ਵਰਤੋਂ ਕੰਪਿਊਟਰ ਦੀ: ਮਾਨੀਟਰ ਦੀ ਜਾਣ-ਪਛਾਣ-2

ਕਿਰਪਾਲ ਸਿੰਘ ਪੰਨੂੰ
ਫੋਨ: 365-994-8850,
ਡਾ. ਰਾਜਵਿੰਦਰ ਸਿੰਘ
ਫੋਨ: 94633-27683
ਮਾਨੀਟਰ ਦੇ ਉੱਪਰੀ ਭਾਗ ਵਿਚ ਰਿਬਨ ਦੇ ਨਾਲ਼-ਨਾਲ਼ ਕੁਝ ਹੋਰ ਜ਼ਰੂਰੀ ਕਮਾਂਡਾਂ ਵੀ ਹਨ, ਜਿਨ੍ਹਾਂ ਦੀ ਜਾਣਕਾਰੀ ਵੀ ਲਾਹੇਵੰਦ ਰਹੇਗੀ।
ਰੂਲਰ: ਰਿਬਨ ਦੀ ਹੇਠਲੀ ਹੱਦ ਦੇ ਨਾਲ਼ ਰੂਲਰ ਦੀ ਪਤਲੀ ਜਿਹੀ ਸਫੈਦ ਪੱਟੀ ਹੁੰਦੀ ਹੈ, ਜਿਸ ਵਿਚ ਮਿਣਤੀ ਦੇ ਨਿਸ਼ਾਨ ਲੱਗੇ ਹੁੰਦੇ ਹਨ।

ਇਹ ਲੋੜ ਅਨੁਸਾਰ ‘ਵਿਊ’ ਟੈਬ ਉੱਤੇ ਜਾ ਕੇ ਪਾਈ-ਹਟਾਈ ਜਾ ਸਕਦੀ ਹੈ। ਮਿਣਤੀ ਦੇ ਸਾਧਨ ਇੰਚ, ਸੈਂਟੀਮੀਟਰ ਆਦਿ ਫਾਈਲ, ਕਲਿੱਕ, ਆਪਸ਼ਨਜ਼, ਐਡਵਾਂਸਡ, ਡਿਸਪਲੇਅ ਦੀ ਚੌਥੀ ਸਤਰ `ਤੇ ਜਾ ਕੇ ਬਦਲੇ ਜਾ ਸਕਦੇ ਹਨ।
ਇੰਡੈਂਟਸ: ਇੰਡੈਂਟ ਤੋਂ ਭਾਵ ਹੈ ਮਾਰਜਿਨ ਤੋਂ ਹੋਰ ਅੱਗੇ ਰਚਨਾ ਦੇ ਆਰੰਭ ਦੀ ਦੂਰੀ। ਰੂਲਰ ਦੇ ਖੱਬੇ ਪਾਸੇ 3 ਇੰਡੈਂਟ ਹੁੰਦੇ ਹਨ: 1. ਸਭ ਤੋਂ ਹੇਠਾਂ, ‘ਚਕੋਰ’; ਲੈਫਟ ਇੰਡੈਂਟ। ਇੱਥੋਂ ਪਹਿਰੇ ਦੀ ਹਰ ਸਤਰ ਆਰੰਭ ਹੁੰਦੀ ਹੈ। 2. ਹੇਠੋਂ ਦੂਜੀ ‘ਉੱਪਰ ਨੂੰ ਪੰਜਕੋਨੀ’, ਹੈਂਗਿੰਗ ਇੰਡੈਂਟ; ਇੱਥੋਂ ਪਹਿਰੇ ਦੀ ਹਰ ਅਗਲੀ ਲਾਈਨ ਲਮਕਵੀਂ ਭਾਵ ਨੰਬਰ ਇਕ ਲਾਈਨ ਤੋਂ ਹੋਰ ਸੱਜੇ ਆਰੰਭ ਹੁੰਦੀ ਹੈ। 3. ਸਭ ਤੋਂ ਉੱਪਰ ‘ਥੱਲੇ ਨੂੰ ਪੰਜ ਕੋਨੀ’, ਫਸਟ ਲਾਈਨ ਇੰਡੈਂਟ; ਹਰ ਪਹਿਰੇ ਦੀ ਪਹਿਲੀ ਲਾਈਨ ਇੱਥੋਂ ਆਰੰਭ ਹੋਵੇਗੀ। ਇਹ ਪਹਿਰੇ ਦੇ ਆਰੰਭ ਦਾ ਨਿਸ਼ਾਨ ਹੈ।
ਇਸੇ ਤਰ੍ਹਾਂ ਰੂਲਰ ਦੇ ਅੰਤ ਉੱਤੇ ਇੱਕ ‘ਉੱਪਰ ਨੂੰ ਪੰਜ ਕੋਨੀ’ ਬਣੀ ਹੋਈ ਹੈ। ਇਹ ਰਚਨਾ ਦੇ ਸੱਜੇ ਮਾਰਜਿਨ ਤੋਂ ਹੋਰ ਖੱਬੇ ਨੂੰ ਸੱਜੇ ਮਾਰਜਿਨ ਤੋਂ ਅੱਗੇ ਰਚਨਾ ਦੀ ਸੱਜੀ ਹੱਦ ਨਿਸ਼ਚਿਤ ਕਰਦੀ ਹੈ। ਕੁਇਕ ਐਕਸੈੱਸ ਟੂਲਬਾਰ: ਇਹ ਪੱਟੀ, ਤੁਹਾਡੀ ਇੱਛਾ ਅਨੁਸਾਰ, ਰਿਬਨ ਦੇ ਉੱਪਰ ਜਾਂ ਥੱਲੇ ਹੋ ਸਕਦੀ ਹੈ। ਇਸ ਦੇ ਕਮਾਂਡ ਬਟਨਾਂ ਨੂੰ ਲੋੜ ਅਨੁਸਾਰ ਘੱਟ ਜਾਂ ਵੱਧ ਕੀਤਾ ਜਾ ਸਕਦਾ ਹੈ। ਮਕੈਨਿਕ ਦੇ ਲੱਕ ਨਾਲ਼ ਬੰਨ੍ਹੀ ਬੈਲਟ ਅਤੇ ਉਸ ਵਿਚ ਟੰਗੇ ਟੂਲਾਂ ਨਾਲ਼ ਇਸ ਦੀ ਤੁਲਨਾ ਕੀਤੀ ਜਾ ਸਕਦੀ ਹੈ।
ਕਮਾਂਡ ਟੈਬਜ਼: ਰਿਬਨ ਦੀ ਪਹਿਲੀ ਲਾਈਨ ਵਿਚ ਕਮਾਂਡ ਟੈਬ; ਹੋਮ, ਇਨਸਰਟ, ਲੇਅ-ਆਊਟ, ਰੀਵੀਊ, ਵੀਊ ਆਦਿ ਹਨ। ਇਹ ਸਾਰੇ ਇਕੋ ਪ੍ਰਕਾਰ ਦੀਆਂ ਕਮਾਂਡਾਂ ਦੇ ਵੱਡੇ ਬੌਕਸ ਹਨ। ਇਨ੍ਹਾਂ ਵਿਚ ਛੋਟੇ ਕਈ ਕਮਾਂਡ ਸੈੱਟ (ਗਰੁੱਪ) ਹੁੰਦੇ ਹਨ। ਆਓ, ਪਹਿਲੀ ਟੈਬ ਅਤੇ ਉਸ ਦੇ ਦੂਜੇ ਸੈੱਟ (ਗਰੁੱਪ) ਨੂੰ ਸਮਝੀਏ। ਬਾਕੀ ਸਾਰਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਹੈ।
ਹੋਮ ਟੈਬ: ਟਾਈਪ ਕਰਨ ਦੀਆਂ ਸਾਡੀਆਂ ਬਹੁਤੀਆਂ ਆਮ ਲੋੜਾਂ ਇਹੋ ਟੈਬ ਪੂਰੀਆਂ ਕਰਦੀ ਹੈ। ਇਸੇ ਲਈ ਇਸ ਨੂੰ ਆਰੰਭ ਵਿਚ ਰੱਖਿਆ ਗਿਆ ਹੈ। ਜਦੋਂ ਅਸੀਂ ‘ਹੋਮ’ ਨੂੰ ਕਲਿੱਕ ਕਰਦੇ ਹਾਂ ਤਾਂ ਇਸ ਟੈਬ ਦੇ ਸਾਰੇ ਕਮਾਂਡ ਸੈੱਟ ਖੁੱਲ੍ਹ ਜਾਂਦੇ ਹਨ। ਅਸੀਂ ਇਸ ਦੇ ਦੂਸਰੇ ਮੁਢਲੇ ਅਤੇ ਮਹੱਤਵਪੂਰਨ ਕਮਾਂਡ ਸੈੱਟ ਦੀਆਂ ਕਮਾਂਡਾਂ ਸਬੰਧੀ ਵਿਚਾਰ ਕਰਾਂਗੇ। ਬਾਕੀ ਸਾਰੇ ਕਮਾਂਡ ਸੈੱਟ ਇਸੇ ਤਰ੍ਹਾਂ ਆਪ ਹੀ ਸਮਝੇ ਜਾ ਸਕਦੇ ਹਨ।
ਤਿਕੋਣ: ਸਭ ਤੋਂ ਪਹਿਲਾਂ ਬਹੁਤ ਸਾਰੀਆਂ ਕਮਾਂਡਾਂ ਨਾਲ਼ ਲੱਗੀ ਤਿਕੋਣ ਦਾ ਵਰਣਨ ਸਮਝ ਲੈਣਾ ਜ਼ਰੂਰੀ ਹੈ, ਜਿੱਥੇ ਇਹ ਲੱਗੀ ਹੋਵੇ ਦਾ ਅਰਥ ਹੁੰਦਾ ਹੈ ਕਿ ਇਸ ਕਮਾਂਡ ਦੇ ਹੋਰ ਵੀ ਬਹੁਤ ਸਾਰੇ ਸਰੂਪ ਹਨ, ਜੋ ਇਸ ਨੂੰ ਕਲਿੱਕ ਕਰਨ ਨਾਲ਼ ਖੁੱਲ੍ਹ ਜਾਂਦੇ ਹਨ। ਤਿਕੋਣ ਦੀ ਨੋਕ, ਜਿਸ ਨੂੰ ਤੀਰ ਦੀ ਨੋਕ ਸਮਝਿਆ ਜਾ ਸਕਦਾ ਹੈ, ਚਾਰੋਂ ਪਾਸੇ ਹੋ ਸਕਦੀ ਹੈ।
ਟੌਗਲ ਕਮਾਂਡ ਜਾਂ ਕੀਅ: ਟੌਗਲ ਦਾ ਕੰਪਿਊਟਰ ਪ੍ਰਬੰਧ ਵਿਚ ਭਾਵ ਹੈ ਬਦਲਾਓ। ਇਹ ਉਹ ਕਮਾਂਡ ਜਾਂ ਕੀਅ ਹੁੰਦੀ ਹੈ, ਜੋ ਇਕ ਵਾਰ ਦੱਬਣ ਨਾਲ਼ ਔਨ ਹੋ ਜਾਂਦੀ ਹੈ ਤੇ ਆਪਣਾ ਕੰਮ ਕਰਦੀ ਹੈ ਅਤੇ ਦੂਜੀ ਵਾਰ ਦੱਬਣ ਨਾਲ਼ ਔਫ ਹੋ ਜਾਂਦੀ ਹੈ ਤੇ ਸੇਵਾਮੁਕਤ ਹੋ ਜਾਂਦੀ ਹੈ। ਕਿਸੇ ਵੀ ਕਮਾਂਡ ਜਾਂ ਕੀਅ ਨੂੰ ਦੋ-ਚਾਰ ਵਾਰ ਦੱਬ ਕੇ ਉਸ ਦਾ ਵਰਤਾਰਾ ਨੋਟ ਕੀਤਾ ਜਾ ਸਕਦਾ ਹੈ।
ਫੌਂਟ ਕਮਾਂਡ: ਜੇ ਉੱਪਰੋਂ ਸੱਜੇ ਨੂੰ ਚੱਲੀਏ ਤਾਂ ਪਹਿਲੀ ਕਮਾਂਡ ਫੌਂਟ ਦੇ ਨਾਂ ਦੀ ਆਉਂਦੀ ਹੈ। ਕੰਪਿਊਟਰ ਵਿਚ ਜਿਹੜੀਆਂ ਤੇ ਜਿੰਨੀਆਂ ਫੌਂਟਾਂ ਪਾਈਆਂ ਹੋਈਆਂ ਹਨ, ਉਨ੍ਹਾਂ ਦੀ ਸਾਰੀ ਸੂਚੀ ਇਸ ਵਿਚ ਦੇਖੀ ਜਾ ਸਕਦੀ ਹੈ ਅਤੇ ਇੱਛਾ ਦੀ ਫੌਂਟ ਸਿਲੈਕਟ ਕੀਤੀ ਜਾ ਸਕਦੀ ਹੈ। ਇਸ ਫੌਂਟ ਕਮਾਂਡ ਦੇ ਸੱਜੇ ਪਾਸੇ ਤਿਕੋਣ ਹੈ, ਜਿਸ ਨੂੰ ਕਲਿੱਕ ਕਰਨ ਨਾਲ਼ ਸਾਰੀ ਸੂਚੀ ਖੁੱਲ੍ਹ ਜਾਵੇਗੀ, ਜਿਸ ਨੂੰ ਸਕਰੌਲ ਨੂੰ ਉੱਪਰ ਥੱਲੇ ਕਰ ਕੇ ਆਦਿ ਤੋਂ ਅੰਤ ਤੀਕਰ ਦੇਖਿਆ ਜਾ ਸਕਦਾ ਹੈ। ਜਾਂ ਉੱਪਰ ਆਪਣੀ ਫੌਂਟ ਦਾ ਨਾਂ ਟਾਈਪ ਕਰ ਕੇ ਸਿੱਧਾ ਹੀ ਉਸ ਉੱਤੇ ਪਹੁੰਚਿਆ ਜਾ ਸਕਦਾ ਹੈ।
ਫੌਂਟ ਸਾਈਜ਼: ਦੂਸਰੀ ਕਮਾਂਡ ਫੌਂਟ ਦੇ ਸਾਈਜ਼ ਦੀ ਹੈ। ਤੀਰ ਕਲਿੱਕ ਕਰਨ ਨਾਲ਼ ਫੌਂਟ ਦੇ ਸਾਈਜ਼ ਉਜਾਗਰ ਹੋ ਜਾਣਗੇ। ਉਨ੍ਹਾਂ ਵਿਚੋਂ ਆਪਣੀ ਇੱਛਾ ਦਾ ਸਾਈਜ਼ ਚੁਣਿਆ ਜਾ ਸਕਦਾ ਹੈ। ਅਗਲੇ ਟਾਈਪ ਵਿਚ ਓਹੋ ਫੌਂਟ ਸਾਈਜ਼ ਚੱਲੇਗਾ। ਇਹ ਸਾਈਜ਼ ਖਾਨੇ ਵਿਚ ਟਾਈਪ ਕਰ ਕੇ ਐਂਟਰ ਕਰਨ ਨਾਲ਼ ਅੱਗੇ ਨੂੰ ਲਾਗੂ ਹੋ ਜਾਵੇਗਾ। ਸਾਈਜ਼ .5 ਤਕ ਲਾਗੂ ਕੀਤਾ ਜਾ ਸਕਦਾ ਹੈ।
ਅੱਖਰਾਂ ਦਾ ਸਾਈਜ਼ ਛੋਟਾ ਜਾਂ ਵੱਡਾ ਕਰਨਾ: ਅਗਲੀਆਂ ਦੋ ਸਿਸਟਰ ਕਮਾਂਡਾਂ ‘ਏ ਤਿਕੋਣ, ਏ ਤਿਕੋਣ’ ਅੱਖਰਾਂ ਦਾ ਸਾਈਜ਼ ਛੋਟਾ ਜਾਂ ਵੱਡਾ ਕਰਨ ਦੀਆਂ ਹਨ, ਜੋ ਫੌਂਟ ਸਾਈਜ਼ ਨਾਲ਼ ਹੀ ਸਬੰਧਤ ਹਨ।
ਚੇਂਜ ਕੇਸ: ਅੱਖਰਾਂ ਦੀ ਹਾਲਤ ਬਦਲੀ ਕਰਨ ਦਾ ਕੰਮ ਅਗਲੀ ਇਹ ਕਮਾਂਡ ਕਰਦੀ ਹੈ। ਇਹ ਪੰਜਾਬੀ ਉੱਤੇ ਨਹੀਂ ਸਿਰਫ ਅੰਗਰੇਜ਼ੀ ਉੱਤੇ ਹੀ ਲਾਗੂ ਹੁੰਦੀ ਹੈ। ਇਸ ਦੀਆਂ ਪੰਜ ਹਾਲਤਾਂ ਹਨ; 1. ਸੰਟੈੱਨਸ ਕੇਸ, ਵਾਕ ਦਾ ਪਹਿਲਾ ਅੱਖਰ ਵੱਡਾ ਬਾਕੀ ਸਭ ਛੋਟੇ। 2. ਲੋਅਰ ਕੇਸ, ਵਾਕ ਦੇ ਸਾਰੇ ਅੱਖਰ ਛੋਟੇ ਭਾਵ ਲੋਅਰ ਕੇਸ ਵਿਚ। 3. ਅੱਪਰ ਕੇਸ, ਵਾਕ ਦੇ ਸਾਰੇ ਅੱਖਰ ਵੱਡੇ ਭਾਵ ਉੱਪਰੀ ਕੇਸ ਵਿਚ। 4. ਕੈਪੀਟਲ ਈਚ ਵਰਡ, ਹਰ ਸ਼ਬਦ ਦਾ ਪਹਿਲਾ ਅੱਖਰ ਵੱਡਾ, ਜਿਵੇਂ ਕਿ ਨਾਂ ਦੇ ਸਾਰੇ ਅੱਖਰਾਂ ਦੇ ਪਹਿਲੇ ਅੱਖਰ ਵੱਡੇ ਹੁੰਦੇ ਹਨ। 5. ਟੌਗਲ ਕੇਸ, ਉੱਪਰਲੀ ਹੇਠਲੀ ਕੇਸ ਨੂੰ ਆਪਸ ਵਿਚ ਬਦਲਣਾ।
ਕਲੀਅਰ ਆਲ ਫਾਰਮੈਟਿੰਗ: ਇਸ ਕਮਾਂਡ ਨੂੰ ਕਲਿੱਕ ਕਰਨ ਨਾਲ਼ ਸਿਲੈਕਟ ਕੀਤੇ ਹੋਏ ਹਿੱਸੇ ਦੀ ਸਾਰੀ ਫਾਰਮੈਟਿੰਗ ਖਤਮ ਹੋ ਜਾਂਦੀ ਹੈ ਅਤੇ ਕੇਵਲ ਡੀਫਾਲਟ ਫਾਰਮੈਟਿੰਗ ਹੀ ਰਹਿ ਜਾਂਦੀ ਹੈ।
ਅਗਲੀਆਂ 6 ਕਮਾਂਡਾਂ: ਇਹ 6 ਕਮਾਂਡਾਂ ਟੌਗਲ ਕਮਾਂਡਾਂ ਹਨ। ਇਕ ਵਾਰ ਕਲਿੱਕ ਕਰਨ ਨਾਲ਼ ਔਨ ਅਤੇ ਦੂਜੀ ਵਾਰ ਕਲਿੱਕ ਕਰਨ ਨਾਲ਼ ਔਫ ਹੋ ਜਾਂਦੀਆਂ ਹਨ। ਇਹ ਹਨ; 1. ‘ਬੀ’ ਬੋਲਡ ਭਾਵ ਗੂੜ੍ਹੀ, 2. ‘ਆਈ’ ਇਟੈਲਿਕਸ ਭਾਵ ਤਿਰਛੀ, 3. ‘ਯੂ’ ਅੰਡਰ ਲਾਈਨ ਭਾਵ ਸ਼ਬਦ ਦੇ ਹੇਠਾਂ ਲਕੀਰ। ਇਸ ਨਾਲ਼ ਤਿਕੋਣ ਵੀ ਲੱਗੀ ਹੋਈ ਹੈ, ਜਿਸ ਵਿਚ ਬਹੁਤ ਪ੍ਰਕਾਰ ਦੀਆਂ ਥੱਲੇ-ਲਕੀਰਾਂ ਦਿੱਤੀਆਂ ਹੋਈਆਂ ਹਨ। ਉਨ੍ਹਾਂ ਦੀ ਮੋਟਾਈ ਅਤੇ ਰੰਗ ਵੀ ਇੱਥੇ ਬਦਲਿਆ ਜਾ ਸਕਦਾ ਹੈ।
4. ਸਟ੍ਰਾਈਕ ਥਰੂਅ; ਇਸ ਨਾਲ਼ ਅੱਖਰ ਦੇ ਵਿਚਕਾਰ ਇਕਹਿਰੀ (ਫੌਂਟ ਸੈੱਟ ਦੇ ਡਾਇਲੌਗ ਬੌਕਸ ਵਿਚ ਜਾ ਕੇ ਦੂਹਰੀ ਵੀ) ਲਾਈਨ ਮਾਰੀ ਜਾ ਸਕਦੀ ਹੈ। 5. ਸਬ ਸਕ੍ਰਿਪਟ; ਇਸ ਕਮਾਂਡ ਨਾਲ਼ ਸਬ ਸਕ੍ਰਿਪਟ ਲਿਖੀ ਜਾ ਸਕਦੀ ਹੈ। 6. ਸੁਪਰ ਸਕ੍ਰਿਪਟ; ਇਸ ਨਾਲ਼ ਸੁਪਰ ਸਕ੍ਰਿਪਟ ਲਿਖੀ ਜਾ ਸਕਦੀ ਹੈ।
ਅਗਲੀਆਂ ਤਿੰਨ ਕਮਾਂਡਾਂ: ਅਗਲੀ 1. ਏ ਵਾਲ਼ੀ ਕਮਾਂਡ ਟੈਕਸਟ ਦਿੱਖ ਅਤੇ ਅੱਖਰ ਸਰੂਪ ਦੀ ਹੈ। ਤਿਕੋਣ ਕਲਿੱਕ ਕਰ ਕੇ ਬਹੁਤ ਸਾਰੀਆਂ ਚੋਣਾਂ (ਆਪਸ਼ਨਜ਼) ਵਿਚ ਪਹੁੰਚਿਆ ਜਾ ਸਕਦਾ ਹੈ। ਇਹ ਕਮਾਂਡ ਕੰਪੈਟੀਵਲ ਮੋਡ ਵਿਚ ਨਹੀਂ ਹੈ। ਇਸ ਲਈ ਡਾਕੂਮੈਂਟ ਮੋਡ ਵਿਚ ਜਾਣਾ ਹੁੰਦਾ ਹੈ। ਜੋ ਹਾਲਤ, ਫਾਈਲ ਨੂੰ ਡਾਕੂਮੈਂਟ ਵਜੋਂ ਸੇਵ ਕਰ ਲੈਣ ਨਾਲ਼ ਮਿਲ ਜਾਂਦੀ ਹੈ। 2. ਛੋਟੀ ਏਬੀ ਤੇ ਪੈਨ, ਟੈਕਸਟ ਹਾਈ ਲਾਈਟ ਕਲਰ; ਜਦੋਂ ਪਾਠਕ ਦਾ ਕਿਸੇ ਖਾਸ ਵਿਚਾਰ ਉੱਤੇ ਧਿਆਨ ਖਿੱਚਣਾ ਹੋਵੇ ਤਾਂ ਉਸ ਦਾ ਟੈਕਸਟ ਇੱਛਾ (ਬਾਈ ਡੀਫਾਲਟ ਪੀਲ਼ਾ) ਅਨੁਸਾਰ ਬਦਲ ਕੇ ਹਾਈ ਲਾਈਟ ਕਰ ਦਿੱਤਾ ਜਾਂਦਾ ਹੈ। ਨੋ ਕਲਰ ਕਰ ਕੇ ਇਸ ਨੂੰ ਹਟਾਇਆ ਜਾ ਸਕਦਾ ਹੈ।
3. ਵੱਡੀ ਏ ਥੱਲੇ ਲਕੀਰ; ਇਸ ਦੀ ਤਿਕੋਣ ਕਲਿੱਕ ਕਰ ਕੇ ਸਿਲੈਕਟ ਕੀਤੇ ਹੋਏ ਅੱਖਰਾਂ ਦਾ ਰੰਗ ਬਦਲਿਆ ਜਾ ਸਕਦਾ ਹੈ। ਜੇ ਇਹ ਰੰਗ ਚਿੱਟਾ ਜਾਂ ਨੋ ਕਲਰ ਕਰ ਦਿੱਤਾ ਜਾਵੇ ਤਾਂ ਅੱਖਰ ਹੋਣਗੇ ਪਰ ਪੜ੍ਹੇ ਨਹੀਂ ਜਾਣਗੇ ਕਿਉਂਕਿ ਅੱਖਰ ਵੀ ਚਿੱਟੇ ਅਤੇ ਪੇਪਰ ਵੀ ਚਿੱਟਾ ਹੋ ਜਾਂਦਾ ਹੈ।
ਡਾਇਲੌਗ ਬੌਕਸ ਲਾਂਚਰ: ਫੌਂਟ ਸੈੱਟ ਦਾ ਆਖਰੀ ਆਈਟਮ ਹੈ, ਇਸ ਦਾ ਡਾਇਲੌਗ ਬੌਕਸ ਲਾਂਚਰ, ਜੋ ਸੈੱਟ ਦੇ ਸੱਜੇ ਅਤੇ ਹੇਠਲੇ ਕੋਨੇ ਵਿਚ ਹੁੰਦਾ ਹੈ। ਇਸ ਨੂੰ ਕਲਿੱਕ ਕਰਨ ਨਾਲ਼ ਫੌਂਟ ਸੈੱਟ ਦਾ ਡਾਇਲੌਗ ਬੌਕਸ ਖੁੱਲ੍ਹ ਜਾਵੇਗਾ, ਜਿਸ ਵਿਚ ਉਪਰੋਕਤ ਸਾਰੀਆਂ ਕਮਾਂਡਾਂ ਹੋਰ ਵੀ ਵਿਸਥਾਰ ਨਾਲ਼ ਮਿਲ਼ ਜਾਂਦੀਆਂ ਹਨ। (ਚਲਦਾ)