ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਤੋਂ ਬੇਰੰਗ ਮੁੜਨਾ ਮੀਡੀਆ ਨੂੰ ਰੰਗ ਗਿਆ

ਕੁਲਵੰਤ ਸਿੰਘ ‘ਢੇਸੀ’
ਬਹੁਤ ਸ਼ੋਰ ਸੁਨਤੇ ਥੇ ਪਹਿਲੂ ਮੇਂ ਦਿਲ ਕਾ, ਜਬ ਦੇਖਾ ਤੋ ਕਤਰਾ-ਏ ਖੂਨ ਨਿਕਲਾ
ਅੱਜ-ਕੱਲ੍ਹ ਮੀਡੀਏ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਜ਼ਿਕਰ ਭਾਰੂ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਮਾਮਲਾ ਕੁਝ ਏਨੀ ਤੂਲ ਫੜ ਗਿਆ ਹੈ ਕਿ ਗੱਲ ਸੁਪਰੀਮ ਕੋਰਟ ਤੱਕ ਪਹੁੰਚ ਗਈ। ਮੁੱਦਾ ਕੋਈ ਵੀ ਹੋਵੇ ਜਦੋਂ ਉਹ ਰਾਜਨੀਤਕ ਤੂਲ ਫੜ ਜਾਵੇ ਤਾਂ ਹਰ ਧਿਰ ਆਪੋ ਆਪਣੇ ਹਿਸਾਬ ਨਾਲ ਲਾਹਾ ਲੈਣ ਲਈ ਟਿੱਲ ਲਾਉਂਦੀ ਹੈ।

ਸਾਲ ਭਰ ਚੱਲੇ ਕਿਸਾਨੀ ਅੰਦੋਲਨ ਕਾਰਨ ਪੰਜਾਬ ਵਿਚ ਭਾਜਪਾ ਮੂਧੇ-ਮੂੰਹ ਪਈ ਹੈ। ਮੋਦੀ ਦੀ ਪੰਜਾਬ ਫੇਰੀ ਪੰਜਾਬ ਭਾਜਪਾ ਲਈ ਇੱਕ ਆਸ ਦੀ ਕਿਰਨ ਸੀ ਅਤੇ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਮੋਦੀ ਦੀ ਰੈਲੀ ਵਿਚ ਇੱਕ ਲੱਖ ਲੋਕ ਸ਼ਾਮਲ ਹੋ ਸਕਦੇ ਹਨ। ਇਸੇ ਤਹਿਤ ਸੱਤਰ ਹਜ਼ਾਰ ਕੁਰਸੀਆਂ ਲਾਈਆਂ ਗਈਆਂ, ਪਰ 700 ਵਿਅਕਤੀ ਹੀ ਹਾਜ਼ਰ ਪਾਏ ਗਏ। ਰੈਲੀ ਦੀ ਮੰਦਹਾਲੀ ਦਾ ਵੱਡਾ ਕਾਰਨ ਬਾਰਸ਼ ਦੱਸਿਆ ਗਿਆ ਅਤੇ ਨਿਰਾਸ਼ ਭਾਜਪਾ ਹੁਣ ਆਪਣਾ ਨਜ਼ਲਾ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਕਿਸਾਨ ਧਰਨਾਕਾਰੀਆਂ `ਤੇ ਕੱਢ ਰਹੀ ਹੈ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਅਹਿਮੀਅਤ
ਇਹ ਗੱਲ ਗੌਰ ਕਰਨ ਵਾਲੀ ਹੈ ਕਿ ਜਿੱਥੇ ਆਮ ਤੌਰ `ਤੇ ਕਿਸੇ ਵੀ ਆਗੂ ਦੀ ਸੁਰੱਖਿਆ ਦਾ ਮੁੱਦਾ ਅਹਿਮ ਹੁੰਦਾ ਹੈ, ਉਥੇ ਗੁਜਰਾਤ ਦੰਗਿਆਂ ਅਤੇ ਘੱਟ ਗਿਣਤੀਆਂ ਦੀ ਰਾਜਨੀਤੀ ਨਾਲ ਜੁੜੇ ਹੋਏ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਆਪਣੇ ਆਪ ਵਿਚ ਹੋਰ ਵੀ ਗੰਭੀਰ ਮੁੱਦਾ ਹੈ। ਜੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕਮੀ ਕਾਰਨ ਕਿਧਰੇ ਵੀ ਹਬੀ-ਨਬੀ ਹੁੰਦੀ ਹੈ ਤਾਂ ਇਸ ਦਾ ਪ੍ਰਕੋਪ ਕਿਸੇ ਘੱਟ ਗਿਣਤੀ `ਤੇ ਉਸੇ ਹੀ ਰੂਪ ਵਿਚ ਪੈ ਸਕਦਾ ਹੈ, ਜਿਵੇਂ ਕਿ ਇੰਦਰਾ ਦੇ ਕਤਲ ਤੋਂ ਬਾਅਦ ਕਾਂਗਰਸੀਆਂ ਨੇ ਦੇਸ਼ ਭਰ ਵਿਚ ਸਿੱਖਾਂ ਨੂੰ ਜੀਊਂਦੇ-ਜੀਅ ਸਾੜਿਆ ਸੀ। ਇਹ ਗੱਲ ਵੀ ਸੁਰਖੀਆਂ ਵਿਚ ਆਈ ਹੈ ਕਿ ਕਈ ਵੇਰ ਤਾਂ ਪ੍ਰਧਾਨ ਮੰਤਰੀ ਆਪਣੀ ਸੁਰੱਖਿਆ ਲਈ ਆਪ ਹੀ ਖਤਰਾ ਬਣ ਜਾਂਦੇ ਹਨ। ਇਸ ਦੀ ਮਿਸਾਲ ਯੂਪੀ/ ਵਾਰਾਣਸੀ ਮੋਦੀ ਦੀ ਰੈਲੀ ਹੈ, ਜਿੱਥੇ ਇੱਕ ਤੰਗ ਸੜਕ ਵਿਚ ਪ੍ਰਧਾਨ ਮੰਤਰੀ ਦੀ ਗੱਡੀ ਜਦੋਂ ਜਾ ਰਹੀ ਹੁੰਦੀ ਹੈ ਤਾਂ ਗੱਡੀ ਵਲ ਉਮੜ ਰਹੀ ਭੀੜ ਨੂੰ ਬੇਸ਼ਕ ਉਸ ਦੇ ਅੰਗ ਰੱਖਿਅਕ ਖਦੇੜਨ ਦੀ ਕੋਸ਼ਿਸ਼ ਕਰਦੇ ਹਨ, ਪਰ ਪ੍ਰਧਾਨ ਮੰਤਰੀ ਖੁਦ ਹੀ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਅੰਗ ਰੱਖਿਅਕਾਂ ਨੂੰ ਕਹਿ ਰਹੇ ਹਨ ਕਿ ਭੀੜ ਨੂੰ ਨਾ ਰੋਕਿਆ ਜਾਵੇ। ਇੱਕ ਮੋਦੀ ਭਗਤ ਤਾਂ ਮੋਦੀ ਦੇ ਸਿਰ `ਤੇ ਟੋਪੀ ਰੱਖ ਕੇ ਗਲ ਵਿਚ ਸਾਫਾ ਵੀ ਪਾ ਦਿੰਦਾ ਹੈ। ਕਿਹਾ ਜਾਂਦਾ ਹੈ ਕਿ ਵਾਰਾਣਸੀ ਦਾ ਇਹ ਇਲਾਕਾ ਮੋਦੀ ਦਾ ਆਪਣਾ ਸੀ ਅਤੇ ਗੱਡੀ ਵਲ ਉਮੜੇ ਲੋਕ ਵੀ ਭਾਜਪਾ ਦੇ ਆਪਣੇ ਸਨ। ਇਹ ਗੱਲ ਧਿਆਨ ਮੰਗਦੀ ਹੈ ਕਿ ਖ਼ੁਦਾ ਨਾ ਖਾਸਤਾ ਜੇਕਰ ਕਿਸੇ ਨੇ ਪ੍ਰਧਾਨ ਮੰਤਰੀ `ਤੇ ਹਮਲਾ ਕਰਨਾ ਹੋਵੇ ਤਾਂ ਉਹ ਭਾਜਪਾਈਆਂ ਦੀ ਭੀੜ ਦਾ ਹਿੱਸਾ ਬਣ ਕੇ ਹੀ ਅਜਿਹੀ ਕੋਸ਼ਿਸ਼ ਕਰੇਗਾ। ਹੁਣ ਜਦਕਿ ਭਾਰਤ ਦੀ ਸੁਪਰੀਮ ਕੋਰਟ ਵਲੋਂ ਮੋਦੀ ਜੀ ਦੀ ਸੁਰੱਖਿਆ ਦਾ ਮੁੱਦਾ ਵਿਚਾਰਿਆ ਜਾ ਰਿਹਾ ਹੈ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਨਿਆਂਪਾਲਿਕਾ ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖੇਗੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਸੁਰੱਖਿਆ ਲਈ ਖੁ਼ਦ ਹੀ ਖਤਰਾ ਕਿਓਂ ਬਣ ਜਾਂਦਾ ਹੈ?

ਫਲਾਈਓਵਰ `ਤੇ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ

ਫਿਰੋਜ਼ਪੁਰ ਜਾਂਦਿਆਂ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਪਿੰਡ ਪਿਆਰੇਆਣਾ ਨੇੜੇ ਫਲਾਈਓਵਰ `ਤੇ 15-20 ਮਿੰਟ ਰੁਕਣਾ ਦੇਸ਼ ਵਿਆਪੀ ਗੰਭੀਰ ਮੁੱਦਾ ਬਣ ਗਿਆ ਹੈ। ਇਸ ਮਾਮਲੇ ਨੂੰ ਹੱਲ ਕਰਨ ਲਈ ਕੇਂਦਰ ਅਤੇ ਪੰਜਾਬ ਵਲੋਂ ਜਾਂਚ ਕਮੇਟੀਆਂ ਬਣਾਈਆਂ ਗਈਆਂ ਹਨ ਪਰ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਇਨ੍ਹਾਂ ਕਮੇਟੀਆਂ ਦੀ ਕਾਰਵਾਈ ਨੂੰ ਰੋਕ ਦਿੱਤਾ ਹੈ।
ਤਹਿਸ਼ੁਦਾ ਪ੍ਰੋਗਰਾਮ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਬਠਿੰਡਾ ਪਹੁੰਚੇ ਜਿਥੇ, ਉਨ੍ਹਾਂ ਦਾ ਸਵਾਗਤ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਬਠਿੰਡਾ ਤੋਂ ਫਿਰੋਜ਼ਪੁਰ ਦਾ ਸਫਰ ਹੈਲੀਕਾਪਟਰ ਰਾਹੀਂ ਤੈਅ ਕਰਨਾ ਸੀ ਪਰ ਮੌਸਮ ਦੀ ਖਰਾਬੀ ਕਾਰਨ ਇਹ ਸਫਰ ਕਾਰਾਂ ਦੇ ਕਾਫਲੇ ਨਾਲ ਤੈਅ ਕਰਨ ਦਾ ਫੈਸਲਾ ਕੀਤਾ ਗਿਆ। ਫਿਰੋਜ਼ਪੁਰ ਨੂੰ ਜਾਂਦਿਆਂ ਸੁਰੱਖਿਆ ਦੇ ਮੁੱਦੇ ਨੂੰ ਮੁੱਖ ਰੱਖਦਿਆਂ ਇੱਕ ਫਲਾਈਓਵਰ `ਤੇ ਇਹ ਕਾਫਲਾ ਰੋਕ ਲਿਆ ਗਿਆ। ਇਥੋਂ ਇੱਕ ਕਿਲੋਮੀਟਰ ਦੂਰ ਕਿਸਾਨ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਜਦ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਬਿਲਕੁਲ ਨੇੜੇ ਭਾਜਪਾ ਸਮਰਥਕ ਵੀ ਨਾਅਰੇਬਾਜ਼ੀ ਕਰ ਰਹੇ ਸਨ। ਭਾਰਤੀ ਮੀਡੀਆ ਵਿਚ ਜ਼ਿਆਦਾਤਰ ਭਾਜਪਾ ਵਾਲਿਆਂ ਨੂੰ ਹੀ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਕਹਿ ਕੇ ਪ੍ਰਚਾਰਿਆ ਗਿਆ ਜਦਕਿ ਸੱਚਾਈ ਹੌਲੀ-ਹੌਲੀ ਸਾਹਮਣੇ ਆਈ। ਪ੍ਰਧਾਨ ਮੰਤਰੀ ਨੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਸੀ ਅਤੇ ਫਿਰ ਫਿਰੋਜ਼ਪੁਰ ਵਿਚ ਪੀ.ਜੀ.ਆਈ. ਹਸਪਤਾਲ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨ ਮਗਰੋਂ ਰੈਲੀ ਵਿਚ ਪਹੁੰਚ ਕੇ ਪੰਜਾਬ ਲਈ ਵਿਸ਼ੇਸ਼ ਪੈਕੇਜ ਐਲਾਨਣਾ ਸੀ।
ਜਿਥੋਂ ਤਕ ਕਿਸਾਨ ਧਰਨੇ ਦਾ ਸਵਾਲ ਹੈ ਉਸ ਸਬੰਧੀ 6 ਜਨਵਰੀ ਨੂੰ ਸੰਯੁਕਤ ਮੋਰਚੇ ਵਲੋਂ ਜਾਰੀ ਬਿਆਨਾਂ ਵਿਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ 10 ਕਿਸਾਨ ਜਥੇਬੰਦੀਆਂ ਵਲੋਂ ਕੀਤਾ ਗਿਆ ਸੀ। ਇਸ ਵਿਰੋਧ ਦਾ ਕਾਰਨ ਲਖੀਮਪੁਰ ਖੀਰੀ ਮਾਮਲੇ ਸਬੰਧੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਅਤੇ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਵੀ ਸਨ, ਜਿਨ੍ਹਾਂ ਵਿਚ ਐਮ.ਐਸ.ਪੀ. ਦੀ ਮੋਹਲਤ ਅਤੇ ਕਿਸਾਨ ਮੋਰਚੇ ਦੌਰਾਨ ਗ੍ਰਿਫਤਾਰ ਹੋਏ ਕਿਸਾਨਾਂ ਦੀ ਰਿਹਾਈ ਦੇ ਮੁੱਦੇ ਸਨ। ਇਨ੍ਹਾਂ ਕਿਸਾਨਾਂ ਨੇ ਆਪਣੀਆਂ ਮੰਗਾਂ ਸਬੰਧੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇਣਾ ਸੀ। ਕਿਸਾਨ ਆਗੂ ਬਲਦੇਵ ਸਿੰਘ ਦੇ ਦੱਸਣ ਮੁਤਾਬਕ ਜਦੋਂ ਡੇਢ ਸੌ ਦੇ ਕਰੀਬ ਕਿਸਾਨਾਂ ਦਾ ਇਹ ਕਾਫਲਾ ਡੀ.ਸੀ. ਦਫਤਰ ਵੱਲ ਜਾ ਰਿਹਾ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਪਿੰਡ ਪਿਆਰੇਆਣਾ ਨੇੜੇ ਫਲਾਈਓਵਰ `ਤੇ ਹੀ ਰੋਕ ਲਿਆ ਕਿ ਅੱਗੇ ਪ੍ਰਧਾਨ ਮੰਤਰੀ ਦਾ ਕਾਫਲਾ ਹੈ ਪਰ ਕਿਸਾਨਾਂ ਨੇ ਪੁਲਿਸ ਦੀ ਗੱਲ `ਤੇ ਯਕੀਨ ਨਾ ਕੀਤਾ, ਕਿਓਂਕਿ ਉਨ੍ਹਾਂ ਮੁਤਾਬਕ ਤਾਂ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਰੈਲੀ `ਤੇ ਜਾ ਰਹੇ ਸਨ। ਇਸ ਕਾਰਨ ਇਹ ਕਿਸਾਨ ਪੁਲ `ਤੇ ਹੀ ਧਰਨਾ ਲਾ ਕੇ ਬੈਠ ਗਏ। ਕਿਸਾਨਾਂ ਦਾ ਇਹ ਵੀ ਖਿਆਲ ਸੀ ਕਿ ਪੁਿਲਸ ਭਾਜਪਾ ਵਰਕਰਾਂ ਦੀਆਂ ਬੱਸਾਂ ਲਈ ਰਾਹ ਪੱਧਰਾ ਕਰਨ ਲਈ ਹੀ ਇਹ ਕਰ ਰਹੀ ਹੈ। ਸੰਯੁਕਤ ਮੋਰਚੇ ਦੇ ਆਗੂਆਂ ਮੁਤਾਬਕ ਪ੍ਰਧਾਨ ਮੰਤਰੀ ਦੇ ਕਾਫਲੇ ਵਿਚ ਵਿਘਨ ਪਾਉਣਾ ਜਾਂ ਰੈਲੀ ਰੋਕਣਾ ਕਿਸਾਨਾਂ ਦਾ ਮੰਤਵ ਨਹੀਂ ਸੀ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਇਹ ਕਿਹਾ ਸੀ ਕਿ ਜੇ ਸਰਕਾਰ ਉਨ੍ਹਾਂ ਦੀਆਂ ਲਿਖਤੀ ਮੰਗਾਂ ਮੰਨਦੀ ਹੈ ਤਾਂ ਕਿਸਾਨ ਸੜਕ ਤੋਂ ਆਪਣਾ ਧਰਨਾ ਚੁੱਕ ਦੇਣਗੇ। ਇਹ ਵੀ ਕਿਹਾ ਜਾਂਦਾ ਹੈ ਕਿ ਕੁਝ ਭਾਜਪਾ ਵਰਕਰ ਜਦੋਂ ਬੱਸਾਂ ਵਿਚੋਂ ਨਿਕਲ ਕੇ ਕਿਸਾਨਾਂ ਖਿ਼ਲਾਫ ਨਾਅਰੇ ਮਾਰਦੇ ਹੱਥੋਪਾਈ `ਤੇ ਉਤਰ ਆਏ ਤਾਂ ਕਿਸਾਨ ਕਹਿਣ ਲੱਗ ਪਏ ਕਿ ਹੁਣ ਇਨ੍ਹਾਂ ਵਰਕਰਾਂ ਨੂੰ ਅੱਗੇ ਨਹੀਂ ਲੰਘਣ ਦੇਣਾ। ਜਦਕਿ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਵਾਪਸ ਮੁੜਨ `ਤੇ ਇਹ ਕਿਸਾਨ ਧਰਨੇ ਤੋਂ ਉਠ ਗਏ ਸਨ।

ਹੁਣ ਸਵਾਲ ਉਠਾਏ ਜਾ ਰਹੇ ਹਨ ਕਿ ਜਿਸ ਵੇਲੇ ਪ੍ਰਧਾਨ ਮੰਤਰੀ ਦੇ ਕਾਫਲੇ ਵਿਚ ਖੜੋਤ ਆਈ ਸੀ ਤਾਂ ਪੰਜਾਬ ਸਰਕਾਰ ਦੇ ਡੀ.ਜੀ.ਪੀ. ਜਾਂ ਮੁੱਖ ਸਕੱਤਰ ਵਲੋਂ ਉਨ੍ਹਾਂ ਨੂੰ ਬਦਲਵਾਂ ਰੂਟ ਕਿਉਂ ਨਾ ਦਿੱਤਾ ਗਿਆ। ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਸੜਕ ਰਾਹੀਂ ਰੈਲੀ `ਤੇ ਪਹੁੰਚਣ ਦੀ ਇਤਲਾਹ ਜੇ ਮੌਕੇ ਸਿਰ ਪੰਜਾਬ ਸਰਕਾਰ ਨੂੰ ਮਿਲ ਗਈ ਸੀ ਤਾਂ ਸਰਕਾਰ ਫਿਰ ਕਿਸਾਨ ਧਰਨਾਕਾਰੀਆਂ ਨੂੰ ਹਟਾਉਣ ਵਿਚ ਕਾਮਯਾਬ ਕਿਉਂ ਨਾ ਹੋਈ। ਇਸ ਗੱਲ ਦੀ ਪੁਣ-ਛਾਣ ਵੀ ਹੋਣੀ ਅਜੇ ਬਾਕੀ ਹੈ ਕਿ ਕੀ ਵਾਕਈ ਝੱਖੜ ਬਾਰਸ਼ ਵਿਚ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਦਾ? ਇਹ ਗੱਲ ਖਿਆਲ ਕਰਨ ਵਾਲੀ ਹੈ ਕਿ ਭਾਰਤ ਵਿਚ ਕੇਵਲ ਪ੍ਰਧਾਨ ਮੰਤਰੀ ਮੋਦੀ ਨੂੰ ਹੀ ਐਸ.ਪੀ.ਜੀ. (ੰਪੲਚਿਅਲ ਫਰੋਟੲਚਟੋਿਨ ਾਂੋਰਚੲ) ਦੀ ਸੁਰੱਖਿਆ ਛੱਤਰੀ ਹਾਸਲ ਹੈ, ਜਿਸ ਨੇ ਪੀ ਐਮ ਓ ਅਤੇ ਕੈਬਨਿਟ ਸੈਕਟਰੀ ਨੂੰ ਰਿਪੋਰਟਿੰਗ ਕਰਨੀ ਹੁੰਦੀ ਹੈ। ਇਸ ਗੱਲ ਦੀ ਤਫਤੀਸ਼ ਹੋਣੀ ਜ਼ਰੂਰੀ ਹੈ ਕਿ ਕੀ ਮੌਕੇ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਐਸ.ਪੀ.ਜੀ. ਨੇ ਸੂਬਾ ਸਰਕਾਰ ਅਤੇ ਆਈ. ਬੀ. ਦੇ ਨਿਰਦੇਸ਼ਾਂ ਮੁਤਾਬਕ ਲੋੜ ਮੁਤਾਬਕ ਗਤੀਸ਼ੀਲਤਾ ਦਿਖਾਈ ਕਿ ਨਹੀਂ। ਆਮ ਤੌਰ `ਤੇ ਜਦੋਂ ਕੋਈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਕਾਫਲਾ ਜਾਂਦਾ ਹੈ ਤਾਂ ਉਸ ਰੂਟ ਤੋਂ ਨਿੱਜੀ ਵਾਹਨ ਹਟਾ ਲਏ ਜਾਂਦੇ ਹਨ, ਪਰ ਪ੍ਰਧਾਨ ਮੰਤਰੀ ਦੇ ਕਾਫਲੇ ਨਾਲ ਤਾਂ ਭਾਜਪਾ ਵਰਕਰਾਂ ਦੀਆਂ ਸੌ ਦੇ ਕਰੀਬ ਬੱਸਾਂ ਵੀ ਚੱਲ ਰਹੀਆਂ ਸਨ, ਜਿਨ੍ਹਾਂ ਨੇ ਬਾਅਦ ਵਿਚ ਜਾਮ ਲਾ ਦਿੱਤਾ। ਇਹ ਵਰਕਰ ਮੋਦੀ ਦੇ ਕਾਫਲੇ ਦੇ 15 ਫੁੱਟ ਨੇੜੇ ਤਕ ਕਿਵੇਂ ਚਲੇ ਗਏ, ਜਿਨ੍ਹਾਂ ਨੂੰ ਭਾਜਪਾ ਦਾ ਝੰਡਾ ਲਹਿਰਾਉਂਦੇ ਅਤੇ ਨਾਅਰੇ ਮਾਰਦੇ ਦੇਖਿਆ ਗਿਆ ਹੈ। ਇਹ ਗੱਲ ਵੀ ਅਹਿਮ ਹੈ ਕਿ ਇਸ ਘਟਨਾਕ੍ਰਮ ਤੋਂ ਭਾਰਤ-ਪਾਕਿਸਤਾਨ ਸਰਹੱਦ ਬਹੁਤੀ ਦੂਰੀ `ਤੇ ਨਹੀਂ ਹੈ।

ਖਟਾਈ ਵਿਚ ਪੈ ਗਿਆ ਪੰਜਾਬ ਪੈਕੇਜ ਅਤੇ ਪੀ.ਜੀ.ਆਈ. ਦਾ ਨੀਂਹ ਪੱਥਰ
ਪ੍ਰਧਾਨ ਮੰਤਰੀ ਨੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਫਿਰੋਜ਼ਪੁਰ ਵਿਖੇ ਪੀ ਜੀ ਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ ਅਤੇ ਬਾਅਦ ਵਿਚ ਪੰਜਾਬ ਪੈਕੇਜ ਦਾ ਐਲਾਨ ਵੀ ਕਰਨਾ ਸੀ ਜੋ ਹੁਣ ਖਟਾਈ ਵਿਚ ਪੈ ਗਿਆ ਹੈ। ਕੁਝ ਲੋਕਾਂ ਵਲੋਂ ਕਿਸਾਨ ਜਥੇਬੰਦੀਆਂ ਪ੍ਰਤੀ ਗੁੱਸਾ ਵੀ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਘੱਟੋ-ਘੱਟ ਪੰਜਾਬ ਦੇ ਹਿੱਤਾਂ ਨੂੰ ਮੱਖ ਰੱਖਦਿਆਂ ਉਨ੍ਹਾਂ ਵਲੋਂ ਮੋਦੀ ਦੀ ਰੈਲੀ ਦਾ ਵਿਰੋਧ ਨਹੀਂ ਸੀ ਕਰਨਾ ਚਾਹੀਦਾ। ਕਿਸਾਨ ਵੀ ਹੁਣ ਆਪਣੀ ਸੁਰ ਬਦਲਦੇ ਦਿਖਾਈ ਦਿੰਦੇ ਹਨ ਕਿ ਉਨ੍ਹਾਂ ਦਾ ਇਰਾਦਾ ਰੈਲੀ ਵਿਚ ਵਿਘਨ ਪਾਉਣ ਦਾ ਨਹੀਂ ਸੀ, ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਡਰਾਮਾ ਹੀ ਇੱਕ ਬਹਾਨੇ ਵਜੋਂ ਕੀਤਾ ਗਿਆ ਕਿਉਂਕਿ ਰੈਲੀ `ਤੇ ਜਨਤਕ ਇਕੱਠ ਹੈ ਹੀ ਨਹੀਂ ਸੀ।
ਭਾਜਪਾ ਆਗੂਆਂ ਵਲੋਂ ਇਹ ਸ਼ੰਕਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਡੀ.ਜੀ.ਪੀ. ਵਲੋਂ ਤਾਂ ਭਰੋਸਾ ਦਿੱਤਾ ਗਿਆ ਸੀ ਕਿ ਰਸਤਾ ਸਾਫ ਹੈ ਤਾਂ ਕੀ ਉਹ ਝੂਠ ਬੋਲ ਰਿਹਾ ਸੀ? ਪੁਲ ‘ਤੇ ਧਰਨਾ ਦੇਣ ਵਾਲੇ ਕਿਸਾਨਾਂ ਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ ਕਿ ਪ੍ਰਧਾਨ ਮੰਤਰੀ ਪੁਲ ਉਪਰੋਂ ਜਾ ਰਹੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਕਿਸਾਨਾਂ ਵਲੋਂ ਫਾਜ਼ਿਲਕਾ-ਫਿਰੋਜ਼ਪੁਰ, ਤਰਨਤਾਰਨ-ਫਿਰੋਜ਼ਪੁਰ ਅਤੇ ਜ਼ੀਰਾ- ਫਿਰੋਜ਼ਪੁਰ ਸੜਕਾਂ `ਤੇ ਵੀ ਧਰਨੇ ਦਿੱਤੇ ਗਏ ਅਤੇ ਭਾਜਪਾ ਵਰਕਰਾਂ ਦੀਆਂ ਬੱਸਾਂ ਨੂੰ ਰੋਕਣ ਦੇ ਯਤਨ ਕੀਤੇ ਗਏ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਗਈ ਸੀ ਕਿ ਭਾਜਪਾਈਆਂ ਨੂੰ ਰੈਲੀ ਵਿਚ ਆਉਣੋਂ ਨਾ ਰੋਕਿਆ ਜਾਵੇ। ਇਸ ਗੱਲ ਬਾਰੇ ਆਮ ਚਰਚਾ ਹੈ ਕਿ ਪ੍ਰਧਾਨ ਮੰਤਰੀ ਦੇ ਸੁਰੱਖਿਆ ਪ੍ਰੋਟੋਕੋਲ ਸਬੰਧੀ ਜੋ ਢਿੱਲ-ਮੱਠ ਵਰਤੀ ਗਈ, ਇਸ ਪਿੱਛੇ ਸਾਜਿ਼ਸ਼ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ।

‘ਵੀਰ ਬਾਲ ਦਿਵਸ’ ਮਨਾਉਣ ਦਾ ਫੈਸਲਾ
ਪ੍ਰਧਾਨ ਮੰਤਰੀ ਵਲੋਂ ਸਾਕਾ ਸਰਹੰਦ ਦੀ ਯਾਦ ਵਿਚ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦੇ ਐਲਾਨ ਬਾਰੇ ਸਿੱਖ ਹਲਕਿਆਂ ਵਿਚ ਚਰਚਾ ਹੈ। ਪ੍ਰਧਾਨ ਮੰਤਰੀ ਵਲੋਂ ਨਿਮਰਤਾ ਅਤੇ ਭਾਵੁਕ ਅੰਦਾਜ਼ ਵਿਚ ਇਸ ਦਿਨ ਨੂੰ ਕੌਮੀ ਤੌਰ ‘ਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦਿਨ ਬਾਲ ਦਿਵਸ ਮਨਾਉਂਦਿਆਂ ਸਾਹਿਬਜ਼ਾਦਾ ਜ਼ੋਰਾਵਾਰ ਸਿੰਘ ਅਤੇ ਫਤਹਿ ਸਿੰਘ ਦੀਆਂ ਸ਼ਹਾਦਤਾਂ ਨੂੰ ਵੀ ਸ਼ਰਧਾਂਜਲੀ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਬਾਹਦਰੀ ਅਤੇ ਆਦਰਸ਼ਾਂ ਨੇ ਦੇਸ਼ ਦੇ ਲੱਖਾਂ ਲੋਕਾਂ ਨੂੰ ਪ੍ਰੇਰਣਾ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਸਾਲ 2017 ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਨਾਏ 350ਵੇਂ ਪ੍ਰਕਾਸ਼ ਪੁਰਬ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਬਾਅਦ ਇਹ `ਵੀਰ ਬਾਲ ਦਿਵਸ` ਸਬੰਧੀ ਐਲਾਨ ਵੀ ਨਿਰਸੰਦੇਹ ਇਤਿਹਾਸਕ ਫੈਸਲਾ ਹੈ ਪਰ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਸਮੇਤ ਕੁਝ ਹੋਰ ਲੋਕਾਂ ਨੇ ਸਿੱਖ ਸਿਧਾਂਤ ਨੂੰ ਲੈ ਕੇ ਕੁਝ ਸਵਾਲ ਵੀ ਖੜ੍ਹੇ ਕੀਤੇ ਹਨ।