ਅੱਜ ਦਾ ਪੰਜਾਬ ਤੇ ‘ਸਾਡੀਆਂ ਬੇਚੈਨੀਆਂ ਦਾ ਸਿਆਲ’

ਸਵਰਾਜਬੀਰ
ਫੋਨ: +91-98560-02003
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ, ਇਸ ਦੇ ਨਾਲ ਹੀ ਸਮੁੱਚੇ ਸੂਬੇ ਅੰਦਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਹ ਵੱਖਰੀ ਗੱਲ ਹੈ ਕਿ ਇਹ ਸਰਗਰਮੀਆਂ ਵੋਟਾਂ ਬਟੋਰਨ ਦੇ ਹਿਸਾਬ ਨਾਲ ਹੀ ਹੋ ਰਹੀਆਂ ਹਨ। ਇਸ ਚੋਣ ਸਿਆਸਤ ਵਿਚੋਂ ਅਜੇ ਤੱਕ ਸੂਬੇ ਦੇ ਅਸਲ ਮੁੱਦਿਆਂ ਬਾਰੇ ਕੋਈ ਚਰਚਾ ਤੱਕ ਨਹੀਂ ਹੋ ਰਹੀ। ਉਘੇ ਲੇਖਕ ਸਵਰਾਜਬੀਰ ਨੇ ਆਪਣੇ ਇਸ ਲੇਖ ਵਿਚ ਸੰਸਾਰ ਪ੍ਰਸਿੱਧ ਲੇਖਖ ਜੌਹਨ ਸਟੈਨਬੈਕ ਦੇ ਨਾਵਲ ‘ਸਾਡੀਆਂ ਬੇਚੈਨੀਆਂ ਦਾ ਸਿਆਲ’ ਦੇ ਹਵਾਲੇ ਨਾਲ ਉਸ ਬੇਵਸੀ ਦੀ ਗੱਲ ਕੀਤੀ ਹੈ ਜੋ ਮਿਸਾਲੀ ਕਿਸਾਨ ਅੰਦੋਲਨ ਜਿੱਤਣ ਦੇ ਬਾਵਜੂਦ ਪੰਜਾਬੀਆਂ ਅੰਦਰ ਦਿਸ ਰਹੀ ਹੈ।

ਨੋਬੇਲ ਪੁਰਸਕਾਰ ਜੇਤੂ ਅਮਰੀਕੀ ਨਾਵਲਕਾਰ ਜੌਹਨ ਸਟੈਨਬੈਕ ਨੇ ਆਪਣਾ ਨਾਵਲ ‘ਸਾਡੀਆਂ ਬੇਚੈਨੀਆਂ ਦਾ ਸਿਆਲ (ਵਿੰਟਰ ਆਫ ਅਵਰ ਡਿਸਕਾਂਟੈਂਟ)’ 1961 ਵਿਚ ਪ੍ਰਕਾਸ਼ਿਤ ਕਰਾਇਆ। ਨਾਵਲ ਦਾ ਨਾਂ ਵਿਲੀਅਮ ਸ਼ੇਕਸਪੀਅਰ ਦੇ ਨਾਟਕ ‘ਰਿਚਰਡ ਤੀਜਾ’ ਦੀ ਇਕ ਪੰਕਤੀ ‘ਤੇ ਆਧਾਰਿਤ ਸੀ। ਨਾਵਲ ਵਿਚ ਇਸ ਪੰਕਤੀ ਦੇ ਅਰਥ ਸ਼ੇਕਸਪੀਅਰ ਦੇ ਨਾਟਕ ਦੇ ਸੰਵਾਦ ਵਾਲੇ ਅਰਥਾਂ ਨਾਲ ਮੇਲ ਨਹੀਂ ਖਾਂਦੇ। ਸਟੈਨਬੈਕ ਦਾ ਨਾਵਲ ਦੂਸਰੀ ਆਲਮੀ ਜੰਗ ਤੋਂ ਬਾਅਦ ਦੇ ਅਮਰੀਕੀ ਬੰਦੇ ਦੀ ਨੈਤਿਕ ਦੁਚਿੱਤੀ, ਦੁਬਿਧਾ, ਮਾਨਸਿਕ ਕਸ਼ਮਕਸ਼, ਉਸ ਅੰਦਰਲੇ ਚੰਗੇ ਤੇ ਮਾੜੇ ਤੱਤਾਂ ਵਿਚਕਾਰ ਯੁੱਧ ਅਤੇ ਅਮਰੀਕੀ ਜੀਵਨ ਵਿਚ ਸਫਲਤਾ-ਅਸਫਲਤਾ ਦੇ ਅਰਥਾਂ ਤੇ ਬੇਚੈਨੀਆਂ ਨਾਲ ਜੁੜਿਆ ਹੋਇਆ ਹੈ। ਇਸ ਸਿਆਲ ਵਿਚ, ਇਸ ਵੇਲੇ, ਅਸੀਂ ਪੰਜਾਬੀ ਵੀ ਬੇਚੈਨ ਹਾਂ, ਪਰੇਸ਼ਾਨ ਹਾਂ; ਇਹ ਸਿਆਲ ਸਾਡੀ ਬੇਚੈਨੀ ਦਾ ਸਿਆਲ ਬਣ ਰਿਹਾ ਹੈ।
ਕੋਈ ਇਹ ਦਲੀਲ ਦੇ ਸਕਦਾ ਹੈ ਕਿ ਪੰਜਾਬੀਆਂ ਨੂੰ ਬੇਚੈਨ ਹੋਣ ਦੀ ਕੀ ਜ਼ਰੂਰਤ ਹੈ; ਉਹ ਤਾਂ ਹੁਣੇ ਹੁਣੇ ਕਿਸਾਨ ਅੰਦੋਲਨ ਜਿੱਤ ਕੇ ਹਟੇ ਹਨ; ਉਨ੍ਹਾਂ ਨੇ ਉਸ ਤਾਕਤ ਨੂੰ ਭਾਂਜ ਦਿੱਤੀ ਹੈ ਜਿਹੜੀ ਇਹ ਸਮਝੀ ਬੈਠੀ ਸੀ ਕਿ ਭਾਂਜ ਦੇਣਾ ਤਾਂ ਵੱਡੀ ਗੱਲ, ਉਸ ਨੂੰ ਚੁਣੌਤੀ ਵੀ ਨਹੀਂ ਦਿੱਤੀ ਜਾ ਸਕਦੀ; ਪੰਜਾਬੀਆਂ ਨੂੰ ਖੁਸ਼ ਹੋਣਾ ਅਤੇ ਜਸ਼ਨ ਮਨਾਉਣੇ ਚਾਹੀਦੇ ਹਨ। ਪੰਜਾਬੀਆਂ ਨੇ ਕਿਸਾਨ ਅੰਦੋਲਨ ਦੀ ਜਿੱਤ ‘ਤੇ ਗੌਰਵ ਮਹਿਸੂਸ ਕੀਤਾ ਅਤੇ ਉਸ ਦਾ ਜਸ਼ਨ ਮਨਾਇਆ ਹੈ, ਉਹ ਜਾਣਦੇ ਹਨ ਕਿ ਕਿਸਾਨ ਅੰਦੋਲਨ ਨੇ ਉਨ੍ਹਾਂ ਦਾ ਮਾਣ-ਸਨਮਾਨ ਸਾਰੀ ਦੁਨੀਆ ਵਿਚ ਵਧਾਇਆ ਹੈ ਪਰ ਇਸ ਜਿੱਤ ਦੇ ਕੁਝ ਦਿਨਾਂ ਬਾਅਦ ਪੰਜਾਬੀ ਫਿਰ ਫਿਕਰਮੰਦ ਹਨ।
ਕਿਸਾਨ ਅੰਦੋਲਨ ਦੀ ਜਿੱਤ ਨੈਤਿਕ ਜਿੱਤ ਸੀ ਪਰ ਅਸੀਂ ਅਨੈਤਿਕ ਸੰਸਾਰ ਵਿਚ ਰਹਿੰਦੇ ਹਾਂ; ਸਾਨੂੰ ਇਸ ਅਨੈਤਿਕ ਸੰਸਾਰ ਅਤੇ ਉਥਲ-ਪੁਥਲ ਹੋ ਰਹੇ ਪੰਜਾਬ ਵਿਚ ਇਹ ਸਿਆਲ ਵੀ ਬੇਚੈਨੀ ‘ਚ ਹੀ ਜਿਊਣਾ ਪਵੇਗਾ ਅਤੇ ਆਉਣ ਵਾਲੀਆਂ ਗਰਮੀਆਂ ਅਤੇ ਆਉਣ ਵਾਲੇ ਸਿਆਲਾਂ ਵਿਚ ਵੀ। ਕਿਸਾਨ ਅੰਦੋਲਨ ਦੀ ਯਾਦ ਸਾਨੂੰ ਸਿਆਲਾਂ ਵਿਚ ਆਤਮਿਕ ਨਿੱਘ ਅਤੇ ਗਰਮੀਆਂ ਵਿਚ ਰੂਹਾਨੀ ਛਾਂ ਦਿੰਦੀ ਰਹੇਗੀ; ਹੋਰ ਸੰਘਰਸ਼ ਮਾਹੌਲ ਨੂੰ ਭਖਾਉਂਦੇ ਰਹਿਣਗੇ ਪਰ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਦੇ ਕੁਝ ਹਫਤਿਆਂ ਨੇ ਸਾਨੂੰ ਫਿਰ ਇਸ ਤਲਖ ਹਕੀਕਤ ਦੇ ਰੂ-ਬ-ਰੂ ਕੀਤਾ ਕਿ ਇਹ ਸੰਸਾਰ ਬੇਚੈਨੀਆਂ ਨਾਲ ਭਰਿਆ ਹੈ; ਇਸ ਤੋਂ ਕੋਈ ਛੁਟਕਾਰਾ ਨਹੀਂ। ਪੰਜਾਬੀ ਚਿੰਤਕ ਸਤਿਆਪਾਲ ਗੌਤਮ ਦੇ ਸ਼ਬਦ ਯਾਦ ਆਉਂਦੇ ਹਨ, “ਸਾਡੀ (ਇਕ) ਸੀਮਾ ਸਾਡੇ ਗਿਆਨ ਦਾ ਹਮੇਸ਼ਾ ਸੀਮਤ ਅਤੇ ਅਧੂਰੇ ਹੋਣਾ ਹੈ। ਅਸੀਂ ਕੁਦਰਤ ਅਤੇ ਆਪਣੇ ਆਲੇ-ਦੁਆਲੇ ਤੇ ਆਪਣੇ ਆਪ ਨੂੰ ਕਦੀ ਵੀ ਪੂਰਾ ਜਾਣ-ਸਮਝ ਨਹੀਂ ਸਕਦੇ।” ਬਿਲਕੁਲ ਅਸੀਂ ਆਪਣੇ ਆਪ ਨੂੰ ਪੂਰਾ ਜਾਣ-ਸਮਝ ਨਹੀਂ ਸਕਦੇ ਅਤੇ ਆਪਣੇ ਆਗੂਆਂ ਨੂੰ ਵੀ ਪੂਰੀ ਤਰ੍ਹਾਂ ਸਮਝ ਨਹੀਂ ਸਕਦੇ। ਅਸੀਂ ਕਿਸਾਨ ਅੰਦੋਲਨ ਦੇ ਆਗੂਆਂ ਦੇ ਆਦਰਸ਼ਮਈ ਅਕਸ ਬਣਾਏ ਸਨ। ਕਿਤੇ ਕਿਤੇ ਇਹ ਅਕਸ ਹੁਣ ਤਿੜਕ ਰਹੇ ਹਨ; ਸਾਡੇ ਅੰਦਰੋਂ ਕੁਝ ਤਿੜਕ ਰਿਹਾ ਹੈ; ਕਿਸਾਨ ਅੰਦੋਲਨ ਦੌਰਾਨ ਸਿਰਜਿਆ ਗਿਆ ਪੰਜਾਬ ਦਾ ਅਕਸ ਤਿੜਕ ਰਿਹਾ ਹੈ; ਬੇਚੈਨੀ ਦਾ ਇਹ ਸਿਆਲ ਸਾਡੇ ਸਾਹਮਣੇ ਹੈ।
ਕੀ ਇਸ ਟੁੱਟ-ਭੱਜ ਲਈ ਪੰਜਾਬੀ ਜ਼ਿੰਮੇਵਾਰ ਹਨ? ਨਹੀਂ, ਪੰਜਾਬੀ ਇਸ ਲਈ ਜ਼ਿੰਮੇਵਾਰ ਨਹੀਂ ਹਨ। ਪੰਜਾਬੀ ਰਵਾਇਤੀ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦੀ ਕਾਰਗੁਜ਼ਾਰੀ ਦੇਖ ਚੁੱਕੇ ਸਨ; ਉਨ੍ਹਾਂ ਤੋਂ ਪੰਜਾਬੀਆਂ ਦਾ ਮੋਹ-ਭੰਗ ਹੋ ਚੁੱਕਾ ਸੀ; ਉਨ੍ਹਾਂ ਨੂੰ ਆਸ ਹੈ ਤਾਂ ਕਿਸਾਨ ਆਗੂਆਂ ਤੋਂ, ਕਿ ਉਹ ਪੰਜਾਬ ਲਈ ਅਰਥ-ਭਰਪੂਰ ਭਵਿੱਖ ਸਿਰਜਣਗੇ ਜਾਂ ਭਵਿੱਖ ਦਾ ਕੋਈ ਸੱਜਰਾ ਤੇ ਨਰੋਆ ਨਕਸ਼ਾ ਪੇਸ਼ ਕਰਨਗੇ ਜਾਂ ਸਿਆਸੀ ਪਾਰਟੀਆਂ ਦੀਆਂ ਲੋਕ-ਵਿਰੋਧੀ ਅਤੇ ਪੰਜਾਬ-ਘਾਤੀ ਨੀਤੀਆਂ ਨੂੰ ਨਕੇਲ ਪਾ ਕੇ ਉਨ੍ਹਾਂ ਨੂੰ ਜਵਾਬਦੇਹ ਬਣਾਉਣਗੇ।
ਜੇ ਹਕੀਕੀ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਪੰਜਾਬ ਦਾ ਮਾਹੌਲ, ਜੇ ਅਫਰਾ-ਤਫਰੀ ਵਾਲਾ ਨਹੀਂ ਤਾਂ ਮਨ ਨੂੰ ਅਸ਼ਾਂਤ ਕਰਨ ਵਾਲਾ ਜ਼ਰੂਰ ਹੈ; ਨਸ਼ਿਆਂ ਦਾ ਫੈਲਾਉ ਅਜੇ ਤਕ ਨਹੀਂ ਰੁਕਿਆ; ਪੰਜਾਬੀ ਇਸ ਤੱਥ ਨਾਲ ਸਮਝੌਤਾ ਕਰ ਰਹੇ ਹਨ ਕਿ ਇਸ ਨੇ ਨਹੀਂ ਰੁਕਣਾ। ਬੇਰੁਜ਼ਗਾਰੀ ਅਤੇ ਰਿਸ਼ਵਤਖੋਰੀ ਸਿਖਰਾਂ ‘ਤੇ ਹਨ। ਲੋਕ ਸਰਕਾਰੀ ਦਫਤਰਾਂ, ਥਾਣਿਆਂ ਵਿਚ ਧੱਕੇ ਖਾਂਦੇ, ਰਿਸ਼ਵਤਾਂ ਦਿੰਦੇ ਤੇ ਆਵਾਜ਼ਾਰ ਹੁੰਦੇ ਹਨ। ਸਿਹਤ ਤੇ ਵਿੱਦਿਆ ਖੇਤਰਾਂ ਦੇ ਪ੍ਰਬੰਧ ਕਮਜ਼ੋਰ ਤੇ ਜਰਜਰੇ ਹੋ ਚੁੱਕੇ ਹਨ; ਉਨ੍ਹਾਂ ਦੇ ਸੁਧਰਨ ਦੀ ਉਮੀਦ ਬਹੁਤ ਘੱਟ ਹੈ। ਸਿਆਸੀ ਪਾਰਟੀਆਂ ਨੇ ਪੰਜਾਬੀਆਂ ਨੂੰ ਵਿਕਾਊ ਅਤੇ ਮੁਫਤਖੋਰ ਸਮਝ ਕੇ ਲੋਕ-ਲੁਭਾਊ ਨਾਅਰਿਆਂ ਦੀਆਂ ਝੜੀਆਂ ਲਾ ਦਿੱਤੀਆਂ ਹਨ। ਇਨ੍ਹਾਂ ਹਾਲਾਤ ਵਿਚ ਪੰਜਾਬੀ ਬੰਦਾ ਆਪਣੇ ਹੋਣ-ਥੀਣ ਦੇ ਅਰਥ ਤਲਾਸ਼ਣਾ ਚਾਹੁੰਦਾ ਹੈ, ਆਤਮਿਕ ਸ਼ਾਂਤੀ ਚਾਹੁੰਦਾ ਹੈ; ਉਹ ਅਰਥ ਅਤੇ ਆਤਮਿਕ ਸ਼ਾਂਤੀ ਜੋ ਉਸ ਨੇ ਕਿਸਾਨ ਅੰਦੋਲਨ ਦੌਰਾਨ ਹਾਸਲ ਕੀਤੇ ਸਨ ਪਰ ਸਾਡੇ ਆਗੂਆਂ ਦੀਆਂ ਲਾਲਸਾਵਾਂ ਬਹੁਤ ਵਿਰਾਟ ਅਤੇ ਵੱਡੀਆਂ ਹਨ; ਉਹ ਸਾਨੂੰ ਇਹ ਕਹਿ ਰਹੀਆਂ ਹਨ ਕਿ ਜੋ ਤੁਸੀਂ ਕਿਸਾਨ ਅੰਦੋਲਨ ਦੌਰਾਨ ਹਾਸਲ ਕੀਤਾ ਸੀ, ਅਸੀਂ ਉਹ ਤੁਹਾਡੇ ਤੋਂ ਖੋਹ ਲੈਣਾ ਹੈ। ਪੰਜਾਬੀ ਉਸ ਸਮਾਜਿਕ, ਆਤਮਿਕ ਅਤੇ ਸਭਿਆਚਾਰਕ ਪੂੰਜੀ, ਜਿਹੜੀ ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਕਮਾਈ ਸੀ, ਨੂੰ ਸਾਂਭ ਕੇ ਰੱਖਣਾ ਚਾਹੁੰਦੇ ਹਨ ਪਰ ਸਾਡੇ ਆਗੂ ਉਸ ਨੂੰ ਲੁੱਟਣ-ਲੁਟਾਉਣ ‘ਤੇ ਤੁਲੇ ਹੋਏ ਹਨ।
ਮਨੁੱਖ ਗਲਤੀਆਂ ਕਰਦੇ ਅਤੇ ਉਨ੍ਹਾਂ ਦੇ ਨਤੀਜੇ ਭੁਗਤਦੇ ਹਨ। ਇਸ ਵੇਲੇ ਗਲਤੀਆਂ ਸਾਡੇ ਆਗੂ ਕਰ ਰਹੇ ਹਨ; ਉਹ ਆਗੂ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਅਪਾਰ ਸਿਆਣਪ ਦਿਖਾਈ; ਪੈਰ-ਪੈਰ ‘ਤੇ ਅੰਦੋਲਨ ਨੂੰ ਬਿਖਰਨ ਤੋਂ ਬਚਾਇਆ; ਅੰਦੋਲਨ ਨੂੰ ਇਉਂ ਸਾਂਭਿਆ ਸੀ ਜਿਵੇਂ ਕੋਈ ਆਪਣੇ ਬੱਚੇ, ਜਿਗਰ ਦੇ ਟੁਕੜੇ ਨੂੰ ਸਾਂਭਦਾ ਹੈ। ਇਨ੍ਹਾਂ ਆਗੂਆਂ ਨੇ ਪੰਜਾਬ ਦੀ ਸਾਂਝ ਦੀ ਚਾਦਰ ਨੂੰ ਤੋਪੇ ਲਾਏ ਅਤੇ ਵਿਰਸੇ ‘ਚੋਂ ਸੰਘਰਸ਼ ਦੇ ਸਿਤਾਰੇ ਲੱਭ ਕੇ ਉਸ ਚਾਦਰ ‘ਤੇ ਜੜ੍ਹੇ ਸਨ, ਉਸ ਚਾਦਰ ਨੂੰ ਸਾਂਝੀਵਾਲਤਾ ਦੀ ਫੁਲਕਾਰੀ ਬਣਾ ਦਿੱਤਾ ਸੀ; ਉਹੀ ਆਗੂ ਹੁਣ ਹੋਰ ਰਾਹਾਂ ‘ਤੇ ਤੁਰ ਪਏ ਹਨ।
ਕਿਸਾਨ ਅੰਦੋਲਨ ਨਾਲ ਡੂੰਘਾ ਵਾਸਤਾ ਰੱਖਣ ਵਾਲੇ ਉੱਘੇ ਅਰਥ ਸ਼ਾਸਤਰੀ ਅਤੁਲ ਸੂਦ ਨੇ ਇਕ ਗੱਲਬਾਤ ਦੌਰਾਨ ਕਿਹਾ ਸੀ, “ਪੰਜਾਬ ਦੇ ਸਭ ਵਰਗਾਂ ਦੇ ਲੋਕਾਂ ਦੀਆਂ ਮੰਗਾਂ ਬਾਰੇ ਚਾਰਟਰ ਬਣਾਉਣਾ ਚਾਹੀਦਾ ਹੈ ਜਿਹੜਾ ਨਾ ਸਿਰਫ ਕਿਸਾਨੀ ਬਾਰੇ ਸਗੋਂ ਪੰਜਾਬ ਦੇ ਸਮੂਹਿਕ ਭਵਿੱਖ ਅਤੇ ਲੋਕ-ਪੱਖੀ ਵਿਕਾਸ ਬਾਰੇ ਨਕਸ਼ਾ ਪੇਸ਼ ਕਰੇ; ਅਜਿਹਾ ਚਾਰਟਰ ਬਣਾਉਣਾ ਚੋਣਾਂ ਲਈ ਪਹਿਲੀ ਪਹਿਲਕਦਮੀ ਹੋ ਸਕਦਾ ਹੈ ਅਤੇ ਜਥੇਬੰਦੀਆਂ ਨੂੰ ਇਹ ਵਿਚਾਰਨ ਦੀ ਵੀ ਜ਼ਰੂਰਤ ਹੈ ਕਿ ਕੀ ਉਨ੍ਹਾਂ ਕੋਲ ਅਜਿਹਾ ਜਥੇਬੰਦਕ ਢਾਂਚਾ ਹੈ ਕਿ ਉਹ ਚੋਣਾਂ ਪ੍ਰਭਾਵਸ਼ਾਲੀ ਢੰਗ ਨਾਲ ਲੜ ਕੇ ਪੰਜਾਬ ਦੀ ਸਿਆਸਤ ਦੀ ਨੁਹਾਰ ਬਦਲ ਸਕਦੀਆਂ ਹਨ।”
ਪੰਜਾਬ ਦੀ ਦੁਬਿਧਾ ਬਾਰੇ ਗੱਲ ਚਿਰਾਂ ਦੀ ਚੱਲਦੀ ਹੈ। ਅੱਜ ਇਨ੍ਹਾਂ ਵਿਚਾਰਾਂ ਵਿਚਲਾ ਸੱਚ ਸਾਹਮਣੇ ਆ ਰਿਹਾ ਹੈ; ਪ੍ਰਤੱਖ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚੋਣਾਂ ਵਿਚ ਅਜਿਹੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨਹੀਂ ਦਿਖਾ ਸਕਦੀਆਂ ਜਿਹੜੀ ਪੰਜਾਬ ਦੀ ਸਿਆਸਤ ਦੀ ਨੁਹਾਰ ਬਦਲ ਦੇਵੇ; ਜਿਵੇਂ ਅਤੁਲ ਸੂਦ ਨੇ ਕਿਹਾ ਸੀ, “ਇਸ ਤੋਂ ਘੱਟ ਸਮਰੱਥਾ ਵਾਲਾ ਯਤਨ ਕਿਸਾਨ ਮੋਰਚੇ ਦੀ ਏਕਤਾ ਅਤੇ ਕਮਾਏ ਹੋਏ ਅਕਸ ਜੋ ਸਭ ਤੋਂ ਵਡਮੁੱਲੇ ਹਨ, ਲਈ ਨੁਕਸਾਨਦੇਹ ਹੋ ਸਕਦਾ ਹੈ।” ਅਜਿਹੇ ਹਾਲਾਤ ਵਿਚ ਕਿਸਾਨ ਜਥੇਬੰਦੀਆਂ ਜੋ ਚੋਣਾਂ ਵਿਚ ਹਿੱਸਾ ਲੈਣ ਦੀਆਂ ਚਾਹਵਾਨ ਹਨ, ਨੂੰ ਅਗਲਾ ਕਦਮ ਸੋਚ-ਸਮਝ ਕੇ ਰੱਖਣਾ ਚਾਹੀਦਾ ਹੈ।
ਜੋਹਨ ਸਟੈਨਬੈਕ ਆਪਣਾ ਨਾਵਲ ‘ਸਾਡੀਆਂ ਬੇਚੈਨੀਆਂ ਦਾ ਸਿਆਲ’ ਲਿਖਣ ਤੋਂ ਪਹਿਲਾਂ ਕਈ ਵਰ੍ਹੇ ਨਾਵਲ ਲਿਖਣ ਵਿਚ ਨਾਕਾਮਯਾਬ ਰਿਹਾ ਸੀ। ਉਹ ਨਾਵਲਕਾਰ ਜਿਸ ਨੇ ‘ਦਿ ਗ੍ਰੇਪਸ ਆਫ ਰੈਥ’, ‘ਈਸਟ ਆਫ ਲੰਡਨ’ ਅਤੇ ‘ਆਫ ਮੈਨ ਐਂਡ ਮਾਈਸ’ ਜਿਹੇ ਸ਼ਾਹਕਾਰ ਨਾਵਲ ਲਿਖੇ ਸਨ, ਨਾਵਲ ਲਿਖਣ ਲਈ ਡੂੰਘੀ ਆਤਮਿਕ ਪੀੜ ਵਿਚੋਂ ਲੰਘ ਰਿਹਾ ਸੀ। ਉਹ ਦੂਸਰੀ ਆਲਮੀ ਜੰਗ ਦੇ ਜੇਤੂ ਦੇਸ਼ਾਂ ਵਿਚ ਸ਼ਾਮਲ ਅਮਰੀਕਾ ਦਾ ਬਾਸ਼ਿੰਦਾ ਸੀ; ਕੀ ਉਹ ਇਸ ਜਿੱਤ ‘ਤੇ ਖੁਸ਼ ਨਹੀਂ ਸੀ? ਕੀ ਇਸ ਜਿੱਤ ਨੇ ਉਸ ਨੂੰ ਤਸੱਲੀ ਨਹੀਂ ਸੀ ਦਿੱਤੀ?
ਨਾਜ਼ੀਆਂ ਅਤੇ ਫਾਸ਼ੀਆਂ ਦੀ ਹਾਰ ਤੋਂ ਸਾਰੀ ਦੁਨੀਆ ਖੁਸ਼ ਸੀ; ਇਸ ਖੁਸ਼ੀ ਵਿਚ ਸਟੈਨਬੈਕ ਵੀ ਸ਼ਾਮਲ ਸੀ ਪਰ ਉਸ ਦੇ ਸਾਹਮਣੇ ਜੰਗ ਜਿੱਤਣ ਤੋਂ ਬਾਅਦ ਵਾਲਾ ਅਮਰੀਕਾ ਅਤੇ ਸੰਸਾਰ ਸੀ ਜਿਨ੍ਹਾਂ ਵਿਚੋਂ ਉਹ ਮਨੁੱਖ ਹੋਣ ਦੇ ਅਰਥ ਲੱਭਣਾ ਚਾਹੁੰਦਾ ਸੀ; ਸੂਜਨ ਸ਼ਿਲਿੰਗਲਾ ਦੇ ਸ਼ਬਦਾਂ ਵਿਚ “ਉਹਦੇ ਸਾਹਮਣੇ ਠੰਢੀ ਜੰਗ ਤੋਂ ਪੈਦਾ ਹੋਈ ਮਸਨੂਈ ਸੰਤੁਸ਼ਟੀ ਸੀ, ਰਿਸ਼ਵਤਖੋਰੀ ਸੀ, ਮਨ ਨੂੰ ਸੁੰਨ ਕਰ ਦੇਣ ਵਾਲਾ ਪਦਾਰਥਵਾਦ ਸੀ।” ਸਟੈਨਬੈਕ ਨੇ ਇਹ ਪਰੇਸ਼ਾਨੀ ਆਪਣੇ ਦੋਸਤ ਅਦਲਾਈ ਸਟੀਵਨਸਨ (ਡੈਮੋਕਰੈਟਿਕ ਪਾਰਟੀ ਦਾ ਆਗੂ ਜਿਸ ਨੇ ਦੋ ਵਾਰ ਰਾਸ਼ਟਰਪਤੀ ਦੀ ਚੋਣ ਲੜੀ) ਨੂੰ ਲਿਖੀ ਚਿੱਠੀ ਵਿਚ ਜ਼ਾਹਿਰ ਕੀਤੀ। ਸਟੀਵਨਸਨ ਨੇ ਉਹ ਚਿੱਠੀ ਲਾਂਗ ਆਈਸਲੈਂਡ ਦੇ ਅਖਬਾਰ ‘ਨਿਊਜ਼ਡੇਅ’ ਵਿਚ ਛਪਾਈ ਅਤੇ ਅਮਰੀਕਾ ਦੇ ਚਾਰ ਮੁੱਖ ਦਾਨਿਸ਼ਵਰਾਂ ਨੇ ‘ਦਿ ਨਿਊ ਰਿਪਬਲਿਕ’ ਨਾਂ ਦੇ ਖੱਬੇ-ਪੱਖੀ ਰਸਾਲੇ ਵਿਚ ਇਸ ਚਿੱਠੀ ਵਿਚ ਪ੍ਰਗਟਾਏ ਗਏ ਫਿਕਰਾਂ ਬਾਰੇ ਲੇਖ ਲਿਖੇ। ਜੋਹਨ ਸਟੈਨਬੈਕ ਨੇ ਉਨ੍ਹਾਂ (ਲੇਖਾਂ) ਦੇ ਜਵਾਬ ਵਿਚ ਇਕ ਲੇਖ ਲਿਖਿਆ ਜਿਸ ਦਾ ਸਿਰਲੇਖ ਅਖਬਾਰ ਨੇ ਇਹ ਦਿੱਤਾ, “ਕੀ ਅਸੀਂ ਨੈਤਿਕ ਤੌਰ ‘ਤੇ ਨਿਰਬਲ ਹਾਂ?” ਇਹੀ ਸਵਾਲ ਅੱਜ ਸਾਡੇ ਸਾਹਮਣੇ ਹੈ; ਕੀ ਅਸੀਂ ਕਿਸਾਨ ਅੰਦੋਲਨ ਦੇ ਰੂਪ ਵਿਚ ਹੋਈ ਜਿੱਤ ਦੇ ਨੈਤਿਕ ਮਿਆਰਾਂ ਨੂੰ ਕਾਇਮ ਰੱਖਣ ਦੇ ਕਾਬਲ ਹਾਂ ਜਾਂ ਨਹੀਂ?
ਜ਼ਿੰਦਗੀ ਦੇ ਫਿਕਰਾਂ, ਦੁੱਖ-ਦੁਸ਼ਵਾਰੀਆਂ, ਮੁਸ਼ਕਿਲਾਂ, ਪਰੇਸ਼ਾਨੀਆਂ, ਬੇਚੈਨੀਆਂ ਤੋਂ ਭੱਜਿਆ ਨਹੀਂ ਜਾ ਸਕਦਾ। ਇਹ ਸਭ ਜ਼ਿੰਦਗੀ ਦਾ ਹਿੱਸਾ ਹਨ। ਪੰਜਾਬੀ ਵੀ ਇਨ੍ਹਾਂ ਦਾ ਮੁਕਾਬਲਾ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ ਪਰ ਇਸ ਵੇਲੇ ਪੰਜਾਬੀਆਂ ਦੇ ਮਨ ਵਿਚ ਸਭ ਤੋਂ ਵੱਡੀ ਬੇਚੈਨੀ ਇਹੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਮਾਈ ਗਈ ਏਕਤਾ, ਗੌਰਵ, ਆਪਸੀ ਮਾਣ-ਸਨਮਾਨ ਅਤੇ ਨੈਤਿਕਤਾ ਨੂੰ ਗਵਾਚਣ ਨਾ ਦਿੱਤਾ ਜਾਵੇ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮਾਮਲੇ ਵਿਚ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਉਹੀ ਯੋਗਤਾ, ਸਿਆਣਪ ਤੇ ਸੁੱਘੜਤਾ ਦਿਖਾਉਣੀ ਚਾਹੀਦੀ ਹੈ ਜੋ ਉਨ੍ਹਾਂ ਨੇ ਅੰਦੋਲਨ ਦੌਰਾਨ ਦਿਖਾਈ ਸੀ।