‘ਪੰਜਾਬ ਟਾਈਮਜ਼’ ਦੇ 20 ਜੁਲਾਈ ਵਾਲੇ ਅੰਕ ਵਿਚ ‘ਪਾਠਕਾਂ ਦੀ ਗੱਲ’ ਕਾਲਮ ਹੇਠ ਸ਼ ਕਮਿੱਕਰ ਸਿੰਘ ਹੇਵਰਡ ਨੇ ‘ਪੰਜਾਬ ਟਾਈਮਜ਼’ ਨੂੰ ਕੁਝ ਸਵਾਲ ਪੁੱਛੇ। ਮੈਂ ਸਵਾਲ ਪੜ੍ਹ ਕੇ ਬੜਾ ਹੈਰਾਨ ਹੋਇਆ ਅਤੇ 3 ਅਗਸਤ ਵਾਲੇ ਅੰਕ ਵਿਚ ਸ਼ ਭੁਪਿੰਦਰ ਪੰਧੇਰ ਨੇ ਫੇਰ ਉਹੀ ਗੱਲ ਚੁੱਕੀ। ਅਸਲ ਵਿਚ ਸਾਡੀ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈ। ਅਸੀਂ ਕਈ ਵਾਰ ਨਾ ਚਾਹੁੰਦੇ ਹੋਏ ਵੀ ਦੋਹਰਾ ਕਿਰਦਾਰ ਨਿਭਾ ਜਾਂਦੇ ਹਾਂ। ਇਕ ਪਾਸੇ ਅਸੀਂ ਉਹਲੇ ਹੋ ਕੇ ਮਾੜੇ ਨੂੰ ਮਾੜਾ ਕਹਿ ਰਹੇ ਹੁੰਦੇ ਹਾਂ, ਦੂਜੇ ਪਾਸੇ ਲੋੜ ਪੈਣ ‘ਤੇ, ਜਾਂ ਕਿਸੇ ਹੋਰ ਕਾਰਨ ਕਰ ਕੇ ਅਸੀਂ ਕੁਝ ਨਹੀਂ ਬੋਲਦੇ; ਚੁੱਪ ਰਹਿੰਦੇ ਹਾਂ। ਇਸੇ ਕਰ ਕੇ ਹੀ ਤਾਂ ਅਸੀਂ ਭਾਰਤ ਵਿਚ ਕੋਈ ਵੀ ਸਿਸਟਮ ਠੀਕ ਢੰਗ ਨਾਲ ਨਹੀਂ ਚਲਾ ਸਕੇ।æææ ਇਕ ਪਾਸੇ ਤਾਂ ਅਸੀਂ ਸਾਰੇ ਸਿਆਸਤਦਾਨਾਂ ਨੂੰ ਗਲਤ ਸਾਬਤ ਕਰਨ ਲੱਗੇ ਹੋਏ ਹਾਂ, ਕਿਉਂਕਿ ਸਾਡਾ ਸਾਰਿਆਂ ਦਾ ਪੰਜਾਬ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ, ਅਸੀਂ ਉਸ ਬਾਰੇ ਫਿਕਰ ਕਰਦੇ ਹਾਂ; ਪਰ ਇਨ੍ਹਾਂ ਸਿਆਸਤਦਾਨਾਂ ਨੇ ਉਥੇ ਕੀ ਕੁਝ ਨਹੀਂ ਕੀਤਾ! ਇਹ ਬਹੁਤ ਲੰਬਾ ਚੈਪਟਰ ਹੈ। ਇਸ ਬਾਰੇ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਜਦੋਂ ਇਹੋ ਸਿਆਸਤਦਾਨ ਅਮਰੀਕਾ ਪਹੁੰਚਦੇ ਹਨ ਤਾਂ ਅਸੀਂ ਇਨ੍ਹਾਂ ਦੀ ਚਮਚਾਗਿਰੀ ਹੀ ਨਹੀਂ ਕਰਦੇ ਸਗੋਂ ਇਨ੍ਹਾਂ ਦੀਆਂ ਝੋਲੀਆਂ ਮਾਇਆ ਨਾਲ ਹੀ ਭਰਦੇ ਹਾਂ। ਇਹੋ ਹਾਲ ਅਖਾਉਤੀ ‘ਸਾਧਾਂ-ਸੰਤਾਂ’ ਦਾ ਹੈ। ਸੰਤ ਮਹਾਂਪੁਰਖ ਜਿਹੜੇ ਸੱਚਮੁੱਚ ਹੀ ਸੰਤ ਮਹਾਂਪੁਰਖ ਹਨ, ਉਹ ਬਾਹਰਲੇ ਮੁਲਕਾਂ ਵਿਚ ਨਹੀਂ ਭਟਕਦੇ ਫਿਰਦੇ। ਉਨ੍ਹਾਂ ਦੇ ਕਰਨ ਲਈ ਤਾਂ ਪੰਜਾਬ ਵਿਚ ਹੀ ਬਥੇਰਾ ਕੰਮ ਹੈ। ਰਹੀ ਗੱਲ ਉਨ੍ਹਾਂ ਦੇ ਪੰਜਾਬ ਟਾਈਮਜ਼ ਦੇ ਦਫਤਰ ਆਉਣ ਦੀ। ਜਿਨ੍ਹਾਂ ਨੂੰ ਸੱਚ ਨਾਲ ਪਿਆਰ ਹੋਵੇਗਾ, ਉਹ ਆਪ ਹੀ ‘ਪੰਜਾਬ ਟਾਈਮਜ਼’ ਦੇ ਦਫ਼ਤਰ ਪੁੱਜ ਜਾਣਗੇ। ਸਾਨੂੰ ਮਾਣ ਹੈ ਕਿ ਜੰਮੂ ਸਾਹਿਬ ਕਿਸੇ ਵੀ ਸਿਆਸਤਦਾਨ ਨੂੰ ਆਪਣੇ ਦਫ਼ਤਰ ਬੁਲਾਉਣ ਲਈ, ਅਖ਼ਬਾਰ ਵਿਚ ਫੋਟੋਆਂ ਲਵਾਉਣ ਲਈ ਅਤੇ ਆਪਣੀ ਵਾਹ-ਵਾਹ ਕਰਵਾਉਣ ਲਈ ਕਿਸੇ ਦੀ ਮਿੰਨਤ ਨਹੀਂ ਕਰਨਗੇ।æææ ਤੇ ਕਰਨ ਵੀ ਕਿਉਂ? ਕਿਉਂ ਉਨ੍ਹਾਂ ਦੇ ਪੈਰ ਚੱਟੇ ਜਾਣ ਜਿਹੜੇ ਸਾਡੀ ਪਸੰਦ ਨਹੀਂ।
ਅਸੀਂ ਸਾਰੇ ‘ਪੰਜਾਬ ਟਾਈਮਜ਼’ ਨੂੰ ਬੜਾ ਪਿਆਰ ਕਰਦੇ ਹਾਂ, ਤੇ ਇਹਨੂੰ ਪੜ੍ਹੇ ਬਗੈਰ ਨਹੀਂ ਰਹਿ ਸਕਦੇ। ਸ਼ ਅਮੋਲਕ ਸਿੰਘ ਜੰਮੂ ਬਾਰੇ ਅਖ਼ਬਾਰ ਵਿਚ ਸਮੇਂ ਸਮੇਂ ਬਹੁਤ ਕੁਝ ਲੇਖਕਾਂ ਨੇ ਲਿਖਿਆ, ਪਰ ਅਜੇ ਵੀ ਬਹੁਤ ਲੋਕ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਬਹੁਤਾ ਕੁਝ ਨਹੀਂ ਜਾਣਦੇ। ਮੈਂ ਉਨ੍ਹਾਂ ਨੂੰ ਉਦੋਂ ਤੋਂ ਜਾਣਦਾ ਹਾਂ, ਜਦੋਂ ਇਨ੍ਹਾਂ ਨੇ ਅਜੇ ਅਖ਼ਬਾਰ ਨਹੀਂ ਸੀ ਕੱਢਿਆ। ਹੋ ਸਕਦਾ ਹੈ, ਉਦੋਂ ਇਨ੍ਹਾਂ ਦੇ ਦਿਮਾਗ ਵਿਚ ਜ਼ਰੂਰ ਅਜਿਹਾ ਕੋਈ ਪ੍ਰੋਜੈਕਟ ਘੁੰਮ ਰਿਹਾ ਹੋਵੇਗਾ! ਪਰ ਇਕ ਗੱਲ ਤਾਂ ਉਦੋਂ ਵੀ ਅੱਜ ਵਾਂਗ ਹੀ ਸਾਫ ਸੀ ਕਿ ਉਹ ਕਿਸੇ ਦੇ ਪੈਰਾਂ ਥੱਲੇ ਆਪਣੇ ਹੱਥ ਦੇ ਕੇ ਕਿਸੇ ਨੂੰ ਘਰ ਨਹੀਂ ਬੁਲਾਉਣਗੇ। ਇਸੇ ਕਰ ਕੇ ਅਸੀਂ ਇਨ੍ਹਾਂ ਤੋਂ ਸਦਕੇ ਜਾਂਦੇ ਹਾਂ।
-ਬਲਜੀਤ ਸਿੰਘ ਸਿੱਧੂ, ਸ਼ਿਕਾਗੋ।
Leave a Reply