਿਆ ਅਤੇ ਪੜ੍ਹਾਈ, ਦੋਸਤੀ, ਮੌਜ-ਮਸਤੀ, ਯਰਾਨੇ, ਤਕਰੀਰਾਂ-ਤਕਰਾਰਾਂ ਤੇ ਡਿਊਟੀ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨਾਲ ਡਾਕਟਰੀ ਦੀ ਇਕ ਮੰਜਿ਼ਲ ਸਰ ਹੋ ਗਈ। ਉਹਦੇ ਦੱਸਣ ਮੂਜਬ: ਮੈਂ ਅਕਸਰ ਵਿਆਹਾਂ `ਤੇ ਡੋਲੀ ਤੁਰਨ ਵੇਲੇ ਲਾੜੀਆਂ ਨੂੰ ਮਾਪਿਆਂ ਦੇ ਗਲ਼ ਲੱਗ ਕੇ ਰੋਂਦੇ ਦੇਖਿਆ ਸੀ, ਸੱਚ ਜਾਣੋ ਹੋਸਟਲ ਛੱਡਣ ਦਾ ਵਿਛੋੜਾ ਵੀ ਅਜਿਹਾ ਹੀ ਸੀ। ਦਿਲ ਕਰਦਾ ਸੀ, ਉਸ `ਕੱਲੀ` ਕੱਲੀ ਥਾਂ ਨੂੰ ਜੱਫੀ ਪਾ ਕੇ ਰੋਵਾਂ ਜਿੱਥੇ ਅਸੀਂ ਦੋਸਤਾਂ ਸੰਗ ਖੜੇ੍ਹ-ਬੈਠੇ ਸਾਂ ਪਰ ਸਮਾਂ ਕਦੇ ਕਿਸੇ ਲਈ ਨਹੀਂ ਰੁਕਦਾ ਤੇ ਮੈਂ ਮੁੜ ਕੇ ਬਠਿੰਡੇ ਆ ਗਿਆ। ਕੁਝ ਮਹੀਨੇ ਪ੍ਰਾਈਵੇਟ ਹਸਪਤਾਲਾਂ ਵਿਚ ਕੰਮ ਕੀਤਾ ਪਰ ਲੱਗਦਾ ਸੀ ਜਿਵੇਂ ਕਾਲਜ ਮੇਰੇ ਤੋਂ ਬਿਨਾਂ ਸੁੰਨਾ ਲੱਗ ਰਿਹਾ ਹੋਣਾ। ਮੈਂ ਇਕ ਸਾਲ ਘਰ ਰਹਿ ਕੇ ਪੋਸਟ ਗ੍ਰੇਜੂਏਸ਼ਨ ਦ ਪੇਪਰ ਲਈ ਤਿਆਰੀ ਕੀਤੀ ਤੇ ਫਿਰ ਉਸੇ ਕਾਲਜ ਜਾ ਵੱਜਾ।
ਪੋਸਟ ਗ੍ਰੇਜੂਐਸ਼ਨ ਲਈ ਮੈਨੂੰ ਇਕ ਅਜਿਹੇ ਵਿਸ਼ੇ ਦੀ ਚੋਣ ਕਰਨ ਦਾ ਮੌਕਾ ਮਿਲਿਆ, ਜੋ ਆਮ ਲੋਕਾਂ ਵਿਚ ਡਾਕਟਰੀ ਕੰਮ ਦੀ ਪ੍ਰਚੱਲਿਤ ਪਰਿਭਾਸ਼ਾ ਤੋਂ ਉਲਟ ਸੀ। ਇਸ ਦਾ ਨਾਮ ਸੀ ਰੋਗ ਰੋਕੂ ਉਪਾਅ, ਭਾਵ ਮੈਡੀਕਲ ਖੇਤਰ ਦੀ ਉਹ ਪੜ੍ਹਾਈ ਜੋ ਬਿਮਾਰੀਆਂ ਦੀ ਰੋਕਥਾਮ ਕਰਨ ਨਾਲ ਸਬੰਧਤ ਸੀ। ਇਸ ਵਿਚ `ਕੱਲੇ-`ਕੱਲੇ ਮਰੀਜ਼ ਨੂੰ ਠੀਕ ਕਰਨ ਦੀ ਥਾਂ ਪਰਿਵਾਰਕ ਅਤੇ ਸਮੂਹਿਕ ਪੱਧਰ `ਤੇ ਲੋਕਾਈ ਨੂੰ ਬਿਮਾਰੀਆਂ ਤੋਂ ਬਚਾਉਣ ਸਬੰਧੀ ਪੜ੍ਹਾਈ ਕਰਵਾਈ ਜਾਂਦੀ ਹੈ। ਇਹੋ ਵਿਸ਼ਾ ਐਮਬੀਬੀਐਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਵੀ ਮੇਰੀ ਜਿ਼ੰਮੇਵਾਰੀ ਸੀ।
ਪੀਜੀ ਦੌਰਾਨ ਮੈਨੂੰ ਡਾ. ਸ਼ਿਆਮ ਸੁੰਦਰ ਦੀਪਤੀ ਵਰਗੇ ਅਧਿਆਪਕ ਮਿਲੇ ਜਿਨ੍ਹਾਂ ਦੀ ਸੋਚ, ਸਮਝ, ਵਿਵੇਕਸ਼ੀਲ ਵਿਚਾਰ ਅਤੇ ਸਾਂਝੇ ਕੀਤੇ ਤਜਰਬਿਆਂ ਨੇ ਕਿਤਾਬੀ ਗਿਆਨ ਨੂੰ ਬਹੁਤ ਪਿੱਛੇ ਛੱਡ ਦਿੱਤਾ। ਉਹ ਮੇਰੇ ਥੀਸਿਸ ‘ਸਿਹਤ ਅਤੇ ਬਿਮਾਰੀਆਂ ਨਾਲ ਜੁੜੇ ਵਹਿਮ-ਭਰਮ’ ਦੇ ਮੁੱਖ ਗਾਈਡ ਸਨ। ਮੈਂ ਕਹਿ ਸਕਦਾਂ ਕਿ ਇਸ ਥੀਸਿਸ ਕਰਕੇ ਹੀ ਮੈਂ ਮੈਡੀਕਲ ਵਿਗਿਆਨ ਨੂੰ ਤਰਕਸ਼ੀਲਤਾ ਨਾਲ ਜੋੜ ਕੇ ਦੇਖ ਸਕਿਆ ਅਤੇ ਆਮ ਜਿੰ਼ਦਗੀ ਵਿਚ ਵੀ ਮੈਨੂੰ ਹਰ ਗੱਲ ਦਾ ਵਿਗਿਆਨਕ ਦ੍ਰਿਸ਼ਟੀਕੋਣ ਬਿਹਤਰ ਤਰੀਕੇ ਨਾਲ ਸਮਝ ਆਉਣ ਲੱਗਿਆ। ਸਮਾਜ ਵਿਚ ਪ੍ਰਚੱਲਿਤ ਹਰ ਧਾਰਨਾ ਨੂੰ ਮੇਰਾ ਮਨ ਸਵਾਲ ਕਰਨ ਲੱਗਾ ਅਤੇ ਸਿਹਤ ਨਾਲ ਜੁੜੇ ਵਹਿਮਾਂ-ਭਰਮਾਂ ਨੂੰ ਚੁਣੌਤੀ ਦੇਣ ਲਈ ਮੇਰੇ ਕੋਲ ਦਲੀਲਾਂ ਦਾ ਭੰਡਾਰ ਇਕੱਠਾ ਹੋ ਗਿਆ।
2016 ਵਿਚ ਮੈਂ ਪੀਜੀ ਪਾਸ ਕਰ ਲਈ। ਫਿਰ ਉਸੇ ਕਾਲਜ, ਉਸੇ ਵਿਭਾਗ ਵਿਚ ਪੜ੍ਹਾਉਣ ਦਾ ਤਜਰਬਾ ਹਾਸਲ ਕਰਨ ਲਈ ਲੈਕਚਰਰ ਵਜੋਂ 3 ਸਾਲਾਂ ਲਈ ਨਿਯੁਕਤ ਹੋ ਗਿਆ। ਸੋਚਿਆ ਕਿ ਹੁਣ ਪੇਪਰਾਂ ਦੀ ਚਿੰਤਾ ਤੋਂ ਮੁਕਤ ਹੋ ਕੇ ਵਿਦਿਆਰਥੀਆਂ ਨੂੰ ਖੁੱਭ ਕੇ ਪੜ੍ਹਾਵਾਂਗਾ ਪਰ ਮੇਰੀ ਨਿੱਜੀ ਜਿ਼ੰਦਗੀ ਵਿਚ ਕੁਝ ਅਜਿਹੇ ਮੋੜ ਆਏ ਜਿਨ੍ਹਾਂ ਨੇ ਮੇਰੀ ਸਿਹਤ `ਤੇ ਬੁਰਾ ਅਸਰ ਪਾਇਆ। ਪੂਰਾ ਫਿੱਟ ਤਾਂ ਮੈਂ ਪਹਿਲਾਂ ਵੀ ਨਹੀਂ ਸਾਂ ਪਰ ਹੁਣ ਮੇਰੀਆਂ ਖਾਣ-ਪੀਣ ਦੀਆਂ ਖਰਾਬ ਆਦਤਾਂ ਨੇ ਸਰੀਰਕ ਵਜ਼ਨ ਦੇ ਨਾਲ ਮੇਰਾ ਕੌਲੇਸਟ੍ਰੋਲ ਵਧਾ ਕੇ ਖ਼ਤਰੇ ਦੀ ਘੰਟੀ ਵਜਾ ਦਿੱਤੀ। ‘ਮਰਦੀ ਨੇ ਅੱਕ ਚੱਬਿਆ’ ਅਖਾਣ ਵਾਂਗ ਬਿਮਾਰੀਆਂ ਦੇ ਘਰ ਵੱਲ ਭੱਜੇ ਜਾਂਦੇ ਸਾਨ੍ਹ ਨੂੰ ਸਿੰਗਾਂ ਤੋਂ ਫੜ ਕੇ ਰੋਕਣਾ ਮੇਰੇ ਲਈ ਲਾਜ਼ਮੀ ਹੋਗਿਆ।
ਸਿਹਤ ਸਾਵੀਂ ਕਰਨ ਲਈ ਮੈਂ ਸਵੇਰੇ-ਸ਼ਾਮ ਸੜਕ `ਤੇ ਦੌੜ ਲਾਉਣੀ ਸ਼ੁਰੂ ਕੀਤੀ, ਜਿਸ ਨਾਲ ਕੁਝ ਕੁ ਭਾਰ ਤਾਂ ਘਟਿਆ ਪਰ ਉਹ ਗੱਲ ਨਹੀਂ ਸੀ ਬਣ ਰਹੀ ਜੋ ਮੈਂ ਸੋਚਦਾ ਸੀ। ਫਿਰ ਜਿੰਮ ਜਾਣ ਲੱਗ ਪਿਆ। ਉਥੇ ਮੈਂ ਜਾਣਿਆ ਕਿ ਜਿੰਨੇ ਕੋਚ ਹਨ, ਓਨੇ ਤਰ੍ਹਾਂ ਦੀਆਂ ਸਲਾਹਾਂ ਹਨ ਅਤੇ ਆਪਸ ਵਿਚ ਕਿਸੇ ਦੀ ਸਲਾਹ ਮੇਲ ਨਹੀਂ ਖਾਂਦੀ। ਮੈਂ ਮਹਿਸੂਸ ਕੀਤਾ ਕਿ ਅਜਿਹੀ ਪੜ੍ਹਾਈ ਦਾ ਕੀ ਫਾਇਦਾ ਜੋ ਆਪਣੀ ਹੀ ਸਿਹਤ ਨੂੰ ਠੀਕ ਰੱਖਣ ਦੇ ਕੰਮ ਨਾ ਆਵੇ। ਇੰਟਰਨੈਟ ਤੋਂ ਖੋਜਬੀਨ ਕਰਨ `ਤੇ ਮੈਨੂੰ ਅੰਗਰੇਜ਼ੀ ਭਾਸ਼ਾ ਦੀ ਕਿਤਾਬ ‘ਬਰਨ ਦਿ ਫੈਟ, ਫੀਡ ਦੀ ਮੱਸਲ’ ਦਾ ਪਤਾ ਲੱਗਾ, ਜੋ ਭਾਰ ਘਟਾਉਣ ਦੀ ਬਾਈਬਲ ਮੰਨੀ ਜਾਂਦੀ ਸੀ। ਇਹ ਕਿਤਾਬ ਮੈਂ ਝੱਟ ਮੰਗਵਾ ਲਈ ਤੇ ਮੁੱਖ ਬੰਦ ਪੜ੍ਹਨ ਸਾਰ ਹੀ ਸਮਝ ਗਿਆ ਕਿ ਇਹ ਕਿਤਾਬ ਮੇਰੀ ਜਿ਼ੰਦਗੀ ਬਦਲੇਗੀ। 450 ਪੰਨਿਆਂ ਦੀ ਕਿਤਾਬ ਮੈਂ ਤਿੰਨ ਦਿਨਾਂ `ਚ ਪੜ੍ਹ ਲਈ ਤੇ ਮੈਨੂੰ ਲੱਗਾ ਜਿਵੇਂ ਅੰਨੇ੍ਹ ਨੂੰ ਅੱਖਾਂ ਮਿਲ ਗਈਆਂ ਹੋਣ।
ਲੇਖਕ ‘ਟਾਮਵੈਨੂਟੋ’ ਨੇ ਵਿਗਿਆਨਕ ਢੰਗ ਨਾਲ ਮੋਟਾਪੇ, ਖੁਰਾਕ ਅਤੇ ਕਸਰਤ ਬਾਰੇ ਅਨੇਕਾਂ ਪ੍ਰਚੱਲਿਤ ਮਿੱਥਾਂ ਪਲਾਂ `ਚ ਢੇਰੀ ਕਰ ਦਿੱਤੀਆਂ। ਮੈਂ ਕਿਤਾਬ ਵਿਚ ਲਿਖੀ ਲਗਪਗ ਹਰ ਗੱਲ ਨੂੰ ਆਪਣੀ ਰਸੋਈ ਅਤੇ ਜਿੰਮ ਵਿਚ ਲਾਗੂ ਕੀਤਾ, ਜਿਸ ਨਾਲ ਕਮਾਲ ਦੇ ਨਤੀਜੇ ਨਿਕਲੇ। ਕੁੱਝ ਮਹੀਨਿਆਂ ਵਿਚ ਹੀ ਮੈਂ ਕਈ ਕਿਲੋ ਭਾਰ ਘਟਾ ਲਿਆ ਅਤੇ ਸਰੀਰ ਦੀ ਸੁਡੌਲਤਾ ਕਾਫੀ ਬਿਹਤਰ ਹੋ ਗਈ ਪਰ ਜਿਹੜੇ ਤਾਰਿਆਂ ਤਕ ਜਾਣ ਦਾ ਸ਼ੌਕ ਰੱਖਦੇ ਨੇ, ਉਹ ਕੇਵਲ ਚੁਬਾਰੇ `ਤੇ ਚੜ੍ਹ ਕੇ ਹੀ ਖੁਸ਼ ਨਹੀਂ ਹੁੰਦੇ। ਮੈਂ ਆਪਣੇ ਸਰੀਰ ਨੂੰ ਸਮੁੰਦਰੀ ਤਟ `ਤੇ ਨੰਗੇ ਪਿੰਡੇ ਭੱਜੇ ਜਾ ਰਹੇ ਕਿਸੇ ਮਾਡਲ ਵਰਗਾ ਬਣਾਉਣ ਦੇ ਸੁਫਨੇ ਲੈਣ ਲੱਗਾ। ਸਿਹਤ ਸਬੰਧੀ ਮੈਂ ਅਜਿਹੀ ਹੋਰ ਸਮੱਗਰੀ ਲੱਭੀ, ਉਸ ਨੂੰ ਪੜ੍ਹਿਆ, ਆਪਣੇ `ਤੇ ਲਾਗੂ ਕੀਤਾ ਅਤੇ ਸਰੀਰ ਵਿਚ ਜਮ੍ਹਾਂ ਹੋਈ ਫਾਲਤੂ ਚਰਬੀ ਨੂੰ ਖ਼ਤਮ ਕਰਦਾ ਚਲਾ ਗਿਆ। ਲਗਪਗ ਇਕ ਸਾਲ ਦੀ ਮਿਹਨਤ ਕਰ ਕੇ ਮੈਂ 15 ਕਿਲੋ ਭਾਰ ਘਟਾਉਣ ਦੇ ਨਾਲ 4 ਤੋਂ 5 ਕਿਲੋ ਮਾਸਪੇਸ਼ੀਆਂ ਦਾ ਭਾਰ ਵਧਾ ਚੁੱਕਾ ਸੀ ਅਤੇ ਮੇਰੀਆਂ ਪੇਟ ਦੀਆਂ ਮਾਸਪੇਸ਼ੀਆਂ ਜਿਸ ਨੂੰ ‘6 ਪੈਕ ਐਬ’ ਆਖਦੇ ਹਨ, ਉਹ ਸਾਫ ਨਜ਼ਰ ਆਉਣ ਲੱਗ ਪਈਆਂ ਸਨ।
ਦੋਸਤ ਅਤੇ ਸਹਿਕਰਮੀ ਹੈਰਾਨ ਹੋ ਕੇ ਪੁੱਛਦੇ ਕਿ ਇਹ ਸਭ ਕੁਝ ਮੈਂ ਕਿਵੇਂ ਕੀਤਾ? ਮੇਰੀਆਂ ਸਲਾਹਾਂ ਨਾਲ ਭਾਵੇਂ ਮੇਰੇ ਮੰਮੀ ਹਰਦੇਵ ਕੌਰ ਜੀ ਨੇ ਆਪਣਾ ਭਾਰ ਘਟਾ ਲਿਆ ਸੀ ਪਰ ਮੈਨੂੰ ਇਸ ਗੱਲ ਦਾ ਪਤਾ ਸ ਕਿ ਇੰਨੀਆਂ ਕਿਤਾਬਾਂ ਵਿਚੋਂ ਇਕੱਠਾ ਕੀਤਾ ਗਿਆਨ 10 ਮਿੰਟਾਂ ਵਿਚ ਹਰ ਕਿਸੇ ਨੂੰ ਨਹੀਂ ਸਮਝਾਇਆ ਜਾ ਸਕਦਾ। ਮੈਂ ਇਸ ਵਿਸ਼ੇ `ਤੇ ਅਖ਼ਬਾਰ ਲਈ ਪੰਜਾਬੀ ਵਿਚ ਇੱਕ ਕਾਲਮ ਲਿਖਣ ਦਾ ਫੈਸਲਾ ਕੀਤਾ, ਜਿਸ ਨੂੰ ਮੈਂ ਇੱਕ ਸਾਲ ਲਿਖਦਾ ਰਿਹਾ। ਉਹੀ ਮੈਟਰ ਫਿਰ ‘ਮੋਟਾਪੇ ਤੋਂ ਮੁਕਤੀ’ ਦੀ ਕਿਤਾਬ ਬਣ ਗਿਆ।
ਫਿਰ ਇੱਕ ਨਵਾਂ ਚਲਨ ਸ਼ੁਰੂ ਹੋਇਆ। ਜਿਹੜੇ ਲੋਕ ਪੰਜਾਬੀ ਨਹੀਂ ਸੀ ਪੜ੍ਹ ਸਕਦੇ ਜਾਂ ਕਿਤਾਬ ਪੜ੍ਹਨ `ਤੇ ਦਿਮਾਗ ਨਹੀਂ ਸੀ ਲਾਉਣਾ ਚਾਹੁੰਦੇ, ਉਹ ਸਿੱਧਾ ਮੇਰੇ ਤੋਂ ਡਾਈਟ ਪਲਾਨ ਦੀ ਮੰਗ ਕਰਨ ਲੱਗੇ। ਸ਼ੁਰੂ ਵਿਚ ਮੈਂ ਇਹ ਕੰਮ ਮੁਫ਼ਤ ਵੀ ਕਰਦਾ ਰਿਹਾ ਪਰ ਜਦੋਂ ਭੀੜ ਬਹੁਤ ਜਿ਼ਆਦਾ ਵਧ ਗਈ ਤਾਂ ਮੈਨੂੰ ਘਰ ਵਿਚ ਹੀ ‘ਸਲਿਮ ਐਂਡ ਸਟਰੌਂਗ’ ਕਲਿਨਿਕ ਖੋਲ੍ਹਣਾ ਪਿਆ। ਮੈਂ ਆਪਣੇ ਕੰਮ ਤੋਂ ਖੁਸ਼ ਸੀ ਕਿ ਮਾਰਚ 2021 ਵਿਚ ਅਚਾਨਕ ਮੈਨੂੰ ‘ਅੱਖਰ’ ਚੈਨਲ ਵਾਲੇ ‘ਨਵਰੀਤ’ ਦੀ ਕਾਲ ਆਈ। ਉਸ ਨੇ ਦੱਸਿਆ ਕਿ ਸਾਨੂੰ ਤੁਹਾਡੀ ਕਿਤਾਬ ਬਹੁਤ ਪਸੰਦ ਆਈ ਹੈ ਤੇ ਅਸੀਂ ਤੁਹਾਡੇ ਨਾਲ ਇਸ ਕਿਤਾਬ ਉੱਪਰ ਲੜੀਵਾਰ ਇੰਟਰਵਿਊ ਕਰਨਾ ਚਾਹੁੰਦੇ ਹਾਂ। ਜਦੋਂ ਪਹਿਲੀ ਹੀ ਇੰਟਰਵਿਊ ਚੈਨਲ `ਤੇ ਆਈ ਤਾਂ ਕਾਲਾਂ ਦਾ ਹੜ੍ਹ ਆ ਗਿਆ। ਜਿਵੇਂ-ਜਿਵੇਂ ਇੰਟਰਵਿਊਜ਼ ਚੱਲਦੀਆਂ ਰਹੀਆਂ, ਕਾਲਾਂ ਤੇ ਮਿਲਣ ਦੀਆਂ ਗੁਜ਼ਾਰਸ਼ਾਂ ਨਾਲ ਕੰਮ-ਕਾਰ ਵਧਦਾ ਗਿਆ। ਹਰ ਚੀਜ਼ ਦੇ ਚੰਗੇ ਮਾੜੇ ਅਸਰ ਹੁੰਦੇ ਹਨ। ਮੈਨੂੰ ਵਧੇਰੇ ਕੰਮ ਦਾ ਸਟ੍ਰੱੈਸ ਰਹਿਣ ਲੱਗਾ। ਮਾਪੇ ਵਿਆਹ ਲਈ ਜ਼ੋਰ ਪਾ ਰਹੇ ਸਨ। ਮੈਂ ਆਪਣੇ ਆਪ ਨੂੰ ਸਮਾਂ ਦੇਣ ਲਈ ਕੰਮ ਘੱਟ ਲੈਣਾ ਸ਼ੁਰੂ ਕੀਤਾ ਤੇ 17, ਅਕਤੂਬਰ 2021 ਨੂੰ ਹਰਅੰਜਨ ਕੌਰ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਿਆ। ਜਿੰ਼ਦਗੀ ਚੰਗੀ ਚਾਲੇ ਚੱਲ ਰਹੀ ਹੈ ਅਤੇ ਮੈਂ ਅੱਗੋਂ ਵੀ ਸਿਹਤ ਸੁਧਾਰ ਲਈ ਯੋਗਦਾਨ ਪਾਉਂਦਾ ਰਹਾਂਗਾ।`
ਮਨੁੱਖ ਦਾ ਮਸ਼ੀਨਾਂ `ਤੇ ਨਿਰਭਰ ਹੋਣਾ
ਮਨੁੱਖ ਜਿਵੇਂ-ਜਿਵੇਂ ਮਸ਼ੀਨਾਂ ਉਤੇ ਨਿਰਭਰ ਹੋਈ ਜਾ ਰਿਹੈ, ਉਸ ਦੀ ਸਰੀਰਕ ਮੁਸ਼ੱਕਤ ਘਟਦੀ ਜਾ ਰਹੀ ਹੈ। ਕਈਆਂ ਦਾ ਜ਼ੋਰ ਤਾਂ ਸਿਰਫ਼ ਚਾਬੀ ਘੁਮਾਉਣ ਤੇ ਬਟਨ ਦੱਬਣ ਤਕ ਹੀ ਲੱਗ ਰਿਹੈ। ਕਈ ਕੰਮ ਰਿਮੋਟ ਕੰਟਰੋਲ ਨਾਲ ਹੀ ਕੀਤੇ ਜਾ ਰਹੇ ਨੇ। ਬੰਦਾ ਜ਼ੋਰ ਲਾ ਕੇ ਖੁਰਾਕੀ ਕੈਲਰੀਜ਼ ਬਾਲਣ ਦੀ ਥਾਂ ਤੇਲ ਬਾਲੀ ਜਾ ਰਿਹੈ ਅਤੇ ਬੈਟਰੀਆਂ ਤੇ ਬਿਜਲੀ ਨਾਲ ਬੁੱਤੇ ਸਾਰੀ ਜਾ ਰਿਹੈ। ਬੰਦੇ ਦੇ ਢਿੱਡ `ਚ ਪਾਈਆਂ ਜਾ ਰਹੀਆਂ ਕੈਲੋਰੀਜ਼ ਚਰਬੀ `ਚ ਬਦਲੀ ਜਾ ਰਹੀਆਂ ਹਨ, ਜਿਸ ਨਾਲ ਮੋਟਾਪਾ ਵਧੀ ਜਾ ਰਿਹੈ। ਮਿਹਨਤ ਮੁਸ਼ੱਕਤ ਨਾਲ ਮਾਸਪੇਸ਼ੀਆਂ ਬਣਦੀਆਂ ਹਨ ਜਦਕਿ ਆਲਸ ਤੇ ਵਿਹਲ ਨਾਲ ਚਰਬੀ। ‘ਮੋਟਾਪੇ ਤੋਂ ਮੁਕਤੀ’ ਦਾ ਤੱਤ ਇਹੋ ਹੈ ਕਿ ਚਰਬੀ ਘਟਾਓ, ਮੱਸਲ ਵਧਾਓ। ਖੁਰਾਕ ਵਿਚ ਮਿੱਠਾ ਤੇ ਅਨਾਜ ਘਟਾਓ। ਪ੍ਰੋਟੀਨ, ਵਿਟਾਮਿਨ ਤੇ ਮਿਨਰਲ ਵਧਾਓ। ਪੂਰੀ ਜਾਣਕਾਰੀ ਲਈ ਪੁਸਤਕ ਪੜ੍ਹ ਲੈਣੀ ਚਾਹੀਦੀ ਹੈ, ਜਿਸ ਦਾ ਤਤਕਰਾ ਹੈ:
ਮੋਟਾਪਾ ਇਕ ਸਮੱਸਿਆ, ਮੋਟਾਪਾ: ਇਤਿਹਾਸਕ ਕਾਰਨ, ਮੋਟਾਪਾ: ਅਸਰ, ਆਦਤਾਂ ਨੂੰ ਕਿਵੇਂ ਬਦਲਿਆ ਜਾਵੇ? ਸਰੀਰਕ ਗਿਣਤੀ-ਮਿਣਤੀ, ਕੈਲੋਰੀ ਦੀ ਗਿਣਤੀ, ਖ਼ੁਰਾਕੀ ਸੰਤੁਲਨ, ਪ੍ਰੋਟੀਨ ਫਾਡੀ ਨਹੀਂ ਮੋਢੀ, ਚਰਬੀ ਨਾਇਕ ਜਾਂ ਖਲਨਾਇਕ, ਕਾਰਬ: ਮਿੱਥ ਅਤੇ ਸੱਚ, ਛੋਟੇ ਪੌਸ਼ਟਿਕ ਤੱਤ, ਪਾਣੀ ਅਤੇ ਹੋਰ ਤਰਲ, ਖੁਰਾਕ ਦਾ ਸਮਾਂ ਅਤੇ ਗਿਣਤੀ, ਕਸਰਤ, ਮਸਲੇ ਅਤੇ ਹੱਲ। ਖਾਣਾ ਬਣਾਉਣ ਦਾ ਤਰੀਕਾ, ਕੈਲੋਰੀ ਚਾਰਟ ਦਾ ਇਸਤੇਮਾਲ ਅਤੇ ਸੈਂਪਲ ਡਾਈਟ ਚਾਰਟ ਦਿੱਤੇ ਗਏ ਹਨ।
ਬਹੁਤ ਸਾਰੇ ਲੋਕਾਂ ਨੂੰ ਤਾਂ ਅਜੇ ਤਕ ਇਹ ਵੀ ਨਹੀਂ ਪਤਾ ਕਿ ਮੋਟਾਪਾ ਹੁੰਦਾ ਕਿਉਂ ਹੈ ਤੇ ਮੋਟਾਪੇ ਨਾਲ ਬਿਮਾਰੀਆਂ ਕਿਉਂ ਲੱਗਦੀਐਂ? ਉਨ੍ਹਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਮੋਟਾਪਾ ਅਨੇਕਾਂ ਬਿਮਾਰੀਆਂ ਦੀ ਮਾਂ ਹੈ। ਬਹੁਤੇ ਬਲੱਡ ਪ੍ਰੈਸ਼ਰ, ਸ਼ੂਗਰ ਰੋਗ ਤੇ ਹਾਰਟ ਅਟੈਕ ਮੋਟਾਪੇ ਕਾਰਨ ਹੀ ਹੁੰਦੇ ਹਨ। ਮੋਟਾ ਬੰਦਾ ਆਲਸੀ ਹੋ ਜਾਂਦੈ, ਜਿਸ ਨਾਲ ਕੰਮਾਂ-ਕਾਰਾਂ ਦਾ ਨੁਕਸਾਨ ਹੁੰਦੈ। ਉਹ ਖਾਂਦਾ ਵੱਧ ਐ ਤੇ ਕਮਾਉਂਦਾ ਘੱਟ। ਬਿਮਾਰ ਹੋ ਕੇ ਤਾਂ ਉਹ ਸਮਾਜ `ਤੇ ਦੂਹਰਾ ਭਾਰ ਬਣ ਜਾਂਦੈ। ਬਿਮਾਰ ਬੰਦਾ ਆਪ ਹੀ ਦੁਖੀ ਨਹੀਂ ਹੁੰਦਾ, ਸਗੋਂ ਹੋਰਨਾਂ ਨੂੰ ਵੀ ਦੁਖੀ ਕਰਦੈ। ਇਸ ਲਈ ਆਰੰਭ ਤੋਂ ਹੀ ਸਭ ਨੂੰ ਸਰੀਰਕ ਭਾਰ ਬਾਰੇ ਜਾਗ੍ਰਿਤ ਕਰ ਦੇਣਾ ਚਾਹੀਦੈ। ਸਕੂਲੀ ਪੜ੍ਹਾਈ ਵਿਚ ਵਿਦਿਆਰਥੀਆਂ ਨੂੰ ਦੱਸਿਆ ਜਾਣਾ ਚਾਹੀਦੈ ਕਿ ਮੋਟਾਪੇ ਤੋਂ ਕਿਵੇਂ ਬਚਿਆ ਜਾ ਸਕਦੈ?
ਅਸੀਂ ਅਕਸਰ ਵੇਖਦੇ ਹਾਂ ਕਿ ਸਰੀਰਕ ਕੰਮ ਕਰਨ ਵਾਲਿਆਂ ਨੂੰ ਰੋਗ ਘੱਟ ਜਦ ਕਿ ਬੈਠੇ ਬਿਠਾਏ ਦਿਮਾਗੀ ਕੰਮ ਕਰਨ ਵਾਲੇ ਤੇ ਵਿਹਲੜਾਂ ਨੂੰ ਵੱਧ ਚਿੰਬੜਦੇ ਹਨ। ਡਾਕਟਰਾਂ ਦਾ ਕੱਢਿਆ ਤੱਤ ਹੈ ਕਿ ਖੁਰਾਕ ਦੀ ਘਾਟ ਕਾਰਨ ਘੱਟ ਬਿਮਾਰੀਆਂ ਜਦ ਕਿ ਖੁਰਾਕ ਦੀ ਬਹੁਤਾਤ ਕਾਰਨ ਵੱਧ ਲੱਗਦੀਆਂ ਹਨ। ਹੁਣ ਭੁੱਖ ਨਾਲ ਓਨੇ ਬੰਦੇ ਨਹੀਂ ਮਰ ਰਹੇ, ਜਿੰਨੇ ਵਾਧੂ ਖਾਣ ਨਾਲ ਮਰ ਰਹੇ ਹਨ। ਖਾਧ ਪਦਾਰਥ ਬੇਅੰਤ ਹੋ ਗਏ ਹਨ ਤੇ ਹੋਰ ਵੀ ਹੁੰਦੇ ਜਾਣੇ ਹਨ। ਲੋਕਾਂ ਨੂੰ ਵੱਡੀ ਪੱਧਰ `ਤੇ ਸਿੱਖਿਅਤ ਕਰਨਾ ਪਵੇਗਾ ਕਿ ਉਹ ਕੀ ਖਾਣ ਤੇ ਕੀ ਨਾ ਖਾਣ? ਨਾਲ ਇਹ ਵੀ ਕਿ ਉਹ ਜੋ ਕੁਝ ਖਾਣ, ਪੀਣ ਉਹਦੇ ਨਾਲ ਤਕੜੇ ਤਾਂ ਰਹਿਣ ਪਰ ਮੋਟੇ ਨਾ ਹੋਣ।
ਅਮਰੀਕਾ ਵਿਚ ਇਕ ਸਰਵੇਖਣ ਕੀਤਾ ਗਿਆ ਕਿ ਲੋਕ ਮੋਟੇ ਕਿਉਂ ਹੋ ਰਹੇ ਹਨ? ਨਤੀਜਾ ਨਿਕਲਿਆ 54% ਲੋਕ ਵਾਧੂ ਭੋਜਨ ਕਰਨ ਦੀਆਂ ਭੈੜੀਆਂ ਆਦਤਾਂ ਕਰਕੇ ਤੇ 28% ਕਸਰਤ ਦੀ ਘਾਟ ਕਾਰਨ ਮੋਟੇ ਹੋ ਜਾਂਦੇ ਹਨ। ਬਾਕੀ 18% ਦੇ ਮੋਟੇ ਹੋਣ ਦਾ ਕਾਰਨ ਸਿਹਤ ਸੰਭਾਲ ਤੋਂ ਅਣਜਾਣ ਹੋਣਾ, ਕਸਰਤ ਲਈ ਸਮਾਂ ਨਾ ਕੱਢ ਸਕਣਾ ਅਤੇ ਖਾਣ-ਪੀਣ ਸਮੱਗਰੀ ਦੀ ਇਸ਼ਤਿਹਾਰਬਾਜ਼ੀ ਦੇ ਸਿ਼ਕਾਰ ਹੋ ਕੇ ਜੰਕ ਫੂਡ ਖਾ ਬਹਿਣਾ ਹੈ।
ਦਾਰੂ ਪੀਣਿਆਂ ਨੂੰ ਦੱਸਣਾ ਬਣਦਾ ਹੈ ਕਿ ਦਾਰੂ ਮਿੱਠੇ ਦਾ ਹੀ ਕੈਮੀਕਲੀ ਬਦਲਿਆ ਰੂਪ ਹੈ। ਪਊਆ ਪੀਣ ਦਾ ਮਤਲਬ ਹੈ ਪਾਈਆ ਗੁੜ ਖਾਣਾ। ਜਿਹੜੇ ਪਊਏ ਨਾਲ ਹਜ਼ਾਰ ਦੋ ਹਜ਼ਾਰ ਕੈਲਰੀਜ਼ ਦਾ ਹੋਰ ਉਰਾ-ਪਰਾ ਛਕ ਜਾਂਦੇ ਹਨ ਉਹ ਵਾਧੂ। ਅੱਵਲ ਤਾਂ ਦਾਰੂ ਪੀਣ ਤੋਂ ਪ੍ਰਹੇਜ਼ ਕੀਤਾ ਜਾਵੇ, ਜੇ ਪੀਤੀ ਬਿਨਾਂ ਰਹਿ ਨਹੀਂ ਸਕਦੇ ਤਾਂ ਅੱਧੇ ਪਊਏ ਤੋਂ ਵੱਧ ਨਾ ਪੀਤੀ ਜਾਵੇ ਤੇ ਨਾਲ ਬਹੁਤਾ ਕੁਝ ਨਾ ਖਾਧਾ ਜਾਵੇ।
ਅਖ਼ੀਰ ਉਸ ਭੇਤ ਦਾ ਵੀ ਜਿ਼ਕਰ ਕਰਨਾ ਚਾਹਾਂਗਾ ਜਿਹੜਾ ਇਕ ਪਾਰਟੀ `ਚ ਸਿਆਣੇ ਬਜ਼ੁਰਗ ਨੇ ਖੋਲ੍ਹਿਆ ਸੀ। ਉਹ ਇਕਹਿਰੇ ਜੁੱਸੇ ਦਾ ਹਸਮੁੱਖ ਜਿਊੜਾ ਸੀ, ਜੋ ਮਹਿਫ਼ਲ ਦਾ ਸਿ਼ੰਗਾਰ ਬਣਿਆ ਹੋਇਆ ਸੀ। ਉਹ ਹੋਰਨਾਂ ਪਿਆਕੜਾਂ ਵਾਂਗ ਮੀਟ, ਮੱਛੀ ਤੇ ਪਕੌੜਿਆਂ ਨੂੰ ਮੂੰਹ ਨਹੀਂ ਸੀ ਮਾਰ ਰਿਹਾ, ਨਮਕੀਨ ਨਹੀਂ ਸੀ ਨਿਗਲ ਰਿਹਾ। ਉਹ ਜਾਂਦਾ-ਜਾਂਦਾ ਲੱਖ ਰੁਪਏ ਦੀ ਗੱਲ ਦੱਸ ਗਿਆ ਅਖੇ ਜਿਹੜਾ ਬੰਦਾ ਤੀਜੇ ਪੈੱਗ ਤੇ ਤੀਜੀ ਰੋਟੀ ਨੂੰ ਨਾਂਹ ਕਰ ਸਕਦੈ ਉਹ ਦਸ ਵਰ੍ਹੇ ਵੱਧ ਜਿਉਂ ਸਕਦੈ। ਇਹ ਹੁਣ ਜਿਊਣ ਵਾਲਿਆਂ `ਤੇ ਨਿਰਭਰ ਹੈ ਕਿ ਉਹ ਵੱਧ ਜਿਊਣਾ ਚਾਹੁੰਦੇ ਨੇ ਜਾਂ ਘੱਟ?