ਆਪ ਜੀ ਦੀ ਅਖਬਾਰ ਵਿਚ ਛਪ ਰਹੀ ਰਿਬੇਰੋ ਦੀ ਆਪਬੀਤੀ ਮੈਂ ਬੜੇ ਗਹੁ ਨਾਲ ਪੜ੍ਹ ਰਿਹਾ ਹਾਂ। ਦਸ ਅਗਸਤ ਵਾਲੇ ਅੰਕ ਵਿਚ ਅੰਗਰੇਜ਼ੀ ਵਿਚ ਲਿਖੀ ਇਸ ਲਿਖਤ ਨੂੰ ਪੰਜਾਬੀ ਵਿਚ ਉਲਥਾਉਣ ਵਾਲੇ ਪ੍ਰੋæ ਹਰਪਾਲ ਸਿੰਘ ਪੰਨੂ ਦੇ ਵਿਚਾਰ ਪੜ੍ਹੇ। ਪੜ੍ਹ ਕੇ ਲੱਗਿਆ, ਜਿਵੇਂ ਉਨ੍ਹਾਂ ਨੇ ਮੇਰੇ ਮੂੰਹ ‘ਚੋਂ ਗੱਲ ਖੋਹ ਲਈ ਹੋਵੇ। ਉਨ੍ਹਾਂ ਦਾ ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿ ਤੱਤੇ ਘਾਹ ਕੁਝ ਵੀ ਕਹਿਣਾ ਸੰਭਵ ਨਹੀਂ ਹੁੰਦਾ, ਪਰ ਹੁਣ ਉਸ ਖੂਨ-ਖਰਾਬੇ ਨੂੰ ਕਈ ਦਹਾਕੇ ਹੋ ਚੱਲੇ ਹਨ। ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਲੰਘ ਗਿਆ ਹੈ। ਉਸ ਵੇਲੇ ਦੀ ਰਾਜਨੀਤੀ ਦੀਆਂ ਕਈ ਘੁੰਡੀਆਂ ਵੀ ਖੁੱਲ੍ਹ ਚੁੱਕੀਆਂ ਹਨ। ਉਸ ਦੌਰ ਵੇਲੇ ਮੈਂ ਖੁਦ ਪੰਜਾਬ ਵਿਚ ਸੀ ਅਤੇ ਬੜਾ ਕੁਝ ਆਪਣੀ ਅੱਖੀਂ ਦੇਖਿਆ ਅਤੇ ਕੰਨੀਂ ਸੁਣਿਆ। ਉਸ ਦੌਰ ਬਾਰੇ ਸੋਚ ਕੇ ਝੁਣ-ਝੁਣੀ ਆ ਜਾਂਦੀ ਹੈ। ਉਸ ਮਾਰ ਨੂੰ ਕੋਈ ਨਹੀਂ ਭੁੱਲ ਸਕਦਾ। ਇਸ ਲਈ ਪੰਜਾਬ ਦਾ ਫਿਕਰ ਕਰਨ ਵਾਲਿਆਂ ਨੂੰ ਹੁਣ ਉਸ ਦੌਰ ਬਾਰੇ ਸੋਚਣ ਦੀ ਲੋੜ ਹੈ। ਇਸ ਅਮਲ ਵਿਚ ਹਰ ਬੰਦਾ ਅਤੇ ਘਟਨਾ ਘੇਰੇ ਵਿਚ ਲਿਆਉਣੇ ਚਾਹੀਦੇ ਹਨ। ਜਿੱਥੇ ਜਿੱਥੇ ਚੰਗੀਆਂ ਗੱਲਾਂ ਹੋਈਆਂ, ਉਹ ਅਪਨਾ ਲੈਣੀਆਂ ਚਾਹੀਆਂ ਹਨ। ਜਿੱਥੇ ਵੀ ਕੁਝ ਮਾੜਾ ਹੋਇਆ, ਉਥੇ ਬਿਨਾਂ ਕਿਸੇ ਲਿਹਾਜ਼ ਦੇ ਉਸ ਨੂੰ ਰੱਦ ਕਰਨਾ ਚਾਹੀਦਾ ਹੈ। ਜੇ ਅਸੀਂ ਅਜਿਹਾ ਕਰਨ ਵਿਚ ਸਫਲ ਹੋ ਜਾਂਦੇ ਹਾਂ ਤਾਂ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਸਹੀ ਸੇਧ ਦੇ ਰਹੇ ਹੋਵਾਂਗੇ। ਇਸ ਤਰ੍ਹਾਂ ਕਰ ਕੇ ਅਸੀਂ ਨਵੀਂ ਪੀੜ੍ਹੀ ਦਾ ਕਰਜ਼ਾ ਹੀ ਲਾਹ ਰਹੇ ਹੋਵਾਂਗੇ, ਨਹੀਂ ਤਾਂ ਯੂਥ ਨੂੰ ਪੁੱਠੇ ਰਾਹ ਪਾਉਣ ਵਾਲੇ ਤਾਂ ਬਥੇਰੇ ਬੈਠੇ ਹਨ। ਬਿਨਾਂ ਸ਼ੱਕ ਰਿਬੇਰੋ ਸਰਕਾਰੀ ਬੰਦਾ ਸੀ ਅਤੇ ਉਸ ਨੇ ਸਰਕਾਰੀ ਨੀਤੀਆਂ ਤਹਿਤ ਹੀ ਹਰ ਕਾਰਵਾਈ ਕੀਤੀ, ਪਰ ਇਹ ਲਿਖਤ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਹ ਸਰਕਾਰੀ ਬੰਦਾ ਹੋਣ ਦੇ ਨਾਲ ਨਾਲ ਬੰਦਾ ਵੀ ਸੀ। ਪ੍ਰੋæ ਹਰਪਾਲ ਸਿੰਘ ਨੇ ਇਹ ਲਿਖਤ ਅਨੁਵਾਦ ਕਰ ਕੇ ਅਤੇ ਤੁਸੀਂ ਛਾਪ ਕੇ ਉਸ ਦੌਰ ਬਾਰੇ ਨਵੇਂ ਸਿਰਿਉਂ ਸੋਚਣ-ਵਿਚਾਰਨ ਲਈ ਮੌਕਾ ਮੁਹੱਈਆ ਕੀਤਾ ਹੈ। ਮੇਰੇ ਵੱਲੋਂ ਹਰਪਾਲ ਸਿੰਘ ਪੰਨੂ ਜੀ ਨੂੰ ਧੰਨਵਾਦ ਆਖਣਾ।
-ਜਸਮੀਤ ਸਿੰਘ, ਨਿਊ ਯਾਰਕ
Leave a Reply