ਬਿਨਾਂ ਮੁੱਖ ਮੰਤਰੀ ਚਿਹਰੇ ਦੇ ਚੋਣ ਮੈਦਾਨ ਵਿਚ ਨਿੱਤਰੇਗੀ ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਉਹ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਬਿਨਾਂ ਹੀ ਲੜੇਗੀ। ਪਾਰਟੀ ਵੱਲੋਂ ਇਹ ਫੈਸਲਾ ਮੁੱਖ ਮੰਤਰੀ ਦੇ ਚਿਹਰਿਆਂ ਲਈ ਮਜ਼ਬੂਤ ਉਮੀਦਵਾਰ ਨਾ ਹੋਣਾ ਦੱਸਿਆ ਜਾ ਰਿਹਾ ਹੈ।

ਪਾਰਟੀ ਅੰਦਰਲੇ ਸੂਤਰਾਂ ਨੇ ਦੱਸਿਆ ਕਿ ਇਸ ਦਾ ਫੈਸਲਾ ਚੋਣ ਨਤੀਜਿਆਂ ਤੋਂ ਬਾਅਦ ਲਿਆ ਜਾਵੇਗਾ ਅਤੇ ਕਾਂਗਰਸ ਵਿਧਾਇਕ ਦਲ ਹਾਈ ਕਮਾਨ ਨਾਲ ਵਿਚਾਰ ਚਰਚਾ ਤੋਂ ਬਾਅਦ ਨਵੇਂ ਆਗੂ ਦਾ ਫੈਸਲਾ ਕਰੇਗਾ। ਦੂਜੇ ਪਾਸੇ ਪੰਜਾਬ ਤੇ ਉੱਤਰਾਖੰਡ ਵਿਚਲੇ ਕਾਂਗਰਸ ਆਗੂ ਚਾਹੁੰਦੇ ਹਨ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਚਿਹਰਾ ਐਲਾਨਿਆ ਜਾਵੇ।
ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹਮਾਇਤੀ ਚਾਹੁੰਦੇ ਹਨ ਕਿ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨੇ ਪਰ ਪਾਰਟੀ ਦਾ ਕਹਿਣਾ ਹੈ ਕਿ ਉਹ ਚੋਣਾਂ ਦੇ ਮੱਦੇਨਜਰ ਹੋਰਨਾਂ ਧੜਿਆਂ ਨੂੰ ਨਾਰਾਜ਼ ਕਰਨ ਦਾ ਜੋਖਮ ਨਹੀਂ ਲੈਣਾ ਚਾਹੁੰਦੀ। ਪੰਜਾਬ ‘ਚ ਮੁੜ ਸੱਤਾ ‘ਚ ਆਉਣ ਅਤੇ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਕਾਂਗਰਸ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ।
ਉੱਤਰ ਪ੍ਰਦੇਸ ਨੂੰ ਛੱਡ ਕੇ ਤਿੰਨ ਰਾਜਾਂ ਉੱਤਰਾਖੰਡ, ਗੋਆ ਤੇ ਮਨੀਪੁਰ ‘ਚ ਕਾਂਗਰਸ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ ਹੈ ਜਦਕਿ ਪੰਜਾਬ ‘ਚ ਕਾਂਗਰਸ ਦਾ ਮੁਕਾਬਲਾ ਅਕਾਲੀ ਦਲ-ਬਸਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਨਾਲ ਹੈ। ਉੱਤਰ ਪ੍ਰਦੇਸ਼ ‘ਚ ਕਾਂਗਰਸ ਮੁੱਖ ਪਾਰਟੀ ਨਹੀਂ ਹੈ ਪਰ ਉਹ ਮੁਕਾਬਲੇ ‘ਚ ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਅੱਗੇ ਰਹਿਣਾ ਚਾਹੁੰਦੀ ਹੈ। ਗੋਆ ‘ਚ ਕਾਂਗਰਸ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਇਸ ਦੇ ਤਕਰੀਬਨ ਸਾਰੇ ਵਿਧਾਇਕ ਪਾਰਟੀ ਛੱਡ ਕੇ ਜਾ ਚੁੱਕੇ ਹਨ। ਗੋਆ ‘ਚ ਪਾਰਟੀ ਕੋਲ ਤਿੰਨ ਸਾਬਕਾ ਮੁੱਖ ਮੰਤਰੀ ਦਿਗਾਂਬਰ ਕਾਮਤ, ਪ੍ਰਤਾਪ ਸਿੰਘ ਰਾਣੇ ਤੇ ਫਰਾਂਸਿਸਕੋ ਸਰਦਿਨਹਾ ਹਨ ਪਰ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਸਰਦਿਨਹਾ ਇਨ੍ਹਾਂ ‘ਚੋਂ ਸਭ ਤੋਂ ਅੱਗੇ ਚੱਲ ਰਹੇ ਹਨ। ਮਨੀਪੁਰ ‘ਚ ਵੀ ਕਾਂਗਰਸ ਵੱਡੇ ਸੰਕਟ ‘ਚ ਹੈ ਪਰ ਜੇਕਰ ਇੱਥੇ ਪਾਰਟੀ ਚੋਣ ਜਿੱਤ ਕੇ ਸੱਤਾ ‘ਚ ਆਉਂਦੀ ਹੈ ਤਾਂ ਓਕਰਾਮ ਇਬੋਬੀ ਸਿੰਘ ਮੁੱਖ ਮੰਤਰੀ ਦੇ ਅਹੁਦੇ ਲਈ ਮੁੜ ਦਾਅਵੇਦਾਰ ਹੋ ਸਕਦੇ ਹਨ ਪਰ ਪਾਰਟੀ ਨੇ ਅਜੇ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਹੈ। ਪਾਰਟੀ ਇਸ ਉੱਤਰ-ਪੂਰਬੀ ਰਾਜ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੂੰ ਇੱਥੋਂ ਦੇ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ। ਪਿਛਲੀਆਂ ਚੋਣਾਂ ਦੇ ਨਤੀਜਿਆਂ ਮਗਰੋਂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਬਾਵਜੂਦ ਕਾਂਗਰਸ ਮਨੀਪੁਰ ‘ਚ ਸਰਕਾਰ ਨਹੀਂ ਬਣਾ ਸਕੀ ਸੀ।
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ‘ਚ ਪਾਰਟੀ ਦਾ ਮੁੱਖ ਚਿਹਰਾ ਹਨ ਪਰ ਪਾਰਟੀ ਵੱਲੋਂ ਇਥੇ ਵੀ ਕਿਸੇ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ। ਉੱਤਰ ਪ੍ਰਦੇਸ਼ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਬਾਕੀ ਸੂਬਿਆਂ ਮੁਕਾਬਲੇ ਬਹੁਤ ਘੱਟ ਹੈ।