ਪੰਜ ਲੱਖ ਅੱਖਾਂ ਸੰਵਾਰਨ ਵਾਲ਼ੇ ਡਾ. ਮਥਰਾ ਦਾਸ

ਗੁਰਬਚਨ ਸਿੰਘ ਭੁੱਲਰ
ਫੋਨ: +807-636-3058
ਦਿੱਲੀ ਵੱਸਦੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਆਪਣੀਆਂ ਕਹਾਣੀਆਂ ਨਾਲ ਪੰਜਾਬੀ ਸਾਹਿਤ ਜਗਤ ਵਿਚ ਵੱਖਰੀ ਪਛਾਣ ਬਣਾਈ ਹੈ। ਕੁਝ ਸਾਲ ਪਹਿਲਾਂ ਆਏ ਉਨ੍ਹਾਂ ਦੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਜੋ ਪ੍ਰਸਿੱਧ ਲਿਖਾਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ `ਤੇ ਆਧਾਰਿਤ ਸੀ, ਨਾਲ ਵੀ ਉਨ੍ਹਾਂ ਸਾਹਤਿਕ ਹਲਕਿਆਂ ਵਿਚ ਵਾਹਵਾ ਹਲਚਲ ਮਚਾਈ ਸੀ। ਅੱਜ ਕੱਲ੍ਹ ਉਹ ਬਹੁਤਾ ਧਿਆਨ ਵਾਰਤਕ ਵੱਲ ਲਾ ਰਹੇ ਹਨ। ਅਸੀਂ ਉਨ੍ਹਾਂ ਦੀ ਵਾਰਤਕ ਦੀ ਇਕ ਵੰਨਗੀ ‘ਮਾਨਸ ਤੋਂ ਦੇਵਤਾ’ ਦੇ ਰੂਪ ਵਿਚ ਆਪਣੇ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ ਜਿਸ ਵਿਚ ਉਨ੍ਹਾਂ ਕੁਝ ਅਸਾਧਾਰਨ ਸ਼ਖਸੀਅਤਾਂ ਦੇ ਦਿਲਚਸਪ ਅਤੇ ਨਿਆਰੇ ਸ਼ਬਦ ਚਿੱਤਰ ਉਲੀਕੇ ਹਨ।

ਮੇਰੇ ਬਚਪਨ ਵਿਚ ਸਾਡੇ ਪਿੰਡਾਂ ਦਾ ਜੋ ਕੋਈ ਵੀ ਅੱਖ ਬਣਵਾਉਂਦਾ, ਪੁੱਛੇ ਤੋਂ ਇਹੋ ਆਖਦਾ, ਮਥਰਾ ਦਾਸ ਤੋਂ ਬਣਵਾਈ ਹੈ। ਇਹ ਉਨ੍ਹਾਂ ਦੀ ਮਸ਼ਹੂਰੀ ਦਾ ਨਾਪ ਸੀ ਕਿ ਸਿਰਫ਼ ਮਥਰਾ ਦਾਸ ਕਿਹਾ ਕਾਫ਼ੀ ਸੀ, ਨਾ ਹਸਪਤਾਲ ਦੇ ਨਾਂ ਦੀ ਲੋੜ ਤੇ ਨਾ ਸ਼ਹਿਰ ਦੇ ਨਾਂ ਦੀ। ਸਾਡਾ ਪਿੰਡ ਮੋਗੇ ਤੋਂ ਕੋਈ 75 ਕਿਲੋਮੀਟਰ ਦੂਰ ਹੈ ਪਰ ਏਨੀ ਦੂਰ ਵੀ, ਸਗੋਂ ਇਸ ਤੋਂ ਦੂਰ ਵੀ ਉਨ੍ਹਾਂ ਦੇ ਭਲੇ ਕੰਮ ਨੂੰ ਹਰ ਕੋਈ ਜਾਣਦਾ ਸੀ। ਅੱਖਾਂ ਬਣਵਾਉਣ ਵਾਲ਼ੇ ਉਨ੍ਹਾਂ ਦੇ ਗੁਣ ਗਾਉਂਦੇ। ਉਨ੍ਹਾਂ ਦੇ ਅਪਰੇਸ਼ਨਾਂ ਦੀ ਸਫਲਤਾ ਦੀ ਦਰ ਦੇਖੋ, ਕਦੀ ਕਿਸੇ ਤੋਂ ਇਹ ਨਹੀਂ ਸੀ ਸੁਣਿਆ ਕਿ ਮਥਰਾ ਦਾਸ ਤੋਂ ਬਣਵਾਈ ਮੇਰੀ ਅੱਖ ਖ਼ਰਾਬ ਹੋ ਗਈ ਹੈ।
ਉਹ ਮੈਥੋਂ ਸਾਢੇ ਛਪੰਜਾ ਸਾਲ ਵੱਡੇ ਸਨ। ਮੇਰੇ ਜਨਮ ਤੋਂ ਡੇਢ ਸਾਲ ਪਹਿਲਾਂ, 14 ਸਤੰਬਰ 1935 ਨੂੰ ਤਾਂ ਉਹ ਸਿਵਲ ਸਰਜਨ ਵਜੋਂ ਸੇਵਾ-ਮੁਕਤ ਵੀ ਹੋ ਗਏ ਸਨ। ਇਹ ਸਬੱਬ ਹੀ ਸਮਝੋ ਕਿ ਮੈਨੂੰ ਦੋ ਵਾਰ ਉਨ੍ਹਾਂ ਨੂੰ ਦੇਖਣ ਦਾ ਹੀ ਨਹੀਂ ਸਗੋਂ ਉਨ੍ਹਾਂ ਦੇ ਵਿਚਾਰ ਸੁਣਨ ਦਾ ਵੀ ਮੌਕਾ ਮਿਲਿਆ। ਦਸਵੀਂ ਕਰਨ ਮਗਰੋਂ ਕਾਲਜ ਜਾਣ ਦਾ ਸਵਾਲ ਆਇਆ। ਸਾਡੇ ਨੇੜੇ ਬਠਿੰਡੇ ਦਾ ਕਾਲਜ ਇਕ ਤਾਂ ਸੀ ਇੰਟਰਮੀਡੀਏਟ, ਭਾਵ ਸਿਰਫ਼ ਦੋ ਜਮਾਤਾਂ, ਗਿਆਰਵੀਂ ਤੇ ਬਾਰਵੀਂ ਪੜ੍ਹਾਉਣ ਵਾਲਾ, ਤੇ ਦੂਜੀ ਗੱਲ, ਉਥੇ ਸਿਰਫ਼ ਆਰਟਸ ਵਿਸ਼ੇ ਪੜ੍ਹਾਏ ਜਾਂਦੇ ਸਨ। ਮੈਂ ਵਿਗਿਆਨ ਦੇ ਵਿਸ਼ੇ ਲੈਣ ਲਈ ਡੀ. ਐਮ. ਕਾਲਜ ਮੋਗਾ ਵਿਚ ਜਾ ਦਾਖ਼ਲ ਹੋਇਆ। ਓਦੋਂ ਦੇ ਛੋਟੇ ਜਿਹੇ ਨਗਰ ਮੋਗਾ ਵਿਚ ਇਹ ਕਾਲਜ ਡਾਕਟਰ ਸਾਹਿਬ ਨੇ 1926 ਵਿਚ ਬਣਵਾਇਆ ਸੀ ਜਦੋਂ ਅਜੇ ਪੂਰੇ ਦੇਸ ਵਿਚ ਸਿਰਫ਼ 318 ਕਾਲਜ ਤੇ ਯੂਨੀਵਰਸਿਟੀਆਂ ਹੀ ਸਨ।
ਓਦੋਂ ਮੈਨੂੰ ਅਜੇ ਮਥਰਾ ਦਾਸ ਦੇ ਅੱਖਾਂ ਦਾ ਡਾਕਟਰ ਹੋਣ ਦਾ ਹੀ ਪਤਾ ਸੀ। ਕਾਲਜ ਦੇ ਪ੍ਰਾਸਪੈਕਟਸ ਪੜ੍ਹੇ ਤਾਂ ਪਤਾ ਲਗਿਆ, ‘ਡੀ’ ਦਯਾਨੰਦ ਸਵਾਮੀ ਦਾ ਅਤੇ ‘ਐਮ’ ਮਥਰਾ ਦਾਸ ਡਾਕਟਰ ਦਾ ਸੂਚਕ ਸੀ। ਫੇਰ ਜਦੋਂ ਕਾਲਜ ਜਾ ਪਹੁੰਚੇ ਤਾਂ ਪਤਾ ਲੱਗਿਆ ਕਿ ਉਸ ਸਮੇਂ ਮੌਜੂਦ ਮੋਗਾ ਤਾਂ ਸੀ ਹੀ ਡਾਕਟਰ ਸਾਹਿਬ ਦੀ ਦੇਣ! ਉਨ੍ਹਾਂ ਦੀ ਆਉਂਦ ਤੋਂ ਪਹਿਲਾਂ ਮੋਗਾ ਰੇਲਵੇ ਸਟੇਸ਼ਨ ਵਾਲਾ ਸਾਧਾਰਨ ਜਿਹਾ ਪਿੰਡ ਹੀ ਸੀ। ਇਹ ਉਹ ਹੀ ਸਨ ਜਿਨ੍ਹਾਂ ਨੇ ਉਥੇ ਸਿਹਤ-ਸਹੂਲਤਾਂ ਅਤੇ ਵਿਦਿਅਕ ਸੰਸਥਾਵਾਂ ਦਾ ਮੁੱਢ ਬੰਨ੍ਹਿਆ ਤੇ ਵਿਦਿਅਕ ਸੰਸਥਾਵਾਂ ਵਿਚ ਉਨ੍ਹਾਂ ਨੇ ਲੜਕੀਆਂ ਦੇ ਸਕੂਲ ਨੂੰ ਵੀ ਅਗੇਤ ਦਿੱਤੀ। ਇਉਂ ਉਹ ਮੋਗੇ ਨੂੰ ਮਸੀਹਾ ਬਣ ਕੇ ਮਿਲੇ।
ਵਿਦਿਆਰਥੀ ਵਜੋਂ ਮੇਰੇ ਦੋਵੇਂ ਸਾਲ, 1951-1953, ਉਹ ਕਾਲਜ ਦੇ ਸਾਲਾਨਾ ਦਿਵਸ ਸਮੇਂ ਆਏ ਸਨ। ਜੇ ਮੈਂ ਭੁੱਲਦਾ ਨਹੀਂ, ਉਹ ਅਜੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਉਹ ਸਾਦੇ, ਸਨਿਮਰ ਮਨੁੱਖ ਸਨ। ਉਹ ਦੋਵੇਂ ਵਾਰ ਬੋਲੇ ਤਾਂ ਉਨ੍ਹਾਂ ਦਾ ਕੇਂਦਰੀ ਨੁਕਤਾ ਇਹੋ ਰਿਹਾ ਕਿ ਜੀਵਨ ਵਿਚ ਵਿਚਰਦਿਆਂ ਗਲਾਸ ਨੂੰ ਅੱਧਾ ਖਾਲੀ ਕਹਿਣ ਦੀ ਥਾਂ ਅੱਧਾ ਭਰਿਆ ਸਮਝਣਾ ਚਾਹੀਦਾ ਹੈ। ਉਹ ਮਾਨਵ-ਸੇਵਾ, ਖਾਸ ਕਰਕੇ ਗ਼ਰੀਬ-ਸੇਵਾ ‘ਤੇ ਜ਼ੋਰ ਦਿੰਦੇ। ਭਾਸ਼ਨ ਵਿਚ ਆਪਣੇ ਨੁਕਤੇ ਸਪੱਸ਼ਟ ਕਰਨ ਲਈ ਉਹ ਆਪਣੇ ਅਨੁਭਵ ਦੀਆਂ ਗੱਲਾਂ ਵੀ ਸੁਣਾਉਂਦੇ। ਉਨ੍ਹਾਂ ਦੀ ਇਕ ਗੱਲ ਮੈਨੂੰ ਅੱਜ ਤੱਕ ਚੇਤੇ ਹੈ। ਸ਼ਾਇਦ ਇਸ ਕਰਕੇ ਕਿ ਮੈਂ ਉਸ ਪਿੱਛੋਂ ਛੇਤੀ ਹੀ ਲਿਖਣ ਨੂੰ ਮੂੰਹ ਮਾਰਨ ਲੱਗ ਪਿਆ ਅਤੇ ਉਨ੍ਹਾਂ ਦੀ ਆਮ ਪ੍ਰਸੰਗ ਵਿਚ ਕਹੀ ਹੋਈ ਉਹ ਗੱਲ ਲੇਖਕ ਵਜੋਂ ਮੇਰੇ ਲਈ ਇਕ ਵੱਡਾ ਸਬਕ ਬਣ ਗਈ। ਆਪਣਾ ਪੂਰਾ ਸਾਹਿਤਕ ਜੀਵਨ ਮੈਂ ਉਨ੍ਹਾਂ ਦੀ ਇਸ ਗੱਲ ਨੂੰ ਕਦੀ ਵੀ ਵਿਸਾਰਿਆ ਨਹੀਂ।
ਉਨ੍ਹਾਂ ਦਾ ਕਹਿਣਾ ਸੀ ਕਿ ਆਪਣੀ ਗੱਲ ਅਜਿਹੇ ਸ਼ਬਦਾਂ ਵਿਚ ਕਹਿਣੀ ਚਾਹੀਦੀ ਹੈ ਕਿ ਜਿਸ ਬੰਦੇ ਨੂੰ ਤੁਸੀਂ ਕਹਿ ਰਹੇ ਹੋ, ਉਹ ਉਸ ਤੱਕ ਤੁਹਾਡੇ ਸੋਚੇ ਹੋਏ ਰੂਪ ਵਿਚ ਸਹੀ-ਸਹੀ ਪਹੁੰਚ ਜਾਵੇ। ਉਨ੍ਹਾਂ ਨੇ ਮਿਸਾਲ ਦਿੱਤੀ ਕਿ ਅਸਪੱਸ਼ਟ ਗੱਲ ਕਿਵੇਂ ਵੱਡਾ ਨੁਕਸਾਨ ਕਰ ਸਕਦੀ ਹੈ। ਉਨ੍ਹਾਂ ਦੀ ਸੁਣਾਈ ਘਟਨਾ ਦਾ ਸੰਖੇਪ ਸਾਰ ਇਹ ਸੀ ਕਿ ਉਨ੍ਹਾਂ ਨਾਲ ਕੰਮ ਕਰਦਾ ਇਕ ਡਾਕਟਰ ਸਵੇਰ ਦੇ ਗੇੜੇ ਵਿਚ ਦੋ ਨਰਸਾਂ ਨਾਲ ਮਰੀਜ਼ਾਂ ਨੂੰ ਦੇਖਣ ਤੁਰਿਆ। ਉਹਨੂੰ ਹਾਇ-ਬਹੁੜੀ ਕਰ ਰਹੀ ਇਕ ਬਿਰਧ ਮਾਈ ਬਾਰੇ ਦੱਸਿਆ ਗਿਆ ਕਿ ਇਹ ਕੱਲ੍ਹ ਸ਼ਾਮ ਪੇਟ ਦੇ ਬਹੁਤ ਤੇਜ਼ ਦਰਦ ਨਾਲ ਆਈ ਹੈ। ਉਹਨੇ ਉਹਦੇ ਸਰ੍ਹਾਣੇ ਲਟਕਦੇ ਕਾਗ਼ਜ਼ ਤੋਂ ਉਹ ਦਵਾਈਆਂ ਦੇਖੀਆਂ ਜੋ ਪਹਿਲੇ ਡਾਕਟਰ ਨੇ ਦਿੱਤੀਆਂ ਸਨ ਪਰ ਜਿਨ੍ਹਾਂ ਦੇ ਦੇਣ ਨਾਲ ਕੋਈ ਫ਼ਾਇਦਾ ਨਹੀਂ ਸੀ ਹੋਇਆ। ਉਨ੍ਹਾਂ ਦਿਨਾਂ ਵਿਚ ਦਰਦ-ਨਿਵਾਰਕ ਵਜੋਂ ਤਰਲ ਕਲੋਰੋਫਾਰਮ ਦਿੱਤਾ ਜਾਂਦਾ ਸੀ। ਡਾਕਟਰ ਨੇ ਦਰਦ ਵੱਲ ਦੇਖਦਿਆਂ ਉਹਦੀ ਪੂਰੀ ਖ਼ੁਰਾਕ ਦੇ ਦੇਣ ਲਈ ਕਹਿ ਦਿੱਤਾ।
ਕੁਝ ਚਿਰ ਮਗਰੋਂ ਮਾਈ ਚਲਾਣਾ ਕਰ ਗਈ। ਡਾਕਟਰ ਹੈਰਾਨ ਹੋਇਆ ਕਿ ਭਾਵੇਂ ਡੋਜ਼ ਸਖ਼ਤ ਸੀ ਪਰ ਉਸ ਨਾਲ ਮੌਤ ਤਾਂ ਨਹੀਂ ਸੀ ਹੋਣੀ ਚਾਹੀਦੀ। ਅਚਾਨਕ ਉਹਨੂੰ ਇਕ ਸ਼ੱਕ ਪਿਆ। ਉਹਨੇ ਇਕ ਨਰਸ ਨੂੰ ਬੁਲਾ ਕੇ ਪੁੱਛਿਆ ਤਾਂ ਉਹਨੇ ਕਿਹਾ, ਮੈਂ ਤਾਂ ਡੋਜ਼ ਤੁਹਾਡੀ ਦੱਸੀ ਜਿੰਨੀ ਹੀ ਦਿੱਤੀ ਸੀ। ਉਸ ਪਿੱਛੋਂ ਬੁਲਾਈ ਦੂਜੀ ਨਰਸ ਨੇ ਵੀ ਇਹੋ ਕਿਹਾ। ਮਤਲਬ, ਦੋਵਾਂ ਨਰਸਾਂ ਨੇ ਮਾਈ ਨੂੰ ਪੂਰੀ ਪੂਰੀ ਡੋਜ਼ ਦੋ ਵਾਰ ਪਿਆ ਦਿੱਤੀ। ਡਾ. ਮਥਰਾ ਦਾਸ ਦਾ ਕਹਿਣਾ ਸੀ ਕਿ ਉਸ ਡਾਕਟਰ ਨੂੰ ਇਹ ਗੱਲ ਦੋਵਾਂ ਵਿਚੋਂ ਕਿਸੇ ਇਕ ਨਰਸ ਦਾ ਨਾਂ ਲੈ ਕੇ ਕਹਿਣੀ ਚਾਹੀਦੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੇ ਉਤੇ ਇਸ ਘਟਨਾ ਦਾ ਬਹੁਤ ਤਿੱਖਾ ਅਸਰ ਹੋਇਆ। ਆਖ਼ਰ ਇਕ ਮਾਈ ਦੀ ਜਾਨ ਸਾਡੇ ਹਸਪਤਾਲ ਵਿਚ ਅਕਾਰਨ ਚਲੀ ਗਈ ਸੀ।
ਭਾਵੇਂ ਮੋਗਾ ਅਤੇ ਮਥਰਾ ਦਾਸ, ਦੋਵੇਂ ਨਾਂ ਜੁੜ ਕੇ ਇਕ ਦੂਜੇ ਵਿਚ ਘੁਲ-ਮਿਲ ਗਏ ਸਨ, ਪਰ ਉਹ ਮੋਗੇ ਦੇ ਮੂਲ ਨਿਵਾਸੀ ਨਹੀਂ ਸਨ। ਉਹ 9 ਅਕਤੂਬਰ 1880 ਨੂੰ ਹਾਫ਼ਿਜ਼ਾਬਾਦ ਵਿਚ ਜਨਮੇ ਸਨ ਅਤੇ ਡਾਕਟਰੀ ਦਾ ਐਲ.ਐਮ.ਪੀ. ਨਾਂ ਦਾ ਡਿਪਲੋਮਾ ਕਰਨ ਪਿੱਛੋਂ 1901 ਵਿਚ ਸਰਕਾਰੀ ਨੌਕਰੀ ਲੈ ਕੇ ਅਜੋਕੇ ਪਾਕਿਸਤਾਨ ਦੇ ਸਿਆਲਕੋਟ ਜ਼ਿਲੇ ਵਿਚ ਜੰਡਿਆਲੇ ਦੇ ਸਬ-ਐਸਿਸਟੈਂਟ ਸਰਜਨ ਲੱਗ ਗਏ ਸਨ। ਉਨ੍ਹਾਂ ਦੇ ਜ਼ਿੰਮੇ ਪਲੇਗ ਦੀ ਰੋਕ ਦਾ ਕੰਮ ਲਾਇਆ ਗਿਆ ਜਿਸ ਕਰਕੇ ਪਹਿਲੇ ਦੋ-ਤਿੰਨ ਸਾਲਾਂ ਵਿਚ ਉਨ੍ਹਾਂ ਦੀਆਂ ਕਈ ਬਦਲੀਆਂ ਹੋਈਆਂ। ਫੇਰ 1 ਜਨਵਰੀ 1903 ਨੂੰ ਉਹ ਮੋਗੇ ਦੀ ਸਿਵਲ ਡਿਸਪੈਂਸਰੀ ਦੇ ਇੰਚਾਰਜ ਬਣ ਕੇ ਆਏ ਤਾਂ ਉਥੋਂ ਦੇ ਹੀ ਬਣ ਗਏ। ਉਨ੍ਹਾਂ ਦਾ ਅੱਖਾਂ ਦੇ ਡਾਕਟਰ ਬਣਨਾ ਵੀ ਕਿਸੇ ਕੋਰਸ ਦੀ ਥਾਂ ਇੱਛਾ ਤੇ ਲਗਨ ਦਾ ਹੀ ਨਤੀਜਾ ਸੀ। ਉਹ ਦਸਦੇ ਸਨ ਕਿ ਉਨ੍ਹਾਂ ਦੇ ‘ਮੈਡੀਕਲ ਸਕੂਲ ਲਾਹੌਰ’ ਵਿਚ ਕਰਨਲ ਪੈਰੀ ਨਾਂ ਦਾ ਡਾਕਟਰ ਅੱਖਾਂ ਦੇ ਵਿਭਾਗ ਦਾ ਇੰਚਾਰਜ ਸੀ। ਸਬੱਬ ਨਾਲ ਉਹਦੇ ਛੁੱਟੀ ਜਾਣ ਸਮੇਂ ਇੰਚਾਰਜ ਬਣੇ ਡਾ. ਹਰੀ ਰਾਮ ਨੂੰ ਨੇੜਿਓਂ ਕੰਮ ਕਰਦਾ ਦੇਖ ਇਨ੍ਹਾਂ ਨੇ ਮਨ ਵਿਚ ਧਾਰ ਲਈ ਕਿ ਡਾਕਟਰ ਬਣ ਕੇ ਅੱਖਾਂ ਦੇ ਇਲਾਜ ਵਾਲੇ ਪਾਸੇ ਹੀ ਪੈਣਾ ਹੈ। ਸ਼ਾਇਦ ਕੁਦਰਤ ਦੀ ਵੀ ਇਹੋ ਚਾਹ ਸੀ। ਨੌਕਰੀ ਦੇ ਪਹਿਲੇ ਦਿਨਾਂ ਵਿਚ ਹੀ ਉਹ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਇਕ ਕੈਮਿਸਟ ਦੀ ਦੁਕਾਨ ਵਿਚ ਗਏ। ਉਥੇ ਅੱਖਾਂ ਦੇ ਇਲਾਜ ਦੇ ਪੁਰਾਣੇ ਔਜ਼ਾਰ ਪਏ ਸਨ। ਪੁੱਛਣ ’ਤੇ ਪਤਾ ਲਗਿਆ, ਉਹ ਕਿਸੇ ਸਿਵਲ ਸਰਜਨ ਨੇ ਵੇਚਣ ਲਈ ਰੱਖੇ ਸਨ। ਮਥਰਾ ਦਾਸ ਉਹ ਔਜ਼ਾਰ ਅੱਠ ਰੁਪਏ ਵਿਚ ਖ਼ਰੀਦ ਲਿਆਏ।
ਉਸ ਸਮੇਂ ਦੇ ਮੋਗੇ ਦੇ ਅਸਲੀ ਰੂਪ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਡਾ. ਮਥਰਾ ਦਾਸ ਵਾਲੀ ਸਰਕਾਰੀ ਡਿਸਪੈਂਸਰੀ ਲੁਧਿਆਣਾ-ਫ਼ੀਰੋਜ਼ਪੁਰ ਸੜਕ ‘ਤੇ ਸੀ ਅਤੇ ਉਥੋਂ ਮੋਗਾ ਪਿੰਡ ਦੋ ਮੀਲ ਦੂਰ ਪੈਂਦਾ ਸੀ। ਇਹ ਦੋ ਮੀਲ ਸੁੰਨਾ ਜੰਗਲ ਸੀ। ਨਤੀਜੇ ਵਜੋਂ ਡਿਸਪੈਂਸਰੀ ਵਿਚ ਬਹੁਤ ਘੱਟ ਮਰੀਜ਼ ਆਉਂਦੇ। ਇਕ ਘਟਨਾ ਅਜਿਹੀ ਹੋਈ ਜਿਸ ਤੋਂ ਪਤਾ ਲਗਦਾ ਹੈ ਕਿ ਨੇਕੀ ਜਨਮ-ਜਾਤ ਉਨ੍ਹਾਂ ਦੇ ਲਹੂ ਵਿਚ ਰਚੀ ਹੋਈ ਸੀ। ਦੌਰੇ ’ਤੇ ਆਏ ਸਿਵਲ ਸਰਜਨ ਨੇ ਦੇਖਿਆ, ਪਹਿਲੇ ਇੰਚਾਰਜ ਦੇ ਮੁਕਾਬਲੇ ਮਥਰਾ ਦਾਸ ਦੇ ਸਮੇਂ ਮਰੀਜ਼ ਘੱਟ ਆਉਣ ਲੱਗੇ ਸਨ। ਇਨ੍ਹਾਂ ਨੇ ਪਹਿਲਾਂ ਆਪ ਹੀ ਇਹ ਗੱਲ ਮਹਿਸੂਸ ਕਰ ਲਈ ਸੀ ਅਤੇ ਪੜਤਾਲ ਕੀਤੀ ਤੋਂ ਇਹ ਪਤਾ ਲੱਗਿਆ ਕਿ ਪਿਛਲਾ ਡਾਕਟਰ ਰਜਿਸਟਰ ਵਿਚ ਮਰੀਜ਼ਾਂ ਦੇ ਜਾਅਲੀ ਨਾਂ ਲਿਖਦਾ ਰਿਹਾ ਸੀ। ਜੇ ਇਹ ਸੱਚ ਦਸਦੇ, ਉਹਦੀ ਨੌਕਰੀ ਚਲੀ ਜਾਣੀ ਸੀ। ਇਨ੍ਹਾਂ ਨੇ ਕਿਹਾ, ਡਾਕਟਰੀ ਸੇਵਾਵਾਂ ਸਦਕਾ ਲੋਕਾਂ ਦੀ ਸਿਹਤ ਵਿਚ ਸੁਧਾਰ ਹੋ ਗਿਆ ਹੈ।
ਅਸਲ ਕਾਰਨ ਦਾ ਪਤਾ ਹੋਣ ਕਰਕੇ ਇਹ ਕਿਸੇ ਹੱਲ ਬਾਰੇ ਸੋਚਣ ਲੱਗੇ। ਅਗਲੀ ਵਾਰ ਜਦੋਂ ਡਿਪਟੀ ਕਮਿਸ਼ਨਰ ਦੌਰੇ ’ਤੇ ਆਇਆ, ਇਨ੍ਹਾਂ ਨੇ ਬੇਨਤੀ ਕੀਤੀ ਕਿ ਇਹ ਇਕ ਮੇਜ਼-ਕੁਰਸੀ ਤੇ ਦਵਾਈਆਂ ਵਾਲੀ ਅਲਮਾਰੀ ਮੋਗਾ ਪਿੰਡ ਵਿਚ ਰੱਖਣਾ ਚਾਹੁੰਦੇ ਹਨ ਜਿਥੇ ਉਹ ਡਿਸਪੈਂਸਰੀ ਦੇ ਪੂਰੇ ਸਮੇਂ ਤੋਂ ਮਗਰੋਂ ਸ਼ਾਮ ਨੂੰ ਆਪਣੇ ਸਮੇਂ ਵਿਚ ਬੈਠਿਆ ਕਰਨਗੇ। ਇਹ ਤਜਰਬਾ ਬਹੁਤ ਹੀ ਸਫਲ ਰਿਹਾ ਅਤੇ ਡਿਸਪੈਂਸਰੀ ਵੀ ਮਸ਼ਹੂਰ ਹੋ ਗਈ।
ਜਦੋਂ ਵੀ ਕੁਛ ਚੰਗਾ-ਮੰਦਾ ਵਾਪਰ ਜਾਂਦਾ, ਨੇਕੀ ਦੇ ਮਾਰਗ ਉਤੇ ਡਾਕਟਰ ਸਾਹਿਬ ਦੀ ਯਾਤਰਾ ਹੋਰ ਦ੍ਰਿੜ੍ਹ ਹੋ ਜਾਂਦੀ। ਇਕ ਮਾਈ ਨੇ ਡਾਕਟਰ ਦੀ ਘਰ ਜਾਣ ਦੀ ਸਰਕਾਰੀ ਫੀਸ ਦੋ ਰੁਪਏ ਮੇਜ਼ ‘ਤੇ ਰੱਖ ਕੇ ਪੁੱਤਰ ਨੂੰ ਦੇਖ ਆਉਣ ਦੀ ਬੇਨਤੀ ਕੀਤੀ ਜੋ ਬੀਮਾਰੀ ਕਾਰਨ ਡਿਸਪੈਂਸਰੀ ਵਿਚ ਆਉਣ ਦੇ ਅਸਮਰੱਥ ਸੀ। ਮਰੀਜ਼ ਨੂੰ ਦੇਖਣ ਤੋਂ ਬਾਅਦ ਇਨ੍ਹਾਂ ਨੂੰ ਪਤਾ ਲਗਿਆ ਕਿ ਮਾਈ ਉਹ ਦੋ ਰੁਪਏ ਇਕ ਥਾਲੀ ਗਹਿਣੇ ਰੱਖ ਕੇ ਲਿਆਈ ਸੀ। ਇਨ੍ਹਾਂ ਨੂੰ ਇਹ ਗੱਲ ਬਹੁਤ ਮਹਿਸੂਸ ਹੋਈ ਅਤੇ ਉਸੇ ਦਿਨ ਸਹੁੰ ਖਾ ਲਈ ਕਿ ਅੱਗੇ ਤੋਂ ਮੋਗੇ ਦੇ ਕਿਸੇ ਵਸਨੀਕ ਤੋਂ ਘਰ ਜਾਣ ਦੀ ਸਰਕਾਰੀ ਜਾਂ ਗ਼ੈਰ-ਸਰਕਾਰੀ, ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ।
ਉਹ ਡਿਸਪੈਂਸਰੀ ਤੋਂ ਪਿੰਡ ਸਾਈਕਲ ਉਤੇ ਜਾਇਆ ਕਰਦੇ ਸਨ। ਛੇਤੀ ਹੀ ਸਾਈਕਲ ਮੋਗਾ ਪਿੰਡ ਤੋਂ ਬਾਹਰ ਨਿੱਕਲ ਤੁਰਿਆ। ਉਹ ਮਰੀਜ਼ਾਂ ਨੂੰ ਮੁਫ਼ਤ ਦੇਖਣ ਆਲੇ-ਦੁਆਲੇ ਦੇ ਪਿੰਡਾਂ ਵਿਚ ਜਾਣ ਲੱਗੇ। ਨਾਲ ਹੀ ਉਹ ਇਹ ਖੁੱਲ੍ਹਾ ਹੋਕਾ ਵੀ ਦੇਣ ਲੱਗੇ ਕਿ ਜਿਸ ਕਿਸੇ ਨੂੰ ਅੱਖਾਂ ਦਾ ਕੋਈ ਰੋਗ ਹੈ, ਉਹ ਮੁਫ਼ਤ ਇਲਾਜ ਲਈ ਮੋਗੇ ਆਵੇ। ਪਹਿਲੇ ਸਾਲ 1903 ਵਿਚ ਉਨ੍ਹਾਂ ਨੇ ਮੋਤੀਏ ਦੇ 3 ਓਪਰੇਸ਼ਨ ਕੀਤੇ ਪਰ ਅਗਲੇ ਹੀ ਸਾਲ ਉਨ੍ਹਾਂ ਦੀ ਗਿਣਤੀ 43 ਹੋ ਗਈ। ਫੇਰ ਤਾਂ ਉਨ੍ਹਾਂ ਦੀ ਜ਼ਿੰਦਗੀ ਦਾ ਮਿਸ਼ਨ ਹੀ ਇਹ ਹੋ ਗਿਆ।
ਇਨ੍ਹਾਂ ਦੀ ਪ੍ਰਸਿੱਧੀ ਦੂਰ-ਦੂਰ ਫ਼ੈਲਣ ਲੱਗੀ। 1916 ਵਿਚ ਮਹਾਰਾਜਾ ਕਸ਼ਮੀਰ ਨੇ ਇਨ੍ਹਾਂ ਨੂੰ ਰਿਆਸਤ ਦੇ ‘ਆਈ ਸਰਜਨ’ ਦੀ ਪਦਵੀ ਦੀ ਪੇਸ਼ਕਸ਼ ਕੀਤੀ ਪਰ ਇਨ੍ਹਾਂ ਨੇ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਅਤੇ ਮੋਗੇ ਨੂੰ ਕੇਂਦਰ ਬਣਾ ਕੇ ਆਮ ਲੋਕਾਂ ਦੀ ਸੇਵਾ ਵਿਚ ਲੱਗੇ ਰਹੇ। ਤਤਕਾਲੀ ਸਰਕਾਰ ਨੇ ਪਹਿਲਾਂ ਰਾਏ ਬਹਾਦਰ ਤੇ ਫੇਰ ਰਾਏ ਸਾਹਿਬ ਦੇ ਖ਼ਿਤਾਬ ਦਿੱਤੇ। 1954 ਵਿਚ ਪਦਮਸ਼੍ਰੀ ਸਮੇਤ ਉਨ੍ਹਾਂ ਨੂੰ ਅਨੇਕ ਮਾਣ-ਸਨਮਾਨ ਭੇਟ ਕੀਤੇ ਗਏ। ਉਹ ਕਈ ਡਾਕਟਰੀ ਅਤੇ ਸਮਾਜ-ਸੇਵੀ ਸੰਸਥਾਵਾਂ ਦੀਆਂ ਪਦਵੀਆਂ ਉਤੇ ਰਹੇ।
1921 ਵਿਚ ਮੋਤੀਏ ਦੇ ਓਪਰੇਸ਼ਨ ਦੀ ਆਪਣੀ ਹੀ ਕਾਢ ਕੱਢਣ ਮਗਰੋਂ ਉਨ੍ਹਾਂ ਨੇ ਲੋਕਾਂ ਦੀ ਗੁਆਚੀ ਨਜ਼ਰ ਵਾਪਸ ਦੇਣ ਦੇ ਮਿਸ਼ਨ ਵਿਚ ਦਿਨ-ਰਾਤ ਇਕ ਕਰ ਦਿੱਤੇ ਜਿਸ ਸਦਕਾ ਉਹ ਉਸ ਸਮੇਂ ਦੇ ਅੱਖਾਂ ਦੇ ਓਪਰੇਸ਼ਨ ਦੇ ਦੁਨੀਆ ਦੇ ਸਭ ਤੋਂ ਵੱਡੇ ਸਰਜਨ ਮੰਨੇ ਗਏ। ਲੋਕ ਉਨ੍ਹਾਂ ਨੂੰ ਨੇਤਰ-ਦੇਵ ਕਹਿਣ ਲੱਗੇ। ਉਨ੍ਹਾਂ ਬਾਰੇ ਮਸ਼ਹੂਰ ਸੀ ਕਿ ਉਹ ਲਗਾਤਾਰ ਅੱਖਾਂ ਦੇ ਕਿੰਨੇ ਹੀ ਓਪਰੇਸ਼ਨ ਕਰ ਲੈਣ, ਕਦੀ ਵੀ ਥਕਦੇ ਨਹੀਂ ਸਨ। ਉਨ੍ਹਾਂ ਦੀਆਂ ਉਂਗਲਾਂ ਵਿਚ ਅਜਿਹੀ ਕਰਾਮਾਤੀ ਫੁਰਤੀ ਪੈਦਾ ਹੋ ਗਈ ਸੀ ਕਿ ਉਹ ਓਪਰੇਸ਼ਨ ਨੂੰ ਇਕ ਮਿੰਟ ਦਾ ਸਮਾਂ ਲਾਉਂਦੇ ਸਨ। ਉਨ੍ਹਾਂ ਦੀ ਇਹ ਫੁਰਤੀ ਉਮਰ ਦੇ ਅਸਰ ਤੋਂ ਵੀ ਨਾਬਰ ਰਹੀ। ਪੜ੍ਹਨ-ਸੁਣਨ ਵਾਲੇ ਹੈਰਾਨ ਹੋਣਗੇ, ਉਹ 92 ਸਾਲ ਦੀ ਉਮਰ ਤੱਕ ਅਪਰੇਸ਼ਨ ਕਰਦੇ ਰਹੇ। ਇਹ ਉਹ ਉਮਰ ਸੀ ਜਿਸ ਤੋਂ, ਉਸ ਜ਼ਮਾਨੇ ਵਿਚ, 20-25 ਸਾਲ ਪਹਿਲਾਂ ਹੀ ਲਗਭਗ ਸਭ ਲੋਕਾਂ ਦੀ ਹਾਲਤ ‘ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ’ ਵਾਲੀ ਹੋ ਜਾਂਦੀ ਸੀ।
ਆਪਣੇ ਸੱਤਰ ਸਾਲਾਂ ਦੇ ਡਾਕਟਰੀ ਜੀਵਨ ਵਿਚ ਉਨ੍ਹਾਂ ਨੇ ਪੰਜ ਲੱਖ ਤੋਂ ਵੱਧ ਓਪਰੇਸ਼ਨ ਕੀਤੇ। ਉਨ੍ਹਾਂ ਨੇ ਉਸ ਜ਼ਮਾਨੇ ਵਿਚ ਆਪਣੀ ਹੀ ਤਿਆਰ ਕੀਤੀ ਤਕਨੀਕ ਨਾਲ ਇਕ ਦਿਨ ਵਿਚ 750 ਓਪਰੇਸ਼ਨ ਸਫਲਤਾ ਨਾਲ਼ ਨੇਪਰੇ ਚਾੜ੍ਹ ਕੇ ਰਿਕਾਰਡ ਕਾਇਮ ਕੀਤਾ। ਪਹਿਲਾਂ ਉਹ ਮੋਗੇ ਦੇ ਨੇੜੇ, ਫੇਰ ਦੂਰ-ਦੂਰ ਤੱਕ ਪੂਰੇ ਪੰਜਾਬ ਵਿਚ ਅਤੇ ਅੰਤ ਨੂੰ, ਖਾਸ ਕਰ ਕੇ ਸੇਵਾ-ਮੁਕਤੀ ਪਿੱਛੋਂ, ਪੰਜਾਬੋਂ ਬਾਹਰ ਦੇਸ ਦੇ ਨਗਰਾਂ-ਸ਼ਹਿਰਾਂ ਵਿਚ ਅੱਖਾਂ ਦੇ ਓਪਰੇਸ਼ਨ ਦੇ ਮੁਫ਼ਤ ਕੈਂਪ ਲਾਉਣ ਲੱਗੇ।
ਏਨੀ ਬਰੀਕੀ ਲੋੜਦੇ ਕੰਮ ਵਿਚ ਏਨੇ ਰੁੱਝੇ ਹੋਏ ਹੋਣ ਦੇ ਬਾਵਜੂਦ ਉਹ ਬੜੇ ਖ਼ੁਸ਼-ਰਹਿਣੇ ਸੁਭਾਅ ਦੇ ਸਨ ਅਤੇ ਆਪਣੇ ਮਰੀਜ਼ਾਂ ਨੂੰ ਵੀ ਚੜ੍ਹਦੀ ਕਲਾ ਵਿਚ ਰਖਦੇ ਸਨ। ਖ਼ੁਸ਼ਵੰਤ ਸਿੰਘ ਦੀ ਸੁਣਾਈ ਇਕ ਘਟਨਾ ਇਹਦੀ ਮਿਸਾਲ ਹੈ: ‘ਦੇਸ-ਵੰਡ ਤੋਂ ਪਹਿਲਾਂ ਲਾਹੌਰ ਵਿਚ ਡਾ. ਮਥਰਾ ਦਾਸ ਪਾਹਵਾ ਦੀ ਮਸ਼ਹੂਰੀ ਘਰ-ਘਰ ਪਹੁੰਚੀ ਹੋਈ ਸੀ। ਡਾਕਟਰ ਵਜੋਂ ਉਹਦੇ ਹੁਨਰ ਤੋਂ ਇਲਾਵਾ ਇਹ ਉਹਦਾ ਸਦੀਵੀ ਚੜ੍ਹਦੀ ਕਲਾ ਵਾਲਾ ਸੁਭਾਅ ਸੀ, ਜੋ ਮਰੀਜ਼ਾਂ ਨੂੰ ਹਮੇਸ਼ਾ ਜੀਵਨ ਦਾ ਚੰਗਾ ਪਾਸਾ ਦੇਖਣ ਲਈ ਪ੍ਰੇਰਦਾ। ਪੰਜਾਬ ਯੂਨੀਵਰਸਿਟੀ ਦਾ ਰਜਿਸਟਰਾਰ ਰਾਏ ਬਹਾਦਰ ਈਸ਼ਵਰ ਦਾਸ ਉਹਦਾ ਸਭ ਤੋਂ ਗੂੜ੍ਹਾ ਮਿੱਤਰ ਸੀ ਜੋ ਸੁਭਾਅ ਪੱਖੋਂ ਹੀ ਕੁਛ ਨਿਰਾਸ਼ਾਵਾਦੀ ਸੀ। ਮੈਨੂੰ ਉਹਦੇ ਘਰ ਡਾ. ਮਥਰਾ ਦਾਸ ਨੂੰ ਮਿਲਣ ਦਾ ਕਈ ਵਾਰ ਮੌਕਾ ਮਿਲਿਆ। ਉਹ ਈਸ਼ਵਰ ਦਾਸ ਨੂੰ ਤਸੱਲੀ ਦਿੰਦਾ ਕਿ ਤੈਨੂੰ ਕੁਛ ਨਹੀਂ ਹੋਇਆ ਤੇ ਫੇਰ ਉਹ ਆਪਣਾ ਮਨਪਸੰਦ ਸ਼ਿਅਰ ਦੁਹਰਾਉਂਦਾ: ਮੇਰੇ ਯਾਰ ਪਤੰਗ ਉਡਾਇਆ ਕਰ/ ਕਟ ਜਾਏ ਤੋ ਗ਼ਮ ਨਾ ਖਾਇਆ ਕਰ!’
ਉਨ੍ਹਾਂ ਨੇ ਅਪਰੇਸ਼ਨ ਵਾਂਗ ਹੀ ਫ਼ੀਸ ਦੀ ਵੀ ਨਵੀਂ ਤਕਨੀਕ ਅਪਣਾਈ। ਉਹ ਅਮੀਰਾਂ ਤੋਂ ਪੈਸੇ ਲੈਂਦੇ ਅਤੇ ਗ਼ਰੀਬਾਂ ਨੂੰ ਰੋਟੀ ਵੀ ਖੁਆਉਂਦੇ ਤੇ ਘਰ ਜਾਣ ਦਾ ਕਿਰਾਇਆ ਵੀ ਦਿੰਦੇ। 1908 ਵਿਚ ਉਨ੍ਹਾਂ ਦੀ ਪ੍ਰੇਰਨਾ ਨਾਲ ਮੋਗੇ ਸਰਕਾਰੀ ਹਸਪਤਾਲ ਦੀ ਇਮਾਰਤ ਬਣਨੀ ਸ਼ੁਰੂ ਹੋਈ ਜੋ ਅਗਲੇ ਸਾਲ ਮੁਕੰਮਲ ਹੋ ਗਈ। 1927 ਵਿਚ ਇਸ ਦਾ ਨਾਂ ਮਥਰਾ ਦਾਸ ਹਸਪਤਾਲ ਰੱਖ ਦਿੱਤਾ ਗਿਆ। ਡੀ. ਐਮ. ਕਾਲਜ ਵਿਚ ਪੜ੍ਹਨ ਸਮੇਂ ਮੈਂ ਅਨੇਕ ਕਮਰਿਆਂ ਉਤੇ ਅਜਿਹੇ ਪੱਥਰ ਲੱਗੇ ਦੇਖੇ ਸਨ ਕਿ ਇਹ ਕਮਰਾ ਅੱਖਾਂ ਦਾ ਓਪਰੇਸ਼ਨ ਕਰਵਾਉਣ ਦੀ ਖ਼ੁਸ਼ੀ ਵਿਚ ਅਮਕੇ ਨੇ ਬਣਵਾਇਆ।
ਲੋਕ ਆਪਣੇ ਕੰਮ ਦੀ ਚੋਰੀ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ। ਲੇਖਕ ਤਾਂ ਅਕਸਰ ਹੀ ਕਿਸੇ ਹੋਰ ਲੇਖਕ ਵੱਲੋਂ ਉਨ੍ਹਾਂ ਦੀ ਰਚਨਾ ਚੋਰੀ ਕਰ ਲਏ ਜਾਣ ਦਾ ਰੋਣਾ ਰੋਂਦੇ ਰਹਿੰਦੇ ਹਨ। ਡਾਕਟਰ ਸਾਹਿਬ ਨਾਲ ਜੋ ਹੋਈ, ਕੁਛ ਵਧੇਰੇ ਹੀ ਹੈਰਾਨ ਕਰਨ ਵਾਲੀ ਸੀ। 1905 ਵਿਚ ਦੌਰੇ ‘ਤੇ ਆਇਆ ਹੋਇਆ ਫ਼ਿਰੋਜ਼ਪੁਰ ਦਾ ਸਿਵਲ ਸਰਜਨ ਇਨ੍ਹਾਂ ਨੂੰ ਅੱਖਾਂ ਦੇ ਅਪਰੇਸ਼ਨ ਕਰਦੇ ਦੇਖ ਕੇ ਬਹੁਤ ਖ਼ੁਸ਼ ਹੋਇਆ। ਉਹਨੇ ਸੁਝਾਅ ਦਿੱਤਾ ਕਿ ਇਹ ਜਲੰਧਰ ਦੇ ਸਿਵਲ ਸਰਜਨ ਕਰਨਲ ਸਮਿੱਥ ਨੂੰ ਵੀ ਮਿਲਣ ਕਿਉਂਕਿ ਉਹ ਵੀ ਅੱਖਾਂ ਦੇ ਅਪਰੇਸ਼ਨ ਕਰਦਾ ਹੈ। ਇਨ੍ਹਾਂ ਨੇ ਜਲੰਧਰ ਜਾ ਕੇ ਉਹਦੀ ਤਕਨੀਕ ਦੇਖੀ ਜੋ ਇਨ੍ਹਾਂ ਨੂੰ ਬਹੁਤੀ ਕਾਰਗਰ ਨਾ ਲੱਗੀ ਅਤੇ ਜੋ ਹੋਰ ਡਾਕਟਰਾਂ ਨੂੰ ਵੀ ਪ੍ਰਭਾਵਿਤ ਨਹੀਂ ਸੀ ਕਰ ਸਕੀ।
1920 ਵਿਚ ਇੰਗਲੈਂਡ ਪਰਤਣ ਸਮੇਂ ਕਰਨਲ ਸਮਿੱਥ ਨੇ ਕਿਹਾ ਕਿ ਉਹਦਾ ਪੁੱਤਰ ਇੰਗਲੈਂਡ ਦੇ ਮੈਡੀਕਲ ਕਾਲਜ ਵਿਚ ਡਾਕਟਰੀ ਪੜ੍ਹ ਰਿਹਾ ਹੈ ਤੇ ਉਹਦਾ ਕੋਰਸ ਖ਼ਤਮ ਹੋਣ ਪਿੱਛੋਂ ਉਹ ਅੱਖਾਂ ਦੇ ਅਪਰੇਸ਼ਨ ਦੀ ਸਿੱਖਲਾਈ ਲਈ ਉਹਨੂੰ ਮੋਗੇ ਲਿਆਉਣਾ ਚਾਹੁੰਦਾ ਹੈ। 1925 ਵਿਚ ਕਰਨਲ ਸਮਿੱਥ ਪੁੱਤਰ ਨੂੰ ਲੈ ਕੇ ਆ ਗਿਆ ਅਤੇ ਪਿਉ-ਪੁੱਤਰ ਡਾਕਟਰ ਮਥਰਾ ਦਾਸ ਦੇ ਮਹਿਮਾਨ ਰਹੇ। ਇਨ੍ਹਾਂ ਨੇ ਆਪਣਾ ਨੇਮ ਦੱਸਿਆ ਕਿ ਇਹ ਭਾਰਤੀ ਸਿਖਿਆਰਥੀਆਂ ਨੂੰ ਰੋਜ਼ ਦਾ ਇਕ ਓਪਰੇਸ਼ਨ ਕਰਨ ਦਿੰਦੇ ਹਨ ਤੇ ਘੱਟ ਸਮੇਂ ਲਈ ਆਏ ਹੋਣ ਕਰਕੇ ਬਾਹਰਲੇ ਸਿਖਿਆਰਥੀ ਰੋਜ਼ ਦੇ ਤਿੰਨ ਅਪਰੇਸ਼ਨ ਕਰ ਸਕਦੇ ਹਨ। ਨਾਲ ਹੀ ਇਨ੍ਹਾਂ ਨੇ ਕਰਨਲ ਸਮਿੱਥ ਨੂੰ ਕਿਹਾ, ‘ਮੇਰੇ ਦਿਲ ਵਿਚ ਤੁਹਾਡੇ ਲਈ ਬਹੁਤ ਸਤਿਕਾਰ ਹੈ, ਇਸ ਲਈ ਮੈਂ ਤੁਹਾਡੇ ਪੁੱਤਰ ਨੂੰ ਹਰ ਰੋਜ਼ ਪੰਜ ਅਪਰੇਸ਼ਨ ਕਰਨ ਦਿਆ ਕਰਾਂਗਾ।’
ਜਿੰਨੇ ਦਿਨ ਕਰਨਲ ਸਮਿੱਥ ਮੋਗੇ ਰਿਹਾ, ਉਹ ਚੁੱਪ ਕਰ ਕੇ ਡਾਕਟਰ ਮਥਰਾ ਦਾਸ ਦੀ 1921 ਤੋਂ ਵਰਤਣੀ ਸ਼ੁਰੂ ਕੀਤੀ ਹੋਈ ਮੋਤੀਏ ਦੇ ਅਪਰੇਸ਼ਨ ਦੀ ਵਿਸ਼ੇਸ਼ ਤਕਨੀਕ ਬੜੇ ਗਹੁ ਨਾਲ਼ ਦੇਖਦਾ ਰਿਹਾ। ਉਹ ਜਾਣਦਾ ਸੀ ਕਿ ਇਨ੍ਹਾਂ ਨੇ ਆਪਣੀ ਤਕਨੀਕ ਦੀ ਕਾਢ ਬਾਰੇ ਕਿਸੇ ਮੈਡੀਕਲ ਜਰਨਲ ਵਿਚ ਜਾਣਕਾਰੀ ਦੇਣ ਦੀ ਪਰਵਾਹ ਨਹੀਂ ਸੀ ਕੀਤੀ। ਪੁੱਤਰ ਨੂੰ ਇਨ੍ਹਾਂ ਕੋਲ ਛੱਡ ਕੇ ਇੰਗਲੈਂਡ ਪਰਤਦਿਆਂ ਉਹਨੇ ਪਹਿਲਾ ਕੰਮ ਇਹ ਕੀਤਾ ਕਿ ਇਨ੍ਹਾਂ ਦੀ ਤਕਨੀਕ ਨੂੰ ਆਪਣੀ ਕਹਿ ਕੇ ਲੇਖ ਇੰਗਲੈਂਡ ਤੇ ਅਮਰੀਕਾ ਦੇ ਮੈਡੀਕਲ ਜਰਨਲਾਂ ਵਿਚ ਛਪਵਾ ਦਿੱਤੇ। ਇਕ ਅਮਰੀਕਨ ਸਰਜਨ, ਡਾਕਟਰ ਬੁਲ ਨੇ, ਜੋ 1922 ਵਿਚ ਮੋਗੇ ਇਨ੍ਹਾਂ ਦਾ ਸਿਖਿਆਰਥੀ ਰਿਹਾ ਸੀ ਤੇ ਇਸ ਤਕਨੀਕ ਦੇ ਇਨ੍ਹਾਂ ਦੀ ਕਾਢ ਹੋਣ ਬਾਰੇ ਜਾਣਦਾ ਸੀ, ਇਸ ਚੋਰੀ ਤੋਂ ਹੈਰਾਨ ਹੋ ਕੇ ਝੱਟ ਅਮਰੀਕੀ ਮੈਡੀਕਲ ਜਰਨਲ ਦੇ ਸੰਪਾਦਕ ਨੂੰ ਵੀ ਇਸ ਤਕਨੀਕ ਦਾ ਸਾਰਾ ਪਿਛੋਕੜ ਦੱਸ ਕੇ ਚਿੱਠੀ ਲਿਖ ਦਿੱਤੀ ਅਤੇ ਨਾਲ ਹੀ ਡਾਕਟਰ ਮਥਰਾ ਦਾਸ ਨੂੰ ਵੀ ਸਾਰੀ ਜਾਣਕਾਰੀ ਦੇ ਦਿੱਤੀ। ਇਕ ਚੰਗੀ ਗੱਲ ਇਹ ਹੋਈ ਕਿ ਹਰ ਸਾਲ ਜੋ ਸਿਖਿਆਰਥੀ ਆਉਂਦੇ ਸਨ, ਉਹ ਨਿਸ਼ਾਨੀ ਵਜੋਂ ਡਾਕਟਰ ਮਥਰਾ ਦਾਸ ਨਾਲ ਗਰੁੱਪ ਫੋਟੋ ਖਿਚਵਾਉਂਦੇ ਸਨ। ਸਬੱਬ ਨਾਲ 1925 ਦੀ ਫੋਟੋ ਉਸ ਸਮੇਂ ਖਿੱਚੀ ਗਈ ਸੀ ਜਦੋਂ ਡਾਕਟਰ ਸਮਿੱਥ ਅਜੇ ਇਥੇ ਹੀ ਸੀ ਤੇ ਆਪਣੇ ਪੁੱਤਰ ਨਾਲ਼ ਫੋਟੋ ਵਿਚ ਸ਼ਾਮਲ ਸੀ। ਇਨ੍ਹਾਂ ਨੇ ਡਾਕਟਰ ਬੁਲ ਨੂੰ ਉਹ ਫੋਟੋ ਵੀ ਭੇਜ ਦਿੱਤੀ ਤੇ ਇਹ ਵੀ ਲਿਖ ਦਿੱਤਾ ਕਿ ਮੈਡੀਕਲ ਜਨਰਲ ਵਿਚ ਡਾਕਟਰ ਸਮਿੱਥ ਨੇ ਮੋਤੀਏ ਦੇ ਅਪਰੇਸ਼ਨ ਦੀ ਜਿਸ ਤਕਨੀਕ ਨੂੰ ਆਪਣੀ ਕਾਢ ਕਿਹਾ ਹੈ, ਉਹਦੀ ਕਾਢ ਮੈਂ 1921 ਵਿਚ ਕੱਢੀ ਸੀ ਅਤੇ ਉਹ 1925 ਵਿਚ ਇਹ ਤਕਨੀਕ ਮੈਥੋਂ ਸਿੱਖ ਕੇ ਗਿਆ ਸੀ। ਮਹਾਤਮਾ ਗਾਂਧੀ ਨੇ 17 ਫ਼ਰਵਰੀ 1942 ਦੇ ਆਪਣੇ ਅਖ਼ਬਾਰ ‘ਹਰੀਜਨ ਸੇਵਕ’ ਵਿਚ ਲਿਖਿਆ, ‘ਮੈਂ ਮੋਗਾ ਦੇ ਡਾ. ਮਥਰਾ ਦਾਸ ਦੀ ਉਸਤਤ ਵਿਚ ਬਹੁਤ ਕੁਝ ਸੁਣਿਆ ਸੀ ਪਰ ਉਨ੍ਹਾਂ ਨੂੰ ਅੱਖਾਂ ਦੇ ਅਪਰੇਸ਼ਨ, ਜਿਸ ਸਦਕਾ ਉਹ ਮਸ਼ਹੂਰ ਹਨ, ਕਰਦਿਆਂ ਦੇਖਣ ਦਾ ਮੌਕਾ ਮੈਨੂੰ ਨਹੀਂ ਸੀ ਮਿਲ ਸਕਿਆ। ਆਖ਼ਰ ਪਿਛਲੇ ਮਹੀਨੇ ਵਰਧਾ ਵਿਚ ਇਹ ਮੌਕਾ ਵੀ ਮਿਲ ਹੀ ਗਿਆ। ਉਹ ਜਮਨਾ ਲਾਲ (ਬਜਾਜ) ਜੀ ਦੇ ਸੱਦੇ ‘ਤੇ ਉਚੇਚੇ ਆਏ ਅਤੇ ਉਨ੍ਹਾਂ ਨੇ ਆਪਣੇ ਸਹਾਇਕਾਂ ਨਾਲ ਕੋਈ ਤਿੰਨ ਸੌ ਲੋਕਾਂ, ਜਿਹੜੇ ਮੋਤੀਏ ਕਾਰਨ ਨਜ਼ਰ ਗੁਆ ਚੁੱਕੇ ਸਨ, ਦੀਆਂ ਅੱਖਾਂ ਨੂੰ ਜੋਤ ਦਿੱਤੀ। ਇਨ੍ਹਾਂ ਸਮੂਹਿਕ ਅਪਰੇਸ਼ਨਾਂ ਨੂੰ ਯੱਗ ਕਿਹਾ ਗਿਆ। ਤੇ ਯਕੀਨਨ ਇਹ ਯੱਗ ਹੀ ਸੀ ਕਿਉਂਕਿ ਨਿਸ਼ਕਾਮ ਸੇਵਾ ਦਾ ਹਰ ਕੰਮ ਕੁਰਬਾਨੀ ਹੀ ਹੁੰਦਾ ਹੈ। ਮੈਂ ਪ੍ਰਸੰ਼ਸਾ ਵਿਚ ਡਾ. ਮਥਰਾ ਦਾਸ ਨੂੰ ਉਨ੍ਹਾਂ ਦੇ ਅਚੁੱਕ ਤੇ ਚੁਸਤ ਸਰਜੀਕਲ ਹੱਥ ਸਦਕਾ ਝੁਕ ਕੇ ਨਮਸਕਾਰ ਕੀਤੀ। ਉਨ੍ਹਾਂ ਨੇ ਇਕ ਮਿੰਟ ਦਾ ਇਕ ਅਪਰੇਸ਼ਨ ਦੇ ਹਿਸਾਬ ਨਾਲ ਆਪਣੀ ਸਮਰੱਥਾ ਦਿਖਾਈ। ਉਨ੍ਹਾਂ ਦੀ ਬਣਾਈ ਕੋਈ ਅੱਖ ਕਦੀ ਖ਼ਰਾਬ ਨਹੀਂ ਸੀ ਹੋਈ। ਇਉਂ ਹਜ਼ਾਰਾਂ ਲੋਕਾਂ ਨੂੰ ਆਪਣੀਆਂ ਅੱਖਾਂ ਮੁਫ਼ਤ ਵਾਪਸ ਮਿਲੀਆਂ ਕਿਉਂਕਿ ਉਹ ਗ਼ਰੀਬਾਂ ਤੋਂ ਕੋਈ ਫੀਸ ਨਹੀਂ ਸਨ ਲੈਂਦੇ!’
ਅੱਗੇ ਚੱਲ ਕੇ ਜੀਵਨ ਵਿਚ ਪੈ ਕੇ ਮੈਨੂੰ ਉਹ ਅਕਸਰ ਯਾਦ ਆਉਂਦੇ। ਦਿਲ ਕਰਦਾ, ਜੇ ਸੰਭਵ ਹੋਵੇ, ਉਨ੍ਹਾਂ ਨੂੰ ਮਿਲਿਆ ਜਾਵੇ। ਪਰ ਜਿਨ੍ਹਾਂ ਤੋਂ ਵੀ ਪੁੱਛਿਆ, ਕਿਸੇ ਨੂੰ ਉਨ੍ਹਾਂ ਦੇ ਟਿਕਾਣੇ ਦਾ ਪਤਾ ਨਹੀਂ ਸੀ। 1967 ਵਿਚ ਮੈਂ ਦਿੱਲੀ ਆ ਗਿਆ। ਪੰਜ ਸਾਲ ਮਗਰੋਂ, 1972 ਵਿਚ ਇਕ ਦਿਨ ਅਚਾਨਕ ਅਖ਼ਬਾਰ ਵਿਚ ਉਨ੍ਹਾਂ ਦੇ ਚਲਾਣੇ ਦੀ ਇਸ਼ਤਿਹਾਰੀ ਖ਼ਬਰ ਪੜ੍ਹੀ। ਪਤਾ ਲਗਿਆ, ਉਹ ਮੈਥੋਂ 8-10 ਕਿਲੋਮੀਟਰ ਦੂਰ ਦਿੱਲੀ ਵਿਚ ਹੀ ਰਹਿੰਦੇ ਰਹੇ ਸਨ। ਨਾ ਮਿਲ ਸਕਣ ਦਾ ਪਛਤਾਵਾ ਹੋਣਾ ਕੁਦਰਤੀ ਸੀ।
ਡਾ. ਮਥਰਾ ਦਾਸ ਦੇ ਸਵਰਗਵਾਸ ਸਮੇਂ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਆਪਣੇ ਸੋਗ-ਸੁਨੇਹੇ ਵਿਚ ਕਿਹਾ: ‘ਸਾਡੇ ਸਭ ਤੋਂ ਨਿਪੁੰਨ ਆਈ-ਸਰਜਨ, ਡਾ. ਮਥਰਾ ਦਾਸ ਪਾਹਵਾ ਦੇ ਚਲਾਣੇ ਬਾਰੇ ਜਾਣ ਕੇ ਮੈਨੂੰ ਡੂੰਘਾ ਸਦਮਾ ਪਹੁੰਚਿਆ ਹੈ। ਰੋਗ-ਨਿਵਾਰਕ ਵਿਗਿਆਨ ਦੀ ਆਪਣੀ ਨਿਪੁੰਨਤਾ ਅਤੇ ਸਮੂਹਕ ਪੈਮਾਨੇ ਉਤੇ ਅਪਰੇਸ਼ਨ ਕਰਨ ਦੀ ਆਪਣੀ ਅਚੁੱਕ ਫੁਰਤੀ ਸਦਕਾ ਉਨ੍ਹਾਂ ਨੇ ਲੋਕਾਂ ਦੇ ਦਿਲਾਂ ਵਿਚ ਥਾਂ ਬਣਾ ਲਈ ਹੈ, ਜਿਹੜੀ ਗੱਲ ਇਸ ਮਾਨਵਵਾਦੀ ਮਨੋਰਥ ਵਿਚ ਲੱਗੇ ਹੋਏ ਅਨੇਕ ਹੋਰਾਂ ਨੂੰ ਨਿਰੰਤਰ ਪ੍ਰੇਰਦੀ ਰਹੇਗੀ। ਉਨ੍ਹਾਂ ਦਾ ਸੰਪੂਰਨ ਸਮਰਪਣ ਇਸ ਤੱਥ ਤੋਂ ਉਜਾਗਰ ਹੋ ਜਾਂਦਾ ਹੈ ਕਿ ਉਹ 91 ਸਾਲ ਦੀ ਪੱਕੀ ਆਯੂ ਵਿਚ ਵੀ ਗ਼ਰੀਬਾਂ ਦੇ ਭਲੇ ਲਈ ਅਪਰੇਸ਼ਨ ਕਰ ਰਹੇ ਸਨ।’