ਵੀਰੇਸ਼ ਕੁਮਾਰ ਭਾਵੜਾ ਪੰਜਾਬ ਦੇ ਡੀ.ਜੀ.ਪੀ. ਨਿਯੁਕਤ

ਚੰਡੀਗੜ੍ਹ: ਪੰਜਾਬ ਸਰਕਾਰ ਨੇ 1987 ਬੈਚ ਦੇ ਸੀਨੀਅਰ ਪੁਲਿਸ ਅਧਿਕਾਰੀ ਵੀਰੇਸ਼ ਕੁਮਾਰ ਭਾਵੜਾ ਨੂੰ ਸੂਬਾਈ ਪੁਲਿਸ ਦਾ ਮੁਖੀ ਨਿਯੁਕਤ ਕਰ ਦਿੱਤਾ ਹੈ। ਸਰਕਾਰ ਵੱਲੋਂ ਉਨ੍ਹਾਂ ਦੀ ਨਿਯੁਕਤੀ ਘੱਟੋ ਘੱਟ ਦੋ ਸਾਲ ਦੇ ਸਮੇਂ ਲਈ ਕੀਤੀ ਗਈ ਹੈ। ਉਹ ਸਿਧਾਰਥ ਚਟੋਪਾਧਿਆਏ ਦੀ ਥਾਂ ਲੈਣਗੇ। ਸ੍ਰੀ ਭਾਵੜਾ ਦੀ ਨਿਯੁਕਤੀ ਯੂ.ਪੀ.ਐਸ.ਸੀ. ਵੱਲੋਂ ਭੇਜੇ ਗਏ ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਪੈਨਲ ਵਿਚੋਂ ਹੀ ਕੀਤੀ ਗਈ ਹੈ।

ਚੰਨੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲਏ ਗਏ ਇਸ ਫੈਸਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਆਈਆਂ ਸੁਰੱਖਿਆ ਖਾਮੀਆਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਹ ਵੀ ਤੈਅ ਸੀ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚੋਣ ਕਮਿਸ਼ਨ ਸੂਬੇ ਦੇ ਪੁਲਿਸ ਮੁਖੀ ਦਾ ਤਬਾਦਲਾ ਕਰੇਗਾ। ਪੰਜਾਬ ਵਿਚ ਸੱਤਾ ਤਬਦੀਲੀ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਖੀ ਦੀ ਆਰਜ਼ੀ ਤਾਇਨਾਤੀ ਹੁੰਦੀ ਆ ਰਹੀ ਹੈ। ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਬਾਅਦ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਨੂੰ ਪੱਕੇ ਤੌਰ ‘ਤੇ ਆਪਣਾ ਮੁਖੀ ਮਿਲ ਗਿਆ ਹੈ।
ਚੰਨੀ ਸਰਕਾਰ ਨੇ ਦਿਨਕਰ ਗੁਪਤਾ ਨੂੰ ਇਸ ਅਹੁਦੇ ਤੋਂ ਲਾਹ ਕੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀ.ਜੀ.ਪੀ. ਤਾਇਨਾਤ ਕੀਤਾ ਸੀ ਤੇ ਸ੍ਰੀ ਸਹੋਤਾ ਨੂੰ ਹਟਾ ਕੇ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀ.ਜੀ.ਪੀ. ਲਾਇਆ ਸੀ।
ਇਸ ਨਿਯੁਕਤੀ ਨਾਲ ਪੰਜਾਬ ਨੂੰ ਤਿੰਨਾਂ ਮਹੀਨਿਆਂ ‘ਚ ਤੀਜਾ ਡੀ.ਜੀ.ਪੀ. ਮਿਲ ਗਿਆ ਹੈ। ਵੀਰੇਸ਼ ਭਾਵੜਾ ਜੋ ਕਿ ਪੁਲਿਸ ਮੈਡਲ ਮੈਰੀਟੋਰੀਅਸ ਸਰਵਿਸ ਅਤੇ ਡਿਸਟਿੰਗੁਇਸ਼ਟ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਦੇ ਐਵਾਰਡੀ ਹਨ, ਨੇ ਪੰਜਾਬ, ਅਸਾਮ ਤੇ ਇੰਟੈਲੀਜੈਂਸ ਬਿਊਰੋ, ਭਾਰਤ ਸਰਕਾਰ ਵਿਚ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾਈ ਹੈ। ਵੀਰੇਸ਼ ਭਾਵੜਾ ਨੇ ਕਿਹਾ ਕਿ ਚੋਣਾਂ ਦਾ ਅਮਲ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਾਲ ਨਾਲ ਉਨ੍ਹਾਂ ਦਾ ਧਿਆਨ ਸੂਬੇ ਵਿਚੋਂ ਨਸ਼ਾਖੋਰੀ ਅਤੇ ਅਤਿਵਾਦ ਨੂੰ ਠੱਲ੍ਹ ਪਾਉਣ ‘ਤੇ ਹੋਵੇਗਾ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਨਵੇਂ ਡੀ.ਜੀ.ਪੀ. ਦੀ ਨਿਯੁਕਤੀ ‘ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਤਿੰਨ ਮਹੀਨਿਆਂ ਦੌਰਾਨ ਤਿੰਨ ਡੀ.ਜੀ.ਪੀ. ਬਦਲਣਾ ਕਾਂਗਰਸ ਦੀ ਨਾਲਾਇਕੀ ਹੈ।