‘ਖਾਲਿਸਤਾਨ ਦੀ ਸਾਜ਼ਿਸ਼` ਅਤੇ ਸਿੱਖ ਲੀਡਰਸ਼ਿਪ-3

ਕੇਂਦਰ ਸਰਕਾਰ ਦੀ ਸਿਆਸਤ ਅਤੇ ਸਿੱਖ ਬੁੱਧੀਜੀਵੀ
ਹਰਚਰਨ ਸਿੰਘ ਪਰਹਾਰ
ਫੋਨ: 403-681-8689
ਹਰਚਰਨ ਸਿੰਘ ਪਰਹਾਰ ਸਿੱਖ ਮਸਲਿਆਂ ਬਾਰੇ ਅਕਸਰ ਲਿਖਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਖੁਫੀਆ ਅਫਸਰ ਰਹੇ ਜੀ.ਬੀ.ਐਸ. ਸਿੱਧੂ ਦੀ ਕਿਤਾਬ ‘ਦਿ ਖਾਲਿਸਤਾਨ ਕਾਂਸਪਿਰੇਸੀ’ (ਖਾਲਿਸਤਾਨ ਦੀ ਸਜ਼ਿਸ਼) ਅਤੇ ਕੁਝ ਹੋਰ ਕਿਤਾਬਾਂ ਨੂੰ ਆਧਾਰ ਬਣਾ ਕੇ 20ਵੀਂ ਸਦੀ ਦੇ ਮਗਰਲੇ ਦਹਾਕਿਆਂ ਬਾਰੇ ਲੰਮਾ ਲੇਖ ਭੇਜਿਆ ਹੈ। ਇਸ ਲੇਖ ਵਿਚ ਇਨ੍ਹਾਂ ਕਿਤਾਬਾਂ ਅਤੇ ਦਸਤਾਵੇਜ਼ਾਂ ਦੀ ਇਮਦਾਦ ਨਾਲ ਉਸ ਦੌਰ ਦੀ ਹਕੀਕਤ ਨੂੰ ਸਮਝਣ-ਸਮਝਾਉਣ ਦਾ ਯਤਨ ਕੀਤਾ ਹੈ। ਇਹ ਉਹੀ ਦੌਰ ਸੀ ਜਿਸ ਨੇ ਪੰਜਾਬ ਦੀ ਸਿਆਸਤ ਉਤੇ ਬਹੁਤ ਡੂੰਘਾ ਅਸਰ ਛੱਡਿਆ ਹੈ। ਇਸ ਲੰਮੇ ਲੇਖ ਦੀ ਤੀਜੀ ਅਤੇ ਆਖਰੀ ਕਿਸ਼ਤ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ।

ਖਾਲਿਸਤਾਨ ਦੀ ਸਾਜ਼ਿਸ਼ ਬਾਰੇ ਜੋ ਖੁਫੀਆ ਜਾਣਕਾਰੀ ਜੀ.ਬੀ.ਐਸ. ਸਿੱਧੂ ਦੀ ਕਿਤਾਬ ਵਿਚੋਂ ਮਿਲ ਰਹੀ ਹੈ, ਖਾਲਿਸਤਾਨ ਬਾਰੇ ਕੁਝ ਇਸੇ ਤਰ੍ਹਾਂ ਦੇ ਵਿਚਾਰ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਾ ਦੇ ਟਕਸਾਲੀ ਵਾਰਸ ਸਿੱਖ ਵਿਦਵਾਨ ਤੇ ਸੰਤਾਂ ਦੇ ਪ੍ਰਸ਼ੰਸਕ ਗੁਰਤੇਜ ਸਿੰਘ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਸਾਂਝੇ ਕੀਤੇ ਹਨ: ‘ਖਾਲਿਸਤਾਨ ਪਹਿਲੇ ਦਿਨ ਤੋਂ ਹੀ ਗੈਰ-ਸਿੱਖਾਂ ਦੀ ਸਿੱਖਾਂ ਵਿਰੁੱਧ ਵਰਤਣ ਲਈ ਘੜੀ ਗਈ ਘਾੜਤ ਸੀ। ਇਸ ਦੀਆਂ ਜੜ੍ਹਾਂ 1945 ਤੱਕ ਕਾਂਗਰਸ ਪਾਰਟੀ ਦੇ ਦਸਤਾਵੇਜ਼ਾਂ ਅਤੇ ਮਹਾਸ਼ਾ ਅਖਬਾਰਾਂ ਦੇ ਨੀਤੀ-ਲੇਖਾਂ ਤੱਕ ਪਹੁੰਚਦੀਆਂ ਹਨ। ਸਿੱਖਾਂ-ਮੁਸਲਮਾਨਾਂ ਦੇ ਆਪਸੀ ਡੂੰਘੇ ਵੈਰ ਪਵਾ ਕੇ ਪੰਜਾਬ ਦੀ ਵੰਡ ਨੂੰ ਯਕੀਨੀ ਬਣਉਣ ਲਈ, ਇਸ ਨੂੰ 1947 ਤੋਂ ਪਹਿਲਾਂ ਵਰਤਿਆ ਜਾ ਚੁੱਕਾ ਸੀ। ਉਸ ਤੋਂ ਬਾਅਦ ਇਹ ਸਿੱਖਾਂ ਅਤੇ ਪੰਜਾਬ ਨੂੰ ਬਣਦੇ ਹੱਕਾਂ ਤੋਂ ਵਾਂਝੇ ਰੱਖਣ ਲਈ ਉਸੇ ਤਰ੍ਹਾਂ ਵਰਤਿਆ ਗਿਆ ਸੀ, ਜਿਵੇਂ ਪਾਕਿਸਤਾਨ ਦੇ ਸੰਕਲਪ ਨੂੰ ਮੁਸਲਮਾਨਾਂ ਨੂੰ ਹਿੰਦ ਵਿਚ ਥਾਂ ਸਿਰ ਰੱਖਣ ਲਈ ਵਰਤਿਆ ਗਿਆ ਸੀ। 1948 ਤੋਂ ਬਾਅਦ ਸਿੱਖਾਂ ਦੇ ਅਥਾਹ ਰੋਸ ਨੂੰ ਕੁਰਾਹੇ ਪਾਉਣ ਲਈ ਫਿਰ ਇਹੀ ਖਾਲਿਸਤਾਨ ਦਾ ਲਫਜ਼ ਵਰਤਿਆ ਗਿਆ। ਜੂਨ 84 ਵਿਚ ਦੋ ਪੱਤਰਕਾਰ ਪੇਸ਼ ਕੀਤੇ ਗਏ ਜਿਨ੍ਹਾਂ ਸੰਤ ਭਿੰਡਰਾਂਵਾਲਿਆਂ ਨੂੰ ਆਖਿਰ ਵਿਚ ਮਿਲਣ ਦਾ ਝੂਠਾ ਦਾਅਵਾ ਕੀਤਾ ਅਤੇ ਸੰਤਾਂ ਦੇ ਇਸ ਸਬੰਧੀ ਆਪੇ ਘੜੇ ਬਿਆਨ ਜਾਰੀ ਕੀਤੇ। ਕੁਝ ਸਮੇਂ ਬਾਅਦ ਸੰਤ ਦੀ ਇਸ ਸਬੰਧੀ ਗੁੱਸੇ ਵਿਚ ਕੀਤੀ ਛੋਟੀ ਜਿਹੀ ਟਿੱਪਣੀ ਲੱਭ ਗਈ ਅਤੇ ਇਸ ਨੂੰ ਕੌਮੀ ਰਾਜਨੀਤੀ ਦੇ ਧੁਰੇ ਦਾ ਦਰਜਾ ਦੇ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਜੇ ਦਰਬਾਰ ਸਾਹਿਬ ‘ਤੇ ਫੌਜ ਨੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਝੰਬੀ ਸਿੱਖ ਮਾਨਸਕਿਤਾ ਦੇ ਮੁਢਲੇ ਖਾੜਕੂ ਆਗੂਆਂ ਨੇ ਖਾਲਿਸਤਾਨ ਦੇ ‘ਨਾਹਰੇ` ਨੂੰ ਸੁੱਤੇ ਸਿੱਧ, ਸੱਚੇ ਮਨ ਨਾਲ ਗਲਵਕੜੀ ਪਾ ਲਈ। ਉਹ ਗੁਰਸਿੱਖੀ ਦੀ ਰੀਤ ਅਨੁਸਾਰ ਸਿਰ ਤਲੀ ‘ਤੇ ਰੱਖ ਕੇ ਜੂਝ ਗਏ। ਇਸ ਰੀਤ ਨੂੰ ਗਾਡੀ ਰਾਹ ਬਣਨ ਤੋਂ ਰੋਕਣ ਦਾ ਇੰਤਜ਼ਾਮ ਪਹਿਲਾਂ ਹੀ ਹੋ ਚੁੱਕਾ ਸੀ। ਸਿੱਖਾਂ ਵਿਰੁੱਧ ਨਫਰਤ ਭਰਿਆ, ਹਿੰਦੂਆਂ ਨੂੰ ਡਰਾਉਣ ਵਾਲਾ, ਦੁਸ਼-ਪ੍ਰਚਾਰ ਇਸ ਦਾ ਮੁੱਖ ਅੰਗ ਸੀ। ਖਾੜਕੂ ਭੇਸ ਵਿਚ ਪੁਲਿਸ ਮੁਖਬਰ, ਪੁਲਿਸ ਧਾੜਾਂ ਅਤੇ ਵਿਦੇਸ਼ਾਂ ਵਿਚ ਮਰਨ-ਮਾਰਨ ਨੂੰ ਤੂਲ ਦੇਣ ਵਾਲੇ ਸਰਕਾਰ ਦੇ ਹਾਮੀ ਭਰਤੀ ਕੀਤੇ। ਮਣਾਂ-ਮੂੰਹੀਂ ਧਨ ਲੁਟਾਇਆ। ਇਸ ਦਾ ਨਿਸ਼ਾਨਾ ਸੀ, ਸਿੱਖ ਵਿਰੋਧੀ ਅਨਸਰਾਂ ਨੂੰ ਖਾੜਕੂ ਪ੍ਰਚਾਰ ਕੇ ਗੈਰ-ਰਸਮੀ ਸਿੱਖ ਸਿਆਸਤ ਉਤੇ ਕਾਬਜ਼ ਕਰਵਾ ਕੇ, ਸਰਕਾਰੀ ਮੰਤਵ ਹੱਲ ਕਰਨਾ।`
ਇਸੇ ਤਰ੍ਹਾਂ ਦੇ ਵਿਚਾਰ ਸਿਰਦਾਰ ਕਪੂਰ ਸਿੰਘ ਨੇ ਵੀ ਆਪਣੀ ਕਿਤਾਬ ‘ਸਾਚੀ ਸਾਖੀ` ਵਿਚ ਪ੍ਰਗਟ ਕੀਤੇ ਸਨ ਅਤੇ ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਕਰਨ ਵਾਲੇ ਲੀਡਰਾਂ ਨੂੰ ‘ਗਧੇ` ਤੱਕ ਲਿਖਿਆ ਸੀ। ਜੇ ਸਿੱਖ ਕੌਮ ਦੇ ਇਨ੍ਹਾਂ ਸਿਰਮੌਰ ਵਿਦਵਾਨਾਂ ਦੀ ਗੱਲ ਮੰਨੀਏ ਤਾਂ ਜੀ.ਬੀ.ਐਸ. ਸਿੱਧੂ ਦੀ ਕਿਤਾਬ ਦਾ ਥੀਸਿਸ ਠੀਕ ਹੀ ਲਗਦਾ ਹੈ ਕਿ ਖਾਲਿਸਤਾਨ ਦੀ ਮੰਗ ਸਿੱਖਾਂ ਖਿਲਾਫ ਘੜੀ ਗਈ ਸਾਜ਼ਿਸ਼ ਸੀ।
ਜੋ ਟਿੱਪਣੀਆਂ ਦਲਬੀਰ ਸਿੰਘ ਪੱਤਰਕਾਰ ਰਵਾਇਤੀ ਸਿੱਖ ਲੀਡਰਸ਼ਿਪ ਬਾਰੇ ਕਰਦੇ ਹਨ, ਅਜਿਹੀਆਂ ਹੀ ਟਿੱਪਣੀਆਂ ਉਹ ਭਾਈ ਮੋਹਕਮ ਸਿੰਘ, ਬਾਬਾ ਜੋਗਿੰਦਰ ਸਿੰਘ, ਸਿਮਰਨਜੀਤ ਸਿੰਘ ਮਾਨ, ਜਸਵੀਰ ਸਿੰਘ ਰੋਡੇ, ਬਾਬਾ ਠਾਕੁਰ ਸਿੰਘ, ਡਾ. ਸੋਹਣ ਸਿੰਘ ਆਦਿ ਗਰਮ ਖਿਆਲ ਲੀਡਰਾਂ ਬਾਰੇ ਵੀ ਕਰਦੇ ਸਨ ਪਰ ਨਾਲ ਹੀ ਉਸ ਸਾਰੇ ਦੌਰ ਵਿਚ ਉਨ੍ਹਾਂ ਦੇ ਸਲਾਹਕਾਰ ਵੀ ਬਣੇ ਰਹੇ। ਦਲਬੀਰ ਸਿੰਘ ਆਪਣੇ ਆਪ ਨੂੰ ਸੰਤ ਦਾ ਸਭ ਤੋਂ ਸੂਝਵਾਨ ਸਲਾਹਕਾਰ ਹੋਣ ਦਾ ਦਾਅਵਾ ਕਰਦੇ ਹਨ। ਜੋ ਤੱਥ ਸਾਹਮਣੇ ਆ ਰਹੇ ਹਨ, ਉਨ੍ਹਾਂ ਅਨੁਸਾਰ ਸੰਤ ਵੀ ਉਨ੍ਹਾਂ ਦੀ ਸਲਾਹ ਮੰਨਦੇ ਸਨ ਪਰ ਹੈਰਾਨੀ ਹੁੰਦੀ ਹੈ ਕਿ ਢਿੱਲਵਾਂ ਕਾਂਡ (ਜਿਸ ਵਿਚ ਖਾੜਕੂਆਂ ਨੇ 6 ਹਿੰਦੂ ਬੱਸ ਵਿਚੋਂ ਲਾਹ ਕੇ ਮਾਰ ਦਿੱਤੇ ਸਨ) ਸਮੇਂ ਜਦੋਂ ਉਨ੍ਹਾਂ ਤੋਂ ਸੰਤ ਨੇ ਪੁੱਛਿਆ ਕਿ ਹੁਣ ਕੀ ਪੈਂਤੜਾ ਲਈਏ ਤਾਂ ਉਹ ਆਪਣੀ ਕਿਤਾਬ ਵਿਚ ਲਿਖਦੇ ਹਨ: ਅਸੀਂ ਕਦੋਂ ਦੀ ਦਰਬਾਰਾ ਸਿੰਘ ਸਰਕਾਰ ਡੇਗਣਾ ਚਾਹੁੰਦੇ ਸੀ, ਹੁਣ ਹਿੰਦੂਆਂ ਦੇ ਚੂੰਡੀ ਵੱਢੀ ਤਾਂ ਸਰਕਾਰ ਮਿੰਟਾਂ ਵਿਚ ਭੰਗ ਹੋ ਗਈ, ਸਾਨੂੰ ਕੁਝ ਕਹਿਣ ਦੀ ਕੀ ਲੋੜ ਹੈ?
ਦਲਬੀਰ ਸਿੰਘ ਦਾ ਬਠਿੰਡੇ ਤੋਂ ਦਰਬਾਰ ਸਾਹਿਬ ਕੰਪਲੈਕਸ ਉਚੇਚਾ ਪਹੁੰਚ ਕੇ ਸੰਤਾਂ ਨੂੰ ਦਿੱਤੀ ਅਜਿਹੀ ਰਾਏ ਕਿੰਨੀ ਕੁ ਠੀਕ ਸੀ? ਸ਼ਾਂਤਮਈ ਧਰਮ ਯੁੱਧ ਮੋਰਚੇ ਦੇ ਉਸ ਮੋੜ ‘ਤੇ ਬੇਗੁਨਾਹ ਹਿੰਦੂਆਂ ਦੇ ਕਤਲਾਂ ‘ਤੇ ਅਜਿਹੀ ਤਸੱਲੀ ਪ੍ਰਗਟਾਉਣੀ ਕਿਤਨੀ ਕੁ ਦੂਰਦਰਸ਼ੀ ਸੀ? ਫਿਰ ਇਸੇ ਕਿਤਾਬ ਅਨੁਸਾਰ ਜੂਨ 84 ਦੇ ਹਮਲੇ ਤੋਂ ਦੋ-ਚਾਰ ਦਿਨ ਪਹਿਲਾਂ ਸੰਤ ਜੀ ਨੇ ਉਨ੍ਹਾਂ ਤੋਂ ਸਲਾਹ ਮੰਗੀ ਜਿਸ ਵਕਤ ਉਹ ਆਪਣੇ ਜੁਝਾਰੂਆਂ ਨੂੰ ਅਕਾਲ ਤਖਤ ਦੀ ਉਪਰਲੀ ਮੰਜ਼ਲ ‘ਤੇ ਹਥਿਆਰ ਵੰਡ ਰਹੇ ਸਨ ਤਾਂ ਕੀ ਇਸ ਸੋਝੀਵਾਨ ਵਿਦਵਾਨ ਵਲੋਂ ਉਨ੍ਹਾਂ ਨੂੰ ਅਗਾਮੀ ਖੂਨੀ ਸਾਕੇ ਨੂੰ ਸੱਦਾ ਦੇਣ ਤੋਂ ਬਚਾਇਆ ਨਹੀਂ ਜਾ ਸਕਦਾ ਸੀ? ਉਦੋਂ ਉਨ੍ਹਾਂ ਦੀ ਮੂਕ ਸਹਿਮਤੀ ਕਿਤਨੀ ਕੁ ਜ਼ਾਇਜ ਸੀ? ਜੇ ਸੰਤ ਅਤੇ ਉਸ ਦੇ ਸਾਥੀਆਂ ਨੇ ਫੌਜ ਅੱਗੇ ਸਮਰਪਣ ਨਾ ਕਰਕੇ ਸਿਰਫ ‘ਸ਼ਹੀਦੀ` ਹੀ ਪਾਉਣੀ ਸੀ ਤਾਂ ਕੀ ਸਾਡੇ ਇਨ੍ਹਾਂ ਵਿਦਵਾਨਾਂ ਵਲੋਂ ਉਨ੍ਹਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਅਜਿਹਾ ‘ਕੌਤਕ` ਕਰਨ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ ਸੀ? ਸ਼ਾਇਦ ਨਹੀਂ, ਕਿਉਂਕਿ ਸਿੱਖ ਚਿੰਤਕ ਅਜਮੇਰ ਸਿੰਘ ਤਾਂ ਆਪਣੇ ਪ੍ਰਵਚਨਾਂ ਵਿਚ ਕਹੀ ਜਾਂਦਾ ਹੈ ਕਿ ਮਹਿਤੇ ਜਾਂ ਹੋਰ ਕਿਸੇ ਜਗ੍ਹਾ ਸ਼ਹੀਦੀ ਹੁੰਦੀ ਤਾਂ ਉਹ ਮੁੱਲ ਨਹੀਂ ਪੈਣਾ ਸੀ ਜੋ ਦਰਬਾਰ ਸਾਹਿਬ ਦੀ ਰਾਖੀ ਲਈ ਪਾਈਆਂ ਸ਼ਹੀਦੀਆਂ ਦੇ ਨਾਮ ‘ਤੇ ਪੈ ਰਿਹਾ ਹੈ?
ਸਿਰਫ ਜੀ.ਬੀ.ਐਸ. ਸਿੱਧੂ, ਡਾ. ਸੰਗਤ ਸਿੰਘ, ਗੁਰਦੇਵ ਸਿੰਘ ਗਰੇਵਾਲ, ਭਗਵਾਨ ਸਿੰਘ ਦਾਨੇਵਾਲੀਆ, ਐਮ.ਕੇ. ਧਰ ਅਤੇ ਹੋਰ ਅਨੇਕਾਂ ਲੇਖਕਾਂ ਦੀਆਂ ਕਿਤਾਬਾਂ ਹੀ ਇਹ ਨਹੀਂ ਕਹਿ ਰਹੀਆਂ ਕਿ ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ, ਸੰਜੇ ਗਾਂਧੀ ਆਦਿ ਨੇ ਕਿਵੇਂ ਸੌੜੇ ਸਿਆਸੀ ਤੇ ਫਿਰਕੂ ਹਿੱਤਾਂ ਲਈ ਸਿੱਧੇ-ਅਸਿੱਧੇ ਢੰਗਾਂ ਨਾਲ ਸਿੱਖਾਂ ਵਿਚਲੇ ਗਰਮ ਖਿਆਲ ਧੜਿਆਂ ਨੂੰ ਉਭਾਰਿਆ ਅਤੇ ਹਾਲਾਤ ਜੂਨ 84 ਤੱਕ ਪਹੁੰਚਣ ਦਿੱਤੇ ਸਗੋਂ ਖਾਲਿਸਤਾਨੀ ਧਿਰਾਂ ਦੇ ਵਾਹਿਦ ਸਿਧਾਂਤਕਾਰ ਭਾਈ ਅਜਮੇਰ ਸਿੰਘ ਵੀ ਆਪਣੀ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ: ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ` ਦੇ ਪੰਨਾ 385 ‘ਤੇ ਇਹ ਲਿਖਦਿਆਂ ਉਪਰਲੇ ਵਿਦਵਾਨਾਂ ਦੇ ਦਾਅਵਿਆਂ ਦੀ ਤਾਈਦ ਹੀ ਕਰ ਰਹੇ ਹਨ: ‘ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੱਖ ਸੰਘਰਸ਼ ਅੰਦਰਲੀ ਗਰਮ ਖਿਆਲ ਧਾਰਾ ਨੂੰ ਇੱਕ ਖਾਸ ਹੱਦ ਤੱਕ ਤਕੜਾਈ ਹਾਸਲ ਕਰ ਲੈਣ ਦੀ ਸੰਕੋਚਵੀਂ ਛੋਟ ਦੇਈ ਰੱਖਣੀ ਇੰਦਰਾ ਗਾਂਧੀ ਦੇ ਫਿਰਕੂ ਮਨੋਰਥਾਂ ਦੇ ਪੂਰੀ ਤਰ੍ਹਾਂ ਸੂਤ ਬਹਿੰਦੀ ਸੀ। ਖਾੜਕੂ ਹਥਿਆਰਬੰਦ ਕਾਰਵਾਈਆਂ ਨਾਲੋਂ ਵੀ ਵਧ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰਮਾਇਸ਼ ਉਪਜਾਉਂਦੇ ਬਿਆਨ ਅਤੇ ਭਾਸ਼ਣ ਹਿੰਦੂ ਜਨਤਾ ਦੇ ਮਨਾਂ ਉਤੇ ਠੀਕ ਉਹੋ ਜਿਹਾ ਹੀ ਅਸਰ ਛੱਡ ਰਹੇ ਸਨ ਜਿਸ ਦੀ ਇੰਦਰਾ ਗਾਂਧੀ ਨੂੰ ਲੋੜ ਸੀ।`
ਵੱਖ-ਵੱਖ ਕਿਤਾਬਾਂ ਵਿਚਲੇ ਬਿਰਤਾਂਤ ਅਤੇ ਤੱਥ ਪਾਠਕਾਂ ਦੀ ਕਚਹਿਰੀ ਵਿਚ ਰੱਖਣ ਦਾ ਸਾਡਾ ਮਕਸਦ ਨਾ ਤਾਂ ਸੰਤ ਭਿੰਡਰਾਂਵਾਲੇ ਅਤੇ ਉਸ ਦੇ ਸਾਥੀਆਂ ਨੂੰ ਕਾਂਗਰਸ ਦੇ ਏਜੰਟ ਸਾਬਿਤ ਕਰਨਾ ਹੈ ਤੇ ਨਾ ਹੀ ਉਨ੍ਹਾਂ ਧਿਰਾਂ ਨਾਲ ਇਹ ਇਤਰਾਜ਼ ਹੈ ਕਿ ਉਹ ਸੰਤ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਕਿਉਂ ਮੰਨਦੇ ਹਨ। ਇਹ ਸਵਾਲ ਪਾਠਕਾਂ ‘ਤੇ ਛੱਡਦੇ ਹਾਂ, ਉਹ ਆਪਣੀ ਸਮਝ ਅਨੁਸਾਰ ਫੈਸਲਾ ਕਰਨ ਪਰ ਸਾਡਾ ਸਵਾਲ ਇਹ ਹੈ ਕਿ ਜਦੋਂ ਮੌਕੇ ਦੀਆਂ ਹਕੂਮਤਾਂ ਸੌੜੇ ਸਿਆਸੀ ਮੁਫਾਦਾਂ ਲਈ ਨਾ ਸਿਰਫ ਸਾਡੇ ਲੀਡਰਾਂ ਨੂੰ ਵਰਤ ਰਹੀਆਂ ਸਨ ਸਗੋਂ ਪੰਜਾਬ ਨੂੰ ਭਿਆਨਕ ਸੰਕਟ ਵੱਲ ਧੱਕ ਰਹੀਆਂ ਸਨ ਤਾਂ ਗਿਆਨੀ ਜ਼ੈਲ ਸਿੰਘ, ਡਾ. ਜਗਜੀਤ ਸਿੰਘ ਚੌਹਾਨ, ਗੰਗਾ ਸਿੰਘ ਢਿੱਲੋਂ, ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਟੌਹੜਾ, ਸੁਖਜਿੰਦਰ ਸਿੰਘ ਤੇ ਉਨ੍ਹਾਂ ਤੋਂ ਬਾਅਦ ਡਾ. ਸੋਹਣ ਸਿੰਘ (ਪੰਥਕ ਕਮੇਟੀ) ਤੇ ਹੋਰ ਖਾੜਕੂ ਲੀਡਰ ਤੇ ਵਿਦਵਾਨ ਕਰ ਕੀ ਰਹੇ ਸਨ? ਕੀ ਇਹ ਸਭ ਇਤਨੇ ਨਾਦਾਨ ਸਨ ਕਿ ਇਨ੍ਹਾਂ ਨੂੰ ਕੁਝ ਦਿਸ ਨਹੀਂ ਰਿਹਾ ਸੀ?
ਇਸ ਲੇਖ ਵਿਚ ਵਿਚਾਰੇ ਗਏ ਵੱਖ-ਵੱਖ ਕਿਤਾਬਾਂ ਦੇ ਹਵਾਲੇ ਸਾਡੇ ਸੋਚਣ ਲਈ ਅਨੇਕਾਂ ਸਵਾਲ ਖੜ੍ਹੇ ਕਰ ਰਹੇ ਹਨ। ਸਾਡੇ ਵਿਦਵਾਨ ਇਹ ਰਾਗ ਵਾਰ-ਵਾਰ ਅਲਾਪ ਰਹੇ ਹਨ ਕਿ ‘ਸ਼ੇਰਾਂ ਦੀ ਕੌਮ ਨੂੰ ਹਮੇਸ਼ਾ ਗਧੇ ਲੀਡਰਾਂ ਨੇ ਮਰਵਾਇਆ ਹੈ` ਪਰ ਅਜਿਹੇ ਇਲਜ਼ਾਮਾਂ ਨਾਲ ਅਸੀਂ ਕਦੋਂ ਤੱਕ ਖੁਦ ਨੂੰ ਧਰਵਾਸ ਦਿੰਦੇ ਰਹਾਂਗੇ ਜਾਂ ਆਉਣ ਵਾਲੀਆਂ ਸਿੱਖ ਨਸਲਾਂ ਨੂੰ ਗੁਮਰਾਹ ਕਰਦੇ ਰਹਾਂਗੇ? ਕੌਮ ਦੇ ਵਾਰਸ ਕਦੋਂ ਸਪੱਸ਼ਟ ਫੈਸਲਾ ਕਰਨਗੇ ਕਿ ਉਨ੍ਹਾਂ ਨੇ ਭਾਰਤ ਵਿਚ ‘ਵੱਖਰਾ ਸਿੱਖ ਖਿੱਤਾ ਲੈਣਾ ਹੈ`, ‘ਖੁਦਮੁਖਤਾਰ ਸਿੱਖ ਸਟੇਟ ਲੈਣੀ ਹੈ`, ‘ਵੱਖਰਾ ਸਿੱਖ ਦੇਸ਼ ਲੈਣਾ ਹੈ`, ‘ਰਾਜਾਂ ਲਈ ਵੱਧ ਅਧਿਕਾਰਾਂ ਵਾਲਾ ਸੂਬਾ ਲੈਣਾ ਹੈ`, ‘ਪੰਜਾਬੀ ਬੋਲੀ ਆਧਾਰਿਤ ਵੱਖਰਾ ਸੂਬਾ ਲੈਣਾ ਹੈ` ਜਾਂ ਮੌਜੂਦਾ ਭਾਰਤ ਵਿਚ ਬਾਕੀ ਲੋਕਾਂ ਵਾਂਗ ਭਾਰਤੀ ਸ਼ਹਿਰੀ ਬਣ ਕੇ ਰਹਿਣਾ ਹੈ? ਸਿੱਖ ਲੀਡਰਸ਼ਿਪ ਦੀ ਇਹੀ ਦੁਬਿਧਾ 1947 ਤੋਂ ਪਹਿਲਾਂ ਸੀ, ਇਹੀ ਦੁਬਿਧਾ 1947 ਤੋਂ ਬਾਅਦ ਪੰਜਾਬੀ ਸੂਬਾ ਮੋਰਚੇ ਦੌਰਾਨ ਸੀ, ਇਹੀ ਦੁਬਿਧਾ ਧਰਮ ਯੁੱਧ ਮੋਰਚੇ ਮੌਕੇ ਸੀ ਤੇ ਇਹੀ ਹੁਣ ਹੈ। ਸੰਤ ਭਿੰਡਰਾਂਵਾਲਾ ਵੀ ਇਸੇ ਦੁਬਿਧਾ ਦਾ ਸ਼ਿਕਾਰ ਸੀ, ਇਸੇ ਕਰਕੇ ਉਸ ਨੇ ਆਪਣੇ ਜੀਵਨ ਵਿਚ ਕਦੇ ਵੀ ਸਪਸ਼ਟ ਰੂਪ ਵਿਚ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਸਿਰਫ ਇਹੀ ਕਿਹਾ ਕਿ ਸਾਡਾ ਨਿਸ਼ਾਨਾ ਅਨੰਦਪੁਰ ਦਾ ਮਤਾ ਹੈ ਪਰ ਜੇ ਸਰਕਾਰ ਖਾਲਿਸਤਾਨ ਦੇਵੇਗੀ ਤਾਂ ਨਾਂਹ ਨਹੀਂ ਕਰਾਂਗੇ। ਸਿਰਦਾਰ ਕਪੂਰ ਸਿੰਘ, ਹਰਿੰਦਰ ਸਿੰਘ ਮਹਿਬੂਬ, ਡਾ. ਗੁਰਭਗਤ ਸਿੰਘ, ਜਸਵੰਤ ਸਿੰਘ ਕੰਵਲ ਤੋਂ ਲੈ ਕੇ ਸਿੱਖ ਵਿਦਵਾਨਾਂ ਦੀ ਲੰਮੀ ਲਿਸਟ ਹੈ ਜੋ ਅਜਿਹੀ ਦੁਬਿਧਾ ਦਾ ਸ਼ਿਕਾਰ ਸਨ ਤੇ ਹਨ। ਅਜਮੇਰ ਸਿੰਘ ਵਰਗੇ ਵਿਦਵਾਨ ਯਹੂਦੀਆਂ ਵਾਂਗ ਇਜ਼ਰਾਈਲ ਦੀ ਤਰਜ਼ ‘ਤੇ ਵੱਖਰੇ ਦੇਸ਼ ਦੀ ਵਕਾਲਤ ਤਾਂ ਕਰਦੇ ਹਨ ਪਰ ਕਦੇ ਇਹ ਨਹੀਂ ਦੱਸਦੇ ਕਿ ਯਹੂਦੀਆਂ ਤੇ ਸਿੱਖਾਂ ਦੇ ਹਾਲਾਤ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਇਜ਼ਰਾਈਲ ਕਿਨ੍ਹਾਂ ਹਾਲਾਤ ਵਿਚ ਬਣਿਆ ਸੀ; ਕਿ ਇਜ਼ਰਾਈਲ ਬਣਨ ਨਾਲ ਮਿਡਲ ਈਸਟ ਵਿਚ 70 ਸਾਲ ਤੋਂ ਹੋ ਰਹੀ ਕਤਲੋ-ਗਾਰਤ ਲਈ ਕੌਣ ਜ਼ਿੰਮੇਵਾਰ ਹੈ? ਨਾ ਹੀ ਇਹ ਲੋਕ ਸਪਸ਼ਟ ਕਰ ਸਕੇ ਹਨ ਕਿ ਪੰਜਾਬ ਵਿਚ ਸਿੱਖਾਂ ਤੋਂ ਇਲਾਵਾ ਹਿੰਦੂਆਂ, ਦਲਿਤਾਂ, ਰਾਮਗੜ੍ਹੀਆਂ, ਅਰੋੜੇ/ਖੱਤਰੀ ਸਿੱਖਾਂ, ਨਾਮਧਾਰੀਆਂ, ਰਾਧਾ ਸਵਾਮੀਆਂ ਆਦਿ ਨੂੰ ਨਾਲ ਕਿਵੇਂ ਲਿਆ ਜਾਵੇ, ਉਨ੍ਹਾਂ ਦੇ ਤੁਹਾਡੇ ਵਲੋਂ ਪ੍ਰਸਤਾਵਿਤ ਵੱਖਰੇ ਦੇਸ਼ ਬਾਰੇ ਖਦਸ਼ੇ ਕਿਵੇਂ ਦੂਰ ਹੋਣ ਤੇ ਉਨ੍ਹਾਂ ਦਾ ਉਸ ‘ਕਲਪਿਤ` ਦੇਸ਼ ਵਿਚ ਸਟੇਟਸ ਕੀ ਹੋਵੇਗਾ। ਕੀ ਕਿਤੇ ਉਨ੍ਹਾਂ ਨਾਲ਼ ਉਹੀ ਤਾਂ ਨਹੀਂ ਹੋਵੇਗੀ ਜੋ ਪਾਕਿਸਤਾਨ ਵਿਚ ਅਹਿਮਦੀਆਂ, ਬਲੋਚਾਂ, ਸੂਫੀਆਂ, ਸ਼ੀਆ ਮੁਸਲਮਾਨਾਂ ਨਾਲ ਹੋ ਰਹੀ ਹੈ? ਜਾਂ ਬੋਧੀ ਦੇਸ਼ ਮਿਆਂਮਾਰ (ਬਰਮਾ) ਵਿਚ ਰੋਹੰਗੀਆ ਮੁਸਲਮਾਨਾਂ ਨਾਲ ਹੋ ਰਹੀ ਹੈ? ਨਾ ਹੀ ਇਹ ਲੋਕ ਕਦੇ ਸਪਸ਼ਟ ਕਰ ਸਕੇ ਹਨ ਕਿ ਪੰਜਾਬ ਤੋਂ ਬਾਹਰ ਤਰਾਈ (ਯੂ.ਪੀ.), ਦਿੱਲੀ, ਗੰਗਾਨਗਰ, ਕਲਕੱਤਾ, ਬੰਬਈ ਆਦਿ ਵਿਚ ਬਾਦਸ਼ਾਹ ਬਣੇ ਬੈਠੇ ਸਿੱਖਾਂ ਦਾ ਕੀ ਹੋਵੇਗਾ? ਕੀ ਪੰਜਾਬ ਦੇ ਲੋਕ ਅੱਜ ਵੀ ਅਨੇਕਾਂ ਘਾਟਾਂ ਦੇ ਬਾਵਜੂਦ ਬਾਕੀ ਸੂਬਿਆਂ ਦੇ ਲੋਕਾਂ ਨਾਲੋਂ ਕਿਤੇ ਵੱਧ ਬਿਹਤਰ ਹਾਲਤ ਵਿਚ ਨਹੀਂ ਹਨ? ਜੇ ਸਿੱਖ ਸੱਚਮੁੱਚ ਹੀ ਭਾਰਤ ਵਿਚ ਗੁਲਾਮ ਹਨ ਤਾਂ ਭਾਰਤ ਦੇ ਸਭ ਤੋਂ ਸਿਰਮੌਰ ਸੂਬਿਆਂ ਯੂ.ਪੀ. ਤੇ ਬਿਹਾਰ ਦੇ ਗਰੀਬ ਕਿਸਾਨ-ਮਜ਼ਦੂਰ ਕਈ ਦਹਾਕਿਆ ਤੋਂ ਪੰਜਾਬੀਆਂ ਦੀ ਗੁਲਾਮੀ ਕਰਨ ਕਿਉਂ ਆ ਰਹੇ ਹਨ? ਇਸ ਸੂਰਤ ਵਿਚ ਸਿੱਖਾਂ ਨਾਲ ਵਿਤਕਰੇ ਦਾ ਪ੍ਰਵਚਨ ਕਿਤਨਾ ਕੁ ਜ਼ਾਇਜ ਹੈ? ਜੇ ਸਿੱਖਾਂ ਨਾਲ ਇਤਨਾ ਹੀ ਵਿਤਕਰਾ ਹੋ ਰਿਹਾ ਹੈ ਤਾਂ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਵੱਡੇ ਕੇਂਦਰੀ ਮੰਤਰੀਆਂ, ਸੂਬਿਆਂ ਦੇ ਗਵਰਨਰਾਂ, ਮੁੱਖ ਮੰਤਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਫੌਜਾਂ ਦੇ ਮੁਖੀਆਂ ਤੋਂ ਇਲਾਵਾ ਹਰ ਖੇਤਰ ਵਿਚ ਸਿੱਖ ਬਾਕੀ ਭਾਈਚਾਰਿਆਂ ਦੇ ਮੁਕਾਬਲੇ ਘੱਟ-ਗਿਣਤੀ ਵਿਚ ਹੋਣ ਦੇ ਬਾਵਜੂਦ ਮੋਹਰੀ ਕਿਵੇਂ ਹਨ? ਕੀ ਯਹੂਦੀਆਂ ਦੀ ਯੂਰਪ ਵਿਚ ਕਦੇ ਅਜਿਹੀ ਹਾਲਤ ਸੀ? ਕੀ ਪਾਕਿਸਤਾਨ ਵਿਚ ਕਾਦੀਅਨ, ਬਲੋਚ ਜਾਂ ਅਫਗਾਨਿਸਤਾਨ ਵਿਚ ਸਿੱਖ ਤੇ ਮਿਆਂਮਾਰ ਵਿਚ ਰੋਹੰਗੀਆ ਇਤਨੀ ਠਾਠ ਨਾਲ ਰਹਿਣ ਬਾਰੇ ਕਦੇ ਸੋਚ ਸਕਦੇ ਹਨ?
ਇਹ ਠੀਕ ਹੈ ਕਿ ਸਿੱਖਾਂ ਅਤੇ ਪੰਜਾਬ ਦਾ ਭਲਾ ਇਸੇ ਗੱਲ ਵਿਚ ਸੀ ਕਿ ਨਹਿਰੂ ਅਤੇ ਕਾਂਗਰਸ ਦੀ ਲੀਡਰਸ਼ਿਪ ਖੁੱਲ੍ਹੇ ਦਿਲ ਨਾਲ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਪੰਜਾਬੀ ਸੂਬੇ ਦੀ ਮੰਗ ਬਿਨਾਂ ਦੇਰੀ ਸ਼ੁਰੂ ਵਿਚ ਹੀ ਮੰਨ ਲੈਂਦੀ, ਪੰਜਾਬ ਦੇ ਹਿੰਦੂ ਵੀ ਪੰਜਾਬੀ ਸੂਬੇ ਦੇ ਹੱਕ ਵਿਚ ਖੜ੍ਹਦੇ ਤਾਂ ਪੰਜਾਬ ਵਿਚ ਉਹ ਤ੍ਰਾਸਦੀਆਂ ਨਾ ਵਾਪਰਦੀਆਂ ਜੋ ਧਰਮ ਯੁੱਧ ਮੋਰਚੇ ਦੌਰਾਨ ਅਤੇ ਜੂਨ 84 ਤੋਂ ਬਾਅਦ ਵਾਪਰੀਆਂ। ਇਸ ਬਾਵਜੂਦ ਸਿੱਖ ਲੀਡਰਸ਼ਿਪ ਜੋ ਸਿੱਖਾਂ ਨੂੰ ਬਿਨਾਂ ਕਿਸੇ ਲੰਮੀ ਸੋਚ-ਵਿਚਾਰ ਦੇ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਵਾਰ-ਵਾਰ ਮੋਰਚਿਆਂ ਵਿਚ ਧੱਕਦੀ ਰਹੀ, ਕੀ ਉਸ ਦੀ ਵੀ ਕੋਈ ਜ਼ਿੰਮੇਵਾਰੀ ਟਿੱਕੀ ਜਾ ਸਕਦੀ ਹੈ? ਤ੍ਰਾਸਦੀ ਇਹ ਹੈ ਕਿ ਇਤਨੇ ਨੁਕਸਾਨ ਤੋਂ ਬਾਅਦ ਵੀ ਨਵੀਂ, ਰਵਾਇਤੀ ਤੇ ਪੰਥਕ ਲੀਡਰਸ਼ਿਪ ਕੋਈ ਸਬਕ ਸਿੱਖਣ ਲਈ ਤਿਆਰ ਨਹੀਂ। ਕੀ ਸਿੱਖ ਲੀਡਰਸ਼ਿਪ ਕਦੇ ਵਿਚਾਰ ਕਰੇਗੀ ਕਿ ਪੰਜਾਬ ਦਾ ਹਿੰਦੂ ਪੰਜਾਬੀ ਸੂਬੇ ਦਾ ਨਾਮ ਸੁਣਦਿਆਂ ਕਿਉਂ ਤ੍ਰਭਕਦਾ ਸੀ? ਕੀ 1984 ਦੇ ਦੌਰ ਵਿਚ ਵੀ ਪੰਜਾਬ ਦੇ ਹਿੰਦੂਆਂ ਨੂੰ ਅਜਿਹਾ ਹੀ ਡਰ ਸੀ ਜਿਸ ਨੂੰ ਸਿੱਖ ਲੀਡਰਸ਼ਿਪ ਤੇ ਵਿਦਵਾਨਾਂ ਨੇ ਕਦੇ ਗੰਭੀਰਤਾ ਨਾਲ ਨਹੀਂ ਵਿਚਾਰਿਆ? ਕੀ ਇਸ ਪਿਛੇ ਪੰਜਾਬ ਦੀ ਨਹਿਸ਼ ਵੰਡ ਦਾ ਪਿੜ ਬੰਨ੍ਹਣ ਵਾਲੇ ਮੁਹੰਮਦ ਅਲੀ ਜਿਨਾਹ ਦਾ ਭੂਤ ਤਾਂ ਨਹੀਂ ਨਜ਼ਰ ਆ ਰਿਹਾ ਸੀ ਜਿਸ ਦੇ ‘ਦੋ ਕੌਮੀ` ਪ੍ਰਵਚਨ ਸਦਕਾ ਲੱਖਾਂ ਪੰਜਾਬੀ ਮਰੇ ਤੇ ਕਰੋੜਾਂ ਬੇਘਰ ਹੋਏ? ਜਿਨਾਹ ਦਾ ਪਾਕਿਸਤਾਨ ਦਾ ਸੁਪਨਾ ਪੂਰਾ ਹੋਣ ਤੋਂ ਬਾਅਦ ਪੰਜਾਬ ਵਿਚ ਜੋ ਕਤਲੇਆਮ ਹੋਇਆ, ਕੀ ਉਹ ਇਸ ਡਰ ਦਾ ਜ਼ਿੰਮੇਵਾਰ ਨਹੀਂ ਸੀ? ਕੀ ਪੰਜਾਬ ਦਾ ਹਿੰਦੂ ਉਸ ਕਿਸਮ ਦੇ ਕਿਸੇ ਹੋਰ ਨਵੇਂ ਬਟਵਾਰੇ ਦੇ ਸਿੱਟਿਆਂ ਤੋਂ ਹੀ ਤਾਂ ਨਹੀਂ ਡਰੀ ਜਾ ਰਿਹਾ? ਸਾਂਵਲ ਧਾਮੀ ਅਤੇ ਨਾਸਰ ਢਿੱਲੋਂ ਦੇ ਯੂ-ਟਿਊਬ ਚੈਨਲਾਂ ‘ਤੇ ਬਟਵਾਰੇ ਦੌਰਾਨ ਇਧਰੋਂ ਉਧਰ ਜਾਂ ਉਧਰੋਂ ਇੱਧਰ ਆਏ ਲੋਕਾਂ ਦੀ ਦਾਸਤਾਨ ਸੁਣੋ। ਕੀ ਸਿੱਖੀ ਦੀ ਆਤਮਾ ‘ਸਭੇ ਸਾਂਝੀਵਾਲ ਸਦਾਇਨਿ` ਦੇ ਬੋਲਾਂ ਵਿਚ ਦਰਜ ਨਹੀਂ ਹੈ? ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਇਸੇ ਮਾਰਗ ਅਨੁਸਾਰ ਹੀ ਆਪਣੀਆਂ ਅਗਲੀਆਂ ਮੰਜ਼ਿਲਾਂ ਵਿਉਂਤਣੀਆਂ ਪੈਣਗੀਆਂ। ਕੀ ਪਿਛਲੇ ਸਮੇਂ ਵਿਚ ਲੜੇ ਗਏ ਸਰਬ ਸਾਂਝੇ ਮਹਾਨ ਕਿਸਾਨ ਅੰਦੋਲਨ ਨੂੰ ਮੂਹਰੇ ਰੱਖ ਕੇ ਭਵਿੱਖੀ ਯੋਜਨਾਵਾਂ ਨਹੀਂ ਬਣਾਈਆਂ ਜਾ ਸਕਦੀਆਂ?
ਅਮਰਜੀਤ ਸਿੰਘ ਗਰੇਵਾਲ ਦੇ ਲੇਖ ‘ਪੰਜਾਬ ਜੀਂਦਾ ਗੁਰਾਂ ਦੇ ਨਾਮ ‘ਤੇ` ਵਿਚੋਂ ਕੁਝ ਲਾਈਨਾਂ ਨਾਲ ਸਮਾਪਤ ਕਰਨਾ ਚਾਹਾਂਗਾ: “ਪ੍ਰੋ. ਪੂਰਨ ਸਿੰਘ ਜਾਣਦੇ ਸਨ ਕਿ ਪੰਜਾਬ ਦੇ ਨਿਰਮਿਤ ਹੋ ਰਹੇ ਆਧੁਨਿਕਵਾਦੀ ਸਮਾਜ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਦੀ ‘ਚੌਧਰ` ਉਤਨੀ ਦੇਰ ਸਥਾਪਿਤ ਨਹੀਂ ਹੋ ਸਕਦੀ ਜਿਤਨੀ ਦੇਰ ਤੱਕ ਉਹ ਬਹੁ-ਧਰਮੀ, ਬਹੁ-ਭਾਸ਼ਾਈ, ਬਹੁ-ਜਾਤੀ, ਬਹੁ-ਸਭਿਆਚਾਰੀ ਪੰਜਾਬੀ ਭਾਈਚਾਰੇ ਦੇ ਮਨਾਂ ਨੂੰ ‘ਸਿੱਖ ਸਿਧਾਂਤਾਂ ਤੇ ਸਪਿਰਿਟ` ਨਾਲ ਜਿੱਤ ਨਹੀਂ ਲੈਂਦੇ। ਉਹ ਜਾਣਦੇ ਸਨ ਕਿ ਪੰਜਾਬੀ ਸਮਾਜ ਦੇ ਵਖਰੇਵਿਆਂ ਨੂੰ ਤਾਂ ਦੂਰ ਨਹੀਂ ਕਰ ਸਕਦੇ; ਇਸ ਲਈ ਉਹ ਪੰਜਾਬ ਅੰਦਰ ਹਰਮਨ ਪਿਆਰੇ ਕਿਰਦਾਰ ਵਾਲੀ ਸਰਬ ਸਾਂਝੀ ‘ਸਮੂਹਿਕ ਇੱਛਾ` ਦਾ ਨਿਰਮਾਣ ਕਰਨ ਲਈ, ਸਰਬ ਸਾਂਝੇ ਸਿੱਖ ਸਿਧਾਂਤਾਂ ਦੇ ਆਧਾਰ ‘ਤੇ ਸਿੱਖ ਕੌਣ ਹੈ, ਦੀ ਪ੍ਰੀਭਾਸ਼ਾ ਨੂੰ ਵਿਸਤਾਰ ਦਿੰਦੇ ਸਨ।”
ਅੰਤਿਕਾ
ਪਾਠਕ ਲੇਖ ਵਾਲੀਆਂ ਗੱਲਾਂ ਨਾਲ ਸਹਿਮਤ ਹੋਣ ਜਾਂ ਨਾ ਪਰ ਪ੍ਰਸਿੱਧ ਲੇਖਕ ਜੁਵਾਲ ਹਰਾਰੀ ਦੀ ਕਿਤਾਬ ‘21 ਲੈਸਨਜ਼ ਫਾਰ ਦਿ 21 ਸੈਂਚਰੀ’ (21ਵੀਂ ਸਦੀ ਲਈ 21 ਪਾਠ) ਜ਼ਰੂਰ ਪੜ੍ਹਨ ਤਾਂ ਕਿ ਪਤਾ ਲੱਗ ਸਕੇ ਕਿ ਸਾਰੀ ਮਨੁੱਖਤਾ ਨੂੰ ਆਉਣ ਵਾਲੇ ਸਮੇਂ ਵਿਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ? (ਸਮਾਪਤ)