ਸੋਨੂ ਸੂਦ ਦੀ ਭੈਣ ਕਾਂਗਰਸ ਵਿਚ ਸ਼ਾਮਲ

ਮੋਗਾ: ਬੌਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਕਾਰਜਾਂ ਕਰਕੇ ਕੌਮਾਂਤਰੀ ਪੱਧਰ ‘ਤੇ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਲੰਮੀ ਜੱਕੋ-ਤੱਕੀ ਮਗਰੋਂ ਆਖਰਕਾਰ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇਥੇ ਮਾਲਵਿਕਾ ਦੀ ਰਿਹਾਇਸ਼ ‘ਤੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ।

ਇਸ ਮੌਕੇ ਸਿੱਧੂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੇ ਸਵਾਲ ਤੋਂ ਕਿਨਾਰਾ ਕਰ ਗਏ ਪਰ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਜ਼ਮਾਨਤ ਭਾਵੇਂ ਮਿਲ ਗਈ ਹੈ ਪਰ ਮਜੀਠੀਆ ਖਿਲਾਫ ਹਾਲੇ ਕੇਸ ਬਾਕੀ ਹੈ। ਮੋਗਾ ਤੋਂ ਮਾਲਵਿਕਾ ਨੂੰ ਟਿਕਟ ਦੇਣ ਦੀ ਚਰਚਾ ਨਾਲ ਕਾਂਗਰਸ ਦੇ ਦੋਫਾੜ ਹੋਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕ ਡਾ. ਹਰਜੋਤ ਕਮਲ ਨੂੰ ਜਲਦੀ ਮਨਾ ਲਿਆ ਜਾਵੇਗਾ। ਇਸ ਦੌਰਾਨ ਕਾਂਗਰਸ ਵਿਧਾਇਕ ਡਾ. ਹਰਜੋਤ ਕਮਲ ਨੇ ਸਮਰਥਕਾਂ ਨਾਲ ਆਪਣੇ ਨਿਵਾਸ ਤੋਂ ਚੌਕ ਤੱਕ ਰੋਹ ਭਰਪੂਰ ਮਾਰਚ ਵੀ ਕੱਢਿਆ। ਮਾਲਵਿਕਾ ਦੇ ਕਾਂਗਰਸ ‘ਚ ਸ਼ਾਮਲ ਹੋਣ ਸਮੇਂ ਸੋਨੂ ਸੂਦ ਘਰ ਵਿਚ ਮੌਜੂਦ ਸਨ ਪਰ ਉਹ ਵਿਹੜੇ ‘ਚ ਨਹੀਂ ਆਏ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਲਵਿਕਾ ਦੀ ਪਾਰਟੀ ‘ਚ ਸ਼ਮੂਲੀਅਤ ਨੂੰ ਸ਼ੁਭ ਸ਼ਗਨ ਕਰਾਰ ਦਿੰਦਿਆਂ ਆਖਿਆ ਕਿ ਨਾਮਵਰ ਪਰਿਵਾਰ ਦੀ ਨੇਕ ਲੜਕੀ ਨੂੰ ਪਾਰਟੀ ਵੱਲੋਂ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।