ਚੋਣ ਕਮਿਸ਼ਨ ਵੱਲੋਂ ਪੰਜਾਬ ਸਣੇ ਪੰਜ ਸੂਬਿਆਂ ਲਈ ਚੋਣਾਂ ਦਾ ਐਲਾਨ

ਨਵੀਂ ਦਿੱਲੀ: ਪੰਜ ਸੂਬਿਆਂ ਉਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਮਨੀਪੁਰ ਅਤੇ ਗੋਆ ‘ਚ ਵਿਧਾਨ ਸਭਾ ਚੋਣਾਂ 10 ਫਰਵਰੀ ਤੋਂ 7 ਮਾਰਚ ਤੱਕ ਹੋਣਗੀਆਂ। ਵੋਟਾਂ ਦੀ ਗਿਣਤੀ ਅਤੇ ਨਤੀਜੇ 10 ਮਾਰਚ ਨੂੰ ਆਉਣਗੇ। ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰਦਿਆਂ ਕੋਵਿਡ ਦੇ ਵਧਦੇ ਖਤਰੇ ਨੂੰ ਦੇਖਦਿਆਂ ਰੈਲੀਆਂ ਅਤੇ ਰੋਡ ਸ਼ੋਅ ‘ਤੇ 15 ਜਨਵਰੀ ਤੱਕ ਲਈ ਪਾਬੰਦੀ ਲਗਾ ਦਿੱਤੀ ਹੈ।

ਪੰਜਾਬ (117 ਸੀਟਾਂ), ਉੱਤਰਾਖੰਡ (70) ਅਤੇ ਗੋਆ (40 ਸੀਟਾਂ)‘ਚ ਵੋਟਾਂ ਇਕੋ ਦਿਨ 14 ਫਰਵਰੀ ਨੂੰ ਪੈਣਗੀਆਂ ਜਦਕਿ ਯੂਪੀ (403 ਸੀਟਾਂ) ‘ਚ ਸੱਤ ਗੇੜਾਂ ਅਤੇ ਮਨੀਪੁਰ (60 ਸੀਟਾਂ) ‘ਚ ਦੋ ਗੇੜਾਂ ‘ਚ ਵੋਟਿੰਗ ਹੋਵੇਗੀ। ਯੂਪੀ ‘ਚ 10, 14, 20, 23, 27 ਫਰਵਰੀ, 3 ਅਤੇ 7 ਮਾਰਚ ਨੂੰ ਜਦਕਿ ਮਨੀਪੁਰ ‘ਚ 27 ਫਰਵਰੀ ਤੇ 3 ਮਾਰਚ ਨੂੰ ਲੋਕ ਆਪਣੇ ਹੱਕ ਦੀ ਵਰਤੋਂ ਕਰ ਸਕਣਗੇ।
ਪਹਿਲੇ ਗੇੜ (10 ਫਰਵਰੀ) ਦੀਆਂ ਵੋਟਾਂ ਦਾ ਆਗਾਜ਼ ਪੱਛਮੀ ਯੂਪੀ ਤੋਂ ਸ਼ੁਰੂ ਹੋਵੇਗਾ ਅਤੇ ਚੋਣਾਂ ਦਾ ਨੋਟੀਫਿਕੇਸ਼ਨ 14 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ। ਚੋਣ ਤਰੀਕਾਂ ਦੇ ਐਲਾਨ ਨਾਲ ਪੰਜ ਸੂਬਿਆਂ ‘ਚ ਆਦਰਸ਼ ਚੋਣ ਜ਼ਾਬਤਾ ਤੁਰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਕਰੋਨਾ ਦੇ ਖਤਰੇ ਨੂੰ ਦੇਖਦਿਆਂ ਹਰ ਸੂਬੇ ‘ਚ ਵੋਟਿੰਗ ਦਾ ਸਮਾਂ ਇਕ ਘੰਟੇ ਲਈ ਵਧਾ ਦਿੱਤਾ ਗਿਆ ਹੈ। ਚੋਣ ਤਰੀਕਾਂ ਦਾ ਐਲਾਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਰੈਲੀਆਂ, ਰੋਡ ਸ਼ੋਅ, ਨੁੱਕੜ ਸਭਾਵਾਂ, ਪੈਦਲ ਯਾਤਰਾਵਾਂ ਅਤੇ ਵਾਹਨ ਰੈਲੀਆਂ ‘ਤੇ ਪਾਬੰਦੀ ਦੀ ਸਮੀਖਿਆ 15 ਜਨਵਰੀ ਨੂੰ ਕੀਤੀ ਜਾਵੇਗੀ।
ਮਾਹਿਰਾਂ ਵੱਲੋਂ ਫਰਵਰੀ ‘ਚ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਸਿਖਰਾਂ ‘ਤੇ ਹੋਣ ਦੀ ਕੀਤੀ ਗਈ ਪੇਸ਼ੀਨਗੋਈ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਹਾਲਾਤ ਅਣਕਿਆਸੇ ਹਨ ਅਤੇ ਕੋਈ ਵੀ ਭਵਿੱਖ ‘ਚ ਕੋਵਿਡ ਮਰੀਜ਼ਾਂ ਦੀ ਗਿਣਤੀ ਬਾਰੇ ਨਹੀਂ ਦੱਸ ਸਕਦਾ ਹੈ। ਉਨ੍ਹਾਂ ਵੋਟਰਾਂ ਨੂੰ ਭਰੋਸਾ ਦਿੱਤਾ ਕਿ ‘ਕੋਵਿਡ ਸੁਰੱਖਿਅਤ‘ ਚੋਣਾਂ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਹੱਕ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ ‘ਚ ਪੋਲਿੰਗ ਬੂਥਾਂ ‘ਤੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਰੇ ਬੂਥਾਂ ਨੂੰ ਸੈਨੇਟਾਈਜ ਕੀਤਾ ਜਾਵੇਗਾ ਅਤੇ ਪੋਲਿੰਗ ਅਧਿਕਾਰੀਆਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲੱਗੇ ਹੋਣਗੇ। ਕੁੱਲ ਮਿਲਾ ਕੇ ਪੰਜ ਸੂਬਿਆਂ ਦੀਆਂ 690 ਸੀਟਾਂ ‘ਤੇ ਵੋਟਿੰਗ ਹੋਵੇਗੀ ਅਤੇ 8.5 ਕਰੋੜ ਮਹਿਲਾਵਾਂ ਸਮੇਤ 18.3 ਕਰੋੜ ਲੋਕ ਵੋਟ ਪਾਉਣ ਦੇ ਯੋਗ ਹਨ। ਸ੍ਰੀ ਚੰਦਰਾ ਨੇ ਕਿਹਾ,”ਜੇਕਰ ਕੋਈ ਪਾਰਟੀ ਕੋਵਿਡ ਪ੍ਰੋਟੋਕੋਲ ਦਾ ਪਾਲਣ ਨਹੀਂ ਕਰਦੀ ਹੈ ਤਾਂ ਉਸ ਨੂੰ ਅੱਗੇ ਰੈਲੀਆਂ ਤੋਂ ਰੋਕਣ ‘ਚ ਕਮਿਸ਼ਨ ਝਿਜਕੇਗਾ ਨਹੀਂ।“
ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਲਈ ਸਖਤ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਕੀਤਾ ਹੈ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਘਰ-ਘਰ ਜਾ ਕੇ ਸਿਰਫ ਪੰਜ ਵਿਅਕਤੀ ਹੀ ਪ੍ਰਚਾਰ ਕਰ ਸਕਣਗੇ ਅਤੇ ਜੇਕਰ ਰੈਲੀਆਂ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਉਥੇ ਹਾਜਰੀ ਭਰਨ ਵਾਲੇ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਸਿਆਸੀ ਪਾਰਟੀਆਂ ਵੱਲੋਂ ਮੁਹੱਈਆ ਕਰਵਾਏ ਜਾਣਗੇ। ਚੋਣ ਕਮਿਸ਼ਨ ਨੇ ਜਿੱਤ ਦੇ ਜਸ਼ਨਾਂ ‘ਤੇ ਵੀ ਪਾਬੰਦੀ ਲਗਾਈ ਹੈ ਅਤੇ ਕਿਹਾ ਹੈ ਕਿ ਚੋਣ ਜਿੱਤਣ ਵਾਲੇ ਉਮੀਦਵਾਰਾਂ ਨਾਲ ਸਿਰਫ ਦੋ ਵਿਅਕਤੀ ਹੀ ਸਰਟੀਫਿਕੇਟ ਲੈਣ ਲਈ ਜਾਣਗੇ। ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਚੋਣਾਂ ਵਾਲੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਕਿਹਾ ਹੈ ਕਿ ਉਹ ਟੀਕਾਕਰਨ ਮੁਹਿੰਮ ‘ਚ ਤੇਜੀ ਲਿਆਉਣ।
ਸ੍ਰੀ ਚੰਦਰਾ ਨੇ ਕਿਹਾ,”ਪੰਜ ਸੂਬਿਆਂ ‘ਚ 15 ਕਰੋੜ ਤੋਂ ਜਿਆਦਾ ਲੋਕਾਂ ਨੂੰ ਕਰੋਨਾ ਤੋਂ ਬਚਾਅ ਸਬੰਧੀ ਵੈਕਸੀਨ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ ਜਦਕਿ 9 ਕਰੋੜ ਤੋਂ ਵੱਧ ਲੋਕਾਂ ਨੂੰ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ।“ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਲਈ ਦੂਰਦਰਸ਼ਨ ‘ਤੇ ਪ੍ਰਚਾਰ ਦਾ ਸਮਾਂ ਵੀ ਦੁੱਗਣਾ ਕਰ ਦਿੱਤਾ ਹੈ। ਚੋਣ ਕਮਿਸ਼ਨਰਾਂ ਰਾਜੀਵ ਕੁਮਾਰ ਅਤੇ ਅਨੂਪ ਚੰਦਰ ਪਾਂਡੇ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਚੰਦਰਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਿੰਨਾ ਸੰਭਵ ਹੋ ਸਕੇ ਵਰਚੁਅਲੀ ਅਤੇ ਡਿਜੀਟਲੀ ਆਪਣਾ ਪ੍ਰਚਾਰ ਕਰਨ। ਪੰਜ ਸੂਬਿਆਂ ਵਿਚ ਹੋ ਰਹੀ ਚੋਣ ਪ੍ਰਕਿਰਿਆ ਲਈ ਸੁਰੱਖਿਆ ਯਕੀਨੀ ਬਣਾਉਣ ਖਾਤਰ 50 ਹਜ਼ਾਰ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀ.ਏ.ਪੀ.ਐਫ.) ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਿਚੋਂ ਜ਼ਿਆਦਾਤਰ ਯੂਪੀ ਭੇਜੇ ਜਾਣਗੇ ਜਿੱਥੇ ਸਭ ਤੋਂ ਵੱਧ 403 ਸੀਟਾਂ ਉਤੇ ਚੋਣਾਂ ਹਨ ਜੋ ਕਿ ਸੱਤ ਗੇੜਾਂ ਵਿਚ ਹੋਣਗੀਆਂ।
ਆਦਰਸ਼ ਚੋਣ ਜ਼ਾਬਤਾ ਲਾਗੂ
ਚੰਡੀਗੜ੍ਹ: ਪੰਜਾਬ ਸਮੇਤ 5 ਰਾਜਾਂ ‘ਚ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਤੁਰਤ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਪੰਜਾਬ ‘ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਤੇ ਇਸ ਬਾਰੇ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਰਾਜੂ ਨੇ ਕਿਹਾ ਕਿ ਚੋਣਾਂ ਦੌਰਾਨ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਤੇ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਅਰਧ-ਸੈਨਿਕ ਬਲਾਂ ਦੀਆਂ 125 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ, ਜਿਨ੍ਹਾਂ ‘ਚੋਂ 75 ਕੰਪਨੀਆਂ ਆ ਗਈਆਂ ਹਨ। ਪੰਜਾਬ ਦੇ ਚੋਣ ਪ੍ਰੋਗਰਾਮ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ 21 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਤੇ 117 ਵਿਧਾਨ ਸਭਾ ਹਲਕਿਆਂ ਲਈ 14 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।