ਉਤਰ ਪ੍ਰਦੇਸ਼ ਵਿਚ ਬਗਾਵਤ: ਭਾਜਪਾ ਨੂੰ ਤ੍ਰੇਲੀਆਂ ਆਈਆਂ

ਲਖਨਊ: ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਭਾਜਪਾ ਖਿਲਾਫ ਬਣ ਰਹੇ ਮਾਹੌਲ ਨੇ ਭਗਵਾ ਧਿਰ ਨੂੰ ਤ੍ਰੇਲੀਆਂ ਲਿਆ ਦਿੱਤੀਆਂ ਹਨ। ਸੂਬੇ ਵਿਚ ਚੋਣਾਂ ਦਾ ਐਲਾਨ ਹੁੰਦੇ ਹੀ ਸੱਤਾਧਾਰੀ ਧਿਰ ਦੇ ਇਕ ਮੰਤਰੀ ਅਤੇ ਵਿਧਾਇਕ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ 3 ਹੋਰ ਵਿਧਾਇਕ ਤਿਆਰੀ ਕਰੀ ਬੈਠੇ ਹਨ।

ਯੋਗੀ ਸਰਕਾਰ ‘ਚ ਕਿਰਤ ਤੇ ਰੁਜ਼ਗਾਰ ਮੰਤਰੀ ਓ.ਬੀ.ਸੀ. ਆਗੂ ਸਵਾਮੀ ਪ੍ਰਸਾਦ ਮੌਰਿਆ ਨੇ ਸੂਬਾਈ ਕੈਬਨਿਟ ‘ਚੋਂ ਅਸਤੀਫਾ ਦੇਣ ਦੇ ਕੁਝ ਪਲ ਬਾਅਦ ਹੀ ਟਿੰਡਵਾੜੀ ਤੋਂ ਵਿਧਾਇਕ ਬ੍ਰਜੇਸ਼ ਪ੍ਰਜਾਪਤੀ, ਤਿਲਹਰ ਤੋਂ ਰੌਸ਼ਨ ਲਾਲ ਵਰਮਾ ਤੇ ਬਿਲਹੌਰ ਤੋਂ ਵਿਧਾਇਕ ਭਗਵਤੀ ਸਾਗਰ ਨੇ ਵੀ ਭਗਵਾ ਧਿਰ ਖਿਲਾਫ ‘ਬਗਾਵਤ‘ ਕਰ ਦਿੱਤੀ। ਇਸ ਦੌਰਾਨ ਇਕ ਹੋਰ ਮੰਤਰੀ ਧਰਮ ਸਿੰਘ ਸੈਣੀ ਦੇ ਵੀ ਮੌਰਿਆ ਦੀ ਹਮਾਇਤ ‘ਚ ਭਾਜਪਾ ਤੇ ਸੂਬਾਈ ਕੈਬਨਿਟ ਛੱਡਣ ਦੀਆਂ ਰਿਪੋਰਟਾਂ ਹਨ। ਇਹ ਆਗੂ ਯੋਗੀ ਸਰਕਾਰ ਵੱਲੋਂ ਦਲਿਤਾਂ, ਪੱਛੜਿਆਂ, ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਛੋਟੇ ਤੇ ਮਝੋਲੇ ਕਾਰੋਬਾਰੀਆਂ ਨੂੰ ਲਗਾਤਾਰ ਨਜ਼ਰ-ਅੰਦਾਜ਼ ਕਰਨ ਤੋਂ ਖਫਾ ਹਨ।
ਉਤਰ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਮਹੱਤਵਪੂਰਨ ਆਗੂਆਂ ਨੂੰ ਆਪਣੇ ਵਿਚ ਸ਼ਾਮਲ ਕਰ ਕੇ ਜੇਤੂ ਹੋਣ ਦਾ ਪ੍ਰਭਾਵ ਸਿਰਜਣ ਵਿਚ ਸਫਲਤਾ ਹਾਸਲ ਕੀਤੀ ਸੀ। ਇਨ੍ਹਾਂ ਵਿਚ ਕਾਂਗਰਸ ਦੀ ਵੱਡੀ ਆਗੂ ਰੀਟਾ ਬਹੁਗੁਣਾ ਅਤੇ ਬਹੁਜਨ ਸਮਾਜ ਪਾਰਟੀ ਦੇ ਤਤਕਾਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸਵਾਮੀ ਪ੍ਰਸਾਦ ਮੌਰਿਆ ਸ਼ਾਮਲ ਸਨ। ਇਸ ਵਾਰ ਸਮਾਜਵਾਦੀ ਪਾਰਟੀ ਨੇ ਭਾਜਪਾ ਨਾਲ ਉਹੀ ਖੇਡ ਬਰਾਬਰੀ ਉਤੇ ਖੇਡਣ ਦਾ ਮਨ ਬਣਾ ਲਿਆ ਲੱਗਦਾ ਹੈ। ਕੁਝ ਸਿਆਸੀ ਮਾਹਿਰਾਂ ਅਨੁਸਾਰ ਇਹ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਵਿਗੜਦੀ ਖੇਡ ਦੇ ਸੰਕੇਤ ਹਨ।
ਉਤਰ ਪ੍ਰਦੇਸ਼ ਵਿਚ 403 ਸੀਟਾਂ ਵਾਸਤੇ ਵੋਟਾਂ ਸੱਤ ਪੜਾਵਾਂ ਵਿਚ, ਭਾਵ 10 ਫਰਵਰੀ ਤੋਂ 7 ਮਾਰਚ ਤੱਕ ਪੈਣਗੀਆਂ। ਉਤਰ ਪ੍ਰਦੇਸ਼ ਇਕ ਅਜਿਹਾ ਸੂਬਾ ਹੈ, ਜਿਸ ਦੀਆਂ ਲੋਕ ਸਭਾ ਵਿਚ ਸਭ ਤੋਂ ਜ਼ਿਆਦਾ ਸੀਟਾਂ ਹਨ। ਸੂਬੇ ਦੀ ਆਬਾਦੀ 25 ਕਰੋੜ ਦੇ ਲਗਭਗ ਹੈ। ਇਥੇ ਭਾਜਪਾ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿਚ ਸਰਕਾਰ ਚਲਾ ਰਹੀ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿਥੇ ਭਾਜਪਾ ਨੂੰ 403 ਸੀਟਾਂ ਵਿਚੋਂ 325 ਸੀਟਾਂ ਮਿਲੀਆਂ ਸਨ, ਉਥੇ ਸਮਾਜਵਾਦੀ ਪਾਰਟੀ 47 ਸੀਟਾਂ ਨਾਲ ਦੂਜੇ ਨੰਬਰ ‘ਤੇ ਆਈ ਸੀ ਪਰ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਹਾਸ਼ੀਏ ‘ਤੇ ਚਲੇ ਗਈਆਂ ਸਨ।
ਪੰਜ ਰਾਜਾਂ ਵਿਚੋਂ ਉਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਤੇ ਗੋਆ ਵਿਚ ਭਾਜਪਾ ਦੀ ਹਕੂਮਤ ਹੈ। ਸਿਰਫ ਪੰਜਾਬ ਵਿਚ ਹੀ ਕਾਂਗਰਸ ਪ੍ਰਸ਼ਾਸਨ ਚਲਾ ਰਹੀ ਹੈ। ਇਸ ਤਰ੍ਹਾਂ ਇਨ੍ਹਾਂ ਰਾਜਾਂ ਦੇ ਨਤੀਜੇ ਭਾਜਪਾ ਲਈ ਵੀ ਇਕ ਇਮਤਿਹਾਨ ਹੋਣਗੇ, ਕਿਉਂਕਿ ਇਨ੍ਹਾਂ ਦਾ ਹੀ ਅਸਰ ਲੋਕ ਸਭਾ ਦੀਆਂ 2024 ਵਿਚ ਹੋਣ ਵਾਲੀਆਂ ਚੋਣਾਂ ਉਤੇ ਪਵੇਗਾ। ਮਨੀਪੁਰ ਤੇ ਗੋਆ ਵਿਚ ਚਾਹੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਧ ਸੀਟਾਂ ਪ੍ਰਾਪਤ ਹੋਈਆਂ ਸਨ ਪਰ ਆਪਣੀ ਚੁਸਤ ਯੋਜਨਾਬੰਦੀ ਨਾਲ ਹੋਰਾਂ ਛੋਟੀਆਂ ਪਾਰਟੀਆਂ ਨੂੰ ਨਾਲ ਰਲਾ ਕੇ ਭਾਜਪਾ ਇਨ੍ਹਾਂ ਰਾਜਾਂ ਵਿਚ ਆਪਣੀਆਂ ਸਰਕਾਰਾਂ ਬਣਾਉਣ ਵਿਚ ਕਾਮਯਾਬ ਹੋ ਗਈ ਸੀ। ਇਸ ਵਾਰ ਦੇਖਣਾ ਹੋਵੇਗਾ ਕਿ ਭਾਜਪਾ ਨੂੰ ਇਨ੍ਹਾਂ ਰਾਜਾਂ ਵਿਚ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।