ਚੜ੍ਹਦੀ ਉਮਰ ਦੀਆਂ ਫਿਲਮੀ ਬਾਤਾਂ

ਬਲਰਾਜ ਸਾਹਨੀ
ਅਦਾਕਾਰ ਬਲਰਾਜ ਸਾਹਨੀ (1913-1973) ਲਿਖਾਰੀ ਵੀ ਸੀ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਉਹ ਸ਼ਾਂਤੀ ਨਿਕੇਤਨ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਇਥੇ ਅਸੀਂ ਉਸ ਦੀ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।
ਸਕੂਲ ਦਾ ਜ਼ਮਾਨਾ ਲੰਘਿਆ, ਕਾਲਜ ਦਾ ਆਇਆ। ਬੋਦੀ, ਜੰਝੂ, ਪਜਾਮਾ ਰੁਖਸਤ ਹੋਏ, ਪਤਲੂਨ ਆ ਗਈ। ਸਿਰ ਉਤੇ ਹੈਟ ਧਰਨ ਦੇ ਦਿਨ ਦੀਆਂ ਉਡੀਕਾਂ ਮਨ ਵਿਚ ਜਾਗਰਤ ਹੋ ਗਈਆਂ। ਬਾਈਸਿਕਲ ਘਰ ਵਾਲਿਆਂ ਵਲੋਂ ਮੈਟਰਿਕ ਪਾਸ ਕਰਨ ਦਾ ਦੂਜਾ ਸਰਟੀਫਿਕੇਟ ਹੁੰਦਾ ਹੈ, ਤੇ ਜਦੋਂ ਸਾਈਕਲ ਉਤੇ ਲੱਤ ਧਰ ਲਈ, ਫੇਰ ਪੁੱਛ ਕੇ ਸਿਨੇਮਾ ਥੋੜ੍ਹਾ ਜਾਈਦਾ ਹੈ!

ਉਦੋਂ ਰਾਵਲਪਿੰਡੀ ਸ਼ਹਿਰ ਦੀ ਅਹਿਮੀਅਤ ਅੰਗਰੇਜ਼ੀ ਫੌਜਾਂ ਦੀ ਵੱਡੀ ਛਾਵਣੀ ਹੋਣ ਤੋਂ ਛੁੱਟ ਹੋਰ ਕੋਈ ਨਹੀਂ ਸੀ। ਏਸੇ ਅਨੁਸਾਰ ਲੋਕਾਂ ਦੀਆਂ ਸੋਚਾਂ ਵੀ ਮਹਿਦੂਦ ਸਨ। ਸਿਖਿਅਤ ਵਰਗ ਦਾ ਸਰੀਰ ਤਾਂ ਸ਼ਹਿਰ ਵਿਚ ਪਰ ਆਤਮਾ ਕੈਨਟੋਨਮਿੰਟ ਅਤੇ ਸਿਵਲ ਲਾਈਨ ਦੇ ਨਵੇਲੇ, ਸੁਅੱਛ ਅਤੇ ਸਭਿਆ ਵਾਤਾਵਰਨ ਵਿਚ ਵਿਚਰਦੀ ਸੀ। ਦੇਸੀ ਪੁਸ਼ਾਕ, ਦੇਸੀ ਖੁਰਾਕ, ਦੇਸੀ ਰਹਿਤ ਸਿਖਿਅਤਾਂ ਦੀਆਂ ਨਜ਼ਰਾਂ ਵਿਚ, ਕਿਸੇ ਨਾ ਕਿਸੇ ਮਿਕਦਾਰ, ਘਟੀਆ ਅਤੇ ਪਿਛਾਂਹ-ਖਿੱਚੂ ਚੀਜ਼ਾਂ ਸਨ ਜਿਨ੍ਹਾਂ ਤੋਂ ਬੰਦਾ ਜਿਤਨਾ ਦੂਰ ਹੋ ਜਾਏ, ਉਤਨਾ ਹੀ ਵਕਾਰ ਵਧਦਾ ਸੀ; ਤੇ ਜਿਸ ਰਾਹ ਉਤੇ ਕਾਲਜ ਦੇ ਪ੍ਰੋਫੈਸਰ ਤੁਰਨ, ਵਿਦਿਆਰਥੀਆਂ ਨੇ ਵੀ ਤਾਂ ਉਸੇ ਰਾਹ ਤੁਰਨਾ ਸੀ।
ਸਦਰ ਵਾਲੇ ਸਿਨੇਮੇ ਸਾਫ ਸੁਥਰੇ ਅਤੇ ਸ਼ਾਨਦਾਰ ਸਨ। ਉਹਨਾਂ ਵਿਚ ਅੰਗਰੇਜ਼ੀ ਪਿਕਚਰਾਂ ਵਿਖਾਈਆਂ ਜਾਂਦੀਆਂ ਸਨ ਅਤੇ ਵੇਖਣ ਵਾਲਿਆਂ ਦੀ ਬਹੁ-ਸੰਖਿਆ ਵੀ ਅੰਗਰੇਜ਼ ਹੁੰਦੀ ਸੀ। ਜੇ ਭਾਗ ਚੰਗੇ ਹੋਣ ਤਾਂ ਕਿਸੇ ਕਿਸੇ ਦਿਨ ਕੋਈ ਸੁਨਹਿਰੀ ਰੂਪ ਵਾਲੀ ਸੁੰਦਰੀ ਵੀ ਨਾਲ ਦੀ ਸੀਟ ਉਤੇ ਆ ਬੈਠਦੀ ਸੀ। ਜਿਤਨੀਆਂ ਫਿਲਮਾਂ ਤਲਿਸਮੀ, ਉਤਨਾ ਹੀ ਸਿਨਮਿਆਂ ਦਾ ਵਾਤਾਵਰਣ ਅਲੌਕਿਕ, ਰੋਮਾਂਟਿਕ, ਮਾਦਕ। ਮੇਮਾਂ ਦੇ ਲਿਬਾਸ ਉਹਨਾਂ ਦੇ ਸੁਡੌਲ ਜਿਸਮਾਂ ਨਾਲ ਕਿਤਨਾ ਇਨਸਾਫ ਕਰਦੇ ਸਨ! ਕਿਤਨੀ ਆਜ਼ਾਦੀ ਨਾਲ ਉਹ ਆਪਣੇ ਪ੍ਰੇਮੀਆਂ ਦੀ ਜੱਫੀ ਵਿਚ ਜਾ ਵੜਦੀਆਂ ਸਨ! ਕਿਸ ਉਤਾਵਲ ਨਾਲ ਚੁੰਮਨ ਦੇਣ ਲਈ ਲਿਫ-ਲਿਫ ਜਾਂਦੀਆਂ ਸਨ! ਜਦੋਂ ਵੀ ਕੋਈ ਵਲੈਤੀ ਫਿਲਮ ਵੇਖ ਕੇ ਆਓ, ਕਿਤਨੇ-ਕਿਤਨੇ ਦਿਨ ਖੁਮਾਰੀ ਜਿਹੀ ਚੜ੍ਹੀ ਰਹਿੰਦੀ ਸੀ।
ਫਿਲਮਾਂ ਦੇ ਉਸ ਖਾਮੋਸ਼ ਯੁੱਗ ਦੀ ਡੋਲੋਰਸ ਕਾਸਟੈਲੋ ਜਗ-ਮਗਾਂਦੀ ਤਾਰਿਕਾ ਸੀ। ਜਾਨ ਬੈਰੀਮੋਰ ਨਾਲ ਉਸ ਦੀ ਜੋੜੀ ਵਾਹ-ਵਾਹ ਫੱਬਦੀ ਸੀ। ਦੋਵੇਂ ਬਹੁਤ ਸਾਰੀਆਂ ਫਿਲਮਾਂ ਵਿਚ ਇਕੱਠੇ ਆਉਂਦੇ ਸਨ। ਉਹਨਾਂ ਦੇ ਪ੍ਰੇਮ ਦ੍ਰਿਸ਼ ਵਿਸ਼ੇਸ਼ ਉਤੇਜਕ ਹੁੰਦੇ ਸਨ। ਰਾਤੀਂ ਰਾਜਕੁਮਾਰੀ ਦੇ ਰੂਪ ਵਿਚ ਡੋਲੋਰਸ ਘੂਕ ਸੁੱਤੀ ਪਈ ਹੈ। ਅਚਾਨਕ ਆਕਾਸ਼ ਵਿਚ ਬੱਦਲ ਘਿਰ ਆਉਂਦੇ ਹਨ ਅਤੇ ਜ਼ੋਰ ਦੀ ਬਿਜਲੀ ਕੜਕਦੀ ਹੈ। ਡੋਲੋਰਸ ਤ੍ਰਹਿ ਕੇ ਕਮਰੇ ਵਿਚੋਂ ਬਾਹਰ ਉੱਠ ਦੌੜਦੀ ਹੈ, ਆਪਣੇ ਸਲੀਪਿੰਗ ਗਾਊਨ ਵਿਚ ਹੀ। ਬਿਖਰੇ ਬਾਲ, ਬਿਖਰੇ ਹੋਸ਼-ਹਵਾਸ। ਬਾਹਰ ਬਰਾਂਡੇ ਵਿਚ ਜਾਨ, ਜਾਂਬਾਜ਼ ਸੂਰਮਾ, ਕਿਲ੍ਹੇ ਦਾ ਬਾਂਕਾ ਅਫਸਰ, ਘਾਤ ਵਿਚ ਖੜ੍ਹਾ ਹੈ। ਦਿਨੇ ਡੋਲੋਰਸ ਨੇ ਸਾਰੀ ਉਮਰ ਉਸ ਦਾ ਮੂੰਹ ਨਾ ਵੇਖਣ ਦੀ ਸਹੁੰ ਖਾਧੀ ਸੀ ਪਰ ਹੁਣ ਸਭ ਭੁਲ-ਭੁਲਾ ਕੇ ਉਸ ਦੀਆਂ ਬਾਹਾਂ ਵਿਚ ਲਿਪਟ ਗਈ। ਆਪਣੇ ਮਖਸੂਸ ਜੇਤੂ ਅੰਦਾਜ਼ ਨਾਲ ਜਾਨ ਬੈਰੀਮੋਰ ਨੇ ਕੈਮਰੇ ਦੇ ਬਿਲਕੁਲ ਨੇੜੇ ਆ ਜਾਣ ਦਾ ਇੰਤਜ਼ਾਰ ਕੀਤਾ ਤਾਂ ਜੋ ਪਰਦੇ ਉੱਪਰ ਸਿਰਫ ਉਹਨਾਂ ਦੋਵਾਂ ਦੇ ਚਿਹਰੇ ਹੀ ਰਹਿ ਜਾਣ; ਤੇ ਫੇਰ ਉਸ ਨੇ ਡੋਲੋਰਸ ਦਾ ਹੇਠਲਾ ਬੁੱਲ੍ਹ ਆਪਣੇ ਬੁੱਲ੍ਹਾਂ ਵਿਚ ਸਮੇਟ ਲਿਆ। ਹੁਣ ਵੀ ਉਹ ਲੰਮੀ ਚੁੰਮੀ ਕਦੇ-ਕਦੇ ਮੇਰੀ ਯਾਦ ਵਿਚ ਬਿਜਲੀਆਂ ਲਿਸ਼ਕਾ ਜਾਂਦੀ ਹੈ। ‘ਪੈਥੇ ਗਜ਼ਟ’, ‘ਪਿਕਚਰ ਗੋਅਰ’ ਅਤੇ ਦੂਜੀਆਂ ਫਿਲਮੀ ਪੱਤਰਕਾਵਾਂ ਵਿਚ ਜਾਨ ਦੇ ਪ੍ਰੇਮ ਦ੍ਰਿਸ਼ਾਂ ਦੀ ਟੈਕਨੀਕ ਉਪਰ ਲੰਮੇ-ਲੰਮੇ ਲੇਖ ਛਪਦੇ ਸਨ। ਅਸੀਂ ਉਹਨਾਂ ਨੂੰ ਬੜੇ ਗੌਰ ਨਾਲ ਪੜ੍ਹਦੇ ਅਤੇ ਉਹਨਾਂ ਉਪਰ ਲੰਮੇ-ਲੰਮੇ ਤਬਸਰੇ ਕਰਦੇ ਸਾਂ।
ਪਰ ਮਾਤਾ-ਪਿਤਾ ਦੇ ਸਾਹਮਣੇ ਅਸੀਂ ਇਹਨਾਂ ਫਿਲਮਾਂ ਦੇ ਉੱਚੇ ਇਖਲਾਕੀ ਮਿਆਰਾਂ ਅਤੇ ਆਦਰਸ਼ਾਂ ਦਾ ਹੀ ਜ਼ਿਕਰ ਕਰਦੇ ਸਾਂ। ਇਹ ਸੰਸਾਰ ਦੇ ਉੱਘੇ ਸਾਹਿਤਕਾਰਾਂ, ਵਿਕਟਰ ਹਿਉਗੋ, ਚਾਰਲਜ਼ ਡਿਕਨਜ਼, ਅਲੈਗਜ਼ਾਂਡਰ ਡਿਊਮਾ, ਵਾਲਟਰ ਸਕਾਟ ਆਦਿ ਦੀਆਂ ਮਹਾਨ ਰਚਨਾਵਾਂ ਦੇ ਆਧਾਰ ਉਤੇ ਬਣਾਈਆਂ ਜਾਂਦੀਆਂ ਸਨ। ਫੇਰ, ਵਾਰਤਾਲਾਪ ਅਤੇ ਕਹਾਣੀ ਦੀ ਤੋਰ ਬਿਆਨ ਕਰਨ ਲਈ ਪਰਦੇ ਉਤੇ ਅੰਗਰੇਜ਼ੀ ਵਿਚ ਲਿਖੇ ਟਾਈਟਲ ਆ ਜਾਂਦੇ ਸਨ। ਇਸ ਤਰ੍ਹਾਂ ਮਨੋਰੰਜ਼ਨ ਦੇ ਨਾਲ ਨਾਲ ਅਭਿਆਸ ਵੀ ਹੋ ਜਾਂਦਾ ਸੀ। ਅੰਗਰੇਜ਼ੀ ਵਿਚ ਚੰਗੇ ਨੰਬਰ ਲੈਣ ਦਾ ਇਹ ਬਹੁਤ ਵਧੀਆ ਸਾਧਨ ਨਿਕਲ ਆਇਆ ਸੀ।
ਅਜਿਹੀਆਂ ਦਲੀਲਾਂ ਸੁਣ ਕੇ ਮਾਪੇ ਚੁੱਪ ਜ਼ਰੂਰ ਹੋ ਜਾਂਦੇ ਪਰ ਤਸੱਲੀ ਉਹਨਾਂ ਨੂੰ ਨਹੀਂ ਸੀ ਹੁੰਦੀ। ਕਿਸੇ ਵੀ ਤਫਰੀਹ ਵਾਲੀ ਚੀਜ਼ ਦੇ ਇਤਨਾ ਨਿਰਦੋਸ਼ ਅਤੇ ਬੇਜ਼ਰਰ ਹੋਣ ਦਾ ਉਹਨਾਂ ਨੂੰ ਯਕੀਨ ਨਹੀਂ ਸੀ ਆਉਂਦਾ।
ਫਿਲਮਾਂ ਵਿਚ ਕੇਵਲ ਰੋਮਾਂਸ ਦਾ ਪਹਿਲੂ ਹੀ ਵੱਟ ਕੱਢਵਾਂ ਨਹੀਂ ਸੀ ਹੁੰਦਾ, ਜਾਂਬਾਜ਼ੀ ਦੇ ਦ੍ਰਿਸ਼ ਵੀ ਤੜਫਾ ਛਡਦੇ ਸਨ। ‘ਕਾਸੈਕਸ’ ਨਾਮਕ ਫਿਲਮ ਵਿਚ ਜਾਨ ਗਿਲਬਰਟ ਨੇ ਤਲਵਾਰਬਾਜ਼ੀ ਅਤੇ ਘੁੜਸਵਾਰੀ ਦੇ ਐਸੇ ਬੇਪਨਾਹ ਕਰਤਬ ਕੀਤੇ ਸਨ ਕਿ ਅਗਲੇ ਹੀ ਦਿਨ ਸਾਡੇ ਸਾਰੇ ਵਿਦਿਆਰਥੀ ਵਰਗ ਨੇ ਰੂਸੀ ਫੈਸ਼ਨ ਦੀਆਂ ਮੋਟੀਆਂ-ਮੋਟੀਆਂ, ਗੋਲ-ਗੋਲ, ਨੱਕ ਤੀਕਰ ਲਮਕਦੀ ਬੁਰ ਵਾਲੀਆਂ ਟੋਪੀਆਂ ਸਿਵਾ ਲਈਆਂ ਸਨ ਜੋ ਕਈ ਵਰ੍ਹੇ ਪਿੰਡੀ ਵਿਚ ਫੈਸ਼ਨ ਬਣੀਆਂ ਰਹੀਆਂ। ਹੀਰੋ ਦੇ ਬਹਾਦਰੀ ਦੇ ਕਰਤਬ ਵੇਖ ਕੇ ਬਾਹਰ ਆਉਂਦਿਆਂ ਸਾਰ ਕੁਝ ਨਾ ਕੁਝ ਆਪ ਵੀ ਕਰ ਗੁਜ਼ਰਨ ਲਈ ਦਿਲ ਮਚਲ ਉਠਦਾ ਸੀ ਪਰ ਲਾਚਾਰ ਹੋ ਕੇ ਬਾਈਸਿਕਲ ਦੀਆਂ ਵੱਖੀਆਂ ਤੋੜਨ ਤੋਂ ਸਿਵਾ ਭੜਾਸ ਕਢਣ ਦਾ ਹੋਰ ਕੋਈ ਸਾਮਾਨ ਨਹੀਂ ਸੀ ਲੱਭਦਾ।
ਜਿਥੇ ਫੁੱਲ ਹੈ, ਉਥੇ ਖਾਰ ਵੀ ਹੈ। ਸਦਰ ਦੇ ਸਿਨਮਿਆਂ ਦੀ ਇਕ ਖਰਾਬੀ ਡਾਢਾ ਮਜ਼ਾ ਮਾਰਦੀ ਸੀ। ਹਰ ਸ਼ੋਅ ਪਿਛੋਂ ‘ਗਾਡ ਸੇਵ ਦੀ ਕਿੰਗ’ ਲਈ ਖਲੋਣਾ ਪੈਂਦਾ ਜੋ ਭਰੀ ਕਲਾਸ ਵਿਚ ਆਪਣੇ ਮੂੰਹ ਤੇ ਆਪ ਚਪੇੜ ਮਾਰਨ ਵਾਲੀ ਸਜ਼ਾ ਵਾਂਗ ਸੀ। ਇਕ ਵਾਰ ਮੇਰੇ ਦੋਸਤ ਨੇ ਉੱਠਣ ਵਿਚ ਕੁਝ ਢਿੱਲ ਕੀਤੀ ਤਾਂ ਪਿਛੋਂ ਕਾੜ ਕਰਦਾ ਇਕ ਗੋਰੇ ਦਾ ਮੁਸ਼ਟੂ ਉਸ ਦੇ ਸਿਰ ‘ਤੇ ਆ ਕੇ ਵੱਜਿਆ। ਅਜਿਹੇ ਅਪਮਾਨ ਨਿੱਤ ਸਹਿਣੇ ਪੈਂਦੇ ਸਨ।
ਹੋਰ ਇਕ ਦਿਨ। ਮੈਂ ਉਹੋ ਪੋਸਤੀਨ ਦੀ ਫੁੰਡੀ ਹੋਈ ਗੋਲ ਟੋਪੀ ਪਾਈ ਜੋ ਸਾਧਾਰਨ ਲੋਕਾਂ ਨੂੰ ਦੂਰੋਂ ਬੜੀ ਅਜੀਬ ਲਗਦੀ ਸੀ ਪਰ ਜਿਸ ਵਿਚ- ਮੇਰੇ ਮਿੱਤਰਾਂ ਦੇ ਕਥਨ ਅਨੁਸਾਰ ਸਗੋਂ ਖੁਦ ਆਈਨਾ ਵੀ ਸ਼ਾਇਦ ਸੀ – ਮੈਂ ਹੂ-ਬ-ਹੂ ਜਾਨ ਗਿਲਬਰਟ ਮਲੂਮ ਹੁੰਦਾ ਸਾਂ, ਮੈਂ ਮਾਲ ਰੋਡ ਉਪਰ ਬੇਤਹਾਸ਼ਾ ਸਾਈਕਲ ਉਡਾਈ ਜਾ ਰਿਹਾ ਸਾਂ। ਉਸ ਦਿਨ ਵਾਲੀ ਫਿਲਮ ਵਿਚ ਗਿਲਬਰਟ ਨੇ ਘੁੜਸਵਾਰੀ ਦੀ ਥਾਂ ਸਕੀ ਚਲਾਣ ਦੇ ਕਮਾਲ ਵਿਖਾਏ ਸਨ। ਫਿਲਮ ਦੇ ਅਖੀਰ ਵਿਚ ਉਸ ਦੀ ਮਾਸ਼ੂਕ ਦੀ ਬੇਵਫਾਈ ਦਾ ਰਾਜ਼ ਖੁਲ੍ਹ ਗਿਆ ਸੀ। ਪਸ਼ਚਾਤਾਪ ਦੀ ਅਗਨੀ ਵਿਚ ਬਲਦਾ ਉਹ ਸਕੀਆਂ ਉਪਰ ਪੈਰ ਧਰ ਕੇ ਬਰਫਾਂ ਲੱਦੇ ਪਹਾੜਾਂ ਦੇ ਪਾਸੇ ਚੀਰਦਾ ਆਪਣੀ ਭੋਲੀ-ਭਾਲੀ ਦੇਵੀ-ਸਰੂਪ ਪਤਨੀ ਕੋਲ ਜਾ ਪੁੱਜਿਆ ਸੀ।
ਉਦੋਂ ਮੈਨੂੰ ਨਹੀਂ ਸੀ ਪਤਾ ਕਿ ਹੀਰੋ ਨੂੰ ਇਤਨੀਆਂ ਤੇਜ਼ ਸਕੀਆਂ ਜਾਂ ਘੋੜਾ ਆਪ ਦੁੜਾਉਣ ਦੀ ਲੋੜ ਨਹੀਂ ਹੁੰਦੀ। ਕੇਵਲ ਕਲੋਜ਼-ਅਪ ਹੀ ਹੀਰੋ ਦੇ ਹੁੰਦੇ ਹਨ, ਤੇ ਉਹ ਬੜੀ ਅਸਾਨੀ ਨਾਲ ਸਟੂਡੀਓ ਦੇ ਅੰਦਰ ਹੀ ਲੈ ਲਏ ਜਾਂਦੇ ਹਨ। ‘ਲਾਂਗ’ ਅਤੇ ‘ਮੀਡੀਅਮ’ ਸ਼ਾਟਾਂ ਲਈ ਜਿਨ੍ਹਾਂ ਵਿਚ ਸ਼ਕਲ ਪਛਾਣਨੀ ਔਖੀ ਹੁੰਦੀ ਹੈ, ਹੀਰੋ ਦੀ ਥਾਂ ਕੋਈ ਹੋਰ ਆਦਮੀ ਲੈ ਲੈਂਦਾ ਹੈ ਜਿਸ ਨੂੰ ਘੋੜਾ ਦੁੜਾਉਣਾ ਅਤੇ ਸਕੀ ਚਲਾਉਣੀ ਸੱਚਮੁੱਚ ਆਉਂਦੀ ਹੋਵੇ; ਤੇ ਸਿਰ-ਧੜ ਦੀ ਬਾਜ਼ੀ ਉਹਨੂੰ ਵੀ ਲਾਉਣ ਦੀ ਲੋੜ ਨਹੀਂ, ਸ਼ੂਟਿੰਗ ਕਰਨ ਵੇਲੇ ਕੈਮਰੇ ਦੀ ਰਫਤਾਰ ਥੋੜ੍ਹੀ ਜਿਹੀ ਹੌਲੀ ਕਰਨ ਦੀ ਲੋੜ ਹੈ, ਪਰਦੇ ਤੇ ਤਸਵੀਰਾਂ ਆਪੇ ਦੂਣੀ-ਚੌਣੀ ਰਫਤਾਰ ਨਾਲ ਦੌੜਨ ਲੱਗ ਪੈਣਗੀਆਂ। ਇਹਨਾਂ ਨੂੰ ‘ਟ੍ਰਿਕ-ਸ਼ਾਟ’ ਆਖਦੇ ਹਨ। ਤਲਵਾਰਬਾਜ਼ੀ, ਪਿਸਤੌਲਬਾਜ਼ੀ, ਮੁੱਕੇਬਾਜ਼ੀ, ਹਨੇਰੀ, ਤੂਫਾਨ, ਭੂਚਾਲ ਆਦਿ ਸਭ ਕੈਮਰੇ ਦੀ ਚਲਾਕੀ ਹੁੰਦੇ ਹਨ ਜਿਸ ਦਾ ਇਕ ਵਾਰੀ ਪਤਾ ਲਗ ਜਾਏ ਤਾਂ ਸਾਰਾ ਸੁਆਦ ਫਿੱਕਾ ਪੈ ਜਾਂਦਾ ਹੈ।
ਜੇ ਮੈਨੂੰ ਅਜਿਹੀਆਂ ਵਿਚਲੀਆਂ ਗੱਲਾਂ ਦਾ ਪਤਾ ਹੁੰਦਾ ਤਾਂ ਇੰਜ ਮੌਤ ਦੇ ਮੂੰਹ ਵਿਚ ਪੈ ਕੇ ਸਾਈਕਲ ਨਾ ਨਠਾਇਆ ਕਰਦਾ। ਚੌਰਾਹੇ ‘ਤੇ ਅਪੜਨ ਤੋਂ ਬਿੰਦ ਕੁ ਪਹਿਲਾਂ ਮੈਂ ਵੇਖਿਆ, ਸੱਜਿਓਂ ਇਕ ਮੋਟਰ ਸਾਈਕਲ ਆ ਰਹੀ ਹੈ। ਮੈਂ ਇਕ ਦਮ ਬਰੇਕ ਮਾਰੀ ਅਤੇ ਜਾਨ ਗਿਲਬਰਟ ਵਰਗੀ ਹੀ ਅਦਾਕਾਰੀ ਨਾਲ ਚੂਇੰਗ-ਗੰਮ ਚਿੱਥਦਿਆਂ ਐਨ ਸਮੇਂ ਸਿਰ ਪੈਰ ਪੈਡਲ ਤੋਂ ਹੇਠਾਂ ਉਤਾਰ ਕੇ ਸੜਕ ਉਤੇ ਜਾਮ ਹੋ ਗਿਆ। ਮੋਟਰ ਸਾਈਕਲ ਵਾਲੇ ਲਈ ਸਾਰੀ ਸੜਕ ਖਾਲੀ ਪਈ ਸੀ ਪਰ ਉਸ ਦਾ ਸਵਾਰ ਇਕ ਮਗਰੂਰ ਅੰਗਰੇਜ਼ ਸੀ ਜੋ ਬੜੀ ਹੀ ਬਦਤਮੀਜ਼ੀ ਨਾਲ ਮੈਨੂੰ ਗੰਦੀਆਂ ਗਾਲ੍ਹਾਂ ਕਢਦਾ ਅੱਗੇ ਨਿਕਲ ਗਿਆ। ਪਿਛੇ ਉਸ ਨੇ ਮੇਮ ਬਿਠਾਈ ਹੋਈ ਸੀ। ਇਸ ਕਾਰਨ ਅਪਮਾਨ ਹੋਰ ਵੀ ਅਸਹਿ ਸੀ, ਹਾਲਾਂਕਿ ਉਸ ਪਰੀ-ਜ਼ਾਤ ਨਾਲ ਮੇਰੀਆਂ ਅੱਖਾਂ ਮਿਲੀਆਂ ਤਾਂ ਉਹਨਾਂ ਵਿਚ ਹਮਦਰਦੀ ਅਤੇ ਨਿੱਘ ਸਾਫ ਨਜ਼ਰ ਆ ਗਿਆ ਸੀ। ਜੇ ਮੇਰੀ ਸਾਈਕਲ ਨਾਲ ਵੀ ਇੰਜਨ ਲਗਾ ਹੁੰਦਾ ਤਾਂ ਮੈਂ ਅਵੱਸ਼ ਉਸ ਬਦਤਮੀਜ਼ ਦਾ ਪਿੱਛਾ ਕਰਕੇ ਉਹਨੂੰ ਮਜ਼ਾ ਚਖਾਉਣਾ ਸੀ। ਦਿਲ ਮਸੋਸ ਕੇ ਰਹਿ ਗਿਆ।
ਪਰ ਇਹੋ ਜਹੀਆਂ ਬਦਸਲੂਕੀਆਂ ਵੱਡੇ-ਵੱਡੇ ਰਾਏ ਬਹਾਦਰਾਂ ਅਤੇ ਖਾਨ ਬਹਾਦਰਾਂ ਨਾਲ ਵੀ ਹੋ ਜਾਂਦੀਆਂ ਸਨ, ਫੇਰ ਪ੍ਰੋਫੈਸਰ ਤੇ ਮੁੰਡਿਆਂ ਦਾ ਕੀ ਆਖ? ਹਰ ਕੋਈ ਉਨ੍ਹਾਂ ਤੋਂ ਬਚਣ ਦੇ ਆਪਣੇ ਖਾਸ ਨਿੱਜੀ ਢੰਗ ਸੋਚਦਾ ਸੀ। ਇਹਨਾਂ ਵਿਚ ਇੰਤਕਾਮ ਜਾਂ ਵਿਰੋਧ ਦਾ ਕੋਈ ਜਜ਼ਬਾ ਨਹੀਂ ਸੀ ਹੁੰਦਾ ਸਗੋਂ ਅਮਿਣਵੀਆਂ ਮਿਹਨਤਾਂ ਕਰਕੇ ਅੰਦਰੋਂ ਬਾਹਰੋਂ ਆਪਣੇ ਆਪ ਨੂੰ ਪੂਰਨ-ਰੂਪ ਅੰਗਰੇਜ਼ੀ ਸੱਚੇ ਵਿਚ ਢਾਲ ਲੈਣਾ ਹਰ ਕਿਸੇ ਦਾ ਆਦਰਸ਼ ਬਣ ਗਿਆ ਸੀ। ਹਰ ਕੋਈ ਇਹੋ ਸੁਪਨਾ ਵੇਖਦਾ ਸੀ ਕਿ ਕਦੇ ਨਾ ਕਦੇ ਉਹਨੂੰ ਅੰਗਰੇਜ਼ ਆਪਣੇ ਬਰਾਬਰ ਦਾ ਦਰਜਾ ਦੇਣ, ਆਪਣੀ ਬਿਰਾਦਰੀ ਵਿਚ ਰਲਾਉਣ; ਤੇ ਇਹ ਕੋਈ ਅਨਹੋਣੀ ਗੱਲ ਵੀ ਨਹੀਂ ਸੀ। ਪੰਜਾਬ ਧੁਰ ਪੁਰਾਤਨ ਕਾਲ ਤੋਂ ਆਰੀਆ, ਯੂਨਾਨੀ, ਤੁਰਕੀ ਅਤੇ ਅਨੇਕਾਂ ਹੋਰ ਗੋਰੀਆਂ ਹਮਲਾਵਰ ਕੌਮਾਂ ਲਈ ਭਾਰਤ ਦਾ ਪ੍ਰਵੇਸ਼-ਦੁਆਰ ਰਿਹਾ ਹੈ। ਏਥੇ ਕੌਮਾਂ ਅਤੇ ਨਸਲਾਂ ਦੇ ਰੱਜ-ਰੱਜ ਕੇ ਮਿਸ਼ਰਨ ਹੋਏ ਹਨ। ਏਸੇ ਕਾਰਨ ਇਸ ਖਿੱਤੇ ਵਿਚ ਅਚੰਭਿਤ ਕਰਨ ਦੀ ਹੱਦ ਤਕ ਗੋਰੇ ਅਤੇ ਸੁਨੱਖੇ ਲੋਕ ਵੇਖਣ ਵਿਚ ਆਉਂਦੇ ਹਨ। ਇਸ ਦੀ ਤਸਦੀਕ ਵਿਚ ਕੇਵਲ ਇਤਨਾ ਹੀ ਕਹਿਣਾ ਕਾਫੀ ਹੈ ਕਿ ਪੰਜਾਬ ਸਦਾ ਤੋਂ ਹੀਰੋਆਂ-ਹੀਰੋਇਨਾਂ ਲਈ ਫਿਲਮਸਾਜ਼ਾਂ ਦੀ ਤਲਾਸ਼-ਗਾਹ ਰਿਹਾ ਹੈ। ਦਲੀਪ ਕੁਮਾਰ, ਰਾਜ ਕਪੂਰ, ਰਾਜ ਕੁਮਾਰ, ਰਾਜਿੰਦਰ ਕੁਮਾਰ, ਦੇਵ ਆਨੰਦ, ਧਰਮਿੰਦਰ, ਸ਼ਸ਼ੀ ਕਪੂਰ, ਸ਼ੰਮੀ ਕਪੂਰ ਅਤੇ ਕਿਤਨੇ ਹੀ ਹੋਰ ਹੀਰੋ ਉਸੇ ਪਾਸੇ ਦੇ ਲੋਕ ਹਨ। ਸਾਡਾ ਪਿੰਡੀ, ਪਿਸ਼ੌਰ ਤਾਂ ਏਸ ਲਿਹਾਜ਼ ਤੋਂ ਹੋਰ ਵੀ ਜ਼ਿਆਦਾ ਮੁਮਤਾਜ਼ ਰਿਹਾ ਹੈ।
ਏਸ ਨਾਚੀਜ਼ ਲੇਖਕ ਨੂੰ ਵੀ ਉਹਦੀ ਫਿਲਮੀ ਜ਼ਿੰਦਗੀ ਵਿਚ ਕਈ ਵਾਰ ਗੈਰੀ ਕੂਪਰ, ਰੋਨਾਲਡ ਕਾੱਲਮੈਨ, ਹਮਫਰੀ ਬੋਗਾਰਟ, ਐਨਥਨੀ ਕਵਿਨ ਆਦਿ ਨਾਲ ਤਸ਼ਬੀਹ ਦਿਤੀ ਜਾਂਦੀ ਰਹੀ ਹੈ। ਦੇਵ ਆਨੰਦ ਦੇ ਇੰਡੀਅਨ ਗਰੈਗਰੀ ਪੈਕ ਅਖਵਾਉਣ ਤੋਂ ਤਾਂ ਸਭ ਜਾਣੂ ਸਨ।
ਆਪਣੇ ਸਵੈ-ਮਾਣ ਦੀ ਰੱਖਿਆ ਲਈ ਬਾਕੀ ਹਿੰਦੁਸਤਾਨ ਵਿਚ ਭਾਰਤੀਆਂ ਨੇ ਗਾਂਧੀ ਜੀ ਦੀ ਰਾਹ ਫੜੀ ਪਰ ਪੰਜਾਬੀਆਂ ਨੂੰ ਨੱਕਾਲੀ ਦੀ ਰਾਹ ਫੜਨਾ ਬਹੁਤ ਲਾਹੇਵੰਦਾ ਰਿਹਾ, ਤੇ ਇਸ ਨੂੰ ਉਹ ਏਸ ਆਜ਼ਾਦੀ ਦੇ ਯੁੱਗ ਵਿਚ ਵੀ ਛੱਡਣ ਲਈ ਤਿਆਰ ਨਹੀਂ; ਸਗੋਂ ਸੱਚ ਤਾਂ ਇਹ ਹੈ ਕਿ ਹੁਣ ਬਾਕੀ ਹਿੰਦੁਸਤਾਨ ਵੀ ਗਾਂਧੀ ਜੀ ਦੀ ਰਾਹ ਛੱਡ ਕੇ ਨੱਕਾਲੀ ਵਾਲੀ ਰਾਹ ਵਲ ਖਿਚੀਂਦਾ ਆ ਰਿਹਾ ਹੈ।
ਸਾਡੀ ਫਿਲਮ ਇੰਡਸਟਰੀ ਵਿਚ ਵੀ ਕਦੇ ਗਾਂਧੀ ਅਤੇ ਟੈਗੋਰ ਤੋਂ ਪ੍ਰੇਰਨਾ ਲੈ ਕੇ ਰਾਸ਼ਟਰੀ ਭਾਵਨਾਵਾਂ ਜਾਗ੍ਰਤ ਹੋਈਆਂ ਸਨ, ‘ਨਿਊ ਥੇਟਰ’ ਅਤੇ ‘ਪ੍ਰਭਾਤ ਫਿਲਮ ਕੰਪਨੀ’ ਵਰਗੀਆਂ ਸੰਸਥਾਵਾਂ ਬਣੀਆਂ ਸਨ ਪਰ ਅੱਜ, ਪੰਜਾਬੀਆਂ ਦੇ ਅਸਰ ਹੇਠ, ਮੈਦਾਨ ਵਿਚ ਨਕਲ ਦਾ ਝੰਡਾ ਬੜੀ ਮਜ਼ਬੂਤੀ ਨਾਲ ਗੱਡਿਆ ਜਾ ਚੁੱਕਿਆ ਹੈ।
ਇਕ ਤਰ੍ਹਾਂ ਵੇਖੋ ਤਾਂ ਹੈ ਗੱਲ ਮਜ਼ਾਕ ਦੀ ਪਰ ਕੁਦਰਤ ਦੀ ਸਿਤਮ-ਜ਼ਰੀਫੀ ਨੇ ਇਕ ਹਾਸੇ ਵਾਲੀ ਚੀਜ਼ ਨੂੰ ਵੀ ਗੰਭੀਰ ਬਣਾ ਛਡਿਆ ਹੈ।
ਜੇ ਪੂਰੀ ਦੀ ਪੂਰੀ ਕੌਮ ਆਪਣੇ ਆਪ ਨੂੰ ਧੋਖਾ ਦੇ ਸਕਦੀ ਸੀ ਤਾਂ ਮੈਂ ਤਾਂ ਮਸਾਂ ਸਤਾਰਾਂ-ਅਠਾਰਾਂ ਵਰ੍ਹਿਆਂ ਦਾ ਬਾਲ ਸਾਂ। ਜਦੋਂ ਵੀ ਮੈਂ ਕੋਈ ਵਲੈਤੀ ਪਿਕਚਰ ਵੇਖ ਕੇ ਘਰ ਪਹੁੰਚਦਾ ਤਾਂ ਪਹਿਲਾ ਕੰਮ ਹੁੰਦਾ, ਸ਼ੀਸ਼ੇ ਵਿਚ ਮੁਖਤਲਿਫ ਜ਼ਾਵੀਆਂ ਤੋਂ ਆਪਣੀ ਸ਼ਕਲ ਨਿਹਾਰਨਾ, ਤੇ ਅਜੀਬ ਗੱਲ ਹੈ, ਸਦਾ ਮੈਨੂੰ ਉਸ ਵਿਚ ਉਸ ਫਿਲਮ ਦੇ ਹੀਰੋ ਦੀ ਝਲਕ ਸਾਫ ਨਜ਼ਰ ਆਉਂਦੀ ਸੀ! ਮੈਂ ਇਸ ਚਮਤਕਾਰ ਉਤੇ ਆਪ ਬੜਾ ਹੈਰਾਨ ਸਾਂ ਕਿ ਕਿਵੇਂ ਇਕ ਇਕੱਲੇ ਆਦਮੀ ਦੀ ਸ਼ਕਲ ਹਾਲੀਵੁਡ ਦੇ ਸਾਰਿਆਂ ਹੀ ਹੀਰੋਆਂ ਨਾਲ ਮੇਲ ਖਾ ਸਕਦੀ ਹੈ। ਮੈਂ ਸ਼ੀਸ਼ੇ ਦਾ ਖਹਿੜਾ ਉਸ ਵੇਲੇ ਤਕ ਨਾ ਛੱਡਦਾ ਜਦੋਂ ਉਪਰ ਮੁਘ ਤੋਂ ਪਿਤਾ ਜੀ ਜਾਂ ਮਾਤਾ ਜੀ ਦੀ ਗੁੱਸੇ ਭਰੀ ਹਾਕ ਸਿਰ ਤੇ ਬੰਬਾਰ ਵਾਂਗ ਨਾ ਵਜਦੀ। ਉਹ ਸਖਤੀ ਨਾਲ ਦੇਰ ਨਾਲ ਆਉਣ ਦਾ ਕਾਰਨ ਪੁੱਛਦੇ, ਤੇ ਮੈਂ ਝਟ ਕੋਈ ਕੱਚਾ ਪੱਕਾ ਝੂਠ ਮਾਰ ਛੱਡਦਾ।
ਮੁੜ-ਮੁੜ ਝੂਠ ਬੋਲਣ ਦੀ ਏਸ ਆਦਤ ਨੇ ਸੱਚੀ ਸਾਫ ਤੇ ਖਰੀ ਗੱਲ ਮੂੰਹ ਉਤੇ ਕਹਿਣ ਦੀ ਤਾਕਤ ਵੀ ਮੇਰੇ ਕਿਰਦਾਰ ਵਿਚੋਂ ਮਨਫੀ ਕਰ ਦਿਤੀ। ਮੇਰੇ ਅੰਦਰ ਅਣਖ ਦੀ ਘਾਟ ਨਹੀਂ, ਤੇ ਨਾ ਹੀ ਅੱਜ ਤੱਕ ਕੋਈ ਮਾਈ ਦਾ ਲਾਲ ਮੈਨੂੰ ਆਪਣੀ ਵਡਿਆਈ ਦੇ ਜ਼ੋਰ ਉਤੇ ਝੁਕਾ ਸਕਿਆ ਹੈ। ਫੇਰ ਵੀ, ਰੋਜ਼ ਦੇ ਵਰਤਾਰੇ ਵਿਚ, ਮੈਂ ਹਰ ਇਨਸਾਨ ਦੇ ਹਜ਼ੂਰ ਵਿਚ ਇਕ ਕਸੂਰਵਾਰ ਵਾਂਗ ਹੀ ਪੇਸ਼ ਹੁੰਦਾ ਹਾਂ, ਭਾਵੇਂ ਉਹ ਮੈਥੋਂ ਵੱਡਾ ਹੋਵੇ, ਭਾਵੇਂ ਛੋਟਾ, ਜਿਵੇਂ, ਮੈਂ ਉਸ ਤੋਂ ਆਪਣਾ ਕੋਈ ਕਸੂਰ ਲੁਕਾ ਰਿਹਾ ਹੋਵਾਂ। ਮੈਨੂੰ ਆਪਣੀ ਫਿਲਮੀ ਕਾਮਯਾਬੀ ਅਤੇ ਸ਼ੁਹਰਤ ਵੀ ਇਕ ਕਸੂਰ ਹੀ ਜਾਪਦੀ ਹੈ। ਲੋਕੀਂ ਮੇਰੇ ਮਿਜ਼ਾਜ ਦੀ ਨਿਮਰਤਾ ਦਾ ਜ਼ਿਕਰ ਕਰਦੇ ਹਨ ਪਰ ਏਸ ਨਿਮਰਤਾ ਵਿਚ ਕਾਫੀ ਹਿੱਸਾ ਏਸ ਦੋਖੀਪਣ ਦੇ ਅਹਿਸਾਸ ਦਾ ਵੀ ਹੈ। ਨਿੱਕਿਆਂ ਹੁੰਦਿਆਂ ਤੋਂ ਮਾਪਿਆਂ ਨੇ ਫਿਲਮਾਂ ਨੂੰ ਗੁਨਾਹ ਦੇ ਰੂਪ ਵਿਚ ਵੇਖਣ ਦੀ ਮੈਨੂੰ ਆਦਤ ਪਾ ਛੱਡੀ ਹੈ।
ਮੇਰਾ ਬਚਪਨ ਸੰਸਾਰ ਦੀ ਫਿਲਮ ਕਲਾ ਦੇ ਵੀ ਬਚਪਨ ਦਾ ਜ਼ਮਾਨਾ ਸੀ। ਉਸ ਵਿਚ ਅਸਾਧਾਰਨ ਆਕਰਸ਼ਣ ਵੀ ਕੇਵਲ ਮੈਨੂੰ ਨਹੀਂ, ਸਾਰੀ ਦੀ ਸਾਰੀ ਪੀੜ੍ਹੀ ਨੂੰ ਹੀ ਹੋਇਆ ਸੀ। ਮੈਨੂੰ ਕੱਲ੍ਹ ਵਾਂਗ ਯਾਦ ਹੈ ਜਦੋਂ ਫਿਲਮਾਂ ਵਿਚ ਦਾਖਲ ਹੋਣ ਲਈ ਬੰਬਈ ਰਵਾਨਾ ਹੁੰਦੇ ਪ੍ਰਿਥਵੀ ਰਾਜ ਕਪੂਰ ਅਤੇ ਜਗਦੀਸ਼ ਸੇਠੀ ਆਪਣੇ ਮਿੱਤਰਾਂ ਨੂੰ ਅਲਵਿਦਾ ਕਹਿਣ ਰਾਵਲਪਿੰਡੀ ਦੇ ਨੇੜੇ ਕੋਹਮਰੀ ਤਸ਼ਰੀਫ ਲਿਆਏ ਸਨ। ਉਹਨਾਂ ਦੇ ਮੁਕਾਬਲੇ ਵਿਚ ਮੈਂ ਅਜੇ ਕਮ-ਸਿਨ ਸਾਂ ਪਰ ਆਪਣੇ ਆਲੇ-ਦੁਆਲੇ ਜੋ ਕੁਝ ਹੋ ਰਿਹਾ ਸੀ, ਉਸ ਨੂੰ ਬੜੇ ਗੌਰ ਨਾਲ ਵੇਖਦਾ ਸਾਂ। ਪੰਜਾਬ ਦੇ ਮਨਚਲੇ ਹੁਸੀਨ ਗੱਭਰੂਆਂ ਲਈ ਗੋਰੀ ਹਕੂਮਤ ਨੇ ਵਿਕਾਸ ਦੇ ਸਾਰੇ ਰਾਹ ਬੰਦ ਕੀਤੇ ਹੋਏ ਸਨ, ਫੇਰ ਵੀ ਉਹਨਾਂ ਨੂੰ ਰੋਕ ਕੇ ਰੱਖਣਾ ਬੜਾ ਔਖਾ ਸੀ। ਤੇ ਫਿਲਮ ਇਕ ਐਸਾ ਮੈਦਾਨ ਸੀ ਜਿਸ ਦੇ ਵਿਸ਼ਾਲ ਕਾਲਪਨਿਕ ਘੇਰੇ ਵਿਚ ਪੰਜਾਬੀ ਗਭਰੂਆਂ ਨੂੰ ਉਹ ਸਾਰੇ ਕਾਰਨਾਮੇ ਕਰਨ ਦੀ ਖੁਲ੍ਹ ਸੀ ਜਿਨ੍ਹਾਂ ਦੀ ਜੀਵਨ ਇਜਾਜ਼ਤ ਨਹੀਂ ਸੀ ਦੇਂਦਾ।
ਹਰੀ ਰਾਮ ਸੇਠੀ ਵੀ ਸਾਡੇ ਸ਼ਹਿਰ ਦੇ ਇਕ ਪਾਰਲੇ ਦਰਜੇ ਦੇ ਅਲਬੇਲੇ ਗੱਭਰੂ ਸਨ। ਪੰਜਾਬ ਵਿਚ ਸਭ ਤੋਂ ਪਹਿਲੀ ਸਰਮਾਏਦਾਰ ਫਿਲਮ ਕੰਪਨੀ ਉਹਨਾਂ ਦੀ ਹਿੰਮਤ ਨਾਲ ਰਾਵਲਪਿੰਡੀ ਵਿਚ ਹੀ ਬਣੀ ਸੀ। ਨਾਂ ਸੀ- ਪੰਜਾਬ ਫਿਲਮ ਕੰਪਨੀ; ਤੇ ਪਹਿਲੀ ਫਿਲਮ ਸੀ- ‘ਅਬਲਾ’। ਉਸ ਦੀ ਸ਼ੂਟਿੰਗ ਵੀ ਰਾਵਲਪਿੰਡੀ ਵਿਚ ਹੋਈ। ਤਿਲਕ ਭਸੀਨ, ਬਾਵਾ ਭੀਸ਼ਮ ਸਿੰਘ ਅਤੇ ਕਿਤਨਿਆਂ ਹੀ ਹੋਰ ਮੇਰੇ ਮਿੱਤਰਾਂ ਨੇ ਉਸ ਵਿਚ ਪਾਰਟ ਕੀਤਾ ਸੀ। ਹੀਰੋ ਨੂੰ ਡਾਇਰੈਕਟਰ ਬੰਗਾਲ ਤੋਂ ਭਰਤੀ ਕਰਕੇ ਲਿਆਏ ਸਨ। ਇਸ ਗੱਲ ਦੀ ਸਾਰੇ ਸ਼ਹਿਰ ਦੇ ਨੌਜਵਾਨਾਂ ਨੂੰ ਖਾਰ ਸੀ। ਅਸੀਂ ਸ਼ੂਟਿੰਗ ਵੇਲੇ ਹੀਰੋ ਦੇ ਆਲੇ ਦੁਆਲੇ ਗੇੜੇ ਮਾਰਦੇ, ਉਹਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੇ ਕਿ ਹੁਸਨ ਦੇ ਨੁਕਤੇ ਤੋਂ ਉਹ ਸਾਡੀ ਚੀਚੀ ਦੀ ਉਂਗਲ ਦੀ ਬਰਾਬਰੀ ਨਹੀਂ ਸੀ ਕਰਦਾ।
ਮੋਟਾ ਕਾਮੇਡੀਅਨ ਰਾਮ ਅਵਤਾਰ ਜੋ ਹੁਣ ਵੀ ਪਿਕਚਰਾਂ ਵਿਚ ਕੰਮ ਕਰਦਾ ਹੈ, ਉਸੇ ਜ਼ਮਾਨੇ ਪਿੰਡੀਓਂ ਨੱਠ ਕੇ ਆਇਆ ਸੀ। ਸੁਰਗਵਾਸੀ ਪ੍ਰਹਿਲਾਦ ਦੱਤ ਬੰਬਈ ਦੀ ਫਿਲਮ ਇੰਡਸਟਰੀ ਦਾ ਇਕ ਬਹੁਤ ਹੀ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਕੈਮਰਾਮੈਨ ਹੋ ਗੁਜ਼ਰਿਆ ਹੈ। ਉਸ ਦੇ ਕੀਤੇ ਕਈ ਫਿਲਮੀ ਅਵਿਸ਼ਕਾਰ ਯੂਰਪ ਅਤੇ ਅਮਰੀਕਾ ਵਿਚ ਵੀ ਸਲਾਹੇ ਜਾ ਚੁਕੇ ਹਨ। ਅੱਜ ਉਹ ਇਸ ਸੰਸਾਰ ਵਿਚ ਨਹੀਂ ਪਰ ਮੈਨੂੰ ਯਾਦ ਹੈ ਉਹ ਤੇ ਮੇਰਾ ਇਕ ਹੋਰ ਮਿੱਤਰ, ਤਿਲਕ ਭਸੀਨ ਪਿੰਡੀ ਪਾਇੰਟ ਅਤੇ ਕਸ਼ਮੀਰ ਪਾਇੰਟ ਦੀਆਂ ਸੈਰਾਂ ਦੇ ਦੌਰਾਨ ਹਮੇਸ਼ਾਂ ‘ਦੋ ਰੀਲਰ’ ਕਾਮਿਡੀਆਂ ਦੇ ‘ਸਿਚੂਏਸ਼ਨ’ ਸੋਚਦੇ ਰਹਿੰਦੇ ਸਨ। ਇਕ ਵਾਰੀ ਕਿਸੇ ਲੁਕੇ ਹੋਏ ਖਜ਼ਾਨੇ ਦੀ ਤਲਾਸ਼ ਵਿਚ ਉਸ ਅੰਗਰੇਜ਼ ਦੀ ਕੋਠੀ ਦੇ ਹਾਤੇ ਦੀ ਚਿੱਟੀ ਬੁੱਤੀ ਪੁੱਟ ਸੁੱਟੀ ਤਾਂ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ। ਪ੍ਰਹਿਲਾਦ ਦੱਤ ਨੇ ਏਸ ਤੋਂ ਕੁਝ ਹੀ ਵਰ੍ਹੇ ਪਿਛੋਂ ਆਪਣੇ ਹੱਥ ਨਾਲ ਇਕ ‘ਮੂਵੀ ਕੈਮਰਾ’ ਬਣਾ ਕੇ ਵਿਖਾ ਦਿਤਾ, ਤੇ ਉਸ ਦੀਆਂ ਸ਼ੁਹਰਤਾਂ ਦੂਰ ਦੂਰ ਤਕ ਫੈਲ ਗਈਆਂ। ਜੇ ਮੈਂ ਗਲਤੀ ਨਹੀਂ ਕਰਦਾ ਤਾਂ ਉਸ ਨੇ ਭਗਤ ਸਿੰਘ ਦੀ ਇਨਕਲਾਬੀ ਪਾਰਟੀ ਲਈ ਬੰਮ ਵੀ ਬਣਾਏ ਸਨ। ਉਸ ਦਾ ਸਾਥੀ ਹਰਬੰਸ ਭੱਲਾ ਹੁਣ ਵੀ ਮਦਰਾਸ ਵਿਚ ਫਿਲਮਾਂ ਦਾ ਕੰਮ ਕਰਦਾ ਹੈ। ਆਪਣੀ ਲੈਬਾਰਟਰੀ ਹੈ ਉਸ ਦੀ।
ਜੈ ਕਿਸ਼ਨ ਨੰਦਾ ਜਿਨ੍ਹਾਂ ‘ਇਸ਼ਾਰ’ ਵਰਗੀਆਂ ਕਾਮਯਾਬ ਫਿਲਮਾਂ ਡਾਇਰੈਕਟ ਕੀਤੀਆਂ ਹਨ, ਉਸੇ ਜ਼ਮਾਨੇ ਫਿਲਮੀ ਹੀਰੋ ਬਣਨ ਲਈ ਜਰਮਨੀ ਉਠ ਦੌੜੇ ਸਨ। ਆਰ.ਸੀ. ਤਲਵਾੜ ਹਾਲੀਵੁੱਡ ਜਾ ਪੁੱਜੇ। ਹੋਰ ਵੀ ਕਿਤਨੇ ਹੀ ਮੇਰੀ ਜਾਣ ਪਛਾਣ ਦੇ ਬੰਦੇ ਮੈਥੋਂ ਪਹਿਲਾਂ ਤੋਂ ਫਿਲਮਾਂ ਵਿਚ ਆਏ ਹੋਏ ਸਨ।
1930 ਵਿਚ ਮੇਰੀ ਜ਼ਿੰਦਗੀ ਨੇ ਇਕ ਇਤਿਹਾਸਕ ਮੋੜ ਖਾਧਾ। ਮੈਂ ਪਿੰਡੀ ਛੱਡ ਕੇ ਲਾਹੌਰ ਗੌਰਮਿੰਟ ਕਾਲਜ ਬੀ.ਏ. ਵਿਚ ਦਾਖਲ ਹੋਇਆ। ਏਸੇ ਸਾਲ ਫਿਲਮਾਂ ਨੇ ਵੀ ਖਾਮੋਸ਼ੀ ਦਾ ਦਾਮਨ ਛਡ ਕੇ ਬੋਲਣ ਦੇ ਯੁੱਗ ਵਿਚ ਪ੍ਰਵੇਸ਼ ਕੀਤਾ। (ਚੱਲਦਾ)