ਫਿਰੋਜ਼ਪੁਰ ਰੈਲੀ: ਮੋਦੀ ਵੱਲੋਂ ਪੁੱਠਾ ਮੁੜਨ ਦੇ ਮਾਮਲੇ ਉਤੇ ਭਖੀ ਸਿਆਸਤ

ਚੰਡੀਗੜ੍ਹ: ਫਿਰੋਜ਼ਪੁਰ ਰੈਲੀ ਲਈ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣਾ ਦੌਰਾ ਵਿਚਾਲੇ ਛੱਡ ਕੇ ਪਰਤਣ ਦੇ ਮਾਮਲੇ ਉਤੇ ਸਿਆਸਤ ਭਖੀ ਹੋਈ ਹੈ। ਭਾਜਪਾ ਵੱਲੋਂ ਜਿਥੇ ਨਰਿੰਦਰ ਮੋਦੀ ਦੀ ‘ਜਾਨ ਨੂੰ ਖਤਰੇ` ਦੀ ਦੁਹਾਈ ਪਾ ਕੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਉਥੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਦੇ ਦੌਰਾ ਵਿਚਾਲੇ ਛੱਡ ਕੇ ਦਿੱਲੀ ਪਰਤਣ ਦਾ ਮੁੱਖ ਕਾਰਨ ਫਿਰੋਜ਼ਪੁਰ ਰੈਲੀ ਲਈ ਲੋਕਾਂ ਦੀ ਭੀੜ ਨਾ ਜੁੜਨਾ ਸੀ।
ਰੈਲੀ ਵਿਚ ਲਾਈਆਂ 70 ਹਜ਼ਾਰ ਕੁਰਸੀਆਂ ‘ਤੇ ਸਿਰਫ 700 ਬੰਦੇ ਹੀ ਬੈਠੇ ਸਨ।

ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ‘ਸੁਰੱਖਿਆ ‘ਚ ਖਾਮੀਆਂ‘ ਦੇ ਨਾਂ ਉਤੇ ਹਲਕੀ ਸਿਆਸਤ ਲਈ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਹਨ। ਉਧਰ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਖਿਆ ਹੈ ਕਿ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿਚ ਖਾਮੀ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ ਅਤੇ ‘ਵੱਡੇ ਅਤੇ ਸਖਤ ਫੈਸਲੇ‘ ਲਏ ਜਾਣਗੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਵਿਚ ਰੈਲੀ ਲਈ ਪੰਜਾਬ ਆਏ ਸਨ ਤੇ ਉਨ੍ਹਾਂ ਦਾ ਜਹਾਜ਼ ਬਠਿੰਡਾ ਹਵਾਈ ਅੱਡੇ ਉਤੇ ਉੱਤਰਿਆ ਸੀ। ਮੌਸਮ ਖਰਾਬ ਹੋਣ ਕਾਰਨ ਉਨ੍ਹਾਂ ਸੜਕ ਰਸਤੇ ਰੈਲੀ ਵਿਚ ਪੁੱਜਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਰਸਤੇ ਵਿਚ ਕਿਸਾਨ ਨੇ ਧਰਨਾ ਲਾਇਆ ਹੋਇਆ ਸੀ, ਜਿਸ ਕਾਰਨ ਪ੍ਰਧਾਨ ਮੰਤਰੀ ਇਥੋਂ ਹੀ ਵਾਪਸ ਪਰਤ ਗਏ ਤੇ ਜਾਂਦੇ-ਜਾਂਦੇ ਆਖ ਗਏ ਹਨ ਕਿ ‘ਉਨ੍ਹਾਂ ਦੀ ਜਾਨ ਮਸਾਂ ਬਚੀ ਹੈ`। ਇਸ ਤੋਂ ਬਾਅਦ ਭਾਜਪਾ ਨੇ ਕਾਂਗਰਸ ਸਰਕਾਰ ਨੂੰ ਘੇਰ ਲਿਆ ਤੇ ਮੋਦੀ ਦੀ ਲੰਮੀ ਉਮਰ ਲਈ ਪੂਜਾ-ਪਾਠ ਸ਼ੁਰੂ ਕਰ ਦਿੱਤੇ ਗਏ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸੂਬਾ ਸਰਕਾਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਖਤਰਾ ਖੜ੍ਹਾ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਨਤਕ ਸਭਾ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਨਾ ਦੇਣਾ ਚੰਨੀ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਲਈ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣਾ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਸੀ, ਜਿਸ ਨੂੰ ਚੰਨੀ ਸਰਕਾਰ ਵੱਲੋਂ ਨਿਭਾਇਆ ਨਹੀਂ ਗਿਆ।
ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਖਾਮੀਆਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰਾ ਵਿਚਾਲੇ ਛੱਡ ਕੇ ਦਿੱਲੀ ਪਰਤਣ ਦਾ ਮੁੱਖ ਕਾਰਨ ਫਿਰੋਜ਼ਪੁਰ ਰੈਲੀ ਲਈ ਲੋਕਾਂ ਦੀ ਭੀੜ ਨਾ ਜੁੜਨਾ ਸੀ। ਉਨ੍ਹਾਂ ਕਿਹਾ ਕਿ ਰੈਲੀ ਵਿਚ ਲਾਈਆਂ 70 ਹਜ਼ਾਰ ਕੁਰਸੀਆਂ ‘ਤੇ ਸਿਰਫ 700 ਬੰਦੇ ਹੀ ਬੈਠੇ ਸਨ। ਕੈਪਟਨ ਅਮਰਿੰਦਰ ਸਿੰਘ ਖਾਲੀ ਕੁਰਸੀਆਂ ਨੂੰ ਹੀ ਸੰਬੋਧਨ ਕਰਦੇ ਰਹੇ। ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਰੈਲੀ ਦੀ ਅਸਫਲਤਾ ਦਾ ਠੀਕਰਾ ਹੁਣ ਪੰਜਾਬ ਸਰਕਾਰ ਸਿਰ ਭੰਨ ਰਹੇ ਹਨ।
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ‘ਸੁਰੱਖਿਆ `ਚ ਖਾਮੀਆਂ` ਦੇ ਨਾਂ ਉਤੇ ਹਲਕੀ ਸਿਆਸਤ ਲਈ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਹਨ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਇਸ ਮੁੱਦੇ ਨੂੰ ਲੈ ਕੇ ਵਿਵਾੜ ਖੜ੍ਹਾ ਕਰ ਰਹੀ ਹੈ, ਜੋ ਜਮਹੂਰੀਅਤ ਲਈ ਖਤਰਨਾਕ ਹੈ। ਖੇੜਾ ਨੇ ਕਈ ਮਿਸਾਲਾਂ ਦੇ ਹਵਾਲੇ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਪਹਿਲਾਂ ਵੀ ਦਿੱਲੀ, ਨੌਇਡਾ ਤੇ ਲਖਨਊ ਵਿਚ ਰੋਕਿਆ ਗਿਆ ਹੈ, ਪਰ ਉਨ੍ਹਾਂ ਉਥੋਂ ਦੇ ਮੁੱਖ ਮੰਤਰੀਆਂ ਨੂੰ ਬਦਨਾਮ ਕਰਨ ਲਈ ਉਹ ਸ਼ਬਦਾਵਲੀ ਨਹੀਂ ਵਰਤੀ ਜੋ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਵਰਤੀ ਸੀ।
ਕਾਂਗਰਸ ਨੇ ਕਿਹਾ ਕਿ ਭਾਜਪਾ ਵੱਲੋਂ ਵਿਉਂਤੀ ਇਸ ਰੈਲੀ ਵਿਚ ‘ਮੋਦੀ ਜੀ` ਨੂੰ ਸੁਣਨ ਲਈ ਕੋਈ ਭੀੜ ਨਹੀਂ ਸੀ। ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਦੂਜੇ ਸਿਰ ਦੋਸ਼ ਮੜ੍ਹਨਾ ਬੰਦ ਕਰਨ ਤੇ ਇਸ ਦੀ ਥਾਂ ਭਗਵਾ ਪਾਰਟੀ ਆਪਣੇ ‘ਕਿਸਾਨ ਵਿਰੋਧੀ` ਰਵੱਈਏ ਨੂੰ ਲੈ ਕੇ ਅੰਤਰਝਾਤ ਮਾਰੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਸੈਨੀਵਾਲਾ ਜਾਣ ਸਮੇਂ ਰਾਹ ਵਿਚ ਸੁਰੱਖਿਆ ‘ਚ ਸੰਨ੍ਹ ਲੱਗਣ ਨੇ ਸਾਬਤ ਕੀਤਾ ਹੈ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ, ਜਿਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਸੂਬੇ ਨੂੰ ਚਲਾਉਣ ਦੇ ਯੋਗ ਤੇ ਸਮਰੱਥ ਨਹੀਂ ਹਨ, ਜਿਸ ਲਈ ਉਨ੍ਹਾਂ ਨੂੰ ਅਹੁਦੇ ‘ਤੇ ਬਣੇ ਰਹਿਣ ਦਾ ਹੁਣ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਸਰਹੱਦੀ ਸੂਬੇ `ਚ ਹਾਲਾਤ ਨਾਜ਼ੁਕ ਬਣੇ: ਕੈਪਟਨ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਰਾਜ ਅੰਦਰ ਅਮਨ-ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਬੁਰੀ ਤਰ੍ਹਾਂ ਨਾਲ ਨਾਕਾਮ ਸਾਬਤ ਹੋਈ ਹੈ ਤੇ ਸਰਕਾਰ ਦੀ ਲਾਪਰਵਾਹੀ ਕਾਰਨ ਸਰਹੱਦੀ ਸੂਬੇ ਅੰਦਰ ਹਾਲਾਤ ਬੇਹੱਦ ਨਾਜੁਕ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ 600 ਕਿੱਲੋਮੀਟਰ ਸਰਹੱਦ ‘ਤੇ ਜਿਥੇ ਪੰਜਾਬ ਨੂੰ ਪਾਕਿਸਤਾਨ ਤੇ ਚੀਨ ਦੀਆਂ ਨਾਪਾਕ ਹਰਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੁਣ ਤਾਲਿਬਾਨੀਆਂ ਦੀ ਵੀ ਸਖਤ ਚੁਣੌਤੀ ਪੰਜਾਬੀਆਂ ਦੇ ਸਾਹਮਣੇ ਹੈ। ਕੈਪਟਨ ਨੇ ਕਿਹਾ ਕਿ ਸੁਰੱਖਿਆ ਦੇ ਮੁੱਦੇ ‘ਤੇ ਪੰਜਾਬ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਹੈ ਤੇ ਕਾਂਗਰਸ ਲੀਡਰਸ਼ਿਪ ਆਪਸ ‘ਚ ਹੀ ਕੁਰਸੀ ਦੀ ਲੜਾਈ ਲੜ ਰਹੀ ਹੈ।
ਭਾਜਪਾ ਆਗੂਆਂ ਨੇ ਮੋਦੀ ਦੀ ਲੰਮੀ ਉਮਰ ਲਈ ਪੂਜਾ ਕੀਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿਚ ਕਥਿਤ ਢਿੱਲ ਦੀ ਘਟਨਾ ਮਗਰੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭਾਜਪਾ ਆਗੂਆਂ ਨੇ ਮੋਦੀ ਦੀ ਲੰਮੀ ਉਮਰ ਲਈ ਮੰਦਰਾਂ ਵਿਚ ਪੂਜਾ ਅਰਚਨਾ ਕੀਤੀ। ਕਈ ਭਾਜਪਾ ਆਗੂਆਂ ਨੇ ਸੋਸ਼ਲ ਮੀਡੀਆ ‘ਤੇ ‘ਲੌਂਗ ਲਿਵ ਮੋਦੀ‘ ਦੇ ਸੁਨੇਹੇ ਵੀ ਦਿੱਤੇ ਹਨ। ਵੇਰਵਿਆਂ ਅਨੁਸਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਦੇ ਗੁਫਾ ਮੰਦਰ ਵਿਚ ਪੂਜਾ ਕੀਤੀ ਤੇ ਭਾਜਪਾ ਦੇ ਕੌਮੀ ਆਗੂ ਬੈਜਯੰਤ ਜੈ ਪਾਂਡਾ ਨੇ ਦਿੱਲੀ ਦੇ ਝੰਡੇਵਾਲਾਂ ਮੰਦਰ ਵਿਚ ਪੂਜਾ ਕਰ ਕੇ ਮੋਦੀ ਦੀ ਲੰਬੀ ਉਮਰ ਲਈ ਕਾਮਨਾ ਕੀਤੀ।
ਪੰਜਾਬ ਨੂੰ ਮਿਲਣ ਵਾਲੇ ਗੱਫੇ ਕਾਂਗਰਸ ਨੇ ਰੋਕੇ: ਭਾਜਪਾ
ਚੰਡੀਗੜ੍ਹ: ਭਾਜਪਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਾਸੀਆਂ ਨੂੰ ਆਪਣੇ ਦੌਰੇ ਦੌਰਾਨ ਚੰਗੇ ਗੱਫੇ ਦੇ ਕੇ ਜਾਣੇ ਸਨ ਪਰ ਪੰਜਾਬ ਦੀ ਚੰਨੀ ਸਰਕਾਰ ਨੇ ਇਸ ‘ਤੇ ਪਾਣੀ ਫੇਰ ਦਿੱਤਾ। ਭਾਜਪਾ ਪੰਜਾਬ ਪ੍ਰਦੇਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਲਈ 39,500 ਕਰੋੜ ਰੁਪਏ ਅਤੇ 1700 ਕਰੋੜ ਨਾਲ ਅੰਮ੍ਰਿਤਸਰ ਊਨਾ ਚਹੁੰ ਮਾਰਗ ਦੇ ਗੱਫੇ ਪੰਜਾਬ ਵਾਸੀਆਂ ਨੂੰ ਦੇਣੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੀ.ਜੀ.ਆਈ. ਸੈਟੇਲਾਈਟ ਸੈਂਟਰ ਫਿਰੋਜ਼ਪੁਰ ਲਈ 490 ਕਰੋੜ ਅਤੇ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਚ 325 ਕਰੋੜ ਦੇ ਦੋ ਮੈਡੀਕਲ ਕਾਲਜ ਪੰਜਾਬ ਵਾਸੀਆਂ ਨੂੰ ਮਿਲਣੇ ਸਨ ਪਰ ਪੰਜਾਬ ਵਿਚ ਚੰਨੀ ਸਰਕਾਰ ਨੇ ਜਾਣਬੁੱਝ ਕੇ ਇਸ ਵਿਚ ਰੁਕਾਵਟ ਪਾਈ।