ਨਫਰਤ ਦੇ ਸੌਦਾਗਰ ਅਤੇ ਸੁਰੱਖਿਆ `ਚ ਸੰਨ੍ਹ ਦਾ ਝੂਠਾ ਬਿਰਤਾਂਤ

ਬੂਟਾ ਸਿੰਘ
ਫੋਟੋ: +91-94634-74342
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਦੀ ਅਸਫਲ ਰੈਲੀ ਬਹੁਤ ਖਤਰਨਾਕ ਸੰਕੇਤ ਅਤੇ ਸੰਦੇਸ਼ ਛੱਡ ਕੇ ਗਈ ਹੈ। ਇਸ ਨੂੰ ਮਖੌਲੀਆ ਜਾਂ ਹਲਕੇ ਤੌਰ ‘ਤੇ ਲੈਣ ਦੀ ਬਜਾਏ ਪੰਜਾਬ ਅਤੇ ਭਾਰਤ ਦੇ ਹਰ ਦਰਦਮੰਦ ਨੂੰ ਰਾਜਨੀਤਕ ਚੌਕਸੀ ਤਹਿਤ ਲੈਣਾ ਚਾਹੀਦਾ ਹੈ।

ਇਹ ਸਹੀ ਹੈ ਕਿ ਆਰ.ਐਸ.ਐਸ.-ਬੀ.ਜੇ.ਪੀ. ਨੇ ਚੋਣਾਂ ਨੇੜੇ ਖੇਤੀ ਕਾਨੂੰਨ ਵਾਪਸ ਲੈ ਕੇ ਅਤੇ ਕਥਿਤ ਵਿਕਾਸ ਪੈਕੇਜ ਐਲਾਨ ਕੇ ਲਾਹਾ ਖੱਟਣ ਲਈ ਜੋ ‘ਮਾਸਟਰ ਸਟਰੋਕ` ਕਰਨਾ ਚਾਹਿਆ ਸੀ; ਉਹ ਉਨ੍ਹਾਂ ਦੀ ਉਮੀਦ ਅਨੁਸਾਰ ਕਾਮਯਾਬ ਹੋਣਾ ਤਾਂ ਦੂਰ ਸਗੋਂ ਬੁਰੀ ਤਰ੍ਹਾਂ ਅਸਫਲ ਹੋਇਆ। ਰੈਲੀ `ਚ ਜਾਣ ਵਾਲਿਆਂ ਦਾ ਇਕ ਹਿੱਸਾ ਸੜਕਾਂ ਉਪਰ ਕਿਸਾਨ ਪ੍ਰਦਰਸ਼ਨਾਂ ਵਾਲੇ ਥਾਵਾਂ ਉਪਰ ਜਾਮ `ਚ ਘਿਰ ਗਿਆ। ਜੋ ਮੋਦੀ ਭਗਤ ਰੈਲੀ `ਚ ਪਹੁੰਚੇ, ਉਹ ਵੀ ਮੀਂਹ ਕਾਰਨ ਬੱਸਾਂ `ਚ ਲੁਕੇ ਰਹੇ। ਇਸ ਭਾੜੇ `ਤੇ ਲਿਆਂਦੀ ‘ਜਨਤਾ`, ਖਾਸ ਕਰਕੇ ਦੂਜੇ ਰਾਜਾਂ ਦੀ, ਦੇ ਦੀਦਾਰ ਵੀ ਤਿੱਖੀ ਨਜ਼ਰ ਵਾਲੇ ਮੀਡੀਆ ਹਿੱਸਿਆਂ ਨੇ ਵਾਹਵਾ ਕਰਾਏ। ਇਕ ਲੱਖ ਕੁਰਸੀਆਂ ਵਾਲੇ ਪੰਡਾਲ ਵਿਚ ਕੁਝ ਸੌ ਲੋਕ ਨਜ਼ਰ ਆਏ। ਕੈਪਟਨ ਅਮਰਿੰਦਰ ਅਤੇ ਬੀ.ਜੇ.ਪੀ. ਦੇ ਆਗੂ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਰਹੇ। ਜਿਨ੍ਹਾਂ ਨੂੰ ਅੰਦੋਲਨਜੀਵੀ ਕਹਿ ਕੇ ਭੰਡਿਆ ਗਿਆ, ਉਨ੍ਹਾਂ ਨੇ ਪੂਰਾ ਸਵਾ ਸਾਲ ਕੁਦਰਤੀ ਕਹਿਰ ਦਾ ਮੁਕਾਬਲਾ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਖੁੱਲ੍ਹੇ ਆਸਮਾਨ ਹੇਠ ਆਰਜ਼ੀ ਟਿਕਾਣਿਆਂ `ਚ ਰਹਿ ਕੇ ਸਬਰ ਅਤੇ ਸਿਦਕ ਨਾਲ ਕੀਤਾ ਸੀ। ਆਰ.ਐਸ.ਐਸ.-ਬੀ.ਜੇ.ਪੀ. ਦੇ ‘ਦੇਸ਼ਭਗਤ` ਆਪਣੇ ‘ਹਿਰਦੈ ਸਮਰਾਟ` ਨੂੰ ਸੁਣਨ ਲਈ ਦੋ ਘੰਟੇ ਵੀ ਮੀਂਹ `ਚ ਨਹੀਂ ਬੈਠ ਸਕੇ; ਜਦਕਿ ਇਸੇ ਦਿਨ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਹਰ ਜ਼ਿਲ੍ਹਾ ਅਤੇ ਤਹਿਸੀਲ ਸਦਰ ਮੁਕਾਮ ਉਪਰ ਗਿਣਨਯੋਗ ਮੁਜ਼ਾਹਰੇ ਕੀਤੇ ਅਤੇ ਸੈਂਕੜੇ ਥਾਵਾਂ ਉਪਰ ਮੋਦੀ ਦੇ ਪੁਤਲੇ ਸਾੜ ਕੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਦੇ ਰਹੇ।
ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਨੂੰ ਰੈਲੀ ਲਈ ਚੁਣਨਾ ਖੁਦ ਹੀ ਸਬੂਤ ਸੀ ਕਿ ਬੀ.ਜੇ.ਪੀ. ਆਗੂਆਂ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚੋਂ ਰੈਲੀ ਨੂੰ ਹੁੰਗਾਰਾ ਮਿਲਣ ਦੀ ਬਹੁਤੀ ਉਮੀਦ ਨਹੀਂ ਸੀ। ਇਹ ਕਿਹਾ ਜਾ ਰਿਹਾ ਹੈ ਕਿ ਬਠਿੰਡੇ ਤੋਂ ਹੈਲੀਕਾਪਟਰ ਰਾਹੀਂ ਫਿਰੋਜ਼ਪੁਰ ਜਾਣ ਦਾ ਪ੍ਰੋਗਰਾਮ ਖਰਾਬ ਮੌਸਮ ਕਾਰਨ ਰੱਦ ਕਰਨਾ ਪਿਆ। ਮੋਦੀ ਨੂੰ ਸੜਕ ਮਾਰਗ ਰਾਹੀਂ ਲਿਜਾ ਰਿਹਾ ਵਿਸ਼ੇਸ਼ ਗੱਡੀਆਂ ਦਾ ਕਾਫਲਾ ਫਿਰੋਜ਼ਪੁਰ ਤੋਂ ਥੋੜ੍ਹਾ ਪਿੱਛੇ ਜਾਮ `ਚ ਫਸ ਗਿਆ ਜਿੱਥੇ ਮੋਗਾ-ਫਿਰੋਜ਼ਪੁਰ ਰੋਡ ਉਪਰ ਪਿਆਰੇਆਣਾ ਨੇੜੇ ਬੀ.ਕੇ.ਯੂ. (ਕ੍ਰਾਂਤੀਕਾਰੀ) ਦੀ ਅਗਵਾਈ ਹੇਠ ਕਿਸਾਨ ਮੋਦੀ ਦੀ ਫੇਰੀ ਦਾ ਵਿਰੋਧ ਕਰ ਰਹੇ ਸਨ। ਉਹ ਮੋਦੀ ਦੇ ਇਸੇ ਰਸਤਿਓਂ ਲੰਘਣ ਦੀ ਨਵੀਂ ਯੋਜਨਾ ਤੋਂ ਬੇਖਬਰ ਸਨ।
ਲੰਮਾ ਸੜਕੀ ਰੂਟ ਇਸ ਕਰਕੇ ਵੀ ਚੁਣਿਆ ਹੋ ਸਕਦਾ ਹੈ ਕਿ ਸ਼ਾਇਦ ਉਦੋਂ ਤੱਕ ਕੁਰਸੀਆਂ ਭਰ ਜਾਣਗੀਆਂ, ਕਿਉਂਕਿ ਰੈਲੀ ਦੀ ਪਲ-ਪਲ ਦੀ ਖਬਰ ਤਾਂ ਵਿਸ਼ੇਸ਼ ਵਿਵਸਥਾ ਰਾਹੀਂ ਮੋਦੀ ਦੀ ਗੱਡੀ `ਚ ਲੱਗੇ ਸਕਰੀਨ ਉਪਰ ਲਗਾਤਾਰ ਚੱਲ ਰਹੀ ਹੋਵੇਗੀ। ਕੁਰਸੀਆਂ ਲਗਾਤਾਰ ਖਾਲੀ ਨਜ਼ਰ ਆ ਰਹੀਆਂ ਸਨ। ਉਨ੍ਹਾਂ ਦਲ-ਬਦਲੂਆਂ ਦੇ ਢੋਏ ਲੋਕਾਂ ਦੇ ਹਜੂਮ ਕਿਤੇ ਨਜ਼ਰ ਨਹੀਂ ਆ ਰਹੇ ਸਨ ਜੋ ਪਿਛਲੇ ਦਿਨੀਂ ਬੀ.ਜੇ.ਪੀ. `ਚ ਸ਼ਾਮਲ ਹੁੰਦੇ ਰਹੇ ਹਨ। ਮੋਦੀ ਅਤੇ ਉਸ ਦੇ ਥਿੰਕ-ਟੈਂਕ ਨੇ ਖਾਲੀ ਪੰਡਾਲ ਨਾਲ ਹੋਣ ਵਾਲੀ ਨਮੋਸ਼ੀ ਉਪਰ ਪਰਦਾ ਪਾਉਣ ਲਈ ਸੁਰੱਖਿਆ ਇੰਤਜ਼ਾਮਾਂ `ਚ ਕੋਤਾਹੀ ਦਾ ਬਹਾਨਾ ਘੜ ਲਿਆ ਅਤੇ ਉਹ ਉਥੋਂ ਹੀ ਵਾਪਸ ਮੁੜ ਗਿਆ ਪਰ ਫਲਾਈਓਵਰ ਉਪਰ ਲੱਗੇ ਜਾਮ `ਚ 15 ਮਿੰਟ ਰੁਕਣ ਨੂੰ ਬਹੁਤ ਵੱਡਾ ‘ਰਾਸ਼ਟਰੀ` ਮੁੱਦਾ ਬਣਾ ਦਿੱਤਾ ਗਿਆ। ਗੋਦੀ ਮੀਡੀਆ, ਆਰ.ਐਸ.ਐਸ.-ਬੀ.ਜੇ.ਪੀ. ਦੇ ਬੁਲਾਰਿਆਂ ਅਤੇ ਬਹੁਤ ਸਾਰੇ ‘ਮੁੱਖਧਾਰਾ` ਦੇ ਤਰਜਮਾਨਾਂ ਨੇ ਚੀਕ-ਚਿਹਾੜਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਸਰਕਾਰ ਨੇ ਸੁਰੱਖਿਆ ਦੇ ਪੁਖਤਾ ਸੁਰੱਖਿਆ ਇੰਤਜ਼ਾਮ ਨਹੀਂ ਕੀਤੇ ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਵਾਪਸ ਪਰਤਣਾ ਪਿਆ ਜੋ ਰਾਸ਼ਟਰ ਦਾ ਅਪਮਾਨ ਹੈ; ਇਹ ਵੀ ਕਿ ਕੁਝ ਲੋਕਾਂ ਦੀ ਬੇਵਕੂਫੀ ਨੇ ਪੰਜਾਬ ਨੂੰ ਵਿਕਾਸ ਪੈਕੇਜ ਦੀਆਂ ਬਖਸ਼ਿਸ਼ਾਂ ਤੋਂ ਵਾਂਝਾ ਕਰ ਦਿੱਤਾ।
ਗਿਣ-ਮਿੱਥ ਕੇ ਪ੍ਰਚਾਰਿਆ ਜਾ ਰਿਹਾ ਇਹ ਬਿਰਤਾਂਤ ਮੋਦੀ ਅਤੇ ਉਸ ਦੇ ਸੰਘ ਬ੍ਰਿਗੇਡ ਨੂੰ ਪੰਜਾਬ ਦੇ ਲੋਕਾਂ ਵੱਲੋਂ ਮੂੰਹ ਨਾ ਲਾਉਣ ਦੀ ਹਕੀਕਤ ਤੋਂ ਧਿਆਨ ਹਟਾਉਣ ਲਈ ਹੈ। ਜੇ ਸੁਰੱਖਿਆ ਨੂੰ ਐਨਾ ਖਤਰਾ ਸੀ, ਉਹ ਵਰਚੂਅਲ ਮਾਧਿਅਮ ਰਾਹੀਂ ਵੀ ਰੈਲੀ ਨੂੰ ਸੰਬੋਧਨ ਕਰ ਸਕਦਾ ਸੀ, ਜਿਵੇਂ ਉਹ ਕਈ ਵਾਰ ਕਰਦਾ ਹੈ। ਨਾਲੇ ‘ਵਿਕਾਸ` ਦਾ ਪੈਕੇਜ ਦੇ ਜਾਂਦਾ! ਸੁਰੱਖਿਆ `ਚ ਕੋਤਾਹੀ ਦਾ ਚੀਕ-ਚਿਹਾੜਾ ਪਾਉਣ ਵਾਲਿਆਂ `ਚ ਇਹ ਦੱਸਣ ਦੀ ਹਿੰਮਤ ਨਹੀਂ ਹੈ ਕਿ ਮੋਦੀ ਦੇ ਫਾਸ਼ੀਵਾਦੀ ਰਾਜ ਦੇ ਡੰਗੇ ਸਾਢੇ ਸੱਤ ਸੌ ਦੇ ਕਰੀਬ ਕਿਸਾਨ-ਮਜ਼ਦੂਰ ਤਾਂ ਉਨ੍ਹਾਂ ਦੀ ਜਾਨ-ਮਾਲ ਦੇ ਦੁਸ਼ਮਣ ਬਣੇ ਰਾਜ ਤੋਂ ਆਪਣੀ ਜਾਨ ਵੀ ਨਹੀਂ ਬਚਾ ਸਕੇ ਸਗੋਂ ਆਰ.ਐਸ.ਐਸ.-ਬੀ.ਜੇ.ਪੀ ਦੀ ਮੁਲਕ ਦੇ ਲੋਕਾਂ ਨਾਲ ਦੁਸ਼ਮਣੀ ਨੂੰ ਬੇਨਕਾਬ ਕਰਦੇ ਹੋਏ ਹਮੇਸ਼ਾ ਲਈ ਇਸ ਦੁਨੀਆ ਤੋਂ ਤੁਰ ਗਏ।
ਡੇਢ ਸਾਲ ਚੱਲੇ ਮਹਾਂ ਅੰਦੋਲਨ `ਚ ਕਿਸਾਨਾਂ ਨੇ ਬੀ.ਜੇ.ਪੀ. ਆਗੂਆਂ ਉਪਰ ਕਦੇ ਵੀ ਜਾਨਲੇਵਾ ਹਮਲਾ ਨਹੀਂ ਕੀਤਾ। ਕੁਝ ਕੁ ਆਪ-ਮੁਹਾਰੀਆਂ ਝੜਪਾਂ ਜੋ ਬੀ.ਜੇ.ਪੀ. ਦੇ ਹੰਕਾਰੇ ਹੋਏ ਆਗੂਆਂ ਦੀ ਭੜਕਾਊ ਬਦਕਲਾਮੀਂ ਦਾ ਸਿੱਟਾ ਸਨ, ਨੂੰ ਛੱਡ ਕੇ ਅੰਦੋਲਨ ਪੂਰੀ ਤਰ੍ਹਾਂ ਅਨੁਸ਼ਾਸਨ ਹੇਠ ਸ਼ਾਂਤਮਈ ਤਰੀਕੇ ਨਾਲ ਲੜਿਆ ਗਿਆ। ਦਿੱਲੀ ਦੀਆਂ ਸਰਹੱਦਾਂ ਉਪਰ ਅਤੇ ਹਰਿਆਣਾ ਅਤੇ ਲਖੀਮਪੁਰ ਖੀਰੀ `ਚ ਬੀ.ਜੇ.ਪੀ. ਦੇ ਗੁੰਡਿਆਂ+ਪੁਲਿਸ ਵੱਲੋਂ ਕੀਤੇ ਕਾਤਲਾਨਾ ਹਮਲਿਆਂ ਦੇ ਬਾਵਜੂਦ ਅੰਦੋਲਨਕਾਰੀਆਂ ਵੱਲੋਂ ਕੋਈ ਐਸੀ ਘਟਨਾ ਨਹੀਂ ਵਾਪਰੀ ਜੋ ਬੀ.ਜੇ.ਪੀ. ਵਾਲਿਆਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਖਤਰਾ ਬਣੀ ਹੋਵੇ।
ਅਗਲੀ ਗੱਲ, ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਜ਼ਿੰਮਾ ਸਪੈਸ਼ਲ ਪ੍ਰੋਕਟੈਕਸ਼ਨ ਗਰੁੱਪ (ਐਸ.ਪੀ.ਜੀ.) ਦਾ ਹੈ ਜੋ ਆਪਣੀ ‘ਬਲੂ ਬੁੱਕ` ਅਨੁਸਾਰ ਕੇਂਦਰੀ ਖੁਫੀਆ ਏਜੰਸੀਆਂ ਦੀ ਮਦਦ ਨਾਲ ਲੰਮੀ-ਚੌੜੀ ਪੇਸ਼ਗੀ ਯੋਜਨਾ ਬਣਾ ਕੇ ਸੁਰੱਖਿਆ ਇੰਤਜ਼ਾਮ ਕਰਦਾ ਹੈ। ਮੋਦੀ ਦੇ ਮਾਮਲੇ `ਚ ਤਾਂ ਇਹ ਉਚੇਚੇ ਜਾਹੋ-ਜਲਾਲ ਨਾਲ ਕੀਤਾ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਮਾਤਹਿਤ ਇਸ ਵਿਸ਼ੇਸ਼ ਵਿਵਸਥਾ ਵੱਲੋਂ ਹੀ ਪੰਜਾਬ ਪੁਲਿਸ ਨਾਲ ਮਿਲ ਕੇ ਐਨ ਮੌਕੇ `ਤੇ ਹਵਾਈ ਰੂਟ ਬਦਲ ਕੇ ਸੜਕ ਰਾਹੀਂ ਜਾਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਅਤੇ ਵਿਸ਼ੇਸ਼ ਗੱਡੀਆਂ ਦੇ ਕਾਫਲੇ ਰਾਹੀਂ 106 ਕਿਲੋਮੀਟਰ ਸਫਰ ਸ਼ੁਰੂ ਕੀਤਾ ਗਿਆ। ਮੋਦੀ ਸਰਕਾਰ ਵੱਲੋਂ ਪਿੱਛੇ ਜਿਹੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਉਪਰ ਬੀ.ਐਸ.ਐਫ. ਦਾ ਅਧਿਕਾਰ-ਖੇਤਰ 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਵਧਾ ਦੇਣ ਕਰਕੇ ਇਹ ਇਲਾਕਾ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੰਟਰੋਲ ਹੇਠ ਹੈ। ਜਦੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਮੋਦੀ ਦੀ ਆਮਦ ਅਤੇ ਰੈਲੀ `ਚ ਸ਼ਾਮਲ ਹੋਣ ਵਾਲੇ ਭਾਜਪਾਈਆਂ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਐਲਾਨ ਕੀਤਾ ਹੋਇਆ ਸੀ ਅਤੇ ਕੁਝ ਥਾਵਾਂ ਉਪਰ ਕਿਸਾਨ ਕਾਫਲੇ ਇਕ ਦਿਨ ਪਹਿਲਾਂ ਹੀ ਸੜਕਾਂ ਉਪਰ ਆ ਬੈਠੇ ਸਨ ਅਤੇ ਉਨ੍ਹਾਂ ਨੇ ਸਵੇਰ ਤੋਂ ਹੀ ਫਿਰੋਜ਼ਪੁਰ ਨੂੰ ਜਾਂਦੀਆਂ ਮੁੱਖ ਸੜਕਾਂ ਉਪਰ ਧਰਨੇ ਲਗਾ ਦਿੱਤੇ ਸਨ ਤਾਂ ਪਲ-ਪਲ ਦੀ ਰਿਪੋਰਟ ਰੱਖ ਰਹੀਆਂ ਕੇਂਦਰੀ ਖੁਫੀਆ ਏਜੰਸੀਆਂ ਮੋਦੀ ਦੇ ਕਾਫਲੇ ਨੂੰ ਉਸ ਰੂਟ ਉਪਰ ਲੈ ਕੇ ਜਾਂਦੀਆਂ, ਜਿੱਥੇ ਸੜਕ ਜਾਮ ਨਹੀਂ ਸੀ ਜਾਂ ਜਾਮ ਦੀ ਅਗਾਊਂ ਜਾਣਕਾਰੀ ਦੇ ਆਧਾਰ `ਤੇ ਰੂਟ ਤਬਦੀਲ ਕੀਤਾ ਜਾ ਸਕਦਾ ਸੀ। ਲਿਹਾਜ਼ਾ, ਕਥਿਤ ਕੋਤਾਹੀ ਦੀ ਮੁੱਖ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੀ ਬਣਦੀ ਹੈ ਪਰ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਸਿਰ ਸੁੱਟ ਕੇ ‘ਜਾਨ ਬਚ ਗਈ` ਦਾ ਹਊਆ ਖੜ੍ਹਾ ਕਰਨ ਦਾ ਨਿਸ਼ਾਨਾ ਹੋਰ ਹੈ। ਇਹ ਪੰਜਾਬ ਵਿਚ ਮੁੱਖ ਸਿਆਸੀ ਸ਼ਰੀਕ ਕਾਂਗਰਸ ਪਾਰਟੀ ਨੂੰ ਘੇਰਨ ਅਤੇ ਇਸ ਘਟਨਾਕ੍ਰਮ ਦਾ ਲਾਹਾ ਬਾਕੀ ਮੁਲਕ `ਚ ਹਮਦਰਦੀ ਬਟੋਰਨ ਲਈ ਲੈਣ ਦੀ ਘਿਨਾਉਣੀ ਰਾਜਨੀਤਕ ਚਾਲ ਤੋਂ ਸਿਵਾਏ ਕੁਝ ਨਹੀਂ ਹੈ। ਦਿੱਲੀ, ਯੂ.ਪੀ ਵਗੈਰਾ `ਚ ਸੜਕੀ ਸਫਰ ਦੌਰਾਨ ਕੁਝ ਮੌਕਿਆਂ `ਤੇ ਮੋਦੀ ਦਾ ਕਾਫਲਾ ਪਹਿਲਾਂ ਵੀ ਜਾਮ ਵਿਚ ਫਸਦਾ ਰਿਹਾ ਹੈ, ਉਦੋਂ ਇਸ ਨੂੰ ‘ਵੀ.ਆਈ.ਪੀ. ਕਲਚਰ` ਨੂੰ ਤੋੜ ਕੇ ਆਮ ਆਦਮੀ ਵਾਂਗ ਵਿਚਰਨ ਦੀ ਮੋਦੀ ਦੀ ਵਡੱਤਣ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ। ਪੰਜਾਬ ਦੇ ਮਾਮਲੇ `ਚ ਇਸ ਨੂੰ ਫਿਰਕੂ ਪਾਲਾਬੰਦੀ ਦਾ ਸੰਦ ਬਣਾ ਲਿਆ। ਕੈਪਟਨ ਅਮਰਿੰਦਰ ਨੂੰ ਵੀ ਹੁਣ ਨਵਾਂ ਬਹਾਨਾ ਮਿਲ ਗਿਆ ਹੈ ਜੋ ਪੰਜਾਬ ਦੀ ਸੱਤਾ ਤੋਂ ਲਾਂਭੇ ਕੀਤੇ ਜਾਣ ਦੇ ਸਮੇਂ ਤੋਂ ਹੀ ‘ਰਾਸ਼ਟਰ ਦੀ ਸੁਰੱਖਿਆ ਨੂੰ ਖਤਰੇ` ਦੀ ਦੁਹਾਈ ਦੇਣ `ਚ ਜੁੱਟਿਆ ਹੋਇਆ ਹੈ।
ਕਾਮਯਾਬ ਹੋਣ ਦੀ ਸੂਰਤ `ਚ ਫਿਰੋਜ਼ਪੁਰ ਰੈਲੀ ਨੂੰ ਮੋਦੀ ਅਤੇ ਉਸ ਦੀਆਂ ਨੀਤੀਆਂ ਦੀ ਹਰਮਨਪਿਆਰਤਾ ਵਜੋਂ ਪ੍ਰਚਾਰ ਕੇ ਬਾਕੀ ਰਾਜਾਂ ਵਿਚ ਬੀ.ਜੇ.ਪੀ. ਸਰਕਾਰਾਂ ਵਿਰੁੱਧ ਫੈਲੀ ਵਿਆਪਕ ਅਸੰਤੁਸ਼ਟੀ ਨੂੰ ਬੇਅਸਰ ਕਰਨ ਲਈ ਵਰਤਿਆ ਜਾਣਾ ਸੀ। ਅਸਫਲਤਾ ਦੀ ਨਮੋਸ਼ੀ ਦਾ ਬਦਲਾ ਲੈਣ ਲਈ ਸ਼ਾਤਰ ਦਿਮਾਗਾਂ ਨੇ ਬੇਰੰਗ ਵਾਪਸੀ ਨੂੰ ਪੰਜਾਬ ਵਿਰੁਧ ਨਫਰਤ ਭੜਕਾਉਣ ਦਾ ਹਥਿਆਰ ਬਣਾ ਲਿਆ। 106 ਕਿਲੋਮੀਟਰ ਦੇ ਪੈਂਡੇ ਅਤੇ 15 ਮਿੰਟ ਫਲਾਈਓਵਰ ਉਪਰ ਲੱਗੇ ਜਾਮ ਦੇ ਨੇੜੇ ਰੁਕਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਕ ਜਾਂ ਸ਼ਰਾਰਤਪੂਰਨ ਹਰਕਤ ਨਹੀਂ ਹੋਈ। ਕੋਈ ਮੁਜ਼ਾਹਰਾਕਾਰੀ ਉਸ ਦੇ ਕਾਫਲੇ ਦੇ ਨੇੜੇ ਨਹੀਂ ਗਿਆ, ਸਿਰਫ ਬੀ.ਜੇ.ਪੀ. ਦੇ ਝੰਡੇ ਚੁੱਕੀ ਮੋਦੀ ਭਗਤ ਹੀ ਉਸ ਦੀ ਗੱਡੀ ਦੇ ਨੇੜੇ ‘ਜ਼ਿੰਦਾਬਾਦ` ‘ਮੋਦੀ-ਮੋਦੀ` ਕਰ ਰਹੇ ਸਨ। ਇਸ ਦੇ ਵੀਡੀਓ ਕਲਿੱਪ ਸਾਹਮਣੇ ਆ ਚੁੱਕੇ ਹਨ। ਇਹ ਆਪਣੇ ਆਪ `ਚ ਸਬੂਤ ਹੈ ਕਿ ਸੁਰੱਖਿਆ ਦਾ ਚੀਕ-ਚਿਹਾੜਾ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮਹਿਜ਼ ਰਾਜਨੀਤਕ ਸਟੰਟ ਹੈ।
ਤਾਨਾਸ਼ਾਹ ਹੁਕਮਰਾਨ ਆਪਣੇ ਹੀ ਪ੍ਰਛਾਵੇਂ ਤੋਂ ਵੀ ਤ੍ਰਭਕਦਾ ਹੈ। ਉਘੇ ਸਾਹਿਤਕਾਰ ਹਰੀਸ਼ੰਕਰ ਪ੍ਰਸਾਈ ਦਾ ਕਥਨ ਹੈ- “ਤਾਨਾਸ਼ਾਹ ਡਰਪੋਕ ਆਦਮੀ ਹੁੰਦਾ ਹੈ। ਜੇ ਪੰਜ ਗਧੇ ਵੀ ਨੇੜੇ ਘਾਹ ਚਰ ਰਹੇ ਹੋਣ ਤਾਂ ਤਾਨਾਸ਼ਾਹ ਨੂੰ ਡਰ ਪੈ ਜਾਂਦਾ ਹੈ ਕਿ ਗਧੇ ਵੀ ਮੇਰੇ ਖਿਲਾਫ ਸਾਜ਼ਿਸ਼ ਕਰ ਰਹੇ ਹਨ।” ਸ਼ਾਇਦ ਮੋਦੀ ਨੂੰ ਆਪਣੇ ਕਾਰਿਆਂ ਦਾ ਡਰ ਵੀ ਸਤਾ ਰਿਹਾ ਹੋਵੇ। ਹੋਛੀ ਵਡਿਆਈ ਦੇ ਭੁੱਖੇ ‘ਕਰੋੜਾਂ ਭਗਤਾਂ ਦੇ ਹਿਰਦੈ ਸਮਰਾਟ` ਦੀ ਹਉਮੈ ਉਪਰ ਖਾਲੀ ਪੰਡਾਲ ਬਹੁਤ ਵੱਡੀ ਸੱਟ ਵੀ ਸੀ। ਮੋਦੀ ਵੱਲੋਂ ਬਠਿੰਡਾ ਏਅਰ ਪੋਰਟ ਦੇ ਅਧਿਕਾਰੀਆਂ ਨੂੰ ‘ਅਪਨੇ ਸੀ.ਐਮ. ਕੋ ਥੈਂਕਸ ਕਹਿਨਾ ਕਿ ਬਠਿੰਡਾ ਏਅਰ ਪੋਰਟ ਤੱਕ ਜ਼ਿੰਦਾ ਲੌਟ ਪਾਇਆ ਹੂੰ` ਦਾ ਮਿਹਣਾ ਮਾਰਨਾ ਕਿਸਾਨ ਅੰਦੋਲਨ ਰਾਹੀਂ ਪੂਰੇ ਮੁਲਕ `ਚ ਪੰਜਾਬੀਆਂ ਦੇ ਬਣੇ ਵਧੀਆ ਅਕਸ ਨੂੰ ਢਾਹ ਲਾਉਣ ਅਤੇ ਡਰ ਪੈਦਾ ਕਰਨ ਦੀ ਮਨਸ਼ਾ ਨਾਲ ਜ਼ਹਿਰੀਲਾ ਮਾਹੌਲ ਭੜਕਾਉਣ ਲਈ ਸੁੱਟੀ ਬੇਹੱਦ ਖਤਰਨਾਕ ਫਿਰਕੂ ਤੀਲੀ ਹੈ। ਮੋਦੀ ਦਾ ਇਹ ਮਿਹਣਾ ਸ਼ੱਕੀ ਕਿਰਦਾਰ ਵਾਲੀ ਖਬਰ ਏਜੰਸੀ ‘ਆਈ.ਐਨ.ਏ.` ਦੇ ਹਵਾਲੇ ਨਾਲ ਪ੍ਰਚਾਰਿਆ ਗਿਆ ਜਿਸ ਨੂੰ ਬੀ.ਜੇ.ਪੀ. ਦੇ ਅਧਿਕਾਰਤ ਬੁਲਾਰਿਆਂ ਨੇ ਰੱਦ ਨਹੀਂ ਕੀਤਾ; ਇਸ ਦਾ ਭਾਵ ਹੈ ਕਿ ਇਹ ਸੁਰੱਖਿਆ `ਚ ਕੋਤਾਹੀ ਦੇ ਬਹਾਨੇ ਹਮਦਰਦੀ ਬਟੋਰਨ ਲਈ ਗਿਣ-ਮਿੱਥ ਕੇ ਕੀਤੀ ਗਲਤ ਬਿਆਨੀ ਸੀ ਜਿਸ ਦਾ ਖਾਸ ਨਿਸ਼ਾਨਾ ਸੀ।
ਪੱਛਮੀ ਯੂ.ਪੀ. `ਚ ਸਿੱਖ/ਪੰਜਾਬੀ ਕਿਸਾਨਾਂ ਦੀ ਅਗਵਾਈ ਹੇਠ ਉਠੇ ਕਿਸਾਨ ਉਭਾਰ ਨੇ ਯੂ.ਪੀ. ਅਤੇ ਉਤਰਖੰਡ ਵਿਚ ਅਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਸੰਗਰਾਮੀ ਜੋਟੀ ਦੇ ਨਿੱਗਰ ਸੰਦੇਸ਼ ਨੇ ਪੂਰੇ ਮੁਲਕ `ਚ ਭਾਈਚਾਰਕ ਸਾਂਝ ਨੂੰ ਹੁਲਾਰਾ ਦੇ ਕੇ ਆਰ.ਐਸ.ਐਸ.-ਬੀ.ਜੇ.ਪੀ. ਦੇ ਫਿਰਕੂ ਪ੍ਰੋਜੈਕਟ ਨੂੰ ਤਕੜੀ ਸੱਟ ਮਾਰੀ ਹੈ। ‘ਮਸਾਂ ਜਾਨ ਬਚੀ` ਦਾ ਡਰ ਪੈਦਾ ਕਰਕੇ ਗੈਰ-ਪੰਜਾਬੀ ਲੋਕਾਂ `ਚ ਪੰਜਾਬੀਆਂ, ਖਾਸ ਕਰਕੇ ਸਿੱਖ ਭਾਈਚਾਰੇ ਬਾਰੇ 1980ਵਿਆਂ ਵਾਲਾ ਖਤਰਨਾਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਪਾਲਤੂ ਚੈਨਲਾਂ ਸਮੇਤ ਗੋਦੀ ਮੀਡੀਆ ਅਤੇ ਭਗਵੇਂ ਆਈ.ਟੀ. ਸੈੱਲ ਵੱਲੋਂ ਸਿਰਜੇ ਜਾ ਰਹੇ ਜ਼ਹਿਰੀਲੇ ਬਿਰਤਾਂਤ ਅਤੇ ‘1984 ਦੁਹਰਾਉਣ` ਦੀਆਂ ਧਮਕੀ ਭਰੀਆਂ ਪੋਸਟਾਂ ਤੋਂ ਸਾਫ ਦੇਖਿਆ ਜਾ ਸਕਦਾ ਹੈ। ਪਿਛਲੇ ਸਾਲ ਨਵੰਬਰ `ਚ ਦਿੱਲੀ ਦੀਆਂ ਹੱਦਾਂ ਉਪਰ ਪੱਕੇ ਕਿਸਾਨ ਮੋਰਚੇ ਲਗਾਏ ਜਾਣ ਤੋਂ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਅਤਿਵਾਦੀ, ਖਾਲਿਸਤਾਨੀ, ਮਾਓਵਾਦੀ, ਅੰਦੋਲਨਜੀਵੀ ਆਦਿ ਦਾ ਠੱਪਾ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਖੁਦ ਮੋਦੀ ਵੱਲੋਂ ਅਤੇ ਉਸ ਦੀ ਵਜ਼ਾਰਤ ਦੀ ਸਿੱਧੀ ਅਗਵਾਈ ਹੇਠ ਲਗਾਤਾਰ ਕੀਤੀ ਜਾਂਦੀ ਰਹੀ ਹੈ। ਰੈਲੀ ਦੀ ਅਸਫਲਤਾ ਨਾਲ ਪੰਜਾਬ ਦੇ ਭਗਵੇਂ ਕੈਂਪ `ਚ ਮਾਯੂਸੀ ਸਿਰਫ ਇਕ ਪਾਸਾ ਹੈ। ਇਹ ਦੂਜਾ ਪਾਸਾ ਵਧੇਰੇ ਤਵੱਜੋ ਦੇਣ ਦੀ ਮੰਗ ਕਰਦਾ ਹੈ। ਰੈਲੀ ਦੀ ਤਿਆਰੀ ਅਤੇ ਅਸਫਲਤਾ ਨਾਲ ਆਰ.ਐਸ.ਐਸ.-ਬੀ.ਜੇ.ਪੀ. ਲੋਕਾਂ ਦੇ ਇਕ ਹਿੱਸੇ `ਚ ਆਪਣਾ ਪਾਟਕ ਪਾਊ ਸੰਦੇਸ਼ ਲੈ ਕੇ ਜਾਣ `ਚ ਕਾਮਯਾਬ ਹੋਈ ਹੈ। ਆਰ.ਐਸ.ਐਸ.-ਬੀ.ਜੇ.ਪੀ. ਦੀ ਖਤਰਨਾਕ ਵਿਚਾਰਧਾਰਾ ਨੂੰ ਨਜ਼ਰਅੰਦਾਜ਼ ਕਰਕੇ ਸੱਤਾ ਦੀ ਲਾਲਸਾ ਰੱਖਦੇ ਅਨਸਰ ਸੰਘ ਬ੍ਰਿਗੇਡ `ਚ ਸ਼ਾਮਲ ਹੋਣ ਲਈ ਬੁਰੀ ਤਰ੍ਹਾਂ ਤਰਲੋਮੱਛੀ ਹੋ ਰਹੇ ਹਨ। ਇਨ੍ਹਾਂ ਅਨਸਰਾਂ ਦਾ ਚਾਹੇ ਖਾਸ ਜਨਤਕ ਰਸੂਖ ਨਹੀਂ ਹੈ ਪਰ ਇਹ ਰਾਜਨੀਤਕ ਤੌਰ `ਤੇ ਆਮ ਲੋਕਾਂ `ਚ ਬੀ.ਜੇ.ਪੀ. ਦੇ ਪੰਜਾਬ `ਚ ਵਧ ਰਹੇ ਰਸੂਖ ਦਾ ਭਰਮ ਪੈਦਾ ਕਰਨ ਦਾ ਸੰਦ ਹਨ। ਮੋਦੀ ਦਾ ‘ਜਾਨ ਬਚ ਗਈ` ਵਾਲਾ ਬਿਆਨ ਆਈ.ਟੀ. ਸੈੱਲ ਅਤੇ ਪਾਲਤੂ ਮੀਡੀਆ ਦੇ ਜ਼ਹਿਰੀਲਾ ਪ੍ਰਚਾਰ ਨਾਲ ਗੁਣਾਂ ਹੋ ਕੇ ਪੰਜਾਬ ਦੇ ਹਿੰਦੂ ਭਾਈਚਾਰੇ ਵਿਚ ਅਸੁਰੱਖਿਆ ਅਤੇ ਭੈਅ ਦਾ ਮਾਹੌਲ ਪੈਦਾ ਕਰਕੇ ਉਨ੍ਹਾਂ `ਚ ਹਿੰਦੂਤਵ ਦੀ ਛੱਤਰੀ ਹੇਠ ਸੁਰੱਖਿਅਤ ਹੋਣ ਦੀ ਸੋਚ ਬਣਾ ਸਕਦਾ ਹੈ। ਇਸ ਖਤਰਨਾਕ ਬਿਰਤਾਂਤ ਨੂੰ ਜ਼ੋਰਦਾਰ ਚੁਣੌਤੀ ਦੇਣੀ ਜ਼ਰੂਰੀ ਹੈ।
ਇਸ ਵਰਤਾਰੇ ਦਾ ਇਕ ਹੋਰ ਖਤਰਨਾਕ ਪਹਿਲੂ ‘ਆਪ`, ਬਾਦਲ ਦਲ, ਕਾਂਗਰਸ ਦੇ ਚੰਨੀ ਵਿਰੋਧੀ ਧੜੇ ਅਤੇ ਕਥਿਤ ਉਦਾਰਵਾਦੀ ਹਿੱਸਿਆਂ ਦਾ ਇਹ ਕਹਿ ਕੇ ਭਗਵੇਂ ਬਿਰਤਾਂਤ ਦੀ ਸੁਰ `ਚ ਸੁਰ ਮਿਲਾਉਣਾ ਹੈ ਕਿ ‘ਰਾਜਨੀਤਕ ਮੱਤਭੇਦਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੁੱਦੇ ਉਪਰ ਸਮਝੌਤਾ ਨਹੀਂ ਕੀਤਾ ਜਾ ਸਕਦਾ`। ਇਹ ਹੈਰਾਨੀਜਨਕ ਨਹੀਂ ਜੇ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਮਾਇਆਵਤੀ, ਸੁਨੀਲ ਜਾਖੜ ਤੋਂ ਲੈ ਕੇ ‘ਆਪ` ਦਾ ਰਾਘਵ ਚੱਢਾ ਅਤੇ ਭਗਵੰਤ ਮਾਨ ਤੱਕ ਸਾਰੇ ‘ਸੁਰੱਕਸ਼ਾ ਮੇਂ ਚੂਕ` ਤੋਂ ਪ੍ਰੇਸ਼ਾਨ ਹਨ। ਪਹਿਲਾਂ ਭਾਰਤੀ ਹਾਕਮ ਜਮਾਤੀ ਪਾਰਟੀਆਂ ਵੱਲੋਂ ਮੁਲਕ ਦੀ ਸੁਰੱਖਿਆ ਵਿਚੋਂ ਲੋਕਾਂ ਨੂੰ ਮਨਫੀ ਕਰ ਕੇ ਕਥਿਤ ਰਾਸ਼ਟਰ ਦੇ ਰੂਪ `ਚ ਇਸ ਨੂੰ ਭਾਰਤੀ ਰਾਜ-ਢਾਂਚੇ ਅਤੇ ਹਾਕਮ ਜਮਾਤਾਂ ਦੇ ਹਿਤਾਂ ਤੱਕ ਸੁੰਗੇੜ ਦਿੱਤਾ ਗਿਆ। ਹੁਣ ਉਸ ‘ਰਾਸ਼ਟਰੀ` ਸੁਰੱਖਿਆ ਨੂੰ ਵੀ ਸਵੈ-ਕੇਂਦਰਤ ਤਾਨਾਸ਼ਾਹ ਦੀ ਸੁਰੱਖਿਆ ਤੱਕ ਮਹਿਦੂਦ ਕਰ ਦਿੱਤਾ ਗਿਆ ਹੈ। ਉਪਰੋਕਤ ਸਿਆਸੀ ਕੋੜਮਾ ਇਸ ਸਚਾਈ ਨੂੰ ਪੂਰੀ ਬੇਹਯਾਈ ਅਤੇ ਮੌਕਾਪ੍ਰਸਤੀ ਨਾਲ ਲੁਕੋ ਰਿਹਾ ਹੈ ਕਿ ਮੋਦੀ ਪੰਜਾਬ ਵਿਚ ਪ੍ਰਧਾਨ ਮੰਤਰੀ ਦੀ ਹੈਸੀਅਤ `ਚ ਨਹੀਂ ਸਗੋਂ ਬੀ.ਜੇ.ਪੀ ਦੇ ਮੁੱਖ ਚੋਣ ਪ੍ਰਚਾਰਕ ਦੀ ਹੈਸੀਅਤ `ਚ ਆਇਆ ਸੀ। ਜਦੋਂ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਦੇ ਲੱਖਾਂ ਕਿਸਾਨ-ਮਜ਼ਦੂਰ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਸਵਾ ਸਾਲ ਦੇ ਕਰੀਬ ਸੜਕਾਂ ਉਪਰ ਅਕਹਿ ਮੁਸੀਬਤਾਂ ਝੱਲ ਰਹੇ ਸਨ, ਉਦੋਂ ਸੁਰੱਖਿਆ ਦੀ ਦੁਹਾਈ ਦੇਣ ਵਾਲੇ ਇਹ ਸਿਆਸਤਦਾਨ ਖਾਮੋਸ਼ ਰਹੇ। ਸਾਢੇ ਸੱਤ ਸੌ ਦੇ ਕਰੀਬ ਕਿਸਾਨਾਂ-ਮਜ਼ਦੂਰਾਂ ਦੀਆਂ ਜਾਨਾਂ ਦੀ ਬਲੀ ਕਦੇ ਸੁਰੱਖਿਆ ਦਾ ਮੁੱਦਾ ਨਹੀਂ ਬਣੀ। ਪੂਰਾ ਦਿਨ ਪੰਜਾਬ ਵਿਚ ਚੋਣ ਰੈਲੀ ਦੇ ਲੇਖੇ ਲਾਉਣ ਵਾਲੇ ਮਨਮੌਜੀ ਨੂੰ ਇਕ ਵਾਰ ਵੀ ਲੱਖਾਂ ਕਿਸਾਨਾਂ-ਮਜ਼ਦੂਰਾਂ ਦੀ ਨੁਮਾਇੰਦਗੀ ਕਰਦੇ ਆਗੂਆਂ ਨਾਲ ਚੰਦ ਮਿੰਟ ਗੱਲਬਾਤ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ। ਜਦੋੋਂ ਕਿਸਾਨਾਂ ਨੂੰ ਸਿੱਧਾ ਮੁਖਾਤਿਬ ਹੋਣ ਦੀ ਜ਼ਰੂਰਤ ਸੀ, ਉਦੋਂ ਤਿੰਨ ਖੇਤੀ ਕਾਨੂੰਨਾਂ ਬਾਰੇ ਸਮਝਾਉਣ ਲਈ ਪੰਜਾਬ ਵਿਚ ਰੈਲੀ ਕਰਨ ਆਉਂਦਾ ਤਾਂ ਸ਼ਾਇਦ ਕੋਈ ਮੰਨ ਵੀ ਲੈਂਦਾ ਕਿ ਨਫਰਤ ਦਾ ਸੌਦਾਗਰ ਪ੍ਰਧਾਨ ਮੰਤਰੀ ਦੀ ਹੈਸੀਅਤ `ਚ ਕਿਸਾਨਾਂ ਨਾਲ ਸੰਵਾਦ ਰਚਾਉਣ ਆਇਆ ਹੈ। ਹੁਣ ਸੰਘ ਬ੍ਰਿਗੇਡ ਅਤੇ ਬਾਕੀ ਹਾਕਮ ਜਮਾਤੀ ਰਾਜਨੀਤਕ ਕੋੜਮਾ ‘ਚੁਣਿਆ ਹੋਇਆ ਪ੍ਰਧਾਨ ਮੰਤਰੀ` ਦਾ ਕੁਤਰਕ ਦੇ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦਾ।
ਜਿੱਥੋਂ ਤੱਕ ਵਿਕਾਸ ਪ੍ਰੋਜੈਕਟਾਂ ਦਾ ਸਵਾਲ ਹੈ, ਜੋ ਵੇਰਵੇ ਜਨਤਕ ਹੋਏ, ਉਨ੍ਹਾਂ ਅਨੁਸਾਰ ਐਲਾਨੇ ਜਾਣ ਵਾਲੇ ਪ੍ਰੋਜੈਕਟ ਦਿੱਲੀ-ਕੱਟੜਾ ਹਾਈਵੇਅ ਅਤੇ ਕੁਝ ਰੇਲ ਲਾਈਨਾਂ ਦੇ ਵਿਸਤਾਰ ਦੇ ਸਨ। ਰੇਲਵੇ ਅਤੇ ਸੜਕੀ ਆਵਾਜਾਈ ਦੇ ਤਰਕਹੀਣ ਨਿੱਜੀਕਰਨ ਅਤੇ ਵਪਾਰੀਕਰਨ ਕਾਰਨ ਇਹ ਕਾਰੋਬਾਰੀ ਲੋੜਾਂ ਦੇ ਨਜ਼ਰੀਏ ਤੋਂ ਕਾਰਪੋਰੇਟ ਅਤੇ ਕੁਲੀਨ ਵਰਗ ਦੇ ਹਿਤ `ਚ ਤਾਂ ਹਨ ਪਰ ਆਮ ਲੋਕਾਂ ਲਈ ਇਨ੍ਹਾਂ ਦਾ ਕੋਈ ਖਾਸ ਮਹੱਤਵ ਨਹੀਂ ਹੈ। ਪੰਜਾਬ ਦੇ ਮੁੱਖ ਮਸਲਿਆਂ ਖੇਤੀ ਸੰਕਟ, ਉਦਯੋਗੀਕਰਨ ਅਤੇ ਨੌਕਰੀਆਂ ਰਾਹੀਂ ਰੁਜ਼ਗਾਰ, ਸਸਤੀ ਪੜ੍ਹਾਈ, ਤਿੰਨ ਲੱਖ ਕਰੋੜ ਦੇ ਕਰਜ਼ੇ ਵਰਗੇ ਮਹੱਤਵਪੂਰਨ ਮੁੱਦਿਆਂ ਲਈ ਮੋਦੀ ਕੋਲ ਕੋਈ ਪੈਕੇਜ ਨਹੀਂ ਹੈ। ਸੈਟੇਲਾਈਟ ਪੀ.ਜੀ.ਆਈ. ਦੇ ਉਦਘਾਟਨ ਦੇ ਕੀ ਮਾਇਨੇ ਰਹਿ ਜਾਂਦੇ ਹਨ, ਜਦੋਂ ਪੰਜਾਬ `ਚ ਚੱਲ ਰਹੇ ਸਰਕਾਰੀ ਮੈਡੀਕਲ ਕਾਲਜ ਅਤੇ ਮੁੱਖ ਸਰਕਾਰੀ ਹਸਪਤਾਲਾਂ ਸਮੇਤ ਸਿਹਤ ਸੇਵਾਵਾਂ ਵਪਾਰੀਕਰਨ ਦੀ ਨੀਤੀ ਤਹਿਤ ਫੰਡਾਂ ਦੀ ਤੋਟ ਕਾਰਨ ਖਤਮ ਹੋਣ ਕਿਨਾਰੇ ਹਨ।
ਰਹੀ ਗੱਲ ਸੜਕਾਂ ਉਪਰ ਮੁਜ਼ਾਹਰੇ ਕਰਨ ਦੀ, ਇਹ ਦੁਨੀਆ ਭਰ ਦੇ ਲੋਕਾਂ ਵੱਲੋਂ ਮੱਧਯੁਗੀ ਤਾਨਾਸ਼ਾਹੀਆਂ ਅਤੇ ਕਥਿਤ ਲੋਕਤੰਤਰੀ ਰਾਜਾਂ ਵਿਰੁੱਧ, ਜਿਸ ਵਿਚ ਬਰਤਾਨਵੀ ਸਲਤਨਤ ਸਮੇਤ ਸਮੂਹ ਬਸਤੀਵਾਦੀ ਸਰਮਾਏਦਾਰਾ ਰਾਜ ਸ਼ਾਮਿਲ ਹਨ, ਜਾਨ-ਹੂਲਵੇਂ ਸੰਘਰਸ਼ ਕਰਕੇ ਲਿਆ ਜਮਹੂਰੀ ਹੱਕ ਹੈ। ਇਹ ਐਸਾ ਜਮਹੂਰੀ ਹੱਕ ਹੈ ਜਿਸ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਲੋਕ ਵੋਟਾਂ ਪਾ ਕੇ ਪੰਜ ਸਾਲ ਲਈ ਆਪਣੇ ਹੱਥ ਵੱਢ ਕੇ ਦਿੰਦੇ ਆ ਰਹੇ ਸਨ। ਹੁਣ ਉਨ੍ਹਾਂ ਨੇ ਫੋਕੇ ਲੋਕਤੰਤਰ ਦੇ ਭਰਮ `ਚੋਂ ਨਿਕਲ ਕੇ ਅਸਲ ਲੋਕ ਤਾਕਤ ਰਾਹੀਂ ਆਪਣੇ ਹੱਕ ਜਤਾਉਣ ਅਤੇ ਅਸਲ ਲੋਕਤੰਤਰ ਨੂੰ ਅਮਲ `ਚ ਲਿਆਉਣ ਦੀ ਮੁੱਢਲੀ ਚੇਤਨਾ ਹਾਸਲ ਕਰ ਲਈ ਹੈ। ਜੇ ਸੰਘਰਸ਼ਸ਼ੀਲ ਲੋਕ ਆਪਣੇ ਇਸ ਜਮਹੂਰੀ ਹੱਕ ਦਾ ਇਸਤੇਮਾਲ ਕਰਦੇ ਹੋਏ ਸੜਕਾਂ ਜਾਮ ਕਰਕੇ ਮੋਦੀ ਦੇ ਕਾਫਲੇ ਨੂੰ ਕੁਝ ਮਿੰਟ ਦੀ ਬਜਾਏ ਕੁਝ ਘੰਟੇ ਵੀ ਰੋਕੀ ਰੱਖਦੇ ਅਤੇ ਉਸ ਨੂੰ ਘੇਰ ਕੇ ਆਪਣਾ ਪੱਖ ਸੁਨਣ ਲਈ ਮਜਬੂਰ ਕਰਦੇ, ਉਦੋਂ ਵੀ ਇਹ ਕਾਰਵਾਈ ਸੁਰੱਖਿਆ ਲਈ ਕੋਈ ਖਤਰਾ ਨਹੀਂ ਸੀ ਸਗੋਂ ਪੂਰੀ ਤਰ੍ਹਾਂ ਹੱਕ ਵਜਾਨਬ ਹੋਣੀ ਸੀ। ਜੇ ਮਨਮਾਨੀਆਂ ਕਰਨ ਵਾਲੇ ਹੁਕਮਰਾਨਾਂ ਵਿਰੁੱਧ ਮੁਜ਼ਾਹਰੇ ਕਰਨ ਜਾਂ ਉਨ੍ਹਾਂ ਨੂੰ ਸੜਕਾਂ ਉਪਰ ਰੋਕ ਕੇ ਜਵਾਬਦੇਹੀ ਮੰਗਣ ਨਾਲ ਫਾਸ਼ੀਵਾਦ ਦਾ ਅਜੋਕਾ ਮੁਜੱਸਮਾ ਅਤੇ ਮੁੱਖ ਧਾਰਾਈ ਰਾਜਨੀਤਕ ਕੋੜਮਾ ਅਸੁਰੱਖਿਆ ਮਹਿਸੂਸ ਕਰਦੇ ਹਨ ਤਾਂ ਇਹ ਉਲੰਘਣਾ ਵਾਰ-ਵਾਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਮੁਲਕ ਨੂੰ ਅਸਲ ਖਤਰਾ ਇਨ੍ਹਾਂ ਦੇ ਝੂਠੇ ਅਸੁਰੱਖਿਆ ਬਿਰਤਾਂਤ ਤੋਂ ਹੈ। ਹੰਕਾਰੇ ਹੋਏ ਤਾਨਾਸ਼ਾਹ ਨੂੰ ਪੰਡਾਲ ਖਾਲੀ ਰੱਖ ਕੇ ਉਸ ਦੀ ਔਕਾਤ ਦਿਖਾਉਣ ਲਈ ਪੰਜਾਬ ਦੇ ਲੋਕ ਵਧਾਈ ਦੇ ਹੱਕਦਾਰ ਹਨ।