ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਸਿੱਖਾਂ ਦੇ ਕਾਤਲ ਰਿਬੇਰੋ ਦੀ ਜੀਵਨੀ ਐਨੀ ਬਣਾ-ਸੁਆਰ ਕੇ ਕਿਉਂ ਛਾਪ ਰਹੇ ਹੋ। ਇਸ ਬੰਦੇ ਨੇ ਪੱਛਮੀ ਬੰਗਾਲ ਦੇ ਕਾਂਗਰਸੀ ਲੀਡਰ ਸਿਧਾਰਥ ਸ਼ੰਕਰ ਰੇਅ ਅਤੇ ਪੁਲਸੀਏ ਕੇæਪੀæਐਸ਼ ਗਿੱਲ ਨਾਲ ਰਲ ਕੇ ਸਿੱਖ ਨੌਜਵਾਨਾਂ ਨਾਲ ਜੋ ਤੱਦੀਆਂ ਕੀਤੀਆਂ, ਉਸ ਨੂੰ ਕਦੀ ਮੁਆਫ ਨਹੀਂ ਕੀਤਾ ਜਾ ਸਕੇਗਾ। ਬੇਕਸੂਰਾਂ ਦੇ ਖੂਨ ਨਾਲ ਹੱਥ ਰੰਗ ਕੇ ਇਹ ਸ਼ਖਸ ਹੁਣ ਜੀਵਨੀ ਲਿਖ ਕੇ ਬਰੀ ਹੋ ਰਿਹਾ ਹੈ। ਨਾਲੇ ਕਿਤਾਬ ਛਪਵਾ ਕੇ ਮੋਟੇ ਪੈਸੇ ਕਮਾ ਲਏ ਹੋਣਗੇ। ਰੇਅ ਨੇ ਸਿੱਖਾਂ ਦਾ ਹੀ ਘਾਣ ਨਹੀਂ ਸੀ ਕੀਤਾ, ਉਸ ਨੇ ਤਾਂ 1970ਵਿਆਂ ਵਿਚ ਸਰਕਾਰ ਦਾ ਤਖਤਾ ਪਲਟਾਉਣ ਲਈ ਚੱਲੀ ਨਕਸਲੀ ਲਹਿਰ ਦੌਰਾਨ ਪੱਛਮੀ ਬੰਗਾਲ ਵਿਚ ਵੀ ਇਹੀ ਰੋਲ ਨਿਭਾਇਆ ਸੀ ਅਤੇ ਨਕਸਲੀ ਨੌਜਵਾਨਾਂ ਨੂੰ ਰਾਤੋ-ਰਾਤ ਮਾਰ-ਖਪਾ ਦਿੱਤਾ ਸੀ। ਕੇæਪੀæਐਸ਼ ਗਿੱਲ ਬਾਰੇ ਤਾਂ ਗੱਲ ਹੀ ਕੀ ਕਰਨੀ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਸਰਕਾਰੀ ਬੰਦਿਆਂ ਵਿਚਕਾਰ ਕੁਝ ਤਾਂ ਫਰਕ ਰੱਖਣਾ ਚਾਹੀਦਾ ਹੈ। ਪਤਾ ਨਹੀਂ ਕਿਉਂ, ਤੁਹਾਨੂੰ ਹਰਪਾਲ ਸਿੰਘ ਪੰਨੂ ਵਰਗੇ ਬੰਦਿਆਂ ਦੇ ਲੇਖ ਹੀ ਕਿਉਂ ਲੱਭਦੇ ਹਨ? ਜਾਂ ਫਿਰ ਤੁਸੀਂ ਕਾਮਰੇਡੀ ਵਾਲੀਆਂ ਲਿਖਤਾਂ ਹੀ ਕਿਉਂ ਛਾਪੀ ਜਾਂਦੇ ਹੋ ਜਿਨ੍ਹਾਂ ਦੀ ਸਾਰੀਆਂ ਦੁਨੀਆਂ ਵਿਚ ਹੁਣ ਦੁਰ-ਦੁਰ ਹੋ ਰਹੀ ਹੈ ਅਤੇ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ। ਭਾਰਤੀ ਕਾਮਰੇਡਾਂ ਦਾ ਤਾਂ ਇਤਿਹਾਸ ਹੀ ਇਹ ਹੈ। ਇਹ ਪਹਿਲਾਂ ਬਲੰਡਰ ਕਰਦੇ ਹਨ ਅਤੇ ਫਿਰ ਗਲਤੀਆਂ ਮੰਨਦੇ ਹਨ। ਪੰਜਾਬ ਬਾਰੇ ਅਜੇ ਤੱਕ ਇਨ੍ਹਾਂ ਨੇ ਆਪਣੀ ਰਾਏ ਬਦਲਣ ਦੀ ਲੋੜ ਨਹੀਂ ਸਮਝੀ। ਇਹ ਹੋਰਨਾਂ ਨੂੰ ਕੱਟੜ ਕਹਿੰਦੇ ਫਿਰਦੇ ਹਨ, ਪਰ ਆਪਣੀ ਕੱਟੜਤਾ ਬਾਰੇ ਕਦੀ ਗੱਲ ਨਹੀਂ ਕਰਦੇ। ਅਜਿਹੇ ਲੋਕਾਂ ਬਾਰੇ ਲੇਖ ਛਾਪਣ ਦਾ ਕੀ ਫਾਇਦਾ ਹੈ।
-ਬਖਸ਼ੀਸ਼ ਸਿੰਘ, ਡਿਟਰਾਇਟ
Leave a Reply