ਰੂਸ ਨੇ ਯੂਕਰੇਨ ਉਤੇ ਹਮਲੇ ਦੀ ਤਿਆਰੀ ਵਿੱਢੀ?

ਨਵਜੋਤ
ਸੰਪਰਕ: 85578-12341
ਯੂਕਰੇਨ ਦੀ ਰੂਸ ਨਾਲ ਲਗਦੀ ਹੱਦ ਉਤੇ ਇਸ ਸਮੇਂ ਹਾਲਤ ਕਾਫੀ ਤਣਾਅ ਵਾਲੀ ਹੈ। ਅਮਰੀਕਾ ਅਤੇ ਪੱਛਮੀ ਯੂਰਪੀ ਮੁਲਕਾਂ ਦੀਆਂ ਏਜੰਸੀਆਂ ਦਾ ਕਹਿਣਾ ਹੈ ਕਿ ਰੂਸ ਨੇ ਹਥਿਆਰਾਂ ਨਾਲ ਲੈਸ ਇਕ ਲੱਖ ਦੇ ਕਰੀਬ ਫੌਜੀ ਹੱਦ ਉਤੇ ਤਾਇਨਾਤ ਕਰ ਦਿੱਤੇ ਹਨ।

ਯੂਕਰੇਨ ਦੇ ਅਧਿਕਾਰੀਆਂ ਮੁਤਾਬਿਕ, ਹੱਦ ਉਤੇ ਤਾਇਨਾਤ ਰੂਸੀ ਫੌਜੀਆਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ ਤੇ ਇਹ ਸਪਸ਼ਟ ਸੰਕੇਤ ਹੈ ਕਿ ਰੂਸ ਨੇ ਯੂਕਰੇਨ ਤੇ ਹਮਲੇ ਦੀ ਤਿਆਰੀ ਵਿੱਢ ਲਈ ਹੈ। ਭੂ-ਸਿਆਸੀ ਮਾਹਿਰ ਰੂਸੀ ਤਿਆਰੀ ਤੋਂ ਅਨੁਮਾਨ ਲਗਾ ਰਹੇ ਹਨ ਕਿ ਰੂਸੀ ਫੌਜ ਯੂਕਰੇਨ ਤੇ ਹਮਲਾ ਕਰ ਸਕਦੀ ਹੈ। ਇਹ ਭਵਿੱਖਵਾਣੀ ਕਿੰਨੀ ਕੁ ਸਹੀ ਹੈ, ਇਹ ਤਾਂ ਆਉਣ ਵਾਲ਼ਾ ਸਮਾਂ ਦੱਸੇਗਾ ਪਰ ਰੂਸ-ਯੂਕਰੇਨ ਟਕਰਾਅ ਭਖਦਾ ਕੌਮਾਂਤਰੀ ਮਸਲਾ ਬਣਿਆ ਹੋਇਆ ਹੈ। ਇਸ ਮਸਲੇ ਨੂੰ ਲੈ ਕੇ ਰੂਸੀ ਸਦਰ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਸਦਰ ਜੋਅ ਬਾਇਡਨ ਦੀ ਦੁਵੱਲੀ ਗੱਲਬਾਤ ਵੀ ਹੋਈ ਜੋ ਕੁੱਲ ਮਿਲ਼ਾ ਕੇ ਬੇਸਿੱਟਾ ਹੀ ਰਹੀ। ਅਮਰੀਕਾ ਅਤੇ ਨਾਟੋ ਨੇ ਇਸ ਬਾਰੇ ਰੂਸ `ਤੇ ਆਰਥਿਕ ਰੋਕਾਂ ਮੜ੍ਹਨ, ਯੂਕਰੇਨ ਨੂੰ ਫੌਜੀ ਸਹਾਇਤਾ ਦੇਣ ਜਿਹੀਆਂ ਧਮਕੀਆਂ ਦਿੱਤੀਆਂ ਹਨ।
ਇਸ ਮਸਲੇ ਬਾਰੇ ਰੂਸੀ ਸਰਕਾਰ ਦੀਆਂ ਦੋ-ਟੁੱਕ ਮੰਗਾਂ ਹਨ ਕਿ ਨਾਟੋ ਯੂਕਰੇਨ ਨੂੰ ਆਪਣਾ ਮੈਂਬਰ ਬਣਾਉਣ ਦੀਆਂ ਸਭ ਤਜਵੀਜ਼ਾਂ ਤਿਆਗ ਦੇਵੇ, ਪੂਰਬੀ ਯੂਰਪ ਵਿਚੋਂ (ਪੂਰਬੀ ਯੂਰਪ ਦੇ ਕਈ ਮੁਲਕਾਂ ਦੀ ਸਰਹੱਦ ਰੂਸ ਨਾਲ ਲਗਦੀ ਹੈ) ਨਾਟੋ ਫੌਜਾਂ ਵਾਪਸ ਬੁਲਾਵੇ ਤੇ ਫੌਜੀ ਅੱਡੇ ਖਾਲੀ ਕਰੇ ਤੇ ਤੀਜਾ ਪੱਛਮੀ ਯੂਰਪ ਲਈ ਰੂਸ ਵੱਲੋਂ ਬਣਾਈ ਜਾ ਰਹੀ ਤੇਲ ਪਾਈਪਲਾਈਨ ਦਾ ਵਿਰੋਧ ਬੰਦ ਕੀਤਾ ਜਾਵੇ। ਅਸਲ ਵਿਚ ਯੂਕਰੇਨ ਰੂਸ ਨੂੰ ਪੱਛਮੀ ਯੂਰਪ ਨਾਲ ਜੋੜਨ ਵਾਲੀ ਅਹਿਮ ਕੜੀ ਹੈ, ਇਸ ਕਰਕੇ ਨਾ ਸਿਰਫ ਰੂਸ ਸਗੋਂ ਅਮਰੀਕਾ ਤੇ ਪੱਛਮੀ ਯੂਰਪੀ ਮੁਲਕਾਂ ਲਈ ਵੀ ਇਸ ਇਲਾਕੇ ਵਿਚ ਆਪਣੇ ਆਰਥਿਕ, ਸਿਆਸੀ ਤੇ ਫੌਜੀ ਹਿੱਤਾਂ ਲਈ ਕਾਫੀ ਮਹੱਤਵਪੂਰਨ ਹੈ। ਅਮਰੀਕਾ ਦਾ ਇਸ ਮਸਲੇ ਵਿਚ ਦਖਲ ਜਮਹੂਰੀਅਤ ਲਈ ਪਿਆਰ ਵਿਚੋਂ ਨਹੀਂ ਉਭਰਿਆ, ਜਿਵੇਂ ਅਮਰੀਕਾ ਪੱਖੀ ਮੀਡੀਆ ਸਾਬਤ ਕਰਨ ਲੱਗਾ ਹੋਇਆ ਹੈ ਸਗੋਂ ਰੂਸ ਨਾਲ ਆਪਣੀ ਖਹਿ ਦਾ ਹੀ ਨਤੀਜਾ ਹੈ।
ਦਸੰਬਰ 1991 ਵਿਚ ਸੋਵੀਅਤ ਯੂਨੀਅਨ ਦੇ ਖਿੰਡਾਅ ਮਗਰੋਂ ਯੂਕਰੇਨ ਤੇ ਰੂਸ ਵੱਖੋ-ਵੱਖਰੇ ਮੁਲਕਾਂ ਵਜੋਂ ਵਜੂਦ ਰੱਖਣ ਲੱਗੇ। ਰੂਸੀ ਹਾਕਮਾਂ ਦੀ ਉਦੋਂ ਤੋਂ ਹੀ ਕੋਸ਼ਿਸ਼ ਸੀ ਕਿ ਯੂਕਰੇਨ ਤੇ ਉਨ੍ਹਾਂ ਦਾ ਭਾਰੂ ਕੰਟਰੋਲ ਰਹੇ ਪਰ ਅੰਦਰੂਨੀ ਤੇ ਬਾਹਰੀ ਕਾਰਨਾਂ ਕਰਕੇ ਇਹ ਉਸ ਸਮੇਂ ਸੰਭਵ ਨਹੀਂ ਹੋ ਸਕਿਆ। ਯੂਕਰੇਨ ਦੇ ਹਾਕਮ ਦੇਰ-ਸਵੇਰ ਰੂਸ ਦੇ ਹਾਕਮਾਂ ਦੀ ਵਿਸਥਾਰਵਾਦੀ ਨੀਤੀ ਤੋਂ ਡਰਦਿਆਂ ਪੱਛਮੀ ਯੂਰਪ ਦੇ ਮੁਲਕਾਂ ਨਾਲ ਸਬੰਧ ਵਧੇਰੇ ਮਜ਼ਬੂਤ ਬਣਾਉਣ ਦੇ ਚਾਹਵਾਨ ਸਨ ਪਰ ਉਦੋਂ ਨਾ ਤਾਂ ਅਮਰੀਕਾ ਅਤੇ ਨਾ ਹੀ ਪੱਛਮੀ ਯੂਰਪ ਦੇ ਮੁਲਕਾਂ ਦੀ ਯੂਕਰੇਨ ਨਾਲ ਕੋਈ ਬਹੁਤੇ ਨੇੜਲੇ ਰਿਸ਼ਤੇ ਬਣਾਉਣ ਦੀ ਲੋੜ ਸੀ ਕਿਉਂ ਜੋ ਸੋਵੀਅਤ ਯੂਨੀਅਨ ਦੇ ਖਿੰਡਾਅ ਨਾਲ ਅਮਰੀਕਾ ਦੀ ਚੌਧਰ ਨੂੰ ਰੂਸੀ ਚੁਣੌਤੀ ਕਮਜ਼ੋਰ ਹੋ ਗਈ ਸੀ। ਯੂਕਰੇਨ ਤੇ ਰੂਸ ਵਿਚਲੇ ਸਬੰਧ 2003 ਵਿਚ ਵਿਗੜਨੇ ਸ਼ੁਰੂ ਹੋਏ ਜਦ ਰੂਸ ਨੇ ਅਚਨਚੇਤ ਯੂਕਰੇਨ ਦੇ ਤੁਜਲਾ ਟਾਪੂ ਨੇੜੇ ਕਰਸ ਵਿਚ ਬੰਨ੍ਹ ਦੀ ਉਸਾਰੀ ਸ਼ੁਰੂ ਕਰ ਦਿੱਤੀ। ਬੰਨ੍ਹ ਦੀ ਉਸਾਰੀ ਭਾਵੇਂ ਰੋਕ ਦਿੱਤੀ ਗਈ ਪਰ ਰੂਸ-ਯੂਕਰੇਨ ਦੁਵੱਲੇ ਰਿਸ਼ਤਿਆਂ ਵਿਚ ਦਰਾੜ ਪੈਣੀ ਸ਼ੁਰੂ ਹੋ ਗਈ ਜੋ ਵਧਦੀ ਹੀ ਗਈ।
ਯੂਕਰੇਨ ਵਿਚ 2004 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਪਸੰਦੀਦਾ ਉਮੀਦਵਾਰ ਦੀ ਹਾਰ ਹੋਈ। ਯੁਸਚੈਨਕੋ ਰਾਸ਼ਟਰਪਤੀ ਬਣਿਆ ਜੋ ਰੂਸ ਦਾ ਯੂਕਰੇਨ ‘ਚ ਦਖਲ ਘਟਾਉਣ ਲਈ ਪੱਛਮੀ ਯੂਰਪ ਨਾਲ ਮਜਬੂਤ ਰਿਸ਼ਤੇ ਨੂੰ ਤਰਜੀਹ ਦਿੰਦਾ ਸੀ। ਪੁਤਿਨ ਨੇ ਉਦੋਂ ਯੂਕਰੇਨ ‘ਤੇ ਕਈ ਆਰਥਿਕ ਰੋਕਾਂ ਥੋਪੀਆਂ ਤੇ ਰੂਸ ਵੱਲੋਂ ਯੂਕਰੇਨ ਨੂੰ ਦਿੱਤੀ ਜਾਂਦੀ ਕੁਦਰਤੀ ਗੈਸ ਉਤੇ ਵੀ ਰੋਕ ਲਗਾਈ। ਇਸ ਸਮੇਂ ਤੱਕ ਅਮਰੀਕਾ ਲਈ ਰੂਸ ਤਾਕਤ ਦੇ ਰੂਪ ਵਿਚ ਮੁੜ ਉਭਰ ਚੁੱਕਾ ਸੀ ਤੇ ਉਸ ਦੇ ਗੁਆਂਢੀ ਮੁਲਕ ਯੂਕਰੇਨ ਨਾਲ ਇਸ ਵਿਰੋਧਤਾਈ ਦਾ ਫਾਇਦਾ ਅਮਰੀਕਾ ਨੇ ਲੈਣ ਦੀ ਪੂਰੀ ਕੋਸ਼ਿਸ਼ ਕੀਤੀ। 2008 ਵਿਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜਾਰਜ ਬੁਸ਼ ਨੇ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਉਣ ਦਾ ਅਮਲ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਰੂਸ ਨੇ ਇਸ ਆਸ ਨੂੰ ਬੂਰ ਨਾ ਪੈਣ ਦਿੱਤਾ। 2013 ਵਿਚ ਯੂਕਰੇਨ ਨੇ ਨਾਟੋ ਦਾ ਮੈਂਬਰ ਬਣਨ ਦੀ ਪ੍ਰਕਿਰਿਆ ਮੁੜ ਚਲਾਉਣ ਦਾ ਯਤਨ ਕੀਤਾ ਪਰ ਇੱਕ ਵਾਰੀ ਫਿਰ ਰੂਸ ਨੇ ਕੋਸ਼ਿਸ਼ ਅਸਫਲ ਕਰ ਦਿੱਤੀ। ਪੰਜ ਨਾਟੋ ਮੁਲਕਾਂ (ਨਾਰਵੇ, ਅਸਟੋਨੀਆ, ਲਾਤਵੀਆ, ਲਿਥੂਏਨੀਆ, ਪੋਲੈਂਡ) ਨਾਲ ਰੂਸ ਦੀ ਸਰਹੱਦ ਲਗਦੀ ਹੈ ਤੇ ਰੂਸ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਇਨ੍ਹਾਂ ਦੇਸ਼ਾਂ ਵਿਚੋਂ ਨਾਟੋ ਫੌਜਾਂ ਪਿੱਛੇ ਹਟਾਈਆਂ ਜਾਣ ਅਤੇ ਅਮਰੀਕਾ ਯੂਰਪ ਵਿਚੋਂ ਆਪਣੇ ਪਰਮਾਣੂ ਹਥਿਆਰ ਵੀ ਹਟਾ ਲਵੇ। ਅਮਰੀਕਾ ਦੀ ਕੋਸ਼ਿਸ਼ ਇਹ ਰਹੀ ਹੈ ਕਿ ਨਾਟੋ ਤੇ ਪੱਛਮੀ ਯੂਰਪ ਦੇ ਆਪਣੇ ਹਮਾਇਤੀਆਂ ਨਾਲ ਰਲ਼ ਕੇ ਰੂਸ ਦੇ ਸਰਹੱਦੀ ਮੁਲਕਾਂ ਵਿਚ ਲਗਾਤਾਰ ਫੌਜੀ ਰਸੂਖ ਵਧਾਇਆ ਜਾਵੇ। ਪੂਰਬੀ ਯੂਰਪ ਵਿਚੋਂ ਯੂਕਰੇਨ ਹੀ ਉਹ ਮੁਲਕ ਹੈ ਜਿਸ ਨਾਲ ਰੂਸ ਦੀ ਸਭ ਤੋਂ ਲੰਮੀ ਸਰਹੱਦ ਲਗਦੀ ਹੈ ਅਤੇ ਰੂਸ ਤੇ ਅਮਰੀਕਾ ਲਈ ਯੂਕਰੇਨ ਦਾ ਮਹੱਤਵ ਇਸ ਤੱਥ ਤੋਂ ਹੀ ਸਾਫ ਹੈ।
ਮੌਜੂਦਾ ਰੂਸ-ਯੂਕਰੇਨ ਟਕਰਾਅ ਦੀਆਂ ਤੰਦਾਂ ਸਭ ਤੋਂ ਜ਼ਿਆਦਾ 2014 ਦੀਆਂ ਘਟਨਾਵਾਂ ਨਾਲ ਜੁੜੀਆਂ ਹਨ। ਨਵੰਬਰ 2013 ਤੋਂ ਹੀ ਯੂਕਰੇਨ ਵਿਚ ਵਿਰੋਧੀ ਧਿਰ ਅਤੇ ਆਮ ਲੋਕਾਈ ਵੱਲੋਂ ਉਸ ਸਮੇਂ ਦੇ ਰਾਸ਼ਟਰਪਤੀ ਯਾਨੂਕੋਯਵਿਚ ਦਾ ਜ਼ਬਰਦਸਤ ਵਿਰੋਧ ਸ਼ੁਰੂ ਹੋਇਆ ਜਿਸ ਦਾ ਫੌਰੀ ਕਾਰਨ ਯਾਨੂਕੋਯਵਿਚ ਵੱਲੋਂ ਯੂਰਪੀ ਯੂਨੀਅਨ ਨਾਲ ਆਰਥਿਕ ਸਮਝੌਤਾ ਨੇਪਰੇ ਨਾ ਚਾੜ੍ਹਨਾ ਸੀ। ਬਾਅਦ ਵਿਚ ਇਸ ਨਾਲ ਸਰਕਾਰ ਉਤੇ ਭ੍ਰਿਸ਼ਟਾਚਾਰ, ਯੂਕਰੇਨ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ, ਤਾਕਤ ਦੀ ਦੁਰਵਰਤੋਂ ਆਦਿ ਜਿਹੇ ਕਾਰਨ ਵੀ ਜੁੜ ਗਏ। 2014 ਦੇ ਪਹਿਲੇ ਮਹੀਨਿਆਂ ਵਿਚ ਇਹ ਵਿਰੋਧ ਕਾਫੀ ਵਧ ਗਿਆ ਤੇ ਯਾਨੂਕੋਯਵਿਚ ਨੂੰ ਆਖਰਕਾਰ ਯੂਕਰੇਨ ਛੱਡ ਕੇ ਰੂਸ ਵਿਚ ਸ਼ਰਨ ਲੈਣੀ ਪਈ। ਯੂਕਰੇਨ ਵਿਚ ਫੌਰੀ ਕਿਸੇ ਸਰਕਾਰ ਦੀ ਅਣਹੋਂਦ, ਅਰਾਜਕਤਾ ਦੇ ਮਾਹੌਲ ਵਿਚ ਰੂਸ ਨੇ ਆਪਣਾ ਮੌਕਾ ਦੇਖਿਆ ਤੇ ਫੌਜੀ ਦਖਲ ਰਾਹੀਂ ਯੂਕਰੇਨ ਦਾ ਕ੍ਰਿਮੀਆਈ ਇਲਾਕਾ ਹਥਿਆ ਲਿਆ। ਇਸ ਦੇ ਨਾਲ ਵੀ ਯੂਕਰੇਨ ਦੀ ਪੂਰਬੀ ਸਰਹੱਦ ਉਤੇ ਡੋਨਬਾਸ ਦੇ ਇਲਾਕੇ ਵਿਚ ਵੀ ਕੁਝ ਸਥਾਨਕ ਗਰੁੱਪਾਂ ਤੇ ਫੌਜੀ ਤਾਕਤਾਂ ਨਾਲ ਹਮਲਾ ਬੋਲ ਦਿੱਤਾ। ਇੱਥੇ ਵੀ ਇੱਕ ਹਿੱਸੇ ਉਤੇ ਹੁਣ ਰੂਸ ਦਾ ਕਬਜ਼ਾ ਹੈ ਅਤੇ 2014 ਤੋਂ ਹੀ ਯੂਕਰੇਨੀ ਫੌਜ ਨਾਲ ਕਿਸੇ ਨਾ ਕਿਸੇ ਰੂਪ ਵਿਚ ਲੜਾਈ ਚੱਲ ਰਹੀ ਹੈ। 2014 ਵਿਚ ਯੂਕਰੇਨ ਤੋਂ ਹਥਿਆਏ ਇਲਾਕਿਆਂ ਨਾਲ ਰੂਸੀ ਸਦਰ ਵਲਾਦੀਮੀਰ ਪੁਤਿਨ ਨੂੰ ਵੀ ਕਾਫੀ ਸਿਆਸੀ ਲਾਹਾ ਹੋਇਆ ਕਿਉਂ ਜੋ ਦਹਾਕੇ ਦੀ ਸ਼ੁਰੂਆਤ ਤੋਂ ਰੂਸੀਆਂ ਵਿਚ ਉਸ ਦੀ ਘਟਦੀ ਲੋਕਪ੍ਰਿਯਤਾ ਨੂੰ ਮੁੜ ਹੁਲਾਰਾ ਮਿਲਿਆ।
ਅਮਰੀਕਾ ਤੇ ਉਸ ਦੇ ਹਮਾਇਤੀ ਪੱਛਮੀ ਯੂਰਪੀ ਮੁਲਕਾਂ ਲਈ ਰੂਸ ਦੀ ਤਾਕਤ ਨੂੰ ਕੰਟਰੋਲ ਵਿਚ ਰੱਖਣ ਲਈ ਯੂਕਰੇਨ ਦਾ ਮਹੱਤਵ ਜੱਗ ਜ਼ਾਹਿਰ ਹੈ। 2014 ਤੋਂ ਪਹਿਲਾਂ ਵੀ ਅਮਰੀਕਾ ਯੂਕਰੇਨ ਨੂੰ ‘ਮਦਦ` ਵਜੋਂ ਸਾਲਾਨਾ 20 ਕਰੋੜ ਅਮਰੀਕੀ ਡਾਲਰ ਦਿੰਦਾ ਸੀ ਤੇ ਨਾਲ ਹੀ ਵੱਖ ਵੱਖ ਰੂਪਾਂ ਵਿਚ ਫੌਜੀ ਮਦਦ ਵੀ ਮੁਹੱਈਆ ਕਰਵਾਉਂਦਾ ਸੀ। ਜਦ ਰੂਸ ਨੇ ਯੂਕਰੇਨ ਦੇ ਕਰੀਮੀਆ ਤੇ ਡੋਨਬਾਸ ਇਲਾਕੇ ਉਤੇ ਹਮਲਾ ਕੀਤਾ ਤਾਂ ਆਪਣੇ ਭੂ-ਸਿਆਸੀ ਹਿੱਤਾਂ ਨੂੰ ਦੇਖਦਿਆਂ ਯੂਕਰੇਨ ਨੂੰ ‘ਵਿਕਾਸ ਤੇ ਸੁਰੱਖਿਆ` ਲਈ ਦਿੱਤੀ ਜਾਣ ਵਾਲ਼ੀ ਮਦਦ ਵਧਾ ਕੇ ਸਾਲਾਨਾ 60 ਕਰੋੜ ਅਮਰੀਕੀ ਡਾਲਰ ਤੋਂ ਵੀ ਵੱਧ ਕਰ ਦਿੱਤੀ। ਇਸ ਤੋਂ ਬਿਨਾਂ ਅਮਰੀਕਾ ਯੂਕਰੇਨੀ ਫੌਜ ਨੂੰ ਆਧੁਨਿਕ ਫੌਜੀ ਹਥਿਆਰਾਂ ਤੇ ਸਾਜ਼ੋ-ਸਮਾਨ ਨਾਲ ਲੈਸ ਕਰਨ ਵਿਚ ਰੁੱਝਿਆ ਹੈ।
ਦੂਜੇ ਪਾਸੇ ਰੂਸੀ ਹਾਕਮ, ਖਾਸਕਰ ਪੁਤਿਨ ਐਲਾਨਦੇ ਆਏ ਹਨ ਕਿ ਯੂਕਰੇਨ ਤਾਂ ਰੂਸ ਦਾ ਹੀ ਅਟੁੱਟ ਅੰਗ ਹੈ। ਰੂਸ ਦੇ ਪੂਰਬੀ ਯੂਰਪ, ਉਤਰੀ ਅਫਰੀਕਾ ਆਦਿ ਇਲਾਕੇ ਵਿਚ ਦਖਲ ਵਧਾਉਣ ਲਈ ਤੇ ਅਮਰੀਕਾ ਦੀ ਅਗਵਾਈ ਵਾਲੇ ਪਾਲੇ ਦੀ ਆਪਣੀ ਸਰਹੱਦ ਉਤੇ ਫੌਜੀ ਤਾਕਤ ਨੂੰ ਠੱਲ੍ਹ ਪਾਉਣ ਲਈ ਯੂਕਰੇਨ ਨੂੰ ਆਪਣੇ ਕੰਟਰੋਲ ਹੇਠ ਰੱਖਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਯੂਕਰੇਨ ਦਾ ਰੂਸ ਲਈ ਆਰਥਿਕ ਮਹੱਤਵ ਵੀ ਹੈ ਕਿਉਂਕਿ ਜੋ ਡੋਨਬਾਸ ਦੇ ਇਲਾਕੇ ਵਿਚ ਕੋਲ਼ਾ ਕਾਫੀ ਮਾਤਰਾ ਵਿਚ ਹੈ; ਦੂਜਾ, ਪੱਛਮੀ ਯੂਰਪ ਨੂੰ ਰੂਸ ਵੱਲੋਂ ਬਰਾਮਦ ਕੀਤੀ ਜਾਂਦੀ ਕੁਦਰਤੀ ਗੈਸ ਦਾ ਵੱਡਾ ਹਿੱਸਾ ਯੂਕਰੇਨ ਰਾਹੀਂ ਹੋ ਕੇ ਜਾਂਦਾ ਹੈ। ਇਨ੍ਹਾਂ ਹਿੱਤਾਂ ਕਾਰਨ ਹੀ ਰੂਸ ਦਾ 2014 ਤੋਂ ਯੂਕਰੇਨ ਨਾਲ ਟਕਰਾਅ ਤਿੱਖਾ ਹੁੰਦਾ ਗਿਆ।